“ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਵਿਰੋਧੀ ਵਿਚਾਰਾਂ ਦੀ ਹੱਤਿਆ ਹੈ: ਪੱਤਰਕਾਰ ਮੰਚ --- ਗੁਰਮੀਤ ਪਲਾਹੀ”
(10 ਸਤੰਬਰ 2017)
ਧਰਮ-ਨਿਰਪੱਖ ਤਾਕਤਾਂ ਨੂੰ ਸਿੱਧੀ ਚੁਣੌਤੀ ਹੈ ਕੰਨੜ ਪੱਤਰਕਾਰਾ ਦਾ ਕਤਲ
ਤਰਕਸ਼ੀਲ ਨਰਿੰਦਰ ਦਾਭੋਲਕਰ, ਕਾਮਰੇਡ ਗੋਬਿੰਦ ਪਨਸਾਰੇ, ਪ੍ਰੋ. ਐੱਮ ਐੱਮ ਕਲਬੁਰਗੀ ਉੱਘੇ ਸਾਹਿਤਕਾਰਾਂ ਦੇ ਕਤਲਾਂ ਤੋਂ ਦੋ ਸਾਲ ਬਾਦ ਹੁਣ ਉੱਘੀ ਚਿੰਤਕ ਅਤੇ ਨਿਧੜਕ ਕੰਨੜ ਪੱਤਰਕਾਰਾ ਗੌਰੀ ਲੰਕੇਸ਼ ਦਾ ਕਤਲ ਦੇਸ਼ ਵਿਚ ਵਧ ਰਹੀ ਅਸਹਿਣਸ਼ੀਲਤਾ, ਕੱਟੜਪੰਥੀ ਵਿਚਾਰਧਾਰਾ ਅਤੇ ਇੱਕੋ ਸੋਚ ਦੇ ਹਾਵੀ ਹੋਣ ਦਾ ਇਕ ਹੋਰ ਸਬੂਤ ਨਹੀਂ, ਸਗੋਂ ਖੱਬੇ-ਪੱਖੀ, ਧਰਮ-ਨਿਰਪੱਖ ਅਤੇ ਬਹੁਪੱਖੀ ਸੋਚ ਦੀਆਂ ਹਾਮੀ ਤਾਕਤਾਂ ਨੂੰ ਖਾਮੋਸ਼ ਅਤੇ ਖਤਮ ਕਰਨ ਦਾ ਇਕ ਹੋਰ ਕੋਝਾ ਯਤਨ ਹੈ। ਭਾਵੇਂ ਕਿ ਅਧਿਕਾਰਤ ਰੂਪ ਵਿਚ ਕਿਸੇ ਧਿਰ ਨੇ ਉਸਦੀ ਹੱਤਿਆ ਦੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਜਿਸ ਤਰ੍ਹਾਂ ਉਸ ਨੂੰ ਮਾਣਹਾਨੀ ਦੇ ਕੇਸਾਂ ਵਿਚ ਉਲਝਾਇਆ ਗਿਆ ਸੀ, ਅਤੇ ਜਿਸ ਤਰ੍ਹਾਂ ਆਪਣੀ ਬਾਗੀ ਸੁਰ ਕਰਕੇ ਉਹ ਨਿਰੰਤਰ ਆਲੋਚਨਾ ਦਾ ਸ਼ਿਕਾਰ ਹੋ ਰਹੀ ਸੀ, ਉਸ ਤੋਂ ਉਸਦੇ ਕਾਤਲਾਂ ਵੱਲ ਇਸ਼ਾਰਾ ਜ਼ਰੂਰ ਹੋ ਜਾਂਦਾ ਹੈ। ਸਮਾਜ ਵਿੱਚੋਂ ਬੁਰਾਈਆਂ ਦੇ ਖਾਤਮੇ ਲਈ ਲੜ ਰਹੀ ਇਕ ਮਿਹਨਤੀ, ਜ਼ਹੀਨ, ਸਿਰੜੀ, ਪ੍ਰਤੀਬੱਧ, ਬੁੱਧੀਮਾਨ, ਦਲੇਰ ਮਹਿਲਾ ਪੱਤਰਕਾਰ ਦਾ ਕਤਲ ਸਾਡੇ ਸਮਾਜ ਦੇ ਨਿਘਾਰ ਦਾ ਸੰਕੇਤ ਹੀ ਨਹੀਂ, ਸਾਡੇ ਜ਼ਮੀਰ ’ਤੇ ਇਕ ਵੱਡਾ ਪ੍ਰਸ਼ਨ ਚਿੰਨ੍ਹ ਵੀ ਹੈ!
ਆਪਣੀ ਨਿਡਰਤਾ, ਪ੍ਰਤੀਬੱਧਤਾ, ਸਿਰੜ, ਮਿਹਨਤ, ਕੁਰਬਾਨੀ, ਲਗਨ ਅਤੇ ਲੋਕ-ਹਿਤਾਂ ਖ਼ਾਤਰ ਲੜਨ ਅਤੇ ਮਰਨ ਦੀ ਭਾਵਨਾ ਨਾਲ ਇਕ ਮਹਿਲਾ ਪੱਤਰਕਾਰ ਕਿੰਨੀਆਂ ਘਰੇਲੂ, ਸਮਾਜਿਕ, ਆਰਥਿਕ ਅਤੇ ਰਾਜਸੀ ਦੁਸ਼ਵਾਰੀਆਂ ਨਾਲ ਲੋਹਾ ਲੈ ਕੇ ਇਸ ਮੁਕਾਮ ’ਤੇ ਮੁੱਜਦੀ ਹੈ ਅਤੇ ਕਿਸੇ ਬੇਸਿਰੇ, ਮੂਰਖ ਅਤੇ ਅੰਨ੍ਹੀ ਸ਼ਰਧਾ ਦੇ ਸ਼ਿਕਾਰ ਦੀਆਂ ਗੋਲੀਆਂ ਦਾ ਸ਼ਿਕਾਰ ਬਣ ਜਾਂਦੀ ਹੈ। ਹੈਰਾਨੀ ਦੀ ਹੱਦ ਇਹ ਕਿ ਉਸਦੀ ਮੌਤ ਬਾਅਦ ਸੋਸ਼ਲ ਮੀਡੀਆ ’ਤੇ ਉਸੇ ਹਿੰਸਕ, ਨਾਂਹ-ਪੱਖੀ ਸੋਚ ਦੇ ਮਾਲਕ ਉਸ ਲਈ ਘਟੀਆ ਵਿਸ਼ੇਸ਼ਣਾਂ ਦੀ ਵਰਤੋਂ ਕਰਕੇ ਆਪਣੇ ਵਿਚਾਰਧਾਰਕ ਅਤੇ ਨੈਤਿਕ ਖਲਾਅ ਦਾ ਪ੍ਰਦਰਸ਼ਨ ਕਰਦੇ ਹਨ। ਗੌਰੀ ਲੰਕੇਸ਼ ਦਾ ਕਤਲ ਪੰਜਾਬ ਵਿਚ ਕਾਲੇ ਦਿਨਾਂ ਦੌਰਾਨ ਹੋਏ ਯੁਗ ਕਵੀ ਪਾਸ਼ ਦੇ ਕਤਲ ਦੀ ਯਾਦ ਦਿਵਾਉਂਦਾ ਹੈ। ਮਹਾਨ ਨਾਟਕਾਰ ਸਫ਼ਦਰ ਹਾਸ਼ਮੀ ਦੀ ਹੱਤਿਆ ਚੇਤੇ ਕਰਵਾਉਂਦਾ ਹੈ। 2002 ਵਿਚ “ਪੂਰਾ ਸੱਚ” ਦੇ ਸੰਪਾਦਕ ਰਾਮ ਚੰਦਰ ਛਤਰਪਤੀ ਦਾ ਕਤਲ ਵੀ ਅਜੇ ਨਹੀਂ ਭੁੱਲਿਆ। ਗੌਰੀ ਦੀ ਹੱਤਿਆ ਇਕ ਵਿਚਾਰ ਦੀ ਹੱਤਿਆ ਹੈ, ਇਕ ਵਿਚਾਰਧਾਰਾ ਖ਼ਿਲਾਫ਼ ਅਸਹਿਣਸ਼ੀਲਤਾ ਦਾ ਪ੍ਰਗਟਾਵਾ ਹੈ। ਜੇਕਰ ਉਹ ਅੰਗਰੇਜ਼ੀ ਵਿਚ ਲਿਖਦੀ ਤਾਂ ਸ਼ਾਇਦ ਉਸਦੇ ਸ਼ਬਦ ਕਿਸੇ ਨੂੰ ਐਨੇ ਨਾ ਚੁੱਭਦੇ, ਪਰ ਲੋਕਾਂ ਦੀ ਭਾਸ਼ਾ ਵਿਚ ਉਨ੍ਹਾਂ ਦੇ ਮੁਹਾਵਰੇ ਵਿਚ ਗੱਲ ਕਰਨਾ, ਕਈ ਵਾਰ ਵੱਧ ਚੁੱਭਦਾ ਹੈ, ਕਿਉਂਕਿ ਇਸ ਦਾ ਅਸਰ ਸਿੱਧਾ ਅਤੇ ਵੱਧ ਹੁੰਦਾ ਹੈ। ਅਜੇ ਪਿਛਲੇ ਸਾਲ ਨਵੰਬਰ, 2016 ਵਿਚ ਉਸਨੇ ਕਿਹਾ ਸੀ, “ਯਕੀਨ ਕਰੋ, ਉਹ ਮੇਰਾ ਵੀ ਹਮੇਸ਼ਾ ਲਈ ਮੂੰਹ ਬੰਦ ਕਰ ਦੇਣਗੇ।”
ਕੋਈ ਵੀ ਧਰਮ ਅਜਿਹੀ ਘਟੀਆ ਸੋਚ ਦੀ ਆਗਿਆ ਜਾਂ ਉਪਦੇਸ਼ ਨਹੀਂ ਦਿੰਦਾ। ਹਿੰਦੂ ਧਰਮ ਇਕ ਵਿਸ਼ਾਲ ਧਰਮ ਹੈ ਜੋ ਹਰ ਤਰ੍ਹਾਂ ਦੀ ਸੋਚ ਨੂੰ ਆਪਣੇ ਵਿਚ ਸਮੋ ਕੇ ਇਕ ਬਹੁ-ਭਾਂਤੀ, ਉਦਾਰਵਾਦੀ ਵਿਚਾਰਧਾਰਾ ਦੀ ਹਾਮੀ ਭਰਦਾ ਹੈ, ਜਿਸ ਕਰਕੇ ਭਾਰਤ ਦੇ ਬਹੁ-ਜਾਤੀ, ਬਹੁ-ਭਾਸ਼ਾਈ, ਬਹੁ-ਰੰਗੀ ਅਤੇ ਬਹੁ-ਕੌਮੀ ਸਰੂਪ ਅਤੇ ਫ਼ਲਸਫੇ ਦੇ ਨਾਲ-ਨਾਲ ਭਾਰਤੀ ਬਹੁ-ਗਿਣਤੀ ਅਤੇ ਪਰੰਪਰਾ ਨਾਲ ਇਹ ਇਕਸੁਰ ਹੈ। ਇਹੀ ਗੱਲ, ਮੁਸਲਿਮ, ਸਿੱਖ, ਈਸਾਈ, ਬੋਧੀ, ਜੈਨੀ ਅਤੇ ਪਾਰਸੀ ਧਰਮਾਂ ’ਤੇ ਵੀ ਉਸੇ ਤਰ੍ਹਾਂ ਲਾਗੂ ਹੁੰਦੀ ਹੈ। ਅਸਲ ਵਿਚ, ਸਾਰੇ ਧਰਮ ਹੀ ਦੂਜੇ ਧਰਮਾਂ, ਕੌਮਾਂ ਅਤੇ ਲੋਕਾਂ ਦੀ ਇੱਜ਼ਤ ਕਰਨ ਦੀ ਸਿੱਖਿਆ ਦਿੰਦੇ ਹਨ। ਰਾਹ ਭਾਵੇਂ ਅਲੱਗ-ਅਲੱਗ ਹੈ, ਪਰ ਸਭ ਦਾ ਨਿਸ਼ਾਨਾ ਇੱਕੋ ਹੈ। ਆਪਸੀ ਪਿਆਰ ਅਤੇ ਸਹਿਣਸ਼ੀਲਤਾ ਸਭ ਤੋਂ ਵੱਡਾ ਧਰਮ ਹੈ। ਅਜਿਹੇ ਅਮੀਰ ਵਿਰਸੇ ਦੇ ਹਾਂਦਰੂ ਪੱਖਾਂ ਨੂੰ ਸਾਂਭਣਾ ਸਾਡੀ ਇਖ਼ਲਾਕੀ ਜਿੰਮੇਵਾਰੀ ਹੈ, ਅਤੇ ਅਜਿਹੀ ਸੰਸਕ੍ਰਿਤੀ ਦੇ ਵਧਣ-ਫੁੱਲਣ ਦੇ ਨਾਲ-ਨਾਲ ਸਾਨੂੰ ਗਰੀਬੀ, ਬੇਰੁਜ਼ਗਾਰੀ, ਆਰਥਿਕ ਅਸਮਾਨਤਾ ਜਿਹੇ ਸਮਾਜਿਕ, ਆਰਥਿਕ ਅਤੇ ਰਾਜਸੀ ਦਿੱਕਤਾਂ ਨਾਲ ਜੂਝਦਿਆਂ ਇਨ੍ਹਾਂ ਦੇ ਖਾਤਮੇ ਲਈ ਯਤਨ ਕਰਨੇ ਚਾਹੀਦੇ ਹਨ, ਆਵਾਜ਼ ਉਠਾਉਣੀ ਜ਼ਰੂਰੀ ਬਣਦੀ ਹੈ।
ਜਮਹੂਰੀਅਤ ਦੀ ਤਾਕਤ ਉਸ ਵਲੋਂ ਸਮਾਜ ਜਾਂ ਸਮਾਜਿਕ ਕਾਰਕੁੰਨਾਂ ਨੂੰ ਸਵਾਲ ਉਠਾਉਣ ਦੀ ਆਜ਼ਾਦੀ ਦੇ ਸਿੱਧਾ ਅਨੁਪਾਤੀ ਸਮਝੀ ਜਾਂਦੀ ਹੈ। ਹਾਸ਼ੀਏ ’ਤੇ ਰਹਿ ਰਹੇ ਦਲਿਤ, ਆਦਿਵਾਸੀ, ਘੱਟਗਿਣਤੀ ਭਾਈਚਾਰੇ ਖੁਦ ਊਣੇ, ਨਿਗੂਣੇ ਅਤੇ ਲਿਤਾੜੇ ਵਰਗ ਹਨ, ਜਿਨ੍ਹਾਂ ਕੋਲ ਆਪਣੀ ਰੋਜ਼ੀ-ਰੋਟੀ ਦਾ ਜੁਗਾੜ ਕਰਨ ਤੋਂ ਵਿਹਲ ਨਹੀਂ, ਜਿਸ ਕਰਕੇ ਪੱਤਰਕਾਰ, ਬੁੱਧੀਜੀਵੀ, ਚਿੰਤਕ ਅਤੇ ਵਿਦਵਾਨ ਆਪਣੇ ਸਵਾਰਥ, ਹਉਮੈ, ਸਵੈ-ਲੋੜਾਂ ਨੂੰ ਇਕ ਪਾਸੇ ਰੱਖ ਕੇ, ਤਿਲਾਂਜਲੀ ਦੇ ਕੇ, ਕੁਰਬਾਨ ਕਰਕੇ, ਆਪਣੇ ਨਜ਼ਦੀਕੀਆਂ, ਪਰਿਵਾਰਾਂ ਅਤੇ ਸੰਬੰਧੀਆਂ ਦੇ ਤਾਅਨੇ-ਮਿਹਣੇ ਖੜ੍ਹੇ-ਮੱਥੇ ਸਹਿੰਦਿਆਂ ਸਮਾਜ ਵਿੱਚੋਂ ਪੱਖਪਾਤ ਅਤੇ ਹੋਰ ਬੁਰਾਈਆਂ ਦੂਰ ਕਰਨ ਲਈ ਸੱਚਾਈ ਦਾ ਸਾਥ ਦਿੰਦੇ ਹੋਏ, ਝੂਠ ਨਾਲ ਲੋਹਾ ਲੈਂਦੇ ਹਨ। ਇਨ੍ਹਾਂ ਨੂੰ ਚਾਹੇ ਦਬੋਲਕਰ, ਚਾਹੇ ਪਨਸਾਰੇ, ਚਾਹੇ ਕੁਲਬਰਗੀ ਅਤੇ ਭਾਵੇਂ ਗੌਰੀ ਲੰਕੇਸ਼ ਦਾ ਨਾਮ ਦਿੱਤਾ ਜਾ ਸਕਦਾ ਹੈ। ਇਹ ਲੋਕ ਸਾਡੀ ਹੀ ਲੜਾਈ ਲੜ ਰਹੇ ਹਨ। ਜੇਕਰ ਇਹ ਲੋਕ ਇਸੇ ਤਰ੍ਹਾਂ ਖਤਮ ਹੁੰਦੇ ਰਹੇ ਤਾਂ ਸਾਡੇ ਭਾਰਤ ਵਿਚ ਸਿਰਫ਼ ਇਕ-ਪਾਸੜ ਅਤੇ ਕੱਟੜ ਸੋਚ ਵਾਲੇ ਬੁੱਧੀਜੀਵੀ ਹੀ ਰਹਿ ਜਾਣਗੇ, ਜੋ ਕਿ ਸਥਾਪਤੀ ਦੀ ਆਲੋਚਨਾ ਕਰਨ ਦੀ ਥਾਂ ਉਸਦੀ ਹਾਂ ਵਿਚ ਹਾਂ ਮਿਲਾ ਕੇ ਆਪਣੀ ਸੰਕੀਰਣ ਅਤੇ ਆਰਾਮ-ਪੱਖੀ ਸੋਚ ਦੇ ਗੁਲਾਮ ਹਨ।
ਸਾਡੇ ਸੰਵਿਧਾਨ ਦੀ ਧਾਰਾ 19 (1) ਏ ਵਿਚਾਰਾਂ ਦੇ ਪ੍ਰਗਟਾਓ ਦੀ ਆਜ਼ਾਦੀ ਦਿੰਦੀ ਹੈ, ਬਸ਼ਰਤੇ ਕਿ ਇਹ ਸਮਾਜ ਵਿਚ ਕਿਸੇ ਹਿੰਸਾ, ਦਹਿਸ਼ਤ ਜਾਂ ਅਸੁਰੱਖਿਆ ਦਾ ਕਾਰਣ ਨਾ ਬਣਨ। ਜੇਕਰ ਗੌਰੀ ਨਾਲ ਕਿਸੇ ਦਾ ਵਿਰੋਧ ਸੀ, ਤਾਂ ਉਹ ਵਿਚਾਰਾਂ ਦਾ ਹੋ ਸਕਦਾ ਹੈ। ਵਿਚਾਰਾਂ ਦੀ ਲੜਾਈ ਸੰਵਾਦ ਰਾਹੀਂ ਹੱਲ ਹੁੰਦੀ ਹੈ। ਇਕ ਸਿਹਤਮੰਦ ਸਮਾਜ ਲਈ ਸੰਵਾਦ, ਵਿਰੋਧੀ ਵਿਚਾਰਾਂ ਅਤੇ ਬਹਿਸ-ਮੁਬਾਹਿਸੇ ਆਕਸੀਜਨ ਦਾ ਕੰਮ ਕਰਦੇ ਹਨ। ਇਸ ਨਾਲ ਸਹਿਣਸ਼ੀਲਤਾ ਦਾ ਮਾਹੌਲ ਉਤਪੰਨ ਹੁੰਦਾ ਹੈ। ਇਹ ਸਾਡੇ ਗੁਰੂਆਂ-ਪੀਰਾਂ ਨੇ ਵੀ ਸਿਖਾਇਆ ਹੈ। ਅਦਾਲਤਾਂ ਵੀ ਇਸੇ ਸੰਵਾਦ ਅਤੇ ਬਹਿਸ ਦੀ ਮਰਿਯਾਦਾ ’ਤੇ ਜ਼ੋਰ ਦਿੰਦੀਆਂ ਹਨ, ਅਤੇ ਬਹਿਸ ਅਤੇ ਸਬੂਤਾਂ ਦੇ ਆਧਾਰ ’ਤੇ ਹੀ ਨਿਆਂ ਦਾ ਫ਼ੈਸਲਾ ਹੁੰਦਾ ਹੈ। ਗੌਰੀ ਲੰਕੇਸ਼ ਦੀ ਹੱਤਿਆ ਨੇ ਤਿੰਨ ਅਹਿਮ ਸਵਾਲ ਖੜ੍ਹੇ ਕੀਤੇ ਹਨ? ਕੀ ਸਥਾਪਤੀ, ਕੱਟੜਤਾ, ਅਸਹਿਣਸ਼ੀਲਤਾ ਦੇ ਮੁੱਦੇ ’ਤੇ ਸਵਾਲ ਉਠਾਉਣਾ ਜਾਨਲੇਵਾ ਹੈ? ਕੀ ਤਰਕਸ਼ੀਲ ਚਿੰਤਕਾਂ, ਸਾਹਿਤਕਾਰਾਂ ਅਤੇ ਪੱਤਰਕਾਰਾਂ ਦੇ ਕਤਲ ਸ਼ਰੇਆਮ ਗੋਲੀਆਂ ਮਾਰ ਕੇ ਕਰਨਾ ਕਾਤਲਾਂ ਦੀ ਨਿਡਰਤਾ ਅਤੇ ਉਨ੍ਹਾਂ ਨੂੰ ਮਿਲਦੀ ਸ਼ਹਿ ਵੱਲ ਸੰਕੇਤ ਹਨ? ਕੀ ਗੌਰੀ ਦੇ ਕਾਤਲਾਂ ਤੱਕ ਫੌਰੀ ਪਹੁੰਚ ਕੇ ਉਨ੍ਹਾਂ ਨੂੰ ਅੰਜ਼ਾਮ ਤੱਕ ਪਹੁੰਚਾਇਆ ਜਾਵੇਗਾ?
ਕੰਨੜ ਭਾਸ਼ਾ ਦੇ ਮਹਾਨ ਨਾਵਲਕਾਰ, ਚਰਚਿਤ ਨਾਟਕਕਾਰ ਅਤੇ ਬਾਗੀ ਸੁਰ ਵਾਲੇ ਸ਼ਾਇਰ ਪੀ. ਲੰਕੇਸ਼ ਦੀ ਬੇਟੀ ਗੌਰੀ ਨੇ 2000 ਵਿਚ ਪਿਤਾ ਦੀ ਮੌਤ ਬਾਅਦ, ਅੰਗਰੇਜ਼ੀ ਅਖ਼ਬਾਰ ਦੀ ਪੱਤਰਕਾਰੀ ਛੱਡ ਕੇ ਪਿਤਾ ਦੀ ਵਿਰਾਸਤ ਅੱਗੇ ਤੋਰਦਿਆਂ 20 ਸਾਲ ਤੋਂ ਨਿਰੰਤਰ ਪ੍ਰਕਾਸ਼ਿਤ ਹੋ ਰਹੇ ਹਫ਼ਤਾਵਾਰੀ ਅਖ਼ਬਾਰ “ਲੰਕੇਸ਼ ਪੱਤ੍ਰਿਕੇ” ਦੀ ਜ਼ਿੰਮੇਵਾਰੀ ਨੂੰ ਨਿਡਰਤਾ ਨਾਲ ਬਾਖੂਬੀ ਨਿਭਾ ਰਹੀ ਸੀ, ਅਤੇ ਇਹ ਪੱਤ੍ਰਿਕਾ ਬੇਖ਼ੌਫ਼ ਲੇਖਣੀ, ਮਿਆਰੀ ਲਿਖਤਾਂ ਅਤੇ ਜੁਝਾਰੂ ਰੁਖ ਲਈ ਚਰਚਿਤ ਸੀ। ਬਹਾਦੁਰ, ਬੇਬਾਕ, ਸਿਰੜੀ ਅਤੇ ਦਲੇਰ ਗੌਰੀ ਲੰਕੇਸ਼ ਫਿਰਕੂ ਸਦਭਾਵਨਾ ਲਈ ਕੰਮ ਕਰ ਰਹੇ ਅਨੇਕ ਜਨਸਮੂਹਾਂ ਦੀ ਅਹੁਦੇਦਾਰ ਵੀ ਸੀ ਅਤੇ ਖੱਬੇ-ਪੱਖੀ, ਦਲਿਤ-ਪੱਖੀ, ਗਰੀਬ-ਪੱਖੀ, ਸਥਾਪਤੀ-ਵਿਰੋਧੀ, ਕੱਟੜਤਾ-ਵਿਰੋਧੀ ਵਿਚਾਰਾਂ ਦੀ ਹਾਮੀ ਸੀ। ਗੌਰੀ ਨੇ ਕਿਸਾਨਾਂ, ਦਲਿਤਾਂ ਅਤੇ ਦੱਬੇ-ਕੁਚਲੇ ਵਰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਬੰਗਲੌਰ ਵਿਚ ਨਿਰੰਤਰ ਫਿਰਕੂ ਸਮੂਹਾਂ ’ਤੇ ਪਾਬੰਦੀ ਦੀ ਮੰਗ ਉਠਾਈ, ਸੂਫ਼ੀ ਦਰਗਾਹਾਂ ਨੂੰ ਕੱਟੜ ਹਿੰਦੂ ਸੰਪਰਦਾਇਕ ਰੰਗ ਚੜ੍ਹਾਉਣ ਦੀ ਆਲੋਚਨਾ ਕੀਤੀ, ਜਾਤੀ-ਪ੍ਰਬੰਧ ਵਿਰੁੱਧ ਆਵਾਜ਼ ਉਠਾਈ। ਨਕਸਲੀਆਂ ਅਤੇ ਮਾਓਵਾਦੀਆਂ ਨੂੰ ਮੁੱਖਧਾਰਾ ਵਿਚ ਲਿਆਉਣ ਲਈ ਜੱਦੋਜਹਿਦ ਕੀਤੀ। ਕਨ੍ਹਈਆ ਕੁਮਾਰ, ਅਭਿਸ਼ੇਕ ਮਿਸ਼ਰਾ, ਸ਼ੇਹਲਾ ਰਸ਼ੀਦ ਵਰਗੇ ਖੱਬੇ-ਪੱਖੀ ਵਿਦਿਆਰਥੀ ਆਗੂਆਂ ਦੀ ਹਮਾਇਤ ਕੀਤੀ, ਦਲੀਲ, ਤਰਕ, ਕਲਮ ਅਤੇ ਬੋਲਾਂ ਰਾਹੀਂ। ਉਹ ਇਕ ਅਹਿੰਸਾ-ਪ੍ਰੇਮੀ, ਧਰਮ-ਨਿਰਪੱਖ ਅਤੇ ਸੰਪਰਦਾਇਕਤਾ-ਵਿਰੋਧੀ ਦਲੇਰ ਅਤੇ ਬੁਲੰਦ ਆਵਾਜ਼ ਸੀ, ਜਿਸਦਾ ਕਤਲ ਸਮੁੱਚੀ ਭਾਰਤੀਅਤ ਨੂੰ ਹੀ ਚੁਣੌਤੀ ਹੀ ਨਹੀਂ, ਸਮੁੱਚੀ ਮਾਨਵਤਾ ਲਈ ਵੰਗਾਰ ਹੈ। ‘ਰਿਪੋਰਟਜ਼ ਵਿਦਾਊਟ ਬਾਰਡਰਜ਼’ (Reporters without Borders) ਨੇ ਵਿਸ਼ਵ ਪ੍ਰੈੱਸ ਆਜ਼ਾਦੀ ਅੰਕ (World Press Freedom Index) ਵਿਚ ਭਾਰਤ ਨੂੰ ਇਸ ਸਾਲ 133 ਤੋਂ 136ਵਾਂ ਸਥਾਨ ਦਿੱਤਾ ਹੈ। ਪ੍ਰੈੱਸ ਦੀ ਆਜ਼ਾਦੀ ਦੇ ਖ਼ੇਤਰ ਵਿਚ ਭਾਰਤ ਦੀ ਕੌਮਾਂਤਰੀ ਸਾਖ਼ ਮਜਬੂਤ ਕਰਨ ਅਤੇ ਦੇਸ਼ ਵਿਚ ਅਸਹਿਣਸ਼ੀਲਤਾ ਨੂੰ ਲਗਾਮ ਪਾਉਣ ਅਤੇ ਮਾਨਵੀ ਹੱਕਾਂ ਦੀ ਰੱਖਿਆ ਦਾ ਪੱਧਰ ਉੱਚਾ ਚੁੱਕਣ ਲਈ ਸਰਕਾਰ ਨੂੰ ਅਜਿਹੀਆਂ ਦੇਸ਼-ਵਿਰੋਧੀ, ਸਮਾਜ-ਵਿਰੋਧੀ ਤਾਕਤਾਂ ’ਤੇ ਨਕੇਲ ਪਾਉਣੀ ਚਾਹੀਦੀ ਹੈ।
ਅਸਲ ਵਿਚ, ਰਾਣਾ ਅਯੂਬ ਦੀ ਕਿਤਾਬ “ਗੁਜਰਾਤ ਫਾਈਲਜ਼” ਨੂੰ ਕੰਨੜ ਭਾਸ਼ਾ ਵਿਚ ਅਨੁਵਾਦ ਕਰਨ ਵਾਲੀ ਗੌਰੀ ਲੰਕੇਸ਼ ਨੇ 13 ਸਤੰਬਰ ਦੇ ਅੰਕ ਵਿਚ “ਜਾਅਲੀ ਖ਼ਬਰਾਂ ਦਾ ਮੱਕੜਜਾਲ” ਨਾਂ ਦੀ ਆਪਣੀ ਆਖ਼ਰੀ ਸੰਪਾਦਕੀ ਵਿਚ ਇਸ ਨਾਂਹ-ਪੱਖੀ ਵਰਤਾਰੇ ’ਤੇ ਉਂਗਲ ਉਠਾਉਂਦਿਆਂ ਡੇਢ ਦਰਜਨ ਦੇ ਕਰੀਬ ਮਿਸਾਲਾਂ ਦੇ ਕੇ ਕੁਝ ਰਾਜਸੀ ਦਲਾਂ ਵਲੋਂ ਸਮਾਜ ਵਿਚ ਫਿਰਕੂ ਕਤਾਰਬੰਦੀ ਕਰਕੇ ਆਪਣੇ ਰਾਜਸੀ ਉੱਲੂ ਸਿੱਧਾ ਕਰਨ ਦੇ ਉਦੇਸ਼ ਦੀ ਪੂਰਤੀ ਦੀ ਘਿਣਾਉਣੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਸੀ ਅਤੇ ਸ਼ਾਇਦ ਉਸਦੇ ਇਹੀ ਸ਼ਬਦ ਉਸਦੀ ਮੌਤ ਦਾ ਕਾਰਣ ਬਣੇ। ਕੰਨੜ ਅਤੇ ਅੰਗਰੇਜ਼ੀ ਭਾਸ਼ਾਵਾਂ ਦੀ ਉੱਘੀ ਪੱਤਰਕਾਰ ਗੌਰੀ ਲੰਕੇਸ਼ ਦਾ ਕਤਲ ਵਿਚਾਰਾਂ ਦੀ ਆਜ਼ਾਦੀ ਤੇ ਸਿੱਧਾ-ਵੱਡਾ ਵਾਰ ਹੀ ਨਹੀਂ, ਸਿਆਸੀ ਅਸਹਿਣਸ਼ੀਲਤਾ ਦੀ ਇਕ ਮਿਸਾਲ ਵੀ ਹੈ। ਸਿੱਧੀ ਗੱਲ ਕਰਨ ਵਾਲੀ, ਇਰਾਦੇ ਅਤੇ ਅਸੂਲਾਂ ਦੀ ਪੱਕੀ ਅਤੇ ਦਲੇਰ ਗੌਰੀ ਧਾਰਮਿਕ-ਸਮਾਜਿਕ ਸਦਭਾਵਨਾ ਦੀ ਝੰਡਾ-ਬਰਦਾਰ ਸੀ।
ਦਰਅਸਲ, ਫਿਰਕੂ ਤਾਕਤਾਂ ਲਈ ਇਸ ਲਈ ਅਤਿ-ਘਾਤਕ ਸੀ, ਕਿਉਂਕਿ ਉਹ ਲੋਕਾਂ ਨਾਲ ਲੋਕਾਂ ਦੀ ਜ਼ੁਬਾਨ ਵਿਚ ਲੋਕਾਂ ਦੇ ਮੁੱਦਿਆਂ ਬਾਰੇ ਸਿੱਧੀ-ਸਪਾਟ, ਤੱਥ-ਭਰਪੂਰ ਗੱਲ ਕਰਦੀ ਸੀ, ਅਤੇ ਲੋਕ ਸੁਣਦੇ ਸਨ। ਇਹੀ ਗੱਲ ਯੂ. ਆਰ. ਅਨੰਤਮੂਰਤੀ, ਦਾਭੋਲਕਰ, ਪਨਸਾਰੇ ਅਤੇ ਕੁਲਬਰਗੀ ’ਤੇ ਢੁੱਕਦੀ ਸੀ। ਅੱਜ ਵਧੇਰੇ ਬੁੱਧੀਜੀਵੀ ਪਾਠਕਾਂ ਤੋਂ ਦੂਰ ਹੋ ਚੁੱਕੇ ਹਨ। ਉਹ ਜਾਂ ਤਾਂ ਸਥਾਪਤੀ-ਪੱਖੀ ਹੋ ਗਏ ਨੇ ਜਾਂ ਔਖੀ ਭਾਸ਼ਾ ਵਿਚ ਅਸਪਸ਼ਟ ਵਿਚਾਰਧਾਰਾ ਨਾਲ ਉਲਝ ਰਹੇ ਹਨ, ਅਤੇ ਜਾਂ ਕਿਸੇ ਹੋਰ ਕਾਲਪਨਿਕ ਦੁਨੀਆਂ ਦੇ ਬਾਸ਼ਿੰਦੇ ਬਣੇ ਬੈਠੇ ਹਨ। ਬਾਕੀ ਤਾਂ ”ਪ੍ਰੈਕਟੀਕਲ" ਪਹੁੰਚ ਨਾਲ ਇਨਾਮਾਂ-ਸਨਮਾਨਾਂ ਅਤੇ ਦੌਲਤ, ਸ਼ੁਹਰਤ ਜਾਂ “ਲਿੰਕ” ਬਣਾਉਣ ਦੇ ਜੁਗਾੜ ਵਿਚ ਰੁੱਝੇ ਹੋਏ ਹਨ। ਆਮ ਬੰਦੇ ਨੂੰ ਤਾਂ ਪਤਾ ਹੀ ਨਹੀਂ ਕਿ ਉਸਦੇ ਦੁਸ਼ਮਣ ਕੌਣ ਹਨ, ਦੋਸਤ ਕੌਣ ਹਨ, ਅਤੇ ਉਸ ਨੇ ਕਰਨਾ ਕੀ ਹੈ? ਇਸੇ ਕਰਕੇ ਉਹ ਖਾਮੋਸ਼ ਜ਼ਿੰਦਗੀ ਜਿਉਂਦਾ ਹੈ। ਸੁਰਜੀਤ ਪਾਤਰ ਅਜਿਹੇ ਲੋਕਾਂ ਬਾਰੇ ਲਿਖਦਾ ਹੈ:
ਲੱਗੀ ਕਾਲਜੇ ਤੇਰੇ, ਅਜੇ ਜੇ ਛੁਰੀ ਨਹੀਂ,
ਇਹ ਨਾ ਸਮਝ ਕਿ ਹਾਲਤ ਸ਼ਹਿਰ ਦੀ ਬੁਰੀ ਨਹੀਂ।
ਜੇ ਕੋਈ ਚਿੰਤਕ ਜਾਂ ਪੱਤਰਕਾਰ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਬਾਰੇ ਜਾਗਰੂਕ ਕਰਨ ਦਾ ਯਤਨ ਕਰਦਾ ਹੈ, ਉਨ੍ਹਾਂ ਦੀਆਂ ਅੱਖਾਂ ਤੋਂ ਧੁੰਦਲਕਾ ਲਾਹੁਣ ਦਾ ਯਤਨ ਕਰਦਾ ਹੈ, ਤਾਂ ਕੁਝ ਸਵਾਰਥੀ ਤੱਤਾਂ ਦੀਆਂ ਅੱਖਾਂ ਵਿਚ ਉਸ ਦਾ ਰੜਕਣਾ ਸੁਭਾਵਿਕ ਹੈ। ਸੱਯਦ ਬੁੱਲ੍ਹੇ ਸ਼ਾਹ ਨੇ “ਸੱਚ ਆਖਾਂ ਤਾਂ ਭਾਂਬੜ ਮੱਚਦਾ ਏ, ਝੂਠ ਆਖਾਂ ਤੇ ਕੁਝ ਬਚਦਾ ਏ” ਕਹਿ ਕੇ ਇਸ ਸੱਚਾਈ ਦੀ ਪ੍ਰੋੜਤਾ ਕੀਤੀ ਸੀ। ਪਰ, ਭਾਂਬੜ ਤੋਂ ਨਾ ਡਰਨ ਵਾਲੀਆਂ ਆਵਾਜ਼ਾਂ ਦੀ ਹੋਂਦ ਸਾਡੇ ਸਮਾਜ ਦਾ ਇਕ ਹਾਂ-ਪੱਖੀ ਵਰਤਾਰਾ ਹੈ, ਕਿਉਂਕਿ ਇਕ ਸਿਹਤਮੰਦ, ਵਿਕਸਤ, ਸੱਭਿਅਕ ਸਮਾਜ ਹਰ ਤਰ੍ਹਾਂ ਦੇ ਪੱਖੀ-ਵਿਰੋਧੀ ਵਿਚਾਰਾਂ ਨੂੰ ਉੱਭਰਨ ਦਾ ਮੌਕਾ ਦਿੰਦਾ ਹੈ। ਪਰ, ਸਮਾਜ-ਵਿਰੋਧੀ, ਸਵਾਰਥੀ ਤੱਤ ਅਜਿਹੀ ਆਵਾਜ਼ ਨੂੰ ਖਤਮ ਜਾਂ ਖਾਮੋਸ਼ ਕਰਕੇ ਉਹ ਆਪਣੇ ਰਾਹ ਦੀ ਰੁਕਾਵਟ ਹੀ ਖਤਮ ਨਹੀਂ ਕਰਦੇ, ਸਗੋਂ ਅਜਿਹਾ ਕਰਨ ਦਾ ਯਤਨ ਕਰਨ ਵਾਲੇ ਹੋਰ ਸੰਭਾਵੀ ਚਿੰਤਕਾਂ ਦੇ ਦਿਲੋ-ਦਿਮਾਗ ਅੰਦਰ ਡਰ ਅਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੰਦੇ ਹਨ। ਕੂੜ ਦੇ ਪਹਿਰੇਦਾਰਾਂ ਨੂੰ ਬੇਪਰਦ ਕਰਦੇ ਹੋਏ ਜਾਨ ਤਲੀ ’ਤੇ ਰੱਖ ਕੇ ਲਿਖਣ ਵਾਲੇ ਇਸ ਸ਼ਹੀਦ ਗੌਰੀ ਲੰਕੇਸ਼ ਨੂੰ ਮੇਰਾ ਸਲਾਮ ਹੈ ਅਤੇ ਮੈਂ ਆਪਣਾ ਲੇਖ ਗੌਰੀ ਲੰਕੇਸ਼ ਦੀ ਆਖ਼ਰੀ ਸੰਪਾਦਕੀ ਦੇ ਆਖ਼ਰੀ ਸ਼ਬਦਾਂ ਨਾਲ ਹੀ ਸਮਾਪਤ ਕਰਾਂਗਾ:
“ਜੋ ਲੋਕ ਜਾਅਲੀ ਖ਼ਬਰਾਂ ਨੂੰ ਐਕਸਪੋਜ਼ ਕਰਦੇ ਹਨ, ਉਨ੍ਹਾਂ ਨੂੰ ਸਲਾਮ। ਮੇਰੀ ਖਵਾਹਿਸ਼ ਹੈ ਕਿ ਉਨ੍ਹਾਂ ਦੀ ਸੰਖਿਆ ਹੋਰ ਵੀ ਜ਼ਿਆਦਾ ਵਧੇ।”
*****
(827)
ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)
ਪੱਤਰਕਾਰ ਗੌਰੀ ਲੰਕੇਸ਼ ਦੀ ਹੱਤਿਆ ਵਿਰੋਧੀ ਵਿਚਾਰਾਂ ਦੀ ਹੱਤਿਆ ਹੈ - ਪੱਤਰਕਾਰ ਮੰਚ --- ਗੁਰਮੀਤ ਪਲਾਹੀ
(ਫਗਵਾੜਾ) ਨਰਿੰਦਰ ਦਾਭੋਲਕਰ, ਗੋਬਿੰਦ ਪਾਨਸਾਰੇ ਅਤੇ ਪ੍ਰੋ. ਕਲਬੁਰਗੀ ਦੇ ਕਤਲ ਤੋਂ ਬਾਅਦ ਸੀਨੀਅਰ ਪੱਤਰਕਾਰ ਅਤੇ ਸੰਪਾਦਕ ਕੰਨੜ ਹਫਤਾਵਾਰੀ, ਲੰਕੇਸ਼ ਪੱਤਰਕਾ ਬੰਗਲੌਰ, ਗੌਰੀ ਲੰਕੇਸ਼ ਦੀ ਹੱਤਿਆ ਕਰ ਦਿੱਤੀ ਗਈ ਹੈ। ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ, ਗੌਰੀ ਲੰਕੇਸ਼ ਦੀ ਇਸ ਹੱਤਿਆ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਾ ਹੈ। ਮੰਚ ਇਸ ਵਿਚਾਰਧਾਰਾ ਦਾ ਹੈ ਕਿ ਵਿਰੋਧੀ ਵਿਚਾਰਾਂ ਨੂੰ ਗੋਲੀਆਂ ਮਾਰ ਕੇ ਨਾ ਕਤਲ ਕੀਤਾ ਜਾ ਸਕਦਾ ਹੈ, ਨਾ ਖਤਮ ਕੀਤਾ ਜਾ ਸਕਦਾ ਹੈ। ਪੰਜਾਬੀ ਕਾਲਮ ਨਵੀਸ ਪੱਤਰਕਾਰ ਮੰਚ ਦੀ ਐਡਹਾਕ ਕਮੇਟੀ ਦੇ ਮੈਂਬਰਾਂ ਡਾ. ਸਵਰਾਜ ਸਿੰਘ, ਡਾ. ਐੱਸ. ਐੱਸ. ਛੀਨਾ, ਸੁਲੱਖਣ ਸਰਹੱਦੀ, ਡਾ. ਚਰਨਜੀਤ ਸਿੰਘ ਗੁੰਮਟਾਲਾ, ਤਲਵਿੰਦਰ ਸਿੰਘ ਬੁੱਟਰ, ਡਾ. ਗਿਆਨ ਸਿੰਘ, ਗੁਰਚਰਨ ਸਿੰਘ ਨੂਰਪੁਰ, ਗਿਆਨ ਸਿੰਘ ਮੋਗਾ, ਡਾ. ਸ਼ਿਆਮ ਸੁੰਦਰ ਦੀਪਤੀ, ਐਡਵੋਕੇਟ ਬਿਕਰਮਜੀਤ ਸਿੰਘ ਬਾਠ ਅਤੇ ਕਨਵੀਨਰ ਗੁਰਮੀਤ ਪਲਾਹੀ ਨੇ ਗੌਰੀ ਲੰਕੇਸ਼ ਦੀ ਮੌਤ ਉਤੇੱ ਅਫਸੋਸ ਪ੍ਰਗਟ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਕਲਮ ਦੀ ਆਵਾਜ਼ ਬੰਦ ਕਰਨ ਵਾਲੀਆਂ ਸਾਜ਼ਿਸ਼ੀ ਤਾਕਤਾਂ ਨੂੰ ਕਟਿਹਰੇ ਵਿੱਚ ਖੜ੍ਹਾ ਕੀਤਾ ਜਾਵੇ ਅਤੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।
**