HSDimple7ਉਹ ਇੱਕੋ ਸਮੇਂ ਸੂਖਮ ਵੀ ਹੈਵਿਸ਼ਾਲ ਵੀ। ਉਹ ਜੇਕਰ ਬਾਹਰੋਂ ਤੇਜ਼-ਤਰਾਰ ਹੈਤਾਂ ਅੰਦਰੋਂ ...
(13 ਮਈ 2018)

 

KanwaljitKhannaA2ਉਹ ਸਟੇਜ ਦਾ ਧਨੀ ਹੈ, ਜਨ-ਮੁਹਿੰਮਾਂ ਦਾ ਨਾਇਕ ਹੈ, ਮਾਨਵਤਾ ਦਾ ਪ੍ਰਤੀਨਿਧ ਹੈ। ਕਿਤਾਬਾਂ ਦਾ ਆਸ਼ਕ, ਸੰਘਰਸ਼ਾਂ ਦਾ ਹਾਣੀ ਅਤੇ ਖੱਬੇ-ਪੱਖੀ ਸੋਚ ਦਾ ਹਾਮੀ। ਉਸਦੇ ਵਿਚਾਰ ਸਪਸ਼ਟ ਹਨ। ਉਸਦੀ ਰਹਿਣੀ-ਸਹਿਣੀ ਸੰਜਮੀ ਹੈ। ਸਾਦਗੀ ਉਸਦੀ ਪਹਿਚਾਣ ਹੈ। ਉਹ ਦੱਬੇ-ਕੁਚਲੇ ਵਰਗ ਦਾ ਰਾਖਾ ਹੈ। ਉਸ ਬਾਰੇ ਲਿਖਦਿਆਂ ਸ਼ਬਦ ਮੁੱਕ ਸਕਦੇ ਹਨ, ਪਰ ਉਸਦੇ ਵਿਅਕਤੀਤਵ ਦੀ ਸੰਪੂਰਨ ਤਸਵੀਰ ਖਿੱਚਣੀ ਮੁਸ਼ਕਿਲ ਹੀ ਨਹੀਂ, ਨਾਮੁਮਕਿਨ ਹੈ। ਉਹ ਇਕ ਵੱਡਾ ਰੁੱਖ ਹੈ, ਇਕ ਵਿਸ਼ਾਲ ਇਮਾਰਤ ਹੈ, ਇਕ ਆਸਮਾਨ-ਛੋਂਹਦਾ ਪਰਬਤ ਹੈ। ਉਸ ਬਾਰੇ ਹਰ ਲਿਖਤ ਅਧੂਰੀ ਹੈ। ਉਸ ਬਾਰੇ ਜੋ ਲਿਖੇਗਾ, ਬੋਲੇਗਾ, ਦੱਸੇਗਾ, ਉਹ ਉਸਦੇ ਜੀਵਨ ਤੇ ਕਾਰਗੁਜ਼ਾਰੀ ਦੇ ਕਿਸੇ ਇਕ ਜਾਂ ਕੁਝ ਕੁ ਪੱਖਾਂ ਬਾਰੇ ਹੀ ਨਸ਼ਰ ਕਰੇਗਾ। ਉਸਨੂੰ ਉਸਦੇ ਸੰਪੂਰਨ ਰੂਪ ਵਿਚ ਪੇਸ਼ ਕਰਨਾ ਕਿਸੇ ਇਕ ਇਨਸਾਨ ਦਾ ਕੰਮ ਨਹੀਂ। ਹਾਰੀ-ਸਾਰੀ ਦਾ ਤਾਂ ਜ਼ਰਾ ਵੀ ਨਹੀਂ। ਉਹ ਇਕ ਇਨਸਾਨ ਨਹੀਂ, ਸੰਸਥਾ ਹੈ। ਉਹ ਜਗਰਾਵਾਂ ਦਾ ਮਹਾਂ-ਮਾਨਵ ਹੈ।

ਗਰੀਬ, ਕਿਰਤੀ, ਲਾਚਾਰ ਅਤੇ ਮਿਹਨਤੀ ਦੀ ਉਂਗਲੀ ਫੜ ਕੇ ਉਸਨੂੰ ਉਸਦੀ ਮੰਜ਼ਿਲ, ਉਸਦੇ ਅੰਜ਼ਾਮ ਤੱਕ ਪਹੁੰਚਾਉਣ ਵਾਲਾ ਇਹ ਸਿਦਕੀ ਇਨਸਾਨ ਊਣੇ, ਨਿਗੂਣੇ ਅਤੇ ਵਿਹੂਣੇ ਲੋਕਾਂ ਲਈ ਨਿਰੰਤਰ ਲੜ ਰਿਹਾ ਹੈ। ਸ਼ਾਸਨ ਅਤੇ ਪ੍ਰਸ਼ਾਸਨ ਦੀਆਂ ਅੱਖਾਂ ਵਿਚ ਅੱਖਾਂ ਪਾ ਕੇ ਝਾਕਣ ਦੀ ਜਾਚ ਅਤੇ ਜੇਰਾ ਉਸਨੇ ਕਿੱਥੋਂ ਸਿੱਖਿਆ, ਇਹ ਭਾਵੇਂ ਪਹੇਲੀ ਹੋਵੇ, ਪਰ ਸੱਤਾ ਦੀਆਂ ਅੱਖਾਂ ਵਿਚ ਰੜਕਣ ਵਾਲੇ ਕੰਵਲਜੀਤ ਖੰਨਾ ਨੇ ਅਨੇਕਾਂ ਪਹੇਲੀਆਂ ਨੂੰ ਹੱਲ ਕੀਤਾ ਹੈ। ਵਧੇਰੇ ਲੋਕ ਉਸ ਨੂੰ ਕਾਮਰੇਡ ਖੰਨਾ ਕਹਿ ਕੇ ਹੀ ਬੁਲਾਉਂਦੇ ਹਨ। ਉਹ ਤਰਕਸ਼ੀਲ ਹੈ, ਅਗਾਂਹਵਧੂ ਹੈ, ਨਾਸਤਿਕ ਹੈ। ਉਹ ਸਿਰਫ਼ ਨਾਮ ਦਾ ਕਾਮਰੇਡ ਨਹੀਂ, ਜਿਵੇਂ ਕਿ ਬਲਬੀਰ ਪਰਵਾਨਾ ਨੇ ਆਪਣੇ ਨਾਵਲਾਂ ਵਿਚ ਕਈ ਕਾਮਰੇਡਾਂ ਦੇ ਨਕਾਬ ਮਨਫ਼ੀ ਕੀਤੇ ਹਨ। ਉਹ ਸੁੱਚਮੁੱਚ ਦਾ ਸਾਥੀ ਹੈ।

ਉਸਦੀਆਂ ਅਨੇਕ ਪ੍ਰਾਪਤੀਆਂ ਵਿੱਚੋਂ ਇਕ ਜ਼ਿਕਰਯੋਗ ਇਹ ਵੀ ਹੈ ਕਿ ਸਿਰੇ ਦਾ ਕਾਫ਼ਰ ਹੋ ਕੇ ਵੀ ਸਿਰੇ ਦੇ ਮੋਮਨਾਂ ਦੀਆਂ ਅੱਖਾਂ ਦਾ ਤਾਰਾ ਹੈ। ਇਸੇ ਲਈ ਜਗਰਾਉਂ ਦੀਆਂ ਤਮਾਮ ਧਾਰਮਿਕ ਜਥੇਬੰਦੀਆਂ ਦੇ ਸਿਰਮੌਰ ਆਗੂ ਅਤੇ ਸਿੱਖ ਸ਼ਤਾਬਦੀ ਕਮੇਟੀ ਦੇ ਬਾਨੀ, ਅਖਬਾਰਾਂ ਵਾਲੇ ਪ੍ਰਤਾਪ ਸਿੰਘ ਨੇ ਉਸਦੇ ਅਦੁੱਤੀ ਵਿਅਕਤੀਤਵ ਤੋਂ ਪ੍ਰਭਾਵਿਤ ਹੋ ਕੇ ਅੱਜ ਤੋਂ ਢਾਈ ਦਹਾਕੇ ਪਹਿਲਾਂ ਆਪਣੇ ਬੇਟੇ ਦਾ ਨਾਮਕਰਨ ਉਸਦੇ ਨਾਮ ਤੇ ਕੀਤਾ ਸੀ। ਸ਼ੇਰਾਂ ਵਾਂਗ ਸਟੇਜਾਂ ’ਤੇ ਗੱਜਣ ਵਾਲਾ ਖੰਨਾ ਟਰੇਡ ਯੂਨੀਅਨਾਂ ਦਾ ਚੰਡਿਆ, ਅਧਿਐਨ ਅਤੇ ਅਨੁਭਵ ਰਾਹੀਂ ਬੌਧਿਕ ਤਾਕਤ ਹਾਸਲ ਕਰਨ ਕਰਕੇ, ਅੱਜ ਲਤਾੜੇ ਵਰਗ ਦੀਆਂ ਲੋੜਾਂ-ਥੁੜਾਂ, ਦਿੱਕਤਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਨਿਰੰਤਰ ਮਹਿੰਮਾਂ ਸਰ ਕਰ ਰਿਹਾ ਹੈ, ਜਿਸਨੂੰ ਤਾਰਪੀਡੋ ਕਰਨ ਲਈ ਸਿਆਸੀ ਦਲ ਰੰਗ-ਬਰੰਗੇ ਪੈਂਤੜੇ ਅਤੇ ਦਾਅਪੇਚ ਖੇਡਦੇ ਹਨ, ਪਰ ਉਹ ਚਟਾਨ ਵਾਂਗ ਅਡੋਲ ਹੈ।

ਸ਼ੁਰੂ ਸ਼ੁਰੂ ਵਿਚ ਉਸਨੇ ਕਹਾਣੀਆਂ ਵੀ ਲਿਖੀਆਂ, ਕਵਿਤਾਵਾਂ ਵੀ ਲਿਖੀਆਂ, ਸਾਹਿਤਕ ਲੇਖ ਵੀ ਲਿਖੇ। ਮਾਨਵੀ ਹੱਕਾਂ ਦੀ ਗੱਲ ਕਰਨ ਵਾਲੀਆਂ ਉਸਦੀਆਂ ਰਚਨਾਵਾਂ ਵਿਚ ਸਮਾਜਵਾਦੀ ਸੁਰ ਭਾਰੂ ਰਹੀ। ਪਾਸ਼, ਉਦਾਸੀ ਅਤੇ ਗੁਰਦਾਸ ਆਲਮ ਦੇ ਕਾਵਿ-ਟੋਟੇ ਹੁਣ ਵੀ ਉਸਦੇ ਲਬਾਂ ਤੇ ਟਹਿਕਦੇ ਰਹਿੰਦੇ ਹਨ। ਰੂਸ ਦੀ ਕ੍ਰਾਂਤੀ ਤੋਂ ਲੈ ਕੇ ਸੋਵੀਅਤ ਸੰਘ ਦੇ ਟੁੱਟਣ ਦੀ ਕਹਾਣੀ ਉਸਦੇ ਜ਼ੁਬਾਨੀ ਯਾਦ ਹੀ ਨਹੀਂ, ਉਸਦੇ ਹੱਡਾਂ ਵਿਚ ਰਚੀ ਹੈ, ਵਸੀ ਹੈ। ਪਰ, ਉਮੀਦ ਦਾ ਪੱਲੜਾ ਭਾਰੀ ਹੈ। ਅੱਜ ਪੂੰਜੀਵਾਦੀ ਗਲਬਾ ਹਾਵੀ ਹੈ, ਕੱਲ੍ਹ ਨੂੰ ਸਮਾਜਵਾਦੀ ਹੋ ਸਕਦੈ। ਇਹ ਹਿੱਲਜੁੱਲ ਤਾਂ ਸੁਭਾਵਿਕ ਹੈ। ਵੈਸੇ ਵੀ ਇਕ ਧਿਰ ਲੰਮਾ ਸਮਾਂ ਰਾਜ ਨਹੀਂ ਕਰ ਸਕਦੀ। ਹੁਣ ਤਾਂ ਚਿਹਰੇ ਬਦਲ ਰਹੇ ਨੇ, ਰਾਜ ਤਾਂ ਪੂੰਜੀਵਾਦ ਕਰ ਰਿਹੈ। ਉਹ ਬੋਲਦਾ ਹੈ, ਤਾਂ ਲੜੀ ਟੁੱਟਣ ਨਹੀਂ ਦਿੰਦਾ। ਪਰ, ਉਸਦੇ ਬੋਲਾਂ ਵਿਚ ਬੌਧਿਕਤਾ ਹੈ, ਇਕਸੁਰਤਾ ਹੈ, ਤਰਕ ਹੈ, ਸਪਸ਼ਟ-ਬਿਆਨੀ ਹੈ।

ਵੈਸੇ, ਕਲਮ ਉਸ ਨੇ ਅਜੇ ਵੀ ਸੁੱਟੀ ਨਹੀਂ, ਪਾਸੇ ਨਹੀਂ ਰੱਖੀ। ਹੁਣ ਵੀ ਉਹ ਕਦੇ-ਕਦਾਈਂ ਲਿਖਦਾ ਹੈ। ਕਮਜ਼ੋਰ ਅਤੇ ਹਾਸ਼ੀਆਗ੍ਰਸਤ ਲੋਕਾਂ ਦੀਆਂ ਦਿੱਕਤਾਂ ਨੂੰ ਆਵਾਜ਼ ਦੇਣ ਲਈ, ਕਰਮਚਾਰੀ ਵਰਗ ਨਾਲ ਹੋਣ ਵਾਲੇ ਧੱਕੇ ਦਾ ਇੰਕਸ਼ਾਫ਼ ਕਰਨ ਲਈ ਜਾਂ ਸੱਤਾ ’ਤੇ ਕਾਬਜ਼ ਤਾਕਤਾਂ ਦੀਆਂ ਲੋਕ-ਮਾਰੂ ਨੀਤੀਆਂ ਨੂੰ ਬੇਪਰਦ ਕਰਨ ਲਈ। ਉਹ ਖੱਬੇ-ਪੱਖੀ ਸੋਚ ਵਾਲੇ ਮੈਗਜ਼ੀਨਾਂ ਵਿਚ ਛਪਦਾ ਹੈ। ਇਨ੍ਹਾਂ ਮੈਗਜ਼ੀਨਾਂ ਦੇ ਪ੍ਰਬੰਧਕੀ ਢਾਂਚੇ ਵਿਚ ਉਹ ਨਿੱਠ ਕੇ ਅਤੇ ਬਿਨਾਂ ਵੇਤਨ ਦੇ ਕੰਮ ਕਰਦਾ ਹੈ। ਧਨ ਬਾਰੇ ਉਹ ਸਪਸ਼ਟ ਹੈ। ਉਹ ਇਸ ਨੂੰ ਹੱਥਾਂ ਦੀ ਮੈਲ, ਮਾਇਆ ਜਾਂ ਬੇਲੋੜੀ ਨਹੀਂ ਆਖਦਾ। ਲੋੜ ਅਨੁਸਾਰ ਕਮਾਉਣ ਦਾ ਹਾਮੀ ਹੈ। ਲੋੜਾਂ ਵਿਚ ਸੰਜਮ ਅਤੇ ਸੰਕੋਚ ਦੀ ਗੱਲ ਕਰਦਾ ਹੈ, ਤਾਂ ਜੋ ਸਭ ਦੀਆਂ ਲੋੜਾਂ ਦੀ ਪੂਰਤੀ ਹੋ ਸਕੇ। ਸਭ ਦੇ ਹੱਕ ਕਾਇਮ ਰਹਿ ਸਕਣ। ਉਸਨੇ ਪੈਸਾ ਨਹੀਂ ਕਮਾਇਆ, ਯਾਰ ਕਮਾਏ ਹਨ। “ਹਾਜ਼ਰ ਹੋ” ਜਿਹਾ ਸ਼ਾਹਕਾਰ ਨਾਵਲ ਲਿਖਣ ਵਾਲਾ ਮੋਗੇ ਦਾ ਕ੍ਰਿਸ਼ਨ ਪ੍ਰਤਾਪ ਆਖਦਾ ਹੈ, “ਖੰਨਾ ਇਹੋ ਜਿਹਾ ਬੰਦਾ ਹੈ, ਜਿਸ ਲਈ ਮੈਂ ਜਾਨ ਵੀ ਦੇ ਸਕਦਾ ਹਾਂ।” ਇਸ ਤੋਂ ਵੱਡਾ ‘ਟ੍ਰੀਬਿਊਟ’ ਕੀ ਹੋ ਸਕਦਾ ਹੈ, ਕਿਸੇ ਇਨਸਾਨ ਨੂੰ, ਕਿਸੇ ਇਨਸਾਨ ਦਾ? ਉਹ ਮੁਖੌਟਾ-ਰਹਿਤ ਇਨਸਾਨ ਹੈ, ਆਗੂ ਹੈ, ਸਖ਼ਸੀਅਤ ਹੈ।

ਉਸਨੇ ਚਾਲੀ ਸਾਲ ਬਿਜਲੀ ਮਹਿਕਮੇ ਵਿਚ ਨੌਕਰੀ ਕੀਤੀ। ਪਰ, ਉਹ ਨੌਕਰ ਨਹੀਂ ਬਾਦਸ਼ਾਹ ਬਣ ਕੇ ਜੀਵਿਆ। ਉਸਨੇ ਆਪਣੇ ਆਪ ਨੂੰ ਮੁਲਾਜ਼ਮ ਕਦੇ ਸਮਝਿਆ ਨਹੀਂ। ਉਹ ਤਾਂ ਕੁੱਲਵਕਤੀ ਸਿਰੜੀ ਕਾਮਾ ਹੈ, ਲਤਾੜੇ ਵਰਗ ਲਈ ਲੜਨ ਵਾਲਾ। ਕਦੇ ਵੀ ਆਪਣੇ ਬਾਰੇ ਨਾ ਸੋਚਣ ਵਾਲਾ। ਸਧਾਰਣ ਆਗੂਆਂ ਤੋਂ ਉਲਟ। ਕਦੇ ਕੁਰਸੀ ਜਾਂ ਟਿਕਟ ਦੀ ਆਸ ਉਸਨੇ ਨਹੀਂ ਕੀਤੀ। ਭਾਵੇਂ ਰਾਜਸੀ ਆਗੂ ਹੋਣੇ ਤਾਂ ਕੰਵਲਜੀਤ ਵਰਗੇ ਚਾਹੀਦੇ ਹਨ। ਜੇਕਰ ਉਹ ਆਜ਼ਾਦ ਵੀ ਖੜ੍ਹ ਜਾਵੇ, ਤਾਂ ਵੀ ਉਹ ਰਿਕਾਰਡ ਕਾਇਮ ਕਰਨ ਦੀ ਸਮਰਥਾ ਰੱਖਦਾ ਹੈ। ਵੇਖਣ-ਪੜ੍ਹਨ ਨੂੰ ਇਹ ਉਕਤੀ ਅਤਿਕਥਨੀ ਜਾਪੇਗੀ। ਹੈ ਵੀ, ਕਿਉਂਕਿ ਅਸੀਂ ਧਰਮਾਂ, ਜਾਤਾਂ, ਰੰਗਾਂ ਅਤੇ ਦਲਾਂ ਵਿਚ ਵੰਡੇ ਹੋਏ ਹਾਂ। ਕਦੀ ਸੁਨਹਿਰੀ ਸੁਪਨੇ ਦਿਖਾਉਣ ਵਾਲਿਆਂ ਵੱਲ ਹੋ ਜਾਂਦੇ ਹਨ, ਕਦੀ ਅੱਛੇ ਦਿਨ ਆਉਣ ਦੀ ਉਮੀਦ ਦੇਣ ਵਾਲਿਆਂ ਵੱਲ। ਜਦ ਅਸੀਂ ਪਰਿਪੱਕ ਹੋ ਜਾਵਾਂਗੇ, ਤਦ ਕੰਵਲਜੀਤ ਜਿਹੇ ਇਨਸਾਨ ਨੂੰ ਖੁਦ ਬੇਨਤੀ ਕਰਾਂਗੇ, ਚੋਣਾਂ ਲੜਣ ਲਈ।

ਕੰਵਲਜੀਤ ਕੋਲ ਠਰ੍ਹੰਮਾ ਹੈ, ਹੁਨਰ ਹੈ, ਸਿਆਣਪ ਹੈ। ਉਹ ਦੁਨੀਆਂ ਦੇ ਕਿਸੇ ਵੀ ਮਸਲੇ ਤੇ ਕਿੰਨੇ ਵੀ ਸਮੇਂ ਲਈ ਬੋਲ ਸਕਦਾ ਹੈ। ਬੋਲਦਾ ਵੀ ਹੈ। ਉਹ ਜ਼ਿਆਦਾ ਪੜ੍ਹਿਆ ਨਹੀਂ, ਪਰ ਗੁੜ੍ਹਿਆ ਬਹੁਤ ਹੈ। ਉਸ ਕੋਲ ਡਿਗਰੀਆਂ ਦੀ ਲੰਮੀ ਸੂਚੀ ਭਾਵੇਂ ਨਾ ਹੋਵੇ, ਪਰ ਦੁਨੀਆਂ ਦਾ ਵਿਸ਼ਾਲ ਗਿਆਨ ਭੰਡਾਰ ਜ਼ਰੂਰ ਹੈ। ਉਹ ਨਿਰਛਲ, ਮਾਸੂਮ ਪਰ ਬੇਖੌਫ਼ ਹੈ, ਨਿਧੜਕ ਹੈ।

ਉਹ ਇਕ ਗੈਰ-ਸਿਆਸੀ ਪੁਰਸ਼ ਹੈ। ਪਰ, ਉਸਦਾ ਵਤੀਰਾ ਆਗੂਆਂ ਵਾਲਾ ਹੈ। ਅਗਵਾਈ, ਮਾਰਗ ਦਰਸ਼ਨ ਅਤੇ ਸਲਾਹਕਾਰੀ ਉਸਦੀ ਰਗ-ਰਗ ਵਿਚ ਵਸੇ ਹਨ। ਪਰ, ਫੋਕੀ ਭਾਸ਼ਣਬਾਜ਼ੀ ਕਰਕੇ ਸਟੇਜ ਤੋਂ ਲਹਿ ਜਾਣਾ ਉਸਦੀ ਫਿਤਰਤ ਨਹੀਂ। ਉਹ ਉਹੀ ਬੋਲਦਾ, ਜੋ ਸੱਚਾ ਹੈ, ਜੋ ਕੌੜਾ ਹੈ, ਜੋ ਕਾਟਵਾਂ ਹੈ। ਇਹ ਉਸਦਾ ਅੰਦਾਜ਼ ਹੈ, ਸ਼ੈਲੀ ਹੈ, ਢੰਗ ਹੈ।

ਛੇਤੀ ਕੀਤੇ ਕਿਸੇ ਦੀ ਨਿੰਦਿਆ ਨਹੀਂ ਕਰਦਾ। ਉਹ ਇਨਸਾਨ ਦੀ ਨਹੀਂ, ਸੰਸਥਾਵਾਂ ਦੀ ਗੱਲ ਕਰਦਾ ਹੈ। ਰਾਜਸੀ ਆਗੂਆਂ ਦੀ ਨਹੀਂ, ਉਨ੍ਹਾਂ ਦੀਆਂ ਨੀਤੀਆਂ ਦੀ ਗੱਲ ਕਰਦਾ ਹੈ।

ਅੱਜਕੱਲ੍ਹ ਉਹ ਰਿਟਾਇਰਡ ਜੀਵਨ ਜਿਉਂ ਰਿਹਾ ਹੈ। ਰਿਟਾਇਰ ਹੋਣ ਬਾਅਦ, ਲੋਕਾਂ ਦੇ ਜੀਵਨ ਵਿਚ ਮਹੀਨੇ ਵਿਚ ਇਕੱਤੀ ਐਤਵਾਰ ਹੋ ਜਾਂਦੇ ਹਨ, ਪਰ ਖੰਨੇ ਦੇ ਚਾਰ ਐਤਵਾਰ ਵੀ ਖਤਮ ਹੋ ਗਏ ਹਨ। ਉਸ ਦੇ ਮਹੀਨੇ ਵਿਚ ਹੁਣ ਇਕੱਤੀ ‘ਵਰਕਿੰਗ ਡੇਜ਼’ ਹਨ। ਵੈਸੇ ਤਾਂ ਨੌਕਰੀ ਦੌਰਾਨ ਵੀ ਉਸਦਾ ਅਮੂਮਨ ਇਹੀ ਹਾਲ ਸੀ। ਹੁਣ ਥੋੜ੍ਹਾ ਵੱਧ ਵਿਗੜ ਗਿਆ ਹੈ। ਐਤਵਾਰ ਤਾਂ ਉਹ ਹੁਣ ਵੱਧ ‘ਬਿਜ਼ੀ’ ਹੁੰਦਾ ਹੈ। ਉਸਦੇ ਜਾਣਕਾਰਾਂ ਦੀ ਲੰਮੀ ਫਹਰਿਸਤ ਵਿਚ ਉਸਦੇ ਅਜ਼ੀਜ਼, ਉਸਦੇ ਨੌਕਰੀਪੇਸ਼ਾ ਭਰਾਤਰੀ ਕਰਮਚਾਰੀ, ਟਰੇਡ ਯੂਨੀਅਨਾਂ ਦੇ ਆਗੂ, ਜਾਂ ਇਨ੍ਹਾਂ ਨਾਲ ਜੁੜੇ ਲੋਕ, ਖੱਬੇ-ਪੱਖੀ ਸੋਚ ਦੇ ਇਨਸਾਨ, ਮੁਲਾਜ਼ਮ, ਸਧਾਰਣ ਜਾਂ ਖਾਸ ਆਗੂ, ਲੇਖਕ, ਪਾਠਕ ਹੀ ਨਹੀਂ, ਹਰ ਵਰਗ ਦੇ ਲੋਕ ਸ਼ਾਮਲ ਹਨ। ਇਸ ਦੀ ਇਕ ਛੋਟੀ ਜਿਹੀ ਮਿਸਾਲ ਇਹ ਹੈ ਕਿ ਖੰਨੇ ਬਾਰੇ ਚਾਰ ਸ਼ਬਦ ਲਿਖ ਕੇ ਮੈਂ ਫੇਸਬੁੱਕ ’ਤੇ ਫੋਟੋ ਸਮੇਤ ਪਾਏ ਤਾਂ ਇਕ ਘੰਟੇ ਬਾਅਦ, 105 ਲਾਈਕ ਅਤੇ 37 ਟਿੱਪਣੀਆਂ ਹਾਜ਼ਰ ਹੋ ਗਈਆਂ, ਭਾਵੇਂ ਕਿ ਫੇਸਬੁੱਕ ’ਤੇ ਮੇਰਾ ਘੇਰਾ ਕੋਈ ਐਡਾ ਵਿਸ਼ਾਲ ਨਹੀਂ। ਇਹ ਪੋਸਟ ਪਾਈ ਵੀ ਕਿਸੇ ਛੁੱਟੀ ਵਾਲੇ ਦਿਨ ਨਹੀਂ ਸੀ, ਸਗੋਂ ਬੁੱਧਵਾਰ ਨੂੰ ਸ਼ਾਮ ਨੂੰ ਪਾਈ ਗਈ ਸੀ।

ਜਨਹਿੱਤਾਂ ਨਾਲ ਵਾਬਸਤਾ ਕੋਈ ਵੀ ਬੈਠਕ, ਇਕੱਠ ਜਾਂ ਇਕੱਤਰਤਾ ਹੋਵੇ, ਖੰਨੇ ਬਿਨਾਂ ਉਹ ਅਧੂਰੀ ਹੁੰਦੀ ਹੈ। ਪੰਜਾਬ ਦੇ ਜਿਸ ਵੀ ਕੋਣੇ ਵਿਚ ਹੋਵੇ। ਆਖ਼ਰ, ਇਨਕਲਾਬੀ ਕੇਂਦਰ ਪੰਜਾਬ ਦਾ ਕਰਤਾ-ਧਰਤਾ, ਬਾਨੀ ਅਤੇ ਮੁੱਖ ਆਗੂ ਹੈ ਉਹ। ਸਿਰਫ਼ ਹਾਜ਼ਰੀ ਲਵਾਉਣਾ ਉਸਦਾ ਮਕਸਦ ਨਹੀਂ, ਭਾਗੀਦਾਰੀ ਕਰਨਾ ਹੈ। ਸ਼ੌਕ ਵੀ, ਮਨੋਰਥ ਵੀ ਅਤੇ ਸ਼ਾਇਦ ਜ਼ਿਹਨੀ ਮਜ਼ਬੂਰੀ ਵੀ। ਉਸਦੇ ਹੱਥ ਵਿਚ ਹਮੇਸ਼ਾ ਕੋਈ ਕਿਤਾਬ, ਸਾਹਿਤਕ ਪੱਤ੍ਰਿਕਾ ਖੱਬੇ-ਪੱਖੀ ਅਦਬ ਹੁੰਦਾ ਹੈ।

ਸਿਰਫ਼ ਹੰਗਾਮਾ ਖੜ੍ਹਾ ਕਰਨਾ ਮੇਰਾ ਮਕਸਦ ਨਹੀਂ।
ਹਮਾਰੀ ਕੋਸ਼ਿਸ਼ ਹੈ ਕਿ ਸੂਰਤ ਬਦਲਨੀ ਚਾਹੀਦੇ।” ਵਾਲਾ ਦੁਸ਼ਯੰਤ ਕੁਮਾਰ ਦਾ ਸ਼ੇਅਰ ਉਸਦੀ ਜ਼ਿੰਦਗੀ ਦਾ ਟੀਚਾ ਹੈ।

ਉਸਦੇ ਸ਼ਬਦਕੋਸ਼ ਵਿਚ ਨਿਰਾਸ਼ਾ, ਨਾਂਹ ਜਾਂ ਨਕਾਰਾਤਮਕ ਵਿਚਾਰ ਗੈਰ-ਮੌਜੂਦ ਹਨ। ਸਮਾਜਿਕ ਪ੍ਰਤੀਬੱਧਤਾ ਜਿਹੇ ਮਜ਼ਬੂਤ ਹਥਿਆਰ ਨਾਲ ਲੈਸ ਕਾਮਰੇਡ ਖੰਨਾ ਲੋਕ-ਪੱਖੀ ਘੋਲਾਂ ਰਾਹੀਂ ਸਮਾਜਿਕ ਬਰਾਬਰਤਾ ਅਤੇ ਇੱਕਜੁੱਟਤਾ ਲਿਆਉਣ ਦਾ ਹਾਮੀ ਹੈ। ਸਮਾਜਿਕ ਵਰਤਾਰਿਆਂ ਨੂੰ ਰੇਖਾਂਕਿਤ ਕਰਨ ਵਾਲੇ ਵਿਭਿੰਨ ਤੱਤਾਂ ਦੀ ਹੋਂਦ ਜੇਕਰ ਸਾਨੂੰ ਕਮਜ਼ੋਰ ਕਰਦੀ ਹੈ ਤਾਂ ਮਜ਼ਬੂਤ ਵੀ ਕਰਦੀ ਹੈ। ਪੂੰਜੀਵਾਦ, ਧਰਮ ਜਾਂ ਜਾਤ-ਪਾਤ ਦਾ ਸਹਾਰਾ ਲੈ ਕੇ ਇਨਸਾਨਾਂ ਅੰਦਰ ਫੁੱਟ ਦੇ ਬੀਜ ਪੈਦਾ ਕਰਦਾ ਹੈ। ਪਰ, ਅਸੀਂ ਮਾਨਵੀ ਪੱਧਰ ਤੇ ਵਿਚਾਰ ਕੇ ਫੁੱਟਪਾਊ ਤੱਤਾਂ ਅਤੇ ਤਾਕਤਾਂ ਦੀ ਪਹਿਚਾਣ ਕਰਕੇ ਵਿੱਤੀ, ਸਮਾਜਿਕ ਅਤੇ ਰਾਜਸੀ ਸ਼ਕਤੀ ਆਪਣੇ ਹੱਥਾਂ ਵਿਚ ਲੈ ਸਕਦੇ ਹਾਂ। ਇਨ੍ਹਾਂ ਵਖਰੇਵਿਆਂ ਦੇ ਬਾਵਜੂਦ।

ਅੰਗਰੇਜ਼ੀ ਦੀ ਥਾਂ ਮਾਂ-ਬੋਲੀ ਨੂੰ ਤਰਜੀਹ ਦੇਣ ਵਾਲਾ ਖੰਨਾ ਰਸੂਲ ਹਮਜ਼ਾਤੋਵ ਦੀ ‘ਮੇਰਾ ਦਾਗਿਸਤਾਨ’ ਦਾ ਕਾਇਲ ਹੈ। ਰਸੂਲ ਨੇ ਕਿਹਾ ਹੈ, “ਜਿਵੇਂ ਆਸਮਾਨ ਤੇ ਹਰ ਸਿਤਾਰੇ ਦੀ ਆਪਣੀ ਭੂਮਿਕਾ ਹੈ, ਅਤੇ ਚੰਦਰਮਾ ਦੀ ਵੱਖ।’ ਆਪਣੀ ਐਨਕ ਨੂੰ ਸਹੀ ਕਰਦਾ, ਖੰਨਾ ਸਮਾਜ ਨੂੰ ਸਹੀ ਕਰਨ ਦੇ ਕਈ ਢੰਗ ਨਸ਼ਰ ਕਰਦਾ ਹੈ।

ਕੰਵਲਜੀਤ ਖੰਨਾ ਦਾ ਜੀਵਨ ਇਕ ਖੁੱਲ੍ਹੀ ਕਿਤਾਬ ਹੈ। ਉਸ ਦੇ ਜੀਵਨ, ਕੰਮਾਂ ਅਤੇ ਗਤੀਵਿਧੀਆਂ ਬਾਰੇ ਵਧੇਰੇ ਲੋਕਾਂ ਨੂੰ ਪਤਾ ਹੈ। ਜਨਤਕ ਜੀਵਨ ਜਿਉਣ ਵਾਲਿਆਂ ਬਾਰੇ ਲਿਖਣਾ ਜਿੰਨਾ ਸੌਖਾ ਹੈ, ਉੰਨਾ ਹੀ ਔਖਾ ਵੀ। ਰੇਖਾ ਚਿੱਤਰ ਲਿਖਣ ਲਈ ਅਜਿਹੇ ਇਨਸਾਨ ਦੇ ਜੀਵਨ ਦੇ ਉਨ੍ਹਾਂ ਪੱਖਾਂ-ਪਹਿਲੂਆਂ ਨੂੰ ਲੱਭਣਾ, ਫਰੋਲਣਾ ਅਤੇ ਪੇਸ਼ ਕਰਨਾ ਹੁੰਦਾ, ਜਿਨ੍ਹਾਂ ਤੋਂ ਲੋਕ ਅਣਜਾਣ ਹੋਣ, ਅਵੇਸਲੇ ਹੋਣ। ਦੁਹਰਾਉ ਅਕਾਊ ਹੁੰਦਾ ਹੈ।

ਆਓ, ਕੰਵਲਜੀਤ ਨੂੰ ਜ਼ਰਾ ਨੇੜੇ ਤੋਂ ਤੱਕਣ, ਪੜ੍ਹਨ ਅਤੇ ਸਮਝਣ ਦਾ ਯਤਨ ਕਰੀਏ। ਹਰ ਵਿਅਕਤੀ ਦੀ ਸਮਝ ਉਸਦੇ ਅਧਿਐਨ ਅਤੇ ਅਨੁਭਵ ਤੋਂ ਬਣਦੀ ਹੈ। ਉਸ ’ਤੇ ਪੈਣ ਵਾਲੇ ਪ੍ਰਭਾਵਾਂ, ਉਸਦੇ ਨਜ਼ਦੀਕੀਆਂ, ਕੰਮਾਂ, ਸ਼ੌਕਾਂ ਤੋਂ ਬਣਦੀ ਹੈ, ਅਤੇ ਇਨ੍ਹਾਂ ਤੋਂ ਹੀ ਉਸਦੀ ਸਖ਼ਸ਼ੀਅਤ ਦਾ ਨਕਸ਼ਾ ਪੜ੍ਹਿਆ ਅਤੇ ਸਮਝਿਆ ਜਾ ਸਕਦਾ ਹੈ।

ਕੰਵਲਜੀਤ ਇਕ ਬੇਬਾਕ, ਬੇਖੌਫ਼ ਅਤੇ ਬੇਦਾਗ ਸ਼ਖ਼ਸੀਅਤ ਹੈ। ਜਗਰਾਵਾਂ ਦਾ ਇਹ ਨਿਧੜਕ ਇਨਕਲਾਬੀ ਜਰਨੈਲ ਹਰ ਮੁਹਾਜ਼ ’ਤੇ ਲੜਦਾ ਹੈ। ਸੰਘਰਸ਼ ਉਸਨੂੰ ਊਰਜਿਤ ਕਰਦਾ ਹੈ। ਚਾਹੇ ਪਛੜੇ-ਲਤਾੜੇ ਵਰਗ ਨਾਲ ਧੱਕਾ ਹੋਵੇ, ਜਾਂ ਕਿਸੇ ਅੰਞਾਣੀ ਨਾਲ ਸਰੀਰਕ ਸ਼ੋਸ਼ਣ ਦਾ ਮੁੱਦਾ ਹੋਵੇ, ਦੋਸ਼ੀ ਜਾਂ ਦੁਸ਼ਮਣ ਦਾ ਰੁਤਬਾ ਜਿੱਡਾ ਵੱਡਾ ਹੋਵੇਗਾ, ਖੰਨੇ ਦਾ ਸੰਘਰਸ਼ ਉੱਨਾ ਤਿੱਖਾ ਹੋਵੇਗਾ।

ਡਰ ਨਹੀਂ ਲੱਗਦਾ?”

ਜਦੋਂ ਊਠਾਂ ਵਾਲਿਆਂ ਨਾਲ ਯਾਰੀਆਂ ਲਾਉਣੀਆਂ ਹੋਣ, ਤਾਂ ਦਰ ਵੱਡੇ ਰੱਖਣੇ ਪੈਂਦੇ ਨੇ।” ਉਹ ਹੱਸਦਾ ਹੈ, “ਤੇ ਜੇਕਰ ਆਢਾ ਲਾਉਣਾ ਹੋਵੇ, ਫੇਰ ਤਾਂ ਹੋਰ ਵੀ ਵੱਡੇ।”

ਕੰਵਲਜੀਤ ਨੂੰ ਇਹ ਜ਼ਜ਼ਬਾ, ਇਹ ਊਰਜਾ, ਇਹ ਪ੍ਰੇਰਨਾ ਆਪਣੇ ਪਰਿਵਾਰ ਤੋਂ ਮਿਲੀ। ਉਂਜ ਤਾਂ ਮੁਹਿੰਮਾਂ ਪੰਜਾਬੀਆਂ ਦੇ ਲਹੂ ਵਿਚ ਹਨ, ਪਰ ਕੁਝ ਸ਼ਖ਼ਸ ਇਸ ਵਿਰਾਸਤ ਦੀ ਜਿਉਂਦੀ-ਜਾਗਦੀ ਮਿਸਾਲ ਬਣਦੇ ਹਨ। ਕੰਵਲਜੀਤ ਉਨ੍ਹਾਂ ਲੋਕਾਂ ਵਿੱਚੋਂ ਹੈ, ਜਿਨ੍ਹਾਂ ਬਾਰੇ ਪ੍ਰੋ. ਪੂਰਨ ਸਿੰਘ ਨੇ ਲਿਖਿਆ ਸੀ -

ਇਹ ਜਵਾਨ ਪੰਜਾਬ ਦੇ
ਮੌਤ ਥੀਂ ਨੀ ਡਰਦੇ
ਖੜ੍ਹ ਜਾਣ ਡਾਂਗਾਂ ਮੋਢੇ ’ਤੇ ਖਿਲਾਰ ਕੇ
ਪਰ, ਟੈਂ ਨਾ ਮੰਨਣ ਕਿਸੇ ਦੀ।

ਉਹ ਇੱਕ ਸੰਵੇਦਨਸ਼ੀਲ ਇਨਸਾਨ ਹੈ। ਉਹ ਇੱਕੋ ਸਮੇਂ ਸੂਖਮ ਵੀ ਹੈ, ਵਿਸ਼ਾਲ ਵੀ। ਉਹ ਜੇਕਰ ਬਾਹਰੋਂ ਤੇਜ਼-ਤਰਾਰ ਹੈ, ਤਾਂ ਅੰਦਰੋਂ ਡੂੰਘਾ ਵੀ ਹੈ। ਉਹ ਬਾਹਰਮੁਖੀ ਵੀ ਹੈ, ਅੰਤਰਮੁਖੀ ਵੀ। ਜਵਾਨੀ ਵਿਚ ਉਸਨੂੰ ਪੜ੍ਹਨ-ਲਿਖਣ ਦਾ ਸ਼ੌਕ ਜਾਗਿਆ ਸੀ। ਕੁਝ ਸਧਾਰਣ ਪੱਧਰ ਦਾ ਸਾਹਿਤ ਉਸਨੇ ਲਿਖਿਆ ਵੀ। ਹੁਣ ਵੀ ਗਾਹੇ-ਬਗਾਹੇ ਉਹ ਕਿਸੇ ਸਮਾਜਿਕ ਮਸਲੇ ’ਤੇ ਲਿਖਦਾ ਹੈ। ਲੋੜ ਹੋਵੇ ਤਾਂ। ਪਰ, ਮਨ ਦਾ ਗੁਬਾਰ ਕੱਢਣ ਲਈ ਕਦੇ ਨਹੀਂ। ਉਹ ਲੋਕਾਂ ਨੂੰ ਸਮਰਪਿਤ ਇਨਸਾਨ ਹੈ। ਆਪਣੇ ਬਾਰੇ ਨਹੀਂ ਸੋਚਦਾ। ਪਤਾ ਨਹੀਂ ਕਿਸ ਮਿੱਟੀ ਦਾ ਬਣਿਆ ਹੈ ਉਹ?

ਖ਼ੈਰ! ਗੱਲ ਉਸਦੀ ਸਖ਼ਸ਼ੀਅਤ ਦੀ ਚੱਲ ਰਹੀ ਸੀ। ਉਹ ਮਾਨਵੀ ਵਿਅਕਤੀਤਵ ਦੇ ਦੋਹਾਂ ਪੱਖਾਂ ਦਾ ਸੁਮੇਲ ਹੈ, ਸੰਤੁਲਨ ਹੈ। ਅਜਿਹੀ ਸਥਿਤੀ ਵਿਚ ਇਨਸਾਨ ਨੂੰ ਦੋਹਾਂ ਕਿਸ਼ਤੀਆਂ ਵਿਚ ਸਵਾਰ ਹੋਣਾ ਪੈਂਦਾ ਹੈ। ਕੁਝ ਸਮਝੌਤੇ ਅਤੇ ਕੁਝ ਕੁਰਬਾਨੀਆਂ ਕਰਨੀਆਂ ਪੈਂਦੀਆਂ। ਸਮਾਜ ਵਿਚ ਆਪਣੀ ਇਨਕਲਾਬੀ ਚੜ੍ਹਤ ਕਾਇਮ ਰੱਖਣ ਲਈ ਨਿਰੰਤਰ ਕਈ ਮੁਹਾਜ਼ਾਂ ’ਤੇ ਲੜਨ ਪੈਂਦਾ, ਹਰ ਥਾਂ ਸ਼ਮੂਲੀਅਤ ਦਰਜ ਕਰਨੀ ਪੈਂਦੀ, ਹਰ ਥਾਂ ਆਵਾਜ਼ ਉਠਾਉਣੀ ਪੈਂਦੀ। ਉਸ ਅੰਦਰ ਹਾਲਤਾਂ ਨੂੰ ਜਾਣਨ, ਉਨ੍ਹਾਂ ਦੇ ਪਿਛੋਕੜ ਨੂੰ ਸਮਝਣ ਅਤੇ ਸਿਧਾਂਤਿਕ ਕਸਵੱਟੀ ’ਤੇ ਇਨ੍ਹਾਂ ਨੂੰ ਪਰਖ਼ਣ ਦੀ ਲੋੜ ਨਿਰੰਤਰ ਉੱਸਲਵੱਟੇ ਲੈਂਦੀ ਹੈ। ਪਰ ਰੁਝੇਵਿਆਂ ਭਰਪੂਰ ਜੀਵਨ ਕਰਕੇ ਮਤਾਲਿਆ ਅਤੇ ਸਮੀਖਿਆ ਕਰਨ ਦਾ ਮੌਕਾ ਨਹੀਂ ਮਿਲਦਾ। ਇਸੇ ਕਰਕੇ ਕਈ ਵਾਰ ਅਹਿਮ ਮੁੱਦਿਆਂ ’ਤੇ ਉਸਦੇ ਵਿਚਾਰ ਕਈ ਵਾਰ ਡਾਵਾਂਡੋਲ ਤਾਂ ਨਹੀਂ, ਪਰ ਅਸਪਸ਼ਟ ਜ਼ਰੂਰ ਹੋ ਜਾਂਦੇ ਹਨ। ਇਹ ਗੱਲ ਉਸਦੇ ਉੱਚੇ ਸਿਆਸੀ ਕੱਦ ਦੇ ਅਨੁਪਾਤ ਵਿਚ ਆਖੀ ਹੈ।

ਪਰ ਉਹ ਇਸ ਅਸਪਸ਼ਟਤਾ ਨੂੰ ਜ਼ਾਹਿਰ ਨਹੀਂ ਹੋਣ ਦਿੰਦਾ। ਧੜੱਲੇ ਨਾਲ, ਜੋਸ਼ ਨਾਲ ਅਤੇ ਹੋਸ਼ ਨਾਲ ਬੋਲਦਾ ਹੈ। ਵਧੇਰੇ ਕਾਮਰੇਡ ਸਾਥੀਆਂ ਨਾਲੋਂ ਉਹ ਸਿਆਣਾ ਵੀ ਹੈ, ਸੂਝਵਾਨ ਵੀ ਅਤੇ ਸਮਰੱਥ ਵੀ। ਉਸਤੋਂ ਵੀ ਵੱਡੀ ਗੱਲ ਇਹ ਹੈ ਕਿ ਕੁਰਬਾਨੀ ਦਾ ਮਾਦਾ ਉਸ ਵਿਚ ਸਮੋਇਆ ਹੈ। ਕੋਈ ਧਰਨਾ ਹੋਵੇ, ਜਾਂ ਰੋਸ ਮਾਰਚ, ਉੁਹ ਸਭ ਤੋਂ ਪਹਿਲਾਂ ਆ ਗੱਜਦਾ ਹੈ, ਕਿਤੇ ਕੋਈ ਇਹ ਨਾ ਕਹਿ ਦੇਵੇ, “ਤੁਮਹੇ ਤੋ ਸਭ ਸੇ ਪਹਿਲੇ ਮਹਿਫ਼ਲ ਮੇਂ ਮੌਜੂਦ ਹੋਣਾ ਚਾਹੀਏ ਥਾ। ਲੋਗ ਕਯਾ ਕਹੇਂਗੇ, ਸ਼ਮਾ ਪਰਵਾਨੇ ਕੇ ਬਾਅਦ ਆਈ।” ਕਈ ਵਾਰ ਤਾਂ ਨਿੱਕੇ ਜਿਹੇ ਮੁੱਦੇ ਤੇ ਐਨੀ ਸੁਘੜ ਰਣਨੀਤੀ ਤਿਆਰ ਕਰਦਾ ਹੈ ਕਿ ਦੰਦਾਂ ਵਿਚ ਉਂਗਲਾਂ ਫਸ ਜਾਂਦੀਆਂ ਹਨ। ਹਲਵਾਰਵੀ ਚੇਤੇ ਆ ਜਾਂਦੈ - ਤੇਰੀ ਤੇਹ ਦੀ ਸੀਮਾ ਤਾਂ ਸੀ, ਇਕ ਦੋ ਬੂੰਦਾਂ ਪਾਣੀ।
ਮੈਂ ਤਾਂ ਐਵੇਂ ਪਿਘਲ ਗਿਆ ਸੀ, ਨੀ ਸਾਰੇ ਦਾ ਸਾਰਾ।

ਖੰਨਾ ਜਦੋਂ ਸਟੇਜ ’ਤੇ ਬੋਲਦਾ ਤਾਂ ਇਕ ਸੰਤੁਲਤ, ਸੁਘੜ ਅਤੇ ਸੂਝਵਾਨ ਬੁਲਾਰਾ ਹੁੰਦਾ ਹੈ। ਵਿਚਾਰਾਂ ਵਿਚ ਵੀ, ਪੇਸ਼ਕਾਰੀ ਵਿਚ ਵੀ ਕਿਤੇ ਰਤਾ ਵੀ ਝੋਲ ਨਹੀਂ। ਸਪਸ਼ਟ, ਸਿੱਧਾ-ਸਪਾਟ। ਸਮਾਜਿਕ ਪ੍ਰਤੀਬੱਧਤਾ ਨੇ ਉਹਨੂੰ ਤਾਕਤ, ਤਾਰੀਫ਼ ਅਤੇ ਤਸੱਲੀ ਦੁਆਈ ਹੈ। ਉਸਦੇ ਪਿਤਾ ਜੋਗਿੰਦਰ ਲਾਲ ਖੰਨਾ ਕਮੇਟੀ ਵਿਚ ਹੈੱਡ ਕਲਰਕ ਸਨ। ਉਦੋਂ ਉਹ ਸਕੂਲ ਵਿਚ ਪੜ੍ਹਦਾ ਸੀ। ਦਰਅਸਲ, ਮਾਂ ਨੂੰ ਪੜ੍ਹਨ ਦਾ ਸ਼ੌਂਕ ਸੀ। ਦੱਤ ਭਾਰਤੀ, ਕੁਸ਼ਵਾਹਾ ਅਤੇ ਗੁਲਸ਼ਨ ਨੰਦਾ ਦੇ ਨਾਵਲ ਪੜ੍ਹਦੀ। ਵੇਖ ਕੇ ਕੰਵਲਜੀਤ ਅੰਦਰ ਵੀ ਪੜ੍ਹਨ ਦੀ ਜਾਗ ਪੈਦਾ ਹੋਈ। ਕਾਲਜ ਪੜ੍ਹਦਿਆਂ ਉਹ ਪੰਜਾਬ ਸਟੂਡੈਂਟਸ ਯੂਨੀਅਨ ਨਾਲ ਜੁੜ ਗਿਆ। ਨਾਲੋ-ਨਾਲ ਕੰਵਲਜੀਤ ਨੂੰ ਪੜ੍ਹਨ ਦਾ ਚਸਕਾ ਸੀ। ਕਾਲਜ ਦੇ ਪੁਸਤਕਾਲੇ ਦਾ ਇੰਚਾਰਜ ਸ਼ਾਮ ਲਾਲ ਗੋਇਲ ਸੀ। ਉਹ ਰੁੱਖੇ ਸੁਭਾਅ ਦਾ ਬੰਦਾ ਸੀ, ਪਰ ਕਿਤਾਬਾਂ ਨੂੰ ਧੀਆਂ-ਪੁੱਤਾਂ ਵਾਂਗ ਰੱਖਦਾ। ਸੁੰਦਰ, ਸ਼ੁੱਧ ਲਿਖਾਈ ਦੇ ਨਾਲ-ਨਾਲ ਪੜ੍ਹਨ ਦੇ ਸ਼ੌਕ ਕਰਕੇ ਕੰਵਲਜੀਤ ਉਸਦੇ ਨੇੜੇ ਹੋ ਗਿਆ। ਉਨ੍ਹਾਂ ਦਿਨਾਂ ਵਿਚ ਕੰਵਲਜੀਤ ਨੇ ਅਨੇਕ ਕਿਤਾਬਾਂ ਪੜ੍ਹੀਆਂ। ਮੋਟੇ-ਮੋਟੇ ਰੋਮਾਂਟਿਕ ਨਾਵਲ ਤਿੰਨ-ਤਿੰਨ ਦਿਨਾਂ ਵਿਚ ਪੜ੍ਹ ਦਿੰਦਾ। ਉਹ ਆਪਣੇ-ਆਪ ਨੂੰ ਇਨ੍ਹਾਂ ਨਾਵਲਾਂ ਦੇ ਨਾਇਕਾਂ ਤੁਲ ਤਸੱਵਰ ਕਰਦਾ।

1970-71 ਦੀ ਨਕਸਲੀ ਮੂਵਮੈਂਟ’ ਨੇ ਅਨੇਕਾਂ ਬੌਧਿਕ ਦਿਮਾਗਾਂ ਨੂੰ ਆਪਣੇ ਵੱਲ ਖਿੱਚਿਆ। ਇਸ ਮੂਵਮੈਂਟ’ ਦੀ ਬੌਧਿਕ ਪਰੰਪਰਾ ਨੇ ਕੰਵਲਜੀਤ ਦੇ ਕਾਵਿਕ ਦਿਲ ਨੂੰ ਛੋਹਿਆ। ਪੰਜ ਸਾਲ ਉਹ ਨਿਰੰਤਰ ਪੀ.ਐੱਸ.ਯੂ. ਨਾਲ ਜੁੜਿਆ ਰਿਹਾ। ਨਾਲੋਂ-ਨਾਲ ਉਹ ਹੋਰ ਸੰਘਰਸ਼ਾਂ ਅਤੇ ਮੁਹਿੰਮਾਂ ਦਾ ਹਿੱਸਾ ਬਣਦਾ ਰਿਹਾ। ਉਸਦਾ ਸੁਭਾਅ ਬਾਹਰਮੁਖੀ ਬਣਨ ਲੱਗਾ। 1970 ਵਿਚ ਜਗਰਾਵਾਂ ਦੇ ਡੀ.ਏ.ਵੀ. ਕਾਲਜ ਦੇ ਪ੍ਰਿੰਸੀਪਲ ਅਤੇ ਪ੍ਰਬੰਧਕੀ ਢਾਂਚੇ ਵਿਚਕਾਰ ਟਕਰਾਓ ਦੀ ਸਥਿਤੀ ਆ ਗਈ। ਇਕ ਪਾਸੇ ਕਾਲਜ ਪ੍ਰਬੰਧਕ ਸ਼ਾਂਤੀ ਸਰੂਪ ਸਹਿਗਲ ਸੀ, ਦੂਜੇ ਪਾਸੇ ਪ੍ਰਿੰਸੀਪਲ ਡੀ.ਸੀ.ਸ਼ਰਮਾ। ਭਾਵੇਂ ਇਹ ਨਿੱਜੀ ਹਿੱਤਾਂ ਦੀ ਲੜਾਈ ਸੀ, ਪਰ ਜੋਸ਼ੀਲੇ ਵਿਦਿਆਰਥੀ ਪ੍ਰਿੰਸੀਪਲ ਨਾਲ ਸਨ

5 ਅਕਤੂਬਰ, 1972 ਨੂੰ ਮੋਗਾ ਤੋਂ ਆਰੰਭ ਹੋਈ ਮੂਵਮੈਂਟ’ ਸਾਰੇ ਪੰਜਾਬ ਵਿਚ ਫੈਲ ਗਈ ਸੀ। ਅਸਲ ਵਿਚ ਮੋਗਾ ਦੇ ਰੀਗਲ ਸਿਨੇਮੇ ਵਿਚ ਵਿਦਿਆਰਥੀਆਂ ਤੋਂ ਟਿਕਟ ਮੰਗ ਲਈ ਗਈ ਸੀ। ਲਾਹੌਰੀਆਂ ਨੇ ਵਿਦਿਅਰਥੀਆਂ ਦੀ ਕੁੱਟ-ਮਾਰ ਕੀਤੀ। ਵਿਦਿਆਰਥੀ ਰੋਸ ਵਿਚ ਸਨ। ਰੀਗਲ ਸਿਨੇਮਿਆਂ ਨੂੰ ਅੱਗਾਂ ਲਾਉਣ ਦਾ ਦੌਰ ਆਰੰਭ ਹੋ ਗਿਆ। ਰੇਲਵੇ ਨੂੰ ਅੱਗ ਲਾਈ। ਬੱਸ ਅੱਡੇ ਤੇ ਬੱਸਾਂ ਨੂੰ ਅੱਗਾਂ ਲੱਗੀਆਂ। ਪੰਜਾਬ ਵਿਚ ਰੀਗਲ ਦੇ 13 ਸਿਨੇਮੇ ਸਨ। ਮੁਜ਼ਾਹਰੇ ਤੇ ਰੋਸ ਮਾਰਚਾਂ ਦਾ ਆਗਾਜ਼ ਹੋਇਆ। ਪੁਲਿਸ ਨੇ ਗੋਲੀ ਚਲਾਈ। ਉਦੋਂ ਕੰਵਲਜੀਤ ਮਾਪਿਆਂ ਦੇ ਵਿਰੋਧ ਦੇ ਬਾਵਜੂਦ ਆੜ੍ਹਤੀਆਂ ਅਤੇ ਲਾਲਿਆਂ ਦੇ ਦੋ-ਤਿੰਨ ਸੌ ਮੁੰਡੇ ਲੈ ਕੇ ਇਸ ਮੁਹਿੰਮ ਦਾ ਹਿੱਸਾ ਬਣਿਆ। ਮੋਗੇ ਤੋਂ ਲੈ ਕੇ ਮੁਕਤਸਰ ਤੱਕ, ਫਿਲੌਰ ਤੋਂ ਫਿਰੋਜ਼ਪੁਰ ਤੱਕ, ਉਸਨੇ ਸਮੁੱਚੇ ਪੰਜਾਬ ਵਿਚ ਇਸ ਮੁੱਦੇ ਨੂੰ ਲੈ ਕੇ ਸੰਘਰਸ਼ ਵਿੱਢਿਆ। ਦੋ ਮਹੀਨੇ ਦੇ ਅੰਦੋਲਨ ਨੇ ਜ਼ੈਲ ਸਿੰਘ ਦੇ ਵਜ਼ਾਰਤੀ ਮੰਜੇ ਦੇ ਪਾਵੇ ਹਿੱਲਣ ਲਾ ਦਿੱਤੇ ਸਨ।

ਇਸ ਸੁਰਖ਼ ਦੌਰ ਵਿਚ ਕਾਲਜਾਂ ਵਿਚ ਪਾਸ਼, ਉਦਾਸੀ, ਦਰਸ਼ਨ ਖਟਕੜ ਦੀਆਂ ਕਵਿਤਾਵਾਂ ਅਤੇ ਗੁਰਸ਼ਰਨ ਸਿੰਘ ਦੇ ਨਾਟਕਾਂ ਦੀ ਗੂੰਜ ਸੁਣਾਈ ਦਿੰਦੀ ਸੀ। ਸਿੱਖਿਅਕ ਢਾਂਚੇ ਵਿਚ ਤਬਦੀਲੀ ਦੇ ਨਾਅਰਿਆਂ ਨੇ ਮਾਹੌਲ ਗਰਮ ਕੀਤਾ ਹੋਇਆ ਸੀ। ਵਿਦਿਆਰਥੀ ਇਸ ਮਿਕਨਾਤੀਸੀ ਮਾਹੌਲ ਵੱਲ ਖਿੱਚੇ ਗਏ ਸਨ। ਇਨ੍ਹਾਂ ਵਿਦਿਆਰਥੀਆਂ ਨੇ ਪਿੰਡਾਂ ਵਿਚ ਨੌਜਵਾਨ ਭਾਰਤ ਸਭਾਵਾਂ ਦੇ ਗਠਨ ਕੀਤੇ। 1972 ਵਿਚ ਜਗਰਾਵਾਂ ਦੀ ਸਭਾ ਬਣੀ ਸੀ। 1975 ਤੱਕ ਸਭ ਪਿੰਡਾਂ ਵਿਚ। 1975 ਤੋਂ 1982 ਤੱਕ ਸੱਤ ਸਾਲ ਨੌਜਵਾਨ ਭਾਰਤ ਸਭਾ ਵਿਚ ਉਸਨੇ ਨਿੱਠ-ਖੁੱਭ ਕੇ ਕੰਮ ਕੀਤਾ। ਸ਼ਾਇਰ ਤਾਰਾ ਸਿੰਘ ਆਲਮ ਅਤੇ ਅਸ਼ੋਕ ਗਾਂਧੀ ਵਰਗੇ ਚਿਹਰੇ ਖੰਨੇ ਦੇ ਨਾਲ ਸਨ। ਵਾਤਾਵਰਣ ਵਿਚ ਇਨਕਲਾਬੀ ਰੰਗ ਘੁਲ ਚੁੱਕਿਆ ਸੀ, ਅਤੇ ਨੌਜਵਾਨਾਂ ਦੇ ਗਰਮ ਲਹੂ ਨੇ ਉਬਾਲਾ ਖਾਧਾ ਸੀ। ਬੌਧਿਕਤਾ ਦਾ ਬੋਲਬਾਲਾ ਸੀ। ਨੌਜਵਾਨਾਂ ਨੇ 1972 ਵਿਚ ਰੂਸੀ ਪ੍ਰਗਤੀਵਾਦੀ ਸਾਹਿਤ ਦਾ ਰੁਝਾਨ ਪੈਦਾ ਕਰਨ ਲਈ ਪ੍ਰੋਗ੍ਰੈਸਿਵ ਪੁਸਤਕਾਲੇ ਖੋਲ੍ਹਣ ਦਾ ਬੀੜਾ ਉਠਾਇਆ। ਜਗਰਾਵਾਂ ਦੇ ਗੁਰੂ ਹਰਗੋਬਿੰਦ ਨਗਰ ਵਿਚ ਇਕ ਅਜਿਹਾ ਪੁਸਤਕਾਲਾ ਖੁੱਲ੍ਹਿਆ। ਇਸਦੀ ਵਾਗਡੋਰ ਖੰਨੇ ਹੱਥ ਸੀ

ਇਹ ਜੁਝਾਰੂ ਨੌਜਵਾਨਾਂ ਦਾ ਬੈਠਕਾਂ, ਮੁਤਾਲਿਆ ਅਤੇ ਬਹਿਸਾਂ ਕਰਨ ਦਾ ਅੱਡਾ ਵੀ ਸੀ। ਐਮਰਜੈਂਸੀ ਵੇਲੇ ਪੁਲਿਸ ਨੇ ਛਾਪਾ ਮਾਰਿਆ ਤਾਂ ਅਗਾਊਂ ਪਤਾ ਲੱਗਣ ਤੇ ਨੌਜਵਾਨ ਸਾਰਾ ਸਾਹਿਤ ਕੱਢ ਕੇ ਲੈ ਗਏ। ਪੁਲਿਸ ਖਾਲੀ ਅਲਮਾਰੀਆਂ ਵਿਚ ਝਾਤੀਆਂ ਮਾਰ ਕੇ ਤੁਰ ਗਈ। ਇਨ੍ਹਾਂ ਨੌਜਵਾਨਾਂ ਨੇ ਜਦੋਂ 1978 ਵਿਚ ਸਤਲੁਜ ਵਿਚ ਹੜ੍ਹ ਆਇਆ, ਤਾਂ ਪੀੜਤ ਲੋਕਾਂ ਦੀ ਮਦਦ ਕੀਤੀ। ਜਗਰਾਵਾਂ ਅਤੇ ਸਿੱਧਵਾਂ ਦੇ 30-32 ਪਿੰਡਾਂ ਵਿਚ ਸਭਾਵਾਂ ਬਣੀਆਂ। ਸਿੱਧਵਾਂ ਬੇਟ ਤਿੰਨ ਮਹੀਨੇ ਕੈਂਪ ਲੱਗਾ ਰਿਹਾ। ਖਾਲੀ ਦੁਕਾਨ ਕਿਰਾਏ ’ਤੇ ਲੈ ਕੇ ਰੋਜ਼ਾਨਾ ਇਲਾਕੇ ਦੇ ਰਾਏਕੋਟ ਤੱਕ ਦੇ 50-60 ਪਿੰਡਾਂ ਵਿੱਚੋਂ ਰਾਸ਼ਨ ਇਕੱਠਾ ਕਰਕੇ ਵੰਡਦੇ। ਸੜਕਾਂ, ਟਿੱਬਿਆਂ, ਗੁਰਦੁਆਰਿਆਂ ਅਤੇ ਸਕੂਲਾਂ ਵਿਚ। ਮੈਡੀਕਲ ਕੈਂਪ ਲਗਾਏ। ਲੋਕਾਂ ਦੇ ਡਾਕਟਰ ਵਜੋਂ ਜਾਣੇ ਜਾਂਦੇ ਡਾ. ਧਰਮਵੀਰ ਗਾਂਧੀ ਨਾਲ ਹੁੰਦੇ। ਕੰਵਲਜੀਤ ਗਾਂਧੀ ਨੂੰ ਸਾਈਕਲ ’ਤੇ ਬੈਠਾ ਕੇ ਪੀੜਤਾਂ ਕੋਲ ਲੈ ਜਾਂਦਾ। ਕਦੀ ਸਾਈਕਲ ਗਾਂਧੀ ਚਲਾਉਂਦਾ, ਕਦੀ ਖੰਨਾ। ਪਾਣੀ ਨਾਲ ਹੋਣ ਵਾਲੀਆਂ ਬੀਮਾਰੀਆਂ ਨਾਲ ਲੜਦੇ। ਸਰਕਾਰ ਤੋਂ ਮੁਆਵਜ਼ਾ ਲੈ ਕੇ ਦਿੱਤਾ। ਲੋਕਾਂ ਨੂੰ ਚਿੰਤਨ ਵਾਲੇ ਪਾਸੇ ਲਾਇਆ। ਮੂਵਮੈਂਟ ਨਾਲ ਜੋੜਿਆ।

ਕੰਵਲਜੀਤ ਦੇ ਦਾਦਾ ਜੀ ਪਾਕਿਸਤਾਨ ਵਿੱਚੋਂ ਸੰਤਾਲੀ ਦੀ ਵੰਡ ਵੇਲੇ ਉੱਜੜ ਕੇ ਪੰਜਾਬ ਆਏ ਸਨ। ਮੁਸਲਮਾਨਾਂ ਨੇ ਘਰ ਵਿਚ ਆ ਕੇ ਅੱਗ ਲਾ ਦਿੱਤੀ ਸੀ। ਪੜਦਾਦਾ ਅੰਦਰ ਹੀ ਸੜ ਕੇ ਮਰ ਗਿਆ ਸੀ। ਇਹ ਮੰਜ਼ਰ ਕੰਵਲਜੀਤ ਦੇ ਪਿਤਾ ਸ੍ਰੀ ਜੋਗਿੰਦਰ ਖੰਨਾ ਨੇ ਖੁਦ ਅੱਖਾਂ ਨਾਲ ਵੇਖਿਆ ਸੀ। ਉਹ ਦੱਸਦਾ, ਕੰਵਲਜੀਤ ਅੰਦਰ ਹੀ ਚੀਸ ਅਤੇ ਤੜਪ ਦੇ ਘੁੱਟ ਪੀ ਜਾਂਦਾ ਹੈ। ਜ਼ਾਹਿਰ ਨਹੀਂ ਹੋਣ ਦਿੰਦਾ। ਇਸੇ ਘ੍ਰਿਣਾ ਅਤੇ ਹਿੰਸਾ ਦੇ ਮਾਹੌਲ ਨੇ ਪਿਤਾ ਦੀਆਂ ਧਾਰਮਿਕ ਭਾਵਨਾਵਾਂ ਉਤੇਜਿਤ ਅਤੇ ਇਕ-ਪਾਸੜ ਕਰ ਦਿੱਤਾ। ਉਹ ਜਨਸੰਘ ਨਾਲ ਜੁੜ ਗਿਆ। ਐਨਾ ਕਰੀਬੀ ਹੋ ਗਿਆ ਕਿ ਵਿਆਹ ਤੋਂ 16ਵੇਂ ਦਿਨ ਉਹ ਪਠਾਨਕੋਟ ਵਿਚ ਗਊ-ਹੱਤਿਆ ਖ਼ਿਲਾਫ਼ ਅੰਦੋਲਨ ਵਿਚ ਅੱਗੇ ਜਾ ਪੇਸ਼ ਹੋਣ ਕਰਕੇ ਜੇਲ੍ਹ ਵਿਚ ਬੈਠਾ ਸੀ। ਅੱਠ ਦਿਨ ਦੀ ਜੇਲ੍ਹ ਕੱਟੀ ਉਸਨੇ ਉੱਥੇ। ਪਰ, ਸਮਾਜਿਕ ਪ੍ਰਤੀਬੱਧਤਾ ਦੇ ਬੀਜ ਵੀ ਕੰਵਲਜੀਤ ਨੂੰ ਆਪਣੇ ਪਿਓ ਤੋਂ ਹੀ ਮਿਲੇ। ਪਿਓ ਆਸਤਿਕ ਸੀ, ਧਾਰਮਿਕ ਸੀ, ਕੱਟੜ ਸੀ, ਪਰ ਫਿਰਕੂ ਨਹੀਂ ਸੀ। ਖੰਨਾ ਇਸ ਤੋਂ ਉਲਟ ਹੈ। ਉਸ ਕੋਲ ਸਮਾਜਿਕ ਮੁੱਦੇ ਹਨ, ਸਰੋਕਾਰ ਨੇ ਅਤੇ ਸੰਘਰਸ਼ ਹੈ।

ਕੰਵਲਜੀਤ ਨੇ ਆਪਣਾ ਜੀਵਨ ਸੰਘਰਸ਼ ਦੇ ਲੇਖੇ ਲਗਾ ਦਿੱਤਾ। ਹੁਣ ਵੀ ਸੰਘਰਸ਼ ਜਾਰੀ ਹੈ, ਸਮਾਜ ਦੇ ਹਰ ਨਿੱਕੇ-ਵੱਡੇ ਹਿੱਸੇ ਲਈ। ਸਾਡੇ ਆਦਰਸ਼ ਇਹੋ ਜਿਹੇ ਹੋਣੇ ਚਾਹੀਦੇ ਹਨ, ਸਾਨੂੰ ਅਜਿਹੀ ਲਾਮਬੰਦੀ ਦੀ ਲੋੜ ਹੈ, ਜਿਸ ਵਿਚ ਸੱਚਮੁੱਚ ਦੇ ਇਮਾਨਦਾਰ, ਸਿਰੜੀ ਅਤੇ ਜੁਝਾਰੂ ਆਗੂ ਹੋਣ। ਪਰ, ਕੰਵਲਜੀਤ ਐਨਾ ਵੀ ਦੁੱਧ-ਧੋਤਾ ਨਹੀਂ। ਜੇ ਉਸ ਕੋਲ ਗੁਣ ਹਨ, ਤਾਂ ਔਗੁਣਾਂ ਤੋਂ ਵੀ ਉਹ ਰਹਿਤ ਨਹੀਂ। ਜੇ ਉਹ ਯੋਧਾ ਹੈ, ਤਾਂ ਕਮਜ਼ੋਰ ਵੀ ਹੈ। ਉਸਦੀਆਂ ਕਮਜ਼ੋਰੀਆਂ ਦਾ ਜ਼ਿਕਰ ਸੁਣੋ। ਉਹ ਇੱਕੋ ਵੇਲੇ ਕਈ ਕੰਮਾਂ ਨੂੰ ਹੱਥ ਪਾ ਲੈਂਦਾ ਹੈ, ਜਿਸ ਕਰਕੇ ਕਈ ਵਾਰ ਪ੍ਰਾਥਮਿਕਤਾ ਵਾਲੇ ਕੰਮ ਪਿਛਾਂਹ ਰਹਿ ਜਾਂਦੇ ਹਨ। ਪੜ੍ਹਨਾ ਚਾਹੁੰਦਾ ਹੈ, ਪਰ ਸਮਾਂ ਨਹੀਂ ਹੈ। ਸਮਾਂ ਤਾਂ ਜਨਤਕ ਸਮਾਗਮਾਂ ਵਿਚ ਖਪ ਜਾਂਦਾ ਹੈ। ਇਸਦੇ ਬਾਵਜੂਦ, ਉਹ ਤੁਰ ਰਿਹੈ, ਭੱਜ ਰਿਹੈ, ਨੱਠ ਰਿਹੈ। ਕਦੇ ਭਾਵੁਕ ਨਹੀਂ ਹੁੰਦਾ ਉਹ। ਹਮੇਸ਼ਾ ਤਰਕ, ਅਣਖ ਅਤੇ ਸਵੈਮਾਣ ਦਾ ਪ੍ਰਤੀਕ ਰਹੇਗਾ ਉਹ।

*****

(1150)

About the Author

ਪ੍ਰੋ. ਐੱਚ ਐੱਸ ਡਿੰਪਲ

ਪ੍ਰੋ. ਐੱਚ ਐੱਸ ਡਿੰਪਲ

Prof. H S Dimple PCS (A).
Jagraon, Ludhiana, Punjab, India.
Phone: (91- 98885 - 69669)
Email: (sendthematter@gmail.com)