“ਬੜਾ ਦੁਖਿਆ ਮਨ ਮੇਰਾ। ਹੰਝੂ ਕਿਰੇ ਮੇਰੀਆਂ ਅੱਖਾਂ ਵਿੱਚੋਂ ...”
(ਮਈ 27, 2016)
ਬੜੀ ਧੂਮਧਾਮ ਨਾਲ ਹੋਇਆ ਸੀ ਸਾਡਾ ਵਿਆਹ। ਮਾਪੇ ਖੁਸ਼ੀ ਵਿਚ ਫੁੱਲੇ ਨਹੀਂ ਸਨ ਸਮਾਉਂਦੇ। ਸੁਪਨੇ ਲਏ ਸਨ ਖੂਬਸੂਰਤ ਜ਼ਿੰਦਗੀ ਦੇ। ਨੌਕਰੀ ਕਰਦਾ ਸਾਂ ਮੈਂ, ਪਰ ਘਰਵਾਲੀ ਦਾ ਕੋਰਸ ਹਾਲੀਂ ਪੂਰਾ ਨਹੀਂ ਸੀ ਹੋਇਆ। ਮੋਹ ਬੜਾ ਸੀ ਸਾਡਾ ਆਪਸ ਵਿਚ। ਦਫਤਰੋਂ ਘਰ ਮੁੜਦਿਆਂ ਮੈਂਨੂੰ ਕਦੀ ਦੇਰੀ ਹੋ ਜਾਂਦੀ ਤਾਂ ਬੂਹੇ ਵਿਚ ਖੜ੍ਹੀ ਮੈਨੂੰ ਉਡੀਕਦੀ ਰਹਿੰਦੀ। ਫੋਨ ਓਦੋਂ ਨਹੀਂ ਸਨ ਹੁੰਦੇ। ਬਹੁਤ ਖਿਝਦੀ ਮੇਰੀ ਲਾਪ੍ਰਵਾਹੀ ਉੱਪਰ। ਉਹ ਬੋਲਦੀ - ਮੈਂ ਸੁਣਦਾ। ਮੈਂ ਬੋਲਦਾ - ਉਹ ਸੁਣਦੀ। ਜ਼ਿੰਦਗੀ ਬਹੁਤ ਸੁਹਣੀ ਲੰਘਣ ਲੱਗੀ। ਥੋੜ੍ਹੇ ਬਹੁਤ ਗਿਲੇ ਸ਼ਿਕਵੇ ਵੀ ਹੁੰਦੇ ਕਦੀ ਕਦੀ। ਇਹ ਸਿਲਸਿਲਾ ਕਈ ਵਰ੍ਹਿਆਂ ਤੱਕ ਇਸੇ ਤਰ੍ਹਾਂ ਚਲਦਾ ਰਿਹਾ।
ਤੇ ਨਵੀਂ ਗੱਲ ਉਦੋਂ ਹੋਈ ਜਦੋਂ ਘਰ ਵਿਚ ਦੋ ਬੱਚਿਆਂ ਦਾ ਜਨਮ ਹੋ ਗਿਆ - ਇਕ ਧੀ ਅਤੇ ਇਕ ਪੁੱਤਰ। ਸਤੁੰਲਿਤ ਪਰਿਵਾਰ ਸੀ ਇਹ। ਸ਼ਾਮ ਨੂੰ ਘਰ ਵਾਪਸੀ ਸਮੇਂ ਜਦੋਂ ਦੋਵੇਂ ਬੱਚੇ ਮੇਰੀਆਂ ਲੱਤਾਂ ਨਾਲ ਚਿੰਬੜਦੇ ਤਾਂ ਅਨੋਖੇ ਆਨੰਦ ਦੀ ਲਹਿਰ ਮਨ ਵਿਚ ਉੱਠਦੀ। ਦਿਨ ਭਰ ਦੀ ਥਕਾਵਟ ਪਲ ਵਿਚ ਹੀ ਕਿਧਰੇ ਦੂਰ ਭੱਜ ਜਾਂਦੀ। ਪੂਰੀ ਤਰ੍ਹਾਂ ਆਨੰਦਿਤ ਹੋ ਜਾਂਦਾ ਮੈਂ। ਬਹੁਤ ਖੁਸ਼ ਹੁੰਦੇ ਅਸੀਂ ਦੋਵੇਂ।
ਸਮੇਂ ਨਾਲ ਉਹ ਵੱਡੇ ਹੋਣ ਲੱਗੇ। ਤੰਗ ਕਰਦੇ ਤਾਂ ਮੂੰਹੋਂ ਅੱਗ ਵਰ੍ਹਾਉਣ ਲਗਦਾ ਮੈਂ। ਸੁਣਕੇ ਮੇਰੀ ਸਾਥ ਸਭ ਸਹਾਰ ਲੈਂਦੀ। ਉਂਗਲ ਫੜਕੇ ਇਕ ਪਾਸੇ ਲੈ ਜਾਂਦੀ। ਸੌਣ ਵੇਲੇ ਕਈ ਵਾਰ ਮੈਂ ਸੋਚਦਾ - ਔਰਤ ਦੀ ਜ਼ਿੰਦਗੀ ਵੀ ਕੀ ਹੈ - ਭਾਂਡੇ ਮਾਂਜਣਾ, ਬੱਚੇ ਜੰਮਣਾ ਜਾਂ ਪਤੀ ਪੂਜਣਾ? ਸੋਚਾਂ ਸੋਚਦੇ ਮੇਰੇ ਅੰਦਰ ਉਸ ਲਈ ਸਨੇਹ ਉੱਠਦਾ। ਸੁੱਤੀ ਪਈ ਨੂੰ ਟਿਕਟਿਕੀ ਲਾਈ ਦੇਖਦਾ ਮੈਂ। ਸੌਂ ਜਾਂਦਾ ਤਾਂ ਚੰਗੇ ਮਾੜੇ ਸੁਪਨੇ ਆਉਂਦੇ।
ਗੱਲ ਸਾਡੀ ਕਦੀ ਕਦੀ ਬਹੁਤ ਵਿਗੜ ਜਾਂਦੀ। ਪੂਰੀ ਤਰ੍ਹਾਂ ਰੁੱਸ ਜਾਂਦੀ ਉਹ ਮੇਰੇ ਨਾਲ। ਕਈ ਕਈ ਦਿਨ ਸਾਡੇ ਇਸੇ ਰੋਸੇ ਵਿਚ ਹੀ ਲੰਘ ਜਾਂਦੇ। ਔਰਤ ਸੀ ਵਿਚਾਰੀ। ਜ਼ੋਰ ਨਾ ਚਲਦਾ ਦੇਖਕੇ ਹਾਰ ਮੰਨਦੀ ਹੋਈ ਬੁਲਾ ਲੈਂਦੀ ਮੈਨੂੰ। ਹੱਥ ਮੇਰਾ ਆਪਣੇ ਹੱਥ ਵਿਚ ਲੈ ਲੈਂਦੀ। ਆਖਦੀ, “ਸਿੱਧੇ ਘਰ ਆਇਉ ਅੱਜ, ਕਿਤੇ ਰੁਕਿਉ ਨਾ।”
“ਕਿਉਂ?” ਮੈਂ ਆਖਦਾ।
“ਕੱਪੜੇ ਲੈਣੇ ਨੇ। ਕਿਤਾਬਾਂ ਕਾਪੀਆਂ ਦੀ ਵੀ ਲੋੜ ਹੈ।”
ਮੰਨ ਜਾਂਦੇ ਫਿਰ ਅਸੀਂ ਆਪਸ ਵਿਚ। ਇਕ ਮਿਕ ਹੋ ਜਾਂਦੇ ਪਹਿਲਾਂ ਵਾਂਗ ਹੀ। ਹਾਸਾ ਠੱਠਾ ਫਿਰ ਗੂੰਜਣ ਲਗਦਾ। ਕਦੀ ਕਦਾਈਂ ਉਸਨੂੰ ਪਤਾ ਨਹੀਂ ਕੀ ਹੋ ਜਾਂਦਾ। ਅੱਗ ਬਗੋਲ਼ਾ ਹੋਈ ਉਹ ਆਖਦੀ, “ਭੌਂਕਦੀ ਹਾਂ ਮੈਂ ਤਾਂ। ਕਦੀ ਗੱਲ ਸੁਣੀ ਵੀ ਹੈ ਮੇਰੀ? ਸੌ ਵਾਰੀ ਕਿਹਾ ਕਿ ...”
“ਕੀ ਕਿਹਾ ਤੂੰ?”
ਘਰ ਹੋਣਾ ਚਾਹੀਦਾ ਸਾਡਾ ਆਪਣਾ। ਕਦੋਂ ਤੱਕ ਬਿਗਾਨੀਆਂ ਛੱਤਾਂ ਥੱਲੇ ਰੋਲੋਗੇ ਸਾਨੂੰ? ਹੁਣੇ ਮਕਾਨ ਮਾਲਕਣ ਆਈ ਸੀ। ਪੰਜ ਛੇ ਦਿਨ ਵਿਚ ਕਮਰਾ ਖਾਲੀ ਕਰਨ ਲਈ ਕਹਿ ਗਈ ਹੈ।”
ਨਵਾਂ ਘਰ ਲੱਭਣਾ ਕੋਈ ਖੋਜ ਕਰਨ ਜਿਹਾ ਜਾਪਦਾ ਸੀ।
ਸਮਾਨ ਢੋਂਹਦਿਆਂ ਮੈਨੂੰ ਸ਼ਰਮ ਤਾਂ ਆਉਂਦੀ, ਪਰ ਮਕਾਨ ਬਨਾਉਣਾ ਅਜੇ ਮੇਰੇ ਵੱਸ ਤੋਂ ਦੂਰ ਦੀ ਗੱਲ ਸੀ। ਰਿਸ਼ਤੇਦਾਰੀਆਂ ਫਿੱਕੀਆਂ ਪੈਣ ਕਰਕੇ ਕਿਸੇ ਤੋਂ ਕਿਸੇ ਸਹਿਯੋਗ ਦੀ ਕੋਈ ਆਸ ਨਹੀਂ ਸੀ। ਕਈ ਵਾਰ ਉਹ ਜਿਵੇਂ ਕੱਪੜਿਉਂ ਬਾਹਰ ਹੋ ਜਾਂਦੀ, “ਇਸ ਨਾਲੋਂ ਚੰਗਾ ਰੱਬ ਮੈਨੂੰ ਚੁੱਕ ਹੀ ਲਵੇ। ਥੁੜਿਆ ਵੀ ਕੀ ਪਿਆ ਸੀ ਵਿਆਹ ਖੁਣੋਂ। ਸਿਆਪਾ ਗੱਲ ਪਾ ਲਿਆ ਵਾਧੂ ਦਾ। ਭੋਰਾ ਚਿੱਤ ਨੀਂ ਕਰਦਾ ਜੀਣ ਲਈ। ਕਰਾਂ ਵੀ ਕੀ? ਨਿੱਕੇ ਨਿੱਕੇ ਮਸੂਮਾਂ ਦਾ ਮੋਹ ਮਰਨ ਵੀ ਤਾਂ ਨਹੀਂ ਦਿੰਦਾ। ਬਾਲਾਂ ਲਈ ਕਿਵੇਂ ਚੰਦਰੀ ਬਣ ਜਾਵਾਂ? ਮਰ ਵੀ ਗਈ ਤਾਂ ਕੀ ਕਹਿਣਗੇ ਲੋਕ? ਕੌਣ ਪਿੱਛੇ ਸਾਰ ਲਵੇਗਾ ਇਨ੍ਹਾਂ ਦੀ?” ਆਖਦੀ ਰੋਣ ਲਗਦੀ ਉਹ। ਰੋਂਦੀ ਰੋਂਦੀ ਬੱਚਿਆਂ ਨੂੰ ਆਪਣੇ ਕਲਾਵੇ ਵਿਚ ਲੈ ਲੈਂਦੀ। ਮੱਥੇ ਚੁੰਮਦੀ ਦੋਹਾਂ ਦੇ। ਨਿੱਕੇ ਬਾਲਾਂ ਨੂੰ ਕੀ ਪਤਾ ਕਿ ਉਨ੍ਹਾਂ ਦੀ ਮਾਂ ਨੂੰ ਕੀ ਹੋਇਆ ਸੀ। ਸਮਝ ਛੋਟੀ ਸੀ। ਉਮਰ ਸਮਝਣ ਦੇ ਕਾਬਿਲ ਨਹੀਂ ਸੀ। ਮੈਂ ਜਾਣਦਾ ਸਾਂ ਜਾਂ ਫਿਰ ਉਹ।
ਗੁੱਸਾ ਸੱਚਾ ਸੀ ਉਸਦਾ। ਮੇਰਾ ਤਾਂ ਦਫਤਰ ਬੈਠਕੇ ਦਿਨ ਕੱਟ ਜਾਂਦਾ ਸੀ। ਘਰ ਬੈਠੇ ਉਸਨੂੰ ਹੀ ਸੱਭ ਦੀਆਂ ਸੁਣਨੀਆਂ ਪੈਂਦੀਆਂ ਸਨ। ਰੋਦੀਂ ਅਤੇ ਸਿਸਕੀਆਂ ਭਰਦੀ ਨੂੰ ਮੈਂ ਚੁੱਪ ਕਰਵਾ ਦਿੰਦਾ, “ਚਿੱਤ ਹੌਲਾ ਨਾ ਕਰ,ਸਭ ਠੀਕ ਹੋ ਜਾਏਗਾ।” ਮੈਂ ਹੌਂਸਲਾ ਦਿੰਦਾ, “ਲੰਘ ਜਾਣਗੇ ਇਹ ਦਿਨ ਵੀ। ਤੂੰ ਆਪਣੇ ਘਰ ਦੀ ਰਾਣੀ ਜ਼ਰੂਰ ਬਣੇਂਗੀ।” ਮੇਰੇ ਬੋਲਾਂ ਵਿਚ ਉਹ ਆਪਣਾ ਸੁਪਨਾ ਪੂਰਾ ਹੋਣ ਦੀ ਆਸ ਰੱਖਣ ਲਗਦੀ।
ਦਿਨ ਇਸ ਤਰ੍ਹਾਂ ਲੰਘਦੇ ਜਾ ਰਹੇ ਸਨ। ਇਕ ਦਿਨ ਬਿੱਲੀ ਦੋ ਬਲੂੰਗੜੇ ਲੈ ਆਈ। ਸੁਣਿਆ ਸੀ ਕਿ ਬਿੱਲੀ ਸੱਤ ਘਰ ਬਦਲਦੀ ਹੈ ਆਪਣੇ ਬੱਚਿਆਂ ਨੂੰ ਲੈ ਕੇ। ਭੇਦ ਕੀ ਸੀ ਇਸਦਾ,ਪਤਾ ਨਹੀਂ। ਮੈਂ ਵੀ ਕਈ ਘਰ ਬਦਲ ਚੁੱਕਾ ਸੀ। ਬਿੱਲੀ ਦੇ ਬਲੂੰਗੜਿਆਂ ਲਈ ਉਹ ਦੁੱਧ ਦਾ ਕਟੋਰਾ ਰੱਖ ਆਉਦੀਂ। ਚਿੱਪ ਚਿੱਪ ਕਰਕੇ ਉਹ ਇੱਕੋ ਸਾਹੇ ਪੀ ਜਾਂਦੇ। ਬਿੱਲੀ ਦੀ ਮਿਆਂਊਂ ਮਿਆਂਊਂ ਨਾਲ ਇਕ ਰਾਤ ਉਹ ਉੱਠ ਬੈਠੀ। ਛੱਤ ਉੱਪਰ ਗਈ। ਦੇਖਿਆ ਬਿੱਲੀ ਇਕ ਬਿੱਲੇ ਨਾਲ ਲੜ ਰਹੀ ਸੀ। ਸੋਟੀ ਲੈ ਕੇ ਉਸਨੇ ਉਸਨੂੰ ਭਜਾ ਦਿੱਤਾ।
“ਆਇਉ ਉੱਪਰ। ਬਿੱਲੀ ਦੇ ਬਲੂੰਗੜੇ ਨੂੰ ਦੇਖਿਉ।” ਉਸ ਨੇ ਅਵਾਜ਼ ਦਿੱਤੀ।
ਉੱਪਰ ਗਿਆ ਮੈਂ। ਇਕ ਤਾਂ ਔਖੇ ਔਖੇ ਸਾਹ ਭਰ ਰਿਹਾ ਸੀ। ਸ਼ਾਇਦ ਬਿੱਲੇ ਨੇ ਉਸਨੂੰ ਮਾਰ ਦਿੱਤਾ ਸੀ। ਦੂਜਾ ਬੁਰੀ ਤਰ੍ਹਾਂ ਠਠੰਬਰਿਆ ਬੈਠਾ ਸੀ। ਮਰੇ ਹੋਏ ਬਲੂੰਗੜੇ ਨੂੰ ਮੈਂ ਪਰੇ ਕਰ ਦਿੱਤਾ। ਰਾਤੋ ਰਾਤ ਦੂਸਰੇ ਬਲੂੰਗੜੇ ਨੂੰ ਬਿੱਲੀ ਪਤਾ ਨਹੀਂ ਕਿਹੜੇ ਘਰ ਛੱਡ ਆਈ। ਪਰ ਉਹ ਹੁਣ ਉੱਥੇ ਆ ਕੇ ਬੈਠੀ ਰਹਿੰਦੀ। ਪੱਲੇ ਨਾਲ ਜਗਾਹ ਨੂੰ ਖਰੋਚਦੀ ਰਹਿੰਦੀ। ਨਹੁੰਦਰਾਂ ਮਾਰਦੀ। ਬਲੂੰਗੜੇ ਨੂੰ ਲੱਭਦੀਆਂ ਉਸਦੀਆਂ ਅੱਖਾਂ ਮੇਰੇ ਕੋਲੋਂ ਦੇਖੀਆਂ ਨਾ ਜਾਂਦੀਆਂ।
ਹੌਲ਼ੀ ਹੌਲ਼ੀ ਮਾਂ ਦੀ ਮਮਤਾ ਦੇ ਅਰਥ ਹੁਣ ਮੈਂਨੂੰ ਵੀ ਸਮਝ ਆ ਗਏ ਸਨ। ‘ਮਾਂ, ਮਾਂ ਹੀ ਹੁੰਦੀ ਹੈ’ ਮੈਂ ਸੋਚਦਾ। ਆਖਦੀ ਵੀ ਸੀ, “ਕੌਣ ਪੁੱਛਦਾ ਨਿੱਕੇ ਮਸੂਮਾਂ ਨੂੰ ਮਾਂ ਬਿਨਾਂ?”
ਇਹ ਗੱਲ ਮੈਨੂੰ ਉਸਦੇ ਹੋਰ ਵੀ ਨੇੜੇ ਲੈ ਆਈ। ਪਹਿਲਾਂ ਨਾਲੋਂ ਵੀ ਮੈਂ ਉਸ ਨੂੰ ਚੰਗੀ ਤਰ੍ਹਾਂ ਸਮਝਣ ਲੱਗ ਪਿਆ। ਝਗੜਨਾ ਹੁਣ ਚੰਗਾ ਨਹੀਂ ਸੀ ਲਗਦਾ। ਬੱਚੇ ਹੋਰ ਵੱਡੇ ਹੋ ਰਹੇ ਸਨ। ਘਰ ਦੀ ਲੋੜ ਤਾਂ ਜ਼ਰੂਰੀ ਸੀ। ਕਿਰਾਏਦਾਰ ਅਖਵਾਉਣ ਵਿਚ ਉਹ ਹੁਣ ਬੇਇਜ਼ਤੀ ਸਮਝਦੇ ਸਨ। ਕਾਫੀ ਸਮਝਾ ਲਿਆ ਸੀ ਅਸੀਂ ਹੁਣ ਆਪਣੇ ਆਪ ਨੂੰ। ਕਦੀ ਕਦੀ ਜੇ ਥੋੜ੍ਹਾ ਬਹੁਤ ਬੋਲ ਬੁਲਾਰਾ ਹੋ ਵੀ ਜਾਂਦਾ ਤਾਂ ਝੱਟ ਘੜੀ ਵਿਚ ਫਿਰ ਉਹੋ ਜਿਹੇ।
“ਰੋਜ਼ ਰੋਜ਼ ਮਰਨ ਮਰਨ ਕਰਦੀ ਰਹਿੰਦੀ ਏਂ। ਮਰ ਕੇ ਦਿਖਾ ਤਾਂ ਸਹੀ।” ਇਕ ਵਾਰ ਮੈਂ ਕਿਹਾ। ਉਹ ਹੱਸ ਪਈ। ਕਹਿਣ ਲੱਗੀ, “ਮਰ ਤਾਂ ਜਾਵਾਂ। ਆਹ ਜਿਹੜੇ ਦੋ ਜੰਮੇ ਨੇ, ਮਰਨ ਨੀਂ ਦਿੰਦੇ। ਹੋਰ ਕਿਹੜਾ ਸੁਖ ਪਾਇਆ ਇਨ੍ਹਾਂ ਬਿਨਾਂ ...”
ਬੱਚੇ ਸੁਣਦੇ ਤਾਂ ਮੂੰਹ ਲਟਕਾ ਕੇ ਖੜ੍ਹ ਜਾਂਦੇ। ਮੂੰਹ ਮੱਥਾ ਚੁੰਮਦੀ ਉਹ ਉਨ੍ਹਾਂ ਦਾ। ਫਿਰ ਆਖਦੀ, “ਮਰਨਾ ਕਿਉਂ? ਵਿਆਹ ਕਰੂੰਗੀ ਠਾਠ ਬਾਠ ਨਾਲ ਇਨ੍ਹਾਂ ਦੇ। ਨੂੰਹ ਵੀ ਲਿਆਊਂਗੀ। ਧੀ ਦੀ ਡੋਲੀ ਵੀ ਤੋਰੂੰਗੀ ਆਪਣੇ ਘਰੋਂ।”
ਸੁਣਕੇ ਮੇਰਾ ਹਾਸਾ ਨਿਕਲ ਜਾਂਦਾ। ਅੰਦਰੋਂ ਅੰਦਰ ਮੈਂ ਔਖੇ ਸੌਖੇ ਘਰ ਬਨਾਉਣ ਲਈ ਮਨ ਬਣਾ ਹੀ ਲਿਆ ਸੀ। ਹੁਣ ਤਾਂ ਮੈਂ ਹੱਥ ਅੱਡਣ ਨੂੰ ਵੀ ਤਿਆਰ ਸੀ। ਮੈਨੂੰ ਹਰ ਵੇਲੇ ਘਰ ਦੇ ਸੁਪਨੇ ਆਉਂਦੇ ਰਹਿੰਦੇ ਸਨ। ਮੇਰੇ ਦਿਮਾਗ ਵਿਚ ਆਪਣੇ ਘਰ ਦਾ ਨਕਸ਼ਾ ਘੁੰਮਦਾ ਰਹਿੰਦਾ ਸੀ। ਸੋਚਦਾ ਸਾਂ - ਘਰ ਦੇ ਵਿਚ ਇਕ ਕਮਰਾ ਮੇਰੇ ਲਈ ਹੋਵੇਗਾ। ਕੱਪ ਬੋਰਡ ਸੁਹਣੇ ਡਿਜ਼ਾਈਨ ਦੇ ਬਣਵਾਵਾਂਗਾ। ਸਜੀਆਂ ਹੋਣਗੀਆਂ ਪੁਸਤਕਾਂ ਮੇਰੀਆਂ ਇਸ ਵਿਚ। ... ਤੇ ... ਤੇ ਕੱਲ੍ਹ ਨੂੰ ਧੀ ਪੁੱਤ ਵਿਆਹੁਣੇ ਨੇ। ਬੈਠਣ ਉੱਠਣ ਲਈ ਜਗਾਹ ਹੋਣੀ ਵੀ ਜ਼ਰੂਰੀ ਹੈ।
... ਤੇ ਆਖਿਰ ਘਰ ਬਣ ਗਿਆ। ... ਬੱਚੇ ਵਿਆਹੇ ਗਏ। ਧੀ ਆਪਣੇ ਘਰ ਚਲੀ ਗਈ। ਨੂੰਹ ਸਾਡੇ ਘਰ ਆ ਗਈ। ਨੂੰਹ ਸੱਸ ਦੀ ਨੋਕ ਝੋਕ ਹੁਣ ਹੁੰਦੀ ਰਹਿੰਦੀ।
“ਇਹ ਤਾਂ ਸਭ ਘਰਾਂ ਦੀ ਇੱਕੋ ਕਹਾਣੀ ਹੈ।” ਮੈਂ ਕਈ ਵਾਰ ਉਸਨੂੰ ਆਖਦਾ। ਸੇਵਾ ਮੁਕਤੀ ਪਿੱਛੋਂ ਮੈਂ ਲਿਖਣ ਪੜ੍ਹਨ ਵਿਚ ਰੁੱਝ ਗਿਆ। ਨਵੀਂਆਂ ਸੋਚਾਂ ਨੇ ਜਨਮ ਲਿਆ। ਘਿਸੀਆਂ ਪਿਟੀਆਂ ਸੋਚਾਂ ਪਿੱਛੇ ਰਹਿ ਗਈਆਂ। ਮੇਰੀ ਪਤਨੀ ਹੁਣ ਮੇਰੇ ਨਾਲ ਨਹੀਂ, ਨੂੰਹ ਨਾਲ ਕਿਸੇ ਗੱਲੋਂ ਰੁੱਸ ਜਾਂਦੀ। ਲੜਦੀ ਕਦੀ ਨਾ। ਸੁਣਦੀ ਦੇਖਦੀ ਵੀ ਚੁੱਪ ਰਹਿੰਦੀ।
“ਚਲੋ ਆਪੇ ਸਮਝ ਜਾਵੇਗੀ। ਅਸੀਂ ਵੀ ਤਾਂ ਕਦੀ ...”
“ਸਾਡੀ ਗੱਲ ਹੋਰ ਸੀ। ਭਲੇ ਵੇਲੇ ਸਨ ਸਾਡੇ ਤਾਂ। ਅੱਜ ਕੱਲ੍ਹ ਕਿਸੇ ਨੂੰ ਕੁਝ ਕਹਿਣ ਦਾ ਜ਼ਮਾਨਾ ਵੀ ਤਾਂ ਨਹੀਂ।”
ਸਮੇਂ ਦੇ ਨਾਲ ਨਵੇਂ ਰਿਸ਼ਤੇ ਸਾਡੇ ਨਾਲ ਆ ਜੁੜੇ। ਦਾਦਾ ਤੇ ਨਾਨਾ ਬਣ ਗਿਆ ਮੈਂ, ਦਾਦੀ ਤੇ ਨਾਨੀ ਉਹ ਬਣ ਗਈ। ਨੂੰਹ ਸੱਸ ਦੀ ਇਕ ਦਿਨ ਫਿਰ ਲੜਾਈ ਹੋ ਗਈ। ਮੈਨੂੰ ਵੀ ਨੂੰਹ ਨੇ ਬੁਰਾ ਭਲਾ ਆਖ ਦਿੱਤਾ। ਬੜਾ ਦੁਖਿਆ ਮਨ ਮੇਰਾ। ਹੰਝੂ ਕਿਰੇ ਮੇਰੀਆਂ ਅੱਖਾਂ ਵਿੱਚੋਂ।
“ਚੱਲ ਹੁਣ ਆਪਾਂ ਦੋਵੇਂ ਮਰੀਏ। ਇੱਜ਼ਤ ਹੀ ਨਹੀਂ ਤਾਂ ਬਚਿਆ ਵੀ ਕੀ ਹੈ? ਹੁਣ ਤਾਂ ਕੋਈ ਜ਼ਿੰਮੇਵਾਰੀ ਵੀ ਨਹੀਂ। ਫਰਜ਼ ਪੂਰੇ ਕਰ ਲਏ ਆਪਾਂ ਸਾਰੇ। ਬੜਾ ਕੁਝ ਦੇਖ ਲਿਆ ਜ਼ਿੰਦਗੀ ਵਿਚ।” ਮੈਂ ਕਿਹਾ।
“ਕਿਉਂ ਮਰੀਏ?” ਪੋਤੇ ਨੂੰ ਚੁੰਮਦੀ ਹੋਈ ਉਹ ਕਹਿਣ ਲੱਗੀ, “ਘਰਾਂ ਵਿਚ ਥੋੜ੍ਹਾ ਬਹੁਤ ਇੱਟ ਖੜੱਕਾ ਤਾਂ ਚਲਦਾ ਹੀ ਰਹਿੰਦਾ। ਇੰਨੀਂ ਛੇਤੀ ਦਿਲ ਕਿਉਂ ਛੱਡੀਏ? ਪੋਤੇ ਨੂੰ ਪਾਲਾਂਗੇ। ਮੂਲ ਨਾਲੋਂ ਵਿਆਜ ਵੱਧ ਪਿਆਰਾ ਹੁੰਦੈ।” ਆਖਦੀ ਨੇ ਪੋਤੇ ਨੂੰ ਫਿਰ ਚੁੰਮ ਲਿਆ। “ਨਹੀਂ ਰਹਿ ਸਕਦੀ ਇਸ ਨੂੰ ਦੇਖੇ ਬਿਨਾਂ ਮੈਂ, ਮਰਨਾ ਤਾਂ ਦੂਰ ਦੀ ਗੱਲ।”
ਮੈਂ ਪਤਨੀ ਦੇ ਝੁਰੜੀਆਂ ਭਰੇ ਚਿਹਰੇ ਵੱਲ ਦੇਖਿਆ। ਵਾਲ ਸਫੈਦ ਹੋ ਗਏ ਸਨ ਉਸਦੇ। “ਨਹੀਂ ਮਰਨਾ ਹੁਣ ਫਿਰ?” ਮੈਂ ਕਿਹਾ।
“ਚੁੱਪ ਕਰੋ। ਨਹੀਂ ਕੱਢੀਦੀਆਂ ਇਹੋ ਜਿਹੀਆਂ ਗੱਲਾਂ ਮੂੰਹੋਂ ... ਰੱਬ ਜਦੋਂ ਚਾਹੂ ਆਪਣੇ ਆਪ ਚੁੱਕ ਲਊ।” ਉਸਨੇ ਕਿਹਾ।
ਪੋਤੇ ਨੂੰ ਲੈ ਕੇ ਉਹ ਬਾਹਰ ਚਲੀ ਗਈ। ਬਿੰਦ ਕੁ ਪਿੱਛੋਂ ਮੁੜ ਆਈ। ਕਹਿਣ ਲੱਗੀ, “ਫੋਨ ਆਇਆ ਸੀ ਲਾਡੀ ਧੀ ਦਾ। ਕੱਲ੍ਹ ਨੂੰ ਆਉਣਾ ਉਨ੍ਹਾਂ ਨੇ। ਬਜ਼ਾਰੋਂ ਕੁਝ ਲੈ ਆਇਉ।”
“ਪੋਤਾ ਦੋਹਤਾ ਦੋਵੇਂ ਇਕੱਠੇ ਹੋਣਗੇ? … ਬੜੀ ਖੁਸ਼ੀ ਵਾਲੀ ਗੱਲ ਹੈ ਇਹ ਤਾਂ।” ਬਾਜ਼ਾਰ ਜਾਂਦਾ ਹੋਇਆ ਮੈਂ ਬੜੀ ਬੇਸਬਰੀ ਨਾਲ ਆਉਣ ਵਾਲੇ ਕੱਲ੍ਹ ਦੀ ਉਡੀਕ ਕਰਨ ਲੱਗਾ।
*****
(300)
ਇਸ ਕਹਾਣੀ ਬਾਰੇ ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)