“ਅਨੀਂਦਰੇ ਉੱਤੇ ਕਾਬੂ ਪਾਉਣ ਲਈ ਵਿਅਕਤੀ ਨੂੰ ਆਪਣੀਆਂ ਖਾਣ-ਪੀਣ ਅਤੇ ਸੌਣ ਦੀਆਂ ਆਦਤਾਂ ਦਾ ਨਿਰੀਖਣ ਕਰਨ”
(6 ਅਕਤੂਬਰ 2023)
ਸਿਆਣਿਆਂ ਦਾ ਕਥਨ ਹੈ ਜੇਕਰ ਕੋਈ ਲਗਾਤਾਰ ਅਨੀਂਦਰਾ ਕੱਟ ਰਿਹਾ ਹੈ ਤਾਂ ਉਸ ਨੂੰ ਸੂਲੀ ’ਤੇ ਵੀ ਨੀਂਦ ਆ ਸਕਦੀ ਹੈ। ਜੇ ਕਿਸੇ ਮਨੁੱਖ ਛੋਟੀ-ਮੋਟੀ ਬਿਮਾਰੀ ਕਾਰਨ ਜਾਂ ਕਿਸੇ ਪਿਆਰੇ ਦੇ ਤੁਰ ਜਾਣ ਕਾਰਨ, ਆਰਜ਼ੀ ਤੌਰ ’ਤੇ ਪਏ ਆਰਥਿਕ ਨੁਕਸਾਨ ਕਾਰਨ, ਕਿਸੇ ਘਰੇਲੂ ਕਲੇਸ਼ ਕਾਰਨ, ਕਿਸੇ ਅਚਾਨਕ ਪਏ ਮੁਕੱਦਮੇ ਕਾਰਨ ਜਾਂ ਕਿਸੇ ਥੋੜ੍ਹ-ਚਿਰੇ ਪ੍ਰਭਾਵ ਕਾਰਨ ਨੀਂਦ ਕੁਝ ਸਮੇਂ ਲਈ ਉੱਡ ਜਾਵੇ, ਇਹ ਕੋਈ ਰੋਗ ਨਹੀਂ ਹੁੰਦੀ ਸਗੋਂ ਇਸਦਾ ਪ੍ਰਭਾਵ ਕੁਝ ਸਮਾਂ ਪਾ ਕੇ ਆਪਣੇ ਆਪ ਦੂਰ ਹੋ ਜਾਂਦਾ ਹੈ ਅਤੇ ਮਨੁੱਖ ਨੂੰ ਪਹਿਲਾਂ ਵਾਂਗ ਪੂਰੀ ਸਿਹਤਮੰਦ ਨੀਂਦ ਆਉਣ ਲੱਗ ਪੈਂਦੀ ਹੈ। ਪਰ ਜੇਕਰ ਕੋਈ ਮਨੁੱਖ ਲਗਾਤਾਰ ਲੰਬੇ ਸਮੇਂ ਤੋਂ ਅਨੀਂਦਰੇ ਨਾਲ ਜੂਝ ਰਿਹਾ ਹੋਵੇ ਤੇ ਉਸ ਨੂੰ ਇਸਦਾ ਕਾਰਨ ਵੀ ਨਾ ਲੱਭ ਰਿਹਾ ਹੋਵੇ ਤਾਂ ਇਹ ਗੰਭੀਰ ਵਿਸ਼ਾ ਬਣ ਜਾਂਦਾ ਹੈ। ਇਸਦੇ ਕਾਰਨ ਸਰੀਰਕ ਅਤੇ ਮਾਨਸਿਕ, ਦੋਵੇਂ ਤਰ੍ਹਾਂ ਦੇ ਹੋ ਸਕਦੇ ਹਨ ਅਤੇ ਨੁਕਸਾਨ ਵੀ ਦੋਵੇਂ ਤਰ੍ਹਾਂ ਦੇ ਹੋ ਸਕਦੇ ਹਨ। ਇਸ ਨੂੰ ਅਨੀਂਦਰਾ ਰੋਗ (Insomnia - ਇਨਸੌਮਨੀਆਂ) ਆਖਿਆ ਜਾਂਦਾ ਹੈ।
ਤੰਦਰੁਸਤ ਸਰੀਰ ਵਿੱਚ ਤੰਦਰੁਸਤ ਮਨ ਵਾਸ ਕਰਦਾ ਹੈ। ਇਹ ਇੱਕ ਦੂਜੇ ਦੇ ਪੂਰਕ ਵੀ ਹਨ। ਸਰੀਰ ਨੂੰ ਤੰਦਰੁਸਤ ਰੱਖਣ ਲਈ ਸੰਤੁਲਤ ਪੌਸ਼ਟਿਕ ਖੁਰਾਕ ਦੀ ਲੋੜ ਹੈ। ਪਰ ਇਸਦੇ ਨਾਲ ਨਾਲ ਸਰੀਰ ਨੂੰ ਸਵਸਥ ਰੱਖਣ ਲਈ ਭਰਪੂਰ ਨੀਂਦਰ ਦੀ ਵੀ ਲੋੜ ਹੈ। ਕਿਸੇ ਵੀ ਸਵਸਥ ਮਨੁੱਖ ਨੂੰ ਸਵਸਥ ਰਹਿਣ ਲਈ ਹਰ ਰੋਜ਼ ਛੇ ਤੋਂ ਅੱਠ ਘੰਟੇ ਨੀਂਦ ਆਉਣੀ ਬਹੁਤ ਜ਼ਰੂਰੀ ਹੈ। ਬੱਚਿਆਂ ਲਈ ਇਹ ਦਸ ਘੰਟੇ ਵੀ ਹੋ ਸਕਦੀ ਹੈ। ਅਪੋਲੋ ਹਸਪਤਾਲ ਵੇਨਾਗਰਾਮ ਦੇ ਡਾਕਟਰ ਕਾਰਥਿਕ ਨੇ ਦੱਸਿਆ ਹੈ ਕਿ ਜੇਕਰ ਕੋਈ ਮਨੁੱਖ/ਪਰੋਫੈਸ਼ਨਲਜ਼ ਜਾਂ ਡਾਕਟਰ ਆਪਣੀ ਲੋੜੀਂਦੀ ਨੀਂਦਰ ਤੋਂ ਘੱਟ ਨੀਂਦ ਲੈਂਦਾ ਹੈ ਜਾਂ ਕੰਮ ਦੇ ਘੰਟੇ ਆਮ ਨਾਲੋਂ ਵਧਾ ਲੈਂਦੇ ਹਨ ਤਾਂ ਇਸਦਾ ਉਹਨਾਂ ਦੀ ਕਾਰਜਕੁਸ਼ਲਤਾ ’ਤੇ ਬੁਰਾ ਪ੍ਰਭਾਵ ਪੈਂਦਾ ਹੈ। ਜੇ ਕਰ ਉਹ ਵਿਅਕਤੀ ਹਰ ਰੋਜ਼ ਲੋੜੀਂਦੀ ਨੀਦਰ ਤੋਂ ਦੋ ਘੰਟੇ ਲਗਾਤਾਰ ਪੰਜ ਦਿਨ ਘੱਟ ਸੌਂਦਾ ਹੈ ਤਾਂ ਦਿਮਾਗ ਉੱਤੇ ਨਾਕਾਰਆਤਮਕ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਦਿਮਾਗ ਵਿੱਚ .0495% ਅਲਕੋਹਲ ਦਾ ਅਸਰ ਆਪਣੇ ਆਪ ਪੈਦਾ ਹੋ ਜਾਂਦਾ ਹੈ, ਜਿਹੜਾ ਕਿ ਉਸਦੇ ਰੋਜ਼ਾਨਾ ਕੰਮਕਾਰ ਨੂੰ ਪ੍ਰਭਾਵਤ ਕਰਦਾ ਹੈ। ਇਸਦੇ ਨਾਲ ਨਾਲ ਅਨੀਂਦਰੇ ਦੇ ਬੁਰੇ ਪ੍ਰਭਾਵ ਸਰੀਰਕ ਤੌਰ ’ਤੇ ਵੀ ਨਜ਼ਰ ਆਉਣ ਲੱਗਦੇ ਹਨ। ਹੌਲੀ ਹੌਲੀ ਅਨੀਂਦਰਾ ਇੱਕ ਮਾਨਸਿਕ ਰੋਗ ਬਣਦਾ ਜਾਂਦਾ ਹੈ। ਪਹਿਲਾਂ ਪਹਿਲ ਮਨੁੱਖ ਦੀਆਂ ਆਪਣੀਆਂ ਗਲਤੀਆਂ ਕਾਰਨ ਇਹ ਰੋਗ ਵਧਦਾ ਜਾਂਦਾ ਹੈ, ਫਿਰ ਇਹ ਵੱਸੋਂ ਬਾਹਰ ਹੋ ਜਾਂਦਾ ਹੈ। ਅਨੀਂਦਰੇ ਦੇ ਰੋਗ (Insomnia) ਵਿੱਚ ਆਮ ਕਰਕੇ ਨੀਂਦ ਬਹੁਤ ਘਟ ਜਾਂਦੀ ਹੈ ਜਾਂ ਨੀਂਦ ਜਲਦੀ ਖਤਮ ਹੋ ਜਾਂਦੀ ਹੈ ਜਾਂ ਨੀਂਦ ਟੁੱਟਦੀ ਰਹਿੰਦੀ ਹੈ। ਸੌਣ ਵੇਲੇ ਚਿੰਤਾਵਾਂ ਘੇਰ ਰੱਖਦੀਆਂ ਹਨ। ਸਵੇਰੇ ਉੱਠਣ ਵੇਲੇ ਅਸੀਂ ਤਾਜ਼ਾ ਮਹਿਸੂਸ ਨਹੀਂ ਕਰਦੇ ਸਗੋਂ ਥੱਕੇ ਹੋਏ ਮਹਿਸੂਸ ਕਰਦੇ ਹਾਂ। ਸਾਡਾ ਮਿਜ਼ਾਜ (ਮਨੋਦਸ਼ਾ) ਖਿੜਿਆ ਹੋਇਆ ਨਹੀਂ ਹੰਦਾ ਸਗੋਂ ਮੁਰਝਾਇਆ ਹੋਇਆ ਮਹਿਸੂਸ ਕਰਦੇ ਹਾਂ। ਕੋਈ ਕੰਮ ਕਰਨ ਨੂੰ ਮਨ ਨਹੀਂ ਕਰਦਾ ਸਗੋਂ ਨੀਂਦਰ ਮਹਿਸੂਸ ਹੁੰਦੀ ਹੈ ਪਰ ਨੀਂਦਰ ਆਉਂਦੀ ਨਹੀਂ। ਸਾਡਾ ਊਰਜਾ ਪੱਧਰ ਬਿਲਕੁਲ ਸਿਫਰ ਹੋਇਆ ਹੁੰਦਾ ਹੈ ਤੇ ਸਿਹਤ ਅਤੇ ਕਾਰਜਕੁਸ਼ਲਤਾ ਵੀ ਖੀਣ (ਕਮਜ਼ੋਰ) ਹੋਈ ਹੁੰਦੀ ਹੈ। ਸਾਡੇ ਰੋਜ਼-ਮੱਰਾ ਦੇ ਕੰਮਾਂ ਵਿੱਚ ਬਹੁਤ ਗਲਤੀਆਂ ਹੋਣ ਲੱਗਦੀਆਂ ਹਨ। ਇਸਦਾ ਕਾਰਨ ਵੀ ਸਾਡੀ ਸਮਝ ਤੋਂ ਬਾਹਰ ਹੁੰਦਾ ਹੈ। ਸਾਡਾ ਮਨ ਅਤੇ ਸਰੀਰ ਇੱਕ ਹੋ ਕੇ ਕੰਮ ਨਹੀਂ ਕਰਦੇ ਸਗੋਂ ਖਿੰਡੇ ਹੋਏ ਰਹਿੰਦੇ ਹਨ। ਇਸਦਾ ਕਾਰਨ ਪਹਿਲਾਂ ਭੋਗਿਆ ਕੋਈ ਰੋਗ ਜਿਵੇਂ ਅਸਥਮਾ, ਅਲਰਜੀ, ਕੈਂਸਰ, ਦਿਲ ਨਾਲ ਸਬੰਧਤ ਬੀਮਾਰੀਆਂ, ਕਿਡਨੀ ਰੋਗ ਜਾਂ ਮਾਨਸਿਕ ਰੋਗ, ਜਿਵੇਂ ਚਿੰਤਾ ਰੋਗ, ਉਦਾਸੀ ਰੋਗ, ਸਟਰੈੱਸ, ਬਾਈ-ਪੋਲਰ ਰੋਗ, ਪਾਰਕਿਨਸਨਜ਼ ਰੋਗ ਆਦਿ ਅਤੇ ਇਹਨਾਂ ਦੇ ਇਲਾਜ ਲਈ ਵਰਤੀਆਂ ਲੰਬੇ ਸਮੇਂ ਲਈ ਲੋੜ ਤੋਂ ਵੱਧ ਦਵਾਈਆਂ ਵੀ ਹੋ ਸਕਦੀਆਂ ਹਨ। ਕਈ ਵਾਰੀ ਅਨੀਂਦਰਾ ਦੂਸਰੀਆਂ ਬੀਮਾਰੀਆਂ ਦੇ ਲੱਛਣ ਦੇ ਤੌਰ ’ਤੇ ਵੀ ਪਰਗਟ ਹੁੰਦਾ ਹੈ ਜਿਵੇਂ ਕਿ ਜਿਸ ਮਨੁੱਖ ਨੂੰ ਸਲੀਪ-ਅਪਨੀਆ (Sleep Apnea) ਰੋਗ ਹੈ ਜਿਸ ਵਿੱਚ ਰਾਤ ਨੂੰ ਸੌਣ ਵੇਲੇ ਦਸ ਕੁ ਸਕਿੰਟਾਂ ਲਈ ਸਾਹ ਰੁਕ ਜਾਂਦਾ ਹੈ, ਫਿਰ ਆਪਣੇ ਆਪ ਹੀ ਚਾਲੂ ਹੋ ਜਾਂਦਾ ਹੈ। ਇਹ ਵਰਤਾਰਾ ਸਾਰੀ ਰਾਤ ਯਾਰੀ ਰਹਿੰਦੇ ਹੈ, ਜਿਸ ਕਾਰਨ ਨੀਂਦਰ ਉੱਖੜੀ ਰਹਿੰਦੀ ਹੈ। ਕਈ ਲੋਕਾਂ ਦੀ ਲੱਤ ਰਾਤ ਨੂੰ ਸੌਣ ਵੇਲੇ ਆਪਣੇ ਆਪ ਹਿੱਲਦੀ ਰਹਿੰਦੀ ਹੈ, ਉਹ ਇਸ ਉੱਤੇ ਕੰਟਰੋਲ ਨਹੀਂ ਕਰ ਪਾਉਂਦੇ - ਭਾਵੇਂ ਇਹ ਕੋਈ ਬੀਮਾਰੀ ਨਹੀਂ ਪਰ ਇਹ ਵੀ ਅਨੀਂਦਰੇ ਦਾ ਕਾਰਨ ਬਣ ਜਾਂਦੀ ਹੈ।
ਇੰਗਲੈਂਡ ਦੇ ਡਾਕਟਰ ਇਡਾਈਨ ਨੇ ਹਸਪਾਤਾਲ ਵਿੱਚ ਕੰਮ ਕਰਦੇ ਅਮਲੇ-ਫੈਲੇ ਦਾ ਅਧਿਐਨ ਕਰਕੇ ਸਿੱਟੇ ਕੱਢੇ ਕਿ ਡਾਕਟਰੀ ਪੇਸ਼ੇ ਵਿੱਚ ਜਿਹੜੇ ਲੋਕ ਐਮਰਜੈਂਸੀ ਵਿੱਚ ਲਗਾਤਾਰ 24 ਘੰਟੇ ਕੰਮ ਕਰਦੇ ਹਨ, ਉਹਨਾਂ ਉੱਤੇ ਅਨੀਂਦਰੇ ਦਾ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਉਹਨਾਂ ਦਾ ਪੇਸ਼ਾ ਇਹ ਮੰਗ ਕਰਦਾ ਹੈ ਕਿ ਉਹ ਹਰ ਮਰੀਜ਼ ਬਾਰੇ ਬਹੁਤ ਹੀ ਗੰਭੀਰਤਾ ਨਾਲ ਸੋਚ ਵਿਚਾਰ ਕਰਕੇ ਫੈਸਲਾ ਕਰਨ। ਉਹਨਾਂ ਦਾ ਦਿਮਾਗ਼ ਪੂਰੀ ਤਰ੍ਹਾਂ ਚੇਤਨ ਹੋਣਾ ਚਾਹੀਦਾ ਹੈ। ਪਰ ਜਦੋਂ ਉਹਨਾਂ ਦੀ ਨੀਂਦ ਪੂਰੀ ਨਾ ਹੋਈ ਹੋਵੇ ਤਾਂ ਉਹ ਕੋਈ ਗੰਭੀਰ ਫੈਸਲਾ ਲੈਣ ਵੇਲੇ ਗਲਤੀ ਵੀ ਕਰ ਸਕਦੇ ਹਨ। ਕਈ ਵਾਰ ਉਹ ਅਨੀਂਦਰੇ ਵਿੱਚ ਡਿਊਟੀ ਤੋਂ ਰਾਤ ਬਰਾਤੇ ਗੱਡੀ ਚਲਾ ਕੇ ਘਰ ਜਾਂਦੇ ਹੋਏ ਦੁਰਘਟਨਾ ਦਾ ਵੀ ਸ਼ਿਕਾਰ ਹੋਏ ਹਨ। ਇਹੋ ਜਿਹੀਆਂ ਘਟਨਾਵਾਂ ਸਾਡੇ ਦੇਸ਼ ਵਿੱਚ ਵੀ ਕਰੋਨਾ ਵੇਲੇ ਵਾਪਰਦੀਆਂ ਰਹੀਆਂ ਹਨ ਕਿਉਂਕਿ ਉਸ ਵੇਲੇ ਡਾਕਟਰੀ ਸਟਾਫ ਨੂੰ ਲਗਾਤਾਰ ਕਈ ਕਈ ਦਿਨ ਡਿਊਟੀ ਕਰਨੀ ਪਈ ਸੀ। ਇਸ ਤਰ੍ਹਾਂ ਲੰਬੇ ਸਫਰ ’ਤੇ ਚੱਲਣ ਵਾਲੇ ਡਰਾਈਵਰ, ਜਿਹੜੇ ਕਿ ਕਈ ਕਈ ਰਾਤਾਂ ਜਾਗ ਕੇ ਗੱਡੀਆਂ ਚਲਾਉਂਦੇ ਹਨ, ਉਹ ਵੀ ਹਮੇਸ਼ਾ ਐਕਸੀਡੈਂਟ ਦੇ ਖਤਰੇ ਵਿੱਚ ਰਹਿੰਦੇ ਹਨ। ਜਿਹੜੇ ਲੋਕ ਪੜ੍ਹਾਈ ਦੇ ਸਾਲਾਂ ਵਿੱਚ ਆਪਣੇ ਸਰੀਰ ਅਤੇ ਮਨ ਨੂੰ ਸਾਰੀ ਸਾਰੀ ਰਾਤ ਜਾਗਣ ਦੀ ਆਦਤ ਪਾ ਲੈਂਦੇ ਹਨ, ਇਹ ਆਦਤ ਅਗਲੇ ਸਾਲਾਂ ਵਿੱਚ ਬਦਲਣੀ ਔਖੀ ਹੋ ਜਾਂਦੀ ਹੈ। ਆਮ ਕਰਕੇ ਵਿਦਿਆਰਥੀ ਜਾਗਣ ਲਈ ਐਂਟੀਸਲੀਪ ਗੋਲੀਆਂ ਦੀ ਵਰਤੋਂ ਕਰਦੇ ਹਨ। ਉਹਨਾਂ ਦਾ ਤੰਤੂਪ੍ਰਬੰਧ ਕੰਮਜ਼ੋਰ ਹੋ ਜਾਂਦਾ ਹੈ ਤੇ ਲੰਬੇ ਸਮੇਂ ਲਈ ਉਹ ਅਨੀਂਦਰੇ ਦਾ ਸ਼ਿਕਾਰ ਹੋ ਜਾਂਦੇ ਹਨ। ਅਗਲੇ ਸਾਲਾਂ ਵਿੱਚ ਉਹਨਾਂ ਦੀ ਨੀਂਦਰ ਤਿੰਨ-ਚਾਰ ਘੰਟਿਆਂ ਤਕ ਸੀਮਤ ਹੋ ਜਾਂਦੀ ਹੈ ਕਈ ਵਾਰੀ ਇਹ ਆਦਤ ਉਹਨਾਂ ਨੂੰ ਹੋਰ ਡਰੱਗਜ਼ ਅਤੇ ਸ਼ਰਾਬ ਵਲ ਵੀ ਲੈ ਜਾਂਦੀ ਹੈ। ਉਹ ਇਹਨਾਂ ਵਿੱਚੋਂ ਨੀਂਦ ਲੱਭਣ ਦੀ ਅਸਫਲ ਕੋਸ਼ਿਸ਼ ਕਰਨ ਲੱਗਦੇ ਹਨ। ਇਸ ਤੋਂ ਅੱਗੇ ਉਹ ਕਈ ਵਾਰੀ ਬਹੁਤ ਸਾਰੀਆਂ ਮਾਨਸਿਕ ਬੀਮਾਰੀਆਂ ਜਿਵੇਂ ਕਿ ਚਿੰਤਾ ਰੋਗ (Anxiety), ਨਿਰੋਸਿਸ ਤੇ ਘੋਰ ਉਦਾਸੀ ਵਿੱਚ ਵੀ ਪਹੁੰਚ ਜਾਂਦੇ ਹਨ।
ਇਹ ਵੀ ਨੋਟ ਕੀਤਾ ਗਿਆ ਹੈ ਕਿ ਕੁਝ ਲੇਖਕ, ਕਵੀ, ਕਲਾਕਾਰ ਤੇ ਚਿੰਤਕ ਵੀ ਜਿਹੜੇ ਸਾਰੀ ਸਾਰੀ ਰਾਤ ਜਾਗ ਕੇ ਲਿਖਤਾਂ ਲਿਖਦੇ ਹਨ, ਉਹ ਵੀ ਕਈ ਵਾਰੀ ਅਨੀਂਦਰੇ ਦੇ ਰੋਗ ਦੇ ਸ਼ਿਕਾਰ ਹੋ ਜਾਂਦੇ ਹਨ। ਨੀਂਦ ਨੂੰ ਉਡੀਕਦਿਆਂ ਕਈ ਵਾਰੀ ਰਾਤਾਂ ਗੁਜ਼ਾਰ ਦਿੰਦੇ ਹਨ। ਉਂਜ ਕਈ ਲੋਕਾਂ ਦੀ ਸਰੀਰਕ ਬਣਤਰ ਇਹੋ ਜਿਹੀ ਵੀ ਦੇਖੀ ਗਈ ਹੈ ਕਿ ਉਹ ਚਾਰ ਕੁ ਘੰਟੇ ਦੀ ਨੀਂਦਰ ਨਾਲ ਸੰਤੁਸ਼ਟ ਹੋ ਜਾਂਦੇ ਹਨ। ਉਹ ਜਾਗਣ ਵੇਲੇ ਪੂਰੀ ਤਰ੍ਹਾਂ ਸਵਸਥ ਰਹਿੰਦੇ ਹਨ ਅਤੇ ਪੂਰੀ ਤਰ੍ਹਾਂ ਚੇਤਨ ਰਹਿੰਦੇ ਹਨ। ਇਹ ਕਿਸੇ ਕਿਸੇ ਲਈ ਕੁਦਰਤੀ ਵਰਦਾਨ ਹੋ ਸਕਦਾ ਹੈ ਪਰ ਇਹ ਗੱਲ ਸਾਰੇ ਪ੍ਰਾਣੀਆਂ ਉੱਤੇ ਲਾਗੂ ਨਹੀਂ ਹੁੰਦੀ।
ਇੱਕ ਤੰਦਰੁਸਤ ਵਿਅਕਤੀ ਨੂੰ ਨੀਂਦ 90 ਤੋਂ 120 ਮਿੰਟ ਦੇ ਸਮੇਂ ਦੇ ਗੇੜ ਵਿੱਚ ਚਾਰ ਸਟੇਜਾਂ ਵਿੱਚ ਆਉਂਦੀ ਹੈ। ਜਦੋਂ ਅਸੀਂ ਸੌਦੇ ਹਾਂ ਤਾਂ ਪਹਿਲੀ ਸਟੇਜ ਵਿੱਚ ਸਾਡੇ ਮੱਸਲ ਜਾਂ ਮਾਸਪੇਸ਼ੀਆਂ ਸੁਸਤ ਹੁੰਦੀਆਂ ਹਨ ਜਾਂ ਕਹੀਏ ਕਿ ਵਿਸ਼ਰਾਮ ਅਵਸਥਾ ਵਿੱਚ ਆਉਂਦੀਆਂ ਹਨ। ਫਿਰ ਸਰੀਰ ਦਾ ਤਾਪਮਾਨ ਘਟਦਾ ਹੈ, ਦਿਲ ਦੀ ਧੜਕਣ ਦੀ ਗਤੀ ਥੋੜ੍ਹੀ ਹਲਕੀ ਪੈਂਦੀ ਹੈ ਅਤੇ ਸਰੀਰ ਗੂੜ੍ਹੀ ਨੀਂਦ ਵਲ ਜਾਣ ਲਈ ਤਿਆਰ ਹੋ ਜਾਂਦਾ ਹੈ। ਇਸ ਤੋਂ ਅੱਗੇ ਦੂਸਰੀ ਸਥਿਤੀ ਵਿੱਚ ਸਰੀਰ ਨੀਂਦ ਵਿੱਚ ਪਹੁੰਚਕੇ ਇਮਿਊਨ ਸਿਸਟਮ ਰਾਹੀਂ ਦਿਨ ਵੇਲੇ ਹੋਈ ਸਰੀਰਕ ਟੁੱਟਭੱਜ ਦੀ ਮੁਰੰਮਤ ਕਰਦਾ ਹੈ। ਐਡੋਂਕਰਾਈਨ ਗ੍ਰੰਥੀ ਆਪਣਾ ਰਸ ਛੱਡਦੀ ਹੈ। ਮਾਸਪੇਸ਼ੀਆਂ ਨੂੰ ਖੂਨ ਦੀ ਪੂਰੀ ਸਪਲਾਈ ਹੁੰਦੀ ਹੈ ਅਤੇ ਅਸੀਂ ਪੂਰੀ ਨੀਂਦ ਵਿੱਚ ਪਹੁੰਚ ਜਾਂਦੇ ਹਾਂ। ਤੀਸਰੀ ਸਟੇਜ ਵਿੱਚ ਸਰੀਰ ਦਾ ਮੈਟਾਬੌਲਿਕ ਸਿਸਟਿਮ (Metabolic System) ਬਿਲਕੁਲ ਸੁਸਤ ਹੋ ਜਾਂਦਾ ਹੈ, ਨੀਂਦ ਹੋਰ ਗੂੜ੍ਹੀ ਹੋ ਜਾਂਦੀ ਹੈ। ਚੌਥੀ ਸਟੇਜ ਲਗਭਗ 90ਵੇਂ ਮਿੰਟ ਤੋਂ100ਵੇਂ ਮਿੰਟ ਦੇ ਨੇੜੇ ਤੇੜੇ ਵਾਪਰਦੀ ਹੈ। ਸਰੀਰ ਦਾ ਬਲੱਡ ਪ੍ਰੈੱਸ਼ਰ ਵਧਦਾ ਹੈ, ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ, ਸਾਹ ਦੀ ਕ੍ਰਿਆ ਵੀ ਕੁਝ ਤੇਜ਼ ਹੋ ਜਾਂਦੀ ਹੈ ਅਤੇ ਦਿਮਾਗ ਵੀ ਤੇਜ਼ੀ ਨਾਲ ਕੰਮ ਕਰਨ ਲੱਗਦਾ ਹੈ। ਮਾਸਪੇਸ਼ੀਆਂ ਬਿਲਕੁਲ ਨਿੱਸਲ ਹੋ ਜਾਂਦੀਆਂ ਹਨ, ਇਹ ਹਰਕਤ ਵਿੱਚ ਨਹੀਂ ਰਹਿੰਦੀਆਂ। ਇਸ ਸਟੇਜ ਵਿੱਚ ਸਾਡਾ ਮਨ ਜਜ਼ਬਾਤਾਂ ਨਾਲ ਭਰ ਜਾਂਦਾ ਹੈ। ਸਾਡੇ ਚੇਤਨ ਮਨ ’ਤੇ ਅਚੇਤਨ ਮਨ ਭਾਰੂ ਹੋ ਜਾਂਦਾ ਹੈ। ਅਚੇਤਨ ਮਨ ਦਿਮਾਗ਼ ਨੂੰ ਵੀ ਆਪਣੇ ਕੰਟਰੋਲ ਵਿੱਚ ਕਰਕੇ ਡਰਾਉਣੇ ਸੁਪਨਿਆਂ ਦੇ ਕੌਤਿਕ ਦਿਖਾਉਂਦਾ ਹੈ। ਬਹੁਤੇ ਸੁਪਨੇ ਇਸੇ ਸਟੇਜ ਵਿੱਚ ਆਉਂਦੇ ਹਨ। ਸਾਰੀ ਰਾਤ ਇਹ ਵਰਤਾਰਾ ਚਲਦਾ ਰਹਿੰਦਾ ਹੈ। ਇਸ ਵਰਤਾਰੇ ਨੂੰ ਦਿਮਾਗ ਵਿੱਚ ਇੱਕ ਗ੍ਰੰਥੀ, ਜਿਸ ਨੂੰ ਪੀਨਲ (Pineal Gland) ਕਹਿੰਦੇ ਹਨ - ਆਪਣੇ ਰਸਾਂ ਰਾਹੀਂ ਕੰਟਰੋਲ ਕਰਦੀ ਹੈ। ਦਿਮਾਗ ਵਿੱਚ ਪੈਦਾ ਹੁੰਦੇ ਦੋ ਹਾਰਮੋਨਜ਼, ਮੇਲੋਟੋਨਿਨ ਅਤੇ ਸੈਰੋਟੋਨਿਨ ਗੂੜ੍ਹੀ ਨੀਂਦ ਲਿਆਉਣ ਅਤੇ ਸਵੇਰ ਤਕ ਮਨੁੱਖ ਨੂੰ ਤਰੋਤਾਜ਼ਾ ਕਰਨ ਵਿੱਚ ਮਦਦ ਕਰਦੇ ਹਨ। ਟਰਾਇਟੋਫਿਨ ਇੱਕ ਅਮੀਨੋ ਏਸਿਡ ਹੈ ਜਿਹੜਾ ਕਿ ਸਾਡੇ ਸਰੀਰ ਵਿੱਚ ਸੈਰੋਟੋਟਿਨ ਪੈਦਾ ਕਰਦਾ ਹੈ। ਇਹਨਾਂ ਦੋਹਾਂ ਦੀ ਘਾਟ ਅਨੀਂਦਰਾ ਪੈਦਾ ਕਰਕੇ ਥਕਾਵਟ ਪੈਦਾ ਕਰਦੀ ਹੈ। ਇਸ ਦੌਰਾਨ ਸਾਡੇ ਸਰੀਰ ਵਿੱਚ ਰਸਾਇਣਕ ਬਦਲਾਵ ਆਉਂਦੇ ਰਹਿੰਦੇ ਹਨ। ਨੀਂਦ ਵੀ ਕਈ ਵਾਰੀ ਉੱਖੜਦੀ ਹੈ।
ਕਈ ਵਾਰੀ ਕਿਸੇ ਚਿੰਤਾ ਕਾਰਨ ਨੀਂਦ ਉੱਡ ਜਾਂਦੀ ਹੈ ਜਾਂ ਘੋਰ ਅਨੀਂਦਰੇ ਕਾਰਨ ਚਿੰਤਾ ਦੇ ਲੱਛਣ ਨਜ਼ਰ ਆਉਣ ਲੱਗਦੇ ਹਨ। ਇਹਨਾਂ ਦੋਹਾਂ ਹਾਲਤਾਂ ਵਿੱਚ ਸਿਹਤਮੰਦ ਨੀਂਦ ਨਹੀਂ ਆਉਂਦੀ ਤੇ ਡਰਾਉਣੇ ਸੁਪਨੇ ਵਾਰ ਵਾਰ ਨੀਂਦ ਖਰਾਬ ਕਰਦੇ ਰਹਿੰਦੇ ਹਨ। ਇਸ ਹਾਲਤ ਵਿੱਚ ਰਾਤ ਨੂੰ ਸ਼ੁਰੁ ਹੋਇਆ ਸਿਰ ਦਰਦ ਦਿਨ ਵੇਲੇ ਵੀ ਰਹਿਣ ਲੱਗਦਾ ਹੈ। ਪੇਟ ਵਿੱਚ ਪੈਦਾ ਹੋਣ ਵਾਲੇ ਪਾਚਕ ਰਸ ਦੀ ਮਿਕਦਾਰ ਵੱਧ-ਘਟ ਜਾਂਦੀ ਹੈ। ਕਈ ਵਾਰੀ ਪੇਟ ਦਰਦ ਵੀ ਮਹਿਸੂਸ ਹੁੰਦਾ ਹੈ। ਪੇਟ ਦੀ ਗੈਸ ਵੀ ਸਿਰ ’ਤੇ ਭਾਰੂ ਹੋ ਜਾਂਦੀ ਹੈ। ਸੁਭਾਓ ਚਿੜਚਿੜਾ ਹੋ ਜਾਂਦਾ ਹੈ ਸਰੀਰ ਤੇ ਮਨ ਦੀ ਇਕਾਗਰਤਾ ਭੰਗ ਹੋ ਜਾਂਦੀ ਹੈ। ਇਸਦਾ ਅਸਰ ਸਾਹ-ਕਿਰਿਆ, ਪਾਚਣ ਕਿਰਿਆ ਅਤੇ ਬਲੱਡ-ਪ੍ਰੈੱਸ਼ਰ ਉੱਤੇ ਵੀ ਪੈਦਾ ਹੈ।
ਇਸ ਨਾਮੁਰਾਦ ਬੀਮਾਰੀ ਤੋਂ ਕਿਵੇਂ ਨਿਜਾਤ ਪੀ ਜਾ ਸਕਦੀ ਹੈ, ਇਸ ਬਾਰੇ ਬਹੁਤ ਸਾਰੇ ਢੰਗ ਸੁਝਾਏ ਗਏ ਹਨ। ਉਂਜ ਤਾਂ ਮੈਲੋਟੋਨਿਨ ਅਤੇ ਸੈਰੋਟੋਨਿਨ ਹਾਰਮੋਨਜ਼ ਕੁਦਰਤ ਨੇ ਸਾਡੇ ਸਰੀਰ ਵਿੱਚ ਆਪੇ ਪੈਦਾ ਹੋਣ ਦਾ ਵਿਧਾਨ ਬਣਾਇਆ ਹੋਇਆ ਹੈ ਅਤੇ ਇਹ ਮਨੁੱਖ ਨੂੰ ਲੋੜੀਂਦੀ ਨੀਂਦ ਬਖਸ਼ ਕੇ ਤਰੋਤਾਜ਼ਾ ਰੱਖਣ ਲਈ ਪੂਰਨ ਤੌਰ ’ਤੇ ਸਮਰੱਥ ਹਨ ਪਰ ਜਦੋਂ ਕੁਝ ਕਾਰਨਾਂ ਕਰਕੇ ਇਹਨਾਂ ਦਾ ਤਵਾਜ਼ਨ ਵਿਗੜ ਜਾਂਦਾ ਹੈ ਤਾਂ ਅਨੀਂਦਰੇ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਇਹਨਾਂ ਦੀ ਪੂਰਤੀ ਲਈ ਕੁਝ ਦੇਰ ਲਈ ਹਾਰਮੋਨਜ਼ ਦੀਆਂ ਗੋਲੀਆਂ ਲੈਣੀਆਂ ਪੈਂਦੀਆਂ ਹਨ। ਇਹਨਾਂ ਗੋਲੀਆਂ ਦਾ ਵੀ ਅਸਰ ਕੁਝ ਦੇਰ ਬਾਅਦ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਮੰਤਵ ਲਈ ਇੱਕ ਜੜੀ-ਬੂਟੀ ਜਿਸਦਾ ਨਾਮ ਵਾਲੇਰੀਅਨ ਹੈ, ਜਿਹੜੀ ਉੱਚੀਆਂ ਠੰਢੀਆਂ ਥਾਂਵਾਂ ’ਤੇ ਹੁੰਦੀ ਹੈ - ਭਾਰਤ ਦੇ ਉੱਤਰ ਵਿੱਚ ਹਿਮਾਲਾ ਵਿੱਚ 3000 ਫੁੱਟ ਦੀ ਉੱਚਾਈ ਤੋਂ ਉੱਪਰ ਪਾਈ ਜਾਂਦੀ ਹੈ ਅਤੇ ਇਸ ਵਿੱਚੋਂ ਖੁਸ਼ਬੂ ਆਉਂਦੀ ਹੈ - ਇਸ ਜੜੀ-ਬੂਟੀ ਵਿੱਚ ਨੀਂਦ ਲਿਆਉਣ ਵਾਲਾ ਤੱਤ ਤੀਬਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਵੀ ਆਯੁਰਵੇਦਿਕ ਬਣੀ ਦਵਾਈ ਮਿਲਦੀ ਹੈ ਜਿਹੜੀ ਕਿ ਬਹੁਤ ਅਸਰਦਾਇਕ ਹੈ। ਵਾਰ ਵਾਰ ਇਹ ਦੱਸਿਆ ਜਾਂਦਾ ਹੈ ਕਿ ਅਨੀਂਦਰੇ ਨਾਲ ਪੀੜਤ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਦਵਾਈ ਡਾਕਟਰ ਦੀ ਸਲਾਹ ਤੋਂ ਬਗੈਰ ਨਹੀਂ ਲੈਣੀ ਚਾਹੀਦੀ। ਦਵਾਈਆਂ ਤਾਂ ਆਖਰੀ ਸਾਧਨ ਹਨ। ਇਹ ਵੀ ਨੋਟ ਕੀਤਾ ਗਿਆ ਹੈ ਕਿ ਅਮਰੀਕਾ ਦੇ ਨੌਜਵਾਨਾਂ ਦੀ 33% ਗਿਣਤੀ ਸਿਹਤਮੰਦ ਨੀਂਦਰ ਨਹੀਂ ਭੋਗਦੇ, ਸਗੋਂ ਸੈਡੇਟਿਵ (Sedative) ਲੈ ਕੇ ਸੌਂਦੇ ਹਨ ਜਿਸ ਨਾਲ ਉਹਨਾਂ ਦੇ ਦਿਮਾਗ ਦੀਆਂ ਨਰਵਜ਼ ਕਮਜ਼ੋਰ ਹੋ ਕੇ ਸੁਸਤ ਹੋ ਜਾਂਦੀਆਂ ਹਨ ਅਤੇ ਗਿਆਨ ਇੰਦਰੀਆਂ ਵੱਲੋਂ ਆਏ ਸੁਨੇਹਿਆ ਦਾ ਸਹੀ ਤਰ੍ਹਾਂ ਅਦਾਨ-ਪ੍ਰਦਾਨ ਨਹੀਂ ਕਰਦੀਆਂ।
ਅਨੀਂਦਰੇ ਉੱਤੇ ਕਾਬੂ ਪਾਉਣ ਲਈ ਵਿਅਕਤੀ ਨੂੰ ਆਪਣੀਆਂ ਖਾਣ-ਪੀਣ ਅਤੇ ਸੌਣ ਦੀਆਂ ਆਦਤਾਂ ਦਾ ਨਿਰੀਖਣ ਕਰਨ ਦੀ ਲੋੜ ਹੈ। ਸਾਡੇ ਸੌਣ, ਖਾਣ, ਸਵੇਰੇ ਉੱਠਣ ਅਤੇ ਕਸਰਤ ਕਰਨ ਦਾ ਸਮਾਂ ਨਿਸ਼ਚਿਤ ਹੋਣਾ ਚਾਹੀਦਾ ਹੈ। ਸੌਣ ਦਾ ਕਮਰਾ ਸ਼ਾਂਤ, ਹਲਕਾ ਹਨੇਰਾ, ਮੌਸਮ ਮੁਤਾਬਕ ਹੋਣਾ ਚਾਹੀਦਾ ਹੈ। ਸੌਣ ਵੇਲੇ ਨਾ ਤਾਂ ਬਹੁਤਾ ਖਾਣਾ ਚਾਹੀਦਾ ਹੈ ਤੇ ਨਾ ਹੀ ਬਹੁਤੀ ਭਾਰੀ ਹੱਡ ਤੋੜ ਕਸਰਤ ਕਰਨੀ ਚਾਹੀਦੀ ਹੈ। ਸੌਣ ਤੋਂ ਇੱਕ ਘੰਟਾ ਪਹਿਲਾਂ ਟੀ.ਵੀ ਜਾਂ ਸੋਸ਼ਲ ਮੀਡੀਆ ਬੰਦ ਕਰ ਦੇਣਾ ਚਾਹੀਦਾ ਹੈ। ਬਹੁਤ ਹੀ ਹਲਕਾ ਜਿਹਾ ਸੰਗੀਤ ਸੁਣਿਆ ਜਾ ਸਕਦਾ ਹੈ। ਸੌਣ ਵੇਲੇ ਕੋਈ ਗੰਭੀਰ ਬਹਿਸ ਨਹੀਂ ਕਰਨੀ ਚਾਹੀਦੀ ਅਤੇ ਦਿਨ ਵੇਲੇ ਸੌਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਰਾਤ ਵੇਲੇ ਚਾਹ ਕੌਫੀ, ਨਿਕੋਟਿਨ, ਕੈਫੀਨ ਤੇ ਅਲਕੌਹਲ ਤੋਂ ਵੀ ਬਚਣ ਦੀ ਲੋੜ ਹੈ। ਪੁਰਾਣੇ ਜ਼ਮਾਨੇ ਵਿੱਚ ਸੌਣ ਵੇਲੇ ਰਾਤ ਨੂੰ ਲੋਕ ਦੁੱਧ ਪੀ ਕੇ ਸੌਂਦੇ ਸਨ। ਇਸ ਨਾਲ ਉਹਨਾਂ ਨੂੰ ਜਲਦੀ ਨੀਂਦ ਆ ਜਾਂਦੀ ਸੀ। ਹੁਣ ਵੀ ਕਈ ਲੋਕ ਇਹ ਕਹਿੰਦੇ ਸੁਣੇ ਗਏ ਹਨ ਕਿ ਮੈਨੂੰ ਦੁੱਧ ਪੀਤੇ ਬਗੈਰ ਨੀਂਦ ਨਹੀਂ ਆਉਂਦੀ। ਅਸਲ ਵਿੱਚ ਦੁੱਧ ਵਿੱਚ ਅਲੈਕਟਰੋਬੋਮਿਨ ਪ੍ਰੋਟੀਨਜ਼ ਹੋਰ ਖਾਧ ਪਦਾਰਥਾਂ ਨਾਲੋਂ ਜ਼ਿਆਦਾ ਹੁੰਦੇ ਹਨ ਜਿਹੜੇ ਕਿ ਅਮੀਨੋ ਏਸਿਡ ਨਾਲ ਮਿਲ ਕੇ ਕੁਦਰਤੀ ਮੈਲਾਟੋਨਿਨ ਪੈਦਾ ਕਰਦੇ ਹਨ ਤੇ ਇਹੀ ਤੱਤ ਸਾਨੂੰ ਨੀਂਦਰ ਲਈ ਜ਼ਰੂਰੀ ਹੈ। ਇਸੇ ਤਰ੍ਹਾਂ ਪੰਜਾਬ ਦੇ ਪਿੰਡਾਂ ਵਿੱਚ ਲੋਕ ਖਾਸ ਕਰਕੇ ਗਰਮੀਆਂ ਦੇ ਦਿਨਾਂ ਵਿੱਚ ਜੌਆਂ ਜਾਂ ਕਣਕ ਦੇ ਆਟੇ ਵਿੱਚ ਸ਼ੱਕਰ ਘੋਲ ਕੇ ਗਾੜ੍ਹਾ ਜਿਹਾ ਸੱਤੂ/ਸ਼ਰਬਤ (ਅੱਜ ਦਾ ਮਾਲਟਿਡ ਮਿਲਕ) ਬਣਾ ਕੇ ਸ਼ੌਕ ਨਾਲ ਪੀਂਦੇ ਸਨ। ਇਸ ਤੋਂ ਉਹਨਾਂ ਨੂੰ ਬਹੁਤ ਸਾਰੇ ਉਹ ਤੱਤ ਮਿਲ ਜਾਂਦੇ ਸਨ, ਜਿਨ੍ਹਾਂ ਨਾਲ ਸਿਹਤ ਵੀ ਵਧੀਆ ਰਹਿੰਦੀ ਸੀ ਅਤੇ ਸਿਹਤਮੰਦ ਨੀਂਦ ਵੀ ਸੌਂਦੇ ਸਨ। ਮਨੋਵਿਗਿਆਨੀ ਮਨੋਵਿਸ਼ਲੇਸ਼ਣ ਕਰਕੇ ਸਾਇਕੋਥੈਰਪੀ ਰਾਹੀਂ ਵੀ ਅਨੀਂਦਰੇ ਅਤੇ ਹੋਰ ਮਾਨਸਿਕ ਰੋਗੀਆਂ ਦੀ ਮਦਦ ਕਰ ਸਕਦੇ ਹਨ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4270)
(ਸਰੋਕਾਰ ਨਾਲ ਸੰਪਰਕ ਲਈ: (