“ਸਾਡੇ ਦੇਸ਼ ਵਿੱਚ ਮਾਂ-ਪਿਓ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮਨੋ-ਮਨੀ ਇਹ ਫੈਸਲਾ ਕਰ ਲੈਂਦੇ ਹਨ ਕਿ ...”
(4 ਸਤੰਬਰ 2023)
ਹਰ ਰੋਜ਼ ਅਖਬਾਰਾਂ ਦੇ ਪੰਨੇ ਖੁਦਕੁਸ਼ੀਆਂ ਦੇ ਖੂਨ ਨਾਲ ਲਾਲ ਹੋਏ ਹੁੰਦੇ ਹਨ। ਸਵੇਰੇ ਹੀ ਮਨ ਦੁੱਖ ਅਤੇ ਸੋਗ ਨਾਲ ਭਰ ਜਾਂਦਾ ਹੈ। ਪੁਰਾਣੇ ਸਮੇਂ ਬਜ਼ੁਰਗਾਂ ਤੋਂ ਸੁਣਦੇ ਸਾਂ ਕਿ ਫਲਾਣੇ ਕਾਤਲ ਨੂੰ ਫਾਹੇ ਲਾਇਆ ਗਿਆ ਸੀ ਪਰ ਦੋਸ਼ੀ ਵੱਲੋਂ ਫਾਹਾ ਆਪ ਲੈਣਾ ਜਾਂ ਖੁਦਕੁਸ਼ੀ ਕਰ ਲੈਣਾ ਅਜੋਕੇ ਸਮੇਂ ਦਾ ਖਤਰਨਾਕ ਰੁਝਾਨ ਬਣ ਗਿਆ ਹੈ। ਕਾਰਨ ਭਾਵੇਂ ਕੋਈ ਹੋਵੇ ਪਰ ਆਪਣਾ ਆਪ ਹੀ ਜੱਜ ਬਣ ਕੇ, ਆਪ ਹੀ ਫੈਸਲਾ ਕਰਕੇ, ਆਪਣੇ ਆਪ ਨੂੰ ਸਜ਼ਾ ਦੇ ਦੇਣਾ ਜਾਂ ਆਪਣੀ ਜਾਨ ਗਵਾ ਲੈਣਾ ਕਾਨੂੰਨ ਅਤੇ ਸਮਾਜਿਕ ਪ੍ਰਸਥਿਤੀਆਂ ਉੱਤੇ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ। ਖੁਦਕੁਸ਼ੀ ਗੈਰ-ਕੁਦਰਤੀ ਮੌਤ ਹੁੰਦੀ ਹੈ। ਇਸ ਵਿੱਚ ਇਹ ਵੀ ਮੰਨਿਆ ਜਾਂਦਾ ਹੈ ਕਿ ਖੁਦਕੁਸ਼ੀ ਦਾ ਕੋਈ ਖਾਸ ਕਾਰਨ ਬਣਿਆ ਹੋਵੇ ਅਤੇ ਮਰਨ ਵਾਲੇ ਦੇ ਮਨ ਵਿੱਚ ਮਰਨ ਦੀ ਇੱਛਾ ਪੈਦਾ ਹੋ ਗਈ ਹੋਵੇ ਭਾਵੇਂ ਉਹ ਕਿਸੇ ਵੀ ਕਾਰਨ ਜਾਂ ਮਾਨਸਿਕ ਬੀਮਾਰੀ ਕਾਰਨ ਹੋਈ ਹੋਵੇ ਤਾਂ ਹੀ ਇਸ ਮੌਤ ਨੂੰ ਖੁਦਕੁਸ਼ੀ ਮੰਨਿਆ ਜਾਂਦਾ ਹੈ। ਮੌਤ ਬਾਰੇ ਲਿਖੇ ਨੋਟ ਨੂੰ ਵੀ ਕੇਸ ਲਈ ਮਹੱਤਤਾ ਦਿੱਤੀ ਜਾਂਦੀ ਹੈ। ਜੇਕਰ ਇਸ ਸਵਾਲ ਦੇ ਸੰਦਰਭ ਵਿੱਚ ਆਮ ਆਦਮੀ, ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਵਿਦਿਆਰਥੀਆਂ ਵੱਲੋਂ ਹੋ ਰਹੀਆਂ ਖੁਦਕੁਸ਼ੀਆਂ ਦੇ ਅਸਲ ਨੂੰ ਸਮਝਕੇ ਇਹਨਾਂ ਦੇ ਹੱਲ ਵਲ ਤੁਰਿਆ ਜਾਵੇ ਤਾਂ ਸ਼ਾਇਦ ਇਸ ਖਤਰਨਾਕ ਲੜੀ ਦਾ ਕੋਈ ਤੰਦ ਫੜਿਆ ਜਾ ਸਕੇ। ਅੱਜਕਲ ਕਈ ਕਾਲਜਾਂ, ਯੂਨੀਵਰਸਿਟੀਆਂ ਅਤੇ ਵਿੱਦਿਅਕ ਅਦਾਰਿਆਂ ਵਿੱਚ ਵਿਦਿਆਰਥੀਆਂ ਵੱਲੋਂ ਵੀ ਹੋਈਆਂ ਖੁਦਕੁਸ਼ੀਆਂ ਨੇ ਆਮ ਲੋਕਾਂ ਅਤੇ ਚਿੰਤਕਾਂ ਦਾ ਧਿਆਨ ਖਿੱਚਿਆ ਹੈ।
ਨੈਸ਼ਨਲ ਕਰਾਈਮ ਰਿਕਾਰਡ ਬਿਊਰੋ ਦੀ 2021 ਦੀ ਰਿਪੋਰਟ ਮੁਤਾਬਕ ਸਾਰੇ ਦੇਸ਼ ਵਿੱਚ ਲਗਭਗ 164033 ਆਤਮ ਹੱਤਿਆਵਾਂ ਹੋਈਆਂ ਜਿਹਨਾਂ ਵਿੱਚੋਂ 30446 (18.6%) ਲੋਕਾਂ ਨੇ ਕਿਸੇ ਗੰਭੀਰ ਬੀਮਾਰੀ ਦੇ ਦੁੱਖ ਨੂੰ ਸਹਿਨ ਨਾ ਸਕਣ ਕਾਰਨ ਕੀਤੀਆਂ। ਪੰਜਾਬ ਵਿੱਚ ਵੀ ਇਹ ਰੁਝਾਨ ਵੇਖਣ ਨੂੰ ਮਿਲਿਆ ਹੈ। ਪੰਜਾਬ ਵਿੱਚ 2021 ਵਿੱਚ ਲਗਭਗ 2600 ਖੁਦਕੁਸ਼ੀਆਂ ਹੋਈਆਂ ਜਿਹਨਾਂ ਵਿੱਚੋਂ 1164 ਖੁਦਕੁਸ਼ੀ ਦੇ ਕੇਸ ਕਿਸੇ ਗੰਭੀਰ ਮਾਨਸਿਕ ਅਤੇ ਸਰੀਰਕ ਬਿਮਾਰੀਆਂ ਕਾਰਨ ਹੋਏ, ਜਿਹੜੇ ਕਿ ਕੌਮੀ ਰਿਕਾਰਡ ਨਾਲੋਂ ਢਾਈ ਗੁਣਾ ਵੱਧ ਹਨ। ਇਹਨਾਂ ਖੁਦਕੁਸ਼ੀਆਂ ਦਾ ਮੁੱਢ ਸੱਤਰਵਿਆਂ ਵਿੱਚ ਹਰੀ ਕਰਾਂਤੀ ਨੇ ਬੰਨ੍ਹ ਦਿੱਤਾ ਸੀ। ਪੰਜਾਬ ਅੰਨਾਜ ਅਤੇ ਖਾਧ ਪਦਾਰਥਾਂ ਦੀ ਟੋਕਰੀ ਤਾਂ ਪਹਿਲਾਂ ਹੀ ਸੀ ਪਰ ਇਸ ਨੂੰ ਸਾਰੇ ਦੇਸ਼ ਦੀ ਭੁੱਖ ਮਿਟਾਉਣ ਲਈ, ਖਾਧ ਪਦਾਰਥਾਂ ਦਾ ਵੱਡਾ ਟੋਕਰਾ ਬਣਾਉਣ ਲਈ ਬੀਮਾਰ ਅਤੇ ਅਪਾਹਜ ਬਣਾ ਦਿੱਤਾ ਗਿਆ। ਗੰਭੀਰ ਬੀਮਾਰੀਆਂ ਪੰਜਾਬ ਲਈ ਲੋੜ ਤੋਂ ਵੱਧ ਵਰਤੀਆਂ ਗਈਆਂ ਰਸਾਇਣਕ ਖਾਦਾਂ, ਕੀਟਨਾਸ਼ਕ ਤੇ ਉੱਲੀ ਨਾਸ਼ਕ ਆਦਿ ਹੀ ਲੈ ਕੇ ਆਏ। ਦੂਸਰੇ ਪਾਸੇ ਉਦਯੋਗਾਂ ਦੇ ਰਸਾਇਣ ਭਰਪੂਰ ਪਾਣੀ ਨੇ ਨਦੀਆਂ ਅਤੇ ਦਰਿਆਵਾਂ ਦੇ ਪਾਣੀ ਨੂੰ ਵੀ ਦੂਸ਼ਿਤ ਕਰ ਦਿੱਤਾ। ਕੈਂਸਰ, ਹੱਡੀਆਂ ਅਤੇ ਚਮੜੀ ਦੇ ਅਨੇਕਾਂ ਰੋਗਾਂ ਨੇ ਬਹੁਤ ਸਾਰੇ ਪੰਜਾਬੀਆਂ ਦੀਆਂ ਜਾਨਾਂ ਲਈਆਂ। ਇਹਨਾਂ ਬੀਮਾਰੀਆਂ ਤੋਂ ਡਰ ਕੇ ਵੀ ਬਹੁਤ ਲੋਕ ਖੁਦਕੁਸ਼ੀਆਂ ਕਰਦੇ ਰਹੇ। ਇਸ ਹਰੀ ਕਰਾਂਤੀ ਨੇ ਮਜ਼ਦੂਰਾਂ ਅਤੇ ਕਿਸਾਨਾਂ ਲਈ ਹੁਣ ਕਾਲੀ ਕਰਾਂਤੀ ਬਣਕੇ ਹਨੇਰ ਪਾ ਦਿੱਤਾ ਹੈ। ਪੰਜਾਬ ਦੀ ਜ਼ਮੀਨ ਵੀ ਨਸ਼ੇ ’ਤੇ ਲੱਗ ਗਈ ਤੇ ਜਵਾਨੀ ਵੀ ਨਸ਼ੇ ਦੇ ਦਰਿਆ ਵਿੱਚ ਹੜ੍ਹ ਗਈ ਹੈ, ਜਿਸ ਨਾਲ ਕਿਸਾਨਾਂ ਅਤੇ ਮਜ਼ਦੂਰਾਂ ਸਿਰ ਕਰਜ਼ਾ ਤਕਰੀਬਨ 40% ਹੋਰ ਵਧ ਗਿਆ ਹੈ, ਜਿਹੜਾ ਕਿ ਹੁਣ ਖੁਦਕੁਸ਼ੀਆਂ ਦਾ ਇੱਕ ਵੱਡਾ ਕਾਰਨ ਬਣ ਰਿਹਾ ਹੈ। ਭਾਵੇਂ ਕਿ ਕਰਜ਼ੇ ਕਿਸੇ ਆਮਦਨ ਦੇ ਸਾਧਨ ਵਧਾਉਣ ਲਈ ਲਏ ਜਾਂਦੇ ਹਨ ਪਰ ਇਹਨਾਂ ਦੀ ਦੁਰਵਰਤੋਂ ਵੀ ਖੁਦਕੁਸ਼ੀਆਂ ਲਈ ਵਿੱਚ ਵੱਡਾ ਰੋਲ ਅਦਾ ਕਰ ਰਹੀ ਹੈ।
ਇਹ ਵੀ ਵੇਖਿਆ ਗਿਆ ਕਿ ਸਾਰੀ ਦੁਨੀਆਂ ਵਿੱਚ ਔਰਤਾਂ ਵੱਲੋਂ ਹੋ ਰਹੀਆਂ ਖੁਦਕੁਸ਼ੀਆਂ ਦਾ 40% ਸਿਰਫ ਸਾਡੇ ਦਿਸ਼ ਵਿੱਚ ਹੋ ਰਹੀਆਂ ਹਨ। ਇੱਕ ਅੰਦਾਜ਼ੇ ਮੁਤਾਬਕ ਔਰਤਾਂ ਵੱਲੋਂ 23178 ਖੁਦਕੁਸ਼ੀਆਂ ਹੋਈਆਂ ਜਿਹਨਾਂ ਵਿੱਚ ਬਹੁਤੀਆਂ ਆਮ ਘਰੇਲੂ ਔਰਤਾਂ ਸਨ। ਘਰੇਲੂ ਕਲੇਸ਼ ਅਤੇ ਘਰੇਲੂ ਕੁਟ-ਮਾਰ ਦੇ ਕਾਰਨ ਬਹੁਤੀਆਂ ਔਰਤਾਂ ਨੇ ਖੁਦਕੁਸ਼ੀਆਂ ਕੀਤੀਆਂ। ਕੰਮ-ਕਾਜ਼ੀ ਔਰਤਾਂ ਦੇ ਵੀ ਕੇਸ ਹੋਏ ਹੋ ਸਕਦੇ ਹਨ ਪਰ ਬਹੁਤੇ ਘਰੇਲੂ ਔਰਤਾਂ, ਜਿਹੜੀਆਂ ਕਿ ਘਰ ਦੀ ਚਾਰ ਦੀਵਾਰੀ ਵਿੱਚ ਬੰਦ ਰਹਿੰਦੀਆਂ ਹਨ ਤੇ ਉਹ ਆਪਣੇ ਦੁੱਖਾਂ-ਕਲੇਸ਼ਾਂ ਨੂੰ ਕਿਸੇ ਨਾਲ ਸਾਂਝਾ ਨਹੀਂ ਕਰ ਪਾਉਂਦੀਆਂ, ਉਹਨਾਂ ਵਿੱਚ ਇਹ ਰੁਝਾਨ ਵੱਧ ਵੇਖਿਆ ਗਿਆ। ਮਾਨਸਿਕ ਬੀਮਾਰੀਆਂ ਵੀ ਉਹਨਾਂ ਨੂੰ ਹੀ ਜ਼ਿਆਦਾ ਘੇਰਦੀਆਂ ਹਨ ਜੋ ਕਿ ਖੁਦਕੁਸ਼ੀ ਦਾ ਕਾਰਨ ਬਣਦੀਆਂ ਹਨ।
ਭਾਵੇਂ ਕਿਸੇ ਵਿਅਕਤੀ ਦੇ ਆਰਥਿਕ, ਸਮਾਜਿਕ ਅਤੇ ਘਰੇਲੂ ਹਾਲਾਤ ਖੁਦਕੁਸ਼ੀ ਦਾ ਕਾਰਨ ਬਣੇ ਹੋਣ ਪਰ ਇਹਨਾਂ ਸਭ ਹਾਲਾਤ ਵਿੱਚ ਮਨੋਵਿਗਿਆਨਕ ਕਾਰਨ ਵੀ ਨਾਲ ਨਾਲ ਚਲਦੇ ਹਨ। ਕਈ ਵਾਰੀ ਤਾਂ ਖੁਦਕੁਸ਼ੀ ਦਾ ਕਾਰਨ ਨਿਰੋਲ ਮਨੋਵਿਗਿਆਨਕ ਹੀ ਹੁੰਦਾ ਹੈ।। ਪਿਛਲੇ ਸਮੇਂ ਵਿੱਚ ਜਦੋਂ ਜ਼ਿੰਦਗੀ ਸਿੱਧੀ ਸਾਦੀ ਸੀ, ਘੱਟ ਕਮਾਈ ਸੀ, ਘੱਟ ਹੀ ਖਰਚ ਸੀ ਪਰ ਮਨ ਉੱਤੇ ਬੋਝ ਵੀ ਬਹੁਤ ਘੱਟ ਹੁੰਦਾ ਸੀ। ਖੁਦਕੁਸ਼ੀਆਂ ਵੀ ਨਾ ਮਾਤਰ ਹੀ ਹੁੰਦੀਆਂ ਸਨ। ਹੁਣ ਜ਼ਿੰਦਗੀ ਵਿੱਚ ਮਾਨਸਿਕ ਉਦਾਸੀ ਬਹੁਤ ਵਧ ਗਈ ਹੈ। ਮਾਨਸਿਕ ਤੌਰ ’ਤੇ ਲੋਕ ਪਹਿਲਾਂ ਨਾਲੋਂ ਬਹੁਤ ਕਮਜ਼ੋਰ ਹੋ ਗਏ ਹਨ। ਪੰਜਾਬ ਦੇ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪਿਛਲੇ ਕੁਝ ਸਮੇਂ ਵਿੱਚ ਹੀ ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਕੀਤੀਆਂ ਗਈਆਂ ਖੁਦਕੁਸ਼ੀਆਂ ਇਹਨਾਂ ਦੇ ਕਾਰਨਾਂ ਬਾਰੇ ਸੋਚਣ ’ਤੇ ਮਜਬੂਰ ਕਰਦੀਆਂ ਹਨ।
ਨੈਸ਼ਨਲ ਕਰਾਈਮ ਰਿਕਾਰਡਜ਼ ਬਿਉਰੋ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਸਾਡੇ ਦੇਸ਼ ਵਿੱਚ ਇੱਕ ਘੰਟੇ ਵਿੱਚ ਇੱਕ ਵਿਦਿਆਰਥੀ ਖੁਦਕੁਸ਼ੀ ਕਰਦਾ ਹੈ ਅਤੇ ਹਰ ਰੋਜ਼ ਤਕਰੀਬਨ 28 ਵਿਦਿਆਰਥੀ ਖੁਦਕੁਸ਼ੀ ਕਰਦੇ ਹਨ। ਸੰਨ 2020 ਵਿੱਚ ਤਕਰੀਬਨ 12526 ਵਿਦਿਆਰਥੀਆਂ ਵੱਲੋਂ ਖੁਦਕੁਸ਼ੀ ਕੀਤੀ ਗਈ ਅਤੇ ਇਹ ਗਿਣਤੀ 2021 ਵਿੱਚ ਵਧਕੇ 13098 ਹੋ ਗਈ। ਸਭ ਤੋਂ ਵੱਧ ਦੁਰਘਟਨਾਵਾਂ ਮਹਾਰਾਸ਼ਟਰ ਵਿੱਚ ਵਾਪਰੀਆਂ। ਇਸ ਤੋਂ ਅੱਗੇ ਮੱਧ ਪ੍ਰਦੇਸ਼, ਤਾਮਿਲਨਾਡੂ ਆਦਿ ਬਾਕੀ ਸੂਬਿਆਂ ਦਾ ਨੰਬਰ ਆਉਂਦਾ ਹੈ। ਪੰਜਾਬ ਵਿੱਚ ਵੀ ਕਈ ਦੁਖਦਾਈ ਘਟਨਾਵਾਂ ਵਾਪਰੀਆਂ ਹਨ। ਹੁਣ ਇਹ ਬੜਾ ਗੰਭੀਰ ਮਸਲਾ ਬਣਦਾ ਜਾ ਰਿਹਾ ਹੈ ਕਿ ਵਿਦਿਆਰਥੀ ਇਸ ਪਾਸੇ ਕਿਉਂ ਜਾਂਦੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣਾ ਭਵਿੱਖ ਹਨੇਰਾ ਨਜ਼ਰ ਆਉਂਦਾ ਹੈ ਕਿਉਂਕਿ ਸਰਕਾਰਾਂ ਰੁਜ਼ਗਾਰ ਦੇ ਲੋੜੀਂਦੇ ਸਾਧਨ ਪੈਦਾ ਨਹੀਂ ਕਰ ਸਕੀਆਂ।
ਜੇਕਰ ਮਨੋਵਿਗਿਆਨੀਆਂ ਦੀ ਸੁਣੀਏ ਤਾਂ ਉਹ ਦੱਸਦੇ ਹਨ ਕਿ ਸਾਡੇ ਦੇਸ਼ ਵਿੱਚ ਮਾਂ-ਪਿਓ ਬੱਚੇ ਦੇ ਜਨਮ ਤੋਂ ਪਹਿਲਾਂ ਹੀ ਮਨੋ-ਮਨੀ ਇਹ ਫੈਸਲਾ ਕਰ ਲੈਂਦੇ ਹਨ ਕਿ ਅਸੀਂ ਇਸ ਨੂੰ ਡਾਕਟਰ, ਇੰਨਜੀਅਰ, ਜਾਂ ਆਈ.ਏ.ਐੱਸ. ਪੀ.ਸੀ.ਐੱਸ. ਬਣਾਉਣਾ ਹੈ। ਬੱਚੇ ਦਾ ਮਾਨਸਿਕ ਪੱਧਰ, ਉਸਦੀਆਂ ਰੁਚੀਆਂ (Attitude and aptitude) ਦਾ ਅਧਿਐਨ ਕੀਤੇ ਵਗੈਰ ਕੀਤੇ ਗਏ ਫੈਸਲੇ ਉਸ ਨੂੰ ਜ਼ਿੰਦਗੀ ਵਿੱਚ ਅਸਫਲਤਾ ਵਲ ਲੈ ਜਾਂਦੇ ਹਨ ਜਿਸ ਕਾਰਨ ਉਸ ਨੂੰ ਕਈ ਵਾਰੀ ਖੁਦਕੁਸ਼ੀ ਵਰਗੀ ਦੁਖਦਾਈ ਪ੍ਰਸਥਿਤੀ ਵਿੱਚੋਂ ਲੰਘਣਾ ਪੈਦਾ ਹੈ। ਮਾਪੇ ਉਸ ’ਤੇ ਆਪਣੇ ਫੈਸਲੇ ਠੋਸਦੇ ਹਨ। ਦੂਸਰੇ ਪਾਸੇ ਸਾਡੇ ਸਕੂਲਾਂ ਵਿੱਚ ਮਨੋਵਗਿਆਨੀ ਦੀ ਕੋਈ ਪੋਸਟ ਨਹੀਂ ਹੁੰਦੀ ਜਿਹੜਾ ਕਿ ਹਰ ਬੱਚੇ ਦੇ ਮਨ, ਯੋਗਤਾ ਅਤੇ ਰੁਚੀਆਂ ਨੂੰ ਪਛਾਣ ਕੇ ਉਸ ਨੂੰ ਆਪਣਾ ਪ੍ਰੋਫੈਸ਼ਨ ਚੁਣਨ ਵਿੱਚ ਮਦਦ ਕਰ ਸਕੇ। ਮਾਪਿਆਂ ਵੱਲੋਂ ਬੱਚੇ ਨੂੰ ਵਿਖਾਏ ਗਏ ਅਧਾਰਹੀਣ ਸੁਪਨੇ ਪੂਰੇ ਕਰਨ ਦਾ ਮਾਨਸਿਕ ਦਬਾ ਵੀ ਕਿਸੇ ਵਿਦਿਆਰਥੀ ਦੀ ਯੋਗਤਾ ਨੂੰ ਅਸਤ-ਵਿਅਸਤ ਕਰ ਦਿੰਦਾ ਹੈ। ਅੱਜ ਦੀ ਨੌਜਵਾਨ ਪੀੜ੍ਹੀ ਬਹੁਤ ਸੰਵੇਦਨਸ਼ੀਲ ਹੈ, ਉਸ ਨੂੰ ਮਾਪਿਆਂ, ਸਮਾਜ, ਅਧਿਆਪਕਾਂ ਅਤੇ ਸਾਥੀਆਂ ਵੱਲੋਂ ਪਿਆਰ ਅਤੇ ਸਨੇਹ ਭਰਪੂਰ ਵਤੀਰੇ ਦੀ ਲੋੜ ਹੈ। ਸ਼ਾਇਦ ਇਸ ਵਤੀਰੇ ਦੀ ਅਣਹੋਂਦ ਹੀ ਉਸ ਦੇ ਅੰਦਰਲੀ ਮਾਨਵਤਾ ਨੂੰ ਤੋੜ ਰਹੀ ਹੈ। ਇਸੇ ਕਾਰਨ ਵਿਦਿਅਰਥੀਆਂ ਵਿੱਚ ਅਸਹਿਣਸ਼ੀਲਤਾ ਅਤੇ ਆਤਮਵਿਸ਼ਵਾਸ਼ ਦੀ ਘਾਟ ਪੈਦਾ ਹੋ ਰਹੀ ਹੈ। ਜ਼ਿੰਦਗੀ ਵਿੱਚ ਆਈਆਂ ਵਿਰੋਧੀ ਪ੍ਰਸਥਿਤੀਆਂ ਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨ ਅਤੇ ਉਹਨਾਂ ਦਾ ਹੱਲ ਲੱਭਣ ਵਿੱਚ ਆਪਣੇ ਆਪ ਨੂੰ ਅਸਮਰੱਥ ਮਹਿਸੂਸ ਕਰਦੇ ਹਨ। ਪਿਛਲੇ ਸਮੇਂ ਵਿੱਚ ਬਹੁਤ ਸਾਰੀਆਂ ਉਦਾਹਰਣਾਂ ਅਖਬਾਰਾਂ ਵਿੱਚ ਪੜਨ ਨੂੰ ਮਿਲੀਆਂ। ਇੱਕ 19 ਸਾਲ ਦੀ ਲੜਕੀ ਨੇ ਇਸ ਲਈ ਆਤਮ ਹੱਤਿਆ ਕਰ ਲਈ ਕਿਉਂਕਿ ਉਹ ਆਪਣੀ ਤੇ ਮਾਪਿਆਂ ਦੀ ਬਾਹਰ ਜਾਣ ਦੀ ਇੱਛਾ ਪੂਰੀ ਨਹੀਂ ਕਰ ਸਕੀ। ਪੜ੍ਹਾਈ ਦਾ ਦਬਾਅ ਨਾ ਸਹਾਰਦੇ ਹੋਏ ਇੱਕ ਫਿਜ਼ੀਓਥੈਰਾਪਿਸਟ ਵਿਦਿਆਰਥੀ ਨੇ ਆਪਣੀ ਜਾਨ ਗੁਆ ਲਈ। ਇੱਕ ਸਕੂਲ ਪੜ੍ਹਦੀ ਲੜਕੀ ਨੇ ਆਪਣੇ ਅਧਿਆਪਕ ਦੇ ਵਿਵਹਾਰ ਤੋਂ ਤੰਗ ਆ ਕੇ ਆਪਣਾ ਅੰਤ ਕਰ ਲਿਆ। ਇੱਕ 13 ਸਾਲ ਦੇ ਬੱਚੇ ਨੇ ਇਸ ਕਰਕੇ ਜਾਨ ਗੁਆ ਲਈ ਕਿਉਂਕਿ ਉਸਦੀ ਮਾਂ ਨੇ ਉਸ ਨੂੰ ਮੋਬਾਇਲ ਫੋਨ ਨਹੀਂ ਦਿੱਤਾ ਅਤੇ ਇੱਕ ਨੌਜਵਾਨ ਨੇ ਆਪਣੇ ਪ੍ਰੋਫੈਸਰ ਦੇ ਵਤੀਰੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ। ਕਈ ਵਾਰੀ ਇਹ ਵੀ ਨੋਟ ਕੀਤਾ ਗਿਆ ਕਿ ਕਿਸੇ ਵਿਦਿਆਥੀ ਨੇ ਆਪਣੇ ਸਾਥੀਆਂ ਵੱਲੋਂ ਕੀਤੀ ਗਈ ਰੈਗਿੰਗ ਨੂੰ ਨਾ ਸਹਾਰਦੇ ਹੋਏ ਵੀ ਆਤਮ ਹੱਤਿਆ ਵਲ ਕਦਮ ਪੁੱਟ ਲਿਆ।
ਮਨੋਵਿਗਿਆਨੀਆਂ ਨੇ ਨੋਟ ਕੀਤਾ ਹੈ ਕਿ ਜ਼ਿੰਦਗੀ ਵਿੱਚ ਮਾਨਸਿਕ ਕਸ਼ਟ, ਅਖੌਤੀ ਮਾਣ ਮਰਯਾਦਾ, ਜਜ਼ਬਾਤੀ ਅਸਾਵਾਂਪਨ, ਆਪਣੇ ਫੈਸਲੇ ਆਪ ਨਾ ਲੈ ਸਕਣਾ ਆਦਿ ਵਰਤਾਰੇ ਖੁਦਕੁਸ਼ੀ ਦੀ ਰੁਚੀ ਨੂੰ ਵਧਾਉਂਦੇ ਹਨ। ਆਤਮਹੱਤਿਆ ਦਾ ਫੈਸਲਾ ਇੱਕ ਦੋ ਪਲ ਵਿੱਚ ਨਹੀਂ ਹੁੰਦਾ, ਸਗੋਂ ਇਸਦੇ ਪਿੱਛੇ ਮਹੀਨਿਆਂ, ਸਾਲਾਂ ਦੇ ਲੰਬੇ ਅਰਸੇ ਦੌਰਾਨ ਝੱਲੀ ਮਾਨਸਿਕ ਪੀੜਾ ਹੁੰਦੀ ਹੈ, ਜਿਹੜੀ ਕਿ ਉਸ ਸ਼ਖਸ ਨੂੰ ਸਮਾਜ ਤੋਂ, ਮਾਪਿਆਂ ਤੇ ਰਿਸ਼ਤੇਦਾਰਾਂ ਅਤੇ ਦੋਸਤਾਂ ਮਿੱਤਰਾਂ ਤੋਂ ਮਿਲੀ ਹੁੰਦੀ ਹੈ। ਕਈ ਵਾਰੀ ਇਹ ਰੁਚੀ ਸਾਨੂੰ ਸਾਡੇ ਵੱਡੇ ਵਡੇਰਿਆਂ ਤੋਂ ਵੀ ਮਿਲੀ ਹੁੰਦੀ ਹੈ।
ਇਹ ਵੀ ਨੋਟ ਕੀਤਾ ਗਿਆ ਹੈ ਕਿ ਖੁਦਕੁਸ਼ੀ ਕਰਨ ਵਾਲਾ ਸ਼ਖਸ ਖੁਦਕੁਸ਼ੀ ਕਰਨ ਤੋਂ ਪਹਿਲਾਂ ਦੇ ਇੱਕ ਦੋ ਮਹੀਨਿਆਂ ਦੌਰਾਨ ਇਸਦਾ ਖੁਲਾਸਾ ਸਿੱਧੇ ਜਾਂ ਅਸਿੱਧੇ ਢੰਗ ਨਾਲ ਆਪਣੇ ਮਾਪਿਆਂ, ਅਧਿਆਪਕਾਂ ਜਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਕਰਦਾ ਹੈ। ਤਕਰੀਬਨ 50% ਤੋਂ 75% ਲੋਕ ਇਹ ਇਜ਼ਹਾਰ ਜ਼ਰੂਰ ਕਰਦੇ ਹਨ। ਜੇਕਰ ਕੋਈ ਖੁਦਕੁਸ਼ੀ ਬਾਰੇ ਗੱਲ ਕਰਦਾ ਹੈ ਤਾਂ ਇਸ ਨੂੰ ਗੰਭੀਰਤਾ ਨਾਲ ਸੋਚ ਕੇ ਕੋਈ ਸਾਰਥਕ ਕਦਮ ਉਠਾਉਣਾ ਚਾਹੀਦਾ ਹੈ। ਜ਼ਿਆਦਾ ਅਲਕੋਹਲ ਜਾਂ ਕੋਈ ਹੋਰ ਨਸ਼ਾ ਲੈਣ ਵਾਲਿਆਂ ਵਿੱਚ ਇਹ ਵਰਤਾਰਾ ਜ਼ਿਆਦਾ ਵਾਪਰਦਾ ਹੈ ਕਿਉਂਕਿ ਨਸ਼ੇ ਦੀ ਲੋਰ ਵਿੱਚ ਉਹਨਾਂ ਤੋਂ ਆਪਣੇ ਅੰਦਰਲੀ ਗੱਲ ਛੁਪਾਈ ਨਹੀਂ ਜਾਂਦੀ। ਜਿਸ ਮਨੁੱਖ ਵਿੱਚ ਇਹ ਰੁਚੀ ਪੈਦਾ ਹੋ ਜਾਂਦੀ ਹੈ ਤਾਂ ਉਹ ਇਕੱਲਤਾ ਵਿੱਚ ਰਹਿਣਾ ਪਸੰਦ ਕਰਨ ਲੱਗਦਾ ਹੈ। ਉਸ ਦੀ ਨੀਂਦ ਬਹੁਤ ਘਟ ਜਾਂਦੀ ਹੈ ਜਾਂ ਬਹੁਤ ਵਧ ਜਾਂਦੀ ਹੈ। ਉਸ ਦੀ ਭੁੱਖ ਵੀ ਘਟ ਜਾਂਦੀ ਹੈ। ਉਸਦੇ ਹਾਰਮੋਨਜ਼ ਪੈਦਾ ਕਰਨ ਵਾਲੇ ਰਸ ਲੋੜ ਤੋਂ ਵੱਧ ਘੱਟ ਪੈਦਾ ਹੁੰਦੇ ਹਨ ਅਤੇ ਇਹ ਆਸਾਵਾਂਪਨ ਉਸ ਲਈ ਮਨੋ-ਵਿਕਾਰ ਪੈਦਾ ਕਰਦਾ ਹੈ। ਉਸਦੀ ਸੁੱਧ-ਬੁੱਧ ਉਸ ਦੇ ਕੰਟਰੋਲ ਵਿੱਚ ਨਹੀਂ ਰਹਿੰਦੀ। ਉਹ ਘੋਰ ਉਦਾਸੀ (ਡਿਪ੍ਰੈਸ਼ਨ) ਵਲ ਚਲੇ ਜਾਂਦਾ ਹੈ। ਉਸ ਦੇ ਮੂੜ ਵਿੱਚ ਪਲ ਪਲ ਬਾਅਦ ਬਦਲਾਅ ਆਉਂਦੇ ਹਨ। ਉਸ ਦੇ ਚਿਹਰੇ ਦੇ ਹਾਵ-ਭਾਵ ਬਦਲਦੇ ਰਹਿੰਦੇ ਹਨ। ਉਹ ਆਪਣੇ ਆਪ ਨੂੰ ਦੂਸਰਿਆਂ ਉੱਤੇ ਭਾਰ ਮਹਿਸੂਸ ਕਰਨ ਲੱਗਦਾ ਹੈ। ਉਸ ਨੂੰ ਕਿਧਰੇ ਵੀ ਕੋਈ ਆਸ ਦੀ ਕਿਰਨ ਨਹੀਂ ਦਿਸਦੀ ਅਤੇ ਉਹ ਹਰ ਕੰਮ ਵਿੱਚ ਭਾਂਜਵਾਦੀ ਨੀਤੀ ਅਪਣਾਉਣ ਲੱਗਦਾ ਹੈ। ਕਦੀ ਕਦੀ ਉਹ ਬਿਲਕੁਲ ਸ਼ਾਂਤ ਹੋ ਜਾਂਦਾ ਹੈ, ਉਸ ਨੂੰ ਆਪਣੇ ਵੀ ਪਰਾਏ ਲੱਗਣ ਲੱਗ ਪੈਂਦੇ ਹਨ। ਉਸ ਦੇ ਵਿਅਕਤੀਤਵ ਦੇ ਉਲਟ ਉਹ ਕਈ ਵਾਰੀ ਬਹੁਤ ਗੁੱਸੇ ਵਾਲਾ ਵਰਤਾਰਾ ਕਰਦਾ ਹੈ ਅਤੇ ਭੰਨ ਤੋੜ ਵੀ ਕਰਦਾ ਹੈ। ਆਪਣੇ ਆਪ ਨੂੰ ਵੀ ਨੁਕਸਾਨ ਪੁਚਾਉਣ ਦੀ ਕੋਸ਼ਿਸ਼ ਕਰਦਾ ਹੈ।
ਕਈ ਵਾਰੀ ਇਹ ਅਲਾਮਤਾਂ ਆਪਣੀ ਜ਼ਿੰਦਗੀ ਤੋਂ ਤੰਗ ਆਏ ਬਜ਼ੁਰਗਾਂ ਵਿੱਚ ਵੀ ਨੋਟ ਕੀਤੀਆਂ ਜਾਂਦੀਆਂ ਹਨ। ਇਹਨਾਂ ਗੱਲਾਂ ਦਾ ਅੰਦਾਜ਼ਾ ਕਿਸੇ ਵਿਅਕਤੀ ਦੇ ਨੇੜੇ ਰਹਿਣ ਵਾਲੇ ਲੋਕ ਅਸਾਨੀ ਨਾਲ ਲਗਾ ਸਕਦੇ ਹਨ। ਜੇਕਰ ਉਪਰੋਕਤ ਅਲਾਮਤਾਂ ਕਿਸੇ ਵਿਅਕਤੀ ਵਿੱਚ ਮਹਿਸੂਸ ਹੋਣ ਤਾਂ ਉਸ ਨੂੰ ਇਕੱਲਾ ਨਹੀਂ ਛੱਡਣਾ ਚਾਹੀਦਾ। ਉਸ ਦੇ ਕਮਰੇ ਦੀ, ਉਸ ਦੀਆਂ ਚੀਜ਼ਾਂ ਦੀ ਛਾਣਬੀਨ ਕਰ ਲੈਣੀ ਚਾਹੀਦੀ ਹੈ। ਉਸ ਦੇ ਨੇੜੇ ਕੋਈ ਵੀ ਤੇਜ਼ ਧਾਰ ਹਥਿਆਰ ਜਾਂ ਤਿੱਖੀਆਂ ਚੀਜ਼ਾਂ, ਰੱਸੇ, ਲੰਬੇ ਕੱਪੜੇ ਨਹੀਂ ਰਹਿਣ ਦੇਣੇ ਚਾਹੀਦੇ। ਨਸ਼ੇ ਵਾਲੀਆਂ ਡਰੱਗਜ਼ ਜਾਂ ਵਸਤੂਆਂ ਵੀ ਉਸ ਤੋਂ ਦੂਰ ਰੱਖਣੀਆਂ ਚਾਹੀਦੀਆਂ ਹਨ। ਜੇਕਰ ਪਹਿਲਾਂ ਹੀ ਉਸਦੀ ਕਿਸੇ ਮਾਨਸਿਕ ਬੀਮਾਰੀ ਦੀ ਦਵਾਈ ਕਿਸੇ ਡਾਕਟਰ ਜਾਂ ਮਨੋ-ਚਕਿਤਸਿਕ ਕੋਲ ਚੱਲ ਰਹੀ ਹੈ ਤਾਂ ਉਸ ਦੇ ਸਾਰੇ ਹਾਲਾਤ ਬਾਰੇ ਦੱਸ ਕੇ ਉਸ ਤੋਂ ਸਲਾਹ ਲੈਣੀ ਚਾਹੀਦੀ ਹੈ। ਇਸ ਪ੍ਰਭਾਵਤ ਵਿਅਕਤੀ ਨੂੰ ਹਮੇਸ਼ਾ ਖੁਸ਼ ਅਤੇ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਕਿਸੇ ਮਨੋ-ਚਕਿਤਸਿਕ ਜਾਂ ਮਨੋ-ਵਿਗਿਆਨੀ ਕੋਲੋਂ ਵਾਰ ਵਾਰ ਉਸ ਦੀ ਕੌਸਲਿੰਗ ਕਰਵਾਉਣੀ ਬਹੁਤ ਜ਼ਰੂਰੀ ਹੈ। ਇਹਨਾਂ ਗੱਲਾਂ ਦਾ ਧਿਆਨ ਕਰਕੇ ਕਿਸੇ ਵਿਅਕਤੀ ਦੀ ਜ਼ਿੰਦਗੀ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
ਉਂਝ ਤਾਂ ਹਰ ਜਾਨ ਹੀ ਬਹੁਤ ਕੀਮਤੀ ਹੁੰਦੀ ਹੈ, ਇੱਕ ਵੀ ਜਾਨ ਅਜਾਈਂ ਨਹੀਂ ਜਾਣੀ ਚਾਹੀਦੀ ਪਰ ਨੌਜਵਾਨ ਪੀੜ੍ਹੀ, ਜਿਸ ਨੇ ਭਵਿੱਖ ਦੀ ਵਾਗਡੋਰ ਸੰਭਾਲਣੀ ਹੈ, ਵਲ ਦੇਸ਼ ਅਤੇ ਸਮਾਜ ਦੇ ਆਗੂਆਂ ਨੂੰ ਖਾਸ ਧਿਆਨ ਦੇਣ ਦੀ ਲੋੜ ਹੈ। ਉਹਨਾਂ ਦੇ ਉਜਲੇ ਭਵਿੱਖ ਲਈ ਹਰ ਬਣਦਾ ਹੀਲਾ ਕਰਨਾ ਚਾਹੀਦਾ ਹੈ। ਉਹਨਾਂ ਦੇ ਸੁਪਨਿਆਂ ਨੂੰ ਸੁਹਾਵਣੀ ਪਰਵਾਜ਼ ਮਿਲਣੀ ਚਾਹੀਦੀ ਹੈ, ਨਹੀਂ ਤਾਂ ਸਮਾਂ ਸਾਨੂੰ ਕਦੇ ਮੁਆਫ ਨਹੀਂ ਕਰੇਗਾ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4196)
(ਸਰੋਕਾਰ ਨਾਲ ਸੰਪਰਕ ਲਈ: (