“ਹੈਂ? ਬਲੈੱਡ ਪ੍ਰੈੱਸ਼ਰ, ਇਹ ਤਾਂ ਚੰਦਰੀਆਂ ਸ਼ੈਹਰਾਂ ਆਲ਼ੀਆਂ ਬਿਮਾਰੀਆਂ”
(19 ਜਨਵਰੀ 2023)
ਮਹਿਮਾਨ: 322.
ਇਹ ਗੱਲ 1991 ਦੀ ਗਰਮੀ ਰੁੱਤ ਦੀ ਹੈ। ਬੀਬੀ (ਮਾਤਾ ਜੀ) ਦੇ ਨੱਕ ਵਿੱਚੋਂ ਲਗਾਤਾਰ ਖੂਨ ਵਹਿੰਦਾ ਦੇਖ ਪਿਆਰੋ ਅਤੇ ਮਣਸੋ ਤਾਈ ਦੌੜੀਆਂ-ਦੌੜੀਆਂ ਸਾਡੇ ਘਰ ਦੇ ਪਿਛਵਾੜੇ ਪਹੁੰਚ ਗਈਆਂ ਸਨ। “ਕੋਈ ਖੋਟ-ਦੋਸ਼ ਪੁੱਛ ਲੈ ਭਾਈ।” ਤਾਈ ਮਣਸੋ ਨੇ ਸਲਾਹ ਦਿੱਤੀ। ਉਹਨਾਂ ਤੋਂ ਬਾਅਦ ਬੀਬੀ ਦੁਆਲ਼ੇ ਆਂਢ-ਗੁਆਂਢ ਦੀਆਂ ਜਨਾਨੀਆਂ ਦਾ ਝੁਰਮਟ ਜਿਹਾ ਬਣ ਗਿਆ। ਮੈਂ ਉਹਨਾਂ ਦਿਨਾਂ ਵਿੱਚ ਬੀ.ਏ ਦਾ ਪਹਿਲਾ ਸਾਲ ਪਾਸ ਕਰ ਚੁੱਕਾ ਸਾਂ। ਉੱਥੇ ਹਾਜ਼ਰ ਸਾਰਿਆਂ ਨੇ ਜਿਵੇਂ ਇਸ ਤਰ੍ਹਾਂ ਦਾ ਪਹਿਲਾ ਮਰੀਜ਼ ਦੇਖਿਆ ਹੋਵੇ। ਹੈ ਵੀ ਸ਼ਾਇਦ ਪਹਿਲਾ ਹੀ ਸੀ ਕਿਉਂਕਿ ਇਹ ਵਰਤਾਰਾ ਪਹਿਲਾਂ ਕਿਸੇ ਨਹੀਂ ਸੀ ਦੇਖਿਆ। ਜਿੰਨੇ ਮੂੰਹ, ਉੰਨੀਆਂ ਸਲਾਹਾਂ। ਮਣਸੋ ਤਾਈ ਨੇ ਫਿਰ ਦੁਹਰਾਉਂਦਿਆਂ ਮੈਨੂੰ ਖੋਟ-ਦੋਸ਼ ਪੁੱਛ ਕੇ ਕੋਈ ਓਹੜ-ਪੋਹੜ ਕਰਨ ਦੀ ਹਦਾਇਤ ਕਰ ਦਿੱਤੀ।
ਤਾਈ ਦੇ ਦੱਸੇ ਓਹੜ-ਪੋਹੜ ਮੇਰੇ ਲਈ ਕੋਈ ਮਾਇਨੇ ਨਹੀਂ ਸਨ ਰੱਖਦੇ। ਕਾਰਨ; ਨੌਂਵੀਂ ਜਮਾਤ ਤੋਂ ਮੈਂ ਤਰਕਸ਼ੀਲ ਸਾਹਿਤ ਨਾਲ ਜੁੜਿਆ ਸਾਂ। ਉਹਨਾਂ ਦਿਨਾਂ ਵਿੱਚ ਦੋ ਵਿਅਕਤੀ ਸਾਡੇ ਸਕੂਲ ਆਏ। ਵਹਿਮਾਂ-ਭਰਮਾਂ ਬਾਰੇ ਭਾਸ਼ਣ ਕੀਤਾ ਅਤੇ ਇੱਕ-ਇੱਕ ਕਿਤਾਬ ਸਾਨੂੰ ਮੁਫ਼ਤ ਦੇ ਗਏ। ਭਾਸ਼ਣ ਤਾਂ ਭਾਵੇਂ ਯਾਦ ਨਹੀਂ ਰਿਹਾ ਪਰ ਉਹਨਾਂ ਵੱਲੋਂ ਦਿੱਤੀ ਕਿਤਾਬ ਮੈਂ ਘਰ ਆ ਕੇ ਪੜ੍ਹ ਲਈ। ਇਹ ਕਿਤਾਬ … ‘ਤੇ ਦੇਵ ਪੁਰਸ਼ ਵੀ ਹਾਰ ਗਏ’ ਸਿਲੇਬਸ ਤੋਂ ਬਾਹਰੀ ਪਹਿਲੀ ਕਿਤਾਬ ਸੀ ਜੋ ਮੈਂ ਪੜ੍ਹੀ ਸੀ। ਇਸ ਤੋਂ ਬਾਅਦ ਹੋਰ ਕਿਤਾਬਾਂ ਪੜ੍ਹਨ ਦਾ ਮੌਕਾ ਮਿਲਿਆ। ਕਾਲਜ ਤਕ ਪਹੁੰਚਦਿਆਂ ਤਰਕਸ਼ੀਲ ਸਾਹਿਤ ਨੇ ਵਹਿਮ-ਭਰਮ ਦੇ ਜਾਲ਼ਿਆਂ ਨੂੰ ਕਾਫੀ ਹੱਦ ਤਕ ਸਾਫ਼ ਕਰ ਦਿੱਤਾ। ਇਸ ਬਾਬਤ ਜਮਾਤੀਆਂ ਨਾਲ ਬਹਿਸ ਵੀ ਅਕਸਰ ਚਲਦੀ ਰਹਿੰਦੀ। ਉਹਨਾਂ ਦਿਨਾਂ ਵਿੱਚ ਬਿਮਾਰੀਆਂ ਬਾਬਤ ਸਲਾਹ ਲੈਣ ਲਈ ਵੀ ਕੋਈ ਨੇੜੇ-ਤੇੜੇ ਨਹੀਂ ਸੀ ਹੁੰਦਾ। ਨਾ ਹੀ ਸੰਚਾਰ ਦਾ ਕੋਈ ਅਜਿਹਾ ਜ਼ਰੀਆ ਸੀ ਜਿਸ ਰਾਹੀਂ ਕੋਈ ਜਾਣਕਾਰੀ ਪ੍ਰਾਪਤ ਕਰ ਲਈ ਜਾਂਦੀ। ਨੱਕ ਵਿੱਚੋਂ ਖੂਨ ਦਾ ਵਹਿਣ ਭਾਵੇਂ ਹੌਲ਼ੀ ਹੋ ਗਿਆ ਸੀ ਪਰ ਅਜੇ ਤ੍ਰਿਪ-ਤ੍ਰਿਪ ਚੋ ਰਿਹਾ ਸੀ। ਬੱਠਲ਼ ਦਾ ਹੇਠਲਾ ਹਿੱਸਾ ਭਰਿਆ ਭਰਿਆ ਜਿਹਾ ਲੱਗ ਰਿਹਾ ਸੀ। ਖਬਰ ਲੈਣ ਵਾਲਿਆਂ ਦਾ ਆਉਣ-ਜਾਣ ਬਣਿਆ ਹੋਇਆ ਸੀ।
ਉਹਨਾਂ ਦਿਨਾਂ ਵਿੱਚ ਸਾਡੇ ਪਿੰਡ ਤੋਂ ਸੁਰੇਸ਼ ਕੁਮਾਰ ਸਿਹਤ ਵਿਭਾਗ ਵਿੱਚ ਬੰਗਾ ਦੇ ਪਿੰਡ ਸੁੱਜੋਂ ਵਿੱਚ ਸਟੈਨੋ ਲੱਗਾ ਹੋਇਆ ਸੀ। ਬੱਸ ਰਾਹੀਂ ਰੋਜ਼ ਪਿੰਡ ਆਉਂਦਾ-ਜਾਂਦਾ ਸੀ। ਨਵਾਂਸ਼ਹਿਰ ਜ਼ਿਲ੍ਹਾ ਅਜੇ ਹੋਂਦ ਵਿੱਚ ਨਹੀਂ ਸੀ ਆਇਆ। ਇਹ ਜਲੰਧਰ ਜ਼ਿਲ੍ਹੇ ਦਾ ਹਿੱਸਾ ਸੀ। ਸੁਰੇਸ਼ ਕੁਮਾਰ ਦੀ ਸਲਾਹ ਅਨੁਸਾਰ ਦੂਜੇ ਦਿਨ ਸਾਢੇ ਸੱਤ ਵਾਲੀ ਰੋਡਵੇਜ਼ ਦੀ ਬੱਸ ਫੜ ਕੇ ਗੜ੍ਹਸ਼ੰਕਰ ਪਹੁੰਚ ਗਏ। ਉੱਥੋਂ ਤਿੰਨ ਪਹੀਆਂ ਵਾਲਾ ਟੈਂਪੂ ਲੈ ਕੇ ਪੱਲੀ ਝਿੱਕੀ ਅਤੇ ਫਿਰ ਟੈਂਪੂ ਲੈ ਕੇ ਸੁੱਜੋਂ। ਡਾ. ਚੀਮਾ ਜੀ ਨੂੰ ਮਿਲੇ। ਉਹ ਈ.ਐੱਨ.ਟੀ ਦੇ ਮਾਹਰ ਸਨ। ਪਹਿਲੀ ਵਾਰ ਪਤਾ ਲੱਗਾ ਕਿ ਨੱਕ, ਕੰਨ, ਗਲ਼ੇ ਦਾ ਵੀ ਅਲੱਗ ਮਾਹਰ ਡਾਕਟਰ ਹੁੰਦਾ ਹੈ। ਸਾਰੀ ਗੱਲਬਾਤ ਦੱਸੀ। ਚੀਮਾ ਸਾਹਿਬ ਬੜੇ ਠਰ੍ਹੰਮੇ ਨਾਲ ਬੋਲੇ, “ਇਹਦੇ ਵਿੱਚ ਚਿੰਤਾ ਵਾਲੀ ਕਿਹੜੀ ਗੱਲ? ਇਹ ਤਾਂ ਸਗੋਂ ਚੰਗਾ ਹੋਇਆ ਕਿ ਨੱਕ ਵਿੱਚੋਂ ਖੂਨ ਨਿਕਲ ਗਿਆ। ਇਹ ਤਾਂ ਬਚਾ ਦੀ ਨਿਸ਼ਾਨੀ ਹੈ। ਮਾਤਾ ਦਾ ਬਲੱਡ-ਪ੍ਰੈੱਸ਼ਰ ਵਧਦਾ ਹੈ। ਪੂਰੀ ਉਮਰ ਦਵਾਈ ਲੈਣੀ ਪਏਗੀ।”
ਚੀਮਾ ਸਾਹਿਬ ਦੇ ਬੋਲਾਂ ਵਿੱਚ ਅੰਤਾਂ ਦਾ ਧਰਵਾਸ ਸੀ। ਪਹਿਲੀ ਨਜ਼ਰੇ ਹੀ ਮੈਨੂੰ ਕਾਬਲ ਡਾਕਟਰ ਜਾਪੇ। ਉਨ੍ਹਾਂ ਪਰਚੀ ’ਤੇ ਰੋਜ਼ਾਨਾ ਇੱਕ ਗੋਲੀ ਖਾਣ ਲਈ ਲਿਖ ਦਿੱਤਾ।
“ਮਾਤਾ ਨਮਕ ਨਹੀਂ ਖਾਣਾ ... ਘਿਓ ਤੁਹਾਡੇ ਲਈ ਜ਼ਹਿਰ ਸਮਾਨ ਹੈ।” ਡਾਕਟਰ ਦੇ ਦੱਸੇ ਪ੍ਰਹੇਜ਼ ’ਤੇ ਬੀਬੀ ਨੇ ਰਸਤੇ ਵਿੱਚ ਬੁੜਬੁੜ ਕੀਤੀ, “ਹੋਰ ਹੈ ਵੀ ਕਿਆ ਪਿੰਡਾਂ ਵਿੱਚ ਖਾਣ ਨੂੰ, ਦੇਹ ਕੀਹਦੇ ਆਸਰੇ ਚੱਲੂ?”
ਸਫ਼ਰ ਦੇ ਉਹੀ ਸਾਧਨ ਦੁਹਰਾਉਂਦੇ ਹੋਏ ਅਸੀਂ ਸ਼ਾਮ ਵੇਲੇ ਪਿੰਡ ਪਹੁੰਚ ਗਏ।
“ਕਿਆ ਦੱਸਿਆ ਡਾਕਟਰ ਨੇ?” ਪਿੰਡ ਪਹੁੰਚਣ ਸਾਰ ਗਲ਼ੀ-ਗਰਾਂ ਦੀਆਂ ਤ੍ਰੀਮਤਾਂ ਦਾ ਇੱਕੋ ਸਵਾਲ ਸੀ।
“ਹੈਂ? ਬਲੈੱਡ ਪ੍ਰੈੱਸ਼ਰ, ਇਹ ਤਾਂ ਚੰਦਰੀਆਂ ਸ਼ੈਹਰਾਂ ਆਲ਼ੀਆਂ ਬਿਮਾਰੀਆਂ ਪਿੰਡੀਂ ਪੁੱਜ ਗਈਆਂ।” ਤਾਈ ਬੰਤੀ ਨੇ ਹਮਦਰਦੀ ਪ੍ਰਗਟਾਈ। ਬੀਬੀ ਨੂੰ ਉਹ ਇਸ ਬੀਮਾਰੀ ਦਾ ਪਹਿਲਾ ਮਰੀਜ਼ ਸਮਝਦੇ ਸਨ। ਹੈ ਵੀ ਪਹਿਲਾ ਸੀ। ਪਹਿਲਾਂ ਇਹ ਨਾਂ ਕਿਸੇ ਨੇ ਸੁਣਿਆ ਨਹੀਂ ਸੀ।
ਉਹਨਾਂ ਦਿਨਾਂ ਵਿੱਚ ਬਲੱਡ-ਪ੍ਰੈੱਸ਼ਰ ਮਾਪਣ ਵਾਲਾ ਯੰਤਰ ਅਜੇ ਪਿੰਡ ਨਹੀਂ ਸੀ ਪੁੱਜਿਆ। ਦੂਜੇ ਦਿਨ ਕੁਝ ਗਿਣੇ-ਮਿਣੇ ਨੁਸਖੇ ਜਾਣਨ ਵਾਲੇ ਪਿੰਡ ਦੇ ਬੰਦੇ ਨੇ ਤਾਂ ਆਪਣਾ ਤੋੜਾ ਝਾੜ ਦਿੱਤਾ ਸੀ, “ਯਾਰ ਇਹ ਬਲੈੱਡ ਪ੍ਰੈੱਸ਼ਰ ਤਾਂ ਐਵੇਂ ਵਹਿਮ ਐ, ਇਹ ਸਭ ਬਾਇ-ਬਾਦੀ ਨਾਲ ਹੁੰਦਾ ਹੈ।”
ਪਿਛਲੇ 32 ਸਾਲ ਤੋਂ ਬੀਬੀ ਦੀ ਦਵਾਈ ਅੱਜ ਵੀ ਜਾਰੀ ਹੈ। ਸਗੋਂ ਬੀਬੀ ਨੇ ਡਾਕਟਰ ਦੀ ਸਲਾਹ ਅਨੁਸਾਰ ਆਪਣੇ-ਆਪ ਨੂੰ ਢਾਲ਼ ਲਿਆ ਹੈ। ਪਿੰਡ ਵਿੱਚ ਕਲੀਨਿਕ ਚਲਾ ਰਹੇ ਡਾਕਟਰ ਅਨੁਸਾਰ ਹੁਣ ਪਿੰਡ ਵੱਡੀ ਗਿਣਤੀ ਲੋਕ ਵਧਦੇ ਬਲੱਡ-ਪ੍ਰੈੱਸ਼ਰ ਤੋਂ ਪ੍ਰਭਾਵਿਤ ਹਨ। 32 ਸਾਲ ਪਹਿਲਾਂ ਤਾਈ ਦੇ ਓਹੜ-ਪੋਹੜ ਵਾਲੀ ਗੱ ਅਤੇ ਡਾਕਟਰ ਚੀਮਾ ਦੇ ਧਰਵਾਸ ਭਰੇ ਸ਼ਬਦ ਚੇਤੇ ਕਰਦਿਆਂ ਦੋਹਾਂ ਦੇ ਚਿਹਰੇ ਰੂਪਮਾਨ ਹੋ ਜਾਂਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3748)
(ਸਰੋਕਾਰ ਨਾਲ ਸੰਪਰਕ ਲਈ: