RavinderChote7ਕੁਝ ਸਮੇਂ ਲਈ ਤਾਂ ਅਸੀਂ ਭੁੱਲ ਹੀ ਗਏ ਕਿ ਸਾਡੇ ਘਰ ਵਿਆਹ ਵੀ ਹੈ। ਆਂਢ ਗੁਆਂਢ ਸਭ ਸਾਨੂੰ ਦਿਲਾਸੇ ਦੇ ਕੇ ...
(19 ਨਵੰਬਰ 2023)
ਇਸ ਸਮੇਂ ਪਾਠਕ: 170.


ਘਰ ਵਿੱਚ ਅਸੀਂ ਸਾਰੇ ਜੀਅ ਆਪਣੇ ਆਪਣੇ ਕੰਮੀਂ ਲੱਗੇ ਹੁੰਦੇ ਪਰ ਉਹਨਾਂ ਦੇ ਕਮਰੇ ਵਿੱਚੋਂ ਬੱਚਿਆਂ ਦੀਆਂ ਕਿਲਕਾਰੀਆਂ ਵਰਗੀਆਂ ਆਵਾਜਾਂ ਆਉਂਦੀਆਂ ਰਹਿੰਦੀਆਂ। ਇੰਜ ਲੱਗਦਾ ਜਿਵੇਂ ਉਹ ਕਿਸੇ ਗੱਲ ’ਤੇ ਬਹੁਤ ਖੁਸ਼ ਹੋ ਗਈਆਂ ਹੋਣ। ਉਹਨਾਂ ਦੇ ਦਰਵਾਜ਼ੇ ਕੋਲੋਂ ਲੰਘਦਿਆਂ ਵੇਖਣਾ
, ਉਹ ਇੱਕ ਦੂਜੀ ਦੇ ਕੰਨ ਵਿੱਚ ਕੋਈ ਕਾਨਾਫੂਸੀਆਂ ਕਰ ਰਹੀਆਂ ਹੁੰਦੀਆਂ। ਇੱਕ 108 ਸਾਲ ਟੱਪ ਚੁੱਕੀ, ਦੂਸਰੀ 92 ਪਾਰ ਕਰ ਗਈ ਸੀ। ਹੋਇਆ ਇੰਜ ਕਿ ਦੋਵਾਂ ਦੀਆਂ ਅੱਖਾਂ ਵਿੱਚ ਕੁਝ ਸਾਲ ਪਹਿਲਾਂ ਕਾਲ਼ਾ ਮੋਤੀਆ ਉੱਤਰ ਆਇਆ ਸੀ। ਦੋਵਾਂ ਦੀਆਂ ਅੱਖਾਂ ਦਾ ਅਪਰੇਸ਼ਨ ਜਲੰਧਰ ਦੇ ਮਸ਼ਹੂਰ ਡਾਕਟਰ ਕੋਲੋਂ ਕਰਵਾਇਆ ਤਾਂ ਦੋਵਾਂ ਨੇ ਸਲਾਹ ਕਰ ਲਈ ਕਿ ਆਪਾਂ ਹੁਣ ਇਕੱਠੀਆਂ ਹੀ ਰਹਾਂਗੀਆਂ। ਵੱਡੀ ਮੇਰੀ ਮਾਤਾ ਸੀ ਅਤੇ ਦੂਸਰੀ ਮੇਰੀ ਪਤਨੀ ਦੀ ਮਾਤਾ ਸੀ। ਭਾਵ ਦੋਵੇਂ ਕੁੱੜਮਣੀਆਂ ਸਨ। ਅਸੀਂ ਉਹਨਾਂ ਨੂੰ ਘਰ ਵਿੱਚ ਇੱਕ ਕਮਰਾ ਦੇ ਦਿੱਤਾ। ਉਹ ਦੋਵੇਂ ਇਕ ਦੂਸਰੀ ਨਾਲ ਪਰਚੀਆਂ ਰਹਿੰਦੀਆਂ। ਕਾਲੀਆਂ ਐਨਕਾਂ ਲਗਾ ਕੇ ਡੌਨ ਬਣੀਆਂ ਬੱਚਿਆਂ ਵਾਂਗ ਖੇਡੇ ਪਈਆਂ ਰਹਿੰਦੀਆਂ। ਕਈ ਵਾਰੀ ਛੋਟੇ ਛੋਟੇ ਕੰਮਾਂ ਲਈ ਇੱਕ ਦੂਜੀ ਅੱਗੇ ਭੱਜਣਾ, ਕਈ ਵਾਰੀ ਡਿਗ ਵੀ ਪੈਣਾ, ਹੱਸਦੀਆਂ ਨੇ ਫਿਰ ਉੱਠ ਖੜ੍ਹਨਾ।

ਕੁਦਰਤੀ ਇਹਨਾਂ ਦਿਨਾਂ ਵਿੱਚ ਹੀ ਅਸੀਂ ਆਪਣੇ ਲੜਕੇ ਲਈ ਲੜਕੀ ਵੇਖੀ। ਦੋਵਾਂ ਬੱਚਿਆਂ ਨੇ ਇੱਕ ਦੂਸਰੇ ਨੂੰ ਪਸੰਦ ਕਰ ਲਿਆ। ਰੋਕੇ ਦੇ ਨਾਲ ਹੀ ਅਸੀਂ ਵਿਆਹ ਦੀ ਤਰੀਖ ਵੀ ਪੱਕੀ ਕਰ ਲਈ। ਕਈ ਵਾਰੀ ਫਿਲਮਾਂ ਵਿੱਚ ਕਹਾਣੀ ਰੌਚਕ ਬਣਾਉਣ ਲਈ ਕਈ ਮੌਕਾ ਮੇਲ ਪੈਦਾ ਕੀਤੇ ਹੁੰਦੇ ਹਨ ਜਿਹੜੇ ਕਿ ਬਿਲਕੁਲ ਝੂਠੇ ਜਾਪਦੇ ਹਨ ਪਰ ਕਈ ਵਾਰੀ ਅਸਲ ਜ਼ਿੰਦਗੀ ਵਿੱਚ ਅਜਿਹੇ ਮੌਕਾ ਮੇਲ ਕੁਦਰਤ ਕਰਵਾਉਂਦੀ ਹੈ ਕਿ ਬੰਦਾ ਸੋਚਦਾ ਹੀ ਰਹਿ ਜਾਂਦਾ ਕਿ ਮੈਂ ਸੁਪਨਾ ਵੇਖ ਰਿਹਾ ਹਾਂ ਕਿ ਅਸਲ ਵੇਖ ਰਿਹਾ ਹਾਂ।

ਸਾਡਾ ਵਿਚਾਰ ਸੀ ਕਿ ਵਿਆਹ ਦੀਆਂ ਰਸਮਾਂ ਬਹੁਤ ਹੀ ਘੱਟ ਕੀਤੀਆਂ ਜਾਣ। ਬੇਲੋੜੀਆਂ ਰਸਮਾਂ ਘਟਾ ਕੇ ਵਿਆਹ ਬਹੁਤ ਹੀ ਸਾਦਾ ਕੀਤਾ ਜਾਵੇ। ਸਾਡੇ ਸਮਾਜ ਵਿੱਚ ਇਹ ਪਹਿਲ ਮੁੰਡੇ ਵਾਲੇ ਹੀ ਕਰ ਸਕਦੇ ਹਨ, ਕੁੜੀ ਵਾਲੇ ਤਾਂ ਵਿਚਾਰੇ ਡਰਦੇ ਹੀ ਰਹਿੰਦੇ ਹਨ ਕਿ ਕਿਤੇ ਮੁੰਡੇ ਵਾਲੇ ਨਰਾਜ਼ ਹੀ ਨਾ ਹੋ ਜਾਣ। ਆਮ ਕਰਕੇ ਮੁੰਡੇ ਵਾਲਿਆਂ ਦਾ ਵਿਵਹਾਰ ਇੱਕ ਅਫਸਰ ਵਰਗਾ ਹੁੰਦਾ ਅਤੇ ਕੁੜੀ ਵਾਲੇ ਵਿਚਾਰੇ ਜਿਹੇ ਬਣਕੇ ਇੱਕ ਮਤਹਿਤ ਵਾਂਗ ਜੀ ਜੀ ਕਰਦੇ ਰਹਿੰਦੇ ਹਨ। ਜਦੋਂ ਅਸੀਂ ਆਪਣੀ ਲੜਕੀ ਦਾ ਵਿਆਹ ਕੀਤਾ ਸੀ ਤਾਂ ਸਾਨੂੰ ਮੁੰਡੇ ਵਾਲਿਆਂ ਦੀਆਂ ਕਈ ਬੇਲੋੜੀਆਂ ਸ਼ਰਤਾਂ ਮੰਨਣੀਆਂ ਪਈਆਂ ਸਨ। ਅਸੀਂ ਹੁਣ ਵਿਆਹ ਨੂੰ ਉਹਨਾਂ ਲਈ ਭਾਰ ਨਹੀਂ ਬਣਾਉਣਾ ਚਾਹੁੰਦੇ ਸਾਂ ਪਰ ਇੱਥੇ ਗੱਲ ਉਲਟ ਹੋ ਗਈ। ਕੁੜੀ ਵਾਲੇ ਕਹਿਣ ਲੱਗੇ ਕਿ ਵਿਆਹ ਵਿਆਹ ਤਾਂ ਲੱਗਣਾ ਹੀ ਚਾਹੀਦਾ ਹੈ। ਬਹੁਤ ਜ਼ੋਰ ਦੇ ਕੇ ਅਸੀਂ ਰਸਮਾਂ ਘਟਾਈਆਂ। ਬਰਾਤ ਦੀ ਗਿਣਤੀ ਪੰਜ ਤੋਂ ਇੱਕੀ ’ਤੇ ਪਹੁੰਚ ਗਈ।

ਮੁੰਡੇ ਦੀ ਦਾਦੀ ਤੇ ਨਾਨੀ ਨੂੰ ਵਿਆਹ ਦਾ ਗੋਡੇ ਗੋਡੇ ਚਾਅ ਚੜ੍ਹ ਗਿਆ। ਵਿਆਹ ਤੋਂ ਛੇ ਮਹੀਨੇ ਪਹਿਲਾਂ ਹੀ ਉਹਨਾਂ ਨੇ ਮੁੰਡੇ ਦੇ ਵਿਆਹ ਦੀਆਂ ਘੋੜੀਆਂ ਗਾਉਣੀਆਂ ਸ਼ੁਰੂ ਕਰ ਦਿੱਤੀਆਂ। ਉਮਰ ਜ਼ਿਆਦਾ ਹੋਣ ਕਰਕੇ ਭੁੱਲ ਕੇ ਕਈ ਵਾਰੀ ਸੁਹਾਗ ਗਾਉਣ ਲੱਗ ਪੈਂਦੀਆਂ। ਦੋਵਾਂ ਨੇ ਇੱਕ ਦੂਜੀ ਨੂੰ ਕਹਿਣਾ - ਫਿਟੇ ਮੂੰਹ ਸਾਡਾ, ਅਸੀਂ ਮੁੰਡੇ ਦਾ ਵਿਆਹ ਕਰਨਾ, ਕੁੜੀ ਦਾ ਨਹੀਂ … ਘੋੜੀ ਗਾ ਆੜੀਏ। ਫਿਰ ਉਹ ਘੋੜੀਆਂ ਗਾਉਣ ਲੱਗ ਪੈਂਦੀਆਂ। ਮੂੰਹਾਂ ਵਿੱਚ ਦੰਦ ਨਾ ਹੋਣ ਕਰਕੇ ਕਈ ਵਾਰੀ ਬੋਲਦਿਆਂ ਲਫਜ਼ਾਂ ਦਾ ਹੁਲੀਆ ਬਿਗੜ ਜਾਂਦਾ। ਦੋਵੇਂ ਹੱਸ ਹੱਸ ਕੇ ਦੁਹਰੀਆਂ ਹੁੰਦੀਆਂ ਜਾਂਦੀਆਂ। ਇੰਜ ਲੱਗਦਾ ਜਿਵੇਂ ਬਚਪਨ ਤੋਂ ਹੀ ਇਕੱਠੀਆਂ ਖੇਡਦੀਆਂ ਰਹੀਆਂ ਆਈਆਂ ਹੋਣ। ਅਸੀਂ ਸਾਰੇ ਬੱਚਿਆਂ ਸਮੇਤ ਉਹਨਾਂ ਦੀਆਂ ਖੇਡਾਂ ਵੇਖ ਵੇਖ ਖੁਸ਼ ਹੁੰਦੇ ਰਹਿੰਦੇ। ਮੇਰੀ ਮਾਤਾ, ਜਾਣੀ ਮੁੰਡੇ ਦੀ ਦਾਦੀ ਨੇ ਤਾਂ ਜਦੋਂ ਮੁੰਡਾ ਅਜੇ ਦਸਵੀਂ ਵਿੱਚ ਹੀ ਪੜ੍ਹਦਾ ਸੀ, ਉਦੋਂ ਤੋਂ ਹੀ ਉਸ ਦੇ ਵਿਆਹ ਦੀ ਰਟ ਲਗਾਈ ਹੋਈ ਸੀ। ਵਾਰ ਵਾਰ ਮੈਨੂੰ ਕਹਿਣਾ, ਮੇਰੇ ਹੁੰਦੀ ਹੁੰਦੀ ਵਿਆਹ ਕਰ ਲੈ, ਮੈਂ ਵੀ ਇਸਦੇ ਵਿਆਹ ਦੇ ਗੁਲਗੁਲੇ ਖਾ ਲਵਾਂ। ਸਾਡੀ ਮਾਂ ਨੂੰ ਆਪਣੇ ਪੋਤੇ ਦੀ ਪੜ੍ਹਾਈ, ਰੁਜ਼ਗਾਰ ਜਾਂ ਕੈਰੀਅਰ ਦਾ ਕੋਈ ਫਿਕਰ ਨਹੀਂ ਸੀ, ਬੱਸ ਵਿਆਹ ਦਾ ਹੀ ਫਿਕਰ ਸੀ। ਉਹਨਾਂ ਦੇ ਵੇਲੇ ਪਿੰਡਾਂ ਵਿੱਚ ਰੁਜ਼ਗਾਰ ਨਾਲੋਂ ਵਿਆਹ ਜ਼ਿਆਦਾ ਮਹੱਤਤਾ ਰੱਖਦਾ ਸੀ। ਉਦੋਂ ਕਈ ਵਾਰੀ ਜੇ ਮੁੰਡਾ ਉਮਰੋਂ ਲੰਘ ਜਾਵੇ ਤਾਂ ਛੜਾ ਹੀ ਰਹਿ ਜਾਂਦਾ ਸੀ। ਪਰ ਹੁਣ ਤਾਂ ਪੜ੍ਹਿਆ ਲਿਖਿਆ ਵਰਗ ਪਹਿਲਾਂ ਬੱਚਿਆਂ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰਨਾ ਚਾਹੁੰਦਾ, ਰੁਜ਼ਗਾਰ ਤੇ ਲਗਾਉਣਾ ਚਾਹੁੰਦਾ, ਵਿਆਹ ਤਾਂ ਬੱਚਿਆਂ ਨੇ ਆਪ ਹੀ ਆਪਣੀ ਮਰਜ਼ੀ ਨਾਲ ਕਰਵਾ ਲੈਣਾ ਹੁੰਦਾ ਹੈ।

ਵਿਆਹ ਦੇ ਦਿਨ ਨੇੜੇ ਆਉਂਦੇ ਗਏ। ਸਿਆਣੇ ਕਹਿੰਦੇ ਹਨ ਕਿ ਬੰਨ੍ਹੇ ਹੋਏ ਦਿਨ ਮਿੰਟਾਂ ਵਿੱਚ ਮੁੱਕ ਜਾਂਦੇ ਹਨ। ਕਾਰਡ ਲਿਖਣ ਵੇਲੇ ਦੋਵਾਂ ਨੇ ਰਜ਼ਾਈ ਵਿੱਚ ਮੂੰਹ ਦੇ ਕੇ ਦੱਸੀ ਜਾਣਾ, ਵੇ ਟਾਂਡੇ ਵਾਲਾ ਪਰੁਹਣਾ ਨਾ ਰਹਿ ਜਾਵੇ, ਕਾਕਾ ਕੁੜੀਆਂ ਸਾਰੀਆਂ ਨੂੰ ਕਾਰਡ ਪਹਿਲਾਂ ਭੇਜੀ। ਉਂਝ ਹੁਣ ਉਹ ਦੋਵੇਂ ਪਹਿਲਾਂ ਨਾਲੋਂ ਕਮਜ਼ੋਰ ਹੁੰਦੀਆਂ ਜਾਂਦੀਆਂ ਸਨ। ਵਿਆਹ ਤੋਂ ਦੋ ਦਿਨ ਪਹਿਲਾਂ ਹੀ ਪਰਾਹੁਣੇ ਆਉਣੇ ਸ਼ੁਰੂ ਹੋ ਗਏ। ਸਾਰਾ ਘਰ ਭਰ ਗਿਆ।

ਵਿਆਹ ਤੋਂ ਇੱਕ ਦਿਨ ਪਹਿਲਾਂ ਮੈਂ ਅਤੇ ਮੇਰੀ ਪਤਨੀ ਨੇ ਦੋਵਾਂ ਮਾਈਆਂ ਨੂੰ ਸਵੇਰੇ ਹਨੇਰੇ ਹੀ ਗਰਮ ਪਾਣੀ ਕਰਕੇ ਨੁਹਾ ਕੇ ਸੁਹਣੇ ਕੱਪੜੇ ਪਵਾ ਦਿੱਤੇ। ਸਵੇਰੇ ਸੁਖਮਣੀ ਸਾਹਿਬ ਦਾ ਪਾਠ ਕਰਵਾਇਆ। ਉਪਰੰਤ ਇੱਕ ਵਜੇ ਤਕ ਗੁਰਬਾਣੀ ਦਾ ਰਸਭਿੰਨਾ ਕੀਰਤਨ ਚਲਦਾ ਰਿਹਾ। ਦੋਵੇਂ ਬੀਬੀਆਂ ਆਪਣੇ ਕਮਰੇ ਵਿੱਚ ਬਿਸਤਰੇ ਉੱਤੇ ਬੈਠੀਆਂ ਸੁਣਦੀਆਂ ਰਹੀਆਂ। ਬਾਬਾ ਜੀ ਦੀ ਬੀੜ ਸਾਹਿਬ ਗੁਰਦੁਆਰੇ ਜਾਣ ਉਪਰੰਤ ਪਹਿਲਾਂ ਪਾਠੀ ਸਿੰਘਾ ਨੇ ਲੰਗਰ ਛਕਿਆ। ਬਾਅਦ ਵਿੱਚ ਸਾਰੀਆਂ ਸੰਗਤਾਂ ਲੰਗਰ ਛਕਣ ਲਗੀਆਂ।

ਗੁਰਦੁਆਰਾ ਸਾਹਿਬ ਦਾ ਕੁਝ ਸਮਾਨ ਘਰ ਰਹਿ ਗਿਆ ਸੀ। ਮੈਂ ਤੇ ਇੱਕ ਹੋਰ ਬੰਦਾ ਸਮਾਨ ਗੱਡੀ ਵਿੱਚ ਰੱਖ ਕੇ ਗੁਰਦੁਆਰਾ ਸਾਹਿਬ ਛੱਡਣ ਚਲੇ ਗਏ। ਤਕਰੀਬਨ ਇੱਕ ਘੰਟੇ ਬਾਅਦ ਜਦੋਂ ਅਸੀਂ ਵਾਪਸ ਆਏ ਤਾਂ ਗੇਟ ਵਿੱਚ ਖੜ੍ਹੇ ਸਾਰੇ ਬੰਦੇ ਮੇਰੇ ਵਲ ਸਭ ਤਰਸ ਭਾਵ ਨਾਲ ਵੇਖ ਰਹੇ ਸਨ । ਸਭ ਮੂੰਹ ਨਾਲ ਮੂੰਹ ਜੋੜ ਕੇ ਗੱਲਾਂ ਕਰ ਰਹੇ ਸਨ। ਮੈਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ। ਜਦੋਂ ਮੈਂ ਘਰ ਦੇ ਅੰਦਰ ਦਾਖਲ ਹੋਇਆ ਤਾਂ ਮੇਰੀ ਪਤਨੀ ਇੱਕ ਕਮਰੇ ਵਿੱਚ ਬੈਠੀ ਰੋ ਰਹੀ ਸੀ। ਮੈਂ ਪੁੱਛਿਆ, ਕੀ ਹੋਇਆ?। ਉਹ ਭੁੱਬਾਂ ਮਾਰ ਕੇ ਰੋਣ ਗਈ। ਕਹਿੰਦੀ, ਮੇਰੀ ਮਾਂ ਤੁਰ ਗਈ। … … ਉਸ ਨੂੰ ਇੱਕ ਦਾ ਹੀ ਪਤਾ ਲੱਗਾ ਸੀ। ਮੈਂ ਦੇਖਿਆ, ਦੂਸਰੀ ਚੁੱਪ ਕਰਕੇ ਪਈ। ਜਦੋਂ ਮੈਂ ਦੂਸਰੀ ਦੇ ਮੂੰਹ ਤੋਂ ਪੱਲਾ ਚੁੱਕਿਆ, ਉਹਦੀ ਧੜਕਣ ਵੀ ਬੰਦ ਸੀ। ਦਸ ਕੁ ਮਿੰਟ ਦੇ ਫਰਕ ਨਾਲ ਦੋਵੇਂ ਸਰੀਰ ਛੱਡ ਗਈਆਂ। ਨਾਨਕੇ ਤੇ ਦਾਦਕੇ ਦੋਵੇਂ ਧਾਹਾਂ ਮਾਰ ਕੇ ਰੋਣ ਲੱਗ ਪਏ।

ਪਲਾਂ ਵਿੱਚ ਹੀ ਖੁਸ਼ੀਆਂ ਮਨਾਉਂਦਾ ਘਰ ਮਾਤਮ ਵਿੱਚ ਬਦਲ ਗਿਆ। ਕੁਝ ਸਮੇਂ ਲਈ ਤਾਂ ਅਸੀਂ ਭੁੱਲ ਹੀ ਗਏ ਕਿ ਸਾਡੇ ਘਰ ਵਿਆਹ ਵੀ ਹੈ। ਆਂਢ ਗੁਆਂਢ ਸਭ ਸਾਨੂੰ ਦਿਲਾਸੇ ਦੇ ਕੇ ਚੁੱਪ ਕਰਾਉਣ ਲੱਗੇ। ਜਿਹੜੇ ਲੋਕ ਸਾਨੂੰ ਵਧਾਈਆਂ ਦੇਣ ਆਏ ਸਨ, ਉਹ ਸਾਡੇ ਕੋਲ ਬੈਠ ਕੇ ਸਾਡੀਆਂ ਮਾਵਾਂ ਦਾ ਅਫਸੋਸ ਕਰਨ ਲੱਗੇ। ਕਾਫੀ ਦੇਰ ਰੋਣ ਪਿੱਟਣ ਤੋਂ ਬਾਅਦ ਜਦੋਂ ਅਸੀਂ ਕੁਝ ਸੰਭਲੇ ਤਾਂ ਸਿਆਣੇ ਬੰਦਿਆਂ ਨੇ ਸਾਨੂੰ ਯਾਦ ਕਰਵਾਇਆ, “ਭਾਈ ਉੱਠੋ ਸਵੇਰੇ ਬਰਾਤ ਵੀ ਲੈ ਕੇ ਜਾਣਾ … … ਇਹਨਾਂ ਨੂੰ ਰੱਖੋ ਹਸਪਤਾਲ ਵਿੱਚ ਤੇ ਸਵੇਰ ਲਈ ਤਿਆਰੀ ਕਰੋ। ਆਪਾਂ ਨਾਲ ਤਾਂ ਭਾਣਾ ਵਰਤ ਗਿਆ ਪਰ ਆਪਾਂ ਅਗਲਿਆ ਨੂੰ ਤਾਂ ਹਰਾਸ ਨਹੀਂ ਕਰ ਸਕਦੇ।”

ਪਤਾ ਨਹੀਂ ਕਿਵੇਂ ਅਸੀਂ ਦਿਲਾਂ ’ਤੇ ਪਹਾੜ ਰੱਖ ਕੇ ਹੌਸਲਾ ਕੀਤਾ। ਦੋਵਾਂ ਮਾਈਆਂ ਨੂੰ ਮੁਰਚਰੀ ਰੱਖ ਕੇ ਆਏ ਤੇ ਰੋਂਦੇ ਰੋਂਦੇ ਸਵੇਰ ਦੀ ਤਿਆਰੀ ਕਰਨ ਲੱਗ ਪਏ।

ਸਵੇਰੇ ਅਸੀਂ ਗਿਣਤੀ ਦੇ ਬੰਦੇ ਬਰਾਤ ਲੈ ਕੇ ਗਏ।

ਉੱਧਰ ਮਿਲਣੀ ਹੋ ਰਹੀ ਸੀ ਪਰ ਸਾਨੂੰ ਫਰੀਜ਼ਰ ਵਿੱਚ ਰੱਖੀਆਂ ਸਾਡੀਆਂ ਮਾਂਵਾਂ ਦਿਸ ਰਹੀਆਂ ਸਨ।

*****

 ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4490)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਰਵਿੰਦਰ ਚੋਟ

ਰਵਿੰਦਰ ਚੋਟ

Phagwara, Punjab, India.
Phone: (91 - 98726 - 73703)
Email: (chotravinder@gmail.com)

More articles from this author