SukhpalKLamba7ਘਰ ਦੇ ਵਿਹੜੇ ਵਿੱਚ ਚਰਨੋ ਨੂੰ ਸੁੱਟ ਰੱਖਿਆ ਸੀ ਤੇ ਉਸਦਾ ਲਾਲ ਸੂਹਾ ਜੋੜਾ ...
(12 ਮਾਰਚ 2019)

 

ਅੱਜ ਦਫਤਰ ਵਿੱਚ ਮੇਰੇ ਮੇਜ਼ ’ਤੇ ਪਏ ਇੱਕ ਕੇਸ ਵੱਲ ਵਾਰ-ਵਾਰ ਧਿਆਨ ਜਾ ਰਿਹਾ ਸੀ ਤੇ ਨਾਲ ਹੀ ਉਹਦਾ ਕਿਹਾ ਇੱਕ-ਇੱਕ ਸ਼ਬਦ ਮੇਰੇ ਕੰਨਾਂ ਵਿੱਚ ਸਵਾਲਾਂ ਦਾ ਜਹਿਰ ਘੋਲ਼ ਰਿਹਾ ਸੀ, “ਉਹਨੂੰ ਤਾਂ ਜੀ ਕਸਰ ਹੁੰਦੀ ਹੈ ... ਉਹਨੂੰ ਨਹੀਂ ਕੋਈ ਅਕਲ।” ਅੱਜ ਕਾਫੀ ਦਿਨਾਂ ਬਾਦ ਮੈਂ ਕੁਝ ਵਿਹਲੇ ਹੋਣ ’ਤੇ ਕੁਝ ਸਮਾਂ ਬੈਠ ਕੇ ਬਿਤਾਉਣ ਦੀ ਹਾਲੇ ਸੋਚ ਹੀ ਰਹੀ ਸੀ ਕਿ ਇੱਕ 20 ਕੁ ਸਾਲ ਦੀ ਮਧਰੇ ਜਿਹੇ ਕੱਦ ਦੀ ਬੜੀ ਮਲੂਕੜੀ ਜਿਹੀ ਕੁੜੀ ਕੁਝ ਕਾਗਜ਼ ਚੁੱਕੀ ਦਫਤਰ ਵਿੱਚ ਦਾਖਲ ਹੋ ਗਈਉਸ ਨਾਲ ਉਸਦੀ ਅਧਖੜ ਉਮਰ ਦੀ ਬੀਬੀ ਸੀ ਜਿਸ ਨੇ ਇੱਕ ਚਾਰ ਕੁ ਸਾਲ ਦੇ ਬੱਚੇ ਨੂੰ ਕੁੱਛੜ ਚੁੱਕਿਆ ਹੋਇਆ ਸੀਮੈਂ ਬੱਚੇ ਨੂੰ ਦੇਖ ਸਮਝ ਚੁੱਕੀ ਸੀ ਕਿ ਇਹ ਮੇਰੇ ਕੋਲ਼ ਕਿਉਂ ਆਏ ਨੇਮੈਂ ਉਹਨਾਂ ਨੂੰ ਬੈਠਣ ਨੂੰ ਕਿਹਾ ਤਾਂ ਉਹ ਬੋਲੀ, “ਮੈਡਮ ਜੀ, ਡਾਕਟਰ ਨੇ ਸਾਨੂੰ ਤੁਹਾਡੇ ਕੋਲ਼ ਭੇਜਿਆ ਕਾਰਡ ਬਣਵਾਉਣ।” ਇੰਨਾ ਕਹਿ ਉਹ ਬੈਠ ਗਈਮੈਂ ਉਸ ਤੋਂ ਹਸਪਤਾਲ ਦੀ ਪਰਚੀ ਲਈ ਅਤੇ ਇੱਕ ਫਾਰਮ ਦਿੰਦੇ ਸਮਝਾਇਆ ਕਿ ਇਹ ਫਾਰਮ ਆਂਗਣਵਾੜੀ ਵਿੱਚੋਂ ਭਰਵਾ ਕੇ ਮੇਰੇ ਕੋਲ਼ ਲੈ ਆਉਣਾਹਾਲੇ ਮੇਰੀ ਗੱਲ ਪੂਰੀ ਨਹੀਂ ਸੀ ਹੋਈ ਕਿ ਉਸ ਨੇ ਇੱਕ ਦਮ ਆਪਣੇ ਨਾਲ ਆਈ ਬੀਬੀ ਵੱਲ ਤੇ ਬੱਚੇ ਵੱਲ ਕੌੜੀ ਜਿਹੀ ਨਜ਼ਰ ਨਾਲ ਤੱਕਿਆਮੇਰੇ ਅੱਗੋਂ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਹੱਥ ਜੋੜ ਖੜ੍ਹੀ ਹੋ ਗਈ ਤੇ ਤਰਲੇ ਕੱਢਦੀ ਬੋਲਣ ਲੱਗੀ, “ਮੈਡਮ ਜੀ, ਇਸ ਫਾਰਮ ਤੋਂ ਬਿਨਾਂ ਹੀ ਕਾਰਡ ਬਣਾ ਦਿਉਅਸੀਂ ਮਸਾਂ ਹੀ ਆਏ ਹਾਂ ਇਹਨੂੰ ਲੈ ਕੇ।”

ਉਸਨੇ ਬੱਚਾ ਆਪਣੀ ਕੁੱਛੜ ਚੁੱਕ ਲਿਆਮੈਂ ਉਸ ਨੂੰ ਬੈਠਣ ਲਈ ਕਿਹਾ ਪਰ ਉਹ ਬੈਠੀ ਨਾਮੈਂ ਉਸ ਨੂੰ ਸਮਝਾਇਆ ਕਿ ਸਾਡੇ ਲਈ ਤੁਹਾਡੇ ਬੇਟੇ ਦਾ ਇਲਾਜ ਕਰਵਾਉਣ ਲਈ ਇਹ ਫਾਰਮ ਜ਼ਰੂਰੀ ਹੈ ਤਾਂ ਉਸ ਨੇ ਤ੍ਰਬਕ ਕੇ ਕਿਹਾ, “ਇਹ ਮੇਰਾ ਬੇਟਾ ਨੀਂਮੈਂ ਤਾਂ ਇਸਦੀ ਭੂਆ ਹਾਂਮੈਂ ਤਾਂ ਜੀ ਆਪ ਆਪਣੇ ਸਹੁਰੇ ਜਾਣਾਇਹਦਾ ਜੀ ਡੈਡੀ ਦੁਕਾਨ ’ਤੇ ਲੱਗਿਆ ਹੋਇਆ, ਉਹਦੇ ਕੋਲ਼ ਟਾਇਮ ਨਹੀਂ ਸੀ।”

ਮੈਂ ਉਸਨੂੰ ਫਾਰਮ ਭਰਵਾ ਕੇ ਮਾਤਾ ਪਿਤਾ ਨੂੰ ਨਾਲ ਲਿਆਉਣ ਦੀ ਤਾਕੀਦ ਕਰ ਦਿੱਤੀਉਹ ਖਿਝਦੀ ਜਿਹੀ ਫਾਰਮ ਫੜ ਕੇ ਚਲੀ ਗਈ

ਦੂਸਰੇ ਦਿਨ ਉਹ ਇਕੱਲੀ ਹੀ ਫਾਰਮ ਭਰਵਾ ਅਤੇ ਬਾਕੀ ਦਸਤਾਵੇਜ਼ ਨਾਲ ਲੈ ਕੇ ਦਫਤਰ ਆ ਪਹੁੰਚੀਮੈਂ ਉਸ ਨੂੰ ਬਿਠਾ ਕੇ ਸਾਰੇ ਕਾਗਜ਼ ਚੈੱਕ ਕੀਤੇਮੈਂ ਮਾਤਾ-ਪਿਤਾ ਦਾ ਅਧਾਰ ਕਾਰਡ ਚੈੱਕ ਕੀਤਾਮੈਂ ਉਸ ਤੋਂ ਬੱਚੇ ਦੇ ਮਾਤਾ-ਪਿਤਾ ਦੇ ਨਾ ਆਉਣ ਬਾਰੇ ਪੁੱਛਿਆ ਤਾਂ ਉਹ ਬੱਸ ਚੁੱਪ ਕਰ ਗਈ, ਫਿਰ ਇੱਕ ਦਮ ਹੀ ਬੋਲੀ, “ਮੈਡਮ ਜੀ, ਮੇਰਾ ਭਾਈ ਥੋੜ੍ਹਾ ਭੋਲ਼ਾ ਜੀ ਤੇ ਭਾਬੀ ਮੇਰੀ ਬੱਸ ਬਿਮਾਰ ਜੀ ਰਹਿੰਦੀ ਹੈ ...।”

ਮੈਂ ਫਾਰਮ ਭਰ ਕੇ ਉਸਨੂੰ ਦੱਸਿਆ ਕਿ ਉਹਨਾਂ ਨੂੰ ਇੱਕ ਵਾਰ ਫਰੀਦਕੋਟ ਦੇ ਹਸਪਤਾਲ ਵਿੱਚ ਰੈਫਰ ਕਰ ਰਹੀ ਹਾਂਉੱਥੇ ਬੱਚੇ ਦੇ ਸਾਰੇ ਟੈਸਟ ਮੁਫਤ ਹੋਣਗੇ, ਤਾਂ ਉਹ ਇਕਦਮ ਹੀ ਬੋਲੀ, “ਮੈਡਮ ਜੀ, ਇੱਥੇ ਹੀ ਕਰਵਾ ਦਿਉ, ਮੈਂ ਤਾਂ ਆਪਣੇ ਸਹੁਰੇ ਜਾਣਾਮੇਰਾ ਆਪਣਾ ਰੌਲ਼ਾ ਸੀ ਕੁਝ... ਬੀਬੀ ਤਾਂ ਲਿਜਾ ਨਹੀਂ ਸਕਦੀਹੋਰ ਕੋਈ ਵੀ ਨਹੀਂ ਲਿਜਾ ਸਕਦਾ।”

ਮੈਂ ਪਿਆਰ ਨਾਲ ਸਮਝਾਉਂਦਿਆਂ ਕਿਹਾ ਕਿ ਇੱਥੇ ਨਹੀਂ ਹੋਣਾਤੁਸੀਂ ਆਪਣੇ ਭਰਾ ਜਾਂ ਭਰਜਾਈ ਨੂੰ ਕਹੋਉਹਨਾਂ ਦਾ ਬੱਚਾ ਹੈ, ਉਹ ਕਰਵਾਉਣਗੇ ਉਸਦਾ ਇਲਾਜ।” ਇਸ ’ਤੇ ਉਹ ਖਿੱਝਦੇ ਹੋਏ ਬੋਲੀ, “ਮੈਡਮ ਜੀ, ਭਰਾ ਮੇਰਾ ਭੋਲ਼ਾ ਜੀ, ਬੱਸ ਅੱਠਵੀਂ ਪਾਸ ਹੀ ਹੈ ਦੁਕਾਨ ਦੇ ਵੀ ਮਸਾਂ ਹੀ ਜਾਂਦਾ ਤੇ ਭਾਬੀ ਉਵੇਂ ਤਾਂ ਬੜੀ ਪੜ੍ਹੀ ਲਿਖੀ ਹੈ ਪਰ ਉਸਨੂੰ ਕਸਰ ਹੁੰਦੀ ਹੈਉਹਦਾ ਤਾਂ ਪਤਾ ਨਹੀਂ ਕਦੋਂ ਉਹਦੇ ’ਤੇ ਉਪਰੀ ਹਵਾ ਆ ਜਾਵੇ ਬੱਸ ਜੀ ਮੈਂ ਤੇ ਬੀਬੀ ਹੀ ਇਹਨਾਂ ਨੂੰ ਚੁੱਕੀ ਫਿਰਦੇ ਹਾਂਹੁਣ ਮੇਰਾ ਵੀ ਜੀ ਘਰ ਹੈ।”

ਇੰਨਾ ਸੁਣ ਮੈਂ ਉਸਨੂੰ ਕਿਹਾ, “ਤੁਸੀਂ ਆਪਣੀ ਭਾਬੀ ਨੂੰ ਕੱਲ੍ਹ ਲੈ ਕੇ ਆਉਣਾਮੈਂ ਬੱਚੇ ਦਾ ਇਲਾਜ ਇੱਥੋਂ ਕਰਵਾਉਣ ਦਾ ਕੋਈ ਹੱਲ ਕੱਢਾਂਗੀ।”

ਉਹ ‘ਹਾਂ ਜੀ’ ਕਹਿ ਕੇ ਚਲੀ ਗਈ ਸੀ, ਪਰ ਮੇਰੇ ਦਿਮਾਗ ਵਿੱਚ ‘ਕਸਰ’ ਸ਼ਬਦ ਦੀ ਘੰਟੀ ਵਜਾ ਗਈ ਸੀਅਕਸਰ ਕੋਈ ਸਮਾਜਿਕ ਕੁਰੀਤੀ ਜਾਂ ਸੋਚ ਬਚਪਨ ਵਿੱਚ ਸਾਡੇ ਸਮਾਜ ਵਿੱਚੋਂ ਕੋਈ ਘਟਨਾ ਜਾਂ ਸਵਾਲ ਬਣ ਗੁਜਰ ਜਾਂਦੇ ਹਨ, ਉਹ ਸਾਡੇ ਦਿਮਾਗ ਦੇ ਕਿਸੇ ਕੋਨੇ ਵਿੱਚ ਹੀ ਸਦਾ ਲਈ ਆਪਣੀ ਛਾਪ ਛੱਡ ਜਾਂਦੇ ਹਨਅੱਜ ਮੇਰੇ ਅੱਗੇ ਵੀ ਉਹੀ ਸਵਾਲ ਮੁੜ ਖੜ੍ਹਾ ਹੋਇਆ ਸੀ ਜਿਸ ਨੇ ਮੈਂਨੂੰ 18 ਸਾਲ ਪੁਰਾਣੇ ਸਮੇਂ ਦਾ ਸਮਾਜ ਚੇਤੇ ਕਰਵਾ ਦਿੱਤਾ ਸੀਮੇਰਾ ਬਚਪਨ ਵੀ ਇੱਕ ਨਿੱਕੇ ਜਿਹੇ ਪਿੰਡ ਵਿੱਚ ਗੁਜਰਿਆ ਸੀ, ਜਿੱਥੇ ਵਹਿਮ ਭਰਮ, ਭੂਤਾਂ-ਪ੍ਰੇਤਾਂ ਦੀਆਂ ਅਫਵਾਹਾਂ ਦਾ ਹੋਣਾ ਆਮ ਸੀਇਹ ‘ਕਸਰ’ ਸ਼ਬਦ ਵੀ ਅੱਜ ਇੰਨੇ ਸਾਲ ਬਾਦ ਮੈਂਨੂੰ ਆਪਣੇ ਉਸੇ ਸਵਾਲ ਦਾ ਜਵਾਬ ਮਿਲ ਗਿਆ ਲੱਗਦਾ ਸੀਮੈਂ ਦਸਵੀਂ ਕਲਾਸ ਦਾ ਪੇਪਰ ਦੇ ਕੇ ਵਿਹਲੀ ਹੋਈ ਸੀਸੋ ਮੈਂ ਘਰ ਵਿੱਚ ਰੱਖੀਆਂ ਕੁਝ ਸਾਹਿਤਕ ਕਿਤਾਬਾਂ ਨੂੰ ਟਟੋਲਣਾ ਸ਼ੁਰੂ ਕਰ ਦਿੱਤਾਮੇਰੇ ਪਿੰਡ ਦੀ ਸਵੇਰ ਆਮ ਵਰਗੀ ਨਹੀਂ ਸੀਸਾਡੇ ਘਰ ਤੋਂ ਪੰਜ ਘਰ ਛੱਡ ਕੇ ਇੱਕ ਘਰੋਂ ਸਵੇਰੇ ਉੱਚੀ-ਉੱਚੀ ਲੜਨ ਜਾਂ ਫਿਰ ਚਮਕੀਲੇ ਜਾਂ ਮਹੁੰਮਦ ਸਦੀਕ ਦੀ ਉੱਚੀ ਅਵਾਜ ਵਿੱਚ ਵੱਜਦੇ ਗੀਤਾਂ ਨੇ ਸਾਰੇ ਮੁੱਹਲੇ ਨੂੰ ਤੰਗ ਕਰ ਰੱਖਿਆ ਸੀਉਹ ਘਰ ਇੱਕ 55 ਕੁ ਸਾਲ ਦੀ ਬੀਬੀ, ਜਿਸਦੀਆਂ ਬਿੱਲੀਆਂ ਅੱਖਾਂ ਹੋਣ ਕਾਰਨ ਉਸਨੂੰ ਬਿੱਲੋ ਬੀਬੀ ਹੀ ਕਹਿੰਦੇ ਸੀ, ਦਾ ਸੀਬੀਬੀ ਦੇ ਘਰ ਉਸਦੀ ਛੋਟੀ ਕੁੜੀ ਚਰਨੋ ਤੇ ਦੋ ਅੱਤ ਦੇ ਨਸ਼ੇੜੀ ਮੁੰਡੇ ਸੀਬੀਬੀ ਦਾ ਘਰਵਾਲਾ ਆਪਣੀ ਬਿਮਾਰੀ ਨਾਲ ਘਰ ਵੀ ਖਾਲੀ ਕਰ ਕੇ ਤੇ ਕਰਜੇ ਦੀ ਪੰਡ ਬੀਬੀ ਦੇ ਸਿਰ ਧਰ ਕੇ ਜਹਾਨੋ ਕੂਚ ਕਰ ਗਿਆ ਸੀਬੀਬੀ ਦੀ ਵੱਡੀ ਕੁੜੀ ਦਾ ਵਿਆਹ ਹੋ ਗਿਆ ਸੀ, ਪਰ ਉਸਦਾ ਜੁਆਈ ਹਰ 4-5 ਦਿਨ ਬਾਦ ਬੀਬੀ ਦੇ ਘਰ ਹੀ ਡੇਰਾ ਲਾ ਲੈਂਦਾ ਸੀ ਘਰ ਵਿੱਚ ਚਰਨੋ ਤੇ ਉਸਦੀ ਲੜਾਈ ਪਿੰਡ ਲਈ ਮਨੋਰੰਜਨ ਦਾ ਸਾਧਨ ਬਣੀ ਹੋਈ ਸੀ, ਜਿਸ ਨੂੰ ਲੈ ਕੇ ਬਹੁਤ ਵਾਰ ਪੰਚਾਇਤ ਇੱਕਠੀ ਹੋ ਚੁੱਕੀ ਸੀ ਤੇ ਇਸ ਵਾਰ ਜਵਾਈ ਬੜੀ ਖਾਰ ਜਿਹੀ ਖਾ ਕੇ ਆਪਣੇ ਘਰ ਚਲਾ ਗਿਆ ਸੀ

ਦਰਅਸਲ ਬੀਬੀ ਤੇ ਚਰਨੋ ਦੋਨੋਂ ਹੀ ਵੱਡੇ ਸਰਪੰਚਾਂ ਦੇ ਘਰ ਮਿਹਨਤ ਮਜਦੂਰੀ ਕਰਦੀਆਂ ਸੀਚਰਨੋ ਦਾ ਗੋਰਾ ਰੰਗ, ਬਿੱਲੀਆਂ ਅੱਖਾਂ ਤੇ ਉੱਚਾ ਲੰਮਾ ਕੱਦ ਕਿਸੇ ਹੂਰ ਤੋਂ ਘੱਟ ਨਹੀਂ ਸੀਚਰਨੋ ਬੋਲਣ ਵਿੱਚ ਬੇਬਾਕ ਤੇ ਸੁਭਾਅ ਦੀ ਖੁੱਲ੍ਹੀ ਸੀਉਹ ਪੂਰੀ ਉਡਾਰ ਹੋ ਗਈ ਸੀਇਸਦੀ ਚਿੰਤਾ ਬੀਬੀ ਨੂੰ ਵੀ ਬਹੁਤ ਸੀਇਸ ਲਈ ਕਈ ਵਾਰ ਜਦ ਬੀਬੀ ਕਿਸੇ ਕੰਮ ’ਤੇ ਸਾਡੇ ਘਰ ਆਉਂਦੀ ਤਾਂ ਉਹ ਵੱਡੀ ਬੀਬੀ (ਦਾਦੀ ਮਾਂ) ਕੋਲ਼ ਬੈਠ ਰੋਣ ਲੱਗ ਜਾਂਦੀਬੀਬੀ ਬੋਲਦੀ, “ਅੰਮਾ ਜੀ, ਮੈਂਨੂੰ ਤਾਂ ਇਹਦੀ ਬਹੁਤ ਹੀ ਟੈਕਸ਼ਨ (ਟੈਨਸਨ) ਹੈ ਮੈਂ ਟੈਕਸ਼ਨ ਸ਼ਬਦ ਸੁਣ ਹੱਸ ਪੈਂਦੀ ਤੇ ਕਹਿੰਦੀ, “ਬੀਬੀ ਟੈਕਸ਼ਨ ਨੀ ਟੈਨਸ਼ਨ ਹੁੰਦੀ ਹੈ।”

ਬੀਬੀ ਥੋੜ੍ਹਾ ਖਿੱਝਦੀ ਤੇ ਕਹਿੰਦੀ, “ਨੀ ਆਹੋ ਛੋਟੀ ਮਾਸਟਰਨੀ।” ਮੇਰਾ ਪਾਪਾ ਮਾਸਟਰ (ਅਧਿਆਪਕ) ਹੋਣ ਕਾਰਨ ਉਹ ਬਹੁਤ ਮੰਨਦੀ ਸੀ ਤੇ ਬਾਈ ਬਾਈ ਕਹਿੰਦੀ ਥੱਕਦੀ ਨਹੀਂ ਸੀਇਸ ਕਰਕੇ ਉਹ ਮੈਂਨੂੰ ਵੀ ਛੋਟੀ ਮਾਸਟਰਨੀ ਕਹਿੰਦੀ ਸੀਬੀਬੀ ਨੂੰ ਚਰਨੋ ਦੇ ਆਪਣੇ ਜੀਜੇ ਨਾਲ ਲੜਦੇ ਦੇਖ ਕੇ ਕਹਿੰਦੀ, “ਇਹ ਨੂੰ ਕੋਈ ਓਪਰੀ ਹਵਾ ਜੀ ਚਿੰਬੜੀ ਲੱਗਦੀ ਹੈਕਸਰ ਲੱਗਦੀ ਹੈ।”

ਮੈਂ ਬਹੁਤ ਵਾਰੀ ਮੰਮੀ ਤੇ ਵੱਡੀ ਬੀਬੀ ਤੋਂ ਪੁੱਛਿਆ ਕਿ ਕਸਰ ਕੀ ਹੁੰਦੀ ਹੈ ਪਰ ਵੱਡੀ ਬੀਬੀ ਝਿੜਕ ਦਿੰਦੇ, “ਇਹਦਾ ਨਾ ਨਹੀਂ ਲਈਦਾ।” ਮੇਰੀ ਵੱਡੀ ਬੀਬੀ ਜੀ ਵੀ ਬੜੇ ਧਾਰਮਿਕ ਖਿਆਲਾਂ ਵਾਲੇ ਸੀ, ਇਸ ਲਈ ਉਹ ਉਸਨੂੰ ਗੁਰਦੁਆਰੇ ਮੱਥਾ ਟੇਕਣ ਦਾ ਕਹਿ ਛੱਡਦੇ

ਸਮਾਂ ਬੀਤਦਾ ਗਿਆਚਰਨੋ ਦੇ ਬਾਰੇ ਪਿੰਡ ਵਿੱਚ ਹੁੰਦੀਆਂ ਗੱਲਾਂ ਨੇ ਬੀਬੀ ਦੀ ਚਿੰਤਾ ਹੋਰ ਵਧਾ ਦਿੱਤੀਬੀਬੀ ਦੀ ਵੱਡੀ ਕੁੜੀ ਨੇ ਆਪਣੇ ਸਹੁਰਿਆਂ ਵਿੱਚੋਂ ਲੱਗਦੇ ਦਿਉਰ ਦਾ ਰਿਸ਼ਤਾ ਚਰਨੋ ਨਾਲ ਕਰਵਾ ਦਿੱਤਾਬੀਬੀ ਨੇ ਵਿੱਤ ਅਨੁਸਾਰ ਚਰਨੋ ਦਾ ਵਿਆਹ ਕੀਤਾ ਪਰ ਚਰਨੋ ਦਾ ਘਰਵਾਲਾ ਦੇਖ ਸਭ ਬੀਬੀ ਨੂੰ ਮਾੜਾ ਹੀ ਬੋਲ ਰਹੇ ਸੀਮਧਰੇ ਜਿਹੇ ਕੱਦ ਦਾ, ਪੱਕਾ ਰੰਗ, ਉਮਰ ਵੀ ਕਾਫੀ ਵੱਡੀ ਲੱਗਦੀ ਸੀ ਉਸਦੀ ਤੇ ਉੱਤੋਂ ਵਿਹਲਾ ਸੀ ਚਰਨੋ ਦਾ ਘਰਵਾਲਾਵਿਆਹ ਤੋਂ ਤੀਜੇ ਕੁ ਦਿਨ ਬੀਬੀ ਚਰਨੋ ਨੂੰ ਸਹੁਰਿਆਂ ਤੋਂ ਵਾਪਸ ਲੈ ਆਈ ਸੀ ਲਾਲ ਸੂਹਾ ਸੂਟ ਉੱਤੇ ਗੋਟੇ ਲੱਗੀ ਚੁੰਨੀ ਸਿਰ ’ਤੇ - ਚਰਨੋ ਨੂੰ ਦੇਖਦੇ ਹੀ ਭੁੱਖ ਲਹਿ ਜਾਂਦੀਹਫਤੇ ਕੁ ਬਾਦ ਚਰਨੋ ਦਾ ਘਰਵਾਲਾ ਉਸ ਨੂੰ ਲੈ ਗਿਆ।

ਮੇਰਾ ਦਸਵੀਂ ਦਾ ਰਿਜਲਟ ਆ ਗਿਆ ਤੇ ਮੈਂ ਆਪਣੀ ਅੱਗੇ ਦੀ ਪੜ੍ਹਾਈ ਪਿੰਡ ਦੇ ਨਾਲ ਲੱਗਦੇ 6 ਕਿਲੋਮੀਟਰ ’ਤੇ ਸ਼ਹਿਰ ਨੁਮਾ ਕਸਬੇ ਵਿਚਲੇ ਕੁੜੀਆਂ ਦੇ ਸਕੂਲ ਤੋਂ ਸ਼ੁਰੂ ਕਰ ਲਈਮੇਰੇ ਪਿੰਡ ਉਸ ਸਮੇਂ ਟੈਂਪੂ ਦਾ ਆਉਣਾ ਆਮ ਸੀ ਆਖਰੀ ਲੈਕਚਰ ਪੂਰਾ ਹੋਣ ’ਤੇ ਮੈਂ ਦੁਪਹਿਰ ਦੇ ਇੱਕ ਵਜੇ ਟੈਂਪੂ ਲੈ ਘਰ ਵਾਪਸ ਆ ਜਾਂਦੀ

ਇੱਕ ਦਿਨ ਮੈਂ ਟੈਂਪੂ ਤੋਂ ਉੱਤਰ ਕੇ ਗਲੀ ਵਿੱਚ ਪੈਰ ਪਾਇਆ ਤਾਂ ਲੋਕਾਂ ਦੇ ਇਕੱਠ ਤੇ ਉੱਚੀ-ਉੱਚੀ ਚੀਕਾਂ ਨੇ ਮੈਂਨੂੰ ਪਰੇਸ਼ਾਨ ਕਰ ਦਿੱਤਾਮੈਂ ਦੌੜ ਕੇ ਘਰ ਜਾ ਕੇ ਆਪਣਾ ਬੈਗ ਰੱਖਿਆ ਤਾਂ ਚੀਕਾਂ ਦੀ ਅਵਾਜ ਹੋਰ ਵੀ ਉੱਚੀ ਹੋ ਗਈਘਰ ਕੋਈ ਵੀ ਨਹੀਂ ਸੀਅਵਾਜਾਂ ਬੀਬੀ ਦੇ ਘਰੋਂ ਆ ਰਹੀਆਂ ਸੀਸ਼ਾਇਦ ਮੰਮੀ ਤੇ ਵੱਡੀ ਬੀਬੀ ਵੀ ਉੱਧਰ ਹੀ ਗਏ ਹੋਏ ਹੋਣ, ਇਹ ਸੋਚ ਮੈਂ ਵੀ ਬੀਬੀ ਦੇ ਘਰ ਵੱਲ ਦੌੜ ਪਈਇਕੱਠ ਬਹੁਤ ਸੀਮੈਂ ਬੀਬੀ ਦੇ ਘਰ ਨਾਲ ਗੁਆਂਢੀਆਂ ਦੇ ਘਰ ਦੀ ਛੱਤ ’ਤੇ ਚਲੀ ਗਈ, ਜਿੱਥੇ ਪਹਿਲਾਂ ਹੀ ਮੰਮੀ ਤੇ ਛੋਟੇ ਭੂਆ ਜੀ ਖੜ੍ਹੇ ਸਨ ਜੋ ਦ੍ਰਿਸ਼ ਮੈਂ ਉਸ ਦਿਨ ਦੇਖਿਆ, ਉਹ ਅੱਜ ਵੀ ਅੱਖਾਂ ਸਾਹਮਣੇ ਆ ਖੜ੍ਹਾ ਹੋ ਜਾਂਦਾ ਹੈ ਤੇ ਚਰਨੋ ਦੀਆਂ ਚੀਕਾਂ ਹੁਣ ਵੀ ਕੰਨ ਪਾੜ ਸੁਟਦੀਆਂ ਹਨ...

ਘਰ ਦੇ ਵਿਹੜੇ ਵਿੱਚ ਚਰਨੋ ਨੂੰ ਸੁੱਟ ਰੱਖਿਆ ਸੀ ਤੇ ਉਸਦਾ ਲਾਲ ਸੂਹਾ ਜੋੜਾ ਮਿੱਟੀ ਨਾਲ ਲਿੱਬੜਿਆ ਹੋਇਆ ਸੀਉਸਦੇ ਵਾਲ ਖਿੱਲਰੇ ਹੋਏ ਸੀ ਉਸਦੇ ਹੱਥਾਂ ਨੂੰ ਰੱਸੀ ਨਾਲ ਬਣ ਰੱਖਿਆ ਸੀ ਤੇ ਉਸਦੇ ਪਿੰਡੇ ’ਤੇ ਰੱਸੇ ਨਾਲ ਨਾਲ ਸੱਟਾਂ ਮਾਰੀਆਂ ਜਾ ਰਹੀਆਂ ਸੀ ... ਦੇਖ ਕੇ ਮੈਂ ਇੱਕ ਦਮ ਦੇਖ ਚੀਕ ਮਾਰ ਦਿੱਤੀ

ਮੰਮੀ ਨੇ ਮੈਂਨੂੰ ਘੁੱਟ ਕੇ ਆਪਣੇ ਸੀਨੇ ਨਾਲ ਲਾ ਲਿਆ ਤੇ ਫੜ ਕੇ ਘਰ ਵੱਲ ਲੈ ਆਈਮੈਂ ਮੰਮੀ ਨੂੰ ਰੋਂਦੇ ਹੋਏ ਪੁੱਛਿਆ, “ਮੰਮਾ, ਚਰਨੋ ਨੂੰ ਕੀ ਹੋਇਆ?” ਮੰਮੀ ਨੇ ਮੈਂਨੂੰ ਪਿਆਰ ਕਰਦੇ ਕਿਹਾ, “ਬੇਟਾ, ਚਰਨੋ ਸਹੁਰੇ ਘਰ ਨਹੀਂ ਜਾ ਰਹੀ ਤੇ ਇਹ ਪਾਗਲ ਲੋਕ ਨੇ, ਇਹ ਉਹਦੀ ਕਸਰ ਕੱਢਦੇ ਨੇ।”

ਮੈਂਨੂੰ ਉਸ ਦਿਨ ‘ਕਸਰ’ ਸ਼ਬਦ ਦਾ ਅਰਥ ਸਮਝ ਨਹੀਂ ਆਇਆ ਪਰ ਮੈਂ ਮੁੜ ਕਦੀ ਉਹਨਾਂ ਦੇ ਘਰ ਵੱਲ ਨਹੀਂ ਜਾ ਸਕੀਰੋਜ਼ ਚਰਨੋ ਨਾਲ ਇਹ ਵਰਤਾਰਾ ਹੁੰਦਾ ਤੇ ਸ਼ਾਇਦ ਹੁਣ ਉਹ ਇਸਦੀ ਆਦੀ ਹੋ ਗਈ ਸੀਦੋ ਕੁ ਮਹੀਨੇ ਬਾਦ ਮੰਮੀ ਤੋਂ ਪਤਾ ਲੱਗਾ ਕਿ ਚਰਨੋ ਨੇ ਪਿੰਡ ਦੇ ਸ਼ਮਸ਼ਾਨਘਾਟ ਦੇ ਨਾਲ ਲੱਗਦੇ ਖੂਹ ਵਿੱਚ ਛਾਲ ਮਾਰ ਦਿੱਤੀ ਸੀਖੂਹ ਵਿੱਚੋਂ ਕੱਢ ਉਸ ਨੂੰ ਸ਼ਹਿਰ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦਾ ਇਲਾਜ ਚੱਲਿਆ ਪਰ ਉਹ ਮਾਨਸਿਕ ਰੋਗੀ ਬਣ ਚੁੱਕੀ ਸੀ ਪਿੰਡ ਵਾਲੇ ਲੋਕ ਫਿਰ ਵੀ ਇਹੀ ਕਹਿੰਦੇ ਕਿ ਇਹਨਾਂ ਫਲਾਣੇ ਦੇ ਬਹੂ ਜਾਂ ਕੁੜੀ ਨੂੰ ਕਸਰ ਹੁੰਦੀ ਸੀ

ਉਸ ਸਮੇਂ ਮੈਂ ਇਸ ਸਵਾਲ ਤੇ ਸਮਾਜਿਕ ਸੋਚ ਨੂੰ ਸਮਝ ਨਹੀਂ ਸਕੀ ਸੀਪਰ ਜਿਵੇਂ ਹੀ ਨੌਕਰੀ ਕਰਨ ਲੱਗੀ ਤਾਂ ‘ਕਸਰ’ ਦਾ ਅਸਲ ਅਰਥ ਸਮਝ ਆਇਆ ਕਿ ਚਰਨੋ ਨੂੰ ਆਪਣੇ ਬੇ-ਮੇਲ ਘਰਵਾਲੇ ਤੋਂ ਪਰੇਸ਼ਾਨੀ ਸੀ ਨਾ ਕਿ ਕਿਸੇ ਦਾ ‘ਭੂਤ’ ਜਾਂ ‘ਓਪਰੀ ਹਵਾ’ ਜਾਂ ‘ਓਪਰੀ ਕਸਰ’ਅੱਜ ਭਾਵੇਂ ਸਾਡੇ ਹੱਥਾਂ ਵਿੱਚ ਸਮਾਰਟ ਫੋਨ ਆ ਗਏ ਪਰ ਅਸੀਂ ਅੱਜ ਵੀ ਭੂਤਾਂ-ਪਰੇਤਾਂ ਤੇ ਓਪਰੀ ਕਸਰ ਵਰਗੀਆਂ ਗੱਲਾਂ ’ਤੇ ਵਿਸ਼ਵਾਸ ਕਰਦੇ ਹਾਂ ਤੇ ਚਰਨੋ ਵਰਗੀਆਂ ਕੁੜੀਆਂ ਨਾਲ ਅਣ-ਮਨੁੱਖੀ ਵਰਤਾਰਾ ਕਰਦੇ ਹਾਂਆਉ ਸੋਚੀਏ, ਜੋ ਜਹਾਨੋ ਤੁਰ ਗਿਆ ਉਹ ਕਿਵੇਂ ਵਾਪਸ ਮੁੜ ਸਕਦਾ ਹੈ ਤੇ ਜੋ ਇਸ ਜਹਾਨ ਵਿੱਚ ਵਸਦੇ ਨੇ, ਉਹਨਾਂ ਨੂੰ ਸਹੀ ਸੇਧ ਦੇ ਕੇ ਉਹਨਾਂ ਦਾ ਜੀਵਨ ਸੁਧਾਰਨ ਦਾ ਯਤਨ ਕਰੀਏ

*****

(ਨੋਟ: ਹਰ ਲੇਖਕ ਆਪਣੀ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1505)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਸੁਖਪਾਲ ਕੌਰ ਲਾਂਬਾ

ਸੁਖਪਾਲ ਕੌਰ ਲਾਂਬਾ

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author