SukhpalKLamba7ਧੀਏ, ਮੇਰੀ ਘਰਦੀ ਵਿਚਾਰੀ ਅੰਦਰੋ-ਅੰਦਰੀ ਇਕੱਲੇਪਨ ਤੇ ਨਿਰਾਦਰੀ ਨੇ ਖਾ ਲਈ ...
(13 ਮਈ 2019)

 

ਜ਼ਿੰਦਗੀ ਬਤੀਤ ਕਰਦਿਆਂ ਬਹੁਤੀ ਵਾਰ ਇਹ ਵੀ ਹਾਲਾਤ ਬਣ ਜਾਂਦੇ ਨੇ ਕਿ ਜਦੋਂ ਸਾਰੇ ਹਾਲਾਤ ਇਨਸਾਨ ਨੂੰ ਆਪਣੇ ਵਿਰੁੱਧ ਲੱਗਦੇ ਹਨ ਕੁਝ ਇੱਦਾਂ ਦੇ ਹੀ ਸਮੇਂ ਵਿੱਚੋਂ ਮੈਂ ਵੀ ਆਪਣੀ ਹਾਲਾਤ ਨਾਲ ਜੱਦੋਜਹਿਦ ਕਰਦੀ ਦਫਤਰੋਂ ਛੁੱਟੀ ਤੋਂ ਬਾਦ ਅਚਾਨਕ ਹੀ ਜੂਸ ਦੀ ਦੁਕਾਨ ਅੱਗੇ ਆ ਖੜ੍ਹੀ ਸੀਮੈਂ ਜੂਸ ਵਾਲੇ ਨੂੰ ਚਾਰ ਗਿਲਾਸ ਜੂਸ ਦੇ ਪੈਕ ਕਰਨ ਦਾ ਕਹਿ ਕੇ ਉਸਦੀ ਦੁਕਾਨ ਵਿੱਚ ਪਈਆਂ ਬੇਹਿਸਾਬੀਆਂ ਕੁਰਸੀਆਂ ਵਿੱਚੋਂ ਇੱਕ ਉੱਤੇ ਜਾ ਬੈਠੀਦੁਕਾਨ ਵਾਲੇ ਨੇ ਜੂਸ ਕੱਢਣਾ ਸ਼ੁਰੂ ਹੀ ਕੀਤਾ ਸੀ ਕਿ ਇੱਕ ਦਮ ਬਿਜਲੀ ਚਲੀ ਗਈ ਤੇ ਉਸਨੇ ਮੈਂਨੂੰ ਬੈਠ ਕੇ ਇੰਤਜ਼ਾਰ ਕਰਨ ਲਈ ਕਿਹਾਮੈਂ ਆਉਂਦੇ-ਜਾਂਦੇ ਲੋਕਾਂ ਨੂੰ ਦੇਖ ਰਹੀ ਸੀ ਕਿ ਇੱਕ 85 ਕੁ ਸਾਲ ਦਾ ਬਾਬਾ ਸਿਰ ਉੱਤੇ ਕਰੀਮ ਰੰਗ ਦੀ ਪੱਗ ਤੇ ਚਿੱਟੇ ਰੰਗ ਦਾ ਕੁੜਤਾ ਪੰਜਾਮਾ ਪਾਈ, ਹੱਥ ਵਿੱਚ ਖੂੰਡੀ ਫੜੀ ਦੁਕਾਨ ’ਤੇ ਆ ਗਿਆਉਹ ਜੂਸ ਵਾਲੇ ਨੂੰ ਪਹਿਲਾਂ ਤੋਂ ਹੀ ਜਾਣਦਾ ਸੀ ਕੰਬਦੇ ਹੱਥਾਂ ਨਾਲ ਆਪਣੀ ਖੂੰਡੀ ਸੰਭਾਲਦਾ ਉਹ ਦੁਕਾਨ ਦੀ ਪੌੜੀ ਚੜ੍ਹ ਰਿਹਾ ਸੀਮੈਂ ਬਾਬੇ ਲਈ ਕੁਰਸੀ ਅੱਗੇ ਕੀਤੀ ਤਾਂ ਉਸਨੇ ਕੰਬਦੇ ਹੱਥਾਂ ਵਿੱਚੋਂ ਆਪਣੀ ਖੂੰਡੀ ਇੱਕ ਪਾਸੇ ਰੱਖ ਦਿੱਤੀ ਤੇ ਕੁਰਸੀ ਉੱਤੇ ਬੈਠ ਗਿਆਸੁੰਨੀਆਂ ਅੱਖਾਂ, ਸੁੱਕੇ ਬੁੱਲ੍ਹ ਤੇ ਕੰਬਦਾ ਸਰੀਰ ਉਸਦੀ ਉਮਰ ਦੇ ਆਖਰੀ ਪਹਿਰ ਦਾ ਸੁਨੇਹਾ ਦੇ ਰਹੇ ਸਨਬਾਬਾ ਜੀ ਨੇ ਮੇਰੇ ਵੱਲ ਦੇਖਿਆ ਤੇ ਫਿਰ ਮੂੰਹ ਘੁੰਮਾ ਲਿਆ

ਮੈਂ ਜੂਸ ਵਾਲੇ ਤੋਂ ਸਮਾਂ ਪੁੱਛਿਆ ਤਾਂ ਉਸ ਨੇ 10 ਮਿੰਟ ਇੰਤਜ਼ਾਰ ਕਰਨ ਲਈ ਕਿਹਾਬਾਬੇ ਨੇ ਫਿਰ ਮੇਰੇ ਵੱਲ ਦੇਖਿਆ ਤੇ ਕੰਬਦੀ ਅਵਾਜ ਵਿੱਚ ਕਿਹਾ, “ਬੀਬਾ, ਤੂੰ ਜੂਸ ਕਿਸ ਲਈ ਲਈ ਲੈ ਕੇ ਜਾਣਾ?”

ਬਾਬੇ ਦਾ ਸਵਾਲ ਮੈਂਨੂੰ ਕੁਝ ਅਜੀਬ ਜਿਹਾ ਲੱਗਿਆ ਪਰ ਮੈਂ ਹਲੀਮੀ ਨਾਲ ਜਵਾਬ ਦਿੱਤਾ, “ਬਾਬਾ ਜੀ, ਆਪਣੇ ਪਾਪਾ ਜੀ ਤੇ ਮੰਮਾ ਲਈ।”

ਬਾਬਾ ਇੱਕ ਦਮ ਚੁੱਪ ਹੋ ਗਿਆਬਾਬੇ ਦੇ ਸਵਾਲ ਨੇ ਮੇਰੇ ਅੰਦਰ ਕਈ ਤਰ੍ਹਾਂ ਦੇ ਸਵਾਲਾਂ ਦਾ ਹੜ੍ਹ ਲਿਆ ਦਿੱਤਾਮੈਂ ਬਾਬੇ ਨੂੰ ਪੁੱਛਣ ਹੀ ਲੱਗੀ ਸੀ ਕਿ ਮੇਰੇ ਤੋਂ ਪਹਿਲਾਂ ਬਾਬਾ ਜੀ ਆਪ ਹੀ ਬੋਲ ਪਏ, “ਬੜਾ ਚੰਗਾ ਬੀਬਾ ਤੂੰ ਮਾਪਿਆਂ ਲਈ ਜੂਸ ਲੈ ਜਾ ਰਹੀ ਹੈਂਨਹੀਂ ਤਾਂ ...”

ਇੰਨਾ ਕਹਿ ਕੇ ਬਾਬਾ ਜੀ ਚੁੱਪ ਹੋ ਗਏਮੈਂ ਸੁਭਾਵਿਕ ਹੀ ਗੱਲ ਤੋਰ ਲਈ, “ਬਾਬਾ ਜੀ, ਤੁਸੀਂ ਜੂਸ ਪੀਣ ਆਏ ਹੋ?”

ਬਾਬੇ ਨੇ ਮੇਰੀ ਗੱਲ ਦਾ ਕੋਈ ਜਵਾਬ ਨਾ ਦਿੱਤਾਮੈਂ ਫਿਰ ਪੁੱਛਿਆ, “ਬਾਬਾ ਜੀ ਤੁਸੀਂ ਰੋਜ਼ ਇੱਥੇ ਆਉਂਦੇ ਹੋ?”

ਇਸ ਵਾਰ ਜੂਸ ਵਾਲਾ ਭਾਈ ਬੋਲ ਪਿਆ, “ਮੈਡਮ ਜੀ, ਇਹ ਇੱਥੇ ਨਾਲ ਵਾਲੀ ਗਲੀ ਵਿੱਚੋਂ ਆਉਂਦੇ ਨੇ ਬੱਸ ਟਾਇਮ ਲੰਘਾਉਣ।”

ਬਾਬਾ ਜੀ ਨੇ ਆਪਣੀ ਖੂੰਡੀ ਚੁੱਕ ਲਈ ਤੇ ਕੁਰਸੀ ਤੇ ਸੂਤ ਹੋ ਕੇ ਬੈਠ ਗਏਮੇਰੇ ਵੱਲ ਦੇਖਦੇ ਹੋਏ, ਕਹਿਣ ਲੱਗੇ, “ਬੀਬਾ, ਮੈਂ ਇੱਕ ਨਿੱਜੀ ਕਾਲਜ ਦਾ ਰਿਟਾਇਰਡ ਪ੍ਰੋਫੈਸਰ ਹਾਂ85 ਸਾਲ ਦੀ ਉਮਰ ਹੋ ਗਈ ਹੈਕੋਈ ਵੇਲਾ ਸੀ ਜਦ ਘਰਦੀ ਜਿਉਂਦੀ ਸੀ ਤੇ ਰੌਣਕ ਸੀ ਮੇਰੀ ਜ਼ਿੰਦਗੀ ਵਿੱਚ।”

ਇੰਨਾ ਕਹਿ ਬਾਬਾ ਜੀ ਕਿਧਰੇ ਗੁਵਾਚ ਜਿਹੇ ਗਏ ਤੇ ਉਹਨਾਂ ਦੀਆਂ ਅੱਖਾਂ ਵਿੱਚਲਾ ਸੁੰਨਾਪਨ ਹੋਰ ਵੀ ਗਹਿਰਾ ਹੋ ਗਿਆਮੈਂ ਪੋਲੇ ਜਿਹੇ ਬਾਬੇ ਦੇ ਮੋਢੇ ਉੱਤੇ ਹੱਥ ਰੱਖਿਆ ਤਾਂ ਉਹਨਾਂ ਕੰਬਦਾ ਹੱਥ ਮੇਰੇ ਸਿਰ ਉੱਤੇ ਰੱਖ ਦਿੱਤਾਮੈਂ ਪੁੱਛਿਆ, “ਬਾਬਾ ਜੀ, ਤੁਹਾਡੇ ਬੱਚੇ?”

ਹਾਲੇ ਅਸੀਂ ਗੱਲ ਕਰ ਹੀ ਰਹੇ ਸੀ ਕਿ 70 ਸਾਲ ਦਾ ਇੱਕ ਹੋਰ ਬਜ਼ੁਰਗ ਜੋੜਾ ਵੀ ਦੁਕਾਨ ’ਤੇ ਆ ਗਿਆਉਹਨਾਂ ਬਾਬਾ ਜੀ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਜੂਸ ਵਾਲਾ ਉਹਨਾਂ ਦੇ ਬੈਠਣ ਲਈ ਦੋ ਕੁਰਸੀਆਂ ਲੈ ਆਇਆਉਹਨਾਂ ਹਾਲ-ਚਾਲ ਪੁੱਛਿਆ ਇੱਕ ਦੂਜੇ ਦਾ ਤਾਂ ਬੇਬੇ ਨੇ ਬਾਬਾ ਜੀ ਨੂੰ ਮੇਰੇ ਵੱਲ ਇਸ਼ਾਰਾ ਕਰਦਿਆਂ ਪੁੱਛਿਆ, “ਇਹ ਕੁੜੀ ਕੌਣ ਹੈ ਭਾਜੀ?”

ਬਾਬੇ ਦੇ ਬੋਲਣ ਤੋਂ ਪਹਿਲਾਂ ਮੈਂ ਜਵਾਬ ਦਿੱਤਾ, “ਬੀਜੀ, ਮੈਂ ਜੂਸ ਪੈਕ ਕਰਵਾਉਣਾ ਸੀ।”

ਇੰਨੇ ਵਿੱਚ ਬਿਜਲੀ ਆ ਗਈ ਤੇ ਮੈਂ ਜੂਸ ਵਾਲੇ ਨੂੰ ਚਾਰ ਗਿਲਾਸ ਜੂਸ ਵੱਧ ਕੱਢਣ ਦਾ ਕਿਹਾ ਤੇ ਸਭ ਲਈ ਜੂਸ ਮੰਗਵਾ ਲਿਆਬਾਬਾ ਜੀ ਨੂੰ ਮੈਂ ਕਿਹਾ, “ਬਾਬਾ ਜੀ ਮੈਂ ਥੋੜ੍ਹਾ-ਬਹੁਤ ਲਿਖਦੀ ਹਾਂਤੁਹਾਡੀ ਜ਼ਿੰਦਗੀ ਦਾ ਆਖਰੀ ਪਹਿਰ ਲਿਖ ਲਵਾਂ, ਜੇ ਤੁਹਾਨੂੰ ਇਤਰਾਜ਼ ਨਾ ਹੋਵੇ।”

ਤਿੰਨੋ ਬਜ਼ੁਰਗ ਬਹੁਤ ਹੱਸੇ ਤੇ ਬਾਬਾ ਜੀ ਕਹਿਣ ਲੱਗੇ, “ਬੀਬਾ, ਤੂੰ ਬੜਾ ਸਹੀ ਕਿਹਾ, ਉਮਰ ਦਾ ਆਖਰੀ ਪਹਿਰ।”

ਮੈਂ ਬਾਬਾ ਜੀ ਅੱਗੇ ਫਿਰ ਆਪਣਾ ਸਵਾਲ ਦੁਹਰਾਇਆ, “ਤੁਸੀਂ ਬੀਜੀ ਦੇ ਚਲੇ ਜਾਣ ਬਾਦ ਇਕੱਲੇ ਰਹਿੰਦੇ ਹੋ?”

ਬਾਬਾ ਜੀ ਨੇ ਆਪਣਾ ਜੂਸ ਦਾ ਗਿਲਾਸ ਮੇਜ਼ ਤੇ ਰੱਖ ਦਿੱਤਾ ਤੇ ਮਨ ਭਰਕੇ ਬੋਲੇ, “ਬੀਬੀ ਮੈਂ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀਦਾਦਾ, ਦਾਦੀ, ਤਾਏ ਚਾਚੇ ਉਹਨਾਂ ਦੇ ਜੁਵਾਕ ਸਭ ਦਾ ਸਾਂਝਾ ਪਰਿਵਾਰ ਸੀਮੈਂ ਬੜਾ ਸੰਗਾਊ ਸੀਘਰ ਦੀ ਖੇਤੀ ਸੀਪਰ ਮੇਰਾ ਦਾਦਾ ਬੜਾ ਸਿਆਣਾ ਸੀ, ਉਹਨੇ ਮੈਂਨੂੰ ਖਤੀ ਵੱਲ ਨਾ ਪੈਣ ਦਿੱਤਾਘਰਦਿਆਂ ਮੈਂਨੂੰ ਪੰਜਵੀਂ ਕਲਾਸ ਤੋਂ ਬਾਦ ਹੀ ਸ਼ਹਿਰ ਵਿਆਹੀ ਰਿਸ਼ਤੇਦਾਰੀ ਵਿੱਚੋਂ ਲੱਗਦੀ ਭੂਆ ਕੋਲ਼ ਪੜ੍ਹਨ ਭੇਜ ਦਿੱਤਾ ਬੜਾ ਤਿਹੁ ਕਰਦੀ ਸੀ ਮੇਰਾ ਭੂਆਉੱਥੇ ਰਹਿ ਕੇ ਮੈਂ ਗਿਆਨੀ ਕੀਤੀ ਤੇ ਫਿਰ ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਸਕੂਲ ਅਧਿਆਪਕ ਲੱਗ ਗਿਆਸਕੂਲ ਦਾ ਹੈੱਡ ਮਾਸਟਰ ਬੜਾ ਭਲਾ ਪੁਰਖ ਸੀ ਉਸਨੇ ਮੈਂਨੂੰ ਅੱਗੇ ਪੜ੍ਹਨ ਨੂੰ ਕਿਹਾਸੋ ਮੈਂ ਪ੍ਰਾਈਵੇਟ ਬੀ.ਏ. ਵਿੱਚ ਦਾਖਲਾ ਲਿਆ ਤੇ ਫਿਰ ਉਸੇ ਸਕੂਲ ਵਿੱਚ ਰਹਿੰਦਿਆਂ ਐੱਮ.ਏ ਕਰ ਲਈਛੇ ਸਾਲ ਬਤੀਤ ਕੀਤੇ ਮੈਂ ਉਸ ਸਕੂਲ ਵਿੱਚਫਿਰ ਮੇਰੀ ਬਦਲੀ ਪਟਿਆਲਾ ਸ਼ਹਿਰ ਦੇ ਇੱਕ ਸਕੂਲ ਵਿੱਚ ਹੋ ਗਈਇਸ ਦੌਰਾਨ ਹੀ ਮੇਰਾ ਵਿਆਹ ਕਰ ਦਿੱਤਾ ਘਰਦਿਆਂ ਤੇ ਮੈਂ ਰੋਜ਼ ਆਪਣੇ ਪਿੰਡ ਤੋਂ ਸੁਵਖਤੇ ਪਟਿਆਲਾ ਜਾਂਦਾ ਤੇ ਰਾਤ ਨੂੰ ਮੁੜਦਾਮੇਰੀ ਘਰਦੀ ਬੜੀ ਬੀਬੇ ਸੁਭਾਅ ਦੀ ਸੀਪੰਜਵੀਂ ਪਾਸਸਾਰਾ ਘਰ ਉਹਦੀਆਂ ਸਿਫਤਾਂ ਕਰਦਾ

“ਪਟਿਆਲਾ ਨੌਕਰੀ ਕਰਦਿਆਂ ਮੈਂਨੂੰ ਕਿਸੇ ਨੇ ਬਰਨਾਲਾ ਦੇ ਨਿੱਜੀ ਕਾਲਜ, ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਅਧੀਨ ਸੀ, ਵਿੱਚ ਲੈਕਚਰਾਰਾਂ ਦੀਆਂ ਪੋਸਟਾਂ ਭਰਨ ਦੀ ਸਲਾਹ ਦਿੱਤੀਮੈਂ ਉਹ ਪੰਜਾਬੀ ਦੀ ਪੋਸਟ ਭਰ ਦਿੱਤੀ ਤੇ ਰੱਬ ਸਵੱਬੀਂ ਮੈਂਨੂੰ ਨੌਕਰੀ ਮਿਲ ਗਈ ਤੇ ਮੈਂ ਆਪਣੇ ਪਿੰਡ ਦੇ ਨੇੜੇ ਆ ਗਿਆਮੈਂ ਕਾਲਜ ਤੋਂ ਘਰ ਜਾਣਾ ਤੇ ਦਾਦਾ ਜੀ ਦੇ ਪੈਰ ਘੁੱਟਣੇਬੜੀਆਂ ਅਸੀਸਾਂ ਦੇਣੀਆਂ ਉਹਨਾਂਉਹਨਾਂ ਦੇ ਅਸ਼ੀਰਵਾਦ ਸਦਕਾ ਮੇਰੇ ਘਰ ਦੋ ਪੁੱਤਰ ਹੋਏਮੈਂ ਉਹਨਾਂ ਨੂੰ ਆਪ ਪੜ੍ਹਾਉਣਾ

“ਫਿਰ ਦਾਦਾ, ਦਾਦੀ ਤੇ ਬਾਪੂ ਜੀ ਦੀ ਮੌਤ ਹੋ ਗਈਮੈਂ ਬੀਜੀ ਤੇ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਇੱਥੇ ਆ ਗਿਆ ਤੇ ਨਿੱਕਾ ਜਿਹਾ ਘਰ ਲੈ ਲਿਆਬੀਜੀ ਦੇ ਸਵਰਗ ਸਿਧਾਰਨ ਬਾਦ ਸਾਡੀ ਜ਼ਿੰਦਗੀ ਜਿਵੇਂ ਖਾਲੀ ਜਿਹੀ ਹੀ ਹੋ ਗਈਮੇਰੀ ਘਰਦੀ ਤਾਂ ਜਿਵੇਂ ਜਮਾਂ ਹੀ ਇਕੱਲੀ ਹੋ ਗਈਅਸੀਂ ਆਪਣਾ ਸਾਰਾ ਧਿਆਨ ਬੱਚਿਆਂ ਦੇ ਪਾਲਣ ਪੋਸਣ ਵਿੱਚ ਲਾ ਦਿੱਤਾਕਰਜ਼ਾ ਲੈ ਕੇ ਪੜ੍ਹਾਇਆ ਮੈਂ ਦੋਨਾਂ ਨੂੰ

“ਮੇਰਾ ਵੱਡਾ ਬੇਟਾ ਮੇਰਾ ਡਾਕਟਰ ਹੈ ਤੇ ਛੋਟਾ ਪੀ.ਐੱਚ.ਡੀ. ਕਰਨ ਪਿੱਛੋਂ ਕਨੇਡਾ ਚਲਾ ਗਿਆਦੋਨੋਂ ਹੀ ਬੜੇ ਵੱਡੇ ਬਣ ਗਏਉਹਨਾਂ ਕੋਲ਼ ਸਾਡੇ ਲਈ ਸਮਾਂ ਹੀ ਨਹੀਂ ਰਿਹਾਘਰ ਬੜਾ ਵੱਡਾ ਬਣਾ ਲਿਆ ਪਰ ਉਸ ਵਿੱਚ ਅਸੀਂ ਇੱਕ ਬੇਜਾਨ ਵਸਤੂ ਬਣ ਕੇ ਰਹਿ ਗਏ

ਇੰਨਾ ਕਹਿ ਕੇ ਬਾਬਾ ਜੀ ਨੇ ਆਪਣੀਆਂ ਸੁੰਨੀਆਂ ਅੱਖਾਂ ਵਿੱਚ ਆਏ ਇੱਕ ਹੰਝੂ ਨੂੰ ਸਾਫ ਕੀਤਾ ਤੇ ਬੋਲੇ ਧੀਏ, ਮੇਰੀ ਘਰਦੀ ਵਿਚਾਰੀ ਅੰਦਰੋ-ਅੰਦਰੀ ਇਕੱਲੇਪਨ ਤੇ ਨਿਰਾਦਰੀ ਨੇ ਖਾ ਲਈਬੜਾ ਦੁੱਖ ਲੱਗਦਾ ਜਦੋਂ ਬੱਚੇ ਕਹਿ ਦਿੰਦੇ ਕਿ ਇਹ ਸਭ ਤੁਹਾਡਾ ਫਰਜ਼ ਸੀਮੈਂ ਮਨ ਵਿੱਚ ਸੋਚਦਾ ਹਾਂ ਕਿ ਮੇਰੇ ਵਾਂਗ ਮੇਰੇ ਸਹਿ ਕਰਮੀਆਂ ਦਾ ਵੀ ਫਰਜ਼ ਸੀ ਪਰ ਉਹਨਾਂ ਨੇ ਆਪਣੇ ਬੱਚਿਆਂ ਦੇ ਪਾਲਣ ਪੋਸਣ ਦੇ ਨਾਲ ਆਪਣੀ ਜ਼ਿੰਦਗੀ ਨੂੰ ਰੱਜ ਕੇ ਹੰਢਾਇਆ ਤੇ ਉਹਨਾਂ ਦੇ ਬੱਚੇ ਭਾਵੇਂ ਵੱਡੇ ਅਫਸਰ ਨਹੀਂ ਬਣੇ ਪਰ ਆਪਣੇ ਮਾਪਿਆਂ ਨਾਲ ਗੱਲ ਤਾਂ ਕਰਦੇ ਹਨਬੀਬੀ ਹੁਣ ਮੇਰੇ ਘਰਦੀ ਇਸ ਦੁਨੀਆਂ ਤੋਂ ਕੂਚ ਕਰ ਗਈ ਹੈ ਤੇ ਮੈਂ ਇੱਥੇ ਆਪਣੇ ਭਰੇ ਪੂਰੇ ਪਰਿਵਾਰ ਵਿੱਚੋਂ ਇੱਕਲਾ ਬੈਠ ਯਾਦ ਕਰਦਾ ਹਾਂ ਕਿ ਕਿਵੇਂ ਸਾਡੇ ਪਰਿਵਾਰ ਵਿੱਚ ਦਾਦਾ ਦਾਦੀ, ਤਾਇਆ ਚਾਚਿਆਂ ਦਾ ਹਜੂਮ ਸੀ ਤੇ ਅਸੀਂ ਸਭ ਇੱਕ ਦੂਜੇ ਨੂੰ ਕਿੰਨਾ ਆਦਰ ਤੇ ਪਿਆਰ ਦਿੰਦੇ ਸੀਬੱਚਿਆਂ ਦੀ ਜ਼ਿੰਦਗੀ ਸਵਾਰਦੇ ਮਾਪੇ ਵਧੀਆ ਭਵਿੱਖ ਦਾ ਸੁਪਨਾ ਉਲੀਕਦੇ ਨੇ ਪਰ ਬੱਚਿਆਂ ਲਈ ਮਾਪਿਆਂ ਦਾ ਆਖਰੀ ਪਹਿਰ ਝੱਲਣਾ ਬੜਾ ਔਖਾ ਹੋ ਜਾਂਦਾ ਹੈਆਪਣਾ ਆਹੀ ਜ਼ਿੰਦਗੀ ਦਾ ਆਖਰੀ ਪਹਿਰ ਕੱਢਣ ਲਈ ਇੱਥੇ ਆ ਬੈਠਦਾ ਹਾਂ ਤੇ ਇਨ੍ਹਾਂ ਆਉਂਦੇ-ਜਾਂਦੇ ਲੋਕਾਂ ਨੂੰ ਦੇਖ ਕੇ ਜੀ ਪਰਚਾ ਲਈਦਾ ਹੈ

ਬਾਬਾ ਜੀ ਦੇ ਮੂੰਹੋਂ ਆਪ ਬੀਤੀ ਸੁਣ ਮਾਹੌਲ ਬੜਾ ਗਮ-ਗੀਨ ਹੋ ਗਿਆਜੂਸ ਵਾਲੇ ਨੇ ਜੂਸ ਪੈਕ ਕਰ ਕੇ ਮੇਰੇ ਅੱਗੇ ਰੱਖ ਦਿੱਤਾਤਿੰਨਾਂ ਬਜੁਰਗਾਂ ਨੂੰ ਮੈਂ ਸਤਿ ਸ੍ਰੀ ਅਕਾਲ ਬੁਲਾਈ ਤਾਂ ਬਾਬਾ ਜੀ ਨੇ ਸਿਰ ਤੇ ਹੱਥ ਰੱਖਦਿਆਂ ਕਿਹਾ, “ਬੀਬਾ, ਜੇ ਹੋ ਸਕੇ ਤਾਂ ਮਾਪਿਆਂ, ਚਾਹੇ ਤੇਰੇ ਹੋਣ ਜਾਂ ਤੇਰੇ ਹਮਸਫਰ ਦੇ, ਉਹਨਾਂ ਦੀ ਜ਼ਿੰਦਗੀ ਦੇ ਆਖਰੀ ਪਹਿਰ ਨੂੰ ਪਿਆਰ ਤੇ ਮੁਹੱਬਤ ਨਾਲ ਭਰ ਦੇਵੀਂਤੇਰਾ ਜਿਉਣਾ ਸਫਲ ਹੋ ਜਾਊ।”

ਇੰਨਾ ਕਹਿ ਕੇ ਬਾਬਾ ਜੀ ਕੰਬਦੇ ਹੱਥ ਵਿੱਚ ਖੂੰਡੀ ਫੜ ਆਪਣੇ ਘਰ ਵੱਲ ਚੱਲ ਪਏ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1583)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om

About the Author

ਸੁਖਪਾਲ ਕੌਰ ਲਾਂਬਾ

ਸੁਖਪਾਲ ਕੌਰ ਲਾਂਬਾ

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author