HSDimple7ਇਸ ਲੜੀ ਦੀਆਂ ਤੰਦਾਂ ਨੂੰ ਬਾਰੀਕੀ ਨਾਲ ਵੇਖਿਆਂ ਜ਼ਾਹਰ ਹੁੰਦਾ ਹੈ ਕਿ ਇਨ੍ਹਾਂ ਦਾ ਆਧਾਰ ...
(20 ਅਗਸਤ 2017)

 

ਉੱਤਰੀ ਭਾਰਤ ਅੱਜ ਇਕ ਅਜੀਬ ਕਿਸਮ ਦੀ ਸਮੱਸਿਆ ਨਾਲ ਜੂਝ ਰਿਹਾ ਹੈ। ਮਹਿਲਾਵਾਂ ਅਤੇ ਮੁਟਿਆਰਾਂ ਨੂੰ ਗੁੱਤਾਂ ਦਾ ਫਿਕਰ ਲੱਗਾ ਹੈ। ਦਿਲ ਵਿਚ ਧੁੜਕੂ ਹੈ ਕਿ ਜਿਸ ਗੁੱਤ ਨੂੰ ਉਹ ਸਜਾ-ਸੰਵਾਰ ਕੇ ਸਕੂਲ, ਕਾਲਜ ਜਾਂ ਦਫਤਰ ਜਾ ਰਹੀਆਂ ਹਨ, ਕਿਤੇ ਵਾਪਸੀ ਵੇਲੇ ...। ਵਾਲਾਂ ਨਾਲ ਵਿਸ਼ੇਸ਼ ਮੋਹ ਰੱਖਣ ਵਾਲੀਆਂ ਪੰਜਾਬਣਾਂ, ਹੁਣ ਜੂੜੇ ਕਰਨ ਲੱਗ ਗਈਆਂ ਹਨ। ਵਿਧਾਤਾ ਸਿੰਘ ਤੀਰ ਨੇ ਇਕ ਵਾਰ ‘ਨਵੀਂ ਤਹਿਜ਼ੀਬਤੇ ਇਲਜ਼ਾਮ ਲਗਾਇਆ ਸੀ,

ਇਸ ਬਿਜਲੀ ਡੇਗ ਦਿੱਤੀ, ਭਾਰਤ ਦਿਆਂ ਵੇਸਾਂ ’ਤੇ।
ਇਸ ਕੈਂਚੀ ਧਰ ਦਿੱਤੀ, ਕੁੜੀਆਂ ਦਿਆਂ ਕੇਸਾਂ ’ਤੇ।

ਤੇ ਹੁਣ, ਇਹ ਕੈਂਚੀ ਕਿਸੇ ਅਣਦਿਖਦੀ ਸ਼ਕਤੀ ਹੱਥ ਹੈ! ਇਸ ਬਦਨਾਮ ਸ਼ਕਤੀ’ ਨੂੰ ਕਾਬੂ ਕਰਨ ਲਈ ਜਾਂ ਇਸ ਤੋਂ ਬਚਣ ਲਈ ਬਜ਼ਾਰ ਵਿਚ ਨਿੰਮ ਦੇ ਪੱਤੇ, ਨਿੰਬੂ, ਮਿਰਚਾਂ ਦੇ ਗੁੱਛੇ, ਗਾਂ ਦਾ ਗੋਹਾ ਅਤੇ ਹੋਰ ਧਾਗੇ-ਤਵੀਤਾਂ ਦਾ ਹੜ੍ਹ ਆ ਗਿਆ ਹੈ। ਬੁਰੀਆਂ ਤਾਕਤਾਂ ਤੋਂ ਬਚਾ ਲਈ ਲੋਕ ਇਹ ਟੂਣੇ ਆਪਣੇ ਘਰਾਂ ਦੇ ਬੂਹਿਆਂ ਤੇ ਬੰਨ੍ਹਣ ਲੱਗ ਪਏ ਹਨ। ਪਿੰਡਾਂ ਵਿਚ ਫਿਰ ਪਹਿਰੇ ਲੱਗਣ ਲੱਗੇ ਹਨ। ਮਹਿਲਾਵਾਂ ਅਤੇ ਮੁਟਿਆਰਾਂ ਆਪਣੀਆਂ ਗੁੱਤਾਂ ਦੀ ਰੱਖਿਆ ਲਈ ਤਾਂਤਰਿਕਾਂ, ਬਾਬਿਆਂ ਅਤੇ ਸਾਧੂ-ਸੰਤਾਂ ਦੇ ਚੱਕਰ ਲਗਾ ਰਹੀਆਂ ਹਨ।

ਦਰਅਸਲ, ਹਰਿਆਣਾ ਅਤੇ ਰਾਜਸਥਾਨ ਵਿਚ ਮੁਟਿਆਰਾਂ ਅਤੇ ਮਹਿਲਾਵਾਂ ਦੇ ਵਾਲ ਜਾਂ ਗੁੱਤਾਂ ਕੱਟਣ ਦੀਆਂ ਰਹੱਸਮਈ’ ਘਟਨਾਵਾਂ ਵਾਪਰਣ ਤੋਂ ਬਾਅਦ ਨਵੀਂ ਦਿੱਲੀ ਵਿਚ ਲੜੀਵਾਰ ਕਈ ਅਜਿਹੀਆਂ ਘਟਨਾਵਾਂ ਹੋਣ ਪਿੱਛੋਂ ਹੁਣ ਪੰਜਾਬ ਵਿਚ ਉਹੀ ਘਟਨਾਵਾਂ ਘਟਣ ਕਰਕੇ ਹਰ ਆਮ ਅਤੇ ਖਾਸ ਵਿਅਕਤੀ ਦਾ ਧਿਆਨ ਖਿੱਚਿਆ ਹੈ। ਜਿੱਥੇ ਦੂਜੇ ਰਾਜਾਂ ਵਿਚ ਇਨ੍ਹਾਂ ਘਟਨਾਵਾਂ ਨੂੰ ਮਹਿਜ਼ ਸ਼ਰਾਰਤ ਜਾਂ ਜਾਦੂ-ਟੂਣੇ ਦੀ ਨਜ਼ਰ ਤੋਂ ਦੇਖਿਆ ਜਾ ਰਿਹਾ ਹੈ, ਉੱਥੇ ਸਿੱਖ-ਬਹੁਗਿਣਤੀ ਵਾਲੇ ਸੂਬੇ ਪੰਜਾਬ, ਜਿੱਥੇ ਸਿੱਖ ਧਰਮ ਵਿਚ ਕੇਸਾਂ ਦੀ ਵਿਸ਼ੇਸ਼ ਮਹੱਤਤਾ ਹੈ, ਵਿਚ ਇਨ੍ਹਾਂ ਘਟਨਾਵਾਂ ਦੇ ਅਰਥ ਹੋਰ ਵੀ ਗੰਭੀਰ ਨਿੱਕਲਦੇ ਹਨ। ਅਜੇ ਤੋਂ ਦੋ ਸਾਲ ਪਹਿਲਾਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਵਿੱਤਰ ਬੀੜਾਂ ਦੇ ਪੰਨਿਆਂ ਨੂੰ ਪਾੜਨ ਦੀਆਂ ਘਟਨਾਵਾਂ ਅਤੇ ਇਨ੍ਹਾਂ ਦੇ ਦੁੱਖਦਾਈ ਪਹਿਲੂਆਂ ਜਾਂ ਸਿੱਟਿਆਂ ਦੀ ਸਿਆਹੀ ਅਜੇ ਸੁੱਕੀ ਨਹੀਂ ਕਿ ਇਹ ਨਵਾਂ ਰੁਝਾਨ ਪੰਜਾਬ ਵਿਚ ਦਿਖਾਈ ਦੇਣ ਲੱਗਾ ਹੈ, ਜਿਸ ਨੇ ਮਹਿਲਾਵਾਂ ਅਤੇ ਮੁਟਿਆਰਾਂ ਵਿਚ ਇਕ ਸਹਿਮ ਅਤੇ ਦਹਿਸ਼ਤ ਦਾ ਮਾਹੌਲ ਸਿਰਜ ਦਿੱਤਾ ਹੈ। ਪੰਜਾਬ ਵਿਚ ਅਜਿਹਾ ਵਰਤਾਰਾ ਕੋਈ ਨਵਾਂ ਨਹੀਂ ਹੈ। ਇਸ ਤੋਂ ਪਹਿਲਾਂ ਤੋਰੀਆਂ ਦੇ ਪੱਤਿਆਂ ਤੇ ਸੱਪ ਨੁਮਾ ਨਿਸ਼ਾਨ, ਗਣੇਸ਼ ਦੀਆਂ ਮੂਰਤੀਆਂ ਵਲੋਂ ਦੁੱਧ ਪੀਣ ਅਤੇ ਇਕ ਖਾਸ ਕਿਸਮ ਦੀਆਂ ਰੋਟੀਆਂ ਦਾ ਰਾਤੋ-ਰਾਤ ਦੁੱਗਣਾ ਹੋਣ ਦੀਆਂ ਘਟਨਾਵਾਂ ਨੇ ਖੂਬ ਚਰਚਾ ਛੇੜੀ ਸੀ, ਪਰ ਇਨ੍ਹਾਂ ਪਿੱਛੇ ਕੋਈ ਵਿਗਿਆਨਕ ਆਧਾਰ ਹੋਣ ਕਰਕੇ, ਇਹ ਰੌਚਿਕਤਾ ਦਾ ਕੇਂਦਰ ਬਣਨ ਦੇ ਬਾਵਜੂਦ, ਹਿੰਸਕ ਸਿੱਟਿਆਂ ਦਾ ਕਾਰਣ ਨਾ ਬਣਨ ਕਰਕੇ, ਕਿਸੇ ਗੰਭੀਰ ਸਮਾਜਿਕ ਜਾਂ ਮਾਨਸਿਕ ਸਮੱਸਿਆ ਵੱਲ ਇਸ਼ਾਰੇ ਦਾ ਪ੍ਰਤੀਕ ਨਾ ਬਣੀਆਂ।

ਮੌਜੂਦਾ ਘਟਨਾਵਾਂ ਦੀ ਲੜੀ ਸੱਪਨੁਮਾ ਨਿਸ਼ਾਨ, ਗਣੇਸ਼ ਦੇ ਦੁੱਧ ਪੀਣ ਜਾਂ ਖਾਸ ਕਿਸਮ ਦੀਆਂ ਰੋਟੀਆਂ ਦੀ ਲੜੀ ਨਾਲ ਸਬੰਧਤ ਨਾ ਹੋ ਕੇ, ਗੁਰੂ ਗ੍ਰੰਥ ਸਾਹਿਬ ਦੀਆਂ ਪਾਵਨ ਬੀੜਾਂ ਦੀ ਬੇਅਦਬੀ ਅਤੇ ਦੋ ਦਹਾਕੇ ਪਹਿਲਾਂ ਚਰਚਾ ਵਿਚ ਆਏ ਕਾਲੇ ਕੱਛਿਆਂ ਦੇ ਗ੍ਰੋਹਾਂ, ਜਿਨ੍ਹਾਂ ਦਾ ਜ਼ਿਕਰ ਚਾਰ ਕੁ ਸਾਲ ਪਹਿਲਾਂ ਦੁਆਰਾ ਫਿਰ ਹੋਇਆ ਸੀ, ਜਦੋਂ ਕਿਸੇ ਹਬਸ਼ੀ ’ਤੇ ਹਮਲੇ ਬਾਅਦ, ਉਨ੍ਹਾਂ ਵਲੋਂ ਬਦਲਾ ਲੈਣ ਦੇ ਇਰਾਦੇ ਨਾਲ ਅਜਿਹੇ ਹਮਲੇ ਕਰਨ ਦੀ ਅਫ਼ਵਾਹ ਫੈਲੀ ਸੀ, ਨਾਲ ਜੁੜਦਾ ਹੈ। ਇਸ ਲੜੀ ਦੀਆਂ ਤੰਦਾਂ ਨੂੰ ਬਾਰੀਕੀ ਨਾਲ ਵੇਖਿਆਂ ਜ਼ਾਹਰ ਹੁੰਦਾ ਹੈ ਕਿ ਇਨ੍ਹਾਂ ਦਾ ਆਧਾਰ ਤਰਕਹੀਣ ਅਤੇ ਮਕਸਦ ਦਹਿਸ਼ਤ ਅਤੇ ਡਰ ਦਾ ਮਾਹੌਲ ਪੈਦਾ ਕਰਨ ਨਾਲ ਸੰਬੰਧਤ ਹੋਣ ਕਰਕੇ, ਇਨ੍ਹਾਂ ਨੂੰ ਸਮਝਣਾ ਅਤੇ ਇਨ੍ਹਾਂ ’ਤੇ ਅੰਕੁਸ਼ ਲਗਾਉਣਾ ਸ਼ਾਸਨ ਅਤੇ ਪ੍ਰਸ਼ਾਸਨ ਲਈ ਜ਼ਰੂਰੀ ਹੋ ਜਾਂਦਾ ਹੈ, ਭਾਵੇਂ ਕਿ ਸਭ ਤੋਂ ਵੱਡੀ ਜਿੰਮੇਵਾਰੀ ਸਧਾਰਣ ਜਨਤਾ ਦੀ ਹੈ, ਜਾਗਰੂਕ ਅਤੇ ਚੌਕੰਨੇ ਹੋਣ ਦੀ।

ਖ਼ੈਰ! ਦਿੱਲੀ ਵਿਚ ਤਾਂ ਪੁਲਿਸ ਵਲੋਂ ਮਾਨਵੀ ਵਿਹਾਰ ਅਤੇ ਸੰਬੰਧਤ ਵਿਗਿਆਨਾਂ ਦੀ ਸੰਸਥਾ ਦੇ ਮਾਨਸਿਕ ਸਿਹਤ ਦੇ ਮਾਹਰਾਂ ਨੂੰ ਇਸ ਬਾਰੇ ਅਧਿਐਨ ਕਰਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਹੈ। ਇਹ ਉਹੀ ਸੰਸਥਾ ਹੈ, ਜਿਸ ਨੇ 2001 ਵਿਚ ਬਾਂਦਰ-ਇਨਸਾਨ ਵਰਤਾਰੇ (Monkey-man phenomenon) ਨੂੰ ਸਮਝਣ ਲਈ ਇਕ ਖੋਜ ਦਾ ਸਫ਼ਲ ਆਯੋਜਨ ਕੀਤਾ ਸੀ, ਜਦੋਂ ਇਕ ਬਾਂਦਰ-ਜਿਹੇ ਜੀਵ ਨੇ ਦੇਸ਼ ਦੀ ਰਾਜਧਾਨੀ ਵਿਚ ਲੋਕਾਂ ’ਤੇ ਹਮਲੇ ਕਰਕੇ ਦਹਿਸ਼ਤ ਤੇ ਡਰ ਦਾ ਮਾਹੌਲ ਕਾਇਮ ਕੀਤਾ ਸੀ। ਲੰਮੀ ਖੋਜ ਬਾਅਦ, ਸੰਸਥਾ ਨੇ ਸਿੱਟਾ ਕੱਢਿਆ ਸੀ ਕਿ ਇਹ ਘਟਨਾਵਾਂ ਲੋਕਾਂ ਵਿਚ ਸਮੂਹਿਕ ਹਿਸਟੀਰੀਆ’ (Mass Hysteria) ਦੀ ਬਿਰਤੀ ਦਾ ਸਿੱਟਾ ਸਨ, ਜਿਸ ਵਿਚ ਝੂਠੀਆਂ-ਸੱਚੀਆਂ ਅਫ਼ਵਾਹਾਂ ਜਾਂ ਖ਼ਬਰਾਂ ਰਾਹੀਂ ਵੱਡੀ ਗਿਣਤੀ ਵਿਚ ਲੋਕਾਂ ਵਿਚ ਅਸਲੀ ਜਾਂ ਕਾਲਪਨਿਕ ਡਰ ਜਾਂ ਚੇਤਾਵਨੀ ਉਪਜਦੀ ਹੈ, ਜਿਸ ਦੇ ਸਿੱਟੇ ਵਜੋਂ ਅਨੇਕਾਂ ਲੋਕ ਉਹ ਜਾਂ ਉਹੋ ਜਿਹੇ ਲੱਛਣ ਦਿਖਾਉਣ ਲੱਗਦੇ ਹਨ, ਭਾਵੇਂ ਕਿ ਅਸਲ ਵਿਚ ਅਜਿਹਾ ਹੁੰਦਾ ਨਹੀਂ। ਮਤਲਬ, ਸਿਰਫ਼ ਲੱਛਣ ਦਿਖਾਉਣ/ਦਿਖਾਈ ਦੇਣ ਦੇ ਝੂਠੇ ਦਾਅਵੇ ਕਰਦੇ ਹਨ। ਹੋ ਸਕਦਾ ਹੈ ਕਿ ਉੱਤਰ ਭਾਰਤ ਵਿਚ ਨਿੱਤ ਵਾਪਰਣ ਵਾਲੀਆਂ ਵਾਲ ਜਾਂ ਗੁੱਤਾਂ ਕੱਟੇ ਜਾਣ ਦੀਆਂ ਘਟਨਾਵਾਂ ਵੀ ਇਸੇ ਬਿਰਤੀ ਦੀਆਂ ਲਖਾਇਕ ਹੋਣ। ਆਓ, ਇਸ ਨੂੰ ਹੋਰ ਬਾਰੀਕੀ ਨਾਲ ਸਮਝਣ ਦਾ ਯਤਨ ਕਰੀਏ।

ਵਾਲਾਂ ਦਾ ਸੰਬੰਧ ਕਾਲੇ ਜਾਦੂ ਨਾਲ ਵੀ ਹੈ। ਦਰਅਸਲ, ਕਾਲਾ ਜਾਦੂ ਕਰਨ ਵਾਲੇ ਲਈ, ਕਿਸੇ ਨੂੰ ਪ੍ਰਭਾਵਿਤ ਕਰਨ ਲਈ, ਉਸ ਦੇ ਵਾਲਾਂ ਨੂੰ ਹਾਸਲ ਕਰਕੇ, ਉਨ੍ਹਾਂ ਤੇ ਜਾਦੂ’ ਕਰਕੇ, ਜਾਂ ਕੋਈ ਉਪਾਅਕਰਕੇ ਵਿਅਕਤੀ ਨੂੰ ਵੱਸ ਵਿਚ ਕਰਨਾ ਹੁੰਦਾ ਹੈ। ਇਹ ਵਹਿਮ ਦੀ ਦੁਨੀਆਂ ਹੈ, ਜਿਸ ਵਿਚ ਤਰਕ ਦਾ ਕੋਈ ਸਥਾਨ ਨਹੀਂ। ਪਰ, ਇਨਸਾਨੀ ਮਾਨਸਿਕਤਾ ਨੂੰ ਸਮਝਣਾ ਔਖਾ ਹੈ। ਸਿੱਖਿਆ ਅਤੇ ਚੇਤਨਾ/ਜਾਗਰੂਕਤਾ ਦੀ ਘਾਟ ਕਰਕੇ ਅਜਿਹਾ ਅੱਜ ਵੀ ਵਾਪਰਦਾ ਹੈ। ਕਮਜ਼ੋਰ ਵਰਗ ਦੇ ਇਨਸਾਨ ਇਸ ਚੱਕਰਵਿਯੂ ਵਿਚ ਛੇਤੀ ਫਸਦੇ ਹਨ। ਪਛੜੇ ਜਾਂ ਪੇਂਡੂ ਇਲਾਕੇ ਵਿਚ ਕਿਸੇ ਦਲਿਤ ਜਾਂ ਮਹਿਲਾ ’ਤੇ ਅਜਿਹਾ ਕਰਨਾ ਸੌਖਾ ਵੀ ਹੈ, ਤੇ ਉਹ ਇਸ ਨੂੰ ਗੈਬੀ ਸ਼ਕਤੀ ਨਾਲ ਜੋੜ ਕੇ, ਦੋਸ਼ੀ ਦੇ ਮਨੋਰਥ ਨੂੰ ਪੂਰਾ ਹੋਣ, ਕਾਫ਼ੀ ਮਦਦ ਕਰ ਦਿੰਦੇ ਹਨ, ਕਿਉਂਕਿ ਇਸ ਨਾਲ ਉਹ ਸ਼ੱਕ-ਰਹਿਤ ਹੋ ਜਾਂਦਾ ਹੈ, ਅਤੇ ਆਪਣਾ ਜਾਦੂਕਰਨ ਵਿਚ ਭੈਅ-ਮੁਕਤ (fearless) ਹੋ ਕੇ ਰੁੱਝ ਜਾਂਦਾ ਹੈ। ਜਦੋਂ ਪੀੜਤ ਵਿਅਕਤੀ ਅਗਿਆਨਤਾ ਵੱਸ ਇਸ ਘਟਨਾ ਨੂੰ ਗੈਬੀ ਸ਼ਕਤੀ ਨਾਲ ਜੋੜ ਕੇ ਚਾਲੀ-ਪੰਜਾਹ ਹੋਰ ਜਣਿਆਂ ਨੂੰ ਦੱਸਦਾ ਹੈ ਤਾਂ ਉਸਦੇ ਆਲੇ-ਦੁਆਲੇ ਦੇ ਉਸ ਵਰਗੇ ਲੋਕ, ਉਸ ਤੇ ਵਿਸ਼ਵਾਸਸ ਕਰਨ ਲੱਗਦੇ ਹਨ। ਡਰ ਅਤੇ ਸਹਿਮ ਦਾ ਬਜ਼ਾਰ ਗਰਮ ਹੋ ਜਾਂਦਾ ਹੈ। ਇਕ ਦਮ ਚੱਕਰ ਆਉਣ ਬਾਅਦ, ਸਿਰ ਵਿਚ ਪੀੜ ਹੋਣ ਪਿੱਛੋਂ, ਬੇਹੋਸ਼ ਹੋਣ ਬਾਅਦ, ਜਦੋਂ ਪੀੜਤਉੱਠਦਾ ਹੈ ਤਾਂ ਉਸ ਦੇ ਸਿਰ ਦੇ ਵਾਲ ਕੱਟੇ ਹੋਏ ਹੁੰਦੇ ਹਨ। ਇਹ ਇਕ ਪੈਟਰਨ ਸਾਹਮਣੇ ਆਉਂਦਾ ਹੈ। ਕਈ ਘਟਨਾਵਾਂ ਵਿਚ ਲੜਕੇ ਵੀ ਇਨ੍ਹਾਂ ਘਟਨਾਵਾਂ ਦਾ ਸ਼ਿਕਾਰ ਬਣਦੇ ਹਨ।

ਗੌਰਤਲਬ ਹੈ ਕਿ ਵਾਲ ਕੱਟਣ ਦੀ ਮੁੱਢਲੀ ਘਟਨਾ ਦਾ ਸੰਬੰਧ ਜਾਦੂ-ਟੂਣੇ ਨਾਲ ਹੋ ਸਕਦਾ ਹੈ। ਪਰ, ਐਡੀ ਵੱਡੀ ਗਿਣਤੀ ਵਿਚ ਅਤੇ ਐਨੇ ਵਿਸ਼ਾਲ ਘੇਰੇ-ਖਿੱਤੇ ਵਿਚ ਅਜਿਹੀ ਘਟਨਾ ਦਾ ਵਾਪਰਨ ਪਿੱਛੇ ਕਈ ਕਾਰਕ ਜ਼ਿੰਮੇਵਾਰ ਬਣਦੇ ਹਨ। ਅਸਲ ਵਿਚ ਸਮੂਹਿਕ ਹਿਸਟੀਰੀਆ, ਇਕ ਲੜੀ ਪ੍ਰਤੀਕ੍ਰਿਆ (chain reaction) ਵਾਂਗ ਕੰਮ ਕਰਦਾ ਹੈ। ਪਹਿਲੀ-ਦੂਜੀ ਘਟਨਾ ਕਿਸੇ ਜਾਦੂ-ਟੂਣੇ ਕਰਨ ਵਾਲੇ ਤਾਂਤ੍ਰਿਕ ਜਾਂ ਬਾਬੇ ਦੇ ਉਕਸਾਉਣ ਜਾਂ ਸੁਝਾਉਣ ’ਤੇ ਵਾਪਰ ਸਕਦੀ ਹੈ। ਕਿਸੇ ਇਕ ਉਪ-ਖਿੱਤੇ ਵਿਚ ਇਸ ਦਾ ਅਸਰ ਹੋ ਸਕਦਾ ਹੈ। ਉਸ ਤੋਂ ਬਾਅਦ, ਇਸ ਨਾਲ ਹੋਰ ਕਾਰਣ ਅਤੇ ਕਾਰਕ ਜੁੜਦੇ ਜਾਂਦੇ ਹਨ।

ਆਓ! ਇਸ ਨੂੰ ਹੋਰ ਸਮਝੀਏ। ਜਦੋਂ ਇਲਾਕੇ ਵਿਚ ਵਾਲ ਕੱਟੇ ਜਾਣ ਦੀਆਂ ਘਟਨਾਵਾਂ ਆਰੰਭ ਹੁੰਦੀਆਂ ਹਨ, ਤਾਂ ਇਹ ਗੱਲ ਜ਼ਿਆਦਾਤਰ ਲੋਕਾਂ ਦੇ ਕੰਨਾਂ ਤੱਕ ਪਹੁੰਚਦੀ ਹੈ। ਅਚੇਤ ਦਿਮਾਗ ਚੱਲਣ ਲੱਗਦਾ ਹੈ। ਘਰੇਲੂ ਪ੍ਰੇਸ਼ਾਨੀ, ਅਸੰਤੁਸ਼ਟੀ, ਦੱਬੀਆਂ-ਕੁਚਲੀਆਂ ਭਾਵਨਾਵਾਂ, ਮਾਨਸਿਕ ਅਸਥਿਰਤਾ, ਤਣਾਓ, ਚਿੰਤਾ, ਘਰੇਲੂ ਦੁਬਿਧਾ, ਘੋਰ-ਨਿਰਾਸ਼ਾ ਅਤੇ ਹੋਰ ਮਾਨਸਿਕ ਬੀਮਾਰੀਆਂ ਦੇ ਸ਼ਿਕਾਰ ਲੋਕਾਂ ਤੱਕ ਵੀ ਇਹ ਖ਼ਬਰ ਪੁੱਜਦੀ ਹੈ। ਕਈ ਲੜਕੀਆਂ ਵਾਲ ਕਟਵਾਉਣਾ ਚਾਹੁੰਦੀਆਂ ਹਨ, ਪਰ ਮਾਪੇ ਜਾਂ ਸਹੁਰੇ ਇਜਾਜ਼ਤ ਨਹੀਂ ਦਿੰਦੇ। ਕਈਆਂ ਘਰਾਂ ਵਿਚ ਮਾਹੌਲ ਅਜਿਹਾ ਹੁੰਦਾ ਹੈ ਕਿ ਲੜਕੀਆਂ ਮਾਪਿਆਂ-ਸਹੁਰਿਆਂ ਨਾਲ ਇਸ ਗੱਲ ਬਾਰੇ ਪੁੱਛਣ ਦਾ ਸੁਪਨਾ ਵੀ ਨਹੀਂ ਲੈ ਸਕਦੀਆਂ। ਜਦੋਂ ਹੋਰਾਂ ਦੀਆਂ ਗੁੱਤਾਂ ਕੱਟੀਆਂ ਜਾ ਰਹੀਆਂ ਹਨ, ਤਾਂ ਵਗਦੀ ਗੰਗਾ ਵਿਚ ਉਹ ਵੀ ਹੱਥ ਧੋ ਕੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੀ ਸੰਭਾਵਨਾ ਪੈਦਾ ਹੁੰਦੀ ਹੈ। ਅਜਿਹਾ ਕੁਝ ਕੇਸਾਂ ਵਿਚ ਹੋਇਆ ਵੀ ਹੈ। ਸਾਹਮਣੇ ਆਇਆ ਹੈ। ਕਈ ਥਾਵਾਂ ’ਤੇ ਮੁਡਿੰਆਂ ਨੇ ਵੀ ਅਜਿਹਾ ਕੀਤਾ ਹੈ, ਜੋ ਸਿੱਖ ਪਰਿਵਾਰਾਂ ਨਾਲ ਸੰਬੰਧ ਰੱਖਦੇ ਹਨ। ਵੱਡੀ ਉਮਰ ਦੀਆਂ ਮਹਿਲਾਵਾਂ ਦੇ ਦਿਲ ਦੇ ਕਿਸੇ ਕੋਨੇ ਵਿਚ ਇਹ ਇੱਛਾ ਦੱਬੀ ਪਈ ਹੁੰਦੀ ਹੈ। ਮੌਕਾ ਮਿਲਣ ’ਤੇ ਉਹ ਵੀ ਆਪਣੀ ਇੱਛਾ ਪੂਰੀ ਕਰਦੀਆਂ ਹਨ। ਇਹ ਇਸ ਰੁਝਾਨ ਦਾ ਇਕ ਪਹਿਲੂ ਹੈ। ਪੀੜਤ ਹੀ ਦੋਸ਼ੀ ਹੋ ਸਕਦਾ ਹੈ।

ਇਸ ਰੁਝਾਨ ਦਾ ਦੂਜਾ ਪਹਿਲੂ ਹੋਰ ਵੀ ਰੌਚਿਕ ਹੈ। ਟ੍ਰਿਕੋਫਿਲੀਆ (trichophilia) ਇਕ ਮਾਨਸਿਕ ਰੋਗ ਹੈ, ਜਿਸ ਦੇ ਲਗਭਗ 0.78% ਲੋਕ ਪੀੜਤ ਹਨ। ਇਸ ਦਾ ਸੰਬੰਧ ਵਾਲਾਂ ਪ੍ਰਤੀ ਫੀਟਿਸ਼ (fetish) ਨਾਲ ਹੈ। ਫੀਟਿਸ਼ ਕੀ ਹੈ? ਲਿੰਗਕ ਉਤੇਜਨਾ ਨੂੰ ਕਿਸੇ ਗੈਰ-ਲਿੰਗਕ ਕ੍ਰਿਆ, ਵਸਤ ਜਾਂ ਸਰੀਰਕ ਅੰਗ ਨਾਲ ਜੋੜਣ ਵਾਲੀ ਕੜੀ ਨੂੰ ਫੀਟਿਸ਼ ਆਖਦੇ ਹਨ। ਕਾਫ਼ੀ ਹੱਦ ਤੱਕ, ਇਹ ਮਾਨਵੀ ਲਿੰਗਕ ਵਰਤਾਰੇ ਦਾ ਇਕ ਕੁਦਰਤੀ ਹਿੱਸਾ ਹੈ। ਸਾਡੇ ਵਿੱਚੋਂ ਵਧੇਰੇ ਲੋਕਾਂ ਦੀ ਨਿੱਜੀ ਚੋਣ ਜਾਂ ਰੁਚੀ ਹੁੰਦੀ ਹੈ ਕਿ ਸਾਡਾ ਜੀਵਨ ਸਾਥੀ ਇਹੋ ਜਿਹਾ ਦਿਖੇ। ਕੁਝ ਵਿਅਕਤੀਆਂ ਨੂੰ ਰੇਸ਼ਮੀ, ਮੁਲਾਇਮ ਤੇ ਸਿੱਧੇ ਵਾਲਾਂ ਵਾਲੀ ਸਾਥਣ ਚੰਗੀ ਲੱਗਦੀ ਹੈ, ਕੁਝ ਨੂੰ ਘੁੰਘਰਾਲੇ ਵਾਲਾਂ ਵਾਲੀ। ਕੁਝ ਨੂੰ ਖੁੱਲ੍ਹੇ ਵਾਲਾਂ ਵਾਲੀ, ਕੁਝ ਨੂੰ ਗੁੱਤ ਵਾਲੀ। ਆਪਣੀ-ਆਪਣੀ ਪਸੰਦ ਹੈ। ਅਨੁਵੰਸ਼ਿਕ ਪਰਿਵਰਤਨ ਮੁਤਾਬਿਕ, ਕੁਦਰਤੀ ਚੋਣ ਦੀ ਪ੍ਰਕ੍ਰਿਆ ਵਿਚ ਇਹ ਸਧਾਰਣ ਭਾਵ ਅਤੇ ਭਾਵਨਾਵਾਂ ਹੁੰਦੀਆਂ ਹਨ, ਜੋ ਕਿ ਜੀਵਨ ਦਾ ਲਾਜ਼ਮੀ ਹਿੱਸਾ ਹਨ। ਸਮੱਸਿਆ ਤਦ ਪੈਦਾ ਹੁੰਦੀ ਹੈ, ਜਦੋਂ ਇਹ ਰੁਚੀਆਂ ਜਾਂ ਚੋਣਾਂ ਐਨੀਆਂ ਵਧ ਜਾਣ ਕਿ ਇਨਸਾਨ ਫੀਟਸ਼ ਉਤੇਜਨਾ ਰਾਹੀਂ ਉਕਸਾਏ ਜਾਣ ਤੋਂ ਬਿਨਾਂ ਲਿੰਗਕ ਕਾਰਜ ਕਰਨ ਤੋਂ ਅਯੋਗ ਹੋ ਜਾਵੇ। ਫੀਟਿਸ਼ ਤਦ ਸਮਾਜਿਕ ਸਮੱਸਿਆ ਬਣਦਾ ਹੈ, ਜੇ ਨਿਮਨਲਿਖਤ ਵਿਚ ਇਕ ਜਾਂ ਦੋਵੇਂ ਮਾਪਦੰਡ ਪੂਰੇ ਹੋਣ-

1. ਇਸ ਫੀਟਿਸ਼ ਨਾਲ ਦੂਜਿਆਂ ਨੂੰ ਨੁਕਸਾਨ ਪੁੱਜੇ।

2. ਇਸ ਫੀਟਿਸ਼ ਨਾਲ ਇਨਸਾਨ ਦੀ ਇਕ ਸਿਹਤਮੰਦ ਅਤੇ ਸੰਪੂਰਨ, ਸੰਤੁਸ਼ਟ ਲਿੰਗਕ/ਰੋਮਾਂਟਿਕ ਜੀਵਨ ਜਿਉਣ ਦੀ ਯੋਗਤਾ ਵਿਚ ਅੜਿੱਕਾ ਲੱਗੇ।

ਮੌਜੂਦਾ ਘਟਨਾਵਾਂ ਵਿਚ ਘੱਟੋ-ਘੱਟ ਪਹਿਲਾ ਮਾਪਦੰਡ ਤਾਂ ਜ਼ਰੂਰ ਸ਼ਾਮਲ ਹੈ, ਕਿਉਂਕਿ ਇਸ ਫੀਟਿਸ਼ ਨਾਲ ਪੀੜਤ ਨੂੰ ਧੱਕਾ ਲੱਗ ਰਿਹਾ ਹੈ, ਅਤੇ ਸਮਾਜ ਵਿਚ ਡਰ ਅਤੇ ਦਹਿਸ਼ਤ ਦਾ ਮਾਹੌਲ ਉਤਪੰਨ ਹੋ ਰਿਹਾ ਹੈ। ਦੂਜੇ ਮਾਪਦੰਡ ਦਾ ਸੰਬੰਧ ਦੋਸ਼ੀ, ਜੋ ਖੁਦ ਮਾਨਸਿਕ ਰੋਗੀ ਹੈ, ਨਾਲ ਹੈ, ਅਤੇ ਉਹ ਅਜੇ ਤੱਕ ਬੇ-ਪਛਾਣ ਹੋਣ ਕਰਕੇ, ਉਸ ਬਾਰੇ ਟਿੱਪਣੀ ਬੇਲੋੜੀ ਹੈ। ਫਿਰ ਵੀ ਇਹ ਦੱਸਣਾ ਲਾਜ਼ਮੀ ਹੈ ਕਿ ਜੋ ਇਨਸਾਨ (ਦੋਸ਼ੀ), ਐਡਾ ਵੱਡਾ ਖ਼ਤਰਾ ਮੁੱਲ ਲੈ ਕੇ ਕਿਸੇ ਦੂਸਰੇ ਦੇ ਵਾਲਾਂ ਨਾਲ ਛੇੜਛਾੜ ਕਰ ਰਿਹਾ ਹੈ, ਤਾਂ ਇਸ ਦਾ ਸਿੱਧਾ-ਪੱਧਰਾ ਅਰਥ ਇਹ ਹੈ ਕਿ ਉਸਦਾ ਫੀਟਿਸ਼ ਉਸਨੂੰ ਐਨਾ ਮਜਬੂਰ ਕਰ ਰਿਹਾ ਹੈ, ਅਤੇ ਹੁਣ ਜਦੋਂ ਇਨ੍ਹਾਂ ਅਫ਼ਵਾਹਾਂ ਦੀ ਆੜ ਵਿਚ ਉਹ ਆਪਣੀ ਮਜਬੂਰੀ ਕਰਕੇ, ਆਪਣੇ ਫੀਟਿਸ਼ ਨੂੰ ਸੰਤੁਸ਼ਟ ਕਰਕੇ, ਆਪਣੇ ਲਿੰਗਕ ਜੀਵਨ ਨੂੰ ਬੇਹਤਰੀਨ ਬਣਾਉਣ ਦੀ ਕੋਸ਼ਿਸ ਕਰ ਰਿਹਾ ਹੈ, ਤਾਂ ਇਸ ਨਾਲ ਦੂਜਾ ਮਾਪਦੰਡ ਵੀ ਪੂਰਾ ਹੋ ਰਿਹਾ ਹੈ।

ਇੰਜ, ਇਹ ਘਟਨਾਵਾਂ ਇਕ ਜ਼ਹਿਰੀਲੇ ਚੱਕਰਵਿਯੂ (Vicious circle) ਵਾਂਗ ਹਨ। ਇਕ ਅਸਲੀ-ਨਕਲੀ ਘਟਨਾ ਨੇ ਅਜਿਹਾ ਮਾਹੌਲ ਪੈਦਾ ਕੀਤਾ, ਅਫ਼ਵਾਹਾਂ ਦਾ ਬਜ਼ਾਰ ਗਰਮ ਹੋਇਆ, ਮਾਨਸਿਕ ਰੋਗੀਆਂ ਵਿੱਚੋਂ ਕੁਝ ਆਪਣੇ-ਆਪ ਪੀੜਤ ਬਣ ਗਏ, ਕੁਝ ਨੇ ਦੋਸ਼ੀ ਬਣ ਕੇ ਦੂਜਿਆਂ ਨੂੰ ਪੀੜਤ ਬਣਾਇਆ। ਫਿਰ, ਨਿਰਾਸ਼ਾ, ਤਣਾਓ, ਘਰੋਗੀ ਮਸਲਿਆਂ ਦੇ ਸ਼ਿਕਾਰ ਅਤੇ ਹੋਰ ਮਾਨਸਿਕ ਰੋਗੀਆਂ ਨੇ ਦੂਜਿਆਂ ਦਾ ਧਿਆਨ ਆਪਣੇ ਵੱਲ ਆਕਰਸ਼ਤ ਕਰਨ ਲਈ, ਕੁਝ ਨੇ ਕਿਸੇ ਹੋਰ ਘਟਨਾ ਜਾਂ ਮੁੱਦੇ ਤੋਂ ਧਿਆਨ ਪਰੇ ਹਟਾਉਣ ਲਈ, ਪੀੜਤ ਬਣਨ ਦਾ ਨਾਟਕ ਰਚਿਆ ਹੋ ਸਕਦਾ ਹੈ। ਮਨੋਵਿਗਿਆਨ ਦੀ ਭਾਸ਼ਾ ਵਿਚ ਇਸ ਨੂੰ 'ਡਿਫੈਂਸ ਮੈਕਨਿਜ਼ਮ' (Defence Mechanism) ਆਖਦੇ ਹਨ। ਮਾਨਸਿਕ ਬੀਮਾਰਾਂ ਦੀ ਦੁਨੀਆਂ ਵਿਚ ਅਜਿਹਾ ਆਮ ਹੈ, ਪਰ ਅਸੀਂ ਇਸ ਨੂੰ ਅਕਸਰ ਗੈਬੀ ਸ਼ਕਤੀਆਂ ਜਾਂ ਭੂਤ-ਪ੍ਰੇਤਾਂ ਨਾਲ ਜੋੜਦੇ ਹਾਂ। ਜਦੋਂ ਰੂੜੀਆਂ, ਅਗਿਆਨ ਅਤੇ ਤਰਕਹੀਣਤਾ ਦਾ ਟਕਰਾ ਹੁੰਦਾ ਹੈ, ਤਾਂ ਕਈ ਵਾਰ ਅਜਿਹੇ ਵਰਤਾਰੇ ਸਾਹਮਣੇ ਆਉਂਦੇ ਹਨ। ਇੱਥੇ ਇਹ ਜ਼ਿਕਰ ਕਰਨਾ ਬੇਲੋੜਾ ਨਹੀਂ ਕਿ ਟ੍ਰਿਕੋਫਿਲੀਆ ਦਾ ਸ਼ਿਕਾਰ ਵਿਅਕਤੀ ਵਾਲ ਕਟਵਾਉਣ ਜਾਂ ਵਾਲ ਕੱਟਣ ਕਰਕੇ ਲਿੰਗਕ ਆਨੰਦ ਮਹਿਸੂਸ ਕਰਦਾ ਹੈ। ਇਸ ਤਰ੍ਹਾਂ, ਇਨ੍ਹਾਂ ਮੌਜੂਦਾ ਘਟਨਾਵਾਂ ਵਿਚ ਕਈ ਹਾਲਤਾਂ ਵਿਚ ਦੋਸ਼ੀ ਅਤੇ ਕਈ ਹਾਲਤਾਂ ਵਿਚ ਪੀੜਤ/ਪੀੜਿਤਾ ਇਸ ਰੋਗ ਦਾ ਸ਼ਿਕਾਰ ਹੋ ਸਕਦੇ ਹਨ। ਇਹ ਮਾਨਸਿਕ ਰੋਗੀ, ਤਣਾਓਗ੍ਰਸਤ ਜਾਂ ਹੋਰ ਕਾਰਣਾਂ ਕਰਕੇ (ਆਪਣੇ-ਆਪ, ਆਪੇ) ਵਾਲ ਕੱਟਣ ਵਾਲਿਆਂ ਤੋਂ ਵੱਖ ਹੁੰਦੇ ਹਨ।

ਇਨ੍ਹਾਂ ਘਟਨਾਵਾਂ ਪਿੱਛੇ ਇਕ ਹੋਰ ਪਹਿਲੂ ਵੀ ਹੈ। ਕਾਲੇ ਕੱਛਿਆਂ ਦੇ ਗ੍ਰੋਹਾਂ ਦੀਆਂ ਅਫ਼ਵਾਹਾਂ ਸਮੇਂ ਕਈ ਲੋਕਾਂ ਵੱਲੋਂ ਦੂਜਿਆਂ ਤੋਂ ਬਦਲੇ ਲੈਣ ਲਈ ਐਵੇਂ ਹੀ ਅਫਵਾਹ ਫੈਲਾ ਦਿੱਤੀ ਜਾਂਦੀ ਸੀ, ਕਿ ਫਲਾਣੇ ਦੇ ਖੇਤਾਂ ਵਿਚ ਕਾਲੇ ਕੱਛੇ ਵਾਲੇ ਆ ਗਏ ਹਨ। ਸਾਰਾ ਪਿੰਡ ਡਾਂਗਾ-ਸੋਟੀਆਂ ਲੈ ਕੇ ਫ਼ਸਲ ਦੀ ਪ੍ਰਵਾਹ ਨਾ ਕਰਦਾ ਹੋਇਆ, ਫ਼ਸਲ ’ਤੇ ਤੁਰ-ਭੱਜ ਕੇ ਉਨ੍ਹਾਂ ਨੂੰ ਲੱਭਦਾ, ਤਾਂ ਹੱਥ ਭਾਵੇਂ ਕੋਈ ਵੀ ਨਾ ਲੱਗਦਾ, ਪਰ ਆਪਣੇ ਸ਼ਰੀਕ ਜਾਂ ਵਿਰੋਧੀ ਦੀ ਫ਼ਸਲ ਖਰਾਬ ਹੋਈ ਦੇਖ ਕੇ ਇਹ ਅਫ਼ਵਾਹ ਫੈਲਾਉਣ ਵਾਲਾ ਅੰਦਰੋਂ-ਅੰਦਰ ਖੁਸ਼ ਹੁੰਦਾ। ਕਈ ਘਰਾਂ ਨੂੰ ਬਦਨਾਮ ਕਰਨ ਲਈ, ਵਿਰੋਧੀਆਂ ਵਲੋਂ ਇਸ ਵੇਲੇ ਗੈਬੀ ਸ਼ਕਤੀਆਂ ਦੇ ਨਾਂ ਹੇਠ ਵੀ ਅਜਿਹੇ ਕੰਮ ਕੀਤੇ ਜਾ ਸਕਦੇ ਹਨ। ਆਗਰਾ ਵਿਚ 2 ਅਗਸਤ, 2017 ਨੂੰ ਇਕ ਔਰਤ ਨੂੰ ਕਿਸੇ ਹੋਰ ਔਰਤ ਦੇ ਸਿਰ ਦੇ ਵਾਲ ਕੱਟਣ ਦੇ ਦੋਸ਼ ਹੇਠ, ਲੋਕਾਂ ਵਲੋਂ ਉਸ ਨੂੰ ਚੁੜੇਲ ਕਹਿ ਕੇ ਕੁੱਟ-ਕੁੱਟ ਕੇ ਮਾਰਣ ਦੀ ਘਟਨਾ ਵੀ ਸਾਹਮਣੇ ਆਈ ਹੈ। ਕਈਆਂ ਘਰਾਂ, ਗਵਾਂਢਾਂ ਵਿਚ ਕੁੜੱਤਣ ਪੈਦਾ ਹੋਈ ਹੈ। ਇਸ ਪ੍ਰਤੀ ਸਵੈ-ਪੜਚੋਲ, ਜਾਗਰੂਕਤਾ, ਸਿੱਖਿਆ ਅਤੇ ਪ੍ਰਚਾਰ ਦੀ ਲੋੜ ਹੈ।

ਕਈ ਲੋਕਾਂ ਵਲੋਂ ਰਾਜਸੀ ਤੰਤਰ ’ਤੇ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਕਿਸੇ ਵਿਸ਼ੇ ਤੋਂ ਧਿਆਨ ਭਟਕਾਉਣ ਲਈ ਅਜਿਹੀਆਂ ਘਟਨਾਵਾਂ ਨੂੰ ਜਨਮ ਦਿੱਤਾ ਜਾਂਦਾ ਹੈ। ਪਰ, ਕੋਈ ਵੀ ਜ਼ਿੰਮੇਵਾਰ ਰਾਜਸੀ ਦਲ, ਖਾਸ ਕਰਕੇ ਸੱਤਾ ’ਤੇ ਕਾਬਜ਼ ਦਲ, ਕਦੀ ਵੀ ਕਿਸੇ ਵੀ ਸੂਬੇ ਦੀ ਅਮਨ-ਸ਼ਾਂਤੀ ਭੰਗ ਕਰਨ ਬਾਰੇ ਸੋਚ ਸਕਦਾ ਹੈ, ਅਤੇ ਨਾ ਹੀ ਲੰਘੇ ਸਮੇਂ ਵਿਚ ਇਸ ਗੱਲ ਦੇ ਕਦੀ ਕੋਈ ਪੁਖਤਾ ਸਬੂਤ ਮਿਲੇ ਹਨ। ਇਕ ਨਵੀਂ ਥਿਊਰੀ ਪੇਸ਼ ਕੀਤੀ ਜਾ ਰਹੀ ਹੈ ਕਿ ਕੋਈ ਕੀੜਾ ਉੱਤਰੀ ਭਾਰਤ ਵਿਚ ਆਇਆ ਹੈ, ਜੋ ਕਿ ਵਾਲਾਂ ਦੇ ਜਿਸ ਹਿੱਸੇ ਵਿੱਚੋਂ ਲੰਘ ਜਾਂਦਾ ਹੈ, ਉੱਥੋਂ ਵਾਲ ਕੱਟੇ ਜਾਂ ਟੁੱਟ ਜਾਂਦੇ ਹਨ। ਅਜਿਹੀਆਂ ਮਨਘੜਤ ਗੱਲਾਂ ਕਿੱਸੇ-ਕਹਾਣੀਆਂ ਵਿਚ ਹੀ ਚੰਗੀਆਂ ਲਗਦੀਆਂ ਹਨ। ਬੇਤੁਕੀ ਗੱਲ ਨੂੰ ਹੁਲਾਰਾ ਦੇਣਾ ਸਮਾਜ ਦਾ ਸੁਭਾਅ ਹੈ।

ਅੰਗਰੇਜ਼ੀ ਦੇ ਮਹਾਨ ਸ਼ਾਇਰ ਅਲੈਗਜੈਂਡਰ ਪੋਪ ਦੇ ਮਹਾਂ-ਕਾਵਿ ਲਿਟ ਦਾ ਬਲਾਤਕਾ’' ਵਿਚ ਨਾਇਕ ਬੈਰਨ, ਨਾਇਕਾ ਬਲਿੰਦਾ ਨੂੰ ਪਿਆਰ ਕਰਦਾ ਹੈ, ਅਤੇ ਉਸਦੇ ਵਾਲਾਂ ਦੀ ਇਕ ਲਿਟ ਨੂੰ ਹਮੇਸ਼ਾ ਲਈ ਆਪਣੇ ਕੋਲ ਰੱਖਣ ਲਈ ਯਤਨਸ਼ੀਲ ਹੈ। ਮੌਕਾ ਮਿਲਦੇ ਸਾਰ, ਉਹ ਉਸਦੇ ਸਾਹਮਣੇ ਵਾਲੇ ਪਾਸੇ ਲਟਕਦੇ ਵਾਲਾਂ ਦੀ ਇਕ ਲਿਟ ਕੱਟ ਲੈਂਦਾ ਹੈ, ਜਿਸ ਬਾਰੇ ਪਤਾ ਲੱਗਣ ਤੇ ਬਲਿੰਦਾ ਅਤੇ ਉਸਦੇ ਪਰਿਵਾਰ ਵਲੋਂ ਖੂਬ ਰੌਲਾ ਪਾਇਆ ਜਾਂਦਾ ਹੈ। ਪਰ, ਬੈਰਨ ਦਾ ਇਸ ਕੰਮ ਵਿਚ ਸਾਥ ਦੇਣ ਵਾਲੀ ਕਲਾਰਿਸਾ ਬਲਿੰਦਾ ਨੂੰ ਆਖਦੀ ਹੈ ਕਿ ਹੁਣ ਤਾਂ ਜੋ ਹੋਣਾ ਸੀ, ਹੋ ਗਿਆ, ਇਸ ਗੱਲ ਨੂੰ ਹਾਸੇ ਵਿਚ ਟਾਲ ਦੇਵੋ, ਵਾਲ ਮੁੜ ਆ ਜਾਣਗੇ। ਇਕ ਵਾਰ ਗੁੰਮ ਹੋਈ ਸ਼ਾਂਤੀ ਦੁਬਾਰਾ ਨਹੀਂ ਆਵੇਗੀ।

*****

(803)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਪ੍ਰੋ. ਐੱਚ ਐੱਸ ਡਿੰਪਲ

ਪ੍ਰੋ. ਐੱਚ ਐੱਸ ਡਿੰਪਲ

Prof. H S Dimple PCS (A).
Jagraon, Ludhiana, Punjab, India.
Phone: (91- 98885 - 69669)
Email: (sendthematter@gmail.com)