“ਇੱਕ ਸਵਾਰੀ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ, “ਭਾਈ ਸਾਹਿਬ, ਦੀਹਦਾ ਨ੍ਹੀਂ? ...”
(25 ਅਪ੍ਰੈਲ 2023)
ਇਸ ਸਮੇਂ ਪਾਠਕ: 402.
ਆਖਦੇ ਨੇ ਕਿ ਕੰਨ ਗਏ ਤਾਂ ਰਾਗ ਗਿਆ, ਦੰਦ ਗਏ ਤਾਂ ਸੁਆਦ ਗਿਆ, ਅੱਖਾਂ ਗਈਆਂ ਤਾਂ ਜਹਾਨ ਗਿਆ। ਕੰਨ ਅਤੇ ਦੰਦ ਜਾਣ ਤੋਂ ਬਾਅਦ ਤਾਂ ਸਰੀਰ ਦਾ ਕੁਝ ਗਵਾਚਦਾ ਹੈ ਪਰ ਅੱਖਾਂ ਸਰੀਰ ਦਾ ਅਜਿਹਾ ਅੰਗ ਹਨ ਕਿ ਇਨ੍ਹਾਂ ਦੇ ਜਾਣ ਤੋਂ ਬਾਅਦ ਜੀਵ ਇੱਕ ਤਰ੍ਹਾਂ ਜਹਾਨ ਤੋਂ ਗਿਆਂ ਬਰਾਬਰ ਹੀ ਹੋ ਜਾਂਦਾ ਹੈ। ਕੁਦਰਤ ਬੜੀ ਬੇਅੰਤ ਹੈ, ਅੱਖਾਂ ਜਾਣ ਤੋਂ ਬਾਦ ਮਨ ਦੀਆਂ ਅੱਖਾਂ ਕੰਮ ਕਰਨ ਲੱਗ ਜਾਂਦੀਆਂ ਹਨ। ਭਾਵ ਤੀਸਰਾ ਨੇਤਰ ਖੁੱਲ੍ਹ ਜਾਂਦਾ ਹੈ, ਜਿਸ ਨੂੰ ਗਿਆਨ ਚਕਸ਼ੂ ਵੀ ਆਖਦੇ ਹਨ। ਅੱਖਾਂ ਤੋਂ ਨਿਧਾਨ ਬੰਦਿਆਂ ਦੀਆਂ ਕਈ ਕਹਾਣੀਆਂ ਵੇਖਣ ਸੁਣਨ ਨੂੰ ਮਿਲਦੀਆਂ ਹਨ। ਇਸ ਲੇਖ ਵਿੱਚ ਮੈਂ ਅੱਖੀਂ ਵੇਖੇ ਤਿੰਨ ਜਿਊੜਿਆਂ ਦਾ ਜ਼ਿਕਰ ਕਰਾਂਗਾ, ਜਿਨ੍ਹਾਂ ਨੂੰ ਮੈਂ ਨੇੜਿਓਂ ਤੱਕਿਆ ਹੈ।
ਮੇਰੇ ਪਿੰਡ ਦਾ ਰਹਿਣ ਵਾਲਾ ਇੱਕ ਧਾਰਮਿਕ ਵਿਅਕਤੀ ਸੀ ਜਿਸਦੇ ਨਾਮ ਦਾ ਪਿੰਡ ਵਿੱਚ ਸ਼ਾਇਦ ਹੀ ਕਿਸੇ ਨੂੰ ਪਤਾ ਸੀ। ਉਸ ਦੀ ਪਛਾਣ ‘ਭਾਈ ਅੰਨ੍ਹੇ’ ਤੋਂ ਸੀ। ਮੇਰੇ ਹੋਸ਼ ਸੰਭਾਲਣ ਤਕ ਉਸ ਦੀ ਉਮਰ ਪੰਜਾਹ ਸਾਲਾਂ ਤੋਂ ਉੱਪਰ ਸੀ। ਸਾਰਾ ਪਿੰਡ ਉਸ ਦਾ ਬਹੁਤ ਆਦਰ ਕਰਦਾ ਸੀ। ਮੇਰੀ ਦਾਦੀ ਨੇ ਦੱਸਿਆ ਸੀ ਕਿ ਭਾਈ ਅੰਨ੍ਹਾ ਬਚਪਨ ਤੋਂ ਹੀ ਧਾਰਮਿਕ ਬਿਰਤੀ ਵਾਲਾ ਸੀ। ਛੋਟੀ ਉਮਰ ਵਿੱਚ ਹੀ ਉਹ ਗੁਰਦੁਆਰੀਏ ਭਾਈ ਤੋਂ ਗੁਰਮੁਖੀ ਸਿੱਖ ਕੇ ਪਾਠ ਕਰਨ ਲੱਗ ਪਿਆ ਸੀ। ਅਚਾਨਕ ਉਹ ਚੇਚਕ ਦੀ ਬਿਮਾਰੀ ਦਾ ਸ਼ਿਕਾਰ ਹੋ ਗਿਆ ਤੇ ਦੋਵਾਂ ਅੱਖਾਂ ਤੋਂ ਵਾਂਝਾ ਹੋ ਗਿਆ। ਪਹਿਲਾਂ ਵੀ ਉਹ ਗੁਰਦੁਆਰੇ ਹੀ ਜ਼ਿਆਦਾ ਰਹਿੰਦਾ ਸੀ, ਫਿਰ ਤਾਂ ਪੱਕਾ ਹੀ ਰਹਿਣ ਲੱਗ ਪਿਆ। ਉਹ ਬਚਪਨ ਵਿੱਚ ਹਰੇਕ ਘਰ ਜਾਂਦਾ ਹੀ ਸੀ ਅੱਖਾਂ ਜਾਣ ਤੋਂ ਬਾਅਦ ਵੀ ਉਹ ਬਿਨਾਂ ਕਿਸੇ ਦੀ ਸਹਾਇਤਾ ਦੇ ਜਿਸ ਘਰੋਂ ਵੀ ਧਾਰਮਿਕ ਸਮਾਗਮ ਦਾ ਸੱਦਾ ਆਉਂਦਾ ਤਾਂ ਆਪਣੇ ਆਪ ਹੀ ਪਹੁੰਚ ਜਾਂਦਾ ਸੀ। ਉਸ ਨੂੰ ਗੁਰਬਾਣੀ ਜ਼ੁਬਾਨੀ ਬਹੁਤ ਕੰਠ ਸੀ। ਪਿੰਡ ਦਾ ਕੋਈ ਵੀ ਵਿਅਕਤੀ, ਭਾਵੇਂ ਲੰਮੇ ਅਰਸੇ ਬਾਅਦ ਮਿਲੇ, ਉਹ ਉਸ ਦੀ ਆਵਾਜ਼ ਪਛਾਣ ਲੈਂਦਾ ਸੀ।
ਦੂਸਰਾ ਵਿਅਕਤੀ ਮੈਨੂੰ ਫੌਜ ਵਿੱਚੋਂ ਛੁੱਟੀ ਆਉਂਦਿਆਂ ਅੰਬਾਲਾ ਰੇਲਵੇ ਸਟੇਸ਼ਨ ਤੋਂ ਡੱਬੇ ਵਿੱਚ ਸਵਾਰ ਹੋਇਆ ਮਿਲਿਆ। ਉਸਦੇ ਹੱਥ ਵਿੱਚ ਇੱਕ ਪਤਲੀ ਜਿਹੀ ਖੂੰਡੀ ਸੀ ਜੋ ਅਕਸਰ ਸੂਰਦਾਸ ਫੜਦੇ ਹਨ। ਉਹ ਖਿੜਕੀ ਤੋਂ ਸੀਟਾਂ ਵੱਲ ਬੜੇ ਆਰਾਮ ਨਾਲ ਵਧ ਰਿਹਾ ਸੀ। ਉਸ ਦੀਆਂ ਖੁੱਲ੍ਹੀਆਂ ਅੱਖਾਂ ਤੋਂ ਉਹ ਅੰਨ੍ਹਾ ਨਹੀਂ ਲੱਗਦਾ ਸੀ। ਖੁੱਲ੍ਹਾ ਦਾੜ੍ਹਾ, ਚਿੱਟਾ ਲਿਬਾਸ, ਜਿਵੇਂ ਕੋਈ ਦਰਵੇਸ਼ ਹੋਵੇ। ਉਹ ਠੇਡਾ ਲੱਗ ਕੇ ਡਿਗਣ ਲੱਗਾ ਤਾਂ ਇੱਕ ਸਵਾਰੀ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ, “ਭਾਈ ਸਾਹਿਬ, ਦੀਹਦਾ ਨ੍ਹੀਂ?”
“ਹਾਂ ਜੀ, ਦਿਸਦਾ ਹੀ ਨਹੀਂ ਹੈ।” ਉਹ ਬੜੀ ਹੀ ਨਿਮਰਤਾ ਨਾਲ ਬੋਲਿਆ। ਮੈਂ ਉਸ ਨੂੰ ਆਪਣੇ ਨੇੜੇ ਥਾਂ ਬਣਾ ਕੇ ਬਹਾਲ ਲਿਆ। ਮੇਰਾ ਧੰਨਵਾਦ ਕਰਕੇ ਬੈਠਣ ਤੋਂ ਥੋੜ੍ਹੀ ਦੇਰ ਬਾਅਦ ਗੱਲਾਂਬਾਤਾਂ ਦਾ ਸਿਲਸਲਾ ਵੀ ਸ਼ੁਰੂ ਹੋ ਗਿਆ। ਉਹ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਤਬਲਾ ਵਾਦਕ ਸੀ। ਮੈਂ ਉਸ ਨੂੰ ਪੁੱਛਿਆ “ਖਾਲਸਾ ਜੀ, ਤੁਹਾਡੀਆਂ ਅੱਖਾਂ ਵੇਖਣ ਵਾਲੇ ਨੂੰ ਤਾਂ ਠੀਕ ਲੱਗਦੀਆਂ ਹਨ, ਅੱਖਾਂ ਦੀ ਰੋਸ਼ਨੀ ਬਚਪਨ ਤੋਂ ਹੀ ਨਹੀਂ ਹੈ ਜਾਂ ਮਗਰੋਂ ਗਈ ਹੈ?”
“ਨਹੀਂ ਜੀ, ਮੈਂ ਭਰ ਜਵਾਨੀ ਵਿੱਚ ਜੋਤ ਹੀਣ ਹੋਇਆ ਸੀ। ਸੰਗੀਤ ਦੀ ਵਿੱਦਿਆ ਲਈ ਕਰਕੇ ਮੈਨੂੰ ਜਲਦੀ ਹੀ ਗੁਰੂ ਘਰ ਵਿੱਚ ਤਾਬਲਾ ਵਾਦਕ ਦੀ ਨੌਕਰੀ ਮਿਲ ਗਈ ਸੀ। ਇੱਕ ਦਿਨ ਮੈਂ ਬਜ਼ਾਰ ਵਿੱਚ ਰੇਹੜੀ ਤੋਂ ਫਲ਼ ਖਰੀਦ ਰਿਹਾ ਸਾਂ। ਅਚਾਨਕ ਮੈਨੂੰ ਦਿਸਣੋ ਹਟ ਗਿਆ। ਕੁਝ ਲੋਕਾਂ ਨੇ ਮੈਨੂੰ ਹਸਪਤਾਲ ਪਹੁੰਚਾਇਆ। ਇਲਾਜ ਨਾਲ ਕੁਝ ਦਿਨਾਂ ਬਾਅਦ ਮੇਰੀ ਨਜ਼ਰ ਵਾਪਸ ਆ ਗਈ। ਕਿਉਂ ਦਿਸਣੋ ਹਟਿਆ, ਇਹ ਨਹੀਂ ਪਤਾ ਲੱਗਾ। ਇੰਜ ਸਾਲ ਕੁ ਦੇ ਅਰਸੇ ਬਾਅਦ ਮੇਰੀ ਨਿਗਾਹ ਫਿਰ ਚਲੀ ਗਈ। ਸਿਰ ਤੋੜ ਇਲਾਜ ਦੇ ਬਾਵਜੂਦ ਨਜ਼ਰ ਵਾਪਸ ਨਹੀਂ ਆਈ। ਕਾਰਨ ਹਾਲੇ ਤਕ ਵੀ ਪਤਾ ਨਹੀਂ ਲੱਗ ਸਕਿਆ। ਡਾਕਟਰਾਂ ਅਨੁਸਾਰ ਇਹ ਵੱਖਰੀ ਕਿਸਮ ਦਾ ਕੇਸ ਹੈ।”
ਉਸ ਨੇ ਦੱਸਿਆ ਅਗਾਂਹ ਦੱਸਿਆ, “ਅੰਬਾਲਾ ਸ਼ਹਿਰ ਵਿੱਚ ਮੈਂ ਰਹਿਦਾ ਹਾਂ। ਉਮਰ ਮੇਰੀ ਚਾਲੀ ਸਾਲ ਹੋ ਗਈ ਹੈ। ਸਾਰੇ ਹੀ ਮੈਨੂੰ ਜ਼ੋਰ ਪਾਉਣ ਲੱਗੇ ਕਿ ਮੈਂ ਵਿਆਹ ਕਰਵਾ ਲਵਾਂ ਕਿਉਂਕਿ ਮੈਨੂੰ ਇੱਕ ਸਹਾਰੇ ਦੀ ਲੋੜ ਹੈ। ਮੇਰਾ ਤਰਕ ਸੀ ਕਿ ਬੇਸ਼ਕ ਮੈਂ ਸ਼੍ਰੋਮਣੀ ਕਮੇਟੀ ਦੀ ਮੁਲਾਜ਼ਮਤ ਕਰ ਰਿਹਾ ਹਾਂ ਪਰ ਹਰੇਕ ਔਰਤ ਦੀ ਇੱਛਾ ਹੁੰਦੀ ਹੈ ਕਿ ਉਸ ਦਾ ਪਤੀ ਸੁਹਣਾ ਸੁਨੱਖਾ ਤੇ ਤੰਦਰੁਸਤ ਹੋਵੇ। ਮੈਂ ਅੱਖਾਂ ਤੋਂ ਮਨਾਖਾ ਕਿਸੇ ਦਾ ਜੀਵਨ ਬਰਬਾਦ ਕਿਉਂ ਕਰਾਂ? ... ਜਦੋਂ ਮੇਰੇ ਪਰਿਵਾਰ ਵਾਲੇ ਜ਼ਿਆਦਾ ਹੀ ਕਹਿਣ ਲੱਗੇ ਤਾਂ ਮੈਂ ਇੱਕ ਸ਼ਰਤ ’ਤੇ ਰਾਜ਼ੀ ਹੋਇਆ ਕਿ ਮੇਰੀ ਪਤਨੀ ਬਿਲਕੁਲ ਬਦਸੂਰਤ ਹੋਵੇ ਤਾਂ ਕਿ ਇੱਕ ਅੰਨ੍ਹੇ ਨਾਲ ਸ਼ਾਦੀ ਕਰਕੇ ਉਹ ਹੀਣਤਾ ਮਹਿਸੂਸ ਨਾ ਕਰੇ। ਮੈਨੂੰ ਨਹੀਂ ਪਤਾ ਉਸ ਕਰਮਾਂਵਾਲੀ ਦੀ ਸੂਰਤ ਕਿਹੋ ਜਿਹੀ ਹੈ ਪਰ ਉਸ ਦੇ ਵਿਹਾਰ ਤੋਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਉਹ ਚੰਗੀ ਸੀਰਤ ਦੀ ਮਾਲਕ ਜ਼ਰੂਰ ਹੈ। ਉਹੀ ਮੈਨੂੰ ਸਟੇਸ਼ਨ ’ਤੇ ਛੱਡ ਕੇ ਜਾਂਦੀ ਹੈ ਅੱਗੇ ਮੈਂ ਆਪ ਹੀ ਪਹੁੰਚ ਜਾਂਦਾ ਹਾਂ।”
ਅੰਮ੍ਰਿਤਸਰ ਰੇਲਵੇ ਸਟੇਸ਼ਨ ਉੱਤੇ ਗੱਡੀ ਰੁਕਣ ਵੇਲੇ ਮੈਂ ਸੋਚ ਰਿਹਾ ਸਾਂ ਕਿ ਮੈਂ ਉਸ ਵਿਅਕਤੀ ਦੀ ਰਿਕਸ਼ੇ ’ਤੇ ਬੈਠਣ ਤਕ ਮਦਦ ਕਰਾਂ ਪਰ ਉਸ ਨੇ ਕਿਹਾ, “ਤੁਹਾਡੀ ਮਿਹਰਬਾਨੀ, ਮੈਂ ਚਲਾ ਜਾਵਾਂਗਾ।” ਮੈਂ ਵੇਖਿਆ ਕਿ ਉਹ ਸ਼ਖਸ ਬੜੇ ਆਰਾਮ ਨਾਲ ਰੇਲ ਦੇ ਦਰਵਾਜ਼ੇ ਤਕ ਪਹੁੰਚਿਆ, ਸੁਜਾਖਿਆਂ ਵਾਂਗ ਉੱਤਰਿਆ ਤੇ ਸਿੱਧਾ ਆਉਟ ਗੇਟ ਵੱਲ ਨੂੰ ਤੁਰ ਪਿਆ।
ਤੀਸਰੇ ਨੇਤਰ ਵਾਲਾ ਤੀਜਾ ਬਜ਼ੁਰਗ ਮੇਰੇ ਮਿੱਤਰ ਜਗਰੂਪ ਸਿੰਘ ਦਾ ਪਿਤਾ ਸੀ। ਜਗਰੂਪ ਅਕਸਰ ਆਪਣੇ ਪਿਤਾ ਸਰਦਾਰ ਕਰਨੈਲ ਸਿੰਘ ਦੀਆਂ ਗੱਲਾਂ ਕਰਦਾ ਦੱਸਦਾ ਕਿ ਅੱਖਾਂ ਤੋਂ ਹੀਣਾ ਬਾਪੂ ਕਿਸੇ ਦੀ ਮਦਦ ਬਗੈਰ ਪਿੰਡੋਂ ਵੀ ਹੋ ਆਉਂਦਾ ਹੈ। ਪੱਠੇ ਵੀ ਆਪ ਵੱਢਦਾ ਹੈ। ਵੱਟਾਂ ਦਾ ਘਾਹ ਵੀ ਖੁਦ ਖੋਤਦਾ ਹੈ, ਖਾਦ ਵੀ ਖਿਲਾਰ ਲੈਂਦੇ ਹਨ। ਇੱਥੋਂ ਤਕ ਕਿ ਮਸ਼ੀਨੀ ਟੋਕੇ ਦੀ ਚੀਰਨੀ ਵੀ ਲਾ ਲੈਂਦਾ ਹੈ। ਮੇਰੇ ਵਾਸਤੇ ਇਹ ਹੈਰਾਨੀਜਨਕ ਸੀ ਪਰ ਮੈਂ ਬਾਪੂ ਨੂੰ ਖੁਦ ਮਿਲ ਕੇ ਯਕੀਨ ਵਿੱਚ ਬਦਲਣ ਵਿੱਚ ਵਿਸ਼ਵਾਸ ਰੱਖਦਾ ਸਾਂ। ਜਦੋਂ ਮੈਂ ਜਗਰੂਪ ਸਿੰਘ ਨਾਲ ਉਸ ਦੇ ਡੇਰੇ ’ਤੇ ਗਿਆ ਤਾਂ ਪ੍ਰਤੱਖ ਵੇਖਿਆ। ਬਾਪੂ ਦਾ ਕਹਿਣਾ ਸੀ, “ਪਾਕਿਸਤਾਨ ਤੋਂ ਉੱਜੜ ਕੇ ਆਉਣ ਵੇਲੇ ਮੈਂ ਗੱਭਰੂ ਸਾਂ। ਇੱਧਰ ਆ ਕੇ ਹੀ ਮੇਰੀ ਸ਼ਾਦੀ ਹੋਈ ਸੀ। ਜਿਹੜੀ ਜ਼ਮੀਨ ਅਲਾਟ ਹੋਈ, ਖੇਤੀ ਕਰਦਿਆਂ ਚੇਤਿਆਂ ਵਿੱਚ ਵਸ ਗਈ। ਇੱਥੇ ਆ ਕੇ ਬਾਹਟ, ਪੈਂਹਠ ਅਤੇ ਇਕੱਤਰ ਦੀਆਂ ਜੰਗਾਂ ਸਮੇਤ ਨਕਸਲੀ ਅਤੇ ਅੱਤਵਾਦ ਦੇ ਦੌਰ ਵਰਗੇ ਬੜੇ ਰੰਗ ਵੇਖੇ ਹਨ। ਬੇਸ਼ਕ ਮੈਂ ਵੇਖ ਨਹੀਂ ਸਕਦਾ ਪਰ ਅੱਜ ਵੀ ਮਨ ਦੀਆਂ ਅੱਖਾਂ ਨਾਲ ਮੈਨੂੰ ਸਭ ਕੁਝ ਨਜ਼ਰ ਆਉਂਦਾ ਹੈ।”
ਟੀ ਵੀ ਉੱਤੇ ਖਬਰਾਂ ਸੁਣਦਿਆਂ ਲੱਗਦਾ ਹੈ ਕਿ ਅੱਖਾਂ ਵਾਲਿਆਂ ਨੂੰ ਨਜ਼ਰ ਹੀ ਨਹੀਂ ਆਉਂਦਾ। ਰੱਬ ਕਰੇ ਇਹਨਾਂ ਅਕਲ ਦਿਆਂ ਅੰਨ੍ਹਿਆਂ ਦੀਆਂ ਅਕਲਾਂ ਦਾ ਵੀ ਤੀਸਰਾ ਨੇਤਰ ਖੁੱਲ੍ਹ ਜਾਵੇ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3932)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)