HSDimple7ਬਜ਼ੁਰਗ ਨੂੰ ਕੁਝ ਸਮਝ ਤਾਂ ਨਾ ਆਈਪਰ ਉਹ ਬੱਲ੍ਹੇ ਨੂੰ ਝਈਆਂ ਲੈ ਕੇ ਪੈ ਗਿਆ, “ਓਏ ਬੱਲ੍ਹਿਆ ...
(30 ਅਪਰੈਲ 2017)

 

ਜਗਰਾਵਾਂ ਇਕ ਨਿੱਕਾ ਜਿਹਾ ਕਸਬਾ ਹੈ। ਮੱਧ ਵਰਗੀ ਸੋਚ ਵਾਲੇ ਲੋਕਾਂ ਨਾਲ ਘੁੱਗ ਵੱਸਦਾ। ਮੱਧ-ਵਰਗੀ ਮਾਨਵ ਦੀ ਇਹ ਸੀਮਾ ਹੁੰਦੀ ਹੈ ਕਿ ਉਸਨੂੰ ਸਮਾਜਿਕ ਦਾਇਰੇ ਦਾ ਖ਼ਿਆਲ ਰੱਖਣਾ ਪੈਂਦਾ। ਉਸਦੀ ਹੋਂਦ ਸਮਾਜ ਕਰਕੇ ਨਹੀਂ ਤਾਂ ਸਮਾਜਿਕ ਵਜੂਦ ਤਾਂ ਸਮਾਜਿਕ ਤਾਣੇ-ਬਾਣੇ ਵਿਚ ਹੀ ਉਲਝਿਆ ਹੁੰਦਾ। ਅਜਿਹਾ ਵਿਅਕਤੀ ਕੋਈ ਸਪਸ਼ਟ ਸਟੈਂਡ ਨਹੀਂ ਲੈ ਸਕਦਾ। ਉਹ ਨਾ ਤਾਂ ਪੂਰੀ ਤਰ੍ਹਾਂ ਸੁਤੰਤਰ ਹੁੰਦਾ ਹੈ, ਨਾ ਪੂਰੀ ਤਰ੍ਹਾਂ ਨਿਰਭਰ। ਅਜਿਹੀ ਪਰਿਸਥਿਤੀ ਵਿਚ ਇਨਸਾਨ ਦਾ ਵਜੂਦ ਪੂਰਾ ਫੈਲਾਓ ਗ੍ਰਹਿਣ ਨਹੀਂ ਕਰਦਾ। ਉਸਦਾ ਵਿਕਾਸ ਅਧੂਰਾ ਰਹਿੰਦਾ ਹੈ। ਸੋਚ ਵੀ ਅਧੂਰੀ, ਕੰਮ ਵੀ ਅਧੂਰੇ ਅਤੇ ਹੋਂਦ ਵੀ ਅਧੂਰੀ। ਅਜਿਹਾ ਹੀ ਇਕ ਅਧੂਰਾ ਇਨਸਾਨ ਹੈ - ਪ੍ਰਤਾਪ ਸਿੰਘ।

**

ਉਹ ਅਖਬਾਰ ਏਜੰਸੀ ਦਾ ਮਾਲਕ ਹੈ। ਉਸ ਕੋਲ ਦੋ ਦਰਜਨ ਦੇ ਕਰੀਬ ਮੁੰਡੇ ਕੰਮ ਕਰਦੇ ਹਨ ਜੋ ਅਖਬਾਰ ਲੈ ਕੇ ਘਰੋ-ਘਰੀ, ਦੁਕਾਨਾਂ ਵਿਚ, ਪਿੰਡਾਂ ਵਿਚ ਵੰਡਦੇ ਨੇ। ਮੂੰਹ ’ਤੇ ਉਹ ਉਸਨੂੰ ਸਰਦਾਰ ਜੀ, ਕੋਲ ਖੜ੍ਹੇ ਗੱਲਾਂ ਕਰਦੇ ਨੂੰ “ਆਹ ਮਾਲਕ ਖੜ੍ਹੇ ਨੇ” ਅਤੇ ਪਿੱਠ ਪਿੱਛੇ ਪ੍ਰਤਾਪਾ ਆਖਦੇ ਨੇ। ਪਹਿਲਾਂ ਉਹ ਦਾੜ੍ਹੀ ਕਾਲੀ ਕਰਕੇ, ਖਿੱਚ ਕੇ ਬੰਨ੍ਹ ਕੇ ਰੱਖਦਾ ਸੀ। ਸੂਟ-ਬੂਟ ਵਾਲੀ ਟੌਹਰ ਤਾਂ ਹੁਣ ਵੀ ਕਾਇਮ ਹੈ। ਇਕ ਵਾਰ ਉਸਦੀ ਦੁਕਾਨ ’ਤੇ ਕੰਮ ਕਰਨ ਵਾਲਾ ਨੌਕਰ ਬੱਲ੍ਹਾ ਉਸਦੇ ਮੁਹੱਲੇ ਵਿਚ ਆਇਆ। ਉਹ ਉਸਦਾ ਘਰ ਨਹੀਂ ਸੀ ਜਾਣਦਾ। ਉਸਨੇ ਪ੍ਰਤਾਪ ਦਾ ਬੂਹਾ ਖੜਕਾਇਆ। ਇਕ ਚਿੱਟੀ-ਖੁੱਲ੍ਹੀ ਦਾੜ੍ਹੀ ਵਾਲਾ ਬਜ਼ੁਰਗ ਬਾਹਰ ਨਿਕਲਿਆ। ਚਿੱਟੇ ਕੁੜਤੇ-ਪਜਾਮੇ ਅਤੇ ਕਾਲੀਆਂ ਐਨਕਾਂ ਵਾਲੇ ਅਸਰਦਾਰ ਦਿੱਖ ਵਾਲੇ ਬਜ਼ੁਰਗ ਵੱਲ ਦੇਖ ਕੇ ਬੱਲ੍ਹਾ ਕਹਿੰਦਾ, “ਬਾਈ, ਪ੍ਰਤਾਪੇ ਦਾ ਘਰ ਕਿਹੜਾ? ਅਖਬਾਰਾਂ ਵਾਲੇ ਦਾ।”

ਨਾ ਸਾਸਰੀਕਾਲ, ਨਾ ਅਦਬ-ਅਦਾਬ, ਜਦੋਂ ਕਿ ਦੁਕਾਨ ਉੱਤੇ ਤਾਂ ਇਹ ਪਹਿਲਾਂ ਉਸਦੇ ਪੈਰੀਂ ਪੈਂਦਾ ਤੇ ਫੇਰ ਹਾਲ ਪੁੱਛਦਾ ਹੁੰਦਾ। ਬਜ਼ੁਰਗ ਨੂੰ ਕੁਝ ਸਮਝ ਤਾਂ ਨਾ ਆਈ, ਪਰ ਉਹ ਬੱਲ੍ਹੇ ਨੂੰ ਝਈਆਂ ਲੈ ਕੇ ਪੈ ਗਿਆ,“ਓਏ ਬੱਲ੍ਹਿਆ, ਤੈਨੂੰ ਲੱਜਾ ਨਾ ਆਸੀ। ਮੂੰਹ ’ਤੇ ਨਾਮ ਲੈਨਾ ਮੇਰਾ।”

ਬੱਲ੍ਹੇ ਦੇ ਖਾਨਿਓਂ ਗਈ, “ਓ ਸਰਦਾਰ ਜੀ! ਤੁਸੀਂ? ਮੈਨੂੰ ਤਾਂ ਪਛਾਣ ਈ ਨੀ ਆਈ।”

ਉਸ ਦਿਨ ਤੋਂ ਬਾਅਦ ਬੱਲ੍ਹਾ ਤਾਂ ਦੁਸ਼ਮਣ ਨੂੰ ਵੀ ਮਿਲ ਪਵੇ, ਪਹਿਲਾਂ ਪੈਰੀਂ ਹੱਥ ਲਾਉਂਦਾ, ਬਈ ਕਿਤੇ ਸਰਦਾਰ ਈ ਨਾ ਹੋਵੇ। ਵੈਸੇ, ਹੁਣ ਬੱਲ੍ਹੇ ਨੇ ਅਲੱਗ ਦੁਕਾਨ ਖੋਲ੍ਹ ਲਈ ਹੈ। ਦੁਕਾਨਾਂ ਤਾਂ ਉਸ ਤੋਂ ਕੰਮ ਸਿੱਖ ਕੇ ਕਈਆਂ ਨੇ ਖੋਲ੍ਹ ਲਈਆਂ। ਕਿਸੇ ਨੇ ਫੋਟੋ ਸਟੇਟ, ਕਿਸੇ ਨੇ ਮਕੈਨਕੀ, ਅਤੇ ਕਿਸੇ ਨੇ ਅਖਬਾਰਾਂ ਦੀ ਹੀ। ਖੰਨਾ ਵੀ ਉਹਦੇ ਕੋਲ ਕੰਮ ਕਰਦਾ ਸੀ। ਹੁਣ ਖੁਦ ਏਜੰਸੀ ਲਈ ਬੈਠਾ। ਖੰਨਾ ਤਿੱਖਾ ਸੀ। ਇਕ ਵੇਰ ਪ੍ਰਤਾਪ ਨੂੰ ਕਹਿੰਦਾ, “ਸਰਦਾਰ, ਰੁਪਈਆ ਡਿੱਗ ਪਿਆ।”

ਜਦੋਂ ਪ੍ਰਤਾਪ ਹੇਠਾਂ ਝੁਕ ਕੇ ਰੁਪਈਆ ਚੁੱਕਣ ਲੱਗਾ ਤਾਂ ਖੰਨਾ ਹੱਸਿਆ, “ਓ ਸਰਦਾਰ ਜੀ, ਇੱਥੇ ਨੀ ਡਿੱਗਿਆ, ਇਹ ਤਾਂ ਕੌਮਾਂਤਰੀ ਬਜ਼ਾਰ ਵਿਚ ਲੁੜ੍ਹਕਿਆ। ਆਹ ਅਖ਼ਬਾਰ ਪੜ੍ਹ ਵੀ ਲਿਆ ਕਰੋ, ਸਿਰਫ਼ ਵੇਚਣ ਵਿਚ ਹੀ ਧਿਆਨ ਨਾ ਦਿਆ ਕਰੋ।”

ਪਰ ਪ੍ਰਤਾਪ ਨੂੰ ਪੜ੍ਹਨ-ਸਿੱਖਣ ਦਾ ਕੋਈ ਸ਼ੌਂਕ ਨਹੀਂ। ... ਹਾਂ, ਉਹਦੀ ਦੁਕਾਨ ਤੇ ਆਉਣ ਵਾਲੇ ਜ਼ਿਆਦਾ ਪੜ੍ਹਨ-ਲਿਖਣ ਵਾਲੇ ਹੀ ਹੁੰਦੇ ਹਨ। ਕਈ ਵਾਰ ਉਹ ਗੱਲ ਛੋਹ ਲੈਂਦੇ ਹਨ, ਪਰ ਅਣਮੰਨੇ ਜਿਹੇ ਮਨ ਨਾਲ ਵੀ ਉਹ ਜਵਾਬ ਨਹੀਂ ਦਿੰਦਾ। ਬੱਸ ਚੁੱਪ ਕੀਤਾ, ਇੱਧਰ-ਓਧਰ ਦੇਖਣ ਲੱਗਦਾ। ਅਗਲਾ ਬੇਸ਼ਰਮ ਜਿਹਾ ਹੋ ਕੇ ਮੁੜ ਜਾਂਦਾ। ਉਂਜ ਗਾਹਕ ਦੇ ਮਨ ਵਿਚ ਤਾਂ ਇਹੀ ਹੁੰਦਾ, ਬਈ ਇਹ ਅਖ਼ਬਾਰ ਵੇਚਦਾ, ਸਾਰਾ ਦਿਨ ਅਖ਼ਬਾਰਾਂ-ਕਿਤਾਬਾਂ ਵਿਚ ਰਹਿੰਦਾ-ਬਹਿੰਦਾ। ਇਹਨੂੰ ਪੜ੍ਹਣ ਦਾ ਸ਼ੌਕ ਹੋਊ। ਪਰ ਅਜਿਹਾ ਨਹੀਂ ਹੈ। ਪਰ, ਖੰਨੇ ਵਰਗਿਆਂ ਦੀ ਸੰਗਤ ਨਾਲ ਉਹ ਗੱਲ ਬੋਚਣ ਜੋਗਾ ਜ਼ਰੂਰ ਹੋ ਗਿਆ। ਇਕ ਵਾਰ ਇਕ ਗਾਹਕ ਅਖ਼ਬਾਰ ਦੀ ਖ਼ਬਰ ਪੜ੍ਹ ਕੇ ਕਹਿੰਦਾ, “ਆਹ ਤੇਲ ਤਾਂ ਰੋਜ਼ ਮਹਿੰਗਾ ਹੋਈ ਜਾਂਦਾ।” ਪ੍ਰਤਾਪ ਨੇ ਕੋਈ ਧਿਆਨ ਨਾ ਦਿੱਤਾ। ਜਦੋਂ ਗਾਹਕ ਨੇ ਤਿੰਨ-ਚਾਰ ਵਾਰੀ ਇਹੀ ਗੱਲ, ਵੱਖ-ਵੱਖ ਅੰਦਾਜ਼ ਵਿਚ ਕਹੀ ਤਾਂ ਪ੍ਰਤਾਪ ਖਿਝ ਕੇ ਕਹਿੰਦਾ, “ਆਪਾਂ ਤਾਂ ਦਸ ਸਾਲ ਪਹਿਲਾਂ ਵੀ ਸੌ ਦਾ ਪਵਾਈਦਾ ਸੀ, ਹੁਣ ਵੀ।”

ਗਾਹਕ ਕੱਚਾ ਜਿਹਾ ਹੋ ਕੇ ਤੁਰ ਗਿਆ। ਵੈਸੇ, ਉਹ ਸਵਾਰਥੀ ਇਨਸਾਨ ਹੈ। ਗਾਹਕ ਨਾਲ ਸਿੱਧੇ ਮੂੰਹ ਤਾਂ ਹੀ ਗੱਲ ਕਰਦਾ, ਜੇ ਕੋਈ ਗਉਂ ਹੋਵੇ, ਕੋਈ ਕੰਮ ਲੈਣਾ ਹੋਵੇ ਜਾਂ ਲੱਗੇ ਕਿ ਇਹ ਮੋਟੇ ਰੁਪਏ ਵਟਾਊ। ਤਾਂ ਹੀ ਜੇ ਕੋਈ ਪ੍ਰਵਾਸੀ ਗਾਹਕ ਉਸਦੀ ਦੁਕਾਨ ਤੇ ਆ ਜਾਵੇ, ਤਾਂ ਉਸ ਨੂੰ ਚਾਅ ਚੜ੍ਹ ਜਾਂਦਾ। ਕੁਰਸੀ ਤੋਂ ਉੱਠ ਕੇ ਕਿਤਾਬਾਂ ਦਿਖਾਉਂਦਾ, “ਆਹ ਨਵੀਂ ਕਿਤਾਬ ਆਈ ਆ! ਆਹ ਬਹੁਤ ਪੁਰਾਣੀ ਕਿਤਾਬ ਆ। ਹੁਣ ਨੀ ਲੱਭਦੀ।”

ਪਰ, ਕਿਤਾਬਾਂ ਦੇ ਸਮੁੰਦਰ ਵਿਚ ਰਹਿ ਕੇ ਵੀ ਉਹ ਇਨ੍ਹਾਂ ਦੇ ਵਰਤਾਰੇ ਤੋਂ ਅਭਿੱਜ ਹੈ। ਇਕ ਵਾਰ ਇਕ ਕੱਟੜ ਸਿੱਖ ਵਿਚਾਰਧਾਰਾ ਵਾਲੇ ਪ੍ਰਵਾਸੀ ਸਿੰਘ ਨੂੰ ਨਵੀਂਆਂ ਨਵੀਂਆਂ ਆਈਆਂ ਤਰਕਭਾਰਤੀ ਪ੍ਰਕਾਸ਼ਨ ਦੀਆਂ ਕਿਤਾਬਾਂ “ਤਰਕਸ਼ੀਲ ਕਿਵੇਂ ਬਣੀਏ?” ਅਤੇ “ਆਸਤਿਕਾਂ ਨੂੰ ਵੰਗਾਰ” ਅਤੇ ਉਸਦੀ ਪਤਨੀ ਨੂੰ “ਘਰ ਵਿਚ ਬਿਊਟੀ ਪਾਰਲਰ” ਫੜਾ ਦਿੱਤੀਆਂ, ਤਾਂ ਉਹ ਬੋਲਿਆ, “ਯਾਰ, ਬੰਦਾ-ਕੁਬੰਦਾ ਤਾਂ ਦੇਖ ਲਿਆ ਕਰੋ।”

ਇਕ ਵਾਰ ਜਗਰਾਵਾਂ ਦਾ ਐੱਸ ਡੀ ਐੱਮ ਰਾਮ ਸਿੰਘ ਡੀ ਏ ਵੀ ਕਾਲਜ ਵਿਚ ਸਾਹਿਤ ਸਭਾ ਦੇ ਸਮਾਗਮ ’ਤੇ ਆਇਆ ਤਾਂ ਉੱਥੇ ਚੇਤਨਾ ਪ੍ਰਕਾਸ਼ਨ ਨੇ ਸਟਾਲ ਲਾਈ ਹੋਈ ਸੀ, ਤੇ ਰਾਮ ਸਿੰਘ ਦੀ ਕਿਤਾਬ “ਮੈਜਿਸਟ੍ਰੇਟ ਮੁਜਰਿਮ” ਵੱਲ ਇਸ਼ਾਰਾ ਕਰਕੇ ਪ੍ਰਤਾਪ ਕਹਿੰਦਾ, “ਜਨਾਬ, ਤੁਹਾਡਾ ਆਹ ਨਾਵਲ ਮੈਂ ਬਹੁਤ ਵੇਚਿਆ।” ਰਾਮ ਸਿੰਘ ਹੈਰਾਨੀ ਨਾਲ ਉਸ ਵੱਲ ਝਾਕਦਾ ਬੋਲਿਆ, “ਤੂੰ ਪੜ੍ਹਿਐ?”

ਪ੍ਰਤਾਪ ਨੇ ਸਿਰ ਫੇਰ ਦਿੱਤਾ। ਬਾਅਦ ਵਿਚ ਮੈਨੂੰ ਦੱਸਣ ਲੱਗਾ, ਬਈ ਮੈਂ ਤਾਂ ਹਾਂ ਕਹਿਣ ਲੱਗਾ ਸੀ, ਪਰ ਨਾਂਹ ਕਿਹਾ ਗਿਆ।

ਮੈਂ ਕਿਹਾ, “ਫੇਰ ਹੋਰ ਬੇਇੱਜ਼ਤੀ ਹੋਣੀ ਸੀ।”

ਪ੍ਰਤਾਪ ਭੋਲਾ ਜਿਹਾ ਬਣ ਕੇ ਆਖੇ, “ਕਿਉਂ?”

ਮੈਂ ਕਿਹਾ, “ਕਿਉਂਕਿ ਇਹ ਨਾਵਲ ਨਹੀਂ, ਉਸਦੇ ਜੇਲ੍ਹ ਵਿਚਲੇ ਤਲਖ਼ ਤਜ਼ਰਬਿਆਂ ’ਤੇ ਅਧਾਰਤ ਸਵੈ-ਜੀਵਨੀ ਹੈ ਇਹ।”

ਪ੍ਰਤਾਪ ਦਾ ਮੂੰਹ ਦੇਖਣ ਵਾਲਾ ਸੀ, “… ਤਾਂ ਹੀ ਮੇਰੇ ਨਾਵਲ ਕਹਿਣ ’ਤੇ ਉਹ ਸਾਰੇ ਹੱਸੇ ਸੀ।”

ਉਸਦੀ ਦੁਕਾਨ ’ਤੇ ਇਕ ਲੱਕੜ ਦੀ ਪੁਰਾਣੀ ਕੁਰਸੀ ਹੈ, ਜਿਸ ਦੇ ਪਿੱਛੇ ਮੋਟਾ ਕਰਕੇ ਚਿੱਟੇ ਪੇਂਟ ਨਾਲ 329 ਲਿਖਿਆ ਹੋਇਆ। ਇਸਦਾ ਕੀ ਅਰਥ ਹੈ, ਇਹ ਤਾਂ ਉਹ ਖੁਦ ਵੀ ਨਹੀਂ ਜਾਣਦਾ। ਪਰ ਇਸ ਇਤਿਹਾਸਕ ਕੁਰਸੀ ਨੂੰ ਗਜ਼ਲਗੋ ਪ੍ਰਿੰਸੀਪਲ ਤਖਤ ਸਿੰਘ, ਸੰਪਾਦਕ ਬਰਜਿੰਦਰ ਸਿੰਘ ਹਮਦਰਦ, ਰਘਬੀਰ ਸਿੰਘ ਸਿਰਜਨਾ, ਸੁਸ਼ੀਲ ਦੁਸਾਂਝ ਅਤੇ ਸਾਹਿਤਕਾਰ ਗੁਰਭਜਨ ਗਿੱਲ ਵਰਗੇ ਮਹਾਂ-ਸਖ਼ਸ਼ਾਂ ਦੀ ਤਸ਼ਰੀਫ਼-ਛੋਹ ਪ੍ਰਾਪਤ ਹੈ। ਅੱਜ ਤੋਂ ਤਿੰਨ-ਚਾਰ ਦਹਾਕੇ ਪਹਿਲਾਂ ਜਦੋਂ ਪ੍ਰਤਾਪ ਨਿੱਕਾ ਹੁੰਦਾ ਸੀ, ਉਦੋਂ ਦੁਕਾਨ ਦੇ ਸਾਹਮਣੇ ਹੀ ਬੱਸ ਅੱਡਾ ਹੁੰਦਾ ਸੀ। ਮੌਜੂਦਾ ਬੱਸ ਅੱਡੇ ਤੋਂ ਸ਼ਹਿਰ ਵੱਲ ਜਾਂਦਿਆਂ, ਫਾਟਕਾਂ ਕੋਲ ਸੱਜੇ ਪਾਸੇ ਕੋਨੇ ’ਤੇ ਮੌਜੂਦ ਉਸਦੀ ਨਿੱਕੀ ਜਿਹੀ ਦੁਕਾਨ ਦੇ ਸਾਹਮਣੇ। ਫਿਰ ਅੱਡਾ ਜੀ ਟੀ ਰੋਡ ’ਤੇ ਚਲਾ ਗਿਆ। ਹੁਣ ਤਾਂ ਫਾਟਕਾਂ ’ਤੇ ਪੁਲ ਬਣ ਗਿਆ। ਪਰ, ਉਹ ਵੇਲੇ ਹੋਰ ਸੀ। ਇੱਥੇ ਆ ਕੇ ਬੱਸ ਖੜ੍ਹਦੀ, ਤੇ ਪ੍ਰਿੰ. ਤਖਤ ਸਿੰਘ ਬੱਸ ਤੋਂ ਉੱਤਰਦਾ। ਉਸਦਾ ਸਾਈਕਲ ਬੱਸ ਤੇ ਹੁੰਦਾ, ਤੇ ਪ੍ਰਤਾਪ ਭੱਜਿਆ ਜਾਂਦਾ, ਬੱਸ ਤੋਂ ਸਾਈਕਲ ਲਾਹੁੰਦਾ, ਅਤੇ ਤਖਤ ਸਿੰਘ ਨੂੰ ਕੋਲ ਬੈਠਾ ਕੇ ਨਾਲੇ ਅਖਬਾਰ ਪੜ੍ਹਾਉਂਦਾ, ਨਾਲ ਗੱਲਾਂ ਸੁਣਦਾ। ਗੱਲਾਂ ਉਹ ਉਹੀ ਕਰਦਾ, ਜੋ ਉਸਨੂੰ ਚੰਗੀਆਂ ਲੱਗਣ। ਧਰਮ, ਸਮਾਜ ਅਤੇ ਥੋੜ੍ਹੀ ਬਹੁਤੀ ਰਾਜਨੀਤੀ।

ਧਾਰਮਿਕ ਉਹ ਸ਼ੁਰੂ ਤੋਂ ਹੀ ਆ ਪਰ, ਅੰਮ੍ਰਿਤ ਨਹੀਂ ਸੀ ਛਕਿਆ। ਕਹਿੰਦਾ, ਲੋਕ ਕਹਿਣਗੇ, ਦਾੜ੍ਹੀ ਬੰਨ੍ਹਦਾ, ਕਾਲੀ ਕਰਦਾ। ਆਹ ਲੰਘੀ ਤੇਰਾਂ ਅਪ੍ਰੈਲ ਨੂੰ ਪ੍ਰਤਾਪ ਨੇ ਇਕ ਸਮਾਗਮ ਦੀ ਯੋਜਨਾ ਬਣਾਈ ਬਈ ਸ਼ਹਿਰ ਦੇ ਗੁਰੂ-ਵਾਲੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇ। ਸਾਰੀ ਰੂਪ-ਰੇਖਾ ਤਿਆਰ ਕਰ ਲਈ। ਅਚਾਨਕ ਉਸਦੇ ਮਨ ਵਿਚ ਆਈ, ਕਿ ਮੰਚ ’ਤੇ ਬੈਠੇ ਨੂੰ ਜੇ ਕਿਸੇ ਨੇ ਪੁੱਛ ਲਿਆ ਕਿ ਕੀ ਪ੍ਰਬੰਧਕ ਵੀ ਅੰਮ੍ਰਿਤਧਾਰੀ ਆ, ਤਾਂ ਕੀ ਬਣੂ! ਬੱਸ, ਉਸੇ ਦਿਨ ਸਵੇਰੇ ਅੰਮ੍ਰਿਤਪਾਨ ਕੀਤਾ, ਅਤੇ ਦੁਪਹਿਰੇ ਸਮਾਗਮ ਕਰ ਦਿੱਤਾ।

ਵੈਸੇ, ਐਨਾ ਭੋਲਾ ਵੀ ਨਹੀਂ ਉਹ। ਕੇਰਾਂ ਉਹਦੀ ਦੁਕਾਨ ਤੋਂ ਕਿਤਾਬਾਂ ਗੁੰਮ ਹੋਣ ਲੱਗ ਗਈਆਂ। ਬੈਠੇ-ਬੈਠੇ ਨੂੰ ਉਹਨੂੰ ਨੀਂਦ ਆ ਜਾਂਦੀ ਆ, ਤੇ ਅਗਲਾ ਨੇਫੇ ਵਿਚ ਦੇ ਕੇ ਕਿਤਾਬ ਤਿੱਤਰ ਹੁੰਦਾ ਹੈਸੋ, ਉਸਨੇ ਦੁਕਾਨ ਦੇ ਅੱਗੇ ਲਿਖ ਕੇ ਲਗਾ ਦਿੱਤਾ, “ਤੁਸੀਂ ਕੈਮਰੇ ਦੀ ਨਜ਼ਰ ਵਿਚ ਹੋ!”

ਮੈਂ ਪੁੱਛਿਆ, “ਕਿੱਥੇ ਲੱਗਾ ਐ ਤੇਰਾ ਕੈਮਰਾ?”

ਉਹ ਬੋਲਿਆ, “ਇਹ ਤਾਂ ਡਰਾਵੇ ਲਈ ਲਿਖਿਆ। ਅਗਲੇ ਨੂੰ ਕੀ ਪਤਾ!”

ਵੈਸੇ, ਕਿਤਾਬਾਂ ਉਹ ਗਿਣ ਕੇ ਰੱਖਦਾਹਰ ਲਾਈਨ ਵਿਚ 19 ਕਿਤਾਬਾਂ ਅਤੇ ਕੁੱਲ 33 ਲਾਈਨਾਂ। ਪਰ, ਕਿਤਾਬ ਕਿਹੜੀ-ਕਿਹੜੀ ਬਾਹਰ ਲੱਗੀ ਹੈ, ਇਸਦਾ ਕੋਈ ਹਿਸਾਬ ਨਹੀਂ ਹੁੰਦਾ। ਇਕ ਰਿਕਸ਼ੇ ਵਾਲਾ ਭੇਤੀ ਸੀ। ਉਹ ਤੀਜੇ ਦਿਨ ਆਇਆ ਕਰੇ, ਕਿਤਾਬ ਚੁੱਕੀ, ਡੱਬ ਵਿਚ ਲੁਕੋਈ, ਪਿਛਲੀ ਕਿਤਾਬ ਉਸਦੀ ਥਾਂ ’ਤੇ ਟਿਕਾਈ ਅਤੇ ਤੁਰ ਗਿਆ। ਪ੍ਰਤਾਪ ਨੇ ਕਈ ਵਾਰ ਦੇਖਿਆ ਕਿ ਕੁਝ ਗੜਬੜ ਹੋ ਰਹੀ ਹੈ, ਪਰ ਕਿਤਾਬਾਂ ਪੂਰੀਆਂ ਦੀਆਂ ਪੂਰੀਆਂ। ਇਕ ਵਾਰ ਉਸਨੇ ਦੇਖਿਆ ਕਿ “ਪੰਛੀਆਂ ਦੀ ਮਜਲਿਸ” ਗੁੰਮ ਸੀ, ਪਰ ਦੋ ਦਿਨ ਪਹਿਲਾਂ ਗਵਾਚੀ “ਰਾਣੀ ਤੱਤ” ਉੱਥੇ ਪਈ ਸੀ। ਉਸਨੂੰ ਰਿਕਸ਼ੇ ਵਾਲੇ ਦੀ ਕਰਤੂਤ ਦਾ ਪਤਾ ਲੱਗ ਗਿਆ, ਪਰ ਉਸਨੇ ਉਸਨੂੰ ਨਾ ਰੋਕਿਆ। ਸੋਚਿਆ, ਕਿ ਗਰੀਬ ਹੈ, ਪਰ ਇਮਾਨਦਾਰ ਪੜ੍ਹਾਕੂ ਹੈ। ਹਾਂ, ਸੜਕ ਨੂੰ ਸ਼ੜਕ ਅਤੇ ਇੰਟਰੱਸਟਿੰਗ ਨੂੰ ਇੰਨਟਰੱਸਟਿਡ ਆਖਦਾ ਹੈ। ਕਈ ਵਾਰ ਟੋਕਣ ’ਤੇ ਵੀ ਉਸਦੀ ਬੋਲੀ ਵਿਚ ਫ਼ਰਕ ਨਹੀਂ ਪਿਆ। ਸ਼ਾਇਦ ਸ਼ਬਦ-ਚਿੱਤਰ ਪੜ੍ਹ ਕੇ ...

ਉਹ ਰੋਸਿਆਂ ਨਾਲ ਭਰਿਆ ਪਿਆ। ਚਾਪਲੂਸੀਆਂ ਕਰਕੇ, ਦੂਜਿਆਂ ਨੂੰ ਸਨਮਾਨਿਤ ਕਰਕੇ, ਉਨ੍ਹਾਂ ਬਾਰੇ ਵਿਸ਼ੇਸ਼ਣਾਂ ਭਰੇ ਲੇਖ ਲਿਖ ਕੇ, ਛਪਵਾ ਕੇ ਉਹ ਧਾਰਮਿਕ, ਸਮਾਜਿਕ ਅਤੇ ਰਾਜਸੀ ਆਗੂਆਂ ਦੇ ਢਿੱਡ ਵਿਚ ਵੜਨ ਦਾ ਯਤਨ ਕਰਦਾ ਹੈਜਗਰਾਉਂ ਨਾਲ ਦੂਰ-ਨੇੜੇ ਤੋਂ ਵੀ ਸੰਬੰਧਿਤ ਕਿਸੇ ਸਖ਼ਸ਼ ਨੂੰ ਕੋਈ ਅਹੁਦਾ, ਕੁਰਸੀ ਜਾਂ ਸਫ਼ਲਤਾ ਮਿਲਦੀ ਹੈ, ਤਾਂ ਉਹ ਇਸ ਖੁਸ਼ੀ ਨਾਲ ਦੂਹਰਾ ਨਹੀਂ, ਚੌਹਰਾ ਹੋ ਜਾਂਦਾ ਹੈਉਸ ਵਿਅਕਤੀ ਦੀ ਕਾਮਯਾਬੀ ’ਤੇ ਘੱਟ, ਉਸ ਨੂੰ ਸਨਮਾਨ ਕਰ ਕਹੇ ਉਸਦੇ ਦਿਲ ਵਿਚ ਥਾਂ ਬਣਾਉਣ ਦੇ ਮੌਕੇ ਨੂੰ ਸਾਂਭਣ ਲਈ ਵੱਧ। ਮੱਕੜ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਬਣੇ, ਮਿੰਕੀ ਭੰਡਾਰੀ ਨੂੰ ਯੁਵਾ ਅਕਾਲੀ ਦਲ ਦੀ ਸਕੱਤਰੀ ਮਿਲੇ ਜਾਂ ਗੁਰਚਰਨ ਗਰੇਵਾਲ ਨੂੰ ਸੁਬੌਰਡੀਨੇਟ ਬੋਰਡ ਦੀ ਮੈਂਬਰੀ, ਉਹ ਉਨ੍ਹਾਂ ਦੇ ਸਨਮਾਨ ਲਈ ਪ੍ਰਬੰਧ ਕਰਨ ਲਈ ਪੱਬਾਂ ਭਾਰ ਹੋ ਜਾਂਦਾ ਹੈਇਹਦੇ ਨਾਲ ਉਹਦਾ ਸਟੇਜ ਸਕੱਤਰੀ ਦਾ ਝੱਸ ਵੀ ਪੂਰਾ ਹੋ ਜਾਂਦਾ। ਉੱਥੇ ਬੋਲਣ ਲਈ ਨਵੇਂ-ਨਵੇਂ ਲਫ਼ਜ਼ ਲੱਭਦਾ ਰਹਿੰਦਾ ਹੈਕਿਤਾਬਾਂ ਦੇ ਢੇਰ ’ਤੇ ਬੈਠ ਕੇ ਦੂਜਿਆਂ ਨੂੰ ਫੋਨ ਕਰਕੇ ਪੁੱਛਦਾ ਰਹਿੰਦਾ। ਕਿਸੇ ਰਾਜਸੀ ਦਲ ਨਾਲ ਤਾਂ ਉਹ ਜੁੜਿਆ ਨਹੀਂ ਅੰਦਰੋਂ, ਪਰ ਸਿੱਖ ਹੋਣ ਕਰਕੇ ਉਹਨੂੰ ਬਾਹਲੇ ਅਕਾਲੀ ਹੀ ਸਮਝਦੇ ਨੇ। ਨੇਤਾਗਿਰੀ ਦਾ ਉਹਨੂੰ ਸ਼ੌਕ ਨਹੀਂ, ਪਰ ਆਗੂ ਬਣਾਉਣ ਦਾ ਹੈ। ਐਨਿਆਂ ਨੂੰ ਸਨਮਾਨਿਤ ਕਰ ਚੁੱਕੇ ਪ੍ਰਤਾਪ ਨੂੰ ਅੱਜ ਤੱਕ ਕਿਸੇ ਨੇ ਸਨਮਾਨਿਤ ਨਹੀਂ ਕੀਤਾ। ਇਹ ਉਸ ਨੂੰ ਬਹੁਤ ਵੱਡਾ ਝੋਰਾ ਹੈ।

ਉਹਦੇ ਕੋਲ ਵਿੱਤੀ ਵਸੀਲੇ ਨਹੀਂ। ਪਰ, ਗਰੀਬ ਅਤੇ ਲੋੜਵੰਦ ਦੀ ਮਦਦ ਕਰਨੀ ਦੀ ਤਾਂਘ ਹਮੇਸ਼ਾ ਰਹਿੰਦੀ ਹੈਇਸ ਲਈ ਦੂਜਿਆਂ ਅੱਗੇ ਹੱਥ ਅੱਡਦਾ ਹੈਕੋਸ਼ਿਸ਼ ਕਰਦਾ ਹੈ ਬਈ ਖੁਦ ਧੇਲੀ ਨਾ ਪਾਉਣੀ ਪਵੇ। ਮਜਬੂਰੀ ਜਾਂ ਅਣਸਰਦੇ ਨੂੰ ਹੀ ਵਿੱਤੀ ਯੋਗਦਾਨ ਪਾਉਂਦਾ ਹੈ, ਔਖਾ ਜਿਹਾ ਹੋ ਕੇ। ਪਤਨੀ ਉਸਦੀ ਸਾਥ ਦਿੰਦੀ ਹੈ ਉਹਦਾ ਪਰ ਭਰਾ ਉਹਨੂੰ ਵਿਹਲਾ ਹੀ ਸਮਝਦਾ ਹੈ

*****

(1134)

About the Author

ਪ੍ਰੋ. ਐੱਚ ਐੱਸ ਡਿੰਪਲ

ਪ੍ਰੋ. ਐੱਚ ਐੱਸ ਡਿੰਪਲ

Prof. H S Dimple PCS (A).
Jagraon, Ludhiana, Punjab, India.
Phone: (91- 98885 - 69669)
Email: (sendthematter@gmail.com)