HSDimple7ਧਰਮ ਦਾ ਮਸਲਾ ਨਾਜ਼ੁਕ ਹੁੰਦਾ ਹੈ। ਤੇਜਦੋਂ ਤੁਸੀਂ ਐਹੋ ਜਿਹੀ ਕਵਿਤਾ ਰਚੋਗੇਤਾਂ ਤੁਹਾਡੇ ਆਪਣੇ ਵੀ ਤੁਹਾਡੇ ਤੋਂ ...
(10 ਅਕਤੂਬਰ 2017)

 

ਹੁਣ ਸੁਰਜੀਤ ਗੱਗ ਨੇ “ਮੈਂ ਤੇ ਨਾਨਕ” ਕਵਿਤਾ ’ਤੇ ਉੱਠੇ ਵਿਵਾਦ ਦੀ ਰੌਸ਼ਨੀ ਵਿਚ ਆਪਣੇ ਵਿਚਾਰ ਪੇਸ਼ ਕਰ ਦਿੱਤੇ ਹਨ। ਤੱਤੇ ਘਾਅ ਉਸਦਾ ਬੋਲਣਾ ਬਣਦਾ ਵੀ ਨਹੀਂ ਸੀ। ਸਮੇਂ ਦਾ ਲੀੜਾ, ਦਿਲਾਂ-ਦਿਮਾਗਾਂ ’ਤੇ ਪਈ ਧੂੜ ਨੂੰ ਕਾਫ਼ੀ ਹੱਦ ਤੱਕ ਸਾਫ਼ ਕਰ ਦਿੰਦਾ ਹੈ, ਤਾਂ ਸੰਵਾਦ ਦਾ ਰਾਹ ਮੋਕਲਾ ਹੁੰਦਾ ਹੈ।

ਕਵਿਤਾ ਬਾਰੇ:

ਕਵਿਤਾ ਬਾਰੇ ਮੈਂ ਪਹਿਲਾਂ ਵੀ ਕਈ ਵਾਰ ਕਹਿ ਚੁੱਕਾ ਹਾਂ ਕਿ ਇਸ ਕਵਿਤਾ ਦੀ ਕਾਵਿ-ਬੋਲੀ ਨਹੀਂ। ਇਸ ਕਵਿਤਾ ਰਾਹੀਂ ਕਵੀ ਕਹਿਣਾ ਕੀ ਚਾਹੁੰਦਾ ਹੈ? ਕਈ ਥਾਂ ਤੇ ਜ਼ਰੂਰ ਥੋੜ੍ਹਾ ਕਾਵਿ-ਝਉਲਾ ਪੈਂਦਾ ਹੈ, ਪਰ ਮੋਟੇ ਰੂਪ ਵਿਚ ਇਹ ਸਿੱਧ-ਪੱਧਰੀ ਤੁਕਬੰਦੀ ਹੀ ਹੈ। ਕੀ ਇਸ ਵਿਚ ਅਜਿਹੇ ਬੋਲ ਨਹੀਂ ਹਨ, ਜਿਨ੍ਹਾਂ ਨਾਲ ਇਕ ਖਾਸ ਅਕੀਦੇ ਨੂੰ ਮੰਨਣ ਵਾਲਿਆਂ ’ਤੇ ਸਿੱਧੀ ਚੋਟ ਨਹੀਂ ਲਗਦੀ। ਤੇ, ਬਿਨਾਂ ਤਰਕ ਜਾਂ ਆਧਾਰ ਤੋਂ। ਗੁਰੂਆਂ ਬਾਰੇ ਸ਼ਿਵ, ਪ੍ਰੋ. ਮੋਹਨ ਸਿੰਘ, ਪਾਤਰ ਅਤੇ ਪਾਸ਼ ਨੇ ਵੀ ਲਿਖਿਆ ਹੈ, ਜੋ ਗੱਗ ਦੇ ਆਦਰਸ਼ ਨੇ। ਸ਼ਿਵ ਦੀ ਆਰਤੀ ਤੇ ਮੋਹਨ ਸਿੰਘ ਦੀ “ਆ ਦੇਖ ਬਾਬਾ ਵਤਨ ਤੇਰਾ ਵੀਰਾਨ ਹੋ ਗਿਆ” ਕਿਸ ਨੂੰ ਭੁੱਲੇ ਹਨ?

ਕੁੱਤਾ’ ਸ਼ਬਦ ਬੁੱਲ੍ਹੇ ਸ਼ਾਹ ਨੇ ਵੀ ਵਰਤਿਆ, ਪਰ ਆਪਣੇ ਲਈ। ਦੂਜੇ ਲਈ ਕੋਈ ਵੀ ਅਜਿਹਾ ਚਿੰਨ੍ਹ ਨਹੀਂ ਵਰਤਿਆ ਜਾਂਦਾ, ਜਿਸ ਨਾਲ ਦੂਜੇ ਦੇ ਮਨ ਵਿਚ ਕੁੜੱਤਣ ਆਵੇ। ਲਕਸ਼ਣਾ ਅਤੇ ਵਿਅੰਜਣਾ ਸ਼ਕਤੀ ਦੇ ਵਰਤਣ ਦਾ ਵੀ ਇਕ ਵੱਖਰਾ ਸੋਹਜ ਹੁੰਦਾ ਹੈ। ਇਸ ਕਵਿਤਾ ਵਿਚ ਉਹ ਸੋਹਜ ਜਿੱਥੇ ਜਿੱਥੇ ਖਤਮ ਹੁੰਦਾ ਹੈ, ਉਹੀ ਕਾਵਿ-ਸਤਰਾਂ ਪਾਠਕ ਨੂੰ ਝੰਜੋੜਣ ਦੀ ਥਾਂ ਤੰਗ ਕਰਦੀਆਂ ਹਨ। ਕਵਿਤਾ ਨੇ ਨਾ ਕਹਿ ਕੇ ਵੀ ਬਹੁਤ ਕੁਝ ਕਹਿਣਾ ਹੁੰਦਾ ਹੈ।

ਪ੍ਰੋ. ਮੋਹਨ ਸਿੰਘ ਦੀ ਕਵਿਤਾ “ਰੱਬ ਇਕ ਗੁੰਝਲਦਾਰ ਬੁਝਾਰਤ” ਤੋਂ ਵੱਡਾ ਨਾਸਤਿਕਤਾ ਦਾ ਮੈਨੀਫੈਸਟੋ ਕੋਈ ਹੋ ਸਕਦਾ ਹੈ? ਸਿੱਧੀ-ਪੱਧਰੀ, ਬੇਬਾਕ ਕਵਿਤਾ ਹੋਣ ਦੇ ਬਾਵਜੂਦ, ਇਹ ਕਵਿਤਾ ਕਿਸੇ ਦਾ ਦਿਲ ਨਹੀਂ ਦੁਖਾਉਂਦੀ। ਤਰਕ ਦੇ ਨਾਲ ਤੁਰਦਿਆਂ ਸੋਹਜ ਦਾ ਪੱਲਾ ਛੱਡੋਗੇ, ਤਾਂ ਕਵਿਤਾ ਮਨਫ਼ੀ ਹੋਵੇਗੀ - ਇਹ ਤਾਂ ਸਿੱਧਾ-ਪੱਧਰਾ ਨਿਯਮ ਹੈ, ਜਿਸ ਨੂੰ ਜਾਣਨ ਲਈ ਕਿਸੇ ਕਾਵਿ-ਸ਼ਾਸ਼ਤਰ ਜਾਂ ਕਾਵਿ-ਆਲੋਚਕ ਦੀ ਸ਼ਰਣ ਲੈਣ ਦੀ ਲੋੜ ਨਹੀਂ।

ਬਿਆਨ ਬਾਰੇ:

ਬਿਆਨ ਪੜ੍ਹ ਕੇ ਪਤਾ ਲਗਦਾ ਹੈ ਕਿ ਗੱਗ ਚਿੰਤਾ ਅਤੇ ਚਿੰਤਨ ਕਰਨ ਵਾਲਾ ਇਨਸਾਨ ਹੈ। ਇਨ੍ਹਾਂ ਦੋਹਾਂ ਦੇ ਪੱਧਰ ਦੀ ਗੱਲ ਵੱਖਰੀ ਹੈ। ਘੱਟੋ-ਘੱਟ ਬੰਦਾ ਕਿਸੇ ਪਿੱਛੇ ਨਾ ਲੱਗਣ ਵਾਲਾ ਹੋਵੇ, ਇਹ ਇਕ ਮਾਨਵੀ ਪ੍ਰਾਪਤੀ ਹੈ। ਮਾਨਵੀ ਹੋਂਦ ਦਾ ਹੁਸਨ ਇਸ ਕੌੜੇ ਸੱਚ ਵਿਚ ਛੁਪਿਆ ਹੈ। ਧਰਮ, ਰਾਜਨੀਤੀ, ਨੈਤਿਕਤਾ ਅਤੇ ਸਮਾਜ ਸਾਡੀ ਸੁਤੰਤਰ ਹੋਂਦ ਨੂੰ ਖਤਮ ਨਹੀਂ ਕਰਦੇ, ਤਾਂ ਸੀਮਤ ਜ਼ਰੂਰ ਕਰਦੇ ਹਨ, ਭਾਵੇਂ ਇਨ੍ਹਾਂ ਦਾ ਟੀਚਾ ਆਜ਼ਾਦ ਵਿਚਾਰਧਾਰਾ ਅਤੇ ਵਜੂਦ ਦੀ ਸਮਾਪਤੀ ਹੁੰਦਾ ਹੈ। ਉੱਪਰੋਂ ਜੋ ਮਰਜ਼ੀ ਕਹੀ ਜਾਣ, ਪਰ ਸੱਚ ਤੁਸੀਂ ਵੀ ਜਾਣਦੇ ਹੋ ਤੇ ਇਹ ਕਲਮ-ਝਰੀਟ ਵੀ।

ਖ਼ੈਰ! ਗੱਗ ਨੇ “ਤੁਹਾਡੇ” ਹੱਕ, ਮਰਜ਼ੀ, ਵਿਦਵਤਾ ਦੀ ਨਿਸ਼ਾਨੀ, ਜਗਿਆਸਾ, ਸਮਝਦਾਰੀ, ਨਾਸਮਝੀ ਅਤੇ ਮੂਰਖਤਾ ਨੂੰ ਪਰਿਭਾਸ਼ਤ ਕੀਤਾ ਹੈ। ਇਹ ਵਿਸ਼ਾ ਕੋਈ ਵਧੇਰੇ ਵਿਚਾਰ ਦਾ ਮੁਥਾਜ ਨਹੀਂ। ਸਧਾਰਣ ਗੱਲਾਂ, ਸੋਹਣੀ ਸ਼ੈਲੀ ਵਿਚ! ਕਵਿਤਾ ਬਾਰੇ ਦੁਹਰਾਉਂਦਾ ਹਾਂ ਕਿ ਚਰਚਾ-ਅਧੀਨ ਕਵਿਤਾ ਦੇ ਵਿਸ਼ੇ ਅਤੇ ਵਿਸਤਾਰ ਨਾਲ ਮੇਰੀ ਨਿੱਜੀ ਅਸਹਿਮਤੀ ਹੈ, ਪਰ ਧਰਮ ਤਾਂ ਅੰਦਰ ਦੀ ਗੱਲ ਕਰਦੈ। ਜੇ ਅੰਦਰ ਕੂੜ ਹੋਵੇ, ਤੇ ਬਾਹਰ ਧਾਰਮਿਕ ਆਡੰਬਰ ਹੋਵੇ, ਤਾਂ ਉਸ ਨਾਲੋਂ ਤਾਂ ਅੰਦਰ ਦੀ “ਗੰਦਗੀ” ਬਾਹਰ ਕੱਢੀ ਚੰਗੀ, ਜੇ ਇਸ ਕਵਿਤਾ ਨੂੰ ਆਧਾਰ ਬਣਾ ਕੇ ਗੱਗ ਦੁਆਲੇ ਹੋਏ ਵੀਰਾਂ ਦੀ ਭਾਸ਼ਾ ਹੀ ਵਰਤ ਲਈਏ। ਨਹੀਂ ਤਾਂ ਸੱਚ ਸਾਹਮਣੇ ਲਿਆਉਣ ਦਾ ਕੰਮ ਕਦੇ ਕੋਰਟ ਅਤੇ ਕਦੇ ਕੈਮਰੇ ਨੂੰ ਕਰਨਾ ਪੈਂਦਾ ਹੈ।

ਗੱਗ ਦੀਆਂ ਗੱਲਾਂ:

“ਦਸ ਰੁਪਏ ਚੋਰੀ ਵਾਲਾ ਚੋਰ ਅਤੇ ਦਸ ਕਰੋੜ ਦੀ ਠਿੱਬੀ ਲਾਉਣ ਵਾਲੇ ਸਾਧ” ਵਾਲਾ ਮੁਹਾਵਰਾ ਵੀ ਹੁਣ ਅਰਥਹੀਣ ਹੋ ਗਿਆ ਹੈ, ਕਿਉਂਕਿ ਹੁਣ ਤਾਂ “ਦਸ ਕਰੋੜੀ” ਤੇ ਕਈ ਵਾਰ “ਲੱਖ-ਕਰੋੜੀ” ਵੀ ਕਟਿਹਰੇ ਵਿਚ ਹੱਥ ਜੋੜ ਕੇ ਖੜ੍ਹਾ ਦਿੰਦਾ ਹੈ ਕੋਈ। “ਕੋਈ” ਦੇ ਅਰਥ ਵੱਖਰੀ ਬਹਿਸ ਦਾ ਵਿਸ਼ਾ ਹਨ, ਅਤੇ “ਲੱਖ-ਕਰੋੜੀ” ਤੇ “ਕੋਈ” ਭਾਰੀ ਹੋਣ ਦੇ ਕਾਰਣ ਵੀ ਵੱਖਰੀ ਬਹਿਸ ਦਾ ਵਿਸ਼ਾ ਹਨ। ਕਈ ਵਾਰ ਪੈਸੇ ਤੇ ਤਾਕਤ ਅਤੇ ਤਾਕਤ ਤੇ ਰਣਨੀਤੀ ਅਤੇ ਰਣਨੀਤੀ ਤੇ “ਕੁਝ ਹੋਰ” ਭਾਰੀ ਹੋ ਜਾਂਦਾ। ਇਹ “ਕੁਝ ਹੋਰ” ਵੀ ਉਹ ਨਹੀਂ, ਜੋ ਤੁਸੀਂ ਸਮਝੀ ਬੈਠੇ ਹੋ। ਜੜ੍ਹਾਂ ਬਹੁਤ ਡੂੰਘੀਆਂ ਹਨ, ਜ਼ਰਾ ਰੌਕਚਾਈਲਡ ਨੂੰ ਸਮਝਣ ਦੀ ਕੋਸ਼ਿਸ਼ ਕਰੀਓ। ਬੰਦਾ ਤਾਂ ਵਿਚਾਰਾ “ਰੱਬ ਦੀ ਰਜ਼ਾ” ਵਿਚ ਰਹਿੰਦਾ ਤੇ ਜਾਂ ਉਸ ਨੂੰ ਉਡੀਕਦਾ ਰਹਿੰਦਾ! ਤੇ, ਕਈ ਵਾਰ ਇਸ ਭੁਲੇਖੇ ਵਿਚ ਹੁੰਦਾ, ਬਈ ਰੱਬ ਨੇ ਦਿਖਾ ਤਾ ਜਾਦੂ।

ਗੱਗ ਨਾਲ ਸਹਿਮਤੀ:

ਗੱਗ ਦੀ ਇਸ ਗੱਲ ਨਾਲ ਕੌਣ ਅਸਹਿਮਤ ਹੋ ਸਕਦੈ ਕਿ ਇਸ ਕਵਿਤਾ ਦੇ ਵਧੇਰੇ ਆਲੋਚਕਾਂ ਨੇ ਤਾਂ ਸ਼ਾਇਦ ਕਵਿਤਾ ਵੀ ਨਹੀਂ ਪੜ੍ਹੀ ਹੋਣੀ। ਉਨ੍ਹਾਂ ਦਾ ਕਾਵਿ ਨਾਲ ਕੋਈ ਲੈਣਾ ਦੇਣਾ ਨਹੀਂ। ਉਨ੍ਹਾਂ ਨੇ ਤਾਂ ਰੋਟੀਆਂ ਸੇਕਣੀਆਂ ਨੇ। ਚੁੱਲ੍ਹੇ ਵਿਚ ਜੋ ਮਰਜ਼ੀ ਸੜੀ ਜਾਵੇ ...। ਵਿਕਾਊ ਕਵਿਤਾ ਨਾਲੋਂ ਬਾਗੀ ਕਵਿਤਾ ਸੌ ਗੁਣਾ ਚੰਗੀ ਹੁੰਦੀ ਹੈ, ਭਾਵੇਂ ਇਸ ਕਵਿਤਾ ਨੂੰ ਮੈਂ ਬਾਗੀ ਦੀ ਸ਼੍ਰੇਣੀ ਵਿਚ ਨਹੀਂ ਰੱਖਦਾ। ਫੇਰ ਵੀ ਗੱਗ ਨਾਲ ਸੰਵਾਦ ਕਰੋ, ਵਿਵਾਦ ਨਹੀਂ।

ਦਾਗ ਦਹਿਲਵੀ ਬਨਾਮ ਮਿਰਜ਼ਾ ਗਾਲਿਬ:

ਗੱਗ ਨੇ ਨਿਮਨਲਿਖਤ ਸ਼ੇਅਰ ਦੀ ਮਿਸਾਲ ਦਿੱਤੀ ਹੈ-

ਜ਼ਾਹਿਦ ਸ਼ਰਾਬ ਪੀਨੇ ਦੇ ਮਸਜਿਦ ਮੇਂ ਬੈਠ ਕਰ,
ਯਾ ਵੋਹ ਜਗ੍ਹਾ ਬਤਾ ਦੇ, ਜਹਾਂ ਖੁਦਾ ਨਹੀਂ।

(ਮਿਰਜ਼ਾ ਗਾਲਿਬ)

ਗੱਗ ਸਾਹਿਬ, ਤੁਸੀਂ ਦਾਗ਼ ਦਹਿਲਵੀ (ਗਾਲਿਬ ਨਹੀਂ) ਦੇ ਇਸ ਸ਼ੇਅਰ ਵਿਚ ਸਲੀਕਾ ਦੇਖੋ, ਤਰਕ ਦੇਖੋ, ਸੋਹਜ ਦੇਖੋ। ਤੁਹਾਡੀ ਕਵਿਤਾ ਦੇ “ਦਾਰੂ” ਵਾਲੇ ਬੰਦ ਵਿਚ ਤਿੰਨੇ ਭਾਵ ਗੈਰ-ਮੌਜੂਦ ਨੇ। ਪ੍ਰਤੀਕ ਕਿਵੇਂ ਵਰਤੀਦਾ ਹੈ, ਇਹ ਤੁਸੀਂ ਬੇਹਤਰ ਜਾਣਦੇ ਹੋ। ਤੁਹਾਡੀਆਂ ਕਵਿਤਾਵਾਂ ਵਿਚ ਐਨੇ ਖੂਬਸੂਰਤ ਪ੍ਰਤੀਕ ਨੇ, ਬਿੰਬ ਨੇ, ਚਿੰਨ੍ਹ ਨੇ, ਅਲੰਕਾਰ ਨੇ, ਰਸ ਹੈ। ਇੱਥੇ ਖੌਰੇ ਤੁਸੀਂ ਕਿਵੇਂ ਟਪਲਾ ਖਾ ਗਏ। ਯੁਗ ਪੁਰਸ਼ ਗੁਰੂ ਨਾਨਕ ਦੇਵ ਜੀ ਨਾਲ ਤੁਹਾਡੀ ਆਪਣੀ ਤੁਲਨਾ ਕਰਨ ਦੀ ਇੱਛਾ ਨਾ ਹੋਣ ਦੇ ਬਾਵਜੂਦ, ਕਵਿਤਾ ਇਹ ਭੁਲੇਖਾ ਕਿਉਂ ਸਿਰਜਦੀ ਹੈ? ਉਹ ਵੀ ਸਿੱਧਾ-ਸਪਾਟ। ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਨੇ ਚਿੜੀਆਂ, ਬਾਜ਼ਾਂ, ਸ਼ੇਰਾਂ ਅਤੇ ਗਿੱਦੜਾਂ ਦੇ ਹੀ ਨਹੀਂ, ਹੋਰ ਵੀ ਅਨੇਕ ਪ੍ਰਤੀਕ ਵਰਤੇ ਹਨ। ਚਿੜੀ ਭੋਲੀ ਅਤੇ ਕਮਜ਼ੋਰ ਹੁੰਦੀ ਹੈ, ਅਤੇ ਬਾਜ਼ ਅਣਖੀ ਹੁੰਦਾ ਹੈ ਜਦੋਂ ਕਿ ਸ਼ੇਰ ਬਹਾਦੁਰ ਹੁੰਦਾ ਹੈ। ਗਿੱਦੜ ਨਾਲ ਸਿਰਫ਼ ਕਾਇਰਤਾ ਜੁੜੀ ਹੈ। ਇਸ ਲਈ ਕਾਵਿ ਵਿਚ ਪਹਿਲੇ ਤਿੰਨ ਪ੍ਰਤੀਕ ਤਾਂ ਹਾਜ਼ਰ ਹਨ, ਪਰ “ਗਿੱਦੜ” ਨਾਲ ਸਿੱਧੀ ਉਪਮਾ ਦੀ ਅਣਹੋਂਦ ਹੈ। ਕੁੱਤੇ ਨਾਲ ਤਾਂ ਅਸੰਭਵ ਹੀ ਹੈ। ਇਸ ਦਾ ਕਾਰਣ ਇਹ ਹੈ ਕਿ ਹਰ ਵਿਅੰਜਨਾ ਨਾਲ ਲਕਸ਼ਨਾ ਜੁੜੀ ਹੁੰਦੀ ਹੈ। ਪਹਿਲਾਂ ਲਕਸ਼ਨਾ ਹੈ, ਫਿਰ ਵਿਅੰਜਨਾ ਹੈ। ਸ਼ਬਦ ਨੂੰ ਭੁੱਲ ਕੇ ਰੂਪਕੀ ਅਰਥ ਨਾਲ ਜੁੜਨਾ ਕਾਵਿਕ-ਭੁੱਲ ਹੈ। ਇਹ ਗੱਲ ਅਰਸਤੂ ਨੇ ਕਾਵਿ-ਸ਼ਾਸਤਰ ਵਿਚ 15 ਸਦੀਆਂ ਪਹਿਲਾਂ ਲਿਖੀ ਸੀ। ਤੇ, ਇਹ ਹੈ ਵੀ ਸੋਲਾਂ ਆਨੇ ਸੱਚ। ਕਿਸੇ ਨੂੰ ਸ਼ੇਰਾ ਕਹਿ ਕੇ ਬੁਲਾਓਗੇ, ਤਾਂ ਉਹ ਤੁਹਾਨੂੰ ਦੁੱਧ ਪਿਆਵੇਗਾ, ਪਰ ਜੇ ਕੁੱਤਾ ਕਹਿ ਕੇ ਬੁਲਾਵੋਗੇ, ਤਾਂ ਕੀ ਕਰੇਗਾ, ਦੱਸਣ ਦੀ ਲੋੜ ਨਹੀਂ। ਗੁਰੂ ਨਾਨਕ ਤਾਂ ਫਿਰ ਉਹ ਪੈਗੰਬਰ ਨੇ, ਜਿਨ੍ਹਾਂ ਦੇ ਨਾਂ ਤੇ “ਪੰਜਾਬ ਜੀਂਦਾ ਹੈ।” ਪ੍ਰੋ. ਪੂਰਨ ਸਿੰਘ ਨੇ ਕਿਹਾ ਹੈ, ਤੁਹਾਡੇ ਖਾਦਿਮ ਨੇ ਨਹੀਂ। ਤਾਰਿਆਂ ਨਾਲ ਗੱਲਾਂ ਕਰਨ ਦੀ ਕਾਵਿ-ਉਡਾਰੀ ਹੋਰ ਗੱਲ ਹੈ, ਪਰ ਕਿਸੇ ਪੈਗੰਬਰ ਨਾਲ ਬੈਠ ਕੇ ਦਾਰੂ ਪੀਣ ਦੀ ਗੱਲ ਬਿਲਕੁਲ ਉਲਟ ਗੱਲ ਹੈ, ਖਾਸ ਕਰਕੇ ਤਦ ਜਦੋਂ ਉਹ ਧਰਮ ਦੀ ਬੁਨਿਆਦ ਹੀ ਨਸ਼ਿਆਂ ਦੇ ਸੇਵਨ ਕਰਨ ਵਾਲੇ ਤੋਂ ਵੀ ਸੌ ਕੋਹ ਦੂਰ ਰਹਿਣ ਦੇ ਪ੍ਰਵਚਨ ਤੇ ਖੜ੍ਹੀ ਹੋਵੇ। ਟਿੰਡ ਕਢਾਉਣ ਦੀ ਗੱਲ ਉਸ ਧਰਮ ਦੇ ਬਾਨੀ ਬਾਰੇ ਕਹਿ ਰਹੇ ਹੋ, ਜਿਸ ਦਾ ਆਧਾਰ ਹੀ ਕੇਸਾਧਾਰੀ ਹੋਵੇ। ਤੁਸੀਂ ਚੋਟ ਉਸ ਨਾਜ਼ੁਕ ਥਾਂ ’ਤੇ ਕੀਤੀ, ਜਿੱਥੋਂ ਸਭ ਤੋਂ ਵੱਧ ਅਸਰ ਹੋਣ ਦੀ ਉਮੀਦ ਸੀ, ਤੇ ਹੋਇਆ ਵੀ ਇਹ।

ਥੋੜ੍ਹਾ ਸੰਭਲ ਕੇ, ਗੱਗ ਸਾਹਿਬ, ਧਰਮ ਦਾ ਮਸਲਾ ਨਾਜ਼ੁਕ ਹੁੰਦਾ ਹੈ। ਤੇ, ਜਦੋਂ ਤੁਸੀਂ ਐਹੋ ਜਿਹੀ ਕਵਿਤਾ ਰਚੋਗੇ, ਤਾਂ ਤੁਹਾਡੇ ਆਪਣੇ ਵੀ ਤੁਹਾਡੇ ਤੋਂ ਦੂਰ ਹੋ ਸਕਦੇ ਨੇ। ਆਪਣਿਆਂ ਨੇ ਹੀ ਸਮਝਾਉਣਾ ਹੁੰਦਾ। ਦੂਜੇ ਜਾਂ ਦੁਸ਼ਮਣ ਤਾਂ ਦੂਰ ਖੜ੍ਹ ਕੇ ਤਮਾਸ਼ਾ ਦੇਖਦੇ ਹੁੰਦੇ ਆ।

ਸਿੱਖ ਵੀਰ ਵੀ ਆਪਣੇ ਆ, ਕਾਮਰੇਡ ਵੀ। ਤੁਸੀਂ ਤਾਂ ਸ਼ਾਇਦ ਇਨ੍ਹਾਂ ਦੋਹਾਂ ਵਿੱਚੋਂ ਕੋਈ ਨਹੀਂ। ਐਵੇਂ ਊਜਾਂ ਲਗਾਈ ਜਾਂਦੇ ਨੇ ਤੁਹਾਡੇ ’ਤੇ ਕਾਮਰੇਡੀ ਦੀਆਂ। ਕਿ ਹੈ ਕੁਝ ਲੈਣਾ-ਦੇਣਾ ਤੁਹਾਡੇ ਖੱਬੇ-ਪੱਖੀਆਂ ਨਾਲ। ਕੀ ਹਰ ਤਰਕਸ਼ੀਲ ਜਾਂ ਨਾਸਤਿਕ ਕਮਿਊਨਿਸਟ ਹੁੰਦਾ? ਵੈਸੇ ਹਰ ਨਾਸਤਿਕ ਤਰਕਸ਼ੀਲ ਨੀ ਹੁੰਦਾ, ਤੇ ਨਾ ਹੀ ਹਰ ਤਰਕਸ਼ੀਲ, ਨਾਸਤਿਕ ਹੁੰਦਾ। ਵੈਸੇ, ਗੁਰੂ ਨਾਨਕ ਦੇਵ ਜੀ ਵੀ ਤਰਕਸ਼ੀਲ ਸਨ।

ਪੋਸਟ ਸਕਰਿਪਟ:

ਵੈਸੇ, ਜਿਹੜੇ ਲੋਕ ਇਹ ਇਲਜ਼ਾਮ ਲਗਾ ਰਹੇ ਹਨ, ਕਿ ਉਹ ਕਿਸੇ ਧਿਰ ਲਈ ਜਾਂ ਸਵੈ-ਮਨੋਰਥ ਲਈ ਕੰਮ ਕਰ ਰਿਹਾ ਹੈ, ਜਾਂ ਕਿਸੇ ਦਾ ਪ੍ਰਚਾਰ ਕਰ ਰਿਹੈ, ਉਹ ਖੁਦ ਜਾਣਦੇ ਨੇ, ਕਿ ਉਨ੍ਹਾਂ ਦਾ ਇਹ ਦੋਸ਼ ਕਿੰਨਾ ਥੋਥਲਾ ਹੈ। ਰਹੀ ਗੱਲ ਕਵਿਤਾ ਦੀ, ਜੋ ਗੱਗ ਨੇ ਲਿਖੀ ਹੈ। ਕਈ ਵਾਰੀ ਤੇਜ਼ੀ ਵਿਚ ਉਹ ਕੁਝ ਕਿਹਾ ਜਾਂਦਾ, ਜੋ ਤੁਸੀਂ ਕਹਿਣਾ ਨਹੀਂ ਚਾਹੁੰਦੇ। ਸੋਸ਼ਲ ਮੀਡੀਆ ਦਾ ਇਹ ਮਾੜਾ ਪੱਖ ਵੀ ਹੈ ਕਿ ਬੰਦਾ ਕੁਝ ਲਿਖਦਾ ਤੇ ਹੋਰਾਂ ਨੂੰ ਪੜ੍ਹਾਏ ਬਿਨਾਂ, ਸਲਾਹ ਲਏ ਬਿਨਾਂ, ਸੰਪਾਦਕ ਦੀ ਨਜ਼ਰ ਤੋਂ ਕੱਢੇ ਬਿਨਾਂ ਨੈੱਟ ’ਤੇ ਪਾ ਦਿੰਦਾ ਹੈ, ਤੇ ਮਿੰਟਾਂ-ਸਕਿੰਟਾਂ ਵਿਚ ਤੁਹਾਡੇ ਦਿਲ ਦੀ ਗੱਲ, ਜੋ ਭਾਵੇਂ ਤੁਹਾਡੇ ਤੋਂ ਅਚਾਨਕ ਲਿਖੀ ਗਈ ਹੋਵੇ, ਜਨਤਕ ਹੋ ਜਾਂਦੀ ਹੈ। ਫਿਰ, ਥੁੱਕ ਕੇ ਚੱਟਣਾ ਮੁਸ਼ਕਲ ਹੋ ਜਾਂਦਾ ਹੈ। ਬੱਸ, ਸਵੈ ਨੂੰ ਸਹੀ ਸਾਬਤ ਕਰੀ ਜਾਵੋ। ਵੈਸੇ, ਜੇ ਕਿਸੇ ਤੋਂ ਇਕ ਅੱਧ ਰਚਨਾ ਇੰਜ ਪੈ ਜਾਵੇ ਤਾਂ ਦੋਸ਼ ਨਾ ਦੇਵੋ। ਬੰਦਾ ਗ਼ਲਤੀ ਦਾ ਪੁਤਲਾ ਹੁੰਦਾ। ਉਸਦੇ ਮਨੋਰਥ ਅਤੇ ਸਮੁੱਚੀ ਰਚਨਾ ਨੂੰ ਹੀ ਵਿਵਾਦ ਦਾ ਵਿਸ਼ਾ, ਜਾਂ ਘੱਟੋ-ਘੱਟ ਅਜਿਹੇ ਦੋਸ਼ਾਂ ਦਾ ਵਿਸ਼ਾ ਬਣਾਇਆ ਜਾਵੇ। ਇਹ ਮੇਰੀ ਤੁੱਛ ਜਿਹੀ ਸਲਾਹ ਹੈ। ਬਾਕੀ ਗੱਗ ਦੀ “ਬਾਕੀ ਕਵਿਤਾ" ਵਿਚ ਵੀ, ਤੇ ਨਸਰ ਵਿਚ ਵੀ, ਜਾਨ ਹੈ। ਇਹ ਉਸਦੇ ਵਿਰੋਧੀ ਵੀ ਮੰਨਣਗੇ। ਉਸਦੇ ਹੱਕ ਵਿਚ ਜਾਂ ਵਿਰੋਧ ਵਿਚ ਖੜ੍ਹ ਸਕਦੇ ਹੋ, ਪਰ ਉਸਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ।

ਦੋਸਤੋ! ਵਿਵਾਦ ਨਾ ਕਰੋ, ਸੰਵਾਦ ਕਰੋ। ਸਲੀਕੇ ਨਾਲ। ਵਿਰੋਧ ਵਿੱਚੋਂ ਹੀ ਵਿਚਾਰ ਨਿਕਲਦੇ ਹਨ। ਸਿਰਜਣਾਤਮਕ ਤੇ ਮੌਲਿਕ। ਚੰਗਿਆੜੇ ਟਕਰਾ ਨਾਲ ਹੀ ਨਿਕਲਦੇ ਹਨ। ਪਰ ਟਕਰਾ ਐਨਾ ਵੀ ਨਾ ਹੋਵੇ, ਕਿ ਪੱਥਰ ਚੂਰ-ਚੂਰ ਹੀ ਹੋ ਜਾਣ।

ਥੋੜ੍ਹਾ ਧਿਆਨ ਨਾਲ! ਇਹ ਸਲਾਹ ਦੋਹਾਂ ਧਿਰਾਂ ਨੂੰ ਹੈ।

ਦੂਜੀ ਪੋਸਟ ਸਕਰਿਪਟ:

ਜਿਨ੍ਹਾਂ ਨੂੰ ਗੱਗ ਦੀ ਸਾਹਿਤਕ ਪ੍ਰਤਿਭਾ ਤੇ ਸ਼ੱਕ ਹੈ, ਜਾਂ ਉਹ ਸਰਕਾਰੀ ਬੰਦਾ ਲੱਗਦਾ ਹੈ, ਜਾਂ ਸੰਵੇਦਨਸ਼ੀਲ ਲੱਗਦਾ, ਉਹ ਇਕ ਲੜਕੀ ਦੇ ਔਰਬਿੱਟ ਬੱਸ ਤੋਂ ਹੇਠਾਂ ਸੁੱਟੇ ਜਾਣ ’ਤੇ ਲਿਖੀ ਗੱਗ ਦੀ ਕਵਿਤਾ ਪੜ੍ਹ ਲੈਣ, ਤੇ ਦੇਖ ਲੈਣ ਕਿ ਜਦੋਂ ਅਸੀਂ ਸਾਰੇ ਖਾਮੋਸ਼ ਡਰੇ ਬੈਠੇ ਸਾਂ, ਇਹ ਬੰਦਾ ਨੰਗੇ ਧੜ ਉਨ੍ਹਾਂ ਧੀਆਂ-ਭੈਣਾਂ-ਮਾਵਾਂ ਦੇ ਹੱਕ ਵਿਚ ਖੜ੍ਹਿਆ, ਲੜਿਆ ਅਤੇ ਸਥਾਪਤੀ ਨੂੰ ਉਸਨੇ ਵੰਗਾਰਿਆ। ਤੇ ਉਸ ਕਵਿਤਾ ਵਿਚ ਸੰਵੇਦਨਸ਼ੀਲਤਾ ਵੀ ਹੈ, ਕਲਾਤਮਿਕਤਾ ਵੀ। ਕੀ ਮੈਂ ਗ਼ਲਤ ਹਾਂ?

ਕੀ ਖ਼ਿਆਲ ਹੈ ਤੁਹਾਡਾ ਉਪਰੋਕਤ ਖ਼ਿਆਲ-ਉਡਾਰੀ ਬਾਰੇ?

*****

(858)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰੋ. ਐੱਚ ਐੱਸ ਡਿੰਪਲ

ਪ੍ਰੋ. ਐੱਚ ਐੱਸ ਡਿੰਪਲ

Prof. H S Dimple PCS (A).
Jagraon, Ludhiana, Punjab, India.
Phone: (91- 98885 - 69669)
Email: (sendthematter@gmail.com)