“ਇਕ ਦਿਨ ਮੈਂ ਇੱਕ ਕਸਬਾਨੁਮਾ ਪਿੰਡ ਦੇ ਖੁੱਲ੍ਹੇ ਮੈਦਾਨ ਕੋਲੋਂ ਲੰਘ ਰਿਹਾ ਸੀ ...”
(24 ਜਨਵਰੀ 2018)
ਪੰਜਾਬ ਵਿੱਚ ਦਿਨੋ-ਦਿਨ ਮਹਿੰਗੇ ਹੁੰਦੇ ਜਾ ਰਹੇ ਵਿਆਹਾਂ ਰਾਹੀਂ ਲੋਕਾਂ ਦਾ ਕਚੂਮਰ ਨਿਕਲਣ ਬਾਬਤ ਖਬਰ ਪੜ੍ਹ ਕੇ ਇੱਕ ਵਿਆਹ ਦਾ ਅੱਖੀਂ ਡਿੱਠੇ ਵਿਆਹ ਦਾ ਦ੍ਰਿਸ਼ ਮੇਰੇ ਸਾਹਮਣੇ ਆ ਗਿਆ। ਹਿਮਾਚਲ ਪ੍ਰਦੇਸ਼ ਦੇ ਇੱਕ ਪਹਾੜੀ ਪਿੰਡ ਤੋਂ ਇੱਕ ਸਾਂਝੇ ਮਿੱਤਰ ਵਲੋਂ ਸੱਦਾ-ਪੱਤਰ ਮਿਲਿਆ ਸੀ। ਉਸਦੀ ਭੈਣ ਦਾ ਵਿਆਹ ਸੀ। ਦੂਰ ਹੋਣ ਕਰਕੇ ਕੁਝ ਸਾਥੀਆਂ ਨੇ ਸਿੱਧੀ ਨਾਂਹ ਤਾਂ ਨਹੀਂ ਕੀਤੀ ਪਰ ਟਾਲ਼ਾ-ਟੱਪਾ ਜਰੂਰ ਕਰ ਗਏ। ‘ਸਾਡਾ ਵੀ ਸ਼ਗਨ ਲੈ ਜਾਈਂ’ ਕਹਿ ਕੇ ਸੁਰਖਰੂ ਹੋ ਗਏ। ਮੈਂ ਵਿਆਹ ਜ਼ਰੂਰ ਦੇਖਣਾ ਚਾਹੁੰਦਾ ਸੀ ਕਿਉਂਕਿ ਮੇਰੇ ਲਈ ਇਹ ਵਿਆਹ ਇੱਕ ਟੂਰ ਸੀ। ਨਵਾਂ ਇਲਾਕਾ ਅਤੇ ਰਸਮੋ-ਰਿਵਾਜ਼ ਨੇੜਿਓਂ ਤੱਕਣ ਦਾ ਚੰਗਾ ਮੌਕਾ ਸੀ। ਮੈਂ ਇੱਕ ਸਾਥੀ ਨੂੰ ਨਾਲ ਜਾਣ ਲਈ ਮਨਾ ਲਿਆ।
ਜਦੋਂ ਅਸੀਂ ਵਿਆਹ ਵਾਲੇ ਘਰ ਪਹੁੰਚੇ ਤਾਂ ਬਰਾਤ ਆ ਚੁੱਕੀ ਸੀ। ਘਰ ਅਤੇ ਆਲ਼ੇ-ਦੁਆਲ਼ੇ ਦਾ ਮਾਹੌਲ ਧੂਮ-ਧੜੱਕੇ ਅਤੇ ਦਿਖਾਵੇ ਤੋਂ ਰਹਿਤ ਸੀ। ਘਰ ਤੋਂ ਦੋ-ਤਿੰਨ ਪੌੜੀਨੁਮਾ ਖੇਤ ਛੱਡ ਕੇ ਨਿਵਾਣ ਵਿੱਚ ਲੱਗੇ ਇੱਕ ਟੈਂਟ ਵਿੱਚ ਬਰਾਤ ਦੀ ਠਹਿਰ ਸੀ। ਘਰ ਦੀ ਵੱਖੀ ਨਾਲ ਲਗਦੀ ਖਾਲੀ ਥਾਂ ਵਿੱਚ ਖਾਣ-ਪੀਣ ਦੇ ਪ੍ਰਬੰਧ ਲਈ ਸਧਾਰਨ ਜਿਹਾ ਟੈਂਟ ਲਗਾਇਆ ਹੋਇਆ ਸੀ। ਸਾਡੇ ਪਹੁੰਚਦਿਆਂ ਹੀ ਬੜੀ ਗਰਮਜੋਸ਼ੀ ਨਾਲ ਸਾਡਾ ਸਵਾਗਤ ਕੀਤਾ ਗਿਆ। ਇਹ ਸਵਾਗਤ ਨਾ ਤਾਂ ਰਸਮੀ ਸੀ ਅਤੇ ਨਾ ਹੀ ਕਾਹਲੀ ਵਾਲਾ, ਸਗੋਂ ਇਹ ਦਿਲ ਦੀਆਂ ਗਹਿਰਾਈਆਂ ਵਾਲਾ ਸੀ। ਡੀਜੇ ਅਤੇ ਸਪੀਕਰਾਂ ਵਰਗਾ ਕੋਈ ਖੱਪਖਾਨਾ ਨੇੜੇ-ਤੇੜੇ ਵੀ ਨਹੀਂ ਸੀ। ਸਗੋਂ ਚੁਫੇਰਿਓਂ ਹਰੇ-ਭਰੇ ਬਿਰਖਾਂ ਵਿੱਚੋਂ ਰੁਮਕਦੀ ਹਵਾ ਦੇ ਹਲਕੇ-ਹਲਕੇ ਬੁੱਲੇ ਵਿਆਹ ਦੇ ਮਾਹੌਲ ਨੂੰ ਹੋਰ ਵੀ ਸੁਹਾਵਣਾ ਬਣਾ ਰਹੇ ਸਨ। ਚਿਰਾਂ ਪਿੱਛੋਂ ਮਿਲਣ ਵਾਲੇ ਰਿਸ਼ਤੇਦਾਰ ਇੱਕ-ਦੂਜੇ ਦੀ ਸੁੱਖ-ਸਾਂਦ ਪੁੱਛਣ ਤੋਂ ਬਾਅਦ ਪੁਰਾਣੀਆਂ ਯਾਦਾਂ ਨਵੀਂਆਂ ਕਰ ਰਹੇ ਸਨ। ਸਾਦੇ ਢੰਗ ਨਾਲ ਬੈਠਿਆਂ ਨੂੰ ਚਾਹ ਵਰਤਾਈ ਗਈ। ਚਾਹ ਨਾਲ ਦਰਖਤ ਦੀਆਂ ਪੱਤਲ਼ਾਂ ਦੇ ਡੂਨਿਆਂ ਵਿੱਚ ਬੂੰਦੀ ਵਰਤਾਈ ਗਈ।
ਲੜਕੀ ਦਾ ਪਿਤਾ ਚੰਗਾ ਤਨਖਾਹਦਾਰ ਕਰਮਚਾਰੀ ਸੀ। ਚੰਗਾ-ਚੋਖਾ ਖਰਚ ਕਰਨ ਦੇ ਸਮਰੱਥ ਸੀ। ਮੇਰੇ ਪੁੱਛਣ ’ਤੇ ਉਸਨੇ ਦੱਸਿਆ ਕਿ ਅਸੀਂ ਭਾਈਚਾਰੇ ਤੋਂ ਬਾਹਰ ਨਹੀਂ ਜਾਂਦੇ। ਜੋ ਇੱਥੇ ਚੱਲਦਾ ਹੈ , ਉਸ ਹਿਸਾਬ ਨਾਲ ਹੀ ਕੀਤਾ ਹੈ। ਉਸਨੇ ਦੱਸਿਆ ਕਿ ਸਾਡੇ ਵਿਆਹਾਂ ਵਿੱਚ ਤਕੜੇ-ਮਾੜੇ ਦਾ ਫਰਕ ਘੱਟ ਹੀ ਦੇਖਣ ਨੂੰ ਮਿਲਦਾ ਹੈ।
ਬਰਾਤ ਨੂੰ ਡੇਰੇ ਵਿੱਚ ਹੀ ਚਾਹ ਵਰਤਾਈ ਗਈ। ਚਾਹ ਵਾਲੀ ਵਲਟੋਹੀ ਮੈਂ ਬਹੁਤ ਸਾਲਾਂ ਬਾਅਦ ਉੱਥੇ ਦੇਖੀ। ਇਲਾਕੇ ਦੀਆਂ ਰਸਮਾਂ ਅਨੁਸਾਰ ਵਿਆਹ ਤੋਂ ਬਾਅਦ ਥੱਲੇ ਬਿਠਾ ਕੇ ਖਾਣਾ ਵਰਤਾਇਆ ਗਿਆ। ਅਸੀਂ ਭੋਜਨ ਦੀ ਬਰਬਾਦੀ ਰੋਕਣ ਦਾ ਬਹੁਤ ਰੌਲ਼ਾ ਪਾਉਂਦੇ ਹਾਂ ਪਰ ਇਸ ਨੂੰ ਰੋਕਣਾ ਤਾਂ ਕੋਈ ਇਹਨਾਂ ਤੋਂ ਸਿੱਖੇ। ਭਾਂਤ-ਭਾਂਤ ਦੀਆਂ ਸਬਜ਼ੀਆਂ ਲੋੜ ਮੁਤਾਬਕ ਹੀ ਵਰਤਾਈਆਂ ਜਾ ਰਹੀਆਂ ਸਨ। ਮਜ਼ਾਲ ਕਿ ਇੱਕ ਕਿਣਕਾ ਵੀ ਬਰਬਾਦ ਹੋ ਜਾਵੇ। ਕੁੱਕੜ ਦੀ ਲੱਤ ਚੱਬਣ ਵਾਲੇ ਅਤੇ ਗਲਾਸੀ ਭਾਲਣ ਵਾਲੇ ਇੱਕਾ-ਦੁੱਕਾ ਬੰਦੇ ਭਾਵੇਂ ਅਣਮੰਨੇ ਜਿਹੇ ਮਨ ਨਾਲ ਬੈਠੇ ਹੋਣ ਪਰ ਮੇਰੇ ਲਈ ਇਹ ਸਭ ਅਨੰਦਮਈ ਸੀ।
ਮੇਰਾ ਧਿਆਨ ਮੱਲੋ-ਮੱਲੀ ਆਪਣੇ ਲੋਕਾਂ ਵੱਲ ਚਲਾ ਗਿਆ। ਬੱਲੇ-ਬੱਲੇ ਦੇ ਚੱਕਰਾਂ ਵਿੱਚ ਲੋਕ ਕਿੰਨੇ ਦੁਖੀ ਹੋ ਗਏ ਹਨ। ਅੰਦਰੋਂ ਸਭ ਦੁਖੀ ਹਨ ਪਰ ਪਹਿਲ ਕੋਈ ਨਹੀਂ ਕਰਨੀ ਚਾਹੁੰਦਾ। ਕਰਜ਼ਾ ਲੈ ਕੇ ਇਹ ਅੱਕ ਚੱਬਣਾ ਪੈਂਦਾ ਹੈ। ਕਰਜ਼ਾ ਲੈਣਾ ਸੌਖਾ ਹੈ ਪਰ ਮੋੜਨਾ ਬੜਾ ਔਖਾ। ਸਿਆਣੇ ਕਹਿੰਦੇ ਹਨ ਕਿ ਵਿਆਜ ਦਿਨ-ਰਾਤ ਸੂੰਦਾ ਹੈ। ਇੱਕ-ਦੂਜੇ ਦੀ ਦੇਖਾ-ਦੇਖੀ ਅਸੀਂ ਬਹੁਤ ਨੁਕਸਾਨ ਕਰਵਾ ਲਿਆ ਹੈ। ਹੋ ਸਕਦਾ ਹੈ ਕੁਝ ਅਮੀਰ ਲੋਕਾਂ ਲਈ ਇਹ ਮਨੋਰੰਜਨ ਹੋਵੇ ਪਰ ਵਧੇਰੇ ਲੋਕਾਂ ਲਈ ਇਹ ਪ੍ਰੇਸ਼ਾਨੀ ਦਾ ਸਬੱਬ ਬਣਦਾ ਹੈ।
ਪੈਲੇਸ ਕਲਚਰ ਨੇ ਵਿਰਾਸਤੀ ਰੀਤੀ-ਰਿਵਾਜਾਂ ਨੂੰ ਸਾਡੇ ਕੋਲੋਂ ਖੋਹ ਲਿਆ ਹੈ। ਕੋਈ ਸਮਾਂ ਸੀ ਜਦੋਂ ਬਰਾਤ ਵਿੱਚ ਸ਼ਾਮਿਲ ਖਾਸ ਬੰਦਿਆਂ ਦੀ ਪਛਾਣ ਸਿੱਠਣੀਆਂ ਰਾਹੀਂ ਹੁੰਦੀ ਸੀ। ਅਜੋਕੇ ਵਿਆਹ ਮਹਿਜ਼ ਅਸ਼ਲੀਲ ਨਾਚ-ਗਾਣਿਆਂ ਅਤੇ ਖਾਣ-ਪੀਣ ਤਕ ਸੀਮਿਤ ਹੋ ਕੇ ਰਹਿ ਗਏ ਜਾਪਦੇ ਹਨ। ਢਿੱਡ ਡਸਟਬਿਨ ਬਣ ਗਏ ਹਨ। ਕਾਵਾਂ-ਰੌਲ਼ੀ ਵਾਲ਼ੀ ਭੀੜ ਵਿੱਚ ਘਿਰਿਆ ਬੰਦਾ ਇਕੱਲਤਾ ਮਹਿਸੂਸ ਕਰਦਾ ਹੈ। ਅਸੀਂ ਰਿਸ਼ਤਿਆਂ ਦਾ ਗਣਿਤ ਹੀ ਕੁਝ ਅਜਿਹਾ ਬਣਾ ਲਿਆ ਹੈ ਕਿ ਰਿਸ਼ਤੇ ਵੀ ਘਾਟੇ-ਮੁਨਾਫੇ ਵਾਲੀ ਤੱਕੜੀ ਵਿੱਚ ਤੋਲੇ ਜਾ ਰਹੇ ਹਨ। ਮੈਨੂੰ ਯਾਦ ਹੈ ਕਿ ਮੇਰੇ ਇੱਕ ਜਾਣੂ ਪਰਿਵਾਰ ਦੀ ਲੜਕੀ ਤਕੜੇ ਘਰ ਵਿੱਚ ਮੰਗੀ ਗਈ। ਮੰਗਣੀ ਵੇਲੇ ਕੁੜੀ ਵਾਲਿਆਂ ਦਾ ਕਾਰੋਬਾਰ ਚੰਗਾ ਸੀ ਪਰ ਵਿਆਹ ਤੋਂ ਪਹਿਲਾਂ ਹਾਲਾਤਾਂ ਵਿੱਚ ਉਲਟ ਗੇੜ ਆ ਗਿਆ। ਵੱਡਾ ਘਾਟਾ ਪੈਣ ਨਾਲ ਕਾਰੋਬਾਰ ਠੱਪ ਹੋ ਗਿਆ। ਮੁੰਡੇ ਵਾਲਿਆਂ ਨੇ ਮਿੰਟ ਵੀ ਨਾ ਲਾਈ ਮੁਕਰਨ ਨੂੰ। ਕੁੜੀ ਦੇ ਗੁਣਾਂ ਨੂੰ ਕਿਸੇ ਨੇ ਗੌਲ਼ਿਆ ਤਕ ਨਾ। ਥੁੜਨਾ ਅਤੇ ਥਿੜ੍ਹਕਣਾ ਦੋਵੇਂ ਅਲੱਗ-ਅਲੱਗ ਗੱਲਾਂ ਹਨ। ਸਿਆਣੇ ਕਹਿੰਦੇ ਹਨ ਕਿ ਥੁੜੇ ਦਾ ਤਾਂ ਇਲਾਜ ਹੈ ਪਰ ਥਿੜ੍ਹਕੇ ਦਾ ਨਹੀਂ।
ਜਿਹੜੇ ਲੋਕ ਦਿਖਾਵੇ ਤੋਂ ਉੱਪਰ ਉੱਠਕੇ ਕੰਮ ਕਰਨ ਵਾਲੇ ਹਨ, ਉਹਨਾਂ ਨੂੰ ਅਸੀਂ ਗੌਲਦੇ ਤੱਕ ਨਹੀਂ। ਇਕ ਦਿਨ ਮੈਂ ਇੱਕ ਕਸਬਾਨੁਮਾ ਪਿੰਡ ਦੇ ਖੁੱਲ੍ਹੇ ਮੈਦਾਨ ਕੋਲੋਂ ਲੰਘ ਰਿਹਾ ਸੀ। ਉਸ ਮੈਦਾਨ ਵਿੱਚ ਅਕਸਰ ਮੈਂ ਸ਼ਾਮ ਵੇਲੇ ਨੌਜਵਾਨ ਮੁੰਡਿਆਂ ਨੂੰ ਖੇਡਦੇ ਦੇਖਦਾ ਸੀ। ਮੈਦਾਨ ਵਿੱਚ ਮੋਮਜਾਮੇ, ਪਲਾਸਟਿਕ ਦੀਆਂ ਪਲੇਟਾਂ, ਚਮਚੇ, ਚਟਣੀ, ਬਚੀਆਂ ਖੁਚੀਆਂ ਸਬਜ਼ੀਆਂ ਅਤੇ ਹੋਰ ਰਹਿੰਦ-ਖੂੰਹਦ ਖਿਲਰੀ ਪਈ ਸੀ। ਪਤਾ ਲੱਗਿਆ ਕਿ ਇਸ ਮੈਦਾਨ ਵਿੱਚ ਕਈ ਦਿਨ ਪਹਿਲਾਂ ਵਿਆਹ ਸਮਾਗਮ ਹੋਇਆ ਸੀ। ਵਿਆਹ ’ਤੇ ਲੱਖਾਂ ਰੁਪਏ ਖਰਚਣ ਦੇ ਨਾਲ-ਨਾਲ ਸੈਕੜੇ ਦੇ ਖਰਚ ਨਾਲ ਮੈਦਾਨ ਦੀ ਸਫਾਈ ਦੀ ਗੱਲ ਸ਼ਾਇਦ ਉਸ ਬੰਦੇ ਦੇ ਦਿਮਾਗ ਵਿੱਚ ਨਾ ਆਈ ਹੋਵੇ। ਹੋ ਸਕਦਾ ਹੈ ਉਹ ਇਸ ਨੂੰ ਫਾਲਤੂ, ਪੈਸੇ ਗਵਾਉਣ ਵਾਲੀ ਗੱਲ ਸਮਝਦਾ ਹੋਵੇ। ਅਜਿਹਾ ਸਭ ਕਰਕੇ ਅਸੀਂ ਨਵੀਂ ਪੀੜ੍ਹੀ ਨੂੰ ਕੀ ਸਿਖਾ ਰਹੇ ਹਾਂ? ਅਮੀਰ ਵਿਰਸੇ ਦੇ ਵਾਰਸੋ! ਆਉਣ ਵਾਲੀ ਪੀੜ੍ਹੀ ਲਈ ਵਿਰਾਸਤ ਵਿੱਚ ਅਸੀਂ ਕੀ ਛੱਡਕੇ ਜਾਵਾਂਗੇ, ਇਹ ਅੱਜ ਸੋਚਣ ਦਾ ਵਿਸ਼ਾ ਹੈ।
*****
(982)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)