“ਸਮਾਂ ਮੁੱਠੀ ਵਿੱਚੋਂ ਰੇਤ ਵਾਂਗ ਕਿਰਦਾ ਜਾ ਰਿਹਾ ਸੀ। ਉਹਨਾਂ ਦਿਨਾਂ ਵਿੱਚ ਪਿੰਡ ਵਿੱਚ ਇੱਕ ...”
(2 ਮਈ 2018)
ਬੀ.ਏ ਦੇ ਦੂਜੇ ਸਾਲ ਵਿੱਚ ਮੈਂ ਸਰਕਾਰੀ ਕਾਲਜ ਪੋਜੇਵਾਲ ਵਿੱਚ ਦਾਖਲ ਹੋਇਆ ਸਾਂ। ਲਾਇਬਰੇਰੀ ਵਿੱਚ ਜਾ ਕੇ ਦੋ-ਤਿੰਨ ਅਖਬਾਰਾਂ ਪੜ੍ਹਨੀਆਂ ਮੇਰਾ ਨਿੱਤਨੇਮ ਬਣ ਗਿਆ ਸੀ। ਇੱਕ ਦਿਨ ਅਖਬਾਰ ਵਿੱਚ ਇਸ਼ਤਿਹਾਰ ਪੜ੍ਹਿਆ, ਜਿਸ ਰਾਹੀਂ ਮਾਲ ਵਿਭਾਗ ਵਿੱਚ ਜ਼ਿਲ੍ਹਾ ਪੱਧਰ ’ਤੇ ਪੋਸਟਾਂ ਕੱਢੀਆਂ ਗਈਆਂ ਸਨ। ਅਖਬਾਰ ਪੜ੍ਹਕੇ ਮੈਂ ਕੋਰੇ ਕਾਗਜ਼ ’ਤੇ ਪ੍ਰੋਫਾਰਮਾ ਬਣਾਇਆ ਅਤੇ ਅਰਜ਼ੀ ਡਾਕ ਰਾਹੀਂ ਭੇਜ ਦਿੱਤੀ। ਕੁੱਝ ਹੀ ਦਿਨਾਂ ਵਿੱਚ ਲਿਖਤੀ ਪੇਪਰ ਲਈ ਸੱਦਾ-ਪੱਤਰ ਆ ਗਿਆ। ਸਟੇਜ ਦੇ ਮੂਹਰੇ ਖੁੱਲ੍ਹੇ ਮੈਦਾਨ ਵਿੱਚ ਸਖਤ ਨਿਗਰਾਨੀ ਹੇਠ ਪੇਪਰ ਲਿਆ ਗਿਆ। ਪੇਪਰ ਦੇਣ ਗਏ ਮੁੰਡਿਆਂ ਵਿੱਚ ਇਹ ਆਮ ਚਰਚਾ ਹੋ ਰਹੀ ਸੀ ਕਿ ਸ਼ਿਫਾਰਸ਼ ਤੋਂ ਬਿਨਾਂ ਕੰਮ ਬਣਨ ਵਾਲਾ ਨਹੀਂ। ਜਿਹੜੇ ਨੌਕਰੀ ’ਤੇ ਰੱਖਣੇ ਹਨ, ਉਹ ਤਾਂ ਪਹਿਲਾਂ ਹੀ ਤੈਅ ਹਨ, ਪੇਪਰ ਤਾਂ ਮਹਿਜ਼ ਲੋਕ ਦਿਖਾਵਾ ਹੈ। ਮੈਂ ਇਹੀ ਗੱਲਾਂ ਮਨ ਵਿਚ ਬਿਠਾ ਕੇ ਵਾਪਸ ਆ ਗਿਆ ਕਿ ਮੇਰਾ ਕਿਹੜਾ ਕੰਮ ਬਣਨਾ ਹੈ। ਸਿਫਾਰਸ਼ ਤਾਂ ਕੋਈ ਹੈ ਨਹੀਂ।
ਪੰਜ-ਛੇ ਦਿਨ ਬਾਅਦ ਕਾਲਜ ਵਿੱਚ ਛੁੱਟੀ ਹੋਣ ਤੋਂ ਥੋੜ੍ਹਾ ਜਿਹਾ ਸਮਾਂ ਪਹਿਲਾਂ ਅਖਬਾਰ ’ਤੇ ਹਾਲੇ ਸਰਸਰੀ ਜਿਹੀ ਝਾਤ ਹੀ ਮਾਰੀ ਸੀ ਕਿ ਪਿਛਲੇ ਹਫਤੇ ਦਿੱਤੇ ਟੈਸਟ ਦਾ ਛਪਿਆ ਹੋਇਆ ਨਤੀਜਾ ਪੜ੍ਹਨ ਲਈ ਮੈਂ ਹੋਰ ਸੁਚੇਤ ਹੋ ਗਿਆ। ਮੈਰਿਟ ਸੂਚੀ ਵਿੱਚ ਮੇਰਾ ਉੱਪਰਲੀ ਕਤਾਰ ਵਿੱਚ ਰੋਲ ਨੰਬਰ ਸੀ। ਪੜ੍ਹ ਕੇ ਖੁਸ਼ੀ ਤਾਂ ਹੋਈ ਪਰ ਜਲਦੀ ਪ੍ਰੇਸ਼ਾਨੀ ਵਿੱਚ ਬਦਲ ਗਈ। ਮੈਰਿਟ ਵਿੱਚ ਆਉਣ ਵਾਲੇ ਉਮੀਦਵਾਰਾਂ ਨੂੰ ਉਸੇ ਦਿਨ ਹੀ ਪੰਜ ਵਜੇ ਤੋਂ ਪਹਿਲਾਂ ਇੰਟਰਵਿਊ ਲਈ ਬੁਲਾਇਆ ਗਿਆ ਸੀ। ਦੋ ਵੱਜ ਚੁੱਕੇ ਸਨ। ਬੱਸ ਤੋਂ ਬਿਨਾਂ ਆਵਾਜਾਈ ਦਾ ਕੋਈ ਸਾਧਨ ਨਹੀਂ ਸੀ। ਬੱਸ ਵੀ ਦਿਹਾੜੀ ਦੀ ਤਿੰਨ ਵਾਰ ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਜਾਂਦੀ ਸੀ। ਘਰੋਂ ਸਰਟੀਫਿਕੇਟ ਲੈਣੇ ਵੀ ਜ਼ਰੂਰੀ ਸਨ। ਜੇਬ ਵਿੱਚ ਆਉਣ-ਜਾਣ ਦੇ ਕਿਰਾਏ ਜੋਗੇ ਪੈਸੇ ਵੀ ਨਹੀਂ ਸਨ। ਸੋਚਣ ਲਈ ਸਮਾਂ ਵੀ ਘੱਟ ਸੀ। ਮੈਂ ਹਿੰਮਤ ਕਰ ਕੇ ਆਪਣੇ ਇਲਾਕੇ ਵੱਲ ਨੂੰ ਜਾਂਦੀ ਸੜਕ ’ਤੇ ਖੜ੍ਹ ਗਿਆ। ਸਕੂਟਰ ਵਾਲੇ ਹਰ ਬੰਦੇ ਨੂੰ ਹੱਥ ਦੇਣਾ ਸ਼ੁਰੂ ਕਰ ਦਿੱਤਾ ਤਾਂ ਜੋ ਕੋਈ ਮੌਕਾ ਨਾ ਖੁੰਝ ਜਾਵੇ। ਦੋ ਤਿੰਨ ਸਕੂਟਰਾਂ ਵਾਲਿਆਂ ਨੇ ਤਾਂ ਮੇਰੇ ਵੱਲ ਦੇਖਿਆ ਹੀ ਨਹੀਂ, ਦੋ ਕੁ ਨੇ ‘ਬਸ ਇੱਥੇ ਈ ਜਾਣੈ’ ਕਹਿ ਕੇ ਆਪਣੇ ਸਕੂਟਰ ਭਜਾ ਲਏ। ਇੱਕ ਚੰਗੇ ਬੰਦੇ ਨੇ ਮੈਨੂੰ ਬਿਠਾ ਤਾਂ ਲਿਆ ਪਰ ਉਸਨੇ ਮੇਰੇ ਅੱਧੇ ਪੈਂਡੇ ਤੱਕ ਹੀ ਜਾਣਾ ਸੀ। ਐਨੇ ਜੋਗਾ ਹਾਲੇ ਮੈਂ ਆਪਣੇ-ਆਪ ਨੂੰ ਨਹੀਂ ਸੀ ਸਮਝਦਾ ਕਿ ਉਸ ਨੂੰ ਕਹਿ ਸਕਾਂ ਕਿ ਜ਼ਰੂਰੀ ਹੋਣ ਕਰਕੇ ਮੈਨੂੰ ਘਰ ਤੱਕ ਛੱਡ ਆਵੇ।
ਅੱਧੇ ਪੈਂਡੇ ’ਤੇ ਉੱਤਰ ਕੇ ਉਸਦਾ ਧੰਨਵਾਦ ਕਰਦਿਆਂ ਮੈਨੂੰ ਘਰ ਤੱਕ ਪੁੱਜਣ ਦੀ ਚਿੰਤਾ ਨੇ ਫਿਰ ਘੇਰ ਲਿਆ। ਸਾਹਮਣੇ ਅੱਡੇ ਵਿੱਚ ਸਾਈਕਲ ਮਕੈਨਿਕ ਦੀ ਦੁਕਾਨ ਕਰਦੇ ਸਾਡੇ ਪਿੰਡ ਦੇ ਬੰਦੇ ਉੱਤੇ ਮੇਰੀ ਨਜ਼ਰ ਪਈ। ਮੈਂ ਸਾਰੀ ਗੱਲ ਉਸ ਨੂੰ ਜਾ ਦੱਸੀ। ਉਸਨੇ ਝੱਟ ਆਪਣੇ ਸਾਈਕਲ ਵੱਲ੍ਹ ਇਸ਼ਾਰਾ ਕਰਦਿਆਂ ਕਿਹਾ, “ਤੂੰ ਇਹ ਲੈ ਜਾ, ਮੈਂ ਆਪੇ ਔਖਾ-ਸੌਖਾ ਪਿੰਡ ਪੁੱਜ ਜਾਊਂ।”
ਸਾਈਕਲ ਦੇ ਪੈਡਲਾਂ ਨਾਲੋਂ ਮੇਰਾ ਮਨ ਕਾਹਲ਼ਾ ਵਗ ਰਿਹਾ ਸੀ। ਸਾਈਕਲ ਨੂੰ ਵੀ ਇੱਕ ਭੈੜ ਹੈ ਕਿ ਜਦੋਂ ਕੋਈ ਕਾਹਲੀ ਹੋਵੇ ਤਾਂ ਇਸਦੀ ਚੇਨ ਜ਼ਰੂਰ ਉੱਤਰਦੀ ਹੈ। ਚੇਨ ਨੇ ਛੇ ਕਿਲੋਮੀਟਰ ਦੀ ਵਾਟ ਵਿੱਚ ਛੇ ਵਾਰ ਮੇਰਾ ਇਮਤਿਹਾਨ ਲਿਆ। ਚੇਨ ਨਾਲ਼ ਹੱਥ ਕਾਲੇ ਹੋਏ ਅਤੇ ਸਾਹੋ-ਸਾਹੀ ਹੋਇਆ ਜਦੋਂ ਘਰ ਪੁੱਜਾ ਤਾਂ ਮਾਤਾ ਘਬਰਾ ਗਈ। ਸਾਰੀ ਗੱਲ ਦੱਸ ਕੇ ਫਟਾਫਟ ਆਪਣਾ ਦਸਵੀਂ ਦਾ ਸਰਟੀਫਿਕੇਟ ਕੱਢਿਆ ਅਤੇ ਮਾਤਾ ਜੀ ਤੋਂ ਕਿਰਾਏ ਲਈ ਪੈਸਿਆਂ ਦੀ ਮੰਗ ਕੀਤੀ। ਸ਼ੁਕਰ ਐ, ਉਸ ਵਕਤ ਮਾਤਾ ਜੀ ਦੇ ਟਰੰਕ ਵਿੱਚ ਕਿਰਾਏ ਜੋਗੇ ਪੈਸੇ ਪਏ ਸਨ।
ਬਿਨਾਂ ਸਾਧਨ ਤੋਂ ਨਿਸ਼ਚਿਤ ਸਮੇਂ ਵਿੱਚ ਸੱਠ ਕਿਲੋਮੀਟਰ ਇੰਟਰਵਿਊ ਵਾਲੇ ਸਥਾਨ ’ਤੇ ਪਹੁੰਚਣਾ ਮੇਰੇ ਲਈ ਹਿਮਾਲਾ ਪਰਬਤ ਦੀ ਚੋਟੀ ਸਰ ਕਰਨ ਦੇ ਬਰਾਬਰ ਸੀ। ਮੈਂ ਘਰ ਤੋਂ ਨਿਕਲ ਕੇ ਦੁਕਾਨਾਂ ਤੱਕ ਪਹੁੰਚ ਕੇ ਕੋਈ ਹੀਲਾ-ਵਸੀਲਾ ਕਰਨ ਦੀ ਤਰਕੀਬ ਬਾਰੇ ਸੋਚਣ ਲੱਗਾ। ਸਮਾਂ ਮੁੱਠੀ ਵਿੱਚੋਂ ਰੇਤ ਵਾਂਗ ਕਿਰਦਾ ਜਾ ਰਿਹਾ ਸੀ। ਉਹਨਾਂ ਦਿਨਾਂ ਵਿੱਚ ਪਿੰਡ ਵਿੱਚ ਇੱਕ ਰਾਜਦੂਤ ਮੋਟਰ-ਸਾਈਕਲ ਅਤੇ ਦੋ ਸਕੂਟਰ ਸਨ। ਸਕੂਟਰਾਂ ਵਾਲਿਆਂ ਦਾ ਬੜਾ ਟੌਹਰ-ਟੱਪਾ ਹੁੰਦਾ ਸੀ। ਤਾਸ਼ ਦੀ ਢਾਣੀ ਵਿੱਚ ਬੈਠੇ ਸਕੂਟਰ ਮਾਲਕ ਨੂੰ ਬੜੀ ਅਧੀਨਗੀ ਨਾਲ ਸਮੇਂ ਦਾ ਵਾਸਤਾ ਪਾ ਕੇ ਮੁੱਖ ਸੜਕ ਤੱਕ ਛੱਡਣ ਦੀ ਅਰਜੋਈ ਕੀਤੀ ਪਰ ਉਸਨੇ ਇੱਕ ਝਟਕੇ ਵਿੱਚ ਹੀ ਕੋਰਾ ਜਵਾਬ ਦੇ ਦਿੱਤਾ। ਮੇਰੀ ਖਾਨਿਓਂ ਗਈ। ਖੁਸ਼ਕਿਸਮਤੀ ਨਾਲ ਦੂਜੇ ਸਕੂਟਰ ਮਾਲਕ ਨੇ ਮੇਰੀ ਗੱਲ ਧਿਆਨਪੂਰਵਕ ਸੁਣੀ ਅਤੇ ਝੱਟ ਤਿਆਰ ਹੋ ਗਿਆ। ਜ਼ਿਲ੍ਹਾ ਹੈਡਕੁਆਟਰ ਨੂੰ ਜਾਂਦੀ ਆਖਰੀ ਬੱਸ ਮਿਲ ਗਈ।
ਅਖਬਾਰ ਪੜ੍ਹਨ ਤੋਂ ਲੈ ਕੇ ਬੱਸ ਦੀ ਸੀਟ ’ਤੇ ਬੈਠਣ ਤੱਕ ਦੇ ਵਿਚਕਾਰਲੇ ਸਮੇਂ ਦੌਰਾਨ ਮੇਰੀ ਭੂਤਨੀ ਘੁੰਮ ਗਈ। ਬੱਸ ਵਿੱਚ ਬੈਠ ਕੇ ਥੋੜ੍ਹੀ ਚੈਨ ਜ਼ਰੂਰ ਮਿਲੀ। ਉਸ ਦਾ ਦਿਲੋਂ ਧੰਨਵਾਦ ਕੀਤਾ ਜਿਸਨੇ ਮੇਰੇ ਵਰਗੇ ਬਿਨਾਂ ਸਿਫਾਰਸ਼ ਵਾਲੇ ਨੂੰ ਮੈਰਿਟ ਵਿੱਚ ਖੜ੍ਹਾ ਕਰ ਦਿੱਤਾ ਸੀ। ਮੈਂ ਬੱਸ ਅੱਡੇ ਤੋਂ ਦੌੜ ਕੇ ਇੰਟਰਵਿਊ ਵਾਲੇ ਸਥਾਨ ’ਤੇ ਜਦੋਂ ਪਹੁੰਚਿਆ, ਪੰਜ ਵੱਜਣ ਨੂੰ ਹਾਲੇ ਦਸ ਮਿੰਟ ਰਹਿੰਦੇ ਸਨ। ਅੱਗੇ ਇੰਟਰਵਿਊ ਦੀ ਥਾਂ ਨੋਟਿਸ-ਬੋਰਡ ’ਤੇ ਨੋਟਿਸ ਚਿਪਕਾਇਆ ਹੋਇਆ ਸੀ - ਕੁੱਝ ਕਾਰਨਾਂ ਕਰਕੇ ਇੰਟਰਵਿਊ ਅਣਮਿੱਥੇ ਸਮੇਂ ਲਈ ਮੁਲਤਵੀ ਕੀਤੀ ਜਾਂਦੀ ਹੈ।
ਵਾਪਸੀ ਟਰੱਕ ਵਿੱਚ ਧੱਕੇ ਖਾਂਦਿਆ ਅਤੇ ਫਿਰ ਪੈਦਲ ਤੁਰ ਕੇ ਰਾਤ ਗਿਆਰਾਂ ਵਜੇ ਘਰ ਪਹੁੰਚਿਆ।
ਹੁਣ ਮੇਰੀ ਸਿੱਖਿਆ ਵਿਭਾਗ ਵਿੱਚ ਨੌਕਰੀ ਵੀਹ ਸਾਲ ਦੀ ਹੋ ਗਈ ਹੈ। ਅਣਮਿੱਥੇ ਸਮੇਂ ਲਈ ਮੁਲਤਵੀ ਕੀਤੀ ਇੰਟਰਵਿਊ ਦਾ ਸਮਾਂ ਢਾਈ ਦਹਾਕਿਆਂ ਬਾਅਦ ਵੀ ਹਾਲੇ ਤੱਕ ਮਿੱਥਿਆ ਨਹੀਂ ਗਿਆ।
*****
(1137)