“ਭਾਵੁਕਤਾ, ਰੌਚਿਕਤਾ, ਪਾਤਰਾਂ ਵੱਲੋਂ ਬੋਲੇ ਸੰਵਾਦ ਅਤੇ ਵਾਕ ਬਣਤਰ ਕੁਲਬੀਰ ਬਡੇਸਰੋਂ ਦੀ ...”
(15 ਅਪ੍ਰੈਲ 2023)
ਇਸ ਸਮੇਂ ਪਾਠਕ: 220.
ਕੁਲਬੀਰ ਬਡੇਸਰੋਂ ਨਾਮ ਕਿਸੇ ਜਾਣ-ਪਛਾਣ ਦਾ ਮੁਥਾਜ ਨਹੀਂ। ਕੁਲਬੀਰ ਬਡੇਸਰੋਂ ਦਾ ਜਨਮ 20 ਫਰਵਰੀ 1960 ਨੂੰ ਚਾਰ ਭੈਣਾਂ ਤੇ ਚਾਰ ਭਰਾਵਾਂ ਵਿੱਚੋਂ ਪੰਜਵੇਂ ਨੰਬਰ ’ਤੇ ਸਰਦਾਰ ਗੁਰਬਚਨ ਸਿੰਘ ਤਹਿਸੀਲਦਾਰ ਦੇ ਘਰ ਮਾਤਾ ਰਾਜ ਕੌਰ ਦੀ ਕੁੱਖੋਂ ਪਿੰਡ ਸਾਹਵਾ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਹੋਇਆ। ਉਸ ਵੇਲੇ ਉਨ੍ਹਾਂ ਦੇ ਪਿਤਾ ਜੀ ਦੀ ਪੋਸਟਿੰਗ ਉੱਥੇ ਸੀ। ਵੈਸੇ ਉਨ੍ਹਾਂ ਦਾ ਪਿੰਡ ਬਡੇਸਰੋਂ ਹੈ, ਇਸ ਕਰਕੇ ਹੀ ਉਨ੍ਹਾਂ ਦੀ ਪਛਾਣ ਕੁਲਬੀਰ ਬਡੇਸਰੋਂ ਕਰਕੇ ਹੈ। ਕੁਲਬੀਰ ਦੇ ਪਤੀ ਦਾ ਨਾਂਅ ਹੈ ਇਕਬਾਲ ਚਾਨਾ, ਜੋ ਕਿ ਪ੍ਰਸਿੱਧ ਪੱਤਰਕਾਰ ਤੇ ਡਾਇਰੈਕਟਰ ਹਨ। ਕੁਲਬੀਰ ਦੀਆਂ ਦੋ ਧੀਆਂ ਹਨ, ਵੱਡੀ ਦਾ ਨਾਂਅ ਮਹਿਕ ਚਾਨਾ ਤੇ ਛੋਟੀ ਦਾ ਨਾਂਅ ਅਹਿਸਾਸ ਚਾਨਾ ਹੈ। ਛੋਟੀ ਬੇਟੀ ਵੀ ਫਿਲਮੀ ਦੁਨੀਆਂ ’ਤੇ ਵੈੱਬ ਸੀਰੀਜ਼ ਦੀ ਪ੍ਰਸਿੱਧ ਅਭਿਨੇਤਰੀ ਹੈ ਤੇ ਖ਼ੂਬ ਨਾਂਅ ਕਮਾ ਰਹੀ ਹੈ।
ਬਤੌਰ ਫਿਲਮੀ ਕਲਾਕਾਰ ਦੇ ਤੌਰ ’ਤੇ ਮੈਂ ਕੁਲਬੀਰ ਬਡੇਸਰੋਂ ਨੂੰ ਜਾਣਦਾ ਸਾਂ। ਫੌਜੀ ਡਿਊਟੀ ਦੌਰਾਨ ਮੈਂ ਕੁਲਬੀਰ ਦੀ ਸਹਾਇਕ ਕਲਾਕਾਰ ਦੇ ਰੂਪ ਵਿੱਚ ਪੰਜਾਬੀ ਫਿਲਮ ‘ਬਦਲਾ ਜੱਟੀ ਦਾ’ ਨਵੇਂ-ਨਵੇਂ ਚੱਲੇ ਵੀ. ਸੀ. ਆਰ. ’ਤੇ ਵੇਖੀ ਸੀ। ਉਸ ਫਿਲਮ ਨੇ ਪੰਜਾਬੀ ਸਿਨਮੇ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਸੀ। ਉਸ ਤੋਂ ਬਾਅਦ ਕੁਲਬੀਰ ਨੇ ‘ਸਿਕੰਦਰਾ’, ‘ਪੁਰਜਾ ਪੁਰਜਾ ਕੱਟ ਮਰੈ’, ‘ਨਦੀਓਂ ਵਿੱਛੜੇ ਨੀਰ’ ਅਤੇ ‘ਸਰਬੰਸਦਾਨੀ’ ‘ਗੁੱਡੋ’ ‘ਤੇਰੀਆਂ ਮੁਹੱਬਤਾਂ’ ‘ਪਿਆਰ ਨਾ ਮੰਨੇ ਹਾਰ’ ਆਦਿ ਵਰਗੀਆਂ ਪੰਜਾਬੀ ਫਿਲਮਾਂ ਵਿੱਚ ਆਪਣੀ ਕਲਾ ਦੇ ਜੌਹਰ ਵਿਖਾਏ। ਵੱਡੇ ਬੱਜਟ ਦੀਆਂ ਹਿੰਦੀ ਫਿਲਮਾਂ ਵਿੱਚ ਵੀ ਕੁਲਬੀਰ ਬਡੇਸਰੋਂ ਨਜ਼ਰ ਆਈ ਜਿਵੇਂ ‘ਵੀਰ ਜ਼ਾਰਾ’, ‘ਹਿੰਦੀ ਮੀਡੀਅਮ’, ‘ਰਉਡੀ ਰਠੌਰ’, ‘ਏਕ ਲੜਕੀ ਕੋ ਦੇਖਾ ਤੋਂ ਐਸੇ ਲਗਾ’, ‘ਹੰਸੀ ਤੋਂ ਫੰਸੀ’, ‘ਰਾਮਾ ਹੋ ਰਾਮਾ ਕਿਆ ਹੈ ਡਰਾਮਾ’, ‘ਕੁਸ਼ ਤੋਂ ਗੜਬੜ ਹੈ’ ਆਦਿ ਫਿਲਮਾਂ ਜ਼ਿਕਰਯੋਗ ਹਨ। ‘ਦੇਸ ਮੇਂ ਨਿਕਲਾ ਚਾਂਦ’ ਸੀਰੀਅਲ ਵਿੱਚ ਦੂਰਦਰਸ਼ਨ ’ਤੇ ਭੂਆ ਦਾ ਕਿਰਦਾਰ ਤਾਂ ਦਰਸ਼ਕਾਂ ਦੀਆਂ ਯਾਦਾਂ ਵਿੱਚ ਵਸਿਆ ਹੋਇਆ ਹੈ। ਉਨ੍ਹਾਂ ਦੇ ਸੀਰੀਅਲ’ ਕ੍ਰਾਈਮ ਪੈਟਰੋਲ’, ‘ਸੀ. ਆਈ. ਡੀ.’, ‘ਏਕ ਲਕਸ਼ਯਾ’, ‘ਸ਼ਿਕਵਾ’ ਅਤੇ ‘ਸ਼ਕਤੀ’ ‘ਬੇਪਨਾਹ ਪਿਆਰ’, ‘ਜ਼ਮੀਨ ਸੇ ਆਸਮਾਨ ਤੱਕ’, ‘ਵੇਦੇਹੀ’, ‘ਯੇਹ ਦਿਲ ਚਾਹੇ ਮੋਰ’ ਤੇ ਹੋਰ ਅਨੇਕ ਸੀਰੀਅਲਾਂ ਜੋ ਕਿ ਉਸਨੇ ਛੋਟੇ ਪਰਦੇ ਦੇ ਲਗਭਗ ਹਰ ਚੈਨਲ ਤੇ ਵੱਖ ਵੱਖ ਰੋਲ ਨਿਭਾਏ ਤੇ ਕੁਲਬੀਰ ਬਡੇਸਰੋਂ ਨੇ ਆਪਣੀ ਵਿਸ਼ੇਸ਼ ਪਛਾਣ ਬਣਾਈ।
ਹੁਣ ਵੀ ਛੋਟੇ ਪਰਦੇ ’ਤੇ ਕੁਲਬੀਰ ਬਡੇਸਰੋਂ ਵੈੱਬ ਸੀਰੀਜ਼ ਵਿੱਚ ਬਹੁਤ ਵਧੀਆ ਕੰਮ ਕਰ ਰਹੀ ਹੈ। ਜਿਵੇਂ ‘ਹਸ਼ ਹਸ਼’, ‘ਦ ਗੁੱਡ ਵਾਈਫ’ ਆਦਿ। ਅੱਜ ਟੈਕਨਾਲੋਜੀ ਦੇ ਯੁਗ ਵਿੱਚ ਸਿਨਮਾ ਬੱਚੇ-ਬੱਚੇ ਦੇ ਹੱਥਾਂ ਵਿੱਚ ਹੈ। ਕੁਲਬੀਰ ਯੂ ਟਿਊਬ ’ਤੇ ਬਹੁਤ ਸਾਰੀਆਂ ਵੀਡੀਓਜ਼ ਵਿੱਚ ਵੀ ਕੰਮ ਕਰ ਰਹੀ ਹੈ, ਜਿਵੇਂ ‘ਮਾਂ ਦਾ ਯੂ ਟਿਊਬ ਚੈਨਲ’, ‘ਓਕਵਰਡ ਸਿਚੂਏਸ਼ਨ ਵਿਦ ਮੌਮ’ ‘ਆਲ ਰਾਈਟ’ ‘ਦੀਵਾਲੀ ਵਿਦ ਮੌਮ’, ‘ਲਵ ਯੂਅਰ ਮੌਮ’ ਆਦਿ ਵਰਗੀਆਂ ਛੋਟੀਆਂ ਵੀਡੀਓ ਬਹੁਤ ਹੀ ਭਾਵਪੂਰਤ ਹਨ। ਉਸਨੇ ਅਨੇਕ ਐਡ ਫਿਲਮਾਂ ਵਿੱਚ ਵੀ ਵਧੀਆ ਤੇ ਵੱਖੋ ਵੱਖ ਕਿਰਦਾਰ ਨਿਭਾਏ ਹਨ।
ਕੁਲਬੀਰ ਫਿਲਮੀ ਰੁਝੇਵਿਆਂ ਦੇ ਬਾਵਜੂਦ ਵੀ ਬਤੌਰ ਕਹਾਣੀਕਾਰਾ ਪੰਜਾਬੀ ਸਾਹਿਤ ਜਗਤ ਵਿੱਚ ਸਰਗਰਮ ਹਨ। ਉਨ੍ਹਾਂ ਨੇ ਮੁਢਲੀ ਪੜ੍ਹਾਈ ਆਪਣੇ ਤਹਿਸੀਲਦਾਰ ਪਿਤਾ ਜੀ ਦੀ ਨੌਕਰੀ ਤੇ ਬਦਲੀਆਂ ਹੋਣ ਦੇ ਨਾਲ-ਨਾਲ ਰਹਿ ਕੇ ਵੱਖ-ਵੱਖ ਥਾਂਵਾਂ ਤੋਂ ਪ੍ਰਾਪਤ ਕੀਤੀ ਅਤੇ ਕਾਲਜ ਦੀ ਪੜ੍ਹਾਈ ਮਹਿਲਪੁਰ, ਹੁਸ਼ਿਆਰਪੁਰ, ਜਲੰਧਰ ਅਤੇ ਯੂਨੀਵਰਸਿਟੀ ਦੀ ਪੜ੍ਹਾਈ ਚੰਡੀਗੜ੍ਹ ਤੋਂ ਪ੍ਰਾਪਤ ਕੀਤੀ। ਐੱਮ. ਏ. ਵਿੱਚ ਕਾਲਜ ਪੜ੍ਹਦਿਆਂ ਹੀ ਉੱਨੀ ਸਾਲ ਦੀ ਉਮਰੇ ਜਲੰਧਰ ਟੀਵੀ ’ਤੇ ਅਨਾਊਂਸਰ ਦੀ ਨੌਕਰੀ ਪ੍ਰਾਪਤ ਕਰਨੀ ਤੇ ਫੇਰ ਐੱਮ. ਫਿਲ. ਦੀ ਪੜ੍ਹਾਈ ਦੌਰਾਨ ਦੂਰਦਰਸ਼ਨ ਜਲੰਧਰ ਵਿੱਚ ਸਹਾਇਕ ਪ੍ਰਡਿਊਸਰ ਦੇ ਵਕਾਰੀ ਅਹੁਦੇ ’ਤੇ ਤਾਇਨਾਤ ਹੋਣਾ ਕੁਲਬੀਰ ਦੀ ਜ਼ਹੀਨ ਬੁੱਧੀ ਦਾ ਸਬੂਤ ਹੈ।
ਕੁਲਬੀਰ 1984 ਵਿੱਚ ਵਿਆਹ ਦੇ ਪਵਿੱਤਰ ਬੰਧਨ ਵਿੱਚ ਬੱਝ ਗਈ ਸੀ। ਲਿਖਦੀ ਤਾਂ ਉਹ ਸਕੂਲ ਵਿੱਚ ਜਦੋਂ ਦਸਵੀਂ ਵਿੱਚ ਪੜ੍ਹਦੀ ਸੀ ਉਸ ਸਮੇਂ ਤੋਂ ਹੀ ਸੀ। 1985 ਵਿੱਚ ਛਪੀ ਉਸਦੀ ਪਹਿਲੀ ਗਲਪ ਪੁਸਤਕ ਪੰਝੀ ਸਾਲ ਦੀ ਉਮਰੇ ਹੀ ਪ੍ਰੌੜ ਲੇਖਿਕਾ ਹੋਣ ਦੀ ਗਵਾਹੀ ਭਰਦੀ ਹੈ। 1987 ਵਿੱਚ ‘ਇਕ ਖ਼ਤ ਪਾਪਾ ਦੇ ਨਾਂ’ ਕਹਾਣੀ ਸੰਗ੍ਰਹਿ ਆਉਂਦਾ ਹੈ। 2006 ਵਿੱਚ ‘ਕਦੋਂ ਆਏਂਗੀ’ ਕਹਾਣੀ ਸੰਗ੍ਰਹਿ ਤੇ ‘ਇਕ ਖ਼ਤ ਪਾਪਾ ਦੇ ਨਾਂਅ’ ਦਾ ਦੂਜਾ ਸੰਸਕਰਣ ‘ਪਲੀਜ਼ ਮੈਨੂੰ ਪਿਆਰ ਦਿਓ’ ਵੀ 2006 ਵਿੱਚ ਲੋਕ ਗੀਤ ਪ੍ਰਕਾਸ਼ਨ ਨੇ ਛਾਪਿਆ। ਇਸ ਤੋਂ ਇਲਾਵਾ ‘ਕਦੋਂ ਆਏਂਗੀ?’ ਹਿੰਦੀ ਵਿੱਚ ਵੀ ‘ਕਬ ਆਓਗੀ?’ ਦੇ ਸਿਰਲੇਖ ਹੇਠ ਛਪਿਆ। ਕੁਲਬੀਰ ਨੇ ਬੱਚਿਆਂ ਲਈ ਕਹਾਣੀਆਂ ਵੀ ਅਨੁਵਾਦ ਕੀਤੀਆਂ ‘ਪੀਲੀ ਬੱਤਖ’ ਰੂਪੀ ਕਿਤਾਬ ਵਿੱਚ।
ਸੱਤ ਸਾਲ ਦੀ ਨੌਕਰੀ ਤੋਂ ਬਾਅਦ ਦੂਰਦਰਸ਼ਨ ਜਲੰਧਰ ਤੋਂ ਅਸਤੀਫਾ ਦੇ ਕੇ ਕੁਲਬੀਰ ਬਡੇਸਰੋਂ ਬੰਬਈ ਦੀ ਉਡਾਰੀ ਭਰਦੀ ਹੈ। ਇਸ ਤੋਂ ਬਾਅਦ ਫਿਲਮੀ ਰੁਝੇਵਿਆਂ ਦੇ ਚੱਲਦਿਆਂ ਚੌਦਾਂ ਸਾਲਾਂ ਦੇ ਵਕਫ਼ੇ ਬਾਅਦ ਕੁਲਬੀਰ 2021 ਵਿੱਚ ‘ਤੁਮ ਕਿਉਂ ਉਦਾਸ ਹੋ?’ ਕਹਾਣੀ ਸੰਗ੍ਰਹਿ ਲੈ ਕੇ ਹਾਜ਼ਰ ਹੁੰਦੀ ਹੈ। ਇਸ ਪੁਸਤਕ ਦੀ ਸਾਹਿਤਕ ਹਲਕਿਆਂ ਵਿੱਚ ਬਹੁਤ ਚਰਚਾ ਹੋਈ। ਇਹ ਪੁਸਤਕ 2021 ਵਿੱਚ ਹੀ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ। ਉਸੇ ਸਾਲ ਹੀ ਕੁਲਬੀਰ ਬਡੇਸਰੋਂ ਜੀ ਨੂੰ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਨਮਾਨ ਦੇਣ ਦਾ ਫੈਸਲਾ ਹੋਇਆ। ਉਦੋਂ ਕੁਝ ਕਾਰਨਾਂ ਕਰਕੇ ਉਹਨਾਂ ਨੇ ਆਉਣ ਤੋਂ ਅਸਮਰਥਾ ਪ੍ਰਗਟਾਈ। ਉਸ ਤੋਂ ਬਾਅਦ ਬਤੌਰ ਕਹਾਣੀਕਾਰ ਭੈਣ ਕੁਲਬੀਰ ਨਾਲ ਮੇਰਾ ਫੋਨ ’ਤੇ ਰਾਬਤਾ ਬਣਿਆ ਰਿਹਾ। 2022 ਵਿੱਚ ਵੀ ਸਨਮਾਨ ਵਾਸਤੇ ਕੁਲਬੀਰ ਬਡੇਸਰੋਂ ਦਾ ਨਾਂ ਪਹਿਲੇ ਨੰਬਰ ’ਤੇ ਸੀ। ਮੈਂ ਜਦੋਂ ਫੋਨ ਕਰਕੇ ਦੱਸਿਆ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਮੈਂ ਸਾਰੇ ਰੁਝੇਵੇਂ ਛੱਡ ਕੇ ਜ਼ਰੂਰ ਪਹੁੰਚਾਂਗੀ।
ਚਾਰ ਦਸੰਬਰ 2022 ਨੂੰ ਸਨਮਾਨ ਸਮਾਰੋਹ ਸੀ। ਇੱਕ ਦਿਨ ਮੈਨੂੰ ਫੋਨ ਤੇ ਭੈਣ ਕੁਲਬੀਰ ਨੇ ਆਪਣੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ, “ਭਾਅ ਜੀ, ਤਿੰਨ ਦਸੰਬਰ ਨੂੰ ਮੈਂ ਹਵਾਈ ਜਹਾਜ਼ ’ਤੇ ਪੰਜਾਬ ਤਾਂ ਪਹੁੰਚ ਜਾਵਾਂਗੀ ਪਰ ਮੇਰੇ ਜੱਦੀ ਪਿੰਡ ਵਿੱਚ ਮੇਰੇ ਪਰਿਵਾਰ ਦਾ ਕੋਈ ਜੀਅ ਹੁਣ ਨਹੀਂ ਰਹਿੰਦਾ। ਮੈਨੂੰ ਰਾਤ ਰਹਿਣ ਦੀ ਚਿੰਤਾ ਹੈ। ਗੁਰਦਾਸਪੁਰ ਵਿੱਚ ਕਿਸੇ ਹੋਟਲ ਵਿੱਚ ਰਹਿਣ ਦਾ ਬੰਦੋਬਸਤ ਹੋ ਜਾਵੇਗਾ?”
ਮੈਂ ਹੱਸਦਿਆਂ ਕਿਹਾ, “ਟੀ. ਵੀ. ਤੇ ਅਕਸਰ ਤੁਸੀਂ ਸਾਡੇ ਘਰ ਪਹੁੰਚਦੇ ਹੋ, ਤੁਹਾਨੂੰ ਰੂਬਰੂ ਸਾਹਮਣੇ ਵੇਖ ਕੇ ਬੇਹੱਦ ਖੁਸ਼ੀ ਹੋਵੇਗੀ। ਇਹ ਸਮਝਣਾ ਕਿ ਜੇ ਗੁਰਦਾਸਪੁਰ ਵਿੱਚ ਮੇਰੇ ਭਰਾ ਦਾ ਘਰ ਹੋਵੇ ਫਿਰ ਚਿੰਤਾ ਕਾਹਦੀ?”
“ਭਾਅ ਜੀ, ਤੁਸੀਂ ਮੈਨੂੰ ਚਿੰਤਾ ਮੁਕਤ ਕਰ ਦਿੱਤਾ।”
ਤਿੰਨ ਦਸੰਬਰ ਨੂੰ ਸ਼ਾਮੀਂ ਚਾਰ ਵਜੇ ਕੁਲਬੀਰ ਬਡੇਸਰੋਂ ਦਾ ਫੋਨ ਆਇਆ, “ਭਾਅ ਜੀ, ਮੈਂ ਗੀਤਾ ਭਵਨ ਰੋਡ ’ਤੇ ਝੂਲਣਾ ਮਹਿਲ ਵੱਲ ਜਾਂਦੀ ਗਲ਼ੀ ਕੋਲ ਖਲੋਤੀ ਹਾਂ ਉੱਥੇ ਆ ਜਾਓ।”
ਜਦੋਂ ਮੈਂ ਉੱਥੇ ਪਹੁੰਚਿਆ ਤਾਂ ਕੁਲਬੀਰ ਉਸ ਗਲ਼ੀ ਦੀ ਵੀਡੀਓ ਬਣਾ ਰਹੀ ਸੀ। ਜਦੋਂ ਮੈਂ ਭੈਣ ਜੀ ਸਤਿ ਸ੍ਰੀ ਅਕਾਲ ਬੁਲਾਈ ਤਾਂ ਉਹ ਭੈਣਾਂ ਵਾਂਗ ਮੇਰੇ ਗਲ਼ ਲੱਗ ਕੇ ਮਿਲੀ। ਉਸ ਤੋਂ ਬਾਅਦ ਟੈਕਸੀ ਡਰਾਈਵਰ ਨੇ ਕੁਲਬੀਰ ਦਾ ਅਟੈਚੀ ਮੇਰੇ ਹਵਾਲੇ ਕਰ ਦਿੱਤਾ।
ਕੁਲਬੀਰ ਨੇ ਮੈਨੂੰ ਕਿਹਾ, “ਭਾਅ ਜੀ, ਤੁਸੀਂ ਗੱਡੀ ਝੂਲਣਾ ਮਹਿਲ ਲਾਗੇ ਲੈ ਜਾਓ, ਮੈਂ ਮੰਦਿਰ ਵਾਲੀ ਗਲੀ ਵਿੱਚ ਆਪਣਾ ਬਚਪਨ ਦਾ ਘਰ ਲੱਭ ਕੇ, ਵੀਡੀਓ ਬਣਾ ਕੇ ਉੱਥੇ ਹੀ ਮਿਲਦੀ ਹਾਂ।”
ਮੈਂ ਝੂਲਣੇ ਮਹਿਲ ਨੇੜੇ ਗੱਡੀ ਖੜ੍ਹੀ ਕਰਕੇ ਜਦੋਂ ਗਲ਼ੀ ਵੱਲ ਨਜ਼ਰ ਮਾਰੀ ਤਾਂ ਕੁਲਬੀਰ ਮੈਨੂੰ ਕਿਧਰੇ ਵੀ ਨਜ਼ਰ ਨਹੀਂ ਆਈ। ਮੈਂ ਚਾਰ ਪੰਜ ਵਾਰ ਫੋਨ ਕਾਲ ਕੀਤੀ ਪਰ ਕੁਲਬੀਰ ਨੇ ਫੋਨ ਨਹੀਂ ਚੁੱਕਿਆ। ਮੈਨੂੰ ਬੇਹੱਦ ਚਿੰਤਾ ਹੋਣ ਲੱਗੀ। ਕੋਈ ਪੰਦਰਾਂ-ਵੀਹ ਮਿੰਟ ਬਾਅਦ ਕੁਲਬੀਰ ਝੱਲਿਆਂ ਵਾਂਗ ਗਲੀ ਵਿੱਚ ਇੱਧਰ ਉੱਧਰ ਵੇਖਦੀ ਨਜ਼ਰ ਪਈ ਜਿਵੇਂ ਕੁਝ ਲੱਭ ਜਾਂ ਪਛਾਣ ਰਹੀ ਹੋਵੇ। ਮੈਂ ਹੱਸਦਿਆਂ ਕਿਹਾ, “ਭੈਣ ਜੀ, ਮੈਨੂੰ ਤਾਂ ਚਿੰਤਾ ਹੋ ਰਹੀ ਸੀ ਕਿ ਕਿਧਰੇ ਭੁੱਲ ਹੀ ਨਾ ਗਏ ਹੋਣ?”
“ਭਾਅ ਜੀ, ਕੋਈ ਆਪਣਾ ਬਚਪਨ ਕਿਵੇਂ ਭੁੱਲ ਸਕਦਾ ਹੈ। ਇਹਨਾਂ ਗਲੀਆਂ ਅਤੇ ਧੰਨ ਦੇਵੀ ਕੰਨਿਆ ਸਕੂਲ ਨੂੰ ਮੈਂ ਕਿਵੇਂ ਭੁੱਲ ਸਕਦੀ ਹਾਂ? ਝੂਲਣੇ ਮਹਿਲ ਦੀ ਕੰਧ ਉੱਤੇ ਲਏ ਝੂਟੇ ਤਾਂ ਭੁੱਲ ਹੀ ਨਹੀਂ ਸਕਦੇ। ਗੁਰਦੁਆਰਾ ਸਾਹਿਬ ਦੇ ਬਾਬਾ ਜੀ ਤੋਂ ਮਖਾਣੇ ਤੇ ਫੁੱਲੀਆਂ ਦਾ ਲਿਆ ਪ੍ਰਸ਼ਾਦ ਮੇਰੀ ਯਾਦ ਦਾ ਹਿੱਸਾ ਹੈ। ਮੈਂ ਬਚਪਨ ਵਾਲਾ ਆਪਣਾ ਘਰ ਲੱਭ ਰਹੀ ਸਾਂ, ਜਿੱਥੇ ਅਸੀਂ ਕਿਰਾਏ ’ਤੇ ਰਹਿੰਦੇ ਸਾਂ। ਸਭ ਕੁਝ ਬਦਲ ਗਿਆ ਹੈ ਸਿਵਾਏ ਗਲ਼ੀਆਂ ਦੇ।”
ਕੁਲਬੀਰ ਨੇ ਦੱਸਿਆ ਕਿ ਉਦੋਂ ਪਿਤਾ ਜੀ ਦੀ ਗੁਰਦਾਸਪੁਰ ਵਿੱਚ ਡਿਊਟੀ ਸੀ ਜਦੋਂ ਮੈਂ ਇੱਥੇ ਪ੍ਰਾਇਮਰੀ ਵਿੱਚ ਪੜ੍ਹਦੀ ਸੀ।
ਮੌਜੂਦਾ ਝੂਲਣਾ ਮਹਿਲ ਦੀ ਦੀਵਾਰ ’ਤੇ ਖਲੋ ਕੇ ਕੁਲਬੀਰ ਫੋਟੋਆਂ ਕਰਵਾਉਂਦੀ ਚਹਿਕਦੀ ਖੁਸ਼ ਹੁੰਦੀ ਇੰਜ ਲੱਗ ਰਹੀ ਸੀ ਜਿਵੇਂ ਬਚਪਨ ਵਿੱਚ ਚਲੀ ਗਈ ਹੋਵੇ। ਉਸ ਤੋਂ ਬਾਅਦ ਅਸੀਂ ਗੁਰਦੁਆਰਾ ਸਾਹਿਬ ਮੱਥਾ ਟੇਕਿਆ। ਕੁਲਬੀਰ ਦੀ ਇੱਛਾ ਮੁਤਾਬਿਕ ਫਿਰ ਅਸੀਂ ਬੀਬਾ ਬਲਵੰਤ ਜੀ ਦੀ ਕਰਮ ਭੂਮੀ 108 ਆ ਗਏ। ਆਪਣੀ ਇਸ ਮਿਲਣੀ ਨੂੰ ਕੁਲਬੀਰ ਨੇ ਬੇਹੱਦ ਸੰਵੇਦਨਸ਼ੀਲਤਾ ਤੇ ਲਫ਼ਜ਼ਾਂ ਦੀ ਖ਼ੂਬਸੂਰਤੀ ਨਾਲ ਬਾਅਦ ਵਿੱਚ ਆਪਣੀ ਫੇਸਬੁੱਕ ਵਾਲ ਤੇ ਕਮਾਲ ਨਾਲ ਲਿਖਿਆ ਸੀ! ਬੀਬਾ ਜੀ ਨੂੰ ਮਿਲਣ ਤੋਂ ਬਾਅਦ ਮੇਰੇ ਗਰੀਬਖਾਨੇ ਪਹੁੰਚੇ। ਕੁਲਬੀਰ ਦੀਆਂ ਕਹਾਣੀਆਂ ਵਿੱਚ ਰਿਸ਼ਤਿਆਂ ਦੀ ਪਾਕੀਜ਼ਗੀ ਮੈਂ ਮਹਿਸੂਸ ਕੀਤੀ ਸੀ। ਪ੍ਰਤੱਖ ਰੂਪ ਵਿੱਚ ਵੇਖ ਵੀ ਲਿਆ। ਇੱਕ ਪ੍ਰਸਿੱਧ ਕਲਾਕਾਰ ਨੂੰ ਮਿਲ ਕੇ ਮੈਂ ਥੋੜ੍ਹਾ ਝਕ ਵੀ ਰਿਹਾ ਸਾਂ ਪਰ ਕੁਲਬੀਰ ਤਾਂ ਬੱਚਿਆਂ ਅਤੇ ਮੇਰੀ ਪਤਨੀ ਨਾਲ ਇੰਝ ਘੁਲ ਮਿਲ ਗਈ ਜਿਵੇਂ ਚਿਰਾਂ ਤੋਂ ਜਾਣੂ ਹੋਈਏ। ਚਾਹ-ਪਾਣੀ ਪੀਣ ਤੋਂ ਬਾਅਦ ਕੁਲਬੀਰ ਆਪਣਾ ਅਟੈਚੀ ਖੋਲ੍ਹ ਬੈਠੀ। ਵੱਖਰੀ ਵੱਖਰੀ ਪੈਕਿੰਗ ਦੱਸਦਿਆਂ, “ਭਾਅ ਜੀ ਆਹ ਤੁਹਾਡਾ ਸੂਟ ਤੇ ਆਹ ਭਾਬੀ ਜੀ ਦਾ ਸੂਟ, ਆਹ ਬੱਚਿਆਂ ਦੇ ਖਿਡੌਣੇ ਹਨ। ਬੱਚਿਆਂ ਦੀ ਉਮਰ ਦਾ ਮੈਨੂੰ ਪਤਾ ਨਹੀਂ ਸੀ, ਇਹਨਾਂ ਦੇ ਗਿਫ਼ਟ ਮੈਂ ਬੰਬੇ ਜਾ ਕੇ ਫਿਰ ਭੇਜਾਂਗੀ।”
ਤੇ ਫੇਰ ਉਸਨੇ ਸੱਚਮੁੱਚ ਆਪਣੀ ਕਹੀ ਗੱਲ ਨਿਭਾਈ ਵੀ … … …! ਇੰਨੀ ਮਿਲਣਸਾਰ, ਇੰਨੀ ਨਿਮਰ, ਤੇ ਰਿਸ਼ਤਿਆਂ ਦੀ ਮਹੱਤਤਾ ਸਮਝਣ ਵਾਲੀ ਬਹੁਤ ਵਧੀਆ ਇਨਸਾਨ ਹੈ ਉਹ!
ਕੁਲਬੀਰ ਬਡੇਸਰੋਂ ਨੇ ‘ਜੇ ਮੇਰੇ ਭਰਾ ਦਾ ਘਰ ਗੁਰਦਾਸਪੁਰ ਵਿੱਚ ਹੋਵੇ ਫਿਰ ਚਿੰਤਾ ਕਾਹਦੀ? ਮੇਰੇ ਵੱਲੋਂ ਕਹੇ ਸ਼ਬਦਾਂ ਨੂੰ ਧਿਆਨ ਵਿੱਚ ਰੱਖ ਕੇ ਸਕੀ ਭੈਣ ਵਾਂਗ ਕਰ ਵਿਖਾਇਆ ਸੀ। ਮੇਰੇ ਘਰ ਹੀ ਮੈਂ, ਸੁਭਾਸ਼ ਦੀਵਾਨਾ ਜੀ ਅਤੇ ਪ੍ਰਤਾਪ ਪਾਰਸ ਨੇ ਆਪਣੀਆਂ ਪੁਸਤਕਾਂ ਕੁਲਬੀਰ ਭੈਣ ਜੀ ਨੂੰ ਭੇਟ ਕੀਤੀਆਂ। ਮੈਂ ਕੁਲਬੀਰ ਨਾਲ ਲੰਮੀ ਇੰਟਰਵਿਊ ਕਰਨ ਦਾ ਮੌਕਾ ਨਹੀਂ ਗਵਾਉਣਾ ਚਾਹੁੰਦਾ ਸਾਂ। ਜਦੋਂ ਮੈਂ ਆਪਣੇ ਦਿਲ ਦੀ ਮਨਸ਼ਾ ਦੱਸੀ ਤਾਂ ਕੁਲਬੀਰ ਨੇ ਆਪਣੀ ਨਵੀਂ ਛਪੀ ਪੁਸਤਕ ਭੇਟ ਕਰਦਿਆਂ ਕਿਹਾ, “ਭਾਅ ਜੀ, ਇਸ ਕਿਤਾਬ ਵਿੱਚੋਂ ਤੁਹਾਨੂੰ ਮੇਰੇ ਬਡੇਸਰੋਂ ਤੋਂ ਬੰਬਈ ਤਕ ਦੇ ਸਫ਼ਰ ਦੇ ਸਾਰੇ ਸਵਾਲਾਂ ਦਾ ਜਵਾਬ ਮਿਲ ਜਾਵੇਗਾ।”
ਅਗਲੇ ਦਿਨ ਯਾਨੀ ਚਾਰ ਦਸੰਬਰ ਨੂੰ ਸਾਹਿਤ ਕੇਂਦਰ ਗੁਰਦਾਸਪੁਰ ਵੱਲੋਂ ਪ੍ਰਿੰਸੀਪਲ ਸੁਜਾਨ ਸਿੰਘ ਯਾਦਗਾਰੀ ਸਮਾਰੋਹ ਵਿੱਚ ਕੁਲਬੀਰ ਦਾ ਸਨਮਾਨ ਹੋਣਾ ਸੀ। ਸਵੇਰੇ ਘਰੋਂ ਤੁਰਨ ਲੱਗਿਆਂ ਪ੍ਰੋਗਰਾਮ ਬਣਿਆ ਕਿ ਅਟੈਚੀ ਨਾਲ ਹੀ ਲੈ ਲਿਆ ਜਾਵੇ ਤੇ ਉੱਥੇ ਹੀ ਟੈਕਸੀ ਵਾਲੇ ਨੂੰ ਬੁਲਾ ਕੇ ਅੰਮ੍ਰਿਤਸਰ ਏਅਰਪੋਰਟ ਲਈ ਰਵਾਨਾ ਹੋ ਜਾਵਾਂਗੀ। ਮੈਂ ਉਸ ਦਿਨ ਮਹਿਸੂਸ ਕੀਤਾ ਕਿ ਰਿਸ਼ਤੇ ਨਿਭਾਉਣ ਵਿੱਚ ਔਰਤਾਂ ਮਰਦਾਂ ਨਾਲੋਂ ਕਿਤੇ ਵੱਧ ਸੰਵੇਦਨਸ਼ੀਲ ਅਤੇ ਸਿਆਣੀਆਂ ਹੁੰਦੀਆਂ ਹਨ। ਪ੍ਰੋਗਰਾਮ ਵਿੱਚੋਂ ਹੀ ਜਾਣ ਦਾ ਸੁਣ ਕੇ ਮੇਰੀ ਪਤਨੀ ਮੈਨੂੰ ਸੈਨਤ ਨਾਲ ਇੱਕ ਪਾਸੇ ਕਰਕੇ ਹੌਲੀ ਜਿਹੀ ਬੋਲੀ, “ਸਰਦਾਰ ਜੀ, ਕੁੜੀਆਂ ਨੂੰ ਬਾਹਰੋਂ ਨਹੀਂ ਘਰੋਂ ਤੋਰੀਦਾ ਹੈ, ਪ੍ਰੋਗਰਾਮ ਤੋਂ ਬਾਅਦ ਸਿੱਧੇ ਘਰ ਆਇਓ ਤੇ ਭੈਣ ਜੀ ਨੂੰ ਏਅਰਪੋਰਟ ਆਪ ਛੱਡ ਕੇ ਆਉਣਾ।”
ਜਦੋਂ ਪ੍ਰੋਗਰਾਮ ਵਿੱਚ ਜਾਣ ਲੱਗੇ ਤਾਂ ਮੈਂ ਕੁਲਬੀਰ ਨੂੰ ਕਿਹਾ, “ਅਟੈਚੀ ਘਰ ਹੀ ਰਹਿਣ ਦਿਓ, ਮੇਰਾ ਨਹੀਂ ਤੁਹਾਡੀ ਭਾਬੀ ਦਾ ਹੁਕਮ ਹੈ ਕਿ ਘਰੋਂ ਹੋ ਕੇ ਜਾਣਾ ਹੈ। ਤੁਸੀਂ ਟੈਕਸੀ ਵਾਲੇ ਨੂੰ ਨਹੀਂ ਬੁਲਾਉਣਾ।” ਫਿਰ ਵੀ ਕੁਲਬੀਰ ਨੇ ਕਿਹਾ ਕਿ ਭਾਅ ਜੀ ਤੁਸੀਂ ਖੇਚਲ ਨਾ ਕਰੋ।
ਪ੍ਰੋਗਰਾਮ ਵਿੱਚ ਇੱਕ ਫਿਲਮੀ ਹਸਤੀ ਦਾ ਮੇਜ਼ਬਾਨ ਹੋਣ ਕਰਕੇ ਹਰੇਕ ਹੀ ਮੈਨੂੰ ਕੁਲਬੀਰ ਬਡੇਸਰੋਂ ਨਾਲ ਫੋਟੋ ਖਿਚਵਾਉਣ ਲਈ ਕਹਿ ਰਿਹਾ ਸੀ। ਕੁਲਬੀਰ ਨੇ ਕਿਸੇ ਨੂੰ ਵੀ ਨਿਰਾਸ਼ ਨਹੀਂ ਕੀਤਾ।
ਕੁਲਬੀਰ ਭੈਣ ਦੀ ਸ਼ਾਮੀਂ ਅੱਠ ਵਜੇ ਫਲਾਈਟ ਸੀ। ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਕਾਫੀ ਸਮਾਂ ਸੀ। ਸਾਰਾ ਪਰਿਵਾਰ ਪ੍ਰੋਗਰਾਮ ਤੋਂ ਵਾਪਸ ਆਉਣ ਦਾ ਸਾਡਾ ਇੰਤਜ਼ਾਰ ਕਰ ਰਿਹਾ ਸੀ। ਚਾਹ ਪੀਣ ਤੋਂ ਬਾਅਦ ਮੇਰੀ ਪਤਨੀ ਅਤੇ ਨੂੰਹਾਂ ਕੁਝ ਪੈਕਟ ਲੈ ਕੇ ਹਾਜ਼ਰ ਹੋ ਗਈਆਂ। ਇਸ ਬਾਰੇ ਮੈਨੂੰ ਕੁਝ ਪਤਾ ਨਹੀਂ ਸੀ। ਪਤਨੀ ਕੁਲਬੀਰ ਨੂੰ ਪੈਕਟ ਫੜਾਉਂਦਿਆਂ ਮੁਖਾਤਿਬ ਹੋਈ, “ਭੈਣ ਜੀ, ਆਹ ਤੁਹਾਡਾ ਸੂਟ ਤੇ ਭਾਅ ਜੀ ਦੀ ਪੱਗ ਸਾਡੇ ਵੱਲੋਂ ਤੁਸ਼ ਜਿਹੀ ਭੇਟ ਪ੍ਰਵਾਨ ਕਰਿਓ।”
“ਆਹ ਦੋ ਜੋੜੇ ਪੰਜਾਬੀ ਜੁੱਤੀ ਦੇ ਅਸੀਂ ਆਂਟੀ ਜੀ ਤੁਹਾਡੇ ਵਾਸਤੇ ਖਰੀਦੇ ਹਨ।” ਨੂੰਹਾਂ ਇੱਕ ਪੈਕ ਕੁਲਬੀਰ ਨੂੰ ਦੇੰਦੀਆਂ ਕਹਿ ਰਹੀਆਂ ਸਨ।
“ਭਾਅ ਜੀ, ਜੋ ਪਿਆਰ ਮੈਨੂੰ ਤੁਹਾਡੇ ਪਰਿਵਾਰ ਵੱਲੋਂ ਮਿਲਿਆ ਹੈ, ਇਹ ਮੈਂ ਕਦੇ ਵੀ ਭੁੱਲ ਨਹੀਂ ਸਕਾਂਗੀ।” ਕਹਿੰਦਿਆਂ ਕੁਲਬੀਰ ਦੀਆਂ ਅੱਖਾਂ ਵਿੱਚ ਹੰਝੂ ਛਲਕ ਆਏ ਸਨ।
ਪਰਿਵਾਰ ਨਾਲ ਫੋਟੋਆਂ ਕਰਵਾਉਣ ਤੋਂ ਬਾਅਦ ਤੁਰਨ ਲੱਗਿਆਂ ਪਤਨੀ ਨੇ ਮੈਨੂੰ ਰਿਸ਼ਤਿਆਂ ਦੇ ਅਰਥ ਸਮਝਾਉਂਦੇ ਹੋਏ ਕਿਹਾ, “ਭੈਣ ਜੀ ਦੇ ਹੱਥ ’ਤੇ ਵੀ ਕੁਝ ਧਰੀਂ ਹਮੇਸ਼ਾ ਵਾਂਗ ਸੂਮ ਦਾ ਸਾਂਢੂ ਈ ਨਾ ਬਣਿਆ ਰਹੀਂ, ਕਈ ਮਾਮਲਿਆਂ ਵਿੱਚ ਤੂੰ ਅਵੇਸਲਾ ਈ ਰਹਿੰਦਾ ਏ।”
ਮੇਰਾ ਬੇਟਾ ਗੱਡੀ ਚਲਾ ਰਿਹਾ ਸੀ। ਅਸੀਂ ਸਾਹਿਤਕ ਗੱਲਾਂਬਾਤਾਂ ਕਰਦੇ ਅੰਮ੍ਰਿਤਸਰ ਏਅਰਪੋਰਟ ’ਤੇ ਕਦੋਂ ਪਹੁੰਚ ਗਏ ਪਤਾ ਹੀ ਨਾ ਲੱਗਾ।
ਏਅਰਪੋਰਟ ਵਿੱਚ ਐਂਟਰੀ ਕਰਨ ਤੋਂ ਪਹਿਲਾਂ ਮੈਂ ਪੁਰਾਣੇ ਬਜ਼ੁਰਗਾਂ ਵਾਂਗ ਕੁਝ ਪੈਸੇ ਕੁਲਬੀਰ ਨੂੰ ਦਿੰਦਿਆਂ ਕਿਹਾ, “ਲੈ ਕੁੜੇ, ਕਿਰਾਇਆ ਭਾੜਾ।”
“ਨਾ ਭਾਅ ਜੀ, ਤੁਸੀਂ ਪਹਿਲਾਂ ਹੀ ਬੜੀ ਖੇਚਲ ਕੀਤੀ ਹੈ ਮੈਂ ਹੋਰ ਕੁਝ ਨਹੀਂ ਲੈਣਾ।” ਕੁਲਬੀਰ ਨੇ ਸਿਰ ਫੇਰਦਿਆਂ ਕਿਹਾ।
ਮੈਂ ਹੱਸਦਿਆਂ ਕਿਹਾ, “ਮੈਂ ਕਿਹੜਾ ਜਹਾਜ਼ ਦਾ ਕਿਰਾਇਆ ਦੇ ਰਿਹਾ ਹਾਂ, ਇਹ ਤਾਂ ਲੈਣਾ ਈ ਪੈਣਾ ਆ ਨਹੀਂ ਤਾਂ ਤੇਰੀ ਭਾਬੀ ਤੋਂ ਮੈਨੂੰ ਝਿੜਕਾਂ ਪੈਣਗੀਆਂ।”
ਕੁਲਬੀਰ ਨੂੰ ਵੀ ਮਜ਼ਾਕ ਸੁੱਝ ਆਇਆ, ਫਿਲਮੀ ਕਲਾਕਾਰ ਜੁ ਸੀ। ਪੈਸੇ ਫੜ ਕੇ ਹੱਸਦਿਆਂ ਮੇਰੇ ਇੱਕ ਕਹਾਣੀ ਸੰਗ੍ਰਹਿ ਦਾ ਨਾਂ ਲੈ ਕੇ ਬੋਲੀ, “ਇਹ ਫਿਰ ਮੇਰੇ ਵੀਰ ਨੇ ਛੱਜੂ ਦੇ ਟਾਂਗੇ ਦਾ ਕਿਰਾਇਆ ਦਿੱਤਾ ਹੈ!”
ਕੁਲਬੀਰ ਓਨਾ ਚਿਰ ਤਕ ਪਿੱਛੇ ਨੂੰ ਵੇਖਦੀ ਹੱਥ ਹਿਲਾਉਂਦੀ ਰਹੀ ਜਿੰਨਾ ਚਿਰ ਤਕ ਏਅਰਪੋਰਟ ਦੇ ਅੰਦਰ ਜਾ ਕੇ ਦਿਸਣੋਂ ਨਹੀਂ ਹਟ ਗਈ। ਕਲਮ ਦੀ ਸਾਂਝ ਇੱਕ ਨਵੇਂ ਰਿਸ਼ਤੇ ਵਿੱਚ ਬਦਲ ਗਈ ਸੀ। ਮੇਰਾ ਪਰਿਵਾਰ ਕਈ ਦਿਨਾਂ ਤਕ ਕੁਲਬੀਰ ਦੇ ਪੁਰਖ਼ਲੂਸ ਸੁਭਾਅ ਦੀਆਂ ਗੱਲਾਂ ਕਰਦਾ ਰਿਹਾ …. ਸਗੋਂ ਹੁਣ ਤਕ ਯਾਦ ਕਰਦਾ ਹੈ।
ਮੈਂ ਰਾਤ ਨੂੰ ਘਰ ਆ ਕੇ ਕੁਲਬੀਰ ਦੀ ਇਕੱਤੀ ਕਹਾਣੀਆਂ ਦੀ ਬਲਬੀਰ ਮਾਧੋਪੁਰੀ ਜੀ ਦੁਆਰਾ ਸੰਪਾਦਿਤ ਨਵੀਂ ਪੁਸਤਕ ਦਾ ਪਾਠ ਸ਼ੁਰੂ ਕਰ ਦਿੱਤਾ। ਬਤੌਰ ਲੇਖਕ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਕਿਸੇ ਵੀ ਰਚਨਾ ਦੀ ਰਚਨਾ ਕਰਦਿਆਂ ਜਿੰਨਾ ਚਿਰ ਰਚਨਾਕਾਰ ਆਪੇ ਨੂੰ ਗੁੰਨ੍ਹ ਕੇ ਰਚਨਾ ਨਹੀਂ ਕਰਦਾ, ਓਨਾ ਚਿਰ ਉਸ ਰਚਨਾ ਵਿੱਚ ਜਾਨ ਨਹੀਂ ਪੈਂਦੀ। ਜਦੋਂ ਰਚਨਾਕਾਰ ਖੁਦ ਪਾਤਰ ਜਾਂ ਸਰੋਤਾ ਬਣ ਕੇ ਵਿਚਰਦਾ ਹੈ ਤਾਂ ਪਾਠਕ ਜਾਂ ਸਰੋਤੇ ਨੂੰ ਉਸ ਰਚਨਾ ਵਿੱਚੋਂ ਆਪਣਾ-ਆਪ ਦਿਸਣ ਲੱਗ ਪੈਂਦਾ ਹੈ ਤੇ ਪਾਠਕ ਲੇਖਕ ਦੀ ਉਂਗਲ਼ ਫੜ ਕੇ ਨਾਲ ਤੁਰ ਪੈਂਦਾ ਹੈ। ਇਹੀ ਕੁਝ ਮੈਂ ਭੈਣ ਕੁਲਬੀਰ ਬਡੇਸਰੋਂ ਦੀਆਂ ਲਿਖੀਆਂ, ਬਲਬੀਰ ਮਾਧੋਪੁਰੀ ਜੀ ਦੁਆਰਾ ਸੰਪਾਦਿਤ ਕੀਤੀਆਂ ਇਕੱਤੀ ਕਹਾਣੀਆਂ ਦੀ ਪੁਸਤਕ ਦਾ ਪਾਠ ਕਰਦਿਆਂ ਮਹਿਸੂਸ ਕੀਤਾ। ਕੁਲਬੀਰ ਬਡੇਸਰੋਂ ਜੀ ਦੀਆਂ ਕਹਾਣੀਆਂ ਪੜ੍ਹਦਿਆਂ ਇੰਜ ਲਗਦਾ ਹੈ ਜਿਵੇਂ ਉਹ ਖੁਦ ਹਰੇਕ ਰਚਨਾ ਦੀ ਪਾਤਰ ਹੈ, ਜਿਵੇਂ ਹਰ ਪਾਤਰ ਦਾ ਦਰਦ ਉਸਨੇ ਹੰਢਾਇਆ ਹੋਵੇ। ਕੋਈ ਵੀ ਰੋਲ ਅਦਾ ਕਰਦੇ ਹੋਏ ਉਸ ਕਿਰਦਾਰ ਵਿੱਚ ਆਪਣੇ ਆਪ ਨੂੰ ਗੁੰਨ੍ਹ ਦੇਣਾ ਕੁਲਬੀਰ ਬਡੇਸਰੋਂ ਦੇ ਹਿੱਸੇ ਹੀ ਆਇਆ ਹੈ। ਉਹ ਫਿਲਮੀ ਕਲਾਕਾਰ ਤੋਂ ਪਹਿਲਾਂ ਇੱਕ ਲੇਖਕਾ ਹੈ। ਉਹ ਕਿਰਦਾਰ ਨਿਭਾਉਣੇ ਜਾਣਦੀ ਹੈ। ਦਰਅਸਲ ‘ਮੈਂ’ ਪਾਤਰ ਬਣ ਕੇ ਲਿਖੀ ਕਹਾਣੀ ਜ਼ਿਆਦਾ ਜਾਨਦਾਰ ਹੁੰਦੀ ਹੈ। ਬੇਸ਼ਕ ਲੇਖਕ ਨੇ ਉਹ ਪਾਤਰਤਾ ਨਾ ਵੀ ਹੰਢਾਈ ਹੋਵੇ ਪਰ ਇੱਕ ਲੇਖਕ ਹੀ ਹੈ ਜੋ ਆਪਣੀ ਕਾਲਪਨਿਕ ਅਤੇ ਕਲਾਤਮਿਕ ਸ਼ਕਤੀ ਨਾਲ ਕੁਝ ਵੀ ਬਣ ਸਕਦਾ ਹੈ, ਕਿਤੇ ਵੀ ਜਾ ਸਕਦਾ ਹੈ। ਸ਼ਾਇਦ ਇਸ ਕਰਕੇ ਹੀ ਬਹੁਤੀਆਂ ਕਹਾਣੀਆਂ ‘ਮੈਂ’ ਪਾਤਰ ਵਿੱਚ ਪੜ੍ਹਨ ਨੂੰ ਮਿਲਦੀਆਂ ਹਨ। ਕਿਸੇ ਦੇ ਮੂੰਹੋਂ ਕਿਸੇ ਵਿਦੇਸ਼ੀ ਦੀ ਕਹਾਣੀ ਸੁਣ ਕੇ ਲੇਖਕ ਵਿਦੇਸ਼ ਨਾ ਜਾ ਕੇ ਵੀ ‘ਮੈਂ’ ਪਾਤਰ ਬਣ ਕੇ ਵਿਦੇਸ਼ ਦੀ ਯਾਤਰਾ ਕਰ ਆਉਂਦਾ ਹੈ।
ਮੈਂ ਮੁੱਖ ਬੰਧ ਤੋਂ ਲੈ ਕੇ ਇਕੱਤੀਵੀਂ ਕਹਾਣੀ ਤਕ ਪੁਸਤਕ ਦਾ ਪਾਠ ਕੀਤਾ ਹੈ। ਮਾਧੋਪੁਰੀ ਜੀ ਅਨੁਸਾਰ ਮਸ਼ਹੂਰ ਨਾਵਲਕਾਰ ਜਸਵੰਤ ਸਿੰਘ ਕੰਵਲ ਵਰਗੇ ਲੇਖਕ ਵੱਲੋਂ, “ਕੁਲਬੀਰ ਬਡੇਸਰੋਂ ਦੀ ਲੇਖਣੀ ਵਿੱਚ ਪ੍ਰੌੜ੍ਹ ਨਾਵਲਕਾਰਾਂ ਵਰਗੇ ਸੰਕੇਤ ਮਿਲਦੇ ਹਨ” ਆਖਣਾ ਆਪਣੇ ਆਪ ਵਿੱਚ ਵੱਡੇ ਅਰਥ ਰੱਖਦਾ ਹੈ। ਇਕੱਤੀ ਕਹਾਣੀਆਂ ਵਿੱਚ ਕੁਲਬੀਰ ਕੰਵਲ ਸਾਹਿਬ ਦੇ ਸ਼ਬਦਾਂ ’ਤੇ ਖਰੀ ਵੀ ਉੱਤਰਦੀ ਹੈ। ਰਾਮ ਸਰੂਪ ਅਣਖੀ ਵਰਗਾ ਗਲਪਕਾਰ ਵੀ ਅਜਿਹੀ ਹੀ ਮੋਹਰ ਲਾਉਂਦਾ ਹੈ। ਵੱਡੇ ਵਿਦਵਾਨਾਂ ਦੀਆਂ ਟਿੱਪਣੀਆਂ ਕੁਲਬੀਰ ਬਡੇਸਰੋਂ ਨੂੰ ਮੂਹਰਲੀ ਕਤਾਰ ਵਿੱਚ ਲਿਆ ਖੜ੍ਹਾ ਕਰਦੀਆਂ ਹਨ।
‘ਮੈਂ ਕੀ ਕਰਾਂ’ ਕਹਾਣੀ ਮਰਦ ਦੇ ਦੋਗਲੇ ਚਿਹਰੇ ਦੀ ਪੇਸ਼ਕਾਰੀ ਹੈ। ਜੇਬ ਵਿੱਚੋਂ ਮਿਲੀ ਚਿੱਠੀ ਪੜ੍ਹ ਕੇ ਸੁਨੀਤਾ ਦਾ ਗੁੱਸਾ ਸੁਭਾਵਿਕ ਹੈ ਪਰ ਗੁਰਦੀਪ ਵੀ ਉਸ ਵਰਗੀ ਹੈ ਜਿਸ ਨਾਲ ਮਰਦ ਨੇ ਧੋਖਾ ਕੀਤਾ ਹੈ। ‘ਮੇਰਾ ਘਰ’ ਗੂੜ੍ਹੀ ਰਿਸ਼ਤੇਦਾਰੀ ਜਾਂ ਦੋਸਤੀ ਵਾਲੇ ਥਾਂ ਜਾ ਕੇ ਵੀ ਸਾਨੂੰ ਆਪਣੇ ਘਰ ਵਰਗਾ ਅਹਿਸਾਸ ਨਹੀਂ ਹੁੰਦਾ। ਮਜਬੂਰੀ ਵੱਸ ਕਈ ਵਾਰ ਸਾਡਾ ਸਵੈਮਾਣ ਤਿੜਕਦਾ ਹੈ। ‘ਬਾਹਰਲੀ ਬੈਠਕ’ ਔਰਤ ਦੇ ਸਵੈਅਭਿਮਾਨ ਅਤੇ ਅਣਖ ਦੀ ਗੱਲ ਕਰਦੀ ਕਥਾ ਹੈ। ਜੋ ਕਦਮ ਤਾਰੋ ਨੇ ਚੁੱਕਿਆ, ਉਹ ਉਸ ਦੀ ਮਾਂ ਜਾਂ ਭੈਣ ਨੂੰ ਉਸ ਤੋਂ ਪਹਿਲਾਂ ਹੀ ਚੁੱਕ ਲੈਣਾ ਚਾਹੀਦਾ ਸੀ। ‘ਔਂਤਰੀ’ ਖੁਦ ਦੀ ਗਲਤੀ ਨਾਲ ਆਪਣੀ ਔਲਾਦ ਗਵਾ ਕੇ ਦਿਮਾਗੀ ਤਵਾਜ਼ਨ ਗਵਾ ਚੁੱਕੀ ਪਾਤਰ ਸੰਤੀ ਮਮਤਾ ਦੀ ਮਾਰੀ ਇੱਕ ਬੱਚੇ ਨਾਲ ਇੱਕ ਗੂੰਗਾ ਰਿਸ਼ਤਾ ਪਾਲ ਲੈਂਦੀ ਹੈ, ਜੋ ਵਿਦੇਸ਼ ਗਏ ਉਸ ਬੱਚੇ ਨੂੰ ਆਖਰੀ ਸਾਹ ਤਕ ਯਾਦ ਕਰਦੀ ਹੈ।
ਲੇਖਕ ਬੜਾ ਕੋਮਲ ਭਾਵੀ ਅਤੇ ਤ੍ਰੈਕਾਲ ਦਰਸ਼ੀ ਹੁੰਦਾ ਹੈ। ਉਹ ਹਰੇਕ ਘਟਨਾ ਨੂੰ ਬੜੀ ਸੰਜੀਦਗੀ ਨਾਲ ਲੈਂਦਾ ਹੈ। ਉਹ ਦਿਸਹੱਦੇ ਤੋਂ ਪਾਰ ਅਤੇ ਦੂਜਿਆਂ ਦੇ ਦਿਲਾਂ ਵਿੱਚ ਮਨੋਵਿਗਿਆਨਕ ਤੌਰ ’ਤੇ ਝਾਕਣ ਦੀ ਸਮਰੱਥਾ ਰੱਖਦਾ ਹੈ। ‘ਇਕ ਖ਼ਤ ਪਾਪਾ ਦੇ ਨਾਂ’ ਵਿਦੇਸ਼ ਵਿੱਚ ਵਿਆਹੀ ਬੇਟੀ ਦੇ ਦਰਦ ਨੂੰ ਬਿਆਨ ਕਰਦੀ ਰਚਨਾ ਹੈ। “ਤੁਸੀਂ ਇਹ ਕਿਉਂ ਭੁੱਲ ਗਏ ਕਿ ਪਾਪਾ ਧੀਆਂ ਨੂੰ ਜੌਹਰੀ ਤਾਂ ਲੱਭ ਕੇ ਦੇ ਸਕਦੇ ਹਨ ਪਰ ਨਸੀਬ ਨਹੀਂ। ਨਸੀਬ ਤਾਂ ਧੁਰੋਂ ਲਿਖੇ ਆਉਂਦੇ ਨੇ।” ਡੀਅਰ ਪਾਪਾ, ਸੱਚਮੁੱਚ ਕੁੜੀ ਤੋਂ ਔਰਤ ਬਣ ਕੇ ਜੀਊਣਾ ਬਹੁਤ ਔਖਾ ਹੈ।”
ਇਸ ਤੋਂ ਇਲਾਵਾ ‘ਮਾਂ’, ‘ਹੋਇਆ ਜਿਊੜਾ ਉਦਾਸ’, ‘ਫੇਰ’ ਅਤੇ ‘ਕਰਜ਼’ ਕਹਾਣੀਆਂ ਵਿੱਚ ਰਿਸ਼ਤਿਆਂ ਦੀ ਪਾਕੀਜ਼ਗੀ ਤੇ ਕੱਚ-ਸੱਚ ‘ਮੈਂ’ ਪਾਤਰ ਅਤੇ ‘ਉਹ’ ਥਰਡ ਪਾਤਰ ਵੀ ਲੇਖਕ ਹੀ ਬੋਲਦਾ ਹੈ, ਬਹੁਤ ਵਧੀਆ ਰਚਨਾਵਾਂ ਹਨ।
'ਇਹ ਵੀ ਸੱਚ ਹੈ’ ਪਰਿਵਾਰ ਦੀ ਵੱਡੀ ਧੀ ਜ਼ਿੰਮੇਵਾਰੀਆਂ ਨਿਭਾਉਂਦੀ ਵਿਆਹ ਦੀ ਵੱਤ ਲੰਘਾਅ ਚੁੱਕੀ ਹੈ। ਦੁਨਿਆਵੀ ਕੱਸੀਆਂ ਕਾਨੀਆਂ ਬਰਦਾਸ਼ਤ ਕਰਦੀ ਆਪਣੀਆਂ ਰੀਝਾਂ ਕਤਲ ਕਰ ਕੇ ਵੀ ਜ਼ਿੰਮੇਵਾਰੀ ਨਿਭਾਉਂਦੀ ਹੈ। ‘ਰੱਬ ਝੂਠ ਨਾ ਬੁਲਾਏ’ ਤੇ ‘ਮਿਸਿਜ ਮੈਨਾ’ ਜੀਵਨ ਦੇ ਨਿੱਜੀ ਤਜਰਬੇ ਵਿੱਚੋਂ ਨਿਕਲੀਆਂ ਕਹਾਣੀਆਂ ਵਿੱਚ ਕੁਲਬੀਰ ਲਿਖਦੀ ਹੈ ਕਿ ਔਰਤ ਨੂੰ ਨੁਕਤਾਚੀਨੀ ਕਰਨ ਵਾਲੇ ਸਾਰੇ ਰਿਸ਼ਤਿਆਂ ਦੀ ਬਰਾਬਰੀ ਕਰਨ ਵਾਲੇ ਇੱਕ ਸ਼ਖਸ ਦੀ ਭਾਲ ਕਰਨੀ ਹੋਵੇ ਤਾਂ ਕਿਰਾਏਦਾਰ ਦੀ ਮਕਾਨ ਮਾਲਕਣ ਤੋਂ ਵਧੀਆ ਮਿਸਾਲ ਕਿਧਰੇ ਨਹੀਂ ਮਿਲ ਸਕਦੀ। ਮਿਸਿਜ ਮੈਨਾ ਆਖਦੀ ਹੈ, “ਮੇਰੀ ਤੋਂ ਕਿਸਮਤ ਫੂਟੀ ਥੀ, ਜੋ ਤੁਮ ਜੈਸੇ ਬੇਵਕੂਫ ਸੇ ਪਾਲਾ ਪੜਾ, ਜਿਸੇ ਨਾ ਅਕਲ ਹੈ ਨਾ ਮੌਤ।”
‘ਭਟਕਣ’ “ਤੂੰ ਜਾਣਦੀ ਏਂ, ਮੈਂ ਇੱਕ ਵਿਆਹਿਆ-ਵਰਿਆ ਇੱਜ਼ਤਦਾਰ ਬੰਦਾ ਹਾਂ ਤੇ ਤੂੰ ਜਵਾਕੜੀ ਜਿਹੀ, ਤੂੰ ਤਾਂ ਮੈਨੂੰ ਆਪਣੀਆਂ ਧੀਆਂ ਵਰਗੀ ਲਗਦੀ ਏਂ, ਚਲੋ ਅੱਜ ਤੋਂ ਤੂੰ ਮੇਰੀ ਧੀ ਹੋਈ।”
ਜਦੋਂ ‘ਉਹ’ ਪਾਤਰਾ ਜਿਸ ਮਰਦ ਪਾਤਰ ਦਾ ਦਿਲ ਵਿੱਚ ਪੂਜਣਯੋਗ ਬਣ ਚੁੱਕੇ ਚਿਹਰੇ ਦਾ ਅਸਲ ਸੱਚ ਸਾਹਮਣੇ ਆਉਂਦਾ ਹੈ ਜਦੋਂ ਮਰਦ ਇਹ ਭੁੱਲ ਹੀ ਜਾਂਦਾ ਹੈ ਕਿ ਉਸ ਨੇ ਉਹਨੂੰ ਧੀ ਕਿਹਾ ਸੀ, ਉਸ ਵੇਲੇ ਇਨਸਾਨੀਅਤ ਸ਼ਰਮਸਾਰ ਹੋ ਜਾਂਦੀ ਹੈ। ਮਨੁੱਖ ਦੇ ਚਿਹਰੇ ’ਤੇ ਅੱਖਾਂ ਵਿੱਚੋਂ ਦਿਲ ਦੀ ਇਬਾਰਤ ਸਾਫ ਪੜ੍ਹੀ ਜਾਂਦੀ ਹੈ। ਅਜਿਹਾ ਕੁਝ ਹੀ ਕੁਲਬੀਰ ‘ਬਣਵਾਸ’, ‘ਮੁਹੱਬਤ’, ‘ਸੂਹੀ ਸਵੇਰ’ ਅਤੇ ‘ਗੱਡੀ ਦੇ ਡੱਬੇ’ ਆਦਿ ਕਹਾਣੀਆਂ ਵਿੱਚ ਕਮਾਲ ਦੇ ਦ੍ਰਿਸ਼ ਚਿਤਰਣ ਕਰਦੀ ਹੈ।
ਇੱਕ ਮਜਬੂਰ ਔਰਤ ਦੀ ਕਥਾ ਹੈ ‘ਮਾਂ ਨੀ’ ਅਤੇ ਪਿਆਰ ਮੁਹੱਬਤ ਦੇ ਕੋਝੇਪਨ ਦੀ ਪੇਸ਼ਕਾਰੀ ਹੈ ‘ਇਹ ਤੂੰ ਸੀ ਇਹ ਮੈਂ ਸੀ।’
ਬੰਬਈ ਪਹੁੰਚ ਕੇ ਫਿਲਮੀ ਦੁਨੀਆ ਦਾ ਕੱਚ ਸੱਚ ਪੇਸ਼ ਕਰਦੀਆਂ ਕਹਾਣੀਆਂ ਹਨ, ‘ਤੁਮ ਉਦਾਸ ਕਿਉਂ ਹੋ’, ‘ਕਦੋਂ ਆਏਂਗੀ’, ‘ਅਕਰੋਸ਼’ ਅਤੇ ‘ਤੂੰ’ ਇਹਨਾਂ ਕਹਾਣੀਆਂ ਵਿੱਚ ਔਰਤ ਦਾ ਸ਼ੋਸ਼ਣ ਕਿਵੇਂ ਹੁੰਦਾ ਹੈ, ਮਸ਼ਹੂਰ ਹੋਣ ਖਾਤਰ ਸਮਝੌਤੇ ਕਿਵੇਂ ਕਰਨੇ ਪੈਂਦੇ ਹਨ। ਕਾਮਨਾ ਗੁਪਤਾ ਵਰਗੀਆਂ ਔਰਤਾਂ ਮਸ਼ਹੂਰ ਹੋਣ ਖਾਤਰ ਕਿਵੇਂ ਦੇ ਕਿਰਦਾਰ ਨਿਭਾਉਂਦੀਆਂ ਹਨ। ਦੂਜੇ ਪਾਸੇ ਜਸਬੀਰ ਦਾ ਫਿਲਮੀ ਐਕਟਿੰਗ ਤੋਂ ਹਟ ਕੇ ਅਸਲੀ ਥੱਪੜ ਮਾਰਨਾ ਔਰਤ ਦੇ ਸਵੈਮਾਣ ਨੂੰ ਪੇਸ਼ ਕਰਦਾ ਹੈ।
ਬੇਸ਼ਕ ਕੁਲਬੀਰ ਦਾ ਸਰਵਸੰਪਨ ਪਰਿਵਾਰ ਵਿਦੇਸ਼ ਵਿੱਚ ਸੈਟਲ ਹੋ ਗਿਆ ਸੀ। ਕੁਲਬੀਰ ਬਡੇਸਰੋਂ ਤੋਂ ਬੰਬਈ ਤਕ ਦੇ ਲੰਮੇ ਸਫ਼ਰ ਵਿੱਚ ਖੁਦ ਦੀ ਮਿਹਨਤ ਨਾਲ ਸਥਾਪਤ ਹੋ ਕੇ ਵਿਦੇਸ਼ ਦੀ ਯਾਤਰਾ ਕਰਦੀ ਹੈ। ਉਹ ਆਪਣੀ ਕਹਾਣੀ ‘ਤੂੰ ਵੀ ਖਾ ਲੈ’ ਵਿੱਚ ਆਪਣੇ ਬਲਬੂਤੇ ’ਤੇ ਹੀ ਵਿਦੇਸ਼ ਪਹੁੰਚ ਕੇ ਮਾਂ ਵਰਗੀ ਭਾਬੀ ਤੇ ਧੀ ਜਿਹੀ ਨਣਦ ਦੇ ਰਿਸ਼ਤੇ ਨੂੰ ਬਿਆਨ ਕਰਦੀ ਵਿਦੇਸ਼ ਵਸਦੀ ਨਵੀਂ ਪੀੜ੍ਹੀ ਨੂੰ ਰਿਸ਼ਤਿਆਂ ਦੀ ਗਰਿਮਾ ਸਮਝਾਉਂਦੀ ਹੈ। ਇਸ ਤੋਂ ਇਲਾਵਾ ‘ਨੂੰਹ ਸੱਸ’, ‘ਭੈਣ ਜੀ’, “ਸਕੂਲ ਟਰਿੱਪ ਆਦਿ ਕਹਾਣੀਆਂ ਵਿੱਚ ਕੁਲਬੀਰ ਸਮਾਜ ਅਤੇ ਪਰਿਵਾਰਾਂ ਦੇ ਦਰਸ਼ਨ ਕਰਵਾਉਂਦੀ ਹੈ। ਭਾਵੁਕਤਾ, ਰੌਚਿਕਤਾ, ਪਾਤਰਾਂ ਵੱਲੋਂ ਬੋਲੇ ਸੰਵਾਦ ਅਤੇ ਵਾਕ ਬਣਤਰ ਕੁਲਬੀਰ ਬਡੇਸਰੋਂ ਦੀ ਕਲਾ ਦਾ ਸਿਖਰ ਕਿਹਾ ਜਾ ਸਕਦਾ ਹੈ। ਲੇਖਕ ਸਮੇਂ ਦਾ ਹਾਣੀ ਹੁੰਦਾ ਹੈ। ਉਹ ਤਿੰਨਾਂ ਕਾਲਾਂ ਵਿੱਚ ਵਿਚਰਦਾ ਹੋਇਆ ਸਿਰਜਣਾ ਕਰਦਾ ਹੈ। ਕੋਰੋਨਾ ਕਾਲ ਦੌਰਾਨ ਸਿਰਜੀ ਕਹਾਣੀ ‘ਬਕ-ਬਕ’ ਵਧੀਆ ਰਚਨਾ ਹੈ। ਇਸ ਰਚਨਾ ਵਿੱਚ ਇੱਕ ਸਾਦਾ ਵਾਕ, “ਹੁਣ ਚੰਗਾ ਡਰਾਈਵਰ ਮਿਲਣਾ ਤਾਂ ਇੰਝ ਹੈ ਜਿਵੇਂ ਚੰਗਾ ਪਤੀ ਮਿਲਣਾ। ਚੰਗੀ ਕਿਸਮਤ ਹੋਵੇਗੀ ਤਾਂ ਮਿਲੇਗਾ ਵਰਨਾ ਰੋਂਦੇ ਰਹੋ ਕਿਸਮਤ ਨੂੰ।” ਕਿਸੇ ਵੀ ਰਚਨਾ ਦੀ ਖੂਬਸੂਰਤੀ ਉਸਦੀ ਸਾਦਗੀ ਹੈ। ਇਹ ਸਾਦਗੀ ਕੁਲਬੀਰ ਬਡੇਸਰੋਂ ਦੀ ਹਰੇਕ ਕਹਾਣੀ ਵਿੱਚ ਹੈ। ਪੁਸਤਕ ਦੀ ਆਖਰੀ ਕਹਾਣੀ ‘ਦੋ ਔਰਤਾਂ’ ਵਿੱਚ ਵੀ ‘ਤੂੰ ਵੀ ਖਾ ਲੈ’ ਕਹਾਣੀ ਵਾਂਗ ਨਿੱਜ ਦੀ ਝਲਕ ਪੈਂਦੀ ਹੈ।
ਮੈਂ ਸ਼ੁਰੂ ਵਿੱਚ ਲਿਖਿਆ ਹੈ ਕਿ ‘ਮੈਂ’ ਪਾਤਰ ਬਣ ਕੇ ਲੇਖਕ ਕਿਸੇ ਦੇ ਮੂੰਹੋਂ ਸੁਣ ਕੇ ਕਹਾਣੀ ਲਿਖਦਾ ਵਿਦੇਸ਼ ਦੀ ਸੈਰ ਕਰ ਆਉਂਦਾ ਹੈ। ਦੂਸਰੇ ਸ਼ਬਦਾਂ ਵਿੱਚ ਲੇਖਕ ਆਪਣੀ ਰਚਨਾ ਵਿੱਚ ਕਿਸੇ ਨਾ ਕਿਸੇ ਰੂਪ ਵਿੱਚ ਹਾਜ਼ਰ ਹੁੰਦਾ ਹੈ। ਯਥਾਰਥ ਤੇ ਆਪਣੇ ਪਰਿਵਾਰ ਬਾਰੇ ਲਿਖਣ ਦੀ ਹਿੰਮਤ ਕੋਈ ਸੂਰਮਾ ਹੀ ਕਰਦਾ ਹੈ। ਬਹੁਤੇ ਲੇਖਕ ਆਪਣੀਆਂ ਰਚਨਾਵਾਂ ਵਿੱਚ ਹੀ ਆਪਣੀ ਜੀਵਨੀ ਪੇਸ਼ ਕਰ ਜਾਂਦੇ ਹਨ। ਕਈ ਆਪਣੇ ਬਾਰੇ ਸੱਚ ਲਿਖਣ ਦੀ ਹਿੰਮਤ ਨਹੀਂ ਕਰਦੇ। ਅਖੀਰ ਵਿੱਚ ਇਹੀ ਕਹਿਣਾ ਬਣਦਾ ਹੈ ਕਿ ਕੁਲਬੀਰ ਬਡੇਸਰੋਂ ਨੇ ਯਥਾਰਥ ਦੇ ਖੂਨ ਵਿੱਚ ਕਲਮ ਡੋਬ ਕੇ ਕਹਾਣੀਆਂ ਲਿਖੀਆਂ ਹਨ। ਬਡੇਸਰੋਂ ਤੋਂ ਬੰਬਈ ਤਕ ਦੇ ਸਫਰ ਵਿੱਚ ਕੁਲਬੀਰ ਦੀ ਸਵੈਜੀਵਨੀ ਦੀ ਝਲਕ ਪੈਂਦੀ ਹੈ। ਕਈ ਵਾਰ ਸੁਣਨ ਨੂੰ ਮਿਲਦਾ ਹੈ ਕਿ ਪੰਜਾਬੀ ਹੌਲੀ-ਹੌਲੀ ਖਤਮ ਹੋਣ ਦੇ ਰਾਹ ਤੁਰੀ ਹੋਈ ਹੈ। ਅੰਗਰੇਜ਼ੀ ਦਾ ਹੱਦੋਂ ਵੱਧ ਮੋਹ ਅਤੇ ਸਟੇਟਸ ਸਿੰਬਲ ਬਣਾਉਂਦੇ ਲੋਕਾਂ ਨੂੰ ਵੇਖ ਕੇ ਵਾਕਿਆ ਹੀ ਪੰਜਾਬੀ ਦੀ ਹੋਂਦ ਨੂੰ ਖਤਰਾ ਭਾਸ਼ਣ ਲਗਦਾ ਹੈ। ਜਦੋਂ ਕੁਲਬੀਰ ਬਡੇਸਰੋਂ ਵਰਗੇ ਧੀਆਂ-ਪੁੱਤਰ ਮਾਂ ਬੋਲੀ ਦੇ ਝੰਡਾਬਰਦਾਰ ਬਣ ਕੇ ਦੇਸ਼-ਵਿਦੇਸ਼ ਵਿੱਚ ਪੰਜਾਬੀ ਦਾ ਹੋਕਾ ਹੀ ਨਹੀਂ ਦਿੰਦੇ, ਸਗੋਂ ਲੋਹਾ ਵੀ ਮਨਵਾਉਂਦੇ ਹਨ ਤਾਂ ਲਗਦਾ ਹੈ ਕਿ ਇਹ ਭਾਸ਼ਾ ਕਦੀ ਵੀ ਮਰ ਨਹੀਂ ਸਕਦੀ। ਮਨੁੱਖੀ ਮਨ ਦੀਆਂ ਪਰਤਾਂ ਖੋਲ੍ਹਦੀਆਂ ਇਕੱਤੀ ਕਹਾਣੀਆਂ ਦੀ ਇਹ ਕਿਤਾਬ ਪੜ੍ਹਨਯੋਗ ਹੈ। ਭੈਣ ਕੁਲਬੀਰ ਬਡੇਸਰੋਂ ਕੋਲੋਂ ਇਸ ਤੋਂ ਵੀ ਵਧੀਆ ਸਾਹਿਤ ਦੀ ਉਮੀਦ ਨਾਲ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3911)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)