“ਸੁੱਤੇ ਨਹੀਂ ਸਾਰੀ ਰਾਤ। ਪਤਾ ਨਹੀਂ ਕੀ ਸੋਚ ਕੇ ਰੋ ਵੀ ਪਏ ਇਕੇਰਾਂ ਤਾਂ ...”
(7 ਜਨਵਰੀ 2017)
ਉਦੋਂ ਮੈਂ ਸੱਤਵੀਂ ਜਮਾਤ ਵਿਚ ਪੜ੍ਹਦਾ ਸੀ। ਘਰ ਤੋਂ ਸਕੂਲ ਦੀ ਦੂਰੀ ਤਿੰਨ ਕੁ ਕਿਲੋਮੀਟਰ ਸੀ। ਮੋਢੇ ਬਸਤਾ ਲਟਕਾਈ ਕਦੀ ਪੈਦਲ ਜਾਂਦਾ ਅਤੇ ਕਦੀ ਸਾਈਕਲ ਚਲਾ ਕੇ। ਛੋਟੇ ਮੋਟੇ ਕੰਮਾਂ ਨੂੰ ਨੇਪਰੇ ਚਾੜ੍ਹਨ ਵਿਚ ਇਸ ਸਾਈਕਲ ਦਾ ਬੜਾ ਸਹਿਯੋਗ ਸੀ। ਆਟਾ ਪਿਸਾਉਣਾ, ਕਰਿਆਨੇ ਦੀ ਹੱਟੀ ਤੋਂ ਸੌਦਾ ਪੱਤਾ ਜਾਂ ਹੋਰ ਨਿੱਕ ਸੁੱਕ ਲਿਆਉਣ ਲਈ ਇਸੇ ਸਾਈਕਲ ਦੀ ਖ਼ੂਬ ਵਰਤੋਂ ਕੀਤੀ ਜਾਂਦੀ, ਪਰ ਸਭ ਤੋਂ ਵੱਧ ਇਸਦੀ ਲੋੜ ਮੇਰੇ ਪਾਪਾ ਜੀ ਨੂੰ ਐਤਵਾਰ ਵਾਲੇ ਦਿਨ ਪੈਂਦੀ ਜਦੋਂ ਉਹ ਆਸ ਪਾਸ ਦੇ ਪਿੰਡਾਂ ਵਿਚ ਆਪਣੀ ਜਾਣ ਪਛਾਣ ਵਾਲਿਆਂ ਨੂੰ ਮਿਲਣ, ਦੁੱਖ ਸੁਖ ਵਿਚ ਸ਼ਾਮਿਲ ਹੋਣ ਜਾਂ ਫਿਰ ਕਿਸੇ ਧਾਰਮਿਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਜਾਂਦੇ। ਇਸੇ ਲਈ ਇਕ ਦਿਨ ਪਹਿਲੋਂ ਇਸਦੀ ਸਾਫ ਸਫ਼ਾਈ ਕਰਨਾ, ਮਿੱਟੀ ਝਾੜਨਾ, ਚੇਨ ਪੈਡਲਾਂ ਆਦਿ ਨੂੰ ਤੇਲ ਦੇਣਾ ਅਤੇ ਟਾਇਰ ਦਬਾਉਂਦਿਆਂ ਹਵਾ ਚੈੱਕ ਕਰਨਾ ਉਨ੍ਹਾਂ ਦਾ ਸੁਭਾਅ ਸੀ। ਮੀਂਹ ਕਣੀ ਦੇ ਦਿਨਾਂ ਵਿਚ ਤਾਂ ਉਹ ਇਸਦੀ ਸੰਭਾਲ ਹੋਰ ਵੀ ਧਿਆਨ ਨਾਲ ਕਰਿਆ ਕਰਦੇ ਸਨ।
“ਸਾਈਕਲ ਪੈਂਚਰ ਹੈ, ਲਵਾ ਲਿਆਈਂ ਸਕੂਲੋਂ ਆ ਕੇ।” ... ਸਨਿੱਚਰਵਾਰ ਨੂੰ ਅੱਧੀ ਛੁੱਟੀ ਸਾਰੀ ਹੋਇਆ ਕਰਦੀ ਸੀ। ‘ਅੱਧੀ ਛੁੱਟੀ ਸਾਰੀ, ਮੀਆਂ ਮੱਖੀ ਮਾਰੀ’ ਦੀ ਗੱਲ ਦਾ ਅਰਥ ਪਤਾ ਨਾ ਹੁੰਦੇ ਹੋਏ ਵੀ ਅਸੀਂ ਅਕਸਰ ਮੂੰਹੋਂ ਬੋਲਦੇ ਭੱਜਦੇ ਹੋਏ ਸਕੂਲੋਂ ਨਿਕਲਦੇ। ਅੱਧੀ ਛੁੱਟੀ ਦਾ ਚਾਅ ਵੈਸੇ ਵੀ ਵੱਖਰੀ ਕਿਸਮ ਦਾ ਹੁੰਦਾ। ਘਰ ਆਉਂਦਿਆਂ ਹੀ ਗੁੱਲੀ ਡੰਡਾ ਚੁੱਕ ਲੈਂਦੇ। ਖੇਡਦੇ ਖੇਡਦੇ ਪਤਾ ਵੀ ਨਾ ਲਗਦਾ ਕਿ ਕਦੋਂ ਆਥਣ ਹੋ ਜਾਂਦੀ। ਸ਼ਾਇਦ ਇਸੇ ਕਾਰਨ ਉਸ ਦਿਨ ਪੈਂਚਰ ਲਗਵਾਉਣ ਵਾਲੀ ਗੱਲ ਮੇਰੇ ਚੇਤਿਉਂ ਬਾਹਰ ਹੋ ਗਈ। ਉਂਜ ਪਾਪਾ ਦੀ ਹਰ ਗੱਲ ਅਸੀਂ ਮੰਨਿਆ ਕਰਦੇ ਸੀ ਅਤੇ ਸਾਨੂੰ ਇਸਦਾ ਫ਼ਿਕਰ ਵੀ ਰਹਿੰਦਾ ਸੀ। ਰਾਤ ਨੂੰ ਕੰਮ ਤੋਂ ਮੁੜਨ ਪਿੱਛੋਂ ਜਦੋਂ ਪਾਪਾ ਨੇ ਆਪਣੇ ਸੁਭਾਅ ਅਨੁਸਾਰ ਸਾਈਕਲ ਦੇ ਠੀਕ ਠਾਕ ਹੋਣ ਦੀ ਤਸੱਲੀ ਕਰਨੀ ਚਾਹੀ ਤਾਂ ਪੈਂਚਰ ਨਾ ਲੱਗਾ ਹੋਣ ਕਰਕੇ ਗੁੱਸੇ ਵਿਚ ਮੇਰੀ ਖੂਬ ਝਾੜ ਝੰਭ ਕੀਤੀ। ਡਰਿਆ ਡਰਿਆ ਮੈਂ ਕੰਧ ਨਾਲ ਲੱਗ ਕੇ ਖੜ੍ਹਾ ਰਿਹਾ। ਮਾਂ ਨੇ ਵਿਚ ਵਿਚਾਲੇ ਪੈਂਦਿਆਂ ਮੇਰਾ ਬਚਾਉ ਕਰਨ ਦੀ ਕੋਸ਼ਿਸ਼ ਕੀਤੀ ਤਾਂ ਵੀ ਪਾਪਾ ਦਾ ਗੁੱਸਾ ਠੰਢਾ ਨਾ ਹੋਇਆ - “ਮੈਂ ਕੱਲ੍ਹ ਗੱਜਣ ਸਿੰਘ ਦੇ ਭੋਗ ’ਤੇ ਜਾਣਾ ਸੀ।”
ਗੱਜਣ ਸਿੰਘ ਦੇ ਸਾਡੇ ਪਰਿਵਾਰ ਨਾਲ ਸਬੰਧਾਂ ਨੂੰ ਦੇਖਦਿਆਂ ਅਜਿਹਾ ਕਰਨਾ ਬੜਾ ਜ਼ਰੂਰੀ ਵੀ ਸੀ। ਗੁੱਸੇ ਵਿੱਚ ਭਰੇ ਪੀਤੇ ਪਾਪਾ ਸਾਈਕਲ ਲੈ ਕੇ ਪੈਂਚਰ ਲਗਵਾਉਣ ਲਈ ਬਾਜ਼ਾਰ ਚਲੇ ਗਏ, ਪਰ ਸਾਈਕਲਾਂ ਦੀ ਕੋਈ ਵੀ ਦੁਕਾਨ ਖੁੱਲ੍ਹੀ ਨਾ ਹੋਣ ਕਰਕੇ ਉਸੇ ਤਰ੍ਹਾਂ ਪਰਤ ਆਏ।ਆਉਂਦਿਆਂ ਹੀ ਉਨ੍ਹਾਂ ਗੁੱਸੇ ਵਿੱਚ ਮੈਂਨੂੰ ਥੱਪੜ ਮਾਰ ਦਿੱਤਾ - “ਖੇਡਣ ਬਿਨਾਂ ਹੋਰ ਕੋਈ ਕੰਮ ਨੀਂ ਏਸਨੂੰ।”
ਹੋਰ ਵੀ ਬੜਾ ਕੁਝ ਉਨ੍ਹਾਂ ਮੈਂਨੂੰ ਆਖਿਆ। ਬੁੜਬੁੜ ਕਰਦਾ ਮੈਂ ਬਾਹਰ ਆ ਗਿਆ। ਬਾਹੋਂ ਫੜਕੇ ਮਾਂ ਫਿਰ ਅੰਦਰ ਲੈ ਗਈ। ਰੋਣਹਾਕਾ ਹੋਇਆ ਮੈਂ ਮਾਂ ਦੀ ਓਟ ਲੈਂਦਾ ਉਸ ਨਾਲ ਲੱਗ ਕੇ ਖੜ੍ਹਾ ਹੋ ਗਿਆ। ਚੁੱਪਚਾਪ ਪਾਪਾ ਮੰਜੇ ’ਤੇ ਜਾ ਕੇ ਲੇਟ ਗਏ। ਨਾ ਹੀ ਉਨ੍ਹਾਂ ਰੋਟੀ ਖਾਧੀ ਅਤੇ ਨਾ ਹੀ ਦੁੱਧ ਪੀਤਾ। ਪਛਤਾਵੇ ਵਜੋਂ ਮੈਂ ਉਨ੍ਹਾਂ ਦੀ ਸਰ੍ਹਾਂਦੀ ਜਾ ਬੈਠਾ,ਪਰ ਉਹ ਮੇਰੇ ਨਾਲ ਉੱਕਾ ਨਾ ਬੋਲੇ। ਮੂੰਹ ਵੀ ਮੇਰੇ ਵੱਲ ਨਾ ਕੀਤਾ।
ਸਵੇਰੇ ਤੜਕਸਾਰ ਉਹ ਨਹਾ ਧੋ ਕੇ ਚਲੇ ਗਏ।
“ਪਾਪਾ ਕਿਵੇਂ ਗਏ?” ਸਵੇਰੇ ਉੱਠਣ ਪਿੱਛੋਂ ਮੈਂ ਮਾਂ ਨੂੰ ਪੁੱਛਿਆ।
“ਪਤਾ ਨਹੀਂ, ਘਰੋਂ ਤਾਂ ਪੈਦਲ ਗਏ ਨੇ। ਕਹਿੰਦੇ ਸੀ ਦੇਖਾਂਗਾ ਚੌਂਕ ’ਚ ਜੇ ਕੋਈ ਮਿਲਿਆ ਤਾਂ। ਸੁੱਤੇ ਨਹੀਂ ਸਾਰੀ ਰਾਤ। ਪਤਾ ਨਹੀਂ ਕੀ ਸੋਚ ਕੇ ਰੋ ਵੀ ਪਏ ਇਕੇਰਾਂ ਤਾਂ।”
ਮੇਰੀ ਭੁੱਲ ਅਤੇ ਅਵੱਗਿਆ ਕਾਰਨ ਉਨ੍ਹਾਂ ਨੂੰ ਹੋਈ ਬੇਆਰਾਮੀ ਅਤੇ ਪ੍ਰੇਸ਼ਾਨੀ ਲਈ ਮੈਂ ਪਛਤਾਵੇ ਨਾਲ ਭਰ ਗਿਆ। ਉੱਖੜੇ ਉੱਖੜੇ ਉਹ ਕਈ ਦਿਨ ਰਹੇ ਅਤੇ ਮੈਂ ਵੀ। ਕਈ ਦਿਨਾਂ ਦੀ ਗੁੱਸੇ ਭਰੀ ਚੁੱਪ ਪਿੱਛੋਂ ਉਨ੍ਹਾਂ ਦਾ ਗੁੱਸਾ ਠੰਢਾ ਹੋ ਜਾਣ ਕਰਕੇ ਆਪਸੀ ਗੱਲਾਂ ਨੇ ਸੁਖਾਵਾਂ ਮੋੜ ਲਿਆ ਅਤੇ ਮੈਂਨੂੰ ਮਹਿਸੂਸ ਹੋਇਆ ਕਿ ਮਾਪਿਆਂ ਦੀਆਂ ਭਾਵਨਾਵਾਂ ਦੀ ਕਦਰ ਕਰਨੀ ਕਿੰਨੀ ਜ਼ਰੂਰੀ ਹੁੰਦੀ ਹੈ। “ਤੁਸੀਂ ਰੋਏ ਕਿਉਂ ਸੀ ਪਾਪਾ?” ਸਹਿਜਤਾ ਨਾਲ ਮੈਂ ਪੁੱਛਿਆ।
“ਆਖ਼ਰ ਪਿਉ ਜੁ ਹਾਂ ਤੇਰਾ। ਥੱਪੜ ਮਾਰਕੇ ਦਿਲ ਤਾਂ ਦੁਖਣਾ ਹੀ ਸੀ।”
ਮੇਰੀ ਨਿੱਕੀ ਸਮਝ ਨੂੰ ਹੁਣ ਇਸ ਗੱਲ ਦੀ ਸਮਝ ਆ ਗਈ ਸੀ ਕਿ ਮਾਪਿਆਂ ਦਾ ਹਿਰਦਾ ਕਿਹੋ ਜਿਹਾ ਕੋਮਲ ਹੁੰਦਾ ਹੈ। ਰੋਂਦੇ ਹੋਏ ਪਿਉ ਦੀਆਂ ਅੱਖਾਂ ਸਾਰੀ ਉਮਰ ਮੇਰੀ ਅਗਵਾਈ ਕਰਦੀਆਂ ਰਹੀਆਂ ਅਤੇ ਉਨ੍ਹਾਂ ਦੇ ਅੰਤਮ ਸਾਹਾਂ ਤੱਕ ਅਜਿਹਾ ਮੌਕਾ ਫਿਰ ਕਦੀ ਮੈਂ ਉਨ੍ਹਾਂ ਨੂੰ ਨਾ ਦਿੱਤਾ ਕਿ ਉਹ ਗਿਲਾ ਕਰ ਸਕਣ, ਪਰ ਨਿੱਕੀ ਉਮਰੇ ਕੀਤੀ ਭੁੱਲ ਦੇ ਪਛਤਾਵੇ ਦਾ ਬੋਝ ਮੈਂ ਹੁਣ ਵੀ ਚੁੱਕੀ ਫਿਰਦਾ ਹਾਂ।
*****
(554)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)