TarsemSBhangu7ਜਿਸ ਦਿਨ ਇਸ ਮੁਲਕ ਦੇ ਨਾਗਰਿਕਾਂ ਨੇ ਆਪਣੇ ਦਿਮਾਗ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ, ਉਸ ਦਿਨ ...
(28 ਮਾਰਚ 2023)
ਇਸ ਸਮੇਂ ਪਾਠਕ: 166.


ਹਰ ਕਿਸੇ ਦਾ ਸੁਪਨਾ ਹੁੰਦਾ ਹੈ ਕਿ ਪਹਿਲਾਂ ਉਸ ਦਾ ਘਰ ਸੁਹਣਾ ਹੋਵੇ
, ਫਿਰ ਮੁਲਕਨਵੇਂ ਭਾਰਤ ਦੇ ਨਿਰਮਾਣ ਦੀਆਂ ਟਾਹਰਾਂ ਮਾਰਦੇ ਨਵ-ਨਿਰਮਾਤਾ ਅੱਜ ਕੱਲ੍ਹ ਤੁਸੀਂ ਟੈਲੀਵਿਜ਼ਨ ਉੱਪਰ ਵੇਖਦੇ ਅਤੇ ਸੁਣਦੇ ਹੋ ਇੱਕ ਤੋਂ ਇੱਕ ਨਵੇਂ ਨਾਅਰੇ ਤੇ ਜੁਮਲੇ, ਹੁਣ ਤਾਂ ਸੁਣਨ ਨੂੰ ਵੀ ਚਿੱਤ ਨਹੀਂ ਕਰਦਾ ਹੋਵੇਗਾਜੇ ਵਾਕਿਆ ਹੀ ਨਵੇਂ ਭਾਰਤ ਦਾ ਨਿਰਮਾਣ ਕਰਨਾ ਹੈ ਤਾਂ ਬੜਾ ਕੁਝ ਬਦਲਣ ਦੀ ਲੋੜ ਹੈ

ਇੱਕ ਮਿਥ ਮੁਤਾਬਕ ਗੁਰੂਆਂ, ਪੀਰਾਂ, ਫ਼ਕੀਰਾਂ ਦੇ ਇਸ ਮੁਲਕ ਨੂੰ ਤੇਤੀ ਕਰੋੜ ਦੇਵੀ-ਦੇਵਤਿਆਂ ਦਾ ਦੇਸ਼ ਵੀ ਕਿਹਾ ਜਾਂਦਾ ਹੈਅੱਜ ਸੋਚਣ ਦਾ ਵਿਸ਼ਾ ਹੈ ਕਿ ਫਿਰ ਤਾਂ ਅਜ਼ਾਦੀ ਤੋਂ ਪਹਿਲਾਂ ਪੂਰਬੀ ਅਤੇ ਪਛਮੀ ਪਾਕਿਸਤਾਨ ਸਮੇਤ ਅਖੰਡ ਭਾਰਤ ਵਿੱਚ ਦੇਵੀ-ਦੇਵਤੇ ਹੀ ਵਸਦੇ ਸਨਅਜ਼ਾਦੀ ਤੋਂ ਲੈ ਕੇ ਹੁਣ ਤਕ ਦੀ ਅਬਾਦੀ ਦੇ ਸੌ ਕਰੋੜ ਵਾਧੇ ਨੂੰ ਕਿਸ ਗਿਣਤੀ ਵਿੱਚ ਲਿਆ ਜਾਵੇ, ਜਿੱਥੇ ਅੱਜ ਦੇ ਦੇਵਤੇ ਜਾਂ ਦੈਂਤ ਨਵੇਂ ਭਾਰਤ ਦੇ ਨਿਰਮਾਣ ਦੀ ਗੱਲ ਕਰ ਰਹੇ ਹਨ

ਨਵੇਂ ਭਾਰਤ ਦਾ ਨਿਰਮਾਣ ਤਾਂ ਹੀ ਸੰਭਵ ਹੈ, ਜੇ ਭਾਰਤ ਬਨਾਮ ਸੋਨੇ ਦੀ ਚਿੜੀ ਪਰਿਵਾਰਵਾਦ ਦੇ ਪੰਜਿਆਂ ਵਿੱਚੋਂ ਮੁਕਤ ਹੋਵੇਸਾਡੀ ਸੰਸਦ ਅਤੇ ਵਿਧਾਨ ਸਭਾਵਾਂ ਨਵੇਂ ਕਾਨੂੰਨ ਪਾਸ ਕਰਕੇ ਅਨਪੜ੍ਹ ਅਤੇ ਅਨਫਿੱਟ ਲੀਡਰਾਂ ਤੋਂ ਮੁਕਤ ਹੋਣਤੀਜੇ ਨੰਬਰ ’ਤੇ ਆਉਂਦੇ ਹਨ ਬਾਬੇ, ਸਾਧ ਅਤੇ ਸਾਧਵੀਆਂ ਜੋ ਵਿਹਲੇ ਰਹਿ ਕੇ ਆਪਣੇ ਪਿਛਲੱਗਾਂ ਵੱਲੋਂ ਦਸਵੰਧ ਦੇ ਨਾਂ ’ਤੇ ਚੜ੍ਹਾਈ ਮਾਇਆ ਨਾਲ ਮੌਜਾਂ ਲੁੱਟਦੇ ਹਨਇਹਨਾਂ ਤਿੰਨਾਂ ਨੁਕਤਿਆਂ ਤੋਂ ਇਲਾਵਾ ਨਵੇਂ ਭਾਰਤ ਦਾ ਸੁਪਨਾ ਸਾਕਾਰ ਕਰਨ ਲਈ ਹੋਰ ਵੀ ਕਈ ਗੱਲਾਂ ’ਤੇ ਗੌਰ ਕਰਨ ਦੀ ਲੋੜ ਹੈ

ਧਾਰਮਿਕਤਾ ਨੂੰ ਪਰਨਾਏ ਇਸ ਮੁਲਕ ਵਿੱਚ ਨੇਤਾਗਿਰੀ, ਬਾਬਾਗਿਰੀ, ਅਤੇ ਦਾਦਾਗਿਰੀ ਕਰਨੀ ਸਭ ਕੰਮਾਂ ਤੋਂ ਸੌਖੀ ਹੈ, ਜਿਸ ਲਈ ਕਿਸੇ ਯੋਗਤਾ ਦੀ ਲੋੜ ਨਹੀਂਅਨਪੜ੍ਹ ਬਾਬਿਆਂ ਅਤੇ ਘੱਟ ਪੜ੍ਹੇ-ਲਿਖੇ ਅਨਪੜ੍ਹਾਂ ਵਰਗੇ ਨੇਤਾਵਾਂ ਨੇ ਇਸ ਦੇਸ਼ ਦੇ ਪੜ੍ਹਿਆਂ-ਲਿਖਿਆਂ ਨੂੰ ਪੜ੍ਹਨੇ ਪਾਇਆ ਹੋਇਆ ਹੈ ਇੱਥੇ ਬਾਬੇ ਦਾ ਪੁੱਤਰ ਗੱਦੀਨਸ਼ੀਨ ਬਣ ਕੇ ਬਾਬਾਗਿਰੀ ਦੀ ਵਿਰਾਸਤ ਨੂੰ ਅੱਗੇ ਤੋਰੀ ਜਾ ਰਿਹਾ ਹੈਯੋਗਤਾ ਨੂੰ ਦਰ ਕਿਨਾਰ ਕਰਦਿਆਂ ਨੇਤਾ ਜੀ ਦਲੀਲ ਦਿੰਦਾ ਵਿਰਾਸਤੀ ਕੁਰਸੀ ਪੱਕੀ ਕਰਦਾ ਕਹਿੰਦਾ ਹੈ, “ਜੇ ਵਕੀਲ ਦਾ ਪੁੱਤਰ ਵਕੀਲ, ਡਾਕਟਰ ਦਾ ਪੁੱਤਰ ਡਾਕਟਰ, ਫ਼ੌਜੀ ਦਾ ਪੁੱਤਰ ਫ਼ੌਜੀ ਬਣ ਸਕਦਾ ਹੈ ਤਾਂ ਨੇਤਾ ਦਾ ਪੁੱਤਰ ਨੇਤਾ ਕਿਉਂ ਨਹੀਂ ਬਣ ਸਕਦਾ?” ਨੇਤਾ ਦਾ ਪੁੱਤਰ ਹੋਣਾ ਕੋਈ ਯੋਗਤਾ ਨਹੀਂ, ਨੇਤਾ ਵਾਲੇ ਗੁਣ ਹੋਣਾ ਜ਼ਰੂਰੀ ਹੈਉਪਰੋਕਤ ਵਿੱਚ ਜੋ ਯੋਗ ਹੁੰਦੇ ਹਨ ਉਹ ਹੀ ਡਾਕਟਰ, ਵਕੀਲ ਅਤੇ ਫ਼ੌਜੀ ਬਣਦੇ ਹਨਉਹ ਨੇਤਾਵਾਂ ਵਾਂਗ ਜਾਅਲੀ ਡਿਗਰੀਆਂ ਲੁਕਾਉਂਦੇ ਨਹੀਂਯੋਗਤਾ ਦੀ ਗੱਲ ਤੁਰਦੀ ਹੈ ਤਾਂ ਉੱਚੀ ਪੜ੍ਹਾਈ ਤੋਂ ਬਾਅਦ ਔਖੇ ਟੈੱਸਟਾਂ ਵਿੱਚੋਂ ਨਿਕਲ ਕੇ ਪੁੱਜੇ ਉਮੀਦਵਾਰ ਦੀ ਇੰਟਰਵਿਊ ਜਦੋਂ ਘੱਟ ਪੜ੍ਹਿਆ ਸਿੱਖਿਆ ਜਾਂ ਸਿਹਤ ਮੰਤਰੀ ਲੈਂਦਾ ਹੈ ਤਾਂ ਇੰਟਰਵਿਊ ਦੇਣ ਵਾਲੇ ਦੇ ਦਿਲ ਨੂੰ ਪੁੱਛ ਕੇ ਵੇਖੋ ਕਿ ਉਸ ਉੱਤੇ ਕੀ ਬੀਤਦੀ ਹੈ। ਪ੍ਰਤੱਖ ਨਜ਼ਰ ਆਉਣ ਲੱਗਦਾ ਹੈ ਕਿ ਸਿਫ਼ਾਰਸ਼ੀ ਦਾ ਚੁਣਿਆ ਜਾਣਾ ਤੈਅ ਹੈਪਰਿਵਾਰਵਾਦ ਦੇ ਮਾਮਲੇ ਵਿੱਚ ਧਿਆਨ ਮਾਰ ਕੇ ਵੇਖਿਆ ਜਾ ਸਕਦਾ ਹੈ ਕਿ ਐੱਮ.ਪੀ., ਐੱਮ.ਐੱਲ.ਏ. ਦੇ ਪੁੱਤਰ, ਜਵਾਈ, ਧੀਆਂ ਅਤੇ ਨੂੰਹਾਂ ਹੀ ਚੇਅਰਮੈਨਾਂ ਦੀਆਂ ਕੁਰਸੀਆਂ ਉੱਤੇ ਬਿਰਾਜਮਾਨ ਹੁੰਦੇ ਹਨਕੀ ਇਨ੍ਹਾਂ ਅਹੁਦਿਆਂ ਲਈ ਯੋਗ ਸਿਰਫ਼ ਸਿਆਸੀ ਪਰਿਵਾਰਾਂ ਦੇ ਫ਼ਰਜੰਦ ਹੀ ਹਨ? ਹੋਰ ਕੋਈ ਪਾਰਟੀ ਵਰਕਰ ਕਿਉਂ ਨਹੀਂ? ਜੇ ਕਿਧਰੇ ਕੋਈ ਪਾਰਟੀ ਦਾ ਬਹੁਤਾ ਹੀ ਜੀ-ਹਜ਼ੂਰ, ਚੋਟੀ ਦਾ ਭ੍ਰਿਸ਼ਟ ਜਾਂ ਬਾਹੂਬਲੀ ਇਹ ਰੁਤਬਾ ਹਾਸਿਲ ਕਰਨ ਵਿੱਚ ਕਾਮਯਾਬ ਹੋ ਜਾਵੇ ਤਾਂ ਉਹ ਐੱਮ. ਪੀ. ਜਾਂ ਐੱਮ.ਐੱਲ.ਏ. ਦੀ ਟਿਕਟ ਦੀ ਦਾਅਵੇਦਾਰੀ ਜਿਤਾਉਣਾ ਆਪਣਾ ਹੱਕ ਸਮਝਦਾ ਹੈਜਿਵੇਂ ਉਸਨੇ ਕੋਈ ਕੋਰਸ ਪਾਸ ਕਰ ਲਿਆ ਹੋਵੇਪਿਛਲੇ ਦਿਨੀਂ ਇੱਕ ਉਮਰ ਹੰਢਾਅ ਚੁੱਕੇ ਨੇਤਾ ਨੇ ਤਾਂ ਇੱਕ ਜਨਤਕ ਸਟੇਜ ਤੋਂ ਇੱਥੋਂ ਤਕ ਕਹਿ ਦਿੱਤਾ ਕਿ ਜਿਨ੍ਹਾਂ ਉੱਤੇ ਪਰਚੇ ਦਰਜ ਹੁੰਦੇ ਹਨ ਜਾਂ ਜੇਲ੍ਹ ਜਾਂਦੇ ਹਨ, ਉਹ ਹੀ ਨੇਤਾ ਬਣਦੇ ਹਨਮੇਰੇ ਵੱਲ ਵੇਖ ਲਓ ਮੇਰੇ ਕੋਲ ਕਿਹੜੀ ਕੋਈ ਡਿਗਰੀ ਹੈ! ਇਸਦੇ ਕੀ ਅਰਥ ਕੱਢੇ ਜਾਣ?

ਜਿਸ ਮੁਲਕ ਦੇ ਪਵਿੱਤਰ ਲੋਕਤੰਤਰੀ ਮੰਦਰ ਦੀਆਂ ਪੌੜੀਆਂ ਦਸ ਨੰਬਰੀ, ਚੋਰ, ਬਲਾਤਕਾਰੀ, ਬਾਹੂਬਲੀ ਅਤੇ ਭ੍ਰਿਸ਼ਟ ਲੋਕ ਚੜ੍ਹਨਗੇ, ਉਸ ਨੂੰ ਮੁਲਕ ਨੂੰ ਕੋਈ ਵੀ ਦੇਵਤਾ ਨਹੀਂ ਬਚਾ ਸਕਦਾਅੱਜ ਦੀ ਤਾਰੀਖ਼ ਵਿੱਚ ਸਾਂਸਦ ਅਤੇ ਵਿਧਾਨਕਾਰ ਸਾਫ਼ ਅਕਸ ਵਾਲਾ ਸ਼ਾਇਦ ਦੀਵਾ ਲੈ ਕੇ ਵੀ ਨਾ ਲੱਭਿਆ ਜਾ ਸਕੇ

ਸਾਡੇ ਮੁਲਕ ਦਾ ਕਾਨੂੰਨ ਅਤੇ ਚੋਣ ਕਮਿਸ਼ਨ ਵੀ ਇਹਨਾਂ ਵਿਸ਼ੇਸ਼ ਨਾਗਰਿਕਾਂ ਅੱਗੇ ਸ਼ਾਇਦ ਬੇਵੱਸ ਹੈਦਾਗ਼ੀ ਅਤੇ ਦੋਸ਼ੀ ਨੇਤਾ ਚੋਣ ਜਿੱਤ ਕੇ ਲੁੱਟ-ਕੁੱਟ ਕੇ ਪੈਨਸ਼ਨ ਵੀ ਲੈ ਲੈਂਦਾ ਹੈ, ਪਰ ਜੂੰ ਦੀ ਚਾਲੇ ਤੁਰਦੀ ਅਦਾਲਤੀ ਕਾਰਵਾਈ ਜਿੰਨਾ ਚਿਰ ਦੋਸ਼ੀ ਸਿੱਧ ਨਹੀਂ ਕਰਦੀ, ਉਹ ਸ਼ਰੇਆਮ ਜੁਰਮ ਕਰਕੇ ਵੀ ਦੋਸ਼ੀ ਨਹੀਂ ਗਿਣਿਆ ਜਾਂਦਾਆਮ ਮਾੜੇ ਬੰਦੇ ਦੇ ਪੇਸ਼ ਨਾ ਹੋਣ ’ਤੇ ਪੁਲਿਸ ਉਸਦਾ ਸਾਰਾ ਟੱਬਰ ਬੰਨ੍ਹ ਤੁਰਦੀ ਹੈਦੂਜੇ ਪਾਸੇ ਰਾਜਨੀਤਕਾਂ ਦੀ ਪੁਸ਼ਤ ਪਨਾਹੀ ਵਾਲਾ ਇੱਕ ਬਲਾਤਕਾਰੀ ਪੰਦਰਾਂ ਸਾਲ ਬਾਅਦ ਸਿਰਫ਼ ਸਜ਼ਾ ਜਾਂ ਬਰੀ ਦਾ ਫੈਸਲਾ ਸੁਣਨ ਇੱਕ ਪ੍ਰਧਾਨ ਮੰਤਰੀ ਦੇ ਕਾਫ਼ਲੇ ਤੋਂ ਵੀ ਵੱਧ ਲਾਮ ਲਸ਼ਕਰ ਲੈ ਕੇ ਅਦਾਲਤ ਵਿੱਚ ਪਹੁੰਚਦਾ ਹੈਜੇ ਇਸ ਕੇਸ ਨਾਲ ਸਬੰਧਤ ਜੱਜ ਵਰਗੀ ਜੁਡੀਸ਼ਰੀ ਹੋ ਜਾਵੇ ਤਾਂ ਸ਼ਾਇਦ ਨਵੇਂ ਭਾਰਤ ਦਾ ਚਿਹਰਾ ਦਿਸਣ ਲੱਗ ਪਵੇਸ਼ਾਇਦ ਤੇਤੀ ਕਰੋੜ ਦੇਵੀ-ਦੇਵਤਿਆਂ ਦੇ ਦੂਤਾਂ ਤੋਂ ਪੁਲਿਸ ਨੂੰ ਵੀ ਡਰ ਲੱਗਦਾ ਹੈ

ਜਵਾਬ ਮੰਗਦੇ ਕੁਝ ਸਵਾਲ ਹਨ, ਕੀ ਨਵ-ਨਿਰਮਾਣ ਭਾਰਤ ਵਿੱਚ ਨਿਯਮ ਬਦਲੀ ਹੋਣਗੇ?

ਜੇ ਕਿਸੇ ਪਾਰਟੀ ਨੇ ਲੋਕਤੰਤਰੀ ਢੰਗ ਨਾਲ ਲੋਕਾਂ ਵੱਲੋਂ ਰੱਦ ਕੀਤੇ ਨੇਤਾ ਨੂੰ ਮਹੱਤਵਪੂਰਨ ਅਹੁਦੇ ਉੱਤੇ ਬਿਰਜਮਾਨ ਕਰਕੇ ਲੋਕਾਂ ਦੇ ਜ਼ਖਮਾਂ ’ਤੇ ਲੂਣ ਛਿੜਕਣਾ ਹੈ ਤਾਂ ਲੋਕਤੰਤਰੀ ਢਕੌਂਸਲਾ ਕਿਉਂ? ਬਿਨਾਂ ਚੋਣ ਲੜੇ ਤੋਂ ਕੋਈ ਕੁਰਸੀ ਸੌਂਪ ਦੇਣੀ ਹੈ ਫਿਰ ਐਨੀਆਂ ਮਹਿੰਗੀਆਂ ਚੋਣਾਂ ਕਿਉਂ? ਜੇ ਪਾਰਟੀ ਕਿਸੇ ਵਿਸ਼ੇਸ਼ ਨੂੰ ਯੋਗ ਸਮਝਦੀ ਹੈ ਤਾਂ ਫਿਰ ਹੱਥਾਂ ਵਿੱਚ ਥੱਬਾ-ਥੱਬਾ ਡਿਗਰੀਆਂ ਚੁੱਕੀ ਫਿਰਦੇ ਨੌਜਵਾਨਾਂ ਵੱਲ ਧਿਆਨ ਮਾਰ ਕੇ ਵੇਖ ਲੈਣਾ ਚਾਹੀਦਾ ਹੈ ਕਿ ਕੀ ਉਹ ਯੋਗ ਨਹੀਂ? ਚੋਣਾਂ ’ਤੇ ਖਰਚ ਹੋਣ ਵਾਲਾ ਧਨ ਬਚਾ ਕੇ ਜਨ ਹਿਤ ਲਈ ਵਰਤ ਕੇ ਨਵੇਂ ਭਾਰਤ ਦੀ ਨੀਂਹ ਰੱਖੀ ਜਾ ਸਕਦੀ ਹੈ

ਸਾਡੇ ਸੰਵਿਧਾਨ ਵਿੱਚ ਨੇਤਾ ਦੇ ਸੇਵਾ ਮੁਕਤ ਹੋਣ ਦੀ ਉਮਰ ਸ਼ਾਇਦ ਲਿਖੀ ਹੀ ਨਹੀਂਇਹਨਾਂ ਤੋਂ ਮੁਕਤੀ ਦਾ ਫਰਮਾਨ ਧੁਰ ਦਰਗਾਹੋਂ ਆਉਣ ਤੋਂ ਬਾਅਦ ਹੀ ਜਨਤਾ ਨੂੰ ਮੁਕਤੀ ਮਿਲਦੀ ਹੈਜੇ ਇੱਕ ਮੁਲਾਜ਼ਮ ਸੱਠ ਸਾਲ ਤੋਂ ਬਾਅਦ ਦੇਸ਼ ਉੱਤੇ ਬੋਝ ਸਮਝਿਆ ਜਾਂਦਾ ਹੈ, ਫਿਰ ਇਹ ਸੱਤਰ ਦੇ ਮੱਤਹੀਣ ਬੁੱਢੇ-ਠੇਰੇ ਵੀਲ੍ਹ ਚੇਅਰ ’ਤੇ ਬੈਠੇ ਅਤੇ ਚਾਰ-ਚਾਰ ਸਹਿਯੋਗੀਆਂ ਦੀ ਮਦਦ ਲੈਣ ਵਾਲੇ ਦੇਸ਼ ਦੇ ਨਿਰਮਾਣ ਵਿੱਚ ਕੀ ਯੋਗਦਾਨ ਪਾਉਣਗੇ? ਬਾਹਰਲੇ ਮੁਲਕਾਂ ਦੇ ਦੌਰੇ ਕਰਨ ਵਾਲੇ ਨੇਤਾਵਾਂ ਨੂੰ ਉੱਥੋਂ ਦੇ ਲੀਡਰਾਂ ਵੱਲ ਜ਼ਰੂਰ ਧਿਆਨ ਦੇ ਕੇ ਆਪਣੇ ਮੁਲਕ ਦੀ ਹਾਲਤ ਸੁਧਾਰਨੀ ਚਾਹੀਦੀ ਹੈਇਸ ਸਬੰਧੀ ਮੌਜੂਦਾ ਪ੍ਰਧਾਨ ਮੰਤਰੀ ਬਿਹਤਰ ਸਲਾਹ ਦੇ ਸਕਦੇ ਹਨ ਕਿਉਂਕਿ ਉਹ ਵੱਧ ਤੋਂ ਵੱਧ ਵਿਦੇਸ਼ੀ ਦੌਰਿਆਂ ਵਾਲੇ ਪ੍ਰਧਾਨ ਮੰਤਰੀ ਕਹੇ ਜਾਂਦੇ ਹਨਉਨ੍ਹਾਂ ਨੂੰ ਸ਼ਾਇਦ ਹੀ ਅਜਿਹਾ ਕੋਈ ਨੇਤਾ ਮਿਲਿਆ ਹੋਵੇਗਾ ਜੋ 60 ਸਾਲ ਤੋਂ ਉੱਪਰ ਦਾ ਹੋਵੇਉਮਰ ਹੰਢਾਅ ਚੁੱਕੇ ਅਤੇ ਕੰਡਮ ਨੇਤਾ, ਅਹੁਦਿਆਂ ਦਾ ਸੁਖ ਮਾਣਦੇ ਜਨਤਾ ’ਤੇ ਬੋਝ ਨਹੀਂ?

ਜੇ ਨਵੇਂ ਭਾਰਤ ਦਾ ਨਿਰਮਾਣ ਕਰਨਾ ਹੈ ਤਾਂ ਸਭ ਤੋਂ ਪਹਿਲਾਂ ਅਕਾਦਮਿਕ ਯੋਗਤਾ, ਸਰੀਰਕ ਤੰਦਰੁਸਤੀ ਅਤੇ ਆਮ ਮੁਲਾਜ਼ਮ ਵਾਂਗ ਨੇਤਾ ਦੀ ਸੇਵਾ ਮੁਕਤੀ ਦੀ ਹੱਦ ਨਿਸ਼ਚਿਤ ਕਰਨੀ ਪੈਣੀ ਹੈਜੇ ਇਹ ਦਲੀਲ ਦਿੱਤੀ ਜਾਵੇ ਕਿ ਲੰਮਾ ਤਜਰਬਾ ਹੀ ਨੇਤਾ ਦੀ ਯੋਗਤਾ ਹੈ ਤਾਂ ਫਿਰ ਮੁਲਾਜ਼ਮ ਵੀ ਸੱਠ ਸਾਲ ਤਕ ਤਜਰਬੇਕਾਰ ਹੁੰਦਾ ਹੈਜੇ ਕੋਈ ਅਧਿਕਾਰੀ ਸਿਆਸੀ ਸ਼ੌਕ ਰੱਖਦਾ ਹੈ ਤਾਂ ਉਸ ਨੂੰ ਵੀ ਉਮਰ ਹੱਦ ਦੀ ਛੋਟ ਨਾ ਹੋਵੇਕਿਉਂਕਿ ਨੇਤਾ ਲੋਕ ਵੀ ਤਾਂ ਬਕਾਇਦਾ ਤਨਖਾਹ ਅਤੇ ਅਨੇਕਾਂ ਭੱਤੇ ਲੈਂਦੇ ਹਨ ਬੇਸ਼ਕ ਇਹਨਾਂ ਨੇ 2004 ਤੋਂ ਬਾਅਦ 60 ਸਾਲ ਨੌਕਰੀ ਕਰਨ ਵਾਲੇ ਦੀ ਪੈਨਸ਼ਨ ਬੰਦ ਕਰ ਦਿੱਤੀ ਹੈ ਪਰ ਆਪ ਭਾਵੇਂ ਪੰਜਾਂ ਸਾਲਾਂ ਵਿੱਚ ਇੱਕ ਵੀ ਲੋਕ ਮਸਲਾ ਨਾ ਉਠਾਉਣ, ਇਹਨਾਂ ਦੀ ਪੈਨਸ਼ਨ ਪੱਕੀ ਹੋ ਜਾਂਦੀ ਹੈਹਰੇਕ ਨਾਗਰਿਕ ਲਈ ਨਿਯਮ ਬਰਾਬਰ ਹੋਣੇ ਚਾਹੀਦੇ ਹਨ60 ਸਾਲ ਬਾਅਦ ਹਰੇਕ ਬੁਢਾਪਾ ਪੈਨਸ਼ਨ ਲੈ ਕੇ ਘਰ ਬੈਠੇ, ਇਹ ਆਮ ਨਾਗਰਿਕ ਨਾਲੋਂ ਵੱਖਰੇ ਨਿਯਮ ਲਿਖਵਾ ਕੇ ਪੈਦਾ ਨਹੀਂ ਹੋਏਕੀ ਆਰਥਿਕ ਮੰਦਹਾਲੀ ਦੀ ਮਾਰ ਝੱਲ ਰਹੇ ਮੁਲਕ ਦੇ ਨੇਤਾ ਲੋਕ ਠੇਕੇ ’ਤੇ ਕੰਮ ਕਰਨ ਲਈ ਰਾਜ਼ੀ ਹੋਣਗੇ! ਜੇ ਨਹੀਂ, ਤਾਂ ਇਹਨਾਂ ਵੱਲੋਂ ਕਿਸੇ ਮੁਲਾਜ਼ਮ ਨੂੰ ਠੇਕੇ ’ਤੇ ਰੱਖਣ ਦਾ ਅਧਿਕਾਰ ਕਿਉਂ? ਜੇ ਅਸੀਂ ਆਪਣੀ ਫ਼ੌਜ, ਪੁਲਿਸ ਅਤੇ ਹੋਰ ਮੁਲਾਜ਼ਮ ਵਿੱਦਿਅਕ ਯੋਗਤਾ, ਤੰਦਰੁਸਤ, ਬਿਨਾ ਫ਼ੌਜਦਾਰੀ ਜਾਂ ਸਜ਼ਾ ਜਾਫ਼ਤਾ ਮਨਜ਼ੂਰ ਨਹੀਂ ਕਰਦੇ ਤਾਂ ਫਿਰ ਕਾਨੂੰਨ ਘਾੜੇ ਦਾਗ਼ੀ ਕਿਉਂ ਹੋਣ? ਜੇ ਪੜ੍ਹੇ-ਲਿਖੇ ਨੇਤਾ ਹੋਣਗੇ ਤਾਂ ਅਨਪੜ੍ਹ ਅਤੇ ਕੱਚਘਰੜ ਬਾਬਿਆਂ ਦੇ ਦਰਬਾਰਾਂ ਉੱਤੇ ਮੱਥੇ ਰਗੜ ਕੇ ਆਪਣੀ ਕੁਰਸੀ ਮਜ਼ਬੂਤ ਨਹੀਂ ਕਰਨਗੇ, ਲੋਕ ਹਿਤਾਂ ਵਿੱਚ ਫੈਸਲੇ ਲੈਣ ਦੇ ਸਮਰੱਥ ਹੋਣਗੇ

ਅਯੋਗਤਾ, ਝੂਠ ਅਤੇ ਲਾਰਾ-ਲੱਪਾ ਲਾ ਕੇ ਕਾਇਮ ਕੀਤੇ ਰਾਜ ਦੀਆਂ ਨੀਹਾਂ ਮਜ਼ਬੂਤ ਨਹੀਂ ਹੁੰਦੀਆਂ, ਉਨ੍ਹਾਂ ਡਿਗਣਾ ਹੀ ਹੁੰਦਾ ਹੈਗੱਲਾਂ ਅਤੇ ਜੁਮਲਿਆਂ ਨਾਲ ਜਨਤਾ ਦਾ ਢਿੱਡ ਭਰ ਕੇ ਨਵੇਂ ਭਾਰਤ ਦਾ ਨਿਰਮਾਣ ਅਸੰਭਵ ਹੈ, ਕੁਝ ਕਰ ਕੇ ਵਿਖਾਉਣਾ ਪਵੇਗਾਜਿੱਥੇ ਵਿਹਲੜ ਬਾਬੇ 18-18 ਕਿਲੋ ਸੋਨਾ ਪਹਿਨ ਕੇ ਆਪਣੇ-ਆਪ ਨੂੰ ਗੋਲਡ ਬਾਬੇ ਅਖਵਾਉਂਦੇ ਹੋਣ, ਉਸ ਮੁਲਕ ਦੇ ਲੀਡਰਾਂ ਨੂੰ ਸਵਿੱਸ ਬੈਂਕਾਂ ਵਿੱਚ ਪਏ ਕਾਲੇ ਧਨ ਵੱਲ ਝਾਕਣ ਦੀ ਲੋੜ ਨਹੀਂਜਨਤਾ ਨੂੰ ਮੂਰਖ ਬਣਾ ਕੇ ਬੇਸ਼ੁਮਾਰ ਮਾਇਆ ਇਕੱਠੀ ਕਰਕੇ ਉੱਪਰ ਕੁੰਡਲੀ ਮਾਰੀ ਬੈਠੇ ਬਾਬੇ, ਜਿਨ੍ਹਾਂ ਨੂੰ ਕੋਈ ਟੈਕਸ ਨਹੀਂ ਲੱਗਦਾ, ਵੱਲ ਧਿਆਨ ਦੇਣ ਦੀ ਲੋੜ ਹੈ ਇੱਕ ਵਾਰੀ ਮੁਲਕ ਦੇ ਪ੍ਰਮੁੱਖ ਨੇਤਾ ਨੇ ਬਿਆਨ ਦਿੱਤਾ ਸੀ, “ਧਾਰਮਿਕ ਸਥਾਨਾਂ ਵਿੱਚ ਪਿਆ ਸੋਨਾ ਲੋਕ ਹਿਤ ਲਈ ਵਰਤਿਆ ਜਾਵੇਗਾ।” ਬਿਆਨ ਚੰਗਾ ਲੱਗਾ ਸੀ ਪਰ ਪਤਾ ਨਹੀਂ ਉਸ ਨੇਤਾ ਨੂੰ ਕਿਧਰੋਂ ਘੂਰੀ ਮਿਲੀ, ਉਸਨੇ ਮੁੜ ਕਦੀ ਉਸ ਸੋਨੇ ਦਾ ਜ਼ਿਕਰ ਨਹੀਂ ਕੀਤਾਪੰਜ ਸਾਲ ਹੋਰ ਬਥੇਰੇ ਸਬਜ਼ਬਾਗ ਵਿਖਾਉਂਦਾ ਰਿਹਾਹਾਲੇ ਵੀ ਵਿਖਾਈ ਜਾ ਰਿਹਾ ਹੈਨਵੇਂ ਨਾਅਰੇ ਘੜਨ ਵਿੱਚ ਉਸਦਾ ਕੋਈ ਸਾਨੀ ਨਹੀਂ

ਇਹ ਵੀ ਇੱਕ ਕੌੜਾ ਸੱਚ ਹੈ ਕਿ ਇਸ ਮੁਲਕ ਦੀ ਹਕੂਮਤ ਨੂੰ ਵੱਡੇ ਸਰਮਾਏਦਾਰ ਅਤੇ ਕਾਰਪੋਰੇਟ ਘਰਾਣੇ ਚਲਾ ਰਹੇ ਹਨਨੇਤਾ ਲੋਕ ਤਾਂ ਉਨ੍ਹਾਂ ਦੀਆਂ ਕਠਪੁਤਲੀਆਂ ਹਨ ਜਿੱਥੇ ਸਰਮਾਏਦਾਰ ਅਤੇ ਇਹਨਾਂ ਦੀਆਂ ਕਠਪੁਤਲੀਆਂ ਦੇ ਹਿਤਾਂ ’ਤੇ ਸੱਟ ਵੱਜਦੀ ਹੋਵੇ, ਉਹ ਕਾਨੂੰਨ ਇਹ ਕਦੇ ਵੀ ਪਾਸ ਨਹੀਂ ਹੋਣ ਦੇਣਗੇਅੱਜ ਲੋੜ ਹੈ ਕਿ ਬੁੱਧੀਜੀਵੀ ਅਤੇ ਜਾਗਰੂਕ ਲੋਕ ਜਨਸਧਾਰਣ ਨੂੰ ਜਾਗਰੂਕ ਅਤੇ ਸੰਗਠਤ ਕਰਨ ਅਤੇ ਮੌਜੂਦਾ ਢਾਂਚੇ ਵਿਰੁੱਧ ਲਾਮਬੰਦ ਕਰਕੇ ਫ਼ੈਸਲਾਕੁੰਨ ਜੰਗ ਲੜਨ ਲਈ ਲੋਕਾਂ ਨੂੰ ਤਿਆਰ ਕਰਨ

ਨਿਊਜ਼ ਨੇਸ਼ਨ ਚੈਨਲ ਅਨੁਸਾਰ ਪੂਰੇ ਮੁਲਕ ਵਿੱਚ 60 ਲੱਖ ਬਾਬੇ ਹਨਸਰਕਾਰਾਂ ਵੱਲੋਂ ਇਹਨਾਂ ਨੂੰ ਸੁਰੱਖਿਆ ਮੁਹਈਆ ਕਰਵਾਈ ਹੋਈ ਹੈਜਿੰਨਾ ਵੱਡਾ ਬਾਬਾ, ਓਨੀ ਭਾਰੀ ਸੁਰੱਖਿਆਰੱਬ ਦੇ ਦੂਤਾਂ ਨੂੰ ਪਤਾ ਨਹੀਂ ਇੰਨਾ ਡਰ ਕਿਉਂ ਹੈ? ਦਰਅਸਲ ਬਾਬੇ ਨੇਤਾਵਾਂ ਦਾ ਵੋਟ ਬੈਂਕ ਹਨ ਜੋ ‘ਫਿਕਸ ਡਿਪਾਜ਼ਿਟ’ ਵਾਂਗ ਕੰਮ ਕਰਦਾ ਹੈਨੇਤਾਵਾਂ ਉੱਤੇ ਲੱਗੇ ਦੋਸ਼ਾਂ ਸਬੰਧੀ ਕੋਰਟ ਅਤੇ ਚੋਣ ਕਮਸ਼ਿਨ ਨੂੰ ਸਖਤ ਹੋਣ ਦੀ ਲੋੜ ਹੈਕੋਈ ਵੀ ਜਾਣਕਾਰੀ ਗੁਪਤ ਰੱਖਣ ਦੀ ਸੂਰਤ ਵਿੱਚ ਉਮੀਦਵਾਰੀ ਰੱਦ ਕਰਨ ਦਾ ਪ੍ਰਬੰਧ ਹੋਣਾ ਚਾਹੀਦਾ ਹੈਇਹ ਨਹੀਂ ਹੋਣਾ ਚਾਹੀਦਾ ਕਿ ਜਾਂਚ ਚਲਦੀ ਵਿੱਚ ਹੀ ਉਮੀਦਵਾਰ ਪੈਨਸ਼ਨ ਲੈ ਕੇ ਪਾਸੇ ਹੋਵੇ

ਸਿਆਸੀ ਬੀਮਾਰੀ ਤੋਂ ਪੀੜਤ ਨੇਤਾ ਲੋਕ ਸਿਰਫ਼ ਖੁਦ ਨੂੰ ਅਤੇ ਆਪਣੇ ਬੱਚਿਆਂ ਨੂੰ ਹੀ ਯੋਗ, ਸੱਚੇ-ਸੁੱਚੇ, ਇਮਾਨਦਾਰ ਅਤੇ ਵਧੀਆ ਰਾਜ-ਭਾਗ ਸੰਭਾਲਣ ਦੇ ਕਾਬਿਲ ਸਮਝਦੇ ਹਨ, ਹੋਰ ਕਿਸੇ ਨੂੰ ਨਹੀਂ

ਅਖੀਰ ਵਿੱਚ ਇਹੀ ਕਹਿਣਾ ਬਣਦਾ ਹੈ ਕਿ ਵਿਹਲੜਾਂ ਅਤੇ ਮੰਗਤਿਆਂ ਦੇ ਦੇਸ਼ ਨੂੰ ‘ਨਿਊ ਇੰਡੀਆ’ ਨਹੀਂ ਕਿਹਾ ਜਾ ਸਕਦਾਸਬ-ਸਿਡੀਆਂ ਅਤੇ ਮੁਫ਼ਤ ਸਹੂਲਤਾਂ ਲੈ ਕੇ ਨਿਕੰਮੇ ਬਣ ਰਹੇ ਲੋਕਾਂ ਨੂੰ ਰੁਜ਼ਗਾਰ ਦਿਉ ਤਾਂ ਕਿ ਹਰ ਸ਼ਹਿਰੀ ਸਵੈਮਾਣ ਨਾਲ ਜੀ ਸਕੇਜਿਸ ਦਿਨ ਭਾਰਤ ਪਰਿਵਾਰਵਾਦ ਅਤੇ ਬਾਬਿਆਂ ਦੇ ਚੁੰਗਲ ਵਿੱਚੋਂ ਨਿਕਲ ਗਿਆ, ਉਹ ਨਵਾਂ ਭਾਰਤ ਹੋਵੇਗਾ, ਵਰਨਾ ਨਵੇਂ ਭਾਰਤ ਦੀ ਕਲਪਨਾ ਕਰਨਾ ਛੱਡ ਹੀ ਦਿਉਅਜਿਹੇ ਹੋਰ ਵੀ ਕਈ ਸਵਾਲ ਹਨ ਜੋ ਮੁਲਕ ਦੀ ਸਿਆਸਤ ’ਤੇ ਪ੍ਰਸ਼ਨ ਚਿੰਨ੍ਹ ਲਾਉਂਦੇ ਹਨਉਂਜ ਆਪਣੀ ਹੋਣੀ ਦੇ ਬਹੁਤੇ ਜ਼ਿੰਮੇਵਾਰ ਅਸੀਂ ਖੁਦ ਹਾਂ, ਕਿਉਂਕਿ ਅਸੀਂ ਆਪਣਾ ਦਿਮਾਗ ਇਸਤੇਮਾਲ ਹੀ ਨਹੀਂ ਕਰਦੇਦੂਜੇ ਦਾ ਚਲਾਕ ਦਿਮਾਗ ਸਾਡੇ ਦਿਮਾਗ ਨੂੰ ਕੰਟਰੋਲ ਕਰ ਰਿਹਾ ਹੈਜਿਸ ਦਿਨ ਇਸ ਮੁਲਕ ਦੇ ਨਾਗਰਿਕਾਂ ਨੇ ਆਪਣੇ ਦਿਮਾਗ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ, ਉਸ ਦਿਨ ਇਹ ਆਪਣੀ ਹੋਣੀ ਆਪ ਲਿਖ ਲੈਣਗੇ ਤੇ ਉਹ ਨਵਾਂ ਭਰਤ ਹੋਵੇਗਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3877)
(ਸਰੋਕਾਰ ਨਾਲ ਸੰਪਰਕ ਲਈ: sarokar2015@gmail.com)

About the Author

ਤਰਸੇਮ ਸਿੰਘ ਭੰਗੂ

ਤਰਸੇਮ ਸਿੰਘ ਭੰਗੂ

Gurdaspur, Punjab, India.
Phone: (91 - 94656 - 56214)
tarsembhangu1982@gmail.com

More articles from this author