SukhpalKLamba7ਮੇਰਾ ਮੁੰਡਾ ਤੇ ਨੂੰਹ ਦੋਨੋਂ ਕਣਕ ਵੱਢਣ ਗਏ ਹੋਏ ਨੇ। ਪੁੱਤ! ਸਾਲ ਭਰ ਦੇ ਦਾਣਿਆਂ ਦਾ ਵੀ ਇੰਤਜਾਮ ਕਰਨਾ ਹੋਇਆ ...
(8 ਮਈ 2017)

 

ਮੈਂ ਹਾਲੇ ਦਫਤਰ ਦਾ ਦਰਵਾਜਾ ਖੋਲ੍ਹਿਆ ਹੀ ਸੀ ਕਿ ਦੋ ਛੋਟੀਆਂ-ਛੋਟੀਆਂ ਪਿਆਰੀਆਂ ਬੱਚੀਆਂ ਮੈਲੇ ਕੁਚੈਲੇ ਕੱਪੜਿਆਂ ਨਾਲ ਮੇਰੇ ਕਮਰੇ ਵਿੱਚ ਆ ਗਈਆਂ। ਇੱਕ ਸੱਠ ਕੁ ਸਾਲ ਦਾ ਬਾਬਾ ਵੀ, ਜਿਸ ਤੋਂ ਚੰਗੀ ਤਰ੍ਹਾਂ ਖੜ੍ਹਿਆ ਵੀ ਨਹੀਂ ਜਾ ਰਿਹਾ ਸੀ, ਉਹਨਾਂ ਦੇ ਪਿੱਛੇ ਪਿੱਛੇ ਆ ਗਿਆ। ਮੇਰੇ ਕੁਝ ਬੋਲਣ ਤੋਂ ਪਹਿਲਾਂ ਬਾਬੇ ਨੇ ਮੇਰੇ ਵੱਲ ਬੱਚੀ ਦਾ ਅਧਾਰ ਕਾਰਡ ਕਰ ਦਿੱਤਾ। ਆਧਾਰ ਕਾਰਡ ਤੇ ਬੱਚੀ ਦਾ ਨਾਂ ਲਿਖਿਆ ਸੀ, ‘ਸਕੀਨਾ’ ਮੈਂ ਬਾਬੇ ਨੂੰ ਬੈਠਣ ਲਈ ਕਿਹਾ। ਦਫਤਰ ਦਾ ਮੇਜ਼ ਠੀਕ ਕਰਕੇ ਮੈਂ ਬਾਬੇ ਨੂੰ ਪੁੱਛਿਆ, “ਬਾਬਾ ਜੀ, ਕਿਸ ਕੰਮ ਲਈ ਆਏ ਹੋ?”

ਬਾਬੇ ਨੇ ਬੜੀ ਤਰਲੇ ਭਰੀ ਅਵਾਜ਼ ਵਿੱਚ ਕਿਹਾ, “ਪੁੱਤ ਮੈਂ ਤਾਂ ਤੇਰੇ ਕੋਲ਼ ਬੜੀ ਆਸ ਲੈ ਕੇ ਆਇਆ ਹਾਂ।”

ਬਾਬੇ ਦੀ ਭਾਸ਼ਾ ਵਿੱਚ ਪੋਠੋਹਾਰੀ ਦਾ ਰਲੇਵਾਂ ਸੀ। ਮੈਂ ਬਾਬੇ ਨੂੰ ਪੁੱਛਿਆ, “ਬਾਬਾ, ਕੀ ਬਿਮਾਰੀ ਹੈ ਗੁੜੀਆ ਨੂੰ?ਮੈਂ ਇਸ਼ਾਰੇ ਨਾਲ ਬੱਚੀ ਨੂੰ ਆਪਣੇ ਕੋਲ ਬੁਲਾਇਆ ਤਾਂ ਉਹ ਕੁਝ ਸੰਗ ਗਈ ਤੇ ਆਪਣੀ ਛੋਟੀ ਭੈਣ ਦੇ ਨਾਲ ਲੱਗ ਕੇ ਖੜ੍ਹ ਗਈ। ਮੇਰੇ ਇਹ ਕਹਿਣ ’ਤੇ ਕਿ ਹੁਣ ਸਭ ਕੁਝ ਠੀਕ ਹੋ ਜਾਵੇਗਾ, ਬਾਬੇ ਨੂੰ ਕੁਝ ਸਕੂਨ ਮਿਲਿਆ। ਬਾਬੇ ਨੇ ਕੁਰਸੀ ’ਤੇ ਠੀਕ ਹੋ ਕੇ ਬੈਠਦੇ ਕਿਹਾ, “ਪੁੱਤ, ਮੈਂ ਤਾਂ ਅਣਪੜ੍ਹ ਹਾਂ, ਪਰ ਇਹ ਕੁੜੀਆਂ ਕੁਝ ਪੜ੍ਹ ਲਿਖ ਜਾਣ ਤਾਂ ਇਹਨਾਂ ਦਾ ਕੁਝ ਬਣ ਜਾਵੇਗਾ। ਧੀਏ, ਮੈਂ ਸਕੂਲ ਗਿਆ ਸੀ। ਉਹਨਾਂ ਨੇ ਇਹਨਾਂ ਨੂੰ ਦਾਖਲ ਕਰਨ ਤੋਂ ਨਾਂਹ ਕਰ ਦਿੱਤੀ ਤੇ ਮੈਨੂੰ ਇਹ ਕਹਿ ਕਿ ਭਜਾ ਦਿੱਤਾ ਕਿ ਇਹ ਨਹੀਂ ਪੜ੍ਹ ਸਕਦੀ, ਇਹਦਾ ਦਿਮਾਗ ਨਹੀਂ। ਪੁੱਤ, ਮੇਰੇ ਕੋਲ ਆਹ ਇਹਦਾ ਆਧਾਰ ਕਾਰਡ ਹੈ ਮੇਰੀ ਪੋਤੀ ਜਮਾਂ ਠੀਕ ਹੈ। ਮੈਂ ਦੁਬਾਰਾ ਅੱਜ ਗਿਆ ਸੀ ਸਵੇਰੇ ਤਾਂ ਉਹਨਾਂ ਕਿਹਾ ਕਿ ਜਨਮ ਪੱਤਰੀ ਲਿਆ ਇਹਦੀ, ਫੇਰ ਦਾਖਲ ਕਰਾਂਗੇ। ਮੈਂ ਬਹੁਤ ਉਹਨਾਂ ਦੇ ਮਿਨਤਾਂ ਤਰਲੇ ਕੀਤੇ ਪਰ ਸਰਕਾਰੀ ਸਕੂਲ ਵਾਲਿਆਂ ਨੇ ਨਾਂਹ ਕਰ ਦਿੱਤੀ।” ਇਹ ਕਹਿ ਕੇ ਬਾਬਾ ਰੋਣ ਲੱਗ ਪਿਆ।

ਮੇਰਾ ਵੀ ਮਨ ਭਰ ਆਇਆ। ਮੈਂ ਆਧਾਰ ਕਾਰਡ ਦੇਖਿਆ ਤਾਂ ਬੱਚੀ ਦਾ ਜਨਮ 21 ਅਕਤੂਬਰ 2009 ਲਿਖਿਆ ਹੋਇਆ ਸੀ। ਬੱਚੀ ਦੇਖਣ ਵਿੱਚ ਬਿਲਕੁਲ ਠੀਕ ਸੀ। ਉਸਦੀ ਸਕੂਲ ਜਾਣ ਦੀ ਉਮਰ ਸੀ। ਮੈਂ ਬਾਬੇ ਨੂੰ ਚੁੱਪ ਕਰਾਇਆ ਤੇ ਪੁੱਛਿਆ, “ਬਾਬਾ ਜੀ, ਤੁਸੀਂ ਇਹਨਾਂ ਦੇ ਦਾਦਾ ਹੋ?”

ਬਾਬੇ ਨੇ ਆਪਣੀਆਂ ਅੱਖਾਂ ਕੁੜਤੇ ਦੀ ਬਾਂਹ ਨਾਲ ਪੂੰਝਦਿਆਂ ਕਿਹਾ, “ਧੀਏ, ਹਾਂ, ਮੈਂ ਤਾਂ ਇਹਨਾਂ ਦਾ ਦਾਦਾ ਹਾਂ। ਮੇਰਾ ਮੁੰਡਾ ਤੇ ਨੂੰਹ ਦੋਨੋਂ ਕਣਕ ਵੱਢਣ ਗਏ ਹੋਏ ਨੇ। ਪੁੱਤ! ਸਾਲ ਭਰ ਦੇ ਦਾਣਿਆਂ ਦਾ ਵੀ ਇੰਤਜਾਮ ਕਰਨਾ ਹੋਇਆ। ਮੈਂ ਆਪ ਰਿਕਸ਼ਾ ਚਲਾਉਂਦਾ ਹਾਂ ਪੁੱਤ।” ਇੰਨਾ ਕਹਿ ਬਾਬਾ ਜੀ ਚੁੱਪ ਹੋ ਗਏ। ਤੇ ਉਸ ਦੇ ਕੋਲ਼ ਖੜ੍ਹੀ ਵੱਡੀ ਪੋਤੀ ਉਸਦੀਆਂ ਅੱਖਾਂ ਪੂੰਝਣ ਲੱਗ ਪਈ

ਮੈਂ ਬਾਬੇ ਨੂੰ ਉਸਦਾ ਪਿੰਡ ਤੇ ਸਕੂਲ ਦਾ ਨਾਂ ਪੁੱਛਿਆ ਤੇ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫਤਰ ਦੇ ਇੱਕ ਡੀਲਿੰਗ ਸਹਾਇਕ ਨੂੰ ਫੋਨ ਕੀਤਾ ਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਤੇ ਕਿਹਾ ਕਿ ਇਹਨਾਂ ਬੱਚੀਆਂ ਦਾ ਦਾਖਲਾ ਸਕੂਲ ਵਿੱਚ ਕਾਰਵਾਇਆ ਜਾਵੇ ਤੇ ਜੇਕਰ ਕੋਈ ਦਿੱਕਤ ਆਉਂਦੀ ਹੋਵੇ ਤਾਂ ਮੈਨੂੰ ਦੱਸੀ ਜਾਵੇ। ਉਹਨਾਂ ਮੈਨੂੰ ਕਿਹਾ, “ਬਾਬੇ ਤੇ ਬੱਚੀਆਂ ਨੂੰ ਬਲਾਕ ਪ੍ਰਾਇਮਰੀ ਅਫਸਰ ਕੋਲ ਭੇਜੋ, ਮੈਂ ਹੁਣੇ ਫੋਨ ਕਰਦਾ ਹਾਂ। ਬੱਚੀਆਂ ਦਾ ਦਾਖਲਾ ਹੋ ਜਾਵੇਗਾ ਤੇ ਜਿਸ ਅਧਿਆਪਕ ਨੇ ਬੱਚੀਆਂ ਨੂੰ ਦਾਖਲੇ ਤੋਂ ਮਨ੍ਹਾਂ ਕੀਤਾ ਹੈ, ਉਸ ਨੂੰ ਵੀ ਬੁਲਾ ਕੇ ਪੁੱਛਦੇ ਹਾਂ।”

ਮੈਂ ਬਾਬੇ ਨੂੰ ਦਫਤਰ ਦਾ ਪਤਾ, ਆਪਣਾ ਫੋਨ ਨੰਬਰ ਤੇ ਰਸਤੇ ਬਾਰੇ ਦੱਸਿਆ ਤੇ ਕਿਹਾ, “ਬਾਬਾ ਜੀ, ਉੱਥੇ ਕੁਝ ਨਾ ਬਣਿਆ ਤਾਂ ਮੈਨੂੰ ਮੁੜ ਫੋਨ ਕਰਨਾ।”

ਬਾਬੇ ਨੇ ਬੜੇ ਪਿਆਰ ਨਾਲ ਮੇਰਾ ਸਿਰ ਪਲੋਸਿਆ ਤੇ ਅਣਗਿਣਤ ਹੀ ਅਸੀਸਾਂ ਦਿੱਤੀਆਂ ਮੈਂ ਬਾਬੇ ਨੂੰ ਸੁਭਾਵਿਕ ਹੀ ਪੁੱਛਿਆ, “ਬਾਬਾ ਜੀ ਤੁਹਾਡੇ ਪੋਤਾ ਹੈ?”

ਬਾਬਾ ਨੇ ਦੋਨਾਂ ਬੱਚੀਆਂ ਨੂੰ ਆਪਣੇ ਕਲੇਜੇ ਨਾਲ ਲਾਉਂਦਿਆਂ ਕਿਹਾ, “ਧੀਏ, ਮੇਰੇ ਲਈ ਤਾਂ ਇਹੀ ਮੇਰੇ ਪੋਤੇ ਨੇ ਤੇ ਮੇਰੇ ਵਾਰਸ ਨੇ। ਬੱਸ, ਇਹਨਾਂ ਦਾ ਕੁਝ ਬਣ ਜਾਵੇ ਤਾਂ ਮੈਂ ਵੀ ਉਸ ਰੱਬ ਨੂੰ ਮੂੰਹ ਦਿਖਾਵਾਂ ਧੀਏ, ਆਹ ਲੋਕ ਬੜੇ ਮਾੜੇ ਨੇ। ਕਹਿੰਦੇ ਨੇ ਕਿ ਕੀ ਕਰੇਂਗਾ ਇਹਨਾਂ ਨੂੰ ਪੜ੍ਹਾ ਕੇ। ਤੂੰ ਆਪਣੇ ਮੁੰਡੇ ਦਾ ਵਿਆਹ ਹੋਰ ਕਰਵਾ ਤੁਸੀਂ ਤਾਂ ਮੁਸਲਮਾਨ ਹੋ, ਕਰਵਾ ਸਕਦੇ ਹੋ। ਪਰ ਪੁੱਤ ਮੇਰੀ ਨੂੰਹ ਦਾ ਕੀ ਕਸੂਰ ਹੈ। ਨਾਲੇ ਮੇਰੇ ਮੁੰਡਾ ਵੀ ਕਿਹੜਾ ਕਲੈਕਟਰ ਲੱਗ ਗਿਆ ਮੇਰਾ ਤਾਂ ਘਰ ਵੀ ਮੇਰੀ ਨੂੰਹ ਦੀ ਸਮਝਦਾਰੀ ਨਾਲ ਚੱਲਦਾ। ਚੰਗਾ ਪੁੱਤ, ਮੈਂ ਜੇ ਕੁਝ ਨਾ ਬਣਿਆ ਤਾਂ ਤੇਰੇ ਕੋਲ਼ ਫੇਰ ਆਊਂਗਾ।” ਇੰਨਾ ਕਹਿ ਬਾਬਾ ਆਪਣੀਆਂ ਦੋਨਾਂ ਬੱਚੀਆਂ ਦੇ ਹੱਥ ਫੜਕੇ ਕਮਰੇ ਤੋਂ ਬਾਹਰ ਚਲਾ ਗਿਆ ਪਰ ਪਿੱਛੇ ਇੱਕ ਸਵਾਲ ਛੱਡ ਗਿਆ ਕਿ ਅੱਜ ਦੀ ਦੁਨੀਆ ਵਿੱਚ ਜਿਨ੍ਹਾਂ ਕੋਲ਼ ਸਭ ਕੁਝ ਹੈ ਤੇ ਜਿਨ੍ਹਾਂ ਕੋਲ਼ ਵਾਧੂ ਹੈ ਉਹ ਵੀ ਬੇਟੀਆਂ ਤੋਂ ਨਫਰਤ ਕਰਦੇ ਨੇ ਤੇ ਹਜਾਰਾਂ ਰੁਪਏ ਖਰਚ ਕੇ ਕੁੱਖ ਵਿੱਚ ਹੀ ਧੀਆਂ ਦਾ ਕਤਲ ਕਰ ਦਿੰਦੇ ਹਨ। ਮੇਰਾ ਦਿਲ ਕੀਤਾ ਕਿ ਬਾਬੇ ਨੂੰ ਖੜ੍ਹੀ ਹੋ ਕੇ ਸਲਾਮ ਕਰਾਂ! ਉਸਦਾ ਆਪਣੀਆਂ ਪੋਤਰੀਆਂ ਲਈ ਇੰਨਾ ਮੋਹ ਕਿ ਸੱਠ ਸਾਲ ਦਾ ਹੋ ਕੇ ਵੀ ਉਹਨਾਂ ਦੇ ਭਵਿੱਖ ਲਈ ਸੰਘਰਸ਼ ਕਰ ਰਿਹਾ ਸੀ।

*****

(694)

ਆਪਣੇ ਵਿਚਾਰ ਸਾਂਝੇ ਕਰੋ: (This email address is being protected from spambots. You need JavaScript enabled to view it.)

About the Author

ਸੁਖਪਾਲ ਕੌਰ ਲਾਂਬਾ

ਸੁਖਪਾਲ ਕੌਰ ਲਾਂਬਾ

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author