DarshanSingh7ਅਸੀਂ ਅਜੇ ਦਸ ਪੰਦਰਾਂ ਕਦਮ ਹੀ ਚੱਲੇ ਸਾਂ ਕਿ ਉਹ ਬੱਚਾ ਆਪਣਾ ਝੋਲਾ ...
(8 ਅਪਰੈਲ 2018)

 

ਬਹੁਤ ਕੁਝ ਹੁਣ ਪਹਿਲਾਂ ਨਾਲੋਂ ਬਦਲ ਚੁੱਕਾ ਹੈ ਅਤੇ ਤੇਜ਼ੀ ਨਾਲ ਹੋਰ ਬਦਲ ਰਿਹਾ ਹੈਸੋਚਾਂ, ਸੁਭਾਅ, ਆਦਤਾਂ, ਸਲੀਕਾ, ਵਿਵਹਾਰ ਸਭ ਪਹਿਲ] ਜਿਹੇ ਨਹੀਂ ਰਹੇਪਦਾਰਥਵਾਦੀ ਯੁੱਗ ਵਿਚ ਜ਼ਿੰਦਗੀ ਦੀ ਨੱਠ ਭੱਜ ਨੇ ਮਨੁੱਖ ਵਿੱਚੋਂ ਕਈ ਨੈਤਿਕ ਕਦਰਾਂ ਕੀਮਤਾਂ ਖਤਮ ਕਰਕੇ ਉਸ ਨੂੰ ਅੰਦਰੋਂ ਖੋਖਲਾ ਕਰ ਦਿੱਤਾ ਹੈਵਧੀਆਂ ਹੋਈਆਂ ਲਾਲਸਾਵਾਂ ਨੇ ਨਜ਼ਦੀਕੀਆਂ ਫਿੱਕੀਆਂ ਪਾ ਦਿੱਤੀਆਂ ਹਨਮਨਾਂ ਵਿਚਲੀਆਂ ਦੂਰੀਆਂ ਅਤੇ ਫ਼ਾਸਲਿਆਂ ਵਿੱਚ ਜ਼ਿੰਦਗੀ ਦਾ ਨਿੱਘ ਗੁਆਚ ਗਿਆ ਹੈ, ਪਰ ਫੇਰ ਵੀ ਕਿਤੇ ਨਾ ਕਿਤੇ ਮਨ ਨੂੰ ਸਕੂਨ ਦੇਣ ਲਈ ਅਜੇ ਕਾਫੀ ਕੁਝ ਬਚਿਆ ਹੋਇਆ ਵੀ ਹੈ

ਨਿੱਤ ਵਾਪਰਦੇ ਸੜਕੀ ਹਾਦਸਿਆਂ ਨੇ ਜ਼ਿੰਦਗੀ ਨੂੰ ਅਸੁਰੱਖਿਅਤ ਕਰ ਦਿੱਤਾ ਹੈਸਵੇਰੇ ਘਰੋਂ ਕਿਸੇ ਕੰਮ ਲਈ ਨਿਕਲੇ ‘ਕਿਸੇ ਆਪਣੇ’ ਦੇ ਸੁੱਖੀ ਸਾਂਦੀ ਘਰ ਪਰਤ ਆਉਣ ਦਾ ਫ਼ਿਕਰ ਵੱਢ ਵੱਢ ਖਾਂਦਾ ਹੈਅਜਿਹੀ ਹੀ ਇਕ ਮੰਦਭਾਗੀ ਦੁਰਘਟਨਾ ਵਿਚ ਮੇਰੇ ਨਜ਼ਦੀਕੀ ਰਿਸ਼ਤੇਦਾਰ ਦੀ ਕੁਝ ਦਿਨ ਪਹਿਲਾਂ ਹੋਈ ਮੌਤ ਦੇ ਦੁੱਖ ਨੇ ਮੇਰੇ ਮਨ ਨੂੰ ਬੇਚੈਨੀ ਨਾਲ ਭਰ ਦਿੱਤਾਸੋਗ ਭਰੇ ਮਾਹੌਲ ਵਿੱਚ ਆਪਣੇ ਆਪ ਨੂੰ ਸੰਭਾਲਦਿਆਂ ਮੈਂ ਉਨ੍ਹਾਂ ਦੀਆਂ ਅੰਤਿਮ ਰਸਮਾਂ ਨਿਭਾਉਣ ਵਿਚ ਰੁੱਝ ਗਿਆਕੀਰਤਪੁਰ ਸਾਹਿਬ ਉਨ੍ਹਾਂ ਦੇ ‘ਫੁੱਲ ਤਾਰਨਾ’ ਨਿਭਾਈਆਂ ਜਾ ਰਹੀਆਂ ਰਸਮਾਂ ਦਾ ਇਕ ਹਿੱਸਾ ਸੀਮੈਂ ਅਤੇ ਚਾਰ ਪੰਜ ਹੋਰ ਸਾਕ ਸਬੰਧੀ ਨਿਰਧਾਰਿਤ ਸਮੇਂ ਅਨੁਸਾਰ ਕੀਰਤਪੁਰ ਸਾਹਿਬ ਲਈ ਚੱਲ ਪਏਦੁਨਿਆਵੀ ਝਮੇਲਿਆਂ ਨੂੰ ਪੂਰੀ ਤਰ੍ਹਾਂ ਭੁੱਲਦੇ ਹੋਏ ਸਾਡੀਆਂ ਗੱਲਾਂ ਦਾ ਕੇਂਦਰ ਉਨ੍ਹਾਂ ਦੀਆ ਯਾਦਾਂ ਹੀ ਸਨ, ਜਿਨ੍ਹਾਂ ਨੂੰ ਯਾਦ ਕਰਕੇ ਅਸੀਂ ਕਈ ਵਾਰ ਭਾਵੁਕ ਵੀ ਹੋ ਜਾਂਦੇਮੇਰੀਆ ਸੋਚਾਂ ਦਾ ਕੇਂਦਰ ਇਕ ਇਹ ਗੱਲ ਵੀ ਸੀ ਕਿ ਜ਼ਿੰਦਗੀ ਨਾਲ ਜੁੜੇ ਵਿਸ਼ਵਾਸ ਅਤੇ ਰਸਮੋਂ ਰਿਵਾਜਾਂ ਨੂੰ ਨਿਭਾਉਣਾ ਕਿੰਨਾ ਅਤੇ ਕਿਸ ਹੱਦ ਤੱਕ ਜ਼ਰੂਰੀ ਹੁੰਦਾ ਹੈ

ਪਰ ਇਹ ਅਸਲੀਅਤ ਸੀ ਕਿ ਹਰ ਇਕ ਦਾ ਮਨ ਪੂਰੀ ਤਰ੍ਹਾਂ ਭਰਿਆ ਹੋਇਆ ਸੀਪਰਿਵਾਰ ਵਿੱਚ ਕਿਸੇ ਜੀਅ ਦਾ ਅਚਨਚੇਤ ਵਿਛੋੜਾ ਦੁੱਖਦਾਈ ਗੱਲ ਸੀਕੀਰਤਪੁਰ ਸਾਹਿਬ ਪਹੁੰਚਦਿਆਂ ਜਿਵੇਂ ਮੈਂ ਇਕ ਵੱਖਰੇ ਹੀ ਸੰਸਾਰ ਵਿਚ ਵਿਚਰ ਰਿਹਾ ਹੋਵਾਂਸਾਡੇ ਵਾਂਗ ਕਈ ਹੋਰ ਵੀ ਉਦਾਸ ਚਿਹਰਿਆਂ ਨਾਲ ਆ ਜਾ ਰਹੇ ਸਨਨਾ ਕਿਸੇ ਚਿਹਰੇ ਉੱਪਰ ਹਾਸਾ ਸੀ ਅਤੇ ਨਾ ਹੀ ਕੋਈ ਚਾਅਵਿਛੜ ਗਏ ਦੀਆਂ ਯਾਦਾਂ ਨੂੰ ਸਾਂਝਾ ਕਰਨ ਤੋਂ ਸਿਵਾ ਹੋਰ ਕਹਿਣ ਲਈ ਕੁਝ ਵੀ ਕਿਸੇ ਕੋਲ ਨਹੀਂ ਸੀਗੁਰਬਾਣੀ ਦਾ ਹੋ ਰਿਹਾ ਕੀਰਤਨ ਮਨ ਨੂੰ ਕੁਝ ਦਿਲਾਸਾ ਜ਼ਰੂਰ ਦੇ ਰਿਹਾ ਸੀ

ਮੈਂ ਆਪਣੇ ਆਲੇ ਦੁਆਲੇ ਦੀ ਹਰ ਚੀਜ਼ ਨੂੰ ਗਹੁ ਨਾਲ ਦੇਖ ਰਿਹਾ ਸਾਂਫੁੱਲ ਤਾਰਨ ਦੀ ਰਸਮ ਪੂਰੀ ਹੋ ਚੁੱਕੀ ਸੀਅਰਦਾਸ ਕਰਵਾਉਣ ਪਿੱਛੋਂ ਮਾਨਸਿਕ ਤੌਰ ’ਤੇ ਅਸੀਂ ਆਪਣੇ ਆਪ ਨੂੰ ਕਾਫੀ ਸੁਖ਼ੈਨ ਅਨੁਭਵ ਕਰ ਰਹੇ ਸਾਂਮੇਰੀ ਨਜ਼ਰ ਸੜਕ ਕਿਨਾਰੇ ਖੜ੍ਹੇ ਖੱਟੀਆਂ ਮਿੱਠੀਆ ਗੋਲੀਆਂ ਵੇਚਦੇ ਦਸ ਕੁ ਸਾਲ ਦੇ ਇਕ ਬੱਚੇ ਉੱਪਰ ਪਈਪੈਰੀਂ ਉਸਦੇ ਚੱਪਲਾਂ ਸਨ ਅਤੇ ਸਿਰ ’ਤੇ ਸਾਫ਼ਾ ਬੰਨ੍ਹਿਆਂ ਹੋਇਆ ਸੀਕਮੀਜ਼ ਦਾ ਹੇਠਲਾ ਬਟਨ ਵੀ ਮੈਂਨੂੰ ਟੁੱਟਾ ਦਿਖਾਈ ਦਿੱਤਾਕੁੱਝ ਕਮਾਈ ਕਰ ਕੇ ਲਿਆਉਣ ਦੀ ਜ਼ਿੰਮੇਵਾਰੀ ਸ਼ਾਇਦ ਮਾਪਿਆਂ ਨੇ ਉਸਨੂੰ ਹੁਣੇ ਹੀ ਸੌਂਪ ਦਿੱਤੀ ਸੀਉਸ ਪ੍ਰਤੀ ਤਰਸ ਅਤੇ ਹਮਦਰਦੀ ਦੀ ਭਾਵਨਾ ਨੇ ਮੈਂਨੂੰ ਉਸ ਵੱਲ ਮੋੜ ਦਿੱਤਾ ਮੌਸਮ ਵਿੱਚ ਥੋੜ੍ਹੀ ਠੰਡ ਹੋਣ ਕਰਕੇ ਉਹ ਧੁੱਪੇ ਖੜ੍ਹਾ ਸੀਉਸਦੇ ਬਚਪਨ ਨਾਲ ਹੋ ਰਹੇ ਅਨਿਆਂ ਤੋਂ ਮੈਂ ਖੁਸ਼ ਤਾਂ ਨਹੀਂ ਸੀ, ਪਰ ਗਲੀ ਬਾਜ਼ਾਰਾਂ ਵਿੱਚ ਭੀਖ ਮੰਗਦੇ ਬੱਚਿਆਂ ਨਾਲੋਂ ਮੈਂਨੂੰ ਉਹ ਕਿਤੇ ਵੱਧ ਚੰਗਾ ਲੱਗਾ

ਉਸ ਨਾਲ ਕੁਝ ਗੱਲਾਂ ਸਾਂਝੀਆਂ ਕਰਨ ਲਈ ਮੇਰਾ ਮਨ ਕੀਤਾ“ਕੀ ਕਰਦੇ ਨੇ ਤੇਰੇ ਪਾਪਾ?” ਮੈਂ ਪੁੱਛਿਆ

“ਚਾਰ ਕੁ ਸਾਲ ਪਹਿਲਾਂ ਉਹ ਗੁਜ਼ਰ ਗਏ ਸਨਮਾਂ ਘਰਾਂ ਵਿਚ ਕੰਮ ਕਰਦੀ ਹੈਭੈਣ ਅਜੇ ਤੀਜੀ ਵਿਚ ਪੜ੍ਹਦੀ ਹੈ

ਮੈਂਨੂੰ ਇਹ ਕਰਮਾਂ ਦੀ ਗੱਲ ਨਾਲੋਂ ਉਸਦੀ ਮਜਬੂਰੀ ਵਧੇਰੇ ਜਾਪਦੀ ਸੀਮੌਤ ਦੇ ਅਰਥ ਸ਼ਾਇਦ ਮੇਰੇ ਨਾਲੋਂ ਉਸ ਨੂੰ ਵਧੇਰੇ ਪਤਾ ਸਨਸੋਚਦਾ ਸਾਂ ਕਿ ਜ਼ਿੰਦਗੀ ਦੀਆਂ ਇਹ ਮਜਬੂਰੀਆਂ ਕਿਸੇ ਦੇ ਰਾਹ ਕਿਵੇਂ ਰੋਕ ਲੈਂਦੀਆਂ ਹਨਕਿੰਨਾ ਕੁ ਕਮਾ ਲੈਂਦਾ ਹੋਵੇਗਾ ਉਹ, ਇਸ ਦਾ ਅੰਦਾਜ਼ਾ ਮੈਂ ਆਪ ਹੀ ਚੰਗੀ ਤਰ੍ਹਾਂ ਲਗਾ ਸਕਦਾ ਸੀ, ਪਰ ਫੇਰ ਵੀ ਮੈਂ ਉਸ ਨੂੰ ਇਹ ਸਵਾਲ ਕਰ ਹੀ ਦਿੱਤਾ

“ਸਾਰੇ ਦਿਨ ’ਚ ਪੰਜਾਹ ਕੁ ਤਾਂ ਬਚ ਹੀ ਜਾਂਦੇ ਨੇ

ਜਵਾਬ ਸੁਣਦਿਆ ਮੇਰਾ ਗੱਚ ਭਰ ਆਇਆਮੇਰੀ ਨੂੰਹ ਵੀ ਮੇਰੇ ਕੋਲ ਆ ਕੇ ਖਲੋ ਗਈ“ਕੀ ਲੈ ਰਹੇ ਹੋ, ਪਾਪਾ?” ਉਸਨੇ ਕਿਹਾ

“ਲੈਣ ਨਾਲੋਂ ਕੁਝ ਸੋਚ ਵਧੇਰੇ ਰਿਹਾ ਹਾਂ” ਆਖਦਿਆਂ ਮੈਂ ਦਸ ਰੁਪਏ ਉਸ ਬੱਚੇ ਨੂੰ ਦੇ ਦਿੱਤੇਮੇਰੀ ਨੂੰਹ ਨੇ ਦੋ ਪੈਕਟ ਲੈਂਦਿਆਂ ਦਸ ਰੁਪਏ ਪ੍ਰਤੀ ਪੈਕਟ - ਵੀਹ ਰੁਪਏ ਉਸ ਬੱਚੇ ਨੂੰ ਦਿੱਤੇ ਅਤੇ ਅਸੀਂ ਚੱਲ ਪਏ

ਅਸੀਂ ਅਜੇ ਦਸ ਪੰਦਰਾਂ ਕਦਮ ਹੀ ਚੱਲੇ ਸਾਂ ਕਿ ਉਹ ਬੱਚਾ ਆਪਣਾ ਝੋਲਾ ਸੜਕ ਕਿਨਾਰੇ ਰੱਖ ਕੇ ਬੜੀ ਤੇਜ਼ੀ ਨਾਲ ਸਾਡੇ ਪਿੱਛੇ ਆਇਆ ਅਤੇ ਨੂੰਹ ਵੱਲ ਦਸ ਰੁਪਏ ਕਰਦਿਆਂ ਕਹਿਣ ਲੱਗਾ, “ਦੀਦੀ, ਦਸ ਰੁਪਏ ਮੈਂਨੂੰ ਅੰਕਲ ਨੇ ਦੇ ਦਿੱਤੇ ਸਨ

ਮੈਂਨੂੰ ਉਸਦੀ ਅਧੋਰਾਣੀ ਕਮੀਜ਼ ਹੇਠਾਂ ਧੜਕਦੇ ਇਮਾਨਦਾਰੀ ਭਰੇ ਦਿਲ ਨੇ ਅਚੰਭਿਤ ਕਰ ਦਿੱਤਾਮੈਂ ਸੋਚਣ ਲੱਗਾ ਕਿ ਹੋ ਸਕਦਾ ਹੈ ਕਿ ਉਸਨੂੰ ਜ਼ਿੰਦਗੀ ਦੀ ਅਟੱਲ ਸਚਾਈ ਦਾ ਪਤਾ ਹੋਵੇਉਸਨੂੰ ਆਪਣੀ ਗਲਵਕੜੀ ਵਿੱਚ ਲੈਣ ਤੋਂ ਪਹਿਲਾਂ ਹੀ ਮੇਰੀ ਨੂੰਹ ਨੇ ਉਸ ਦੀਆਂ ਗੱਲ੍ਹਾਂ ਨੂੰ ਮੋਹ ਪਿਆਰ ਨਾਲ ਥਪਥਪਾਉਂਦਿਆਂ ਕਲਾਵੇ ਵਿੱਚ ਲੈ ਲਿਆ

ਬੱਚੇ ਦੀਆਂ ਅੱਖਾਂ ਭਰ ਆਈਆਂਉਸ ਨੂੰ ਕੁਝ ਹੋਰ ਦੇਣ ਦੀ ਸਾਡੀ ਕੋਸ਼ਿਸ਼ ਨੂੰ ਉਸਨੇ ਇਨਕਾਰ ਕਰ ਦਿੱਤਾ ਅਤੇ ਪਿੱਛੇ ਮੁੜਦਿਆਂ ਗੋਲੀਆਂ ਟਾਫ਼ੀਆਂ ਨਾਲ ਭਰੇ ਝੋਲੇ ਨੂੰ ਚੁੱਕਦਿਆਂ ਸਾਡੇ ਵੱਲ ਭਰੀਆਂ ਅੱਖਾਂ ਨਾਲ ਦੇਖਦਾ ਹੋਰ ਗਾਹਕਾਂ ਦੀ ਉਡੀਕ ਕਰਨ ਲੱਗਾਮੇਰੀਆਂ ਖ਼ਾਮੋਸ਼ ਅੱਖਾਂ ਉਸਨੂੰ ਸਿਰ ਤੋਂ ਪੈਰਾਂ ਤੱਕ ਦੇਖ ਰਹੀਆਂ ਸਨ

ਕੀਰਤ ਪੁਰ ਤੋਂ ਵਾਪਸ ਪਰਤਦਿਆਂ ਮੈਂ ਸੋਚਦਾ ਸਾਂ ਕਿ ਜ਼ਿੰਦਗੀ ਦਾ ਅੰਤ ਤਾਂ ਅਟੱਲ ਹੈਫਿਰ ਕਿਉਂ ਨਾ ਅਸੀਂ ਕਠੋਰ ਮਜ਼ਬੂਰੀਆਂ ਵਿੱਚ ਜਿਉਂਦੇ ਹੋਏ ਵੀ ਅਜਿਹਾ ਦਿਆਨਤਦਾਰੀ ਭਰਿਆ ਵਿਵਹਾਰ ਅਤੇ ਆਚਰਣ ਅਪਣਾਈਏ ਜੋ ਉਸ ਬੱਚੇ ਵਿੱਚ ਮੈਂਨੂੰ ਦਿਖਾਈ ਦਿੱਤਾ ਸੀ ਅਤੇ ਜਿਸ ਨੂੰ ਮੈਂ ਅੱਖਾਂ ਤੋਂ ਓਹਲੇ ਹੋਣ ਤਕ ਮੁੜ ਮੁੜ ਦੇਖਦਾ ਰਿਹਾ ਸੀ

*****

(1100)

About the Author

ਦਰਸ਼ਨ ਸਿੰਘ  ਸ਼ਾਹਬਾਦ ਮਾਰਕੰਡਾ

ਦਰਸ਼ਨ ਸਿੰਘ ਸ਼ਾਹਬਾਦ ਮਾਰਕੰਡਾ

Shahabad Markanda, Kurukshetra, Haryana, India.
Email: (darshansingh5108@gmail.com)
Mobile: (91 - 94667 - 37933)

More articles from this author