“ਤੇਰੀ ਤਨਖਾਹ ਜਿੰਨਾ ਤਾਂ ਇਕ ਜਜਮਾਨ ਦੇ ਛੱਡਦਾ ਐ, ਐਵੇਂ ਜਿਉਂਦੇ ਜੀ ਗੋਲੀ ਅੱਗੇ ...”
(1 ਦਸੰਬਰ 2018)
ਜਦੋਂ ਕਿਤੇ ਛੱਜੂ ਨੇ ਚੁਬਾਰਾ ਪਾਇਆ ਹੋਵੇਗਾ ਤਾਂ ਉੱਥੇ ਉਸ ਨੇ ਸਨੇਹੀਆਂ ਤੋਂ ਇਲਾਵਾ ਜਣੇ ਖਣੇ ਦਾ ਆਉਣ ਜਾਣ ਬਣਿਆ ਹੋਵੇਗਾ। ਸਕੂਨ ਪਾਉਣ ਵਾਲੀ ਕਿਸੇ ਰੂਹ ਦੇ ਮੂੰਹੋਂ ਸਹਿਜ ਸੁਭਾਅ ਨਿਕਲ ਆਇਆ ਹੋਵੇਗਾ, “ਜੋ ਸੁਖ ਛੱਜੂ ਦੇ ਚੁਬਾਰੇ ਉਹ ਬਲਖ ਨਾ ਬੁਖਾਰੇ।”
ਅਜਿਹੀ ਜਗ੍ਹਾ ਕੋਈ ਵੀ ਹੋ ਸਕਦੀ ਹੈ। ਮੇਰੇ ਪਿੰਡ ਦਾ ਛੱਜੂ ਵੀ ਅਜਿਹਾ ਹੀ ਸੀ। ਉਸ ਨੇ ਕੋਈ ਚੁਬਾਰਾ ਤਾਂ ਨਹੀਂ, ਪਰ ਫੌਜ ਵਿੱਚੋਂ ਪੈਨਸ਼ਨ ਆ ਕੇ ਉਸ ਨੇ ਟਾਂਗਾ ਜ਼ਰੂਰ ਪਾਇਆ ਹੋਇਆ ਸੀ। ਮੈਂ ਉਦੋਂ ਬਹੁਤ ਛੋਟਾ ਜਿਹਾ ਸਾਂ। ਪਿੰਡ ਦੇ ਬਾਹਰਵਾਰ ਫਿਰਨੀ ਉੱਤੇ ਮੇਰੇ ਚਾਚੇ ਨੇ ਨਵੀਂ-ਨਵੀਂ ਪਿੰਡਾਂ ਵਿਚ ਆਈ ਬਿਜਲੀ ’ਤੇ ਆਟਾ ਚੱਕੀ ਲਾਈ ਹੋਈ ਸੀ। ਉੱਥੇ ਹੀ ਆਪਣੇ ਕਿਸੇ ਨਾ ਕਿਸੇ ਹਾਣੀ ਨਾਲ ਨਿੱਕੀਆਂ-ਨਿੱਕੀਆਂ ਖੇਡਾਂ ਵਿਚ ਪਰਚਿਆ ਰਹਿੰਦਾ। ਅੱਜ ਵਰਗਾ ਸਮਾਂ ਹੁੰਦਾ ਤਾਂ ਢਾਈ ਸਾਲ ਦੇ ਬੱਚੇ ਉੱਤੇ ਵਿਤੋਂ ਵੱਧ ਬੋਝ ਪੈ ਜਾਣਾ ਸੀ। ਪੂਰੇ ਛੇ ਸਾਲਾਂ ਦੇ ਨੂੰ ਮੇਰੀ ਦਾਦੀ ਇਕ ਪੰਜਾਬੀ ਦਾ ਕਾਇਦਾ ਤੇ ਲੱਕੜ ਦੀ ਫੱਟੀ ਸਮੇਤ ਹੱਥ ਵਿੱਚ ਗੁੜ ਦੀ ਰੋੜੀ ਅਤੇ ਰੁਪਈਆ ਲੈ ਕੇ ਪਿੰਡ ਦੇ ਇੱਕੋ ਇੱਕ ਮਾਸਟਰ ਵਾਲੇ ਸਕੂਲ ਛੱਡ ਆਈ ਸੀ। ਦੂਜੇ ਪਿੰਡੋਂ ਆਉਂਦੇ ਉਸ ਮਾਸਟਰ ਨੂੰ ਪਿੰਡ ਦੇ ਲੋਕ ‘ਮੁਣਸ਼ੀ ਜੀ’ ਕਹਿ ਕੇ ਸਤਿਕਾਰ ਦਿੰਦੇ ਸਨ।
ਛੱਜੂ ਦੀ ਸਾਡੇ ਪਿੰਡ ਦੇ ਪੁਰੋਹਿਤਾਂ ਦਾ ਮੁੰਡਾ ਸੀ, ਜੋ ਜ਼ਿੱਦ ਕਰਕੇ ਫੌਜ ਵਿੱਚ ਭਰਤੀ ਹੋ ਗਿਆ ਸੀ। ਉਹ ਜਦੋਂ ਵੀ ਛੁੱਟੀ ਆਉਂਦਾ ਤਾਂ ਹਰੀ ਫੌਜੀ ਵਰਦੀ ਪਹਿਨੀ ਤਿਰਪਾਲ ਦਾ ਬਿਸਤਰ ਬੰਨ੍ਹ ਅਤੇ ਗੋਲ ਬੋਰੀ ਵਰਗੀ ਕਿੱਟ ਚੁੱਕੀ ਡਿਆਲਾਂ ਵਾਲੇ ਅੱਡੇ ਤੋਂ ਪੈਦਲ ਪਿੰਡ ਪਹੁੰਚ ਕੇ ਪਹਿਲਾਂ ਤੇ ਆਖਰੀ ਦਮ ਚਾਚੇ ਦੀ ਚੱਕੀ ’ਤੇ ਆ ਕੇ ਮਾਰਦਾ। ਚਾਚਾ ਆਟੇ ਨਾਲ ਲਿੱਬੜੇ ਹੱਥ ਝਾੜਦਾ, ਉਸ ਨਾਲ ਹੱਥ ਮਿਲਾਉਂਦਾ ਆਖਦਾ, “ਆ ਬਈ ਛੱਜੂ ਰਾਮਾ, ਕਿੰਨੀ ਛੁੱਟੀ ਆਇਆਂ?”
ਛੱਜੂ ਚਾਚੇ ਨਾਲ ਹੱਥ ਮਿਲਾਉਂਦਿਆਂ ਦੂਜੇ ਹੱਥ ਨਾਲ ਮੱਥੇ ਤੋਂ ਪਸੀਨਾ ਪੂੰਝ ਕੇ ਇਕ ਪਾਸੇ ਝਾੜਦਾ ਆਖਦਾ, “ਗਰਮੀ ਨੇ ਤਾਂ ਵੱਟ ਕੱਢੇ ਪਏ ਆ।”
ਮੈਂ ਪਿੰਡ ਦੇ ਹੋਰ ਗੱਭਰੂਆਂ ਨਾਲੋਂ ਵੱਖਰੇ ਲਗਦੇ ਸ਼ਖਸ ਵੱਲ ਚੁੱਪ ਕੀਤਾ ਝਾਕਦਾ ਰਹਿੰਦਾ। ਛੱਜੂ ਦੀ ਹਰੀ ਵਰਦੀ ਹੀ ਮੇਰੀ ਪ੍ਰੇਰਨਾ ਸਰੋਤ ਬਣੀ ਸੀ।
ਛੱਜੂ ਦਾ ਪਿਤਾ ਪਿੰਡ ਦਾ ਸਤਿਕਾਰਕ ਪੁਰੋਹਿਤ ਸੀ, ਜਿਸ ਦੀ ਸਲਾਹ ਬਗੈਰ ਜੱਟ ਵਕਤੋਂ ਪਹਿਲਾਂ ਜ਼ਮੀਨ ਨੂੰ ਵਾਹੁਣ ਲਈ ਹਲ ਨਾ ਜੋੜਦੇ। ਜੇ ਕੋਈ ਜੱਟ ਦਾਨ ਦੱਛਣਾ ਵਿਚ ਘਾਟ ਰੱਖਦਾ ਤਾਂ ਕਈ ਵਾਰ ਇਹ ਕਹਿ ਕੇ ਜ਼ਮੀਨ ਵੱਤਰੋਂ ਟਪਾਅ ਦਿੰਦਾ ਕਿ ‘ਭਾਈ ਹਾਲੇ ਧਰਤੀ ਮਾਂ ਸੁੱਤੀ ਪਈ ਆ।’ ਫਿਰ ਘੱਟ ਪੈਦਾਵਾਰ ਨੂੰ ਜੱਟ ਦੇ ਪਿਛਲੇ ਕਰਮਾਂ ਨਾਲ ਜੋੜ ਕੇ ਉਪਾਅ ਕਰਦਾ ਦਾਨ ਦੇ ਗੱਫੇ ਲੈ ਕੇ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾਈ ਰੱਖਦਾ। ਛੱਜੂ ਦਾ ਪਿਓ ਤਾਂ ਛੱਜੂ ਨੂੰ ਵੀ ਕਈ ਵਾਰ ਆਖਦਾ, “ਤੇਰੀ ਤਨਖਾਹ ਜਿੰਨਾ ਤਾਂ ਇਕ ਜਜਮਾਨ ਦੇ ਛੱਡਦਾ ਐ, ਐਵੇਂ ਜਿਉਂਦੇ ਜੀ ਗੋਲੀ ਅੱਗੇ ਬੈਠਾ ਹੋਇਆ ਹੈ।”
ਛੱਜੂ ਦਾ ਮਿਹਨਤੀ ਤੇ ਅਣਖੀ ਸੁਭਾਅ ਅਜਿਹੀਆਂ ਗੱਲਾਂ ਤੋਂ ਬਹੁਤ ਦੂਰ ਸੀ। ਉਹ ਸ਼ੁਰੂ ਤੋਂ ਹੀ ਮਿਹਨਤ ਮੁਸ਼ੱਕਤ ਵਿੱਚ ਯਕੀਨ ਰੱਖਣ ਵਾਲਾ ਨਿਮਰ ਸੁਭਾਅ ਦਾ ਮਨੁੱਖ ਸੀ। ਛੱਜੂ ਵਿਆਹ ਦੇ ਬੰਧਨ ਵਿਚ ਬੱਝਣ ਤੋਂ ਬਾਅਦ ਚਾਰ ਬੱਚਿਆਂ ਦਾ ਪਿਤਾ ਬਣ ਗਿਆ ਤਾਂ ਉਸਦੇ ਬਾਪ ਨੇ ਵਧੇ ਪਰਿਵਾਰ ਤੋਂ ਇਹ ਕਹਿ ਕੇ ਪਾਸਾ ਵੱਟ ਲਿਆ, “ਜਦੋਂ ਫੌਜ ਦੀ ਤਨਖਾਹ ਨਾਲ ਟੱਬਰ ਪਾਲੇਂਗਾ, ਆਪੇ ਪੁਰੋਹਤਪੁਣੇ ਦੀ ਸਮਝ ਪੈ ਜਾਊ।”
ਉਦੋਂ ਫੌਜੀਆਂ ਦੀ ਤਨਖਾਹ ਵੀ ਬੜੀ ਘੱਟ ਹੁੰਦੀ ਸੀ, ਪਰ ਛੱਜੂ ਘਬਰਾਇਆ ਨਹੀਂ। ਉਸ ਨੇ ਫੌਜ ਵਿੱਚ ਰਹਿੰਦਿਆਂ ਸਿੱਖਿਆ ਸੀ ਕਿ ਚੰਗੀ ਯੋਜਨਾਬੰਦੀ ਨਾਲ ਕੋਈ ਵੀ ਜੰਗ ਜਿੱਤੀ ਜਾ ਸਕਦੀ ਹੈ। ਉਹ ਦੋ ਮਹੀਨੇ ਦੀ ਛੁੱਟੀ ਆਇਆ ਵੀ ਵਿਹਲਾ ਨਾ ਬੈਠਦਾ। ਬਹੁਤੀ ਵਾਰ ਉਹ ਕਣਕਾਂ ਦੀ ਵਾਢੀ ਸਮੇਂ ਹੀ ਛੁੱਟੀ ਆਉਂਦਾ।
ਵਕਤ ਆਪਣੀ ਚਾਲ ਚੱਲਦਾ ਰਿਹਾ। ਬੱਚੇ ਸਿਆਣੇ ਹੋ ਗਏ। ਵੱਡੇ ਸਕੂਲਾਂ ਵਿੱਚ ਜਾਣ ਲੱਗ ਪਏ। ਤਰੱਕੀ ਨਾ ਮਿਲਣ ਕਰਕੇ ਉਸ ਨੂੰ ਪੰਦਰ੍ਹੀਂ ਸਾਲੀਂ ਹੀ ਪੈਨਸ਼ਨ ਆਉਣਾ ਪਿਆ।
ਉਨ੍ਹਾਂ ਵੇਲਿਆਂ ਵਿਚ ਟਾਂਗਾ ਪਾਉਣਾ ਟੈਕਸੀ ਪਾਉਣ ਤੋਂ ਘੱਟ ਨਹੀਂ ਹੁੰਦਾ ਸੀ। ਬਾਕਾਇਦਾ ਟੈਕਸੀ ਵਾਂਗ ਟੋਕਨ ਟੈਕਸ ਭਰ ਕੇ ਤੰਦਰੁਸਤ ਘੋੜਾ/ਘੋੜੀ ਆਵਾਜਾਈ ਦਫਤਰੋਂ ਪਾਸ ਕਰਵਾਉਣਾ ਪੈਂਦਾ ਸੀ। ਛੇ ਸਵਾਰੀਆਂ ਪਾਸ ਹੁੰਦਾ ਸੀ ਟਾਂਗਾ। ਵੱਧ ਸਵਾਰੀ ਤੇ ਬਿਮਾਰ ਜਾਂ ਕਮਜ਼ੋਰ ਜਾਨਵਰ ਚਲਾਨ ਦਾ ਕਾਰਨ ਬਣ ਸਕਦਾ ਸੀ। ਛੱਜੂ ਸਾਰੀ ਨੌਕਰੀ ਡਿਆਲਾਂ ਆਲੇ ਅੱਡੇ ਤੋਂ ਅੱਠ ਦਸ ਮੀਲ ਬਿਸਤਰੇ ਸਮੇਤ ਪੈਦਲ ਚੱਲ ਕੇ ਪਿੰਡ ਆਉਂਦਾ ਰਿਹਾ ਸੀ। ਸੋ ਪੈਨਸ਼ਨ ਆ ਕੇ ਮਿਲੀ ਪੂੰਜੀ ਨਾਲ ਪਾਇਆ ਟਾਂਗਾ ਪਿੰਡ ਵਿੱਚ ਆਵਾਜਾਈ ਦਾ ਕੋਈ ਹੋਰ ਸਾਧਨ ਨਾ ਹੋਣ ਕਰਕੇ ਵਾਹਵਾ ਚੱਲ ਨਿਕਲਿਆ। ਫੌਜੀ ਹੋਣ ਕਰਕੇ ਸਮੇਂ ਦੇ ਪਾਬੰਦ ਛੱਜੂ ਦੀਆਂ ਸਵਾਰੀਆਂ ਟਾਈਮ ਨਾਲ ਆ ਜਾਂਦੀਆਂ। ਬੀਬੀਆਂ, ਮਾਈਆਂ ਦਾ ਸਾਮਾਨ ਵਾਲਾ ਝੋਲਾ ਆਪ ਘਰ ਜਾ ਕੇ ਵੀ ਚੁੱਕ ਲਿਆਉਂਦਾ। ਕਿਸੇ ਧੀ ਧਿਆਣੀ ਜਾਂ ਨੂੰਹ ਨੂੰ ਸ਼ਹਿਰ ਕੋਈ ਚੀਜ਼ ਵਸਤ ਲੈਣ ਲਈ ਬਜ਼ੁਰਗ ਮਾਈਆਂ ਉਸ ਦੇ ਟਾਂਗੇ ’ਤੇ ਭੇਜ ਆਪ ਬੇਫਿਕਰ ਰਹਿੰਦੀਆਂ। ਛੱਜੂ ਦੇ ਟਾਂਗੇ ਦਾ ਬਹੁਤਾ ਸੁਖ ਇਹ ਸੀ ਕਿ ਸਵਾਰੀ ਪਿੱਡੋਂ ਚੜ੍ਹ ਕੇ ਪਿੰਡ ਹੀ ਉਤਰਦੀ ਹੋਣ ਕਾਰਨ ਪੈਦਲ ਤੁਰਨਾ ਨਹੀਂ ਪੈਂਦਾ ਸੀ। ਜਦੋਂ ਕਿਤੇ ਸਵਾਰੀਆਂ ਦੇ ਕਹੇ ਉਹ ਭਰਿਆ ਭਰਾਇਆ ਟਾਂਗਾ ਬਿਨਾਂ ਰੁਕੇ ਵੱਡੇ ਸ਼ਹਿਰ ਲੈ ਜਾਂਦਾ ਤਾਂ ਟੈਕਸੀਆਂ ਵਾਲੇ ਇਤਰਾਜ਼ ਕਰਦੇ, ‘ਸਾਡੀਆਂ ਸਵਾਰੀਆਂ ਖਰਾਬ ਕਰਦਾ ਹੈ। ਅਸੀਂ ਟੈਕਸ ਭਰਦੇ ਹਾਂ।’
ਛੱਜੂ ਇਤਰਾਜ਼ ਕਰਨ ਵਾਲੇ ਨੂੰ ਬਾਹੋਂ ਫੜ ਕੇ ਟਾਂਗੇ ਉੱਤੇ ਸਾਲ ਭਰ ਦਾ ਟੈਕਸ ਦਾ ਲੱਗਿਆ ਟੋਕਨ ਵਿਖਾ ਕੇ ਕਹਿੰਦਾ, “ਤੂੰ ਕੋਈ ਅਲੋਕਾਰ ਟੈਕਸ ਨਹੀਂ ਤਾਰਦਾ।” ਟੈਕਸੀ ਦਾ ਮਾਲਕ ਛਿੱਥਾ ਜਿਹਾ ਪੈ ਜਾਂਦਾ। ਜੇ ਕਿਧਰੇ ਸਵਾਰੀ ਵੱਧ ਬੈਠ ਜਾਂਦੀ ਤਾਂ ਉਸ ਸਵਾਰੀ ਦੇ ਕਿਰਾਏ ਦਾ ਵੱਧ ਦਾਣਾ ਘੋੜੀ ਨੂੰ ਪਾਉਣਾ ਉਹ ਆਪਣਾ ਇਨਸਾਨੀ ਫਰਜ਼ ਸਮਝਦਾ। ਟਾਂਗਾ ਚਲਾਉਂਦਿਆਂ ਉਹ ਕਦੇ ਘੋੜੀ ਨੂੰ ਮਾੜੀ ਗਾਲ੍ਹ ਨਾ ਕੱਢਦਾ ਜਾਂ ਛਾਂਟਾ ਨਾ ਮਾਰਦਾ। ਤੁਰਨ ਲੱਗਿਆਂ ਹਮੇਸ਼ਾ ਕਹਿੰਦਾ, “ਚੱਲ ਕਰਮਾਂ ਵਾਲੀਏ, ਰੱਬ ਤੇਰਾ ਭਲਾ ਕਰੇ।” ਸਵਾਰੀਆਂ ਨਾਲ ਫੌਜ ਅਤੇ ਹੋਰ ਪਰਿਵਾਰਕ ਗੱਲਾਂ ਕਰਦਾ ਛੱਜੂ ਕਦੋਂ ਪਿੰਡ ਪਹੁੰਚ ਜਾਂਦਾ, ਪਤਾ ਹੀ ਨਾ ਲੱਗਦਾ।
ਫੌਜ ਵਿੱਚ ਨੌਕਰੀ ਕਰ ਚੁੱਕੇ ਵਿਅਕਤੀ ਨੂੰ ਲੋਕ ਪਿੰਡ ਵਿੱਚ ਅਕਸਰ ਫੌਜੀ ਕਹਿ ਕੇ ਸੱਦਦੇ ਹਨ, ਭਾਵੇਂ ਉਹ ਕਿਸੇ ਵੀ ਅਹੁਦੇ ਤੋਂ ਆਇਆ ਹੋਵੇ। ਛੱਜੂ ਫੌਜ ਤੋਂ ਪੈਨਸ਼ਨ ਆ ਕੇ ਛੱਜੂ ਟਾਂਗੇ ਵਾਲਾ ਬਣ ਗਿਆ ਸੀ। ਉਹ ਕਿਸੇ ਗਰੀਬ ਗੁਰਬੇ ਨੂੰ ਬਿਨਾਂ ਕਿਰਾਏ ਵੀ ਲੈ ਆਉਂਦਾ। ਛੱਜੂ ਨੇ ਫੌਜ ਵਿਚ ਰਹਿ ਕੇ ਕਾਨੂੰਨੀ ਬੰਧਨਾਂ ਵਿਚ ਰਹਿਣਾ ਸਿੱਖਿਆ ਸੀ। ਕਾਨੂੰਨ ਮੁਤਾਬਕ ਛੇ ਸਵਾਰੀਆਂ ਤੋਂ ਵੱਧ ਸਵਾਰੀ ਬਿਠਾਉਣ ਦੀ ਕੋਸ਼ਿਸ਼ ਨਾ ਕਰਦਾ, ਜੋ ਪਹਿਲਾਂ ਆਇਆ ਪਹਿਲਾਂ ਜਾਊ, ਨਾਰਾਜ਼ਗੀ ਕੋਈ ਨਹੀਂ। ਛੱਜੂ ਦੇ ਮਿਹਨਤੀ ਅਤੇ ਨਿਮਰ ਸੁਭਾਅ ਕਰਕੇ ਪੂਰਾ ਪਿੰਡ ਉਸ ਨੂੰ ਪਿਆਰ ਕਰਦਾ। ਕੌੜਾ ਬੋਲਣਾ ਤਾਂ ਉਸ ਨੇ ਜਿਵੇਂ ਸਿੱਖਿਆ ਹੀ ਨਹੀਂ ਸੀ।
ਛੱਜੂ ਦੀ ਮਿਹਨਤ ਦੀ ਕਮਾਈ ਤੇ ਪੈਨਸ਼ਨ ਨਾਲ ਬੱਚੇ ਪੜ੍ਹ ਲਿਖ ਕੇ ਚੰਗੇ ਅਹੁਦਿਆਂ ’ਤੇ ਲੱਗ ਗਏ। ਰੋਜ਼ ਪਿੰਡ ਆਉਣ ਜਾਣ ਦੇ ਝੰਜਟ ਤੋਂ ਬਚਣ ਲਈ ਵਿਆਹੇ ਵਰੇ ਬੱਚਿਆਂ ਨੇ ਸ਼ਹਿਰ ਦਾ ਰੁਖ ਕਰ ਲਿਆ। ਬੱਚੇ ਸੋਚਦੇ ਸਨ ਕਿ ਸਾਡੇ ਬਾਪ ਨੇ ਬੜੀ ਮੁਸ਼ੱਕਤ ਕੀਤੀ ਹੈ, ਪਿਛਲੀ ਉਮਰੇ ਆਰਾਮ ਕਰ ਲਵੇ। ਨਾਲੇ ਨਵੀਆਂ ਬਣੀਆਂ ਲਿੰਕ ਸੜਕਾਂ ’ਤੇ ਭੂੰਡ ਟੈਂਪੂ ਚੱਲਣ ਕਰਕੇ ਟਾਂਗਿਆਂ ਦੀ ਪੁੱਛ ਘਟ ਗਈ ਸੀ। ਪਹਿਲਾਂ ਛੱਜੂ ਸ਼ਹਿਰ ਜਾਣ ਲਈ ਮੰਨਿਆ ਨਾ, ਫਿਰ ਇਸ ਸ਼ਰਤ ’ਤੇ ਮੰਨ ਗਿਆ ਕਿ ਉਹ ਟਾਂਗਾ ਵਾਹੁਣਾ ਨਹੀਂ ਛੱਡੇਗਾ। ਉਸ ਦਾ ਤਰਕ ਸੀ ਕਿ ਉਸ ਨੇ ਮਿਹਨਤ ਨਾਲ ਸਭ ਨੂੰ ਪੜ੍ਹਾਇਆ ਲਿਖਾਇਆ ਤੇ ਸਭ ਕੁਝ ਪ੍ਰਾਪਤ ਕੀਤਾ ਹੈ। ਪਿੰਡ ਵਿੱਚ ਖਾਨਦਾਨੀ ਪੁਰੋਹਿਤ ਹੋਣ ਕਰਕੇ ਜਦੋਂ ਵੀ ਕੋਈ ਵਡੇਰਿਆਂ ਦਾ ਸ਼ਰਾਧ ਖੁਆਉਣ ਵਾਸਤੇ ਛੱਜੂ ਨੂੰ ਨਿਉਤਾ ਦਿੰਦਾ ਤਾਂ ਉਸ ਦਾ ਜਵਾਬ ਹੁੰਦਾ, “ ਜੋ ਆਨੰਦ ਮਿਹਨਤ ਦੀ ਰੋਟੀ ਦਾ ਹੈ, ਉਹ ਮੁਫਤ ਦੀਆਂ ਖੀਰਾਂ ਪੂਰੀਆਂ ਦਾ ਨਹੀਂ।”
ਛੱਜੂ ਦੀ ਹਰੀ ਵਰਦੀ ਤੋਂ ਪ੍ਰੇਰਿਤ ਮੈਂ ਵੀ ਵਰਦੀਧਾਰੀ ਹੋ ਗਿਆ। ਜਦੋਂ ਵੀ ਮੈਂ ਛੁੱਟੀ ਆਉਂਦਾ ਤਾਂ ਕਿਸੇ ਟੈਂਪੂ ਦੀ ਬਜਾਏ ਛੱਜੂ ਦੇ ਟਾਂਗੇ ਵਿੱਚ ਬੈਠਣ ਨੂੰ ਪਹਿਲ ਦਿੰਦਾ। ਤੇਜ਼ ਰਫਤਾਰ ਚੱਲ ਰਹੀ ਜ਼ਿੰਦਗੀ ਵਿੱਚ ਛੱਜੂ ਦੀ ਸਵਾਰੀ ਉਸ ਦੀ ਸਮਕਾਲੀ ਹੁੰਦੀ ਜਾਂ ਕੋਈ ਛੋਟੇ ਮੋਟੇ ਸਾਮਾਨ ਵਾਲੀ ਜੋ ਟੈਂਪੂ ’ਤੇ ਲੱਦਿਆ ਨਾ ਜਾ ਸਕਦਾ ਹੋਵੇ।
ਮੈਂ ਵੀ ਪੈਨਸ਼ਨ ਲੈ ਕੇ ਪਿੰਡ ਆ ਗਿਆ। ਨਵੀਂ ਡਿਜੀਟਲ ਪਨੀਰੀ ਛੱਜੂ ਅਤੇ ਉਸ ਦੇ ਟਾਂਗੇ ਬਾਰੇ ਘੱਟ ਹੀ ਜਾਣਦੀ ਸੀ। ਕੋਈ-ਕੋਈ ਪੁਰਾਣਾ ਬਜ਼ੁਰਗ ਉਸਦੀ ਨਿਮਰਤਾ ਅਤੇ ਉਸ ਦੇ ਮਿਹਨਤੀ ਸੁਭਾਅ ਦੀਆਂ ਗੱਲਾਂ ਕਰਦਾ। ਅਚਾਨਕ ਸਰਾਕਰ ਨੇ ਨੋਟਬੰਦੀ ਦਾ ਐਲਾਨ ਕਰ ਦਿੱਤਾ। ਬੈਂਕਾਂ ਅਤੇ ਪੈਸੇ ਕਢਾਉਣ ਵਾਲੀਆਂ ਮਸ਼ੀਨਾਂ ਅੱਗੇ ਹਰ ਉਮਰ ਦੇ ਮਰਦਾਂ ਅਤੇ ਤੀਵੀਆਂ ਦੀਆਂ ਲਾਈਨਾਂ ਦਿਸਣ ਲੱਗੀਆਂ। ਇਕ ਦਿਨ ਮੈਂ ਵੀ ਬੈਂਕ ਵਿੱਚੋਂ ਪੈਸੇ ਕਢਵਾਉਣ ਲਈ ਲਾਈਨ ਵਿੱਚ ਲੱਗਿਆ ਹੋਇਆ ਸਾਂ। ਘੱਟ ਜਗ੍ਹਾ ਹੋਣ ਕਰਕੇ ਲੰਮੀ ਲਾਈਨ ਘੁੰਮ ਕੇ ਸੱਤ ਹਿੰਦਸੇ ਦਾ ਰੂਪ ਧਾਰ ਗਈ ਸੀ। ਕਾਫੀ ਪਿੱਛੇ ਸਾਫ ਸੁਥਰੇ ਕੱਪੜਿਆਂ ਵਿਚ ਖਲੋਤਾ ਇਕ ਬਜ਼ੁਰਗ ਮੈਨੂੰ ਛੱਜੂ ਲੱਗਿਆ। ਆਪਣੇ ਤੋਂ ਪਿਛਲੇ ਨੂੰ ਮੈਂ ‘ਹੁਣੇ ਆਇਆ’ ਕਹਿ ਕੇ ਬਜ਼ੁਰਗ ਕੋਲ ਚਲਾ ਗਿਆ। ਮੈਂ ਅਦਬ ਨਾਲ ਗੋਡੀਂ ਹੱਥ ਲਾ ਕੇ ਕਿਹਾ, “ਤੁਸੀਂ ਛੱਜੂ ਚਾਚਾ ਹੀ ਓ ਨਾ ... ਮਾਲੇਵਾਲੋਂ?”
ਉਸ ਨੇ ਝੱਟ ਮੈਨੂੰ ਪਛਾਣਦਿਆਂ ਜੱਫੀ ਪਾ ਲਈ, “ਓ ਬੱਲੇ, ਪੁੱਤਰਾ ਤੂੰ ਵੀ ਪੈਨਸ਼ਨ ਆ ਗਿਆ? ਲੈ ਹਾਲੇ ਕੱਲ੍ਹ ਮੁੱਖੇ ਭਾਅ ਦੀ ਮਸ਼ੀਨੇ ਖੇਡਦਾ ਹੁੰਦਾ ਸੀ।” ਉਸ ਨੇ ਚਾਚੇ ਨੂੰ ਯਾਦ ਕਰਦਿਆਂ ਕਿਹਾ।
ਜਦੋਂ ਮੈਂ ਟਾਂਗੇ ਬਾਰੇ ਪੁੱਛਿਆ ਤਾਂ ਬੋਲਿਆ, “ਪੁੱਤਰਾ, ਟਾਂਗਾ ਹੁਣ ਬੱਚੇ ਨਹੀਓਂ ਚਲਾਉਣ ਦਿੰਦੇ, ਆਪੋ ਆਪਣੇ ਘਰ ਰਾਜ਼ੀ ਨੇ। ਮੈਂ ਤੇ ਤੇਰੀ ਚਾਚੀ ਫੌਜੀ ਪੈਨਸ਼ਨ ਨਾਲ ਮੌਜ ਕਰਦੇ ਹਾਂ। ਮੇਰੀ ਘੋੜੀ ਜ਼ਰੂਰ ਮੇਰਾ ਸਾਥ ਛੱਡ ਗਈ ਹੈ, ਪਰ ਮੈਂ ਟਾਂਗਾ ਨਹੀਂ ਵੇਚਿਆ।” ਛੱਜੂ ਚਾਚਾ ਇੰਜ ਬੋਲ ਰਿਹਾ ਸੀ ਜਿਵੇਂ ਉਸ ਨੂੰ ਸੁਣਨ ਵਾਲਾ ਕੋਈ ਆਪਣਾ ਮਸਾਂ ਹੀ ਮਿਲਿਆ ਹੋਵੇ। ਮੈਂ ਸਤਿਕਾਰ ਨਾਲ ਕਿਹਾ, “ਛੱਜੂ ਚਾਚਾ, ਤੁਸੀਂ ਮੇਰੀ ਜਗ੍ਹਾ ਲੱਗ ਜਾਓ, ਜਲਦੀ ਨੰਬਰ ਆ ਜਾਊ। ਮੈਂ ਤੁਹਾਡੀ ਥਾਂ ਖਲੋ ਜਾਂਦਾ ਹਾਂ ...।”
“ਨਹੀਂ ਓਏ ਪੁੱਤਰਾ, ਫੌਜੀ ਮੋਰਚਾ ਥੋੜ੍ਹਾ ਛੱਡਦੇ ਹੁੰਦੇ ਆ। ਨਾਲੇ ਮੈਂ ਕੋਈ ਬੁੱਢਾ ਥੋੜ੍ਹਾ ਹੋਇਆ ਹਾਲੇ ...।” ਕਹਿੰਦਿਆਂ ਛੱਜੂ ਚਾਚੇ ਦਾ ਝੁਰੜੀਆਂ ਭਰਿਆ ਚਿਹਰਾ ਇੰਜ ਭਖ ਉੱਠਿਆ, ਜਿਵੇਂ ਉਹ ਹਾਲੇ ਵੀ ਸਰਹੱਦ ’ਤੇ ਡਟਿਆ ਖੜ੍ਹਾ ਹੋਵੇ।
*****
(1414)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)