RavinderChote7ਉਂਝ ਤਾਂ ਹਰ ਮਨੁੱਖ ਨੂੰ ਵੱਖਰੀ ਵੱਖਰੀ ਤਰ੍ਹਾਂ ਦੇ ਸੁਪਨੇ ਆਉਂਦੇ ਹਨ ਪਰ ਇਹਨਾਂ ਵਿੱਚ ਕੁਝ ਗੱਲਾਂ ਸਾਂਝੀਆਂ ...
(23 ਅਕਤੂਬਰ 2023)

 

ਗੁਰਬਾਣੀ ਵਿੱਚ ਇਸ ਦਿਸਦੇ ਸੰਸਾਰ ਨੂੰ ਵੀ ਇੱਕ ਸੁਪਨਾ ਮੰਨਿਆ ਗਿਆ ਹੈਇਸ ਸੁਪਨਮਈ ਸੰਸਾਰ ਵਿੱਚ ਆਪਣੀ ਜ਼ਿੰਦਗੀ ਵਿੱਚ ਮਨੁੱਖ ਦੋ ਤਰ੍ਹਾਂ ਦੇ ਸੁਪਨੇ ਵੇਖਦਾ ਹੈਪਹਿਲੀ ਤਰ੍ਹਾਂ ਦੇ ਸੁਪਨੇ ਮਨੁੱਖ ਜਾਗਣ ਦੀ ਅਵਸਥਾ ਸਿਰਜਦਾ ਹੈ, ਦੂਸਰੀ ਤਰ੍ਹਾਂ ਦੇ ਸੁਪਨੇ ਸੌਣ ਵੇਲੇ ਵੇਖਦਾ ਹੈਪਹਿਲੀ ਤਰ੍ਹਾਂ ਦੇ ਸੁਪਨੇ ਮਨੁੱਖ ਜ਼ਿੰਦਗੀ ਨੂੰ ਖੂਬਸੂਰਤ ਅਤੇ ਖੁਸ਼ਹਾਲ ਬਣਾਉਣ ਲਈ ਸਿਰਜਦਾ ਹੈਸੰਸਾਰ ਵਿੱਚ ਜਿੰਨੀ ਵੀ ਤਰੱਕੀ ਭੌਤਿਕ ਤੇ ਮਾਨਸਿਕ ਤੌਰ ਤੇ ਹੋਈ ਹੈ ਉਹ ਸਾਰੀ ਇਹਨਾਂ ਸੁਪਨਿਆਂ ਕਾਰਨ ਹੀ ਹੋਈ ਹੈਇਹਨਾਂ ਸੁਪਨਿਆਂ ਕਾਰਨ ਹੀ ਫਰਿਆਦ ਵਰਗੇ ਹੋਰ ਵੀ ਕਈ ਜਿੰਦਗ਼ੀ ਦੇ ਆਸ਼ਕ ਪਹਾੜ ਚੀਰਨ ਵਿੱਚ ਸਫਲ ਹੋਏ। ਪਾਣੀ ਦੇ ਵੱਡੇ ਵਹਾ ਨੂੰ ਬੰਧ ਮਾਰੇ ਗਏ, ਸਮੁੰਦਰ ਉੱਤੇ ਪੁਲ ਉਸਾਰੇ, ਬ੍ਰਿਹਮੰਡ ਵਿੱਚ ਗ੍ਰਹਿ, ਉਪ ਗ੍ਰਹਿ ’ਤੇ ਜਾ ਕੇ ਝੰਡੇ ਗੱਡੇ ਗਏ। ਵਿਗਿਆਨੀਆਂ ਨੇ ਵਿਲੱਖਣ ਕਾਢਾਂ ਕੱਢੀਆਂ। ਕੋਈ ਜਿੰਨੇ ਵੱਡੇ ਸੁਪਨੇ ਸਿਰਜੇਗਾ ਉਹਨਾਂ ਨੂੰ ਸਾਕਾਰ ਕਰਨ ਲਈ ਉਂਨੇ ਵੱਡੇ ਸਾਧਨ ਪੈਦਾ ਕਰਨੇ ਪੈਣਗੇ ਅਤੇ ਵੱਡੀ ਮਿਹਨਤ ਕਰਨੀ ਪਵੇਗੀ, ਤਦ ਹੀ ਵੱਡੇ ਨਤੀਜੇ ਨਿਕਲਣਗੇ ਤੇ ਮਿੱਠੇ ਫਲ ਮਿਲਣਗੇ। ਇਹ ਮਿੱਠੇ ਫਲ ਹੀ ਸਮਾਜ ਵਿੱਚ ਮਨੁੱਖੀ ਜ਼ਿੰਦਗੀ ਨੂੰ ਖੂਬਸੂਰਤੀ ਬਖਸ਼ਦੇ ਹਨ। ਬਚਪਨ ਵਿੱਚ ਸਿਰਜੇ ਖੂਬਸੂਰਤ ਸੁਪਨੇ, ਜਵਾਨੀ ਵਿੱਚ ਕੀਤੀ ਲੋੜੀਂਦੀ ਮਿਹਨਤ ਸਦਕਾ ਸਿਰੇ ਚੜ੍ਹਦੇ ਹਨ ਅਤੇ ਬੁਢਾਪਾ ਇਹਨਾਂ ਸੁਪਨਿਆਂ ਦੇ ਫਲ ਬੈਠ ਕੇ ਖਾਂਦਾ ਹੈ। ਜਿਹੜੇ ਲੋਕ ਆਪਣੇ ਸਿਰਜੇ ਸੁਪਨਿਆਂ ਦੇ ਬਰਾਬਰ ਦੀ ਮਿਹਨਤ ਨਹੀਂ ਕਰਦੇ ਜਾਂ ਆਪਣੀ ਮਿਹਨਤ ਅਤੇ ਯੋਗਤਾ ਤੋਂ ਵੱਡੇ ਸੁਪਨੇ ਕਿਆਸਦੇ ਹਨ, ਉਹ ਨਿਸ਼ਾਨੇ ਤੋਂ ਫੇਲ ਹੋਣ ’ਤੇ ਘੋਰ ਨਿਰਾਸ਼ਾ ਦੇ ਜੰਗਲ ਵਿਚ ਭਟਕਦੇ ਰਹਿੰਦੇ ਹਨਉਹ ਆਪ ਤਾਂ ਭਟਕਣ ਵਿੱਚ ਉਲਝਕੇ ਮਾਨਸਿਕ ਅਤੇ ਸਰੀਰਕ ਰੋਗ ਸਹੇੜਦੇ ਹੀ ਹਨ, ਇਸਦੇ ਨਾਲ ਨਾਲ ਆਪਣੀ ਕੁਲ ਅਤੇ ਸਮਾਜ ਨੂੰ ਵੀ ਕਲੰਕਤ ਕਰਦੇ ਹਨ। ਸੁਪਨੇ ਸਿਰਜਣ ਵੇਲੇ ਮਨੁੱਖ ਨੂੰ ਆਪਣੀ ਲਿਆਕਤ, ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦਾ ਮੁੱਲਅੰਕਣ ਜ਼ਰੂਰ ਕਰ ਲੈਣਾ ਚਾਹੀਦਾ ਹੈ। ਬਚਪਨ ਵਿੱਚ ਬੱਚਿਆਂ ਦੇ ਮੇਚ ਦੇ ਸੁਪਨੇ ਸਿਰਜਣ ਵਿੱਚ ਮਾਪੇ ਅਤੇ ਅਧਿਆਪਕ ਬਹੁਤ ਮਦਦ ਕਰ ਸਕਦੇ ਹਨ, ਜਿਹੜੇ ਕਿ ਬੱਚਿਆਂ ਦੀ ਜਿੰਦਗ਼ੀ ਵਿੱਚ ਉਹਨਾਂ ਦੀ ਕਾਮਯਾਬੀ ਲਈ ਦਾ ਮੀਲ-ਪੱਥਰ ਬਣ ਸਕਦੇ ਹਨ। ਇੱਥੇ ਮਨੋਵਿਗਿਆਨ ਵੀ ਵੱਡਾ ਰੋਲ ਅਦਾ ਕਰ ਸਕਦਾ ਹੈ।

ਦੂਸਰੀ ਤਰ੍ਹਾਂ ਦੇ ਸੁਪਨੇ ਮਨੁੱਖ ਸੌਣ ਦੀ ਅਵਸਥਾ ਵਿੱਚ ਵੇਖਦਾ ਹੈ। ਇੱਕ ਸਰਵੇ ਦਰਸਾਉਂਦਾ ਕਿ 74 ਪ੍ਰਤੀਸ਼ਤ ਭਾਰਤੀ, 65 ਪ੍ਰਤੀਸ਼ਤ ਸਾਊਥ ਕੋਰੀਅਨ ਅਤੇ 56 ਪ੍ਰਤੀਸ਼ਤ ਅਮੈਰਿਕਨ ਵਿਸ਼ਵਾਸ ਕਰਦੇ ਹਨ ਕਿ ਸੁਪਨੇ ਸਾਡੀ ਜ਼ਿੰਦਗੀ ਵਿੱਚ ਵਾਪਰ ਰਹੀਆਂ ਘਟਨਾਵਾਂ ਨੂੰ ਵਿਅਕਤ ਕਰਦੇ ਹਨ। ਇੱਕ ਤੰਦਰੁਸਤ ਵਿਅਕਤੀ ਨੂੰ ਨੀਂਦ 90 ਤੋਂ 120 ਮਿੰਟ ਦੇ ਸਮੇਂ ਵਿੱਚ ਚਾਰ ਸਟੇਜਾਂ ਵਿੱਚ ਆਉਂਦੀ ਹੈ। ਜਦੋਂ ਅਸੀਂ ਸੌਦੇ ਹਾਂ ਤਾਂ ਪਹਿਲੀ ਸਟੇਜ ਵਿੱਚ ਸਾਡੇ ਮਸਲ ਜਾਂ ਮਾਮਪੇਸ਼ੀਆਂ ਸੁਸਤ ਹੁੰਦੀਆਂ ਹਨ ਜਾਂ ਕਹੀਏ ਕਿ ਵਿਸ਼ਰਾਮ ਅਵਸਥਾ ਵਿੱਚ ਆਉਂਦੀਆਂ ਹਨ। ਫਿਰ ਸਰੀਰ ਦਾ ਤਾਪਮਾਨ ਘਟਦਾ ਹੈ, ਦਿਲ ਦੀ ਧੜਕਣ ਦੀ ਸਪੀਡ ਥੋੜ੍ਹੀ ਹਲਕੀ ਪੈਂਦੀ ਹੈ ਅਤੇ ਸਰੀਰ ਗੂੜ੍ਹੀ ਨੀਂਦ ਵਲ ਜਾਣ ਲਈ ਤਿਆਰ ਹੋ ਜਾਂਦਾ ਹੈ। ਇਸ ਤੋਂ ਅੱਗੇ ਦੂਸਰੀ ਸਟੇਜ ਵਿੱਚ ਸਰੀਰ ਨੀਂਦ ਵਿੱਚ ਪਹੁੰਚਕੇ ਇਮਿਊਨ ਸਿਸਟਿਮ ਰਾਹੀਂ ਦਿਨ ਵੇਲੇ ਹੋਈ ਸਰੀਰਕ ਟੁੱਟਭੱਜ ਦੀ ਮੁਰੰਮਤ ਕਰਦਾ ਹੈ। ਐਡੋਂਕਰਾਈਨ ਗ੍ਰੰਥੀ ਆਪਣਾ ਰਸ ਛੱਡਦੀ ਹੈ। ਮਾਸਪੇਸ਼ੀਆਂ ਨੂੰ ਖੂਨ ਦੀ ਪੂਰੀ ਸਪਲਾਈ ਹੁੰਦੀ ਅਤੇ ਅਸੀਂ ਪੂਰੀ ਨੀਂਦ ਵਿੱਚ ਪਹੁੰਚ ਜਾਂਦੇ ਹਾਂ। ਤੀਸਰੀ ਸਟੇਜ ਵਿੱਚ ਸਰੀਰ ਦਾ ਮੈਟਾਬੋਇਲਕ ਸਿਸਟਿਮ ਬਿਲਕੁਲ ਸੁਸਤ ਹੋ ਜਾਂਦਾ ਹੈ, ਨੀਂਦ ਹੋਰ ਗੂੜ੍ਹੀ ਹੋ ਜਾਂਦੀ ਹੈ। ਚੌਥੀ ਸਟੇਜ ਲਗਭਗ 90ਵੇਂ ਮਿੰਟ ਤੋਂ 100ਵੇਂ ਮਿੰਟ ਦੇ ਨੇੜੇ ਤੇੜੇ ਵਾਪਰਦੀ ਹੈ। ਸਰੀਰ ਦਾ ਬਲੱਡ ਪ੍ਰੈੱਸ਼ਰ ਵਧਦਾ ਹੈ, ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ, ਸਾਹ ਦੀ ਕ੍ਰਿਆ ਵੀ ਕੁਝ ਤੇਜ਼ ਹੋ ਜਾਂਦੀ ਹੈ ਅਤੇ ਦਿਮਾਗ ਵੀ ਤੇਜ਼ੀ ਨਾਲ ਕੰਮ ਕਰਨ ਲੱਗਦਾ ਹੈ। ਮਾਸਪੇਸ਼ੀਆਂ ਬਿਲਕੁਲ ਨਿੱਸਲ ਹੋ ਜਾਂਦੀਆਂ ਹਨ, ਇਹ ਹਰਕਤ ਵਿੱਚ ਨਹੀਂ ਰਹਿੰਦੀਆਂ। ਇਸ ਸਟੇਜ ਵਿੱਚ ਸਾਡਾ ਮਨ ਜਜ਼ਬਾਤਾਂ ਨਾਲ ਭਰ ਜਾਂਦਾ ਹੈ। ਸਾਡੇ ਚੇਤਨ ਮਨ ਉੱਤੇ ਅਚੇਤਨ ਮਨ ਭਾਰੂ ਹੋ ਜਾਂਦਾ ਹੈ। ਅਚੇਤਨ ਮਨ ਦਿਮਾਗ਼ ਨੂੰ ਵੀ ਆਪਣੇ ਕੰਟਰੋਲ ਵਿੱਚ ਕਰਕੇ ਸੁਪਨਿਆਂ ਦੇ ਕੌਤਿਕ ਦਿਖਾਉਂਦਾ ਹੈ। ਬਹੁਤੇ ਸੁਪਨੇ ਇਸੇ ਸਟੇਜ ਵਿੱਚ ਆਉਂਦੇ ਹਨ। ਸਾਰੀ ਰਾਤ ਇਹ ਵਰਤਾਰਾ ਚਲਦਾ ਰਹਿੰਦਾ ਹੈ। ਇਸ ਦੌਰਾਨ ਸਾਡੇ ਸਰੀਰ ਵਿੱਚ ਰਸਾਇਣਕ ਬਦਲਾਵ ਆਉਂਦੇ ਰਹਿੰਦੇ ਹਨ। ਸੁਪਨੇ ਦੌਰਾਨ ਕਈ ਵਾਰੀ ਦਿਲ ਦੀ ਧੜਕਣ ਵਧਣ ਨਾਲ ਕਈ ਕਮਜ਼ੋਰ ਦਿਲ ਵਾਲੇ ਜਾਂ ਦਿਲ ਦੇ ਮਰੀਜ਼ ਦਿਲ ਫੇਲ ਹੋਣ ਕਰਕੇ ਜ਼ਿੰਦਗੀ ਤੋਂ ਹੱਥ ਧੋ ਬੈਠਦੇ ਹਨ। ਸੁਪਨੇ ਆਮ ਕਰਕੇ ਪੂਰੇ ਯਾਦ ਨਹੀਂ ਰਹਿੰਦੇ। ਉਂਝ ਤਾਂ ਗੁਰਬਾਣੀ ਵਿੱਚ ਫਰਮਾਇਆ ਗਿਆ ਹੈ:

1) “ਕਹੁ ਨਾਨਕ ਥਿਰ ਕਛੁ ਨਹੀਂ ਸੁਪਨੇ ਜਿਉਂ ਸੰਸਾਰੁ।।”

2) “ਇਹ ਜਗੁ ਹੈ ਸੰਪਤਿ ਸੁਪਨੇ ਕੀ ਦੇਖਿ ਕਹਾ ਐਡਾਨੋ।।”

ਸੁਪਨਿਆਂ ਦਾ ਇਤਿਹਾਸ ਬਹੁਤ ਪਰਚੀਨ ਕਾਲ ਤਕ ਜਾਂਦਾ ਹੈ। ਮੈਸੋਪੋਟੇਮੀਆ ਦੀ ਸਭਿਅਤਾ ਵੇਲੇ ਦੇ ਵੀ ਕੁਝ ਪ੍ਰਮਾਣ ਮਿਲਦੇ ਹਨ। ਉੱਥੋਂ ਦਾ ਰਾਜਾ ਗੁਡਆ ਵੀ ਸੁਪਨਿਆਂ ਵਿੱਚ ਵਿਸ਼ਵਾਸ ਰੱਖਦਾ ਸੀ। ਉਸਨੇ ਗਿਰਸੂ ਦੇਵਤਾ - ਜਿਹੜਾ ਕਿ ਲੋਕਾਂ ਲਈ ਪੂਜਣਯੋਗ ਸੀ - ਦਾ ਮੰਦਰ ਵੀ ਆਪਣੇ ਇੱਕ ਸੁਪਨੇ ਦੇ ਅਧਾਰ ’ਤੇ ਹੀ ਬਣਾਇਆ ਸੀ। ਉਸ ਸਮੇਂ ਦੀ ਮਿਲੀ ਇੱਕ ਕਵਿਤਾ ਵਿੱਚ ਵੀ ਸੁਪਨਿਆਂ ਦਾ ਵਰਣਨ ਮਿਲਦਾ ਹੈ। ਇਸ ਕਵਿਤਾ ਵਿੱਚ ਐਨਾ ਨਾਮ ਦੀ ਦੇਵੀ ਦਾ ਵਰਣਨ ਹੈ, ਜਿਸ ਨੂੰ ਸੁਪਨਿਆਂ ਦੀ ਦੇਵੀ ਸਮਝਿਆ ਜਾਂਦਾ ਸੀ। ਬੇਬੀਲੋਨੀਆਂ ਦੇ ਗਿਲਗਾਮੇਸ ਵੱਲੋਂ ਆਪਣੇ ਇੱਕ ਸੁਪਨੇ ਦੀ ਆਪ ਹੀ ਵਿਆਖਿਆ ਵੀ ਕੀਤੀ ਮਿਲਦੀ ਹੈ। ਇਯਪਟ ਅਤੇ ਯੁਨਾਨ ਦੇ ਪੁਰਾਣੇ ਸਮੇਂ ਵਿੱਚ ਸੁਪਨਿਆਂ ਦਾ ਅਧਾਰ ਗੈਰ ਕੁਦਰਤੀ ਸ਼ਕਤੀਆਂ ਅਤੇ ਧਾਰਮਿਕ ਦੇਵੀ-ਦੇਵਤਿਆਂ ਨਾਲ ਜੋੜਿਆ ਜਾਂਦਾ ਸੀ। ਯੁਨਾਨ ਵਿੱਚ ਪਹਿਲਾਂ ਹਾਈਡਰੋਫਕਸ ਨੇ ਸੁਪਨਿਆਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਮੱਧ ਇਸਲਾਮਿਕ ਮਨੋਵਿਗਿਆਨ ਵਿੱਚ ਵੀ ਮੁਸਲਿਮ ਵਿਦਿਵਾਨ ਇਵਨ ਸਰੀਨ ਨੇ ਆਪਣੀ ਪੁਸਤਕ ‘ਤਾਵੀਰ-ਅਲ-ਰੁਆਈਆਂ’ ਵਿੱਚ ਵੀ ਸੁਪਨਿਆਂ ਦਾ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਵਿੱਤਰ ਕੁਰਾਨ ਦੀਆਂ ਆਇਤਾਂ ਦੇ ਸੰਦਰਵ ਵਿੱਚ ਵੀ ਵਿਆਖਿਆ ਕੀਤੀ ਗਈ ਹੈ। ਅਰਬ ਦੇ ਫਿਲਾਸਫਰ ਅਲ-ਫਰੇਜ਼ੀ ਅਤੇ ਅਲ-ਕਿੰਦੀ ਨੇ ਵੀ ਸੁਪਨਿਆਂ ਦਾ ਅਧਿਐਨ ਕੀਤਾ ਹੈ। ਸੁਪਨਿਆਂ ਨਾਲ ਸਬੰਧਤ ‘ਲੋਫਟੀ ਪ੍ਰਿੰਸੀਪਲਜ਼ ਆਫ ਡਰੀਮਜ਼ ਇੰਟਰਪ੍ਰੀਟੇਸ਼ਨ’ ਨਾਮ ਦੀ ਕਿਤਾਬ ਚੀਨ ਵਿੱਚ ਵੀ ਸੋਲ੍ਹਵੀਂ ਸਦੀ ਵਿੱਚ ਲਿਖੀ ਮਿਲਦੀ ਹੈ। ਸਤਾਰ੍ਹਵੀਂ ਸਦੀ ਵਿੱਚ ਅੰਗਰੇਜ਼ ਡਾਕਟਰ ਸਰਥੋਮਸ ਨੇ ਵੀ ਸੁਪਨਿਆਂ ਦੇ ਵਿਸ਼ਲੇਸ਼ਣ ਦਾ ਕੰਮ ਕੀਤਾ ਹੈ। ਇਹਨਾਂ ਤੋਂ ਇਲਾਵਾ ਹੋਰ ਬਹੁਤ ਸਾਰੇ ਵਿਗਿਆਨੀਆਂ, ਮਨੋਵਿਗਿਆਨੀਆਂ ਅਤੇ ਨਿਰੋਲੋਜਿਸਟਾਂ ਨੇ ਇਸ ਵਿਸ਼ੇ ’ਤੇ ਖੋਜਾਂ ਕੀਤੀਆਂ ਜਿਨ੍ਹਾਂ ਵਿੱਚ ਜੁੰਗ, ਹਾਲ, ਐਨਾਫਾਰਾਡੇ, ਵਾਲੇਸ ਕਲਿਫਟ ਆਦਿ ਦੇ ਨਾਮ ਸ਼ਾਮਲ ਹਨ।

ਅਸਟਰੀਆ ਦੇ ਨੀਰੋਲੋਜਿਸਟ ਅਤੇ ਮਨੋਵਿਗਿਆਨੀ ਸਿਗਮੰਡ ਫਰਾਇਡ ਨੇ 1890 ਈਸਵੀ ਵਿੱਚ ਆਪਣੀ ਕਿਤਾਬ ‘ਡਰੀਮ ਅਨੈਲਸਿਸ’ ਵਿੱਚ ਉਪਰੋਕਤ ਵਿਦਵਾਨਾਂ ਤੋਂ ਜ਼ਿਆਦਾ ਸ਼ਿੱਦਤ ਨਾਲ ਸੁਪਨਿਆਂ ਦਾ ਵਿਸ਼ਲੇਸ਼ਣ ਕੀਤਾ। ਉਸ ਨੇ ਮਨੋਵਿਸ਼ਲੇਸ਼ਣ ਨਾਮ ਦਾ ਨਵਾਂ ਮਨੋਵਿਗਿਆਨਕ ਫੰਡਾ ਇਜ਼ਾਦ ਕੀਤਾ ਜਿਸ ਰਾਹੀਂ ਸੁਪਨਿਆਂ ਦਾ ਅਧਿਐਨ ਕਰਕੇ ਉਸ ਨੇ ਗੰਭੀਰ ਸਿੱਟੇ ਕੱਢੇ। ਉਸ ਨੇ ਦੱਸਿਆ ਕਿ ਸੁਪਨੇ ਨੀਂਦ ਸਮੇਂ ਸਾਡੀਆਂ ਅਧੂਰੀਆਂ ਖਾਹਿਸਾਂ ਦੀ ਪੂਰਤੀ ਕਰਦੇ ਹਨ। ਜਿਹਨਾਂ ਇਛਾਵਾਂ ਨੂੰ ਅਸੀਂ ਜਾਗਣ ਅਵਸਥਾ ਵਿੱਚ ਪੂਰਾ ਨਹੀਂ ਕਰ ਸਕਦੇ, ਉਹ ਇਛਾਵਾਂ ਸਾਡਾ ਅਚੇਤਨ ਮਨ ਸੌਣ ਵੇਲੇ ਸੁਪਨਿਆਂ ਰਾਹੀਂ ਪੂਰੀਆਂ ਕਰਕੇ ਸਾਨੂੰ ਖੁਸ਼ੀ ਜਾਂ ਗਮੀ ਦੇਣ ਦੀ ਕੋਸ਼ਿਸ਼ ਕਰਦਾ ਹੈ। ਛੋਟੇ ਬੱਚੇ ਛੇ ਕੁ ਮਹੀਨੇ ਦੀ ਉਮਰ ਵਿੱਚ ਸੁਪਨੇ ਦੇਖਣੇ ਸ਼ੁਰੂ ਕਰ ਦਿੰਦੇ ਹਨ। ਬੱਚੇ ਆਮ ਕਰਕੇ 66% ਗੂੜ੍ਹੀ ਨੀਂਦ ਲੈਂਦੇ ਹਨ। ਜਵਾਨ ਸਿਰਫ 15% ਤੋਂ 20% ਗੂੜ੍ਹੀ ਨੀਂਦ ਲੈਂਦੇ ਹਨ। ਬੱਚੇ ਦਾ ਸਰੀਰ ਤੇ ਦਿਮਾਗ਼ ਨੀਂਦ ਵਿੱਚ ਵਧਦਾ ਹੈ। ਗਰਭ ਦੌਰਾਨ ਵੀ ਬੱਚਾ ਬਹੁਤਾ ਸਮਾਂ ਸੁੱਤਾ ਰਹਿੰਦਾ ਹੈ। ਜਿਵੇਂ ਜਿਵੇਂ ਉਸ ਦਾ ਦਿਲ, ਦਿਮਾਗ਼ ਵਧਦਾ ਹੈ ਤਾਂ ਉਸ ਦੇ ਮਨ ਦਾ ਘੇਰਾ ਵੀ ਵਧਦਾ ਹੈ। ਕਈ ਵਾਰੀ ਬੱਚੇ ਨੀਂਦ ਵਿੱਚ ਮੁਸਕਰਾਉਂਦੇ ਹਨ ਜਾਂ ਸੁਪਨੇ ਵਿੱਚ ਡਰ ਕੇ ਰੋਣ ਲੱਗ ਪੈਂਦੇ ਹਨ। ਟੀਨਏਜ ਵਿੱਚ ਬੱਚੇ ਆਮ ਕਰਕੇ ਉਹੀ ਕੁਝ ਸੁਪਨਿਆਂ ਵਿੱਚ ਵੇਖਦੇ ਹਨ ਜੋ ਕੁਝ ਉਹ ਦਿਨ ਵੇਲੇ ਹੰਡਾਉਂਦੇ ਹਨ। ਬੱਚਿਆਂ ਨੂੰ ਪਸ਼ੂਆਂ, ਪੰਛੀਆਂ ਅਤੇ ਡਰਾਉਣੇ ਜਾਨਵਰਾਂ ਜਿਵੇਂ ਕਿ ਸ਼ੇਰ, ਸੱਪ, ਮਗਰਮੱਛ ਭੇੜੀਏ ਆਦਿ ਦੇ ਸੁਪਨੇ ਆਉਂਦੇ ਹਨ। ਵੱਡੇ ਮਨੁੱਖ ਬਚਪਨ ਦੀਆਂ ਅਧੂਰੀਆਂ ਖਾਹਿਸਾਂ ਦੀ ਜਵਾਨੀ ਦੇ ਸੁਪਨਿਆਂ ਵਿੱਚ ਪੂਰਤੀ ਕਰਦੇ ਹਨ। ਉਹਨਾਂ ਨੂੰ ਅਚੰਭੇ ਭਰੇ ਕਾਰਨਾਮਿਆਂ ਦੇ ਜਾਂ ਖਤਰਨਾਕ ਘਟਨਾਵਾਂ ਦੇ ਸੁਪਨੇ ਜ਼ਿਆਦਾ ਆਉਂਦੇ ਹਨ। ਜਵਾਨੀ ਵੇਲੇ ਦੀਆਂ ਅਧੂਰੀਆਂ ਇੱਛਾਵਾਂ ਨੂੰ ਉਹ ਆਪਣੀ ਅਗਲੀ ਉਮਰ ਵਿੱਚ ਵੇਖਦੇ ਹਨ। ਉਹਨਾਂ ਨੇ ਇਹ ਵੀ ਦੱਸਿਆ ਕਿ ਮਾਨਸਿਕ ਤੌਰ ’ਤੇ ਬਿਮਾਰ ਲੋਕਾਂ ਨੂੰ ਵੱਖਰੀ ਤਰ੍ਹਾਂ ਦੇ ਸੁਪਨੇ ਆਉਂਦੇ ਹਨ ਜਿਹੜੇ ਕਿ ਸਮਝਣੇ ਔਖੇ ਹੁੰਦੇ ਹਨਫਰਾਇਡ ਕਹਿੰਦਾ ਹੈ ਕਿ ਸੁਪਨੇ ਵਿੱਚ ਪ੍ਰਗਟ ਹੋਏ ਵਿਚਾਰਾਂ ’ਤੇ ਗੌਰ ਕਰੀਏ ਤਾਂ ਪਤਾ ਲੱਗਦਾ ਹੈ ਕਿ ਇਹਨਾਂ ਦਾ ਸਬੰਧ ਮਾਨਸਿਕ ਰੋਗੀ ਅੰਦਰ ਪੈਦਾ ਹੋਈਆਂ ਮਾਨਸਿਕ ਗੁੰਝਲਾਂ ਨਾਲ ਜ਼ਰੂਰ ਹੰਦਾ ਹੈ। ਇਸ ਨਾਲ ਰੋਗ ਦਾ ਇਲਾਜ ਕਰਨ ਵਿੱਚ ਮਦਦ ਮਿਲਦੀ ਹੈ।

ਉਂਝ ਤਾਂ ਹਰ ਮਨੁੱਖ ਨੂੰ ਵੱਖਰੀ ਵੱਖਰੀ ਤਰ੍ਹਾਂ ਦੇ ਸੁਪਨੇ ਆਉਂਦੇ ਹਨ ਪਰ ਇਹਨਾਂ ਵਿੱਚ ਕੁਝ ਗੱਲਾਂ ਸਾਂਝੀਆਂ ਵੀ ਹੁੰਦੀਆਂ ਹਨ। ਅੰਤਰਮੁਖੀ (Introvert) ਮਰਦ ਤੇ ਔਰਤਾਂ ਨੂੰ ਨੰਗੇ ਸੁਪਨੇ ਆਉਂਦੇ ਹਨ। ਸੁਪਨੇ ਵਿੱਚ ਉਹ ਕਈ ਵਾਰੀ ਬਜ਼ਾਰ ਵਿੱਚ ਨੰਗੇ ਹੋ ਜਾਂਦੇ ਹਨ ਜਾਂ ਜਮਾਤ ਵਿੱਚ ਪੜ੍ਹਦਿਆਂ ਅਜਿਹਾ ਵਾਪਰਦਾ ਹੈ। ਮਨੋਵਿਗਿਆਨੀ ਦੱਸਦੇ ਹਨ ਕਿ ਉਹ ਬਹੁਤ ਸੰਗਾਊ ਹਨ ਜਾਂ ਉਹ ਮਨ ਵਿੱਚ ਕੋਈ ਭੇਦ ਛੁਪਾਈ ਬੈਠੇ ਹਨ, ਜਿਸਦਾ ਉਹਨਾਂ ਦੇ ਮਨ ਵਿੱਚ ਡਰ ਹੈ ਕਿ ਭੇਦ ਲੋਕਾਂ ਨੂੰ ਪਤਾ ਨਾ ਲੱਗ ਜਾਵੇ। ਜਦੋਂ ਕੋਈ ਮਨੁੱਖ ਘੋਰ ਚਿੰਤਾ ਵਿੱਚੋਂ ਗੁਜ਼ਰ ਰਿਹਾ ਹੋਵੇ ਤਾਂ ਉਸ ਨੂੰ ਅਜਿਹੇ ਸੁਪਨੇ ਆਉਂਦੇ ਹਨ ਜਿਨ੍ਹਾਂ ਵਿੱਚ ਕੋਈ ਡਰਾਉਣਾ ਪੰਛੀ, ਜਾਨਵਰ, ਮਰਦ-ਔਰਤ ਜਾਂ ਕੋਈ ਮਨੋ-ਕਿਆਸੇ ਭੂਤ ਵਰਗਾ ਆਕਾਰ ਉਸਦਾ ਪਿੱਛਾ ਕਰਦਾ ਹੈਸੁਪਨੇ ਵਿੱਚ ਬੰਦਾ ਭੱਜਣ ਦੀ ਨਾਕਾਮ ਕੋਸ਼ਿਸ਼ ਕਰਦਾ, ਕਈ ਵਾਰੀ ਉੱਚੀ ਉੱਚੀ ਬੁੜਬੜਾਉਂਦਾ ਹੈਫਿਰ ਜਾਗ ਆ ਜਾਂਦੀ ਹੈ, ਕਈ ਵਾਰੀ ਉਹ ਪਸੀਨੋ-ਪਸੀਨਾ ਹੋਇਆ ਹੁੰਦਾ ਹੈ। ਮਨੋਵਿਗਿਆਨੀ ਇਸਦਾ ਨਤੀਜਾ ਕੱਢਦੇ ਹਨ ਕਿ ਤੁਸੀਂ ਆਪਣੇ ਅੰਦਰ ਕੋਈ ਡਰ, ਗੁੱਸਾ, ਈਰਖਾ ਜਾਂ ਅਸਫਲ ਪਿਆਰ ਛੁਪਾਈ ਬੈਠੇ ਹੋ। ਕੰਮ ਦਾ ਬਹੁਤਾ ਬੋਝ, ਮਾਨਸਿਕ ਤੇ ਸਰੀਰਕ ਥਕੇਵਾਂ, ਰਿਸ਼ਤਿਆਂ ਵਿੱਚ ਗੜਬੜ ਅਤੇ ਸਵੈ-ਭਰੋਸੇ ਦੀ ਕਮੀ ਵੀ ਡਰਾਉਣੇ ਸੁਪਨਿਆਂ ਦਾ ਕਾਰਨ ਬਣਦੇ ਹਨ। ਕਈ ਵਾਰੀ ਸੁਪਨੇ ਚੌਕੀਦਾਰੀ ਦਾ ਕੰਮ ਵੀ ਕਰਦੇ ਹਨ। ਅਧਿਐਨ ਦੱਸਦੇ ਹਨ ਕਿ ਅਸਥਮਾ ਅਤੇ ਮਾਈਗਰੇਨ ਦੇ ਮਰੀਜ਼ਾਂ ਨੂੰ ਅਟੈਕ ਆਉਣ ਤੋਂ ਪਹਿਲਾਂ ਕਈ ਵਾਰੀ ਇਸ ਨਾਲ ਸਬੰਧਤ ਸੁਪਨੇ ਆਉਂਦੇ ਹਨ। ਆਮ ਜ਼ਿੰਦਗੀ ਵਿੱਚ ਜਦੋਂ ਕੋਈ ਖੁਸ਼ਹਾਲ ਹੋਵੇ ਤਾਂ ਉਸ ਨੂੰ ਹਵਾ ਵਿੱਚ ਬਗੈਰ ਖੰਭਾਂ ਤੋਂ ਉੱਡਣ ਦੇ ਸੁਪਨੇ ਆਉਂਦੇ ਹਨ। ਉੱਡਦਾ ਹੋਇਆ ਉਹ ਸਾਰੇ ਸਾਗਰ ਅਤੇ ਧਰਤੀਆਂ ਗਾਹ ਆਉਂਦਾ ਹੈ। ਮਨੁੱਖ ਦੀ ਸੋਚ, ਆਰਥਿਕ ਹਾਲਤ, ਪਿਛੋਕੜ ਅਤੇ ਭੂਗੋਲਿਕ ਸਥਿਤੀਆਂ ਵੀ ਸੁਪਨਿਆਂ ਵਿੱਚ ਵਖਰੇਵੇਂ ਦਾ ਕਾਰਨ ਬਣਦੀਆਂ ਹਨ। ਰਾਤ ਨੂੰ ਸੁੱਤੇ ਹੋਏ ਤੁਰਨਾ (ਸਲੀਪ-ਵਾਕਿੰਗ) ਕਈ ਬੱਚਿਆਂ ਵਿੱਚ ਇਹ ਵੱਡੀ ਸਮੱਸਿਆ ਦੇਖਣ ਵਿੱਚ ਆਉਂਦੀ ਹੈ। ਇਹ ਵੀ ਇੱਕ ਤਰ੍ਹਾਂ ਸੁਪਨੇ ਦੀ ਅਵਸਥਾ ਹੁੰਦੀ ਹੈ। ਉਸ ਦਾ ਚੇਤਨ ਮਨ ਸੁੱਤਾ ਹੁੰਦਾ ਹੈ ਅਤੇ ਸਰੀਰ ਉੱਤੇ ਅਚੇਤਨ ਮਨ ਹਾਵੀ ਹੋ ਜਾਂਦਾ ਹੈ। ਕਈ ਵਾਰੀ ਉਹ ਗੰਭੀਰ ਘਟਨਾਵਾਂ ਇਸੇ ਹਾਲਤ ਵਿੱਚ ਕਰ ਆਉਂਦਾ ਹੈ ਪਰ ਸਵੇਰੇ ਉੱਠਣ ਵੇਲੇ ਉਸ ਨੂੰ ਕੁਝ ਵੀ ਯਾਦ ਨਹੀਂ ਹੁੰਦਾ। ਅਜਿਹੇ ਮਾਨਸਿਕ ਰੋਗੀ ਦੇ ਸੌਣ ਵੇਲੇ ਕੋਈ ਵੀ ਤੇਜ਼ ਧਾਰ ਹਥਿਆਰ ਨੇੜੇ ਨਹੀਂ ਹੋਣਾ ਚਾਹੀਦਾ ਜਿਸ ਨਾਲ ਉਹ ਆਪਣਾ ਜਾਂ ਕਿਸੇ ਦੂਸਰੇ ਦਾ ਨੁਕਸਾਨ ਕਰ ਸਕਦਾ ਹੈ। ਇਹ ਰੋਗ ਬੱਚਿਆਂ ਵਿੱਚ ਵੱਧ ਹੁੰਦਾ ਹੈ ਪਰ ਕਈ ਵਾਰੀ ਵੱਡਿਆਂ ਵਿੱਚ ਵੀ ਦੇਖਿਆ ਗਿਆ ਹੈ।

ਇਹਨਾਂ ਵਰਤਾਰਿਆਂ ਨੂੰ ਪੜ੍ਹਨ ਲਈ ਹਿਪਨੋਟਿਜ਼ਮ ਦਾ ਸਹਾਰਾ ਲਿਆ ਜਾਂਦਾ ਹੈ। ਹਿਪਨੋਟਿਜ਼ਮ ਇੱਕ ਮਨੋਵਿਗਿਆਂਨਕ ਵਿਧੀ ਹੈ ਜਿਸ ਰਾਹੀਂ ਅਚੇਤ ਮਨ ਵਿੱਚ ਪਏ ਬਚਪਨ ਜਾਂ ਪਹਿਲੇ ਸਮੇਂ ਵਿੱਚ ਵਾਪਰੀਆਂ ਘਟਨਾਵਾਂ ਦੇ ਘਟਨਾਕਰਮ ਨੂੰ ਚੇਤਨ ਮਨ ਵਲ ਲਿਆਇਆ ਜਾਂਦਾ ਹੈ। ਹਿਪਨੋਟਿਜ਼ਮ ਦੁਆਰਾ ਲਿਆਂਦੀ ਨੀਂਦ ਵਿੱਚ ਮਾਨਸਿਕ ਗੁੰਝਲਾਂ ਦੇ ਕਾਰਨਾਂ ਦੇ ਸੰਕੇਤਾਂ ਨੂੰ ਵੇਖਿਆ ਜਾ ਸਕਦਾ ਹੈ। ਬਹੁਤ ਵਾਰੀ ਅਸੀਂ ਸੁਪਨਿਆਂ ਵਿੱਚ ਅਜਿਹੀਆਂ ਥਾਵਾਂ, ਚੀਜ਼ਾਂ, ਘਟਨਾਵਾਂ ਅਤੇ ਵੇਰਵਿਆਂ ਨੂੰ ਵੇਖਦੇ ਹਾਂ ਜਿਹਨਾਂ ਨਾਲ ਕੋਈ ਵਾਸਤਾ ਨਹੀਂ ਰਿਹਾ ਹੁੰਦਾ ਹੈ। ਇਸ ਬਾਰੇ ਵੱਖਰੇ ਵੱਖਰੇ ਵਿਚਾਰ ਪਾਏ ਜਾਂਦੇ ਹਨ। ਕੁਝ ਲੋਕ ਇਹ ਸੋਚਦੇ ਹਨ ਕਿ ਇਸ ਸਾਰੀ ਕਾਇਨਾਤ ਦਾ ਕੋਲੈਟਿਵ ਮਨ ਵੀ ਕੰਮ ਕਰਦਾ ਹੈ। ਸਾਡਾ ਮਨ ਵੀ ਉਸ ਦਾ ਇੱਕ ਹਿੱਸਾ ਹੈ। ਬਹੁਤ ਸਾਰੇ ਅਚੰਭੇ ਇਹ ਉਸ ਕਾਇਨਾਤੀ ਸਮੂਹਿਕ-ਮਨ ਕੋਲੋਂ ਉਧਾਰੇ ਲੈਂਦਾ ਹੈ। ਇਸ ਲਈ ਉਹ ਵਰਤਾਰੇ ਵੀ ਸਾਡੇ ਸੁਪਨਿਆਂ ਵਿੱਚ ਵਾਪਰਦੇ ਹਨ ਜਿਹੜੇ ਕਿ ਸਾਡੇ ਨਾਲ ਕਦੇ ਵੀ ਘਟੇ ਨਹੀਂ ਹੁੰਦੇ। ਦੂਸਰੀ ਰਾਇ ਇਹ ਵੀ ਦਿੱਤੀ ਜਾਂਦੀ ਹੈ ਕਿ ਉਹ ਘਟਨਾਵਾਂ ਸਾਡੇ ਵੱਡੇ ਵਡੇਰਿਆਂ ਨੇ ਦੇਖੀਆਂ ਹੁੰਦੀਆਂ ਹਨ ਕਿਉਂਕਿ ਜੀਨਜ਼ ਰਾਹੀਂ ਸਾਡੀਆਂ ਪਹਿਲੀਆਂ ਕਈ ਪੁਸ਼ਤਾਂ ਦੇ ਤਜਰਬੇ ਸਾਡੇ ਅਚੇਤਨ ਮਨ ਦਾ ਹਿੱਸਾ ਬਣਦੇ ਹਨ। ਇਹਨਾਂ ਸੁਪਨਿਆਂ ਵਿੱਚ ਮਨੁੱਖ ਕਈ ਵਾਰੀ ਰਿਸ਼ਤਿਆਂ ਦੀਆਂ ਹੱਦਾਂ ਸਰਹੱਦਾਂ ਪਾਰ ਕਰ ਜਾਂਦਾ ਹੈ। ਜੇਕਰ ਉਹ ਸੁਪਨਾ ਯਾਦ ਰਹਿ ਜਾਵੇ ਤਾਂ ਮਨੁੱਖ ਆਤਮਕ ਗਿਲਾਨੀ ਨਾਲ ਭਰ ਜਾਂਦਾ ਹੈ ਤੇ ਮਾਨਸਿਕ ਗੁੰਝਲਾਂ ਦਾ ਕਾਰਨ ਬਣਦਾ ਹੈ।

ਪਿਛਲੇ ਸਾਲ ਲੌਕਡਾਊਨ ਵੇਲੇ ਚਿੰਤਾ ਕਾਰਨ ਬਹੁਤ ਸਾਰੇ ਲੋਕਾਂ ਨੂੰ ਕਰੋਨਾ ਦੇ ਨਾਲ ਸਬੰਧਤ ਸੁਪਨੇ ਆਉਂਦੇ ਰਹੇ। ਉਹਨਾਂ ਵਿੱਚ ਉਹ ਵਿਰਾਨ ਘਰ ਤੇ ਸੜਕਾਂ, ਸੜਕਾਂ ’ਤੇ ਰੁਲਦੇ ਮਜ਼ਦੂਰ, ਹਸਪਤਾਲਾਂ ਦੇ ਦੁਖਦਾਈ ਦ੍ਰਿਸ਼ ਅਤੇ ਅੱਧ-ਸੜੀਆਂ ਲਾਸ਼ਾਂ ਵੇਖਦੇ ਰਹੇ ਸਨ। ਹੁਣ ਫਿਰ ਕਈ ਲੋਕ ਇਹੋ ਜਿਹੇ ਸੁਪਨੇ ਸੁਣਾਉਂਦੇ ਹਨ ਕਿ ਉਹਨਾਂ ਨੇ ਸੁਪਨੇ ਵਿੱਚ ਸਿਵਾ ਵੇਖਿਆ, ਜਿੱਥੇ ਹੋਰ ਕੋਈ ਨਹੀਂ ਸੀ। ਸਿਵੇ ਨੂੰ ਆਪਣੇ ਆਪ ਹੀ ਅੱਗ ਲੱਗ ਗਈ। ਕਰੋਨਾ ਦਾ ਡਰ ਉਹਨਾਂ ਦੇ ਜ਼ਿਹਨ ਵਿੱਚੋਂ ਬੋਲਦਾ ਹੈ। ਇਸੇ ਤਰ੍ਹਾਂ ਜਿਹੜੇ ਲੋਕ ਕਿਸਾਨ ਅੰਦੋਲਨ ਦੀਆਂ ਮੁਸ਼ਕਲਾਂ ਵਿੱਚ ਉੱਥੇ ਸਮਾਂ ਕੱਟ ਕੇ ਆਏ ਹਨ, ਉਹਨਾਂ ਨੂੰ ਕਈ ਵਾਰੀ ਉੱਥੋਂ ਦੇ ਮਾਹੌਲ ਨਾਲ ਸਬੰਧਤ ਸੁਪਨੇ ਆਉਂਦੇ ਹਨ। ਕਈ ਲੋਕਾਂ ਨੇ ਸੁਪਨੇ ਵਿੱਚ ਇਹ ਵੀ ਵੇਖਿਆ ਕਿ ਸੁਪਨੇ ਵਿੱਚ ਸਰਕਾਰ ਨਾਲ ਮੀੰਟਿੰਗ ਹੋਈ ਤੇ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨ ਗਈ।

ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਸੁਪਨੇ ਭੂਤ ਕਾਲ ਨੂੰ ਦਰਸਾਉਂਦੇ ਹਨ, ਵਰਤਮਾਨ ਦੀ ਗੱਲ ਕਰਦੇ ਹਨ ਜਾਂ ਭਵਿੱਖ ਬਾਰੇ ਕੋਈ ਭਵਿੱਖਬਾਣੀ ਕਰਦੇ ਹਨ। ਭਾਵੇਂ ਸੁਪਨਿਆਂ ਦੇ ਬਿਲਕੁਲ ਸੱਚੇ ਹੋਣ ਦੇ ਕੋਈ ਪੁਖਤਾ ਸਬੂਤ ਜਾਂ ਪ੍ਰਮਾਣ ਨਹੀਂ ਮਿਲਦੇ ਪਰ ਮਨੋਵਿਗਿਆਨਕ ਅਧਿਐਨ ਦੱਸਦੇ ਹਨ ਕਿ ਅਮਰੀਕਾ, ਭਾਰਤ ਅਤੇ ਉੱਤਰੀ ਕੋਰੀਆ ਵਿੱਚ ਬਹੁਤੇ ਲੋਕ ਇਹ ਵਿਸ਼ਵਾਸ ਕਰਦੇ ਹਨ ਕਿ ਸੁਪਨਿਆਂ ਵਿੱਚ ਕਈ ਵਾਰੀ ਆਉਣ ਵਾਲੇ ਸਮੇਂ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਦੇ ਸੰਕੇਤ ਮਿਲਦੇ ਹਨ। ਮਨੋਵਿਗਿਆਨੀਆਂ ਦਾ ਵਿਚਾਰ ਹੈ ਕਿ ਲੋਕਾਂ ਦੇ ਜਾਗਣ ਅਵੱਸਥਾ ਦੇ ਵਿਸ਼ਵਾਸਾਂ ਦੀ ਵਿਆਖਿਆ ਸੁਪਨੇ ਕਰਦੇ ਹਨ। ਇਹਨਾਂ ਉੱਤੇ ਵਿਸ਼ਵਾਸ ਕਰਨ ਵਾਲੇ ਲੋਕਾਂ ਨੂੰ ਜੇਕਰ ਕਦੇ ਜਹਾਜ਼ ਕਰੈਸ਼ ਹੋਣ ਦਾ ਸੁਪਨਾ ਆ ਜਾਵੇ ਤਾਂ ਉਹ ਅਗਲੇ ਦਿਨਾਂ ਵਿੱਚ ਹੋਣ ਵਾਲੀਆਂ ਯਾਤਰਾਵਾਂ ਕੈਂਸਲ ਕਰ ਦਿੰਦੇ ਹਨ। ਇਹ ਵੀ ਦੇਖਿਆ ਗਿਆ ਹੈ ਕਿ ਕਈ ਦਿਲ-ਦਿਮਾਗ਼ ਦੇ ਰੋਗੀਆਂ ਨੂੰ ਦੌਰਾ ਪੈਣ ਤੋਂ ਇੱਕ ਦੋ ਦਿਨ ਪਹਿਲਾਂ ਇਹੋ ਜੇ ਸੁਪਨੇ ਆਉਂਦੇ ਹਨ। ਦੂਸਰੀ ਸਦੀ (AD) ਵਿੱਚ ਆਰਮਿਡਸ ਨੇ ਸੁਪਨਿਆਂ ਦੀ ਵਿਆਖਿਆ ’ਤੇ ਇੱਕ ਕਿਤਾਬ ਲਿਖੀ ਜਿਸ ਵਿੱਚ ਉਸਨੇ ਅਲੈਗਜੈਂਡਰ ਰਾਜੇ ਦੀ ਉਦਾਹਹਣ ਦਿੱਤੀ ਕਿ ਉਹ ਜਦੋਂ ਤਾਈਰਿਅਨ ਨਾਲ ਲੜ ਰਿਹਾ ਸੀ, ਇੱਕ ਰਾਤ ਉਸ ਨੂੰ ਸੁਪਨਾ ਆਇਆ ਕਿ ਉਹ ਜਿੱਤ ਜਾਵੇਗਾ ਅਤੇ ਇਹ ਗੱਲ ਸੱਚੀ ਹੋਈ। ਇੰਗਲੈਂਡ ਅਤੇ ਕਨੇਡਾ ਦੀਆਂ ਯੂਨੀਵਰਸਿਟੀਆਂ ਦੇ ਮਨੋਵਿਗਿਆਨੀਆਂ ਨੇ ਇਕੱਠੇ ਹੋ ਕੇ ਇਸਦੇ ਸਬੰਧ ਵਿੱਚ ਇੱਕ ਪਰੋਜੇਕਟ ਸ਼ੁਰੂ ਕੀਤਾ ਹੈ ਜਿਸ ਵਿੱਚ ਉਹ ਕਰੋਨਾ ਨਾਲ ਸਬੰਧਤ ਸੁਪਨੇ ਇਕੱਠੇ ਕਰ ਰਹੇ ਹਨ ਅਤੇ ਉਹਨਾਂ ਦਾ ਅਧਿਐਨ ਕੀਤਾ ਜਾਵੇਗਾ। ਇਸ ਪਰੋਜੈਕਟ ਦਾ ਨਾਮ ਉਹਨਾਂ ਨੇ Museum of Dreams ਰੱਖਿਆ ਹੈ। ਭਵਿੱਖ ਵਿੱਚ ਉਹ ਕਰੋਨਾ ਨਾਲ ਸਬੰਧਤ ਸੁਪਨਿਆਂ ਦਾ ਅਧਿਐਨ ਕਰਕੇ ਕੋਈ ਨਤੀਜੇ ਕੱਢਣਗੇ। ਕੀ ਨਤੀਜੇ ਆਉਂਦੇ ਹਨ ਇਹ ਤਾਂ ਭਵਿੱਖ ਵਿੱਚ ਹੀ ਪਤਾ ਚਲੇਗਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4415)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਰਵਿੰਦਰ ਚੋਟ

ਰਵਿੰਦਰ ਚੋਟ

Phagwara, Punjab, India.
Phone: (91 - 98726 - 73703)
Email: (chotravinder@gmail.com)