“ਪਿਛਲੇ ਚਾਲੀ ਪੰਜਾਹ ਸਾਲਾਂ ਵੱਲ ਧਿਆਨ ਮਾਰ ਕੇ ਵੇਖਿਆ ਜਾਵੇ ਤਾਂ ਸਪਸ਼ਟ ਰੂਪ ਵਿੱਚ ਨਜ਼ਰ ...”
(6 ਸਤੰਬਰ 2023)
ਸਿਆਸਤ ਅਜਿਹਾ ਚਿੱਕੜ ਹੈ ਕਿ ਜਿਸ ਵਿੱਚ ਹਰੇਕ ਰਾਜਨੀਤਕ ਬੰਦਾ ਲਿਬੜਿਆ ਹੋਇਆ ਵੀ ਆਪਣੇ ਆਪ ਨੂੰ ਦੁੱਧ ਧੋਤਾ ਹੀ ਦੱਸਦਾ ਹੈ। ਇਹ ਅਜਿਹਾ ਗੋਰਖ ਧੰਦਾ ਹੈ ਕਿ ਜਿਸ ਵਿੱਚ ਵੜਿਆ ਬੰਦਾ, ਬੰਦਾ ਹੀ ਨਹੀਂ ਰਹਿੰਦਾ। ਸਿਆਸਤ ਨੂੰ ਇੱਕ ਅਜਿਹਾ ਹਮਾਮ ਵੀ ਕਿਹਾ ਜਾ ਸਕਦਾ ਹੈ, ਜਿਸ ਵਿੱਚ ਇੱਕ ਅੱਧੇ ਨੂੰ ਛੱਡ ਕੇ ਸਾਰੇ ਹੀ ਨੰਗੇ ਨਜ਼ਰ ਆਉਂਦੇ ਹਨ। ਪਿਛਲੇ ਚਾਲੀ ਪੰਜਾਹ ਸਾਲਾਂ ਵੱਲ ਧਿਆਨ ਮਾਰ ਕੇ ਵੇਖਿਆ ਜਾਵੇ ਤਾਂ ਸਪਸ਼ਟ ਰੂਪ ਵਿੱਚ ਨਜ਼ਰ ਆਵੇਗਾ ਕਿ ਆਪਣੀ ਅਤੇ ਆਪਣੇ ਖਣਵਾਦੇ ਦੀ ਭੁੱਖ ਦੂਰ ਕਰਨ ਵਾਸਤੇ ਇਹ ਧੰਦਾ ਸਭ ਤੋਂ ਲਾਹੇਵੰਦ ਤੇ ਉੱਤਮ ਵਪਾਰ ਸਿੱਧ ਹੋਇਆ ਹੈ। ਸਿਆਸਤ ਵਿੱਚ ਵੜ ਕੇ ਲੋਕ ਆਪਣੇ ਆਪ ਨੂੰ ਹੱਦ ਤੋਂ ਵੱਧ ਚਲਾਕ ਅਤੇ ਸਿਆਣੇ ਸਮਝਣ ਲੱਗ ਪੈਂਦੇ ਹਨ। ਇਹ ਲੋਕ ਆਪਣੇ ਜਾਨਸ਼ੀਨ ਪੁੱਤ-ਪੋਤਰਿਆਂ ਤੋਂ ਇਲਾਵਾ ਹੋਰ ਕਿਸੇ ਨੂੰ ਨੇਤਾ ਬਣਨ ਹੀ ਨਹੀਂ ਦਿੰਦੇ, ਕਿਉਂਕਿ ਇਸ ‘ਸੇਵਾ’ ਵਾਸਤੇ ਕਿਸੇ ਵਿੱਦਿਅਕ ਯੋਗਤਾ ਜਾਂ ਸਰੀਰਕ ਮਾਪ ਦੰਡ ਦੀ ਲੋੜ ਹੀ ਨਹੀਂ, ਬਾਕੀ ਮੁਲਕ ਦੀ ਦੱਬੀ-ਕੁਚਲੀ, ਲਿਤਾੜੀ ਤੇ ਨਿਮਾਣੀ ਜਨਤਾ ਪਈ ਰਹੇ ਟੈਸਟਾਂ ਦੇ ਚੱਕਰਾਂ ਵਿੱਚ। ਇੱਥੇ ਨਿਆਂਪਾਲਿਕਾ ਚੋਰ ਨੂੰ ਸਜ਼ਾ ਦੇਣ ਲਈ ਤਾਂ ਸਬੂਤਾਂ ਦੀ ਮੰਗ ਕਰਦੀ ਹੈ ਪਰ ਚੋਰ ਨੂੰ ਚੋਰ ਕਹਿਣ ਵਾਲੇ ਨੂੰ ਅਪਰਾਧੀ ਕਰਾਰ ਦੇ ਕੇ ਉਸੇ ਵੇਲੇ ਸਜ਼ਾ ਵੀ ਦੇ ਦਿੰਦੀ ਹੈ। ਕਮਾਲ ਦੇ ਮਾਪਦੰਡ ਹਨ। ਪਿਛਲੇ ਦਿਨੀਂ ਉਮਰ ਹੰਢਾਅ ਚੁੱਕੇ ਬਿਹਾਰ ਦੇ ਇੱਕ ਬਜ਼ੁਰਗ ਨੇਤਾ ਜੀ ਦਾ ਕਹਿਣਾ ਸੀ ਕਿ ਰਾਜਨੀਤੀ ਵਿੱਚ ਉਮਰ ਦੀ ਕੋਈ ਹੱਦ ਨਹੀਂ ਹੁੰਦੀ। ਪੁਰਾਣੇ ਨੇਤਾ ਜੀ ਆਪਣੇ ਆਪ ਨੂੰ ਰਿਟਾਇਰ ਨਹੀਂ ਫਾਇਰ ਦੱਸ ਰਹੇ ਹਨ।
ਆਪਣੇ ਆਪ ਨੂੰ ਜਾਨਸ਼ੀਨ ਦਾ ਭੁਲੇਖਾ ਪਾਲਦਾ ਨੌਜਵਾਨ ਨੇਤਾ ਆਪਣੇ ਕਰੀਬੀ ਰਿਸ਼ਤੇਦਾਰ ਨੂੰ ਚੱਲਿਆ ਕਾਰਤੂਸ ਸਮਝ ਰਿਹਾ ਹੈ ਪਰ ਉਹ ਹਾਲੇ ਵੀ ਚੋਣ ਮੈਦਾਨ ਵਿੱਚ ਆਉਣ ਦਾ ਚਾਹਵਾਨ ਹੈ। ਸਵਾਲ ਇਹ ਹੈ ਕਿ ਇਹ ਹੋਇਆ ਹੀ ਕਿਉਂ? ਨੇਤਾਵਾਂ ਵਾਸਤੇ ਵੱਖਰੇ ਕਾਨੂੰਨਾਂ ਨੇ ਹੀ ਇਸ ਮੁਲਕ ਦਾ ਬੇੜਾ ਗਰਕ ਕੀਤਾ ਹੋਇਆ ਹੈ। ਡੇਢ ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਮੌਕੇ ਇੱਕ ਮਰਹੂਮ ਨੇਤਾ ਜੀ ਪਚੰਨਵੇਂ ਸਾਲ ਦੀ ਉਮਰ ਵਿੱਚ ਵੀ ਉਮੀਦਵਾਰ ਬਣ ਕੇ ਵੋਟਰਾਂ ਅੱਗੇ ਪੰਜ ਸਾਲ ਹੋਰ ਉਮਰ ਵਧਾਉਣ ਵਾਸਤੇ ਹੱਥ ਜੋੜਦੇ ਵੇਖੇ ਗਏ। ਦਲ ਬਦਲੂਆਂ ਜਾਂ ਕੁਰਸੀ ਤੋਂ ਬਿਨਾਂ ਨਾ ਰਹਿ ਸਕਣ ਵਾਲੇ ਲੋਕਾਂ ਨੂੰ ਸੱਤਾ-ਜੀਵੀ ਵੀ ਆਖ ਸਕਦੇ ਹਾਂ। ਬਾਹਰਲੇ ਮੁਲਕਾਂ ਵੱਲ ਧਿਆਨ ਮਾਰ ਕੇ ਵੇਖਿਆ ਜਾਵੇ ਤਾਂ ਇੱਕ ਅੱਧੇ ਨੂੰ ਛੱਡ ਕੇ ਬਹੁਤੇ ਨੇਤਾ ਜਵਾਨ ਅਤੇ ਐਕਟਵ ਨਜ਼ਰ ਆਉਂਦੇ ਹਨ। ਇੱਥੇ ਵੀਲਚੇਅਰ ਉੱਤੇ ਬੈਠੇ ਵੀ ਸਿਆਸਤ ਕਰੀ ਜਾਂਦੇ ਹਨ। ਇੱਕ ਵਾਰ ਰਾਜਨੀਤੀ ਵਿੱਚ ਆਇਆ ਨੇਤਾ ਆਪਣੇ ਆਪ ਅਤੇ ਆਪਣੀ ਔਲਾਦ ਤੋਂ ਵੱਧ ਯੋਗ ਕਿਸੇ ਹੋਰ ਨੂੰ ਸਮਝਦਾ ਹੀ ਨਹੀਂ। ਨਵੇਂ ਚੁਣ ਕੇ ਗਏ ਮੈਂਬਰਾਂ ਨੂੰ ਪੁਰਾਣੇ ‘ਕਿਹੋ ਜਿਹਾ ਮੈਟੀਰੀਅਲ’ ਕਹਿ ਕੇ ਮਜ਼ਾਕ ਉਡਾਉਂਦੇ ਹਨ। ਆਪਣੇ ਆਪ ਨੂੰ ਅਤੇ ਕਵੱਲੀਆਂ ਕਰਨ ਵਾਲੇ ਆਪਣੇ ਲੱਲੂ ਫਰਜੰਦਾ ਨੂੰ ਹੀ ਤਜਰਬੇਕਾਰ ਦੱਸਦੇ ਹਨ। ਕੁਝ ਦਿਨ ਹੋਏ, ਕੁਰਸੀ ਲਈ ਹੱਥ-ਪੈਰ ਮਾਰ ਰਹੀ ਇੱਕ ਧਾਰਮਿਕ ਆਗੂ ਬੀਬੀ ਕਹਿ ਰਹੀ ਸੀ, “ਜਿਸ ਨੂੰ ਘਰ ਦਾ ਖਰਚ ਚਲਾਉਣਾ ਮੁਸ਼ਕਿਲ ਹੋਵੇ, ਉਸ ਨੂੰ ਚੋਣ ਨਹੀਂ ਲੜਨੀ ਚਾਹੀਦੀ।”
ਉਸ ਦਾ ਭਾਵ ਹੈ ਕਿ ਸੱਤਾ ’ਤੇ ਸਿਰਫ ਅਮੀਰਾਂ ਦਾ ਹੀ ਵਿਰਾਸਤੀ ਹੱਕ ਹੈ। ਕੁਰਸੀ ਦੀ ਕਹਾਣੀ ਕਰਕੇ ਹੀ ਪਾਣੀ ਪੀ ਪੀ ਕੇ ਕੋਸੇ ਲੀਡਰਾਂ ਮਗਰ ਤੁਰਦੇ ਜ਼ਮੀਰਾਂ ਵੇਚ ਕੇ ਉਨ੍ਹਾਂ ਦੀਆਂ ਪੂਛਾਂ ਬਣਨ ਲੱਗੇ ਨੇਤਾ ਵੋਟਰਾਂ ਦੀਆਂ ਭਾਵਨਾਵਾਂ ਦਾ ਖਿਆਲ ਵੀ ਨਹੀਂ ਰੱਖਦੇ। ਬੇਪੈਂਦੇ ਲੋਟੇ ਵਾਂਗ ਜਿੱਧਰ ਮਰਜ਼ੀ ਰਿੜ੍ਹ ਜਾਂਦੇ ਹਨ। ਗੁਆਂਢੀ ਸੂਬੇ ਦੇ ਇੱਕ ਨੌਜਵਾਨ ਨੇਤਾ ਵੱਲੋਂ ਕੁਰਸੀ ਖਾਤਰ ਛੱਡੀ ਪਾਰਟੀ ਵਿੱਚ ਦੁਬਾਰਾ ਉੱਚਾ ਰੁਤਬਾ ਹਾਸਿਲ ਕਰਕੇ ਗੱਠਜੋੜ ਦਾ ਹਿੱਸਾ ਬਣਨ ਦੀ ਵਧੀਆ ਮਿਸਾਲ ਹੋਰ ਕਿਹੜੀ ਹੋ ਸਕਦੀ ਹੈ। ਇਹ ਨੇਤਾ ਇਸ ਭੁਲੇਖੇ ਵਿੱਚ ਹਨ ਕਿ ਵੋਟਰ ਬੇਵਕੂਫ ਹਨ, ਜਿੱਧਰ ਉਹ ਜਾਣਗੇ, ਸਪੋਟਰ ਵੀ ਭੇਡਾਂ ਬਣ ਕੇ ਉਨ੍ਹਾਂ ਦੇ ਮਗਰ ਹੀ ਆਉਣਗੇ। ਇਹ ਭੁਲੇਖਾ ਨਵੀਂ ਲੁੱਕ ਲੈ ਕੇ ਪੰਜਾਬ ਪਰਤਿਆ ਇੱਕ ਦਿੱਗਜ਼ ਨੇਤਾ ਪਾਲ ਰਿਹਾ ਹੈ। ਪਰ ਨਹੀਂ, ਇਹ ਭੁਲੇਖਾ ਪਿਛਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਅਤੇ ਕੁਝ ਹੋਰ ਸੂਬਿਆਂ ਵਿੱਚ ਨਿਕਲ ਗਿਆ ਸੀ। ਵੋਟਰਾਂ ਨੇ ਦਿੱਗਜ਼ ਨੇਤਾਵਾਂ ਦੇ ਦਾਅਵਿਆਂ ਦੀ ਫੂਕ ਕੱਢ ਦਿੱਤੀ ਸੀ। ਬੇਸ਼ਕ ਜਲਦੀ ਹੀ ਇੱਕ ਜਿਮਨੀ ਚੋਣ ਵਿੱਚ ਉਮਰ ਦਰਾਜ਼ ਲੀਡਰ ਚੁਣ ਕੇ ਵੋਟਰਾਂ ਨੇ ਆਪਣੀ ਅਕਲ ਦਾ ਜਲੂਸ ਵੀ ਕੱਢ ਲਿਆ ਸੀ।
ਇੱਕ ਵੱਡੇ ਸੂਬੇ ਵਿੱਚ ਪਹਿਲਾਂ ਹੀ ਗੱਠਜੋੜ ਨਾਲ ਚੱਲ ਰਹੀ ਸਰਕਾਰ ਨੂੰ ਪੱਕੇ ਪੈਰੀਂ ਕਰਨ ਵਾਸਤੇ ਵਾਸ਼ਿੰਗ ਮਸ਼ੀਨ ਵਿੱਚ ਕਈਆਂ ਨੂੰ ਪਾਇਆ ਜਾ ਚੁੱਕਾ ਹੈ। ਇਹ ਵਾਸ਼ਿੰਗ ਮਸ਼ੀਨ ਵੀ ਕੁਝ ਸਮਾਂ ਪਹਿਲਾਂ ਵੋਟਰਾਂ ਨੇ ਬਣਾਈ ਸੀ ਤੇ ਇਸ ਵਿੱਚ ਧੁਪਣ ਵਾਲੇ ਵੀ ਵੋਟਰਾਂ ਨੇ ਹੀ ਚੁਣੇ ਸਨ। ਵੈਸੇ ਵੀ ਅੱਜ ਕੱਲ੍ਹ ਸਿਰੇ ਦੇ ਲਿੱਬੜੇ ਅਤੇ ਭ੍ਰਿਸ਼ਟ ਨੇਤਾਵਾਂ ਵਾਸਤੇ ਇਹ ਮਸ਼ੀਨ ਵਰਦਾਨ ਸਿੱਧ ਹੋ ਰਹੀ ਹੈ ਜਿਸ ਵਿੱਚ ਪੈ ਕੇ ਭ੍ਰਿਸ਼ਟਾਚਾਰੀ ਚਿੱਕੜ ਦੇ ਦਾਗ ਸਾਫ ਹੋ ਜਾਂਦੇ ਹਨ। ਅੱਜ ਵਕਤ ਆ ਗਿਆ ਹੈ ਕਿ ਜੋ ਕਾਨੂੰਨ ਨੇਤਾਵਾਂ ਵਾਸਤੇ ਨੇਤਾ ਨਹੀਂ ਬਣਾ ਸਕੇ ਉਹ ਕਾਨੂੰਨ ਵੋਟਰ ਬਣਾਉਣ ਦੀ ਤਾਕਤ ਰੱਖਦੇ ਹਨ। ਭਾਵ ਆਪਣੇ ਸੁਹਿਰਦ ਦਿਮਾਗ ਦਾ ਇਸਤੇਮਾਲ ਕਰਕੇ ਇਹਨਾਂ ਕੁਰਸੀ-ਖੋਰਿਆਂ ਨੂੰ ਆਪਣੀ ਇੱਕ ਵੋਟ ਨਾਲ ਕੁਰਸੀ ਤੋਂ ਦੂਰ ਰੱਖ ਸਕਦੇ ਹਨ। ਜ਼ਿਆਦਾ ਵੋਟਰ ਸੋਚਣ ਲੱਗ ਪਏ ਹਨ ਕਿ ਕੀ ਉਨ੍ਹਾਂ ਨੇ ਕਿਸੇ ਵੀ ਚੋਣ ਵਿੱਚ ਸੱਤਰ ਦੇ ਮੱਤਹੀਣ ਨੂੰ, ਅਵੇਰ ਸਵੇਰ ਅਗਲੇ ਜਹਾਨ ਜਾਣ ਵਾਲੇ ਨੂੰ, ਬੇਵਕੂਫ ਬਣਾ ਕੇ ਚੋਣ ਜਿੱਤਣ ਤੋਂ ਬਾਅਦ ਡੱਡੂ ਟਪੂਸੀ ਮਾਰਨ ਵਾਲੇ ਜਾਂ ਅਨਪੜ੍ਹ ਨੂੰ ਚੁਣਨਾ ਹੈ, ਜਿਹੜਾ ਵਾਸ਼ਿੰਗ ਮਸ਼ੀਨ ਵਿੱਚ ਧੁਪੇ ਨੇਤਾ ਵਾਂਗ ਦੁਬਾਰਾ ਜਿੱਤ ਕੇ ਦੋ ਉਂਗਲਾਂ ਖੜ੍ਹੀਆਂ ਕਰਕੇ ਮੁਸਕਰਾਉਂਦਾ ਹੋਇਆ ਹੋਇਆ ਕਹੇ, ‘ਦਾਗ ਅੱਛੇ ਹੈਂ।’
ਨਵੀਂ ਪੀੜ੍ਹੀ ਦਾ ਵੋਟਰ ਅੱਜ ਸਿਆਣਾ ਹੋ ਗਿਆ ਹੈ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4201)
(ਸਰੋਕਾਰ ਨਾਲ ਸੰਪਰਕ ਲਈ: (