SukhpalKLamba7ਥੋੜ੍ਹੀ ਮੋਟੀ ਖੇਤੀ ਦਾ ਠੇਕਾ ਆਉਂਦਾ, ਉਹ ਵੀ ਉਹਦੇ ਆਇਲੈਟਸ ਤੇ ਏਜੰਟਾਂ ’ਤੇ ਖਰਚ ਹੋ ਜਾਂਦਾ। ਅੱਗ ਲੱਗੇ ਇਹਨਾਂ ...
(16 ਮਈ 2022)
ਮਹਿਮਾਨ: 124.


ਸਕੂਲ ਵਿੱਚੋਂ ਸੈਮੀਨਾਰ ਖਤਮ ਕਰਨ ਤੋਂ ਫੌਰਨ ਬਾਅਦ ਹੀ ਮੈਂ ਆਪਣੇ ਦਫਤਰ ਵੱਲ ਚਾਲੇ ਪਾ ਲਏ। ਸਕੂਲ ਵਿੱਚ ਨਾ ਪਾਣੀ ਦਾ ਠੀਕ ਪ੍ਰਬੰਧ ਸੀ ਤੇ ਨਾ ਕਿਤੇ ਛਾਂ ਦਾ ਹੀ ਕੋਈ ਟਿਕਾਣਾ। ਅਤਿ ਦੀ ਗਰਮੀ ਵਿੱਚ ਮੈਨੂੰ ਸਕੂਲ ਵਿੱਚੋਂ ਨਿਕਲਦੇ ਹੋਏ ਬੱਚਿਆਂ ਦੇ ਚਿਹਰਿਆਂ ਦੀ ਕੋਮਲਤਾ ਅਤੇ ਹਾਸਿਆਂ ਨੇ ਸਕੂਨ ਦਿੱਤਾ। ਸਕੂਲ ਤੋਂ ਥੋੜ੍ਹੀ ਦੂਰ ਇੱਕ ਛੋਟੇ ਜਿਹੇ ਦਰਖਤ ਦੀ ਛਾਂ ਹੇਠ ਇੱਕ ਨਿੱਕੀ ਜਿਹੀ ਰੇਹੜੀ ਕੋਲ ਇੱਕ
60 ਕੁ ਸਾਲ ਦੀ ਬੇਬੇ ਸਕੂਲ ਦੀ ਕੰਧ ਨਾਲ ਢੋਅ ਲਾ ਕੇ ਬੈਠੀ ਸੀ। ਮੈਂ ਗੱਡੀ ਰੁਕਵਾ ਕੇ ਜਦ ਉਸ ਕੋਲ ਗਈ ਤਾਂ ਉਹ ਤ੍ਰਭਕ ਕੇ ਉੱਠਣ ਦੀ ਕੋਸ਼ਿਸ਼ ਕਰਨ ਲੱਗੀ। ਮੈਂ ਸਤਿ ਸ੍ਰੀ ਅਕਾਲ ਬੁਲਾ ਕੇ ਬੈਠਣ ਦਾ ਇਸ਼ਾਰਾ ਕੀਤਾ। ਬੇਬੇ ਦੀਆਂ ਅੱਖਾਂ ਵਿੱਚ ਗਰਮੀ ਕਾਰਨ ਬੇਹੱਦ ਹੀ ਥਕਾਵਟ ਸੀ। ਮੈਂ ਬੇਬੇ ਨੂੰ ਪਾਣੀ ਦੀ ਬੋਤਲ ਬਾਰੇ ਪੁੱਛਿਆ ਤਾਂ ਬੇਬੇ ਨੇ ਬੜੇ ਮੋਹ ਨਾਲ ਕਿਹਾ, “ਪਾਣੀ ਦੀ ਬੋਤਲ ਤਾਂ ਹੈ ਨੀ ਪਰ ਤੁਸੀਂ ਰੁਕੋ ਮੈਂ ਮੰਗਵਾ ਕੇ ਦਿੰਦੀ ਹਾਂ।”

ਮੈਨੂੰ ਪਿਆਸ ਇੰਨੀ ਜ਼ਿਆਦਾ ਲੱਗੀ ਹੋਈ ਸੀ ਕਿ ਮੈਂ ਹਾਂ ਵਿੱਚ ਸਿਰ ਹਿਲਾ ਕੇ ਉੱਥੇ ਖੜ੍ਹ ਕੇ ਇੰਤਜ਼ਾਰ ਕਰਨ ਲੱਗੀ। ਉਸਨੇ ਥੋੜ੍ਹੀ ਦੂਰ ਹੀ ਦੂਜੇ ਪਾਸੇ ਵੱਲ ਖੜ੍ਹੇ ਇੱਕ ਹੋਰ ਰੇਹੜੀ ਵਾਲੇ ਨੂੰ ਪਿੰਡੋਂ ਦੁਕਾਨ ਤੋਂ ਪਾਣੀ ਦੀ ਬੋਤਲ ਲਿਆਉਣ ਲਈ ਕਿਹਾ ਤੇ ਵਾਪਸ ਮੇਰੇ ਕੋਲ ਆ ਗਈ। ਮੈਂ ਲਾਗੇ ਪਏ ਇੱਕ ਪੱਥਰ ’ਤੇ ਬੈਠ ਗਈ। ਬੇਬੇ ਦੀ ਰੇਹੜੀ ਵਿੱਚ ਬੱਚਿਆਂ ਦੇ ਖਾਣ ਪੀਣ ਵਾਲੀਆਂ ਜਿਵੇਂ ਕਿ ਕੁਰਕਰੇ, ਚਿਪਸ, ਤੇ ਹੋਰ ਕਾਫੀ ਕੁਝ ਬੜੇ ਬੇ-ਤਰਤੀਬੇ ਢੰਗ ਨਾਲ ਰੱਖਿਆ ਹੋਇਆ ਸੀ। ਬੜੇ ਗੌਹ ਨਾਲ ਦੇਖਣ ਤੋਂ ਬਾਅਦ ਬੇਬੇ ਨੇ ਮੈਨੂੰ ਪੁੱਛ ਲਿਆ, “ਮੈਡਮ ਜੀ, ਤੁਸੀਂ ਨਵੇਂ ਆਏ ਹੋ ਇੱਥੇ? ਤੁਹਾਨੂੰ ਇੱਥੇ ਕਦੇ ਦੇਖਿਆ ਨਹੀਂ?”

ਮੈਂ ਉੱਤਰ ਦਿੱਤਾ, “ਨਹੀਂ ਬੇਬੇ ਜੀ, ਮੈਂ ਤਾਂ ਇੱਥੇ ਇੱਕ ਸੈਮੀਨਾਰ ਲਈ ਆਈ ਸੀ।”

ਮੇਰੀ ਗੱਲ ਸੁਣ ਬੇਬੇ ਆਪਣੀ ਰੇਹੜੀ ਦੇ ਸਮਾਨ ਨੂੰ ਠੀਕ ਕਰਨ ਵਿੱਚ ਜੁਟ ਗਈ। ਸਕੂਲ ਵਿੱਚ ਛੁੱਟੀ ਹੋਣ ਕਾਰਨ ਬੱਚੇ ਜਾ ਚੁੱਕੇ ਸਨ। ਕੋਈ ਇੱਕਾ ਦੁੱਕਾ ਬੱਚਾ ਹੀ ਸਕੂਲ ਵਿੱਚੋਂ ਆ ਰਿਹਾ ਸੀ। ਮੈਂ ਬੇਬੇ ਦੀ ਉਦਾਸੀ ਅਤੇ ਥਕਾਵਟ ਨੂੰ ਤਾੜਦੇ ਹੋਏ ਪੁੱਛਿਆ, “ਬੇਬੇ ਜੀ, ਅੱਜ ਫਿਰ ਕਿੰਨੀ ਕਮਾਈ ਹੋਈ?”

ਬੇਬੇ ਨੇ ਸਮਾਨ ਠੀਕ ਕਰਦੇ ਹੀ ਉੱਤਰ ਦਿੱਤਾ, “ਮੈਡਮ ਜੀ, ਅੱਜ ਤਾਂ ਜਵਾਕਾਂ ਨੇ ਆਹ ਕੁਲਫੀ ਵਾਲੇ ਦੀ ਕੁਲਫੀ ਹੀ ਖਾਧੀ ਹੈ।”

ਬੇਬੇ ਨੇ ਮੱਥੇ ’ਤੇ ਆਏ ਪਸੀਨੇ ਨੂੰ ਆਪਣੀ ਚੁੰਨੀ ਨਾਲ ਸਾਫ ਕਰਦਿਆਂ ਮੁੜ ਕੰਧ ਨਾਲ ਢੋਅ ਲਾ ਲਈ। ਗਰਮੀ ਦੀ ਇਸ ਸਿਖਰ ਦੁਪਹਿਰ ਵਿੱਚ ਭੁੱਖਣਭਾਣੇ ਬੈਠ ਕਮਾਈ ਕਰਨ ਦਾ ਜੇਰਾ ਕਰਦੀ ਇਸ ਬੇਬੇ ਦੀ ਜ਼ਿੰਦਗੀ ਨੂੰ ਜਾਨਣ ਦੀ ਉਤਸੁਕਤਾ ਮੇਰੇ ਅੰਦਰ ਜਾਗ ਗਈ। ਪਰ ਬੇਬੇ ਨਾਲ ਗੱਲ ਕਿਵੇਂ ਕੀਤੀ ਜਾਵੇ, ਇਸਦੀ ਉਲਝਣ ਬਰਕਰਾਰ ਸੀ। ਮੈਂ ਉਲਝਣ ਦੀ ਚਾਦਰ ਨੂੰ ਉਤਾਰਦੇ ਹੋਏ ਬੇਬੇ ਨੂੰ ਪੁੱਛਿਆ, “ਬੇਬੇ ਕੋਈ ਪਰਿਵਾਰ ਵਿੱਚ ਹੋਰ ਨਹੀਂ ਜੋ ਇਹ ਕੰਮ ਕਰ ਸਕਦਾ? ਤੁਹਾਡੀ ਉਮਰ ਬਹੁਤ ਵੱਡੀ ਹੈ ਇਸ ਕੰਮ ਲਈ।”

ਬੇਬੇ ਮੇਰੀ ਉਤਸੁਕਤਾ ਨੂੰ ਤਾੜ ਗਈ। ਉਸਨੇ ਡੂੰਘਾ ਸਾਹ ਲੈ ਕੇ ਕਿਹਾ, “ਮੈਡਮ ਜੀ, ਹੈਗਾ ਮੇਰਾ ਘਰਵਾਲਾ ਤੇ ਪੁੱਤ ਪਰ …” ਇੰਨਾ ਕਹਿ ਕੇ ਬੇਬੇ ਜ਼ਮੀਨ ਵੱਲ ਦੇਖਣ ਲੱਗ ਪਈ। ਮੈਂ ਉਤਸੁਕਤਾ ਨਾਲ ਪੁੱਛਿਆ, “ਪਰ ਕੀ ਬੇਬੇ ਜੀ?”

ਬੇਬੇ ਨੇ ਚੁੰਨੀ ਨਾਲ ਅੱਖਾਂ ਦੇ ਕੋਏ ਸਾਫ ਕਰਦੇ ਫਿਰ ਕਹਿਣਾ ਸ਼ੁਰੂ ਕੀਤਾ, “ਪੁੱਤ ਮੇਰਾ ਸ਼ਰਮ ਕਰਦਾ ਇਹ ਕੰਮ ਕਰਨ ਤੋਂ ਤੇ ਬਾਹਰ ਜਾਣ ਦੀ ਜ਼ਿੱਦ ਕਰੀ ਬੈਠਾ। 12ਵੀਂ ਪਾਸ ਕਰਕੇ ਆਹ ਜਾਇ ਵੱਡਾ ਆਈਲੈਟਸ ਕਰਨ ਲੱਗਿਆ ਹੋਇਆ ਪਿਛਲੇ ਤਿੰਨ ਸਾਲਾਂ ਤੋਂਪਰ ਨਾ ਉਹ ਪਾਸ ਹੁੰਦਾ ਤੇ ਨਾ ਕੋਈ ਹੋਰ ਕੰਮ ਕਰਦਾ। ਥੋੜ੍ਹੀ ਮੋਟੀ ਖੇਤੀ ਦਾ ਠੇਕਾ ਆਉਂਦਾ, ਉਹ ਵੀ ਉਹਦੇ ਆਇਲੈਟਸ ਤੇ ਏਜੰਟਾਂ ’ਤੇ ਖਰਚ ਹੋ ਜਾਂਦਾ। ਅੱਗ ਲੱਗੇ ਇਹਨਾਂ ਏਜੰਟਾਂ ਨੂੰ ਜਿਹਨਾਂ ਨੇ ਜਵਾਕਾਂ ਨੂੰ ਵਰਗਲਾ ਰੱਖਿਆ।” ਇੰਨਾ ਕਹਿ ਬੇਬੇ ਚੁੱਪ ਕਰ ਗਈ। ਮੈਂ ਪੁੱਛਿਆ, “ਤੇ ਘਰਵਾਲਾ ਕੀ ਕਰਦਾ?”

ਘਰਵਾਲੇ ਦਾ ਜ਼ਿਕਰ ਸੁਣਦਿਆਂ ਹੀ ਬੇਬੇ ਦਾ ਮੂੰਹ ਕੌੜਾ ਹੋ ਗਿਆ। ਬੇਬੇ ਬੋਲੀ, “ਘਰਵਾਲਾ ਆਪਣੀ ਨਸ਼ੇ ਦੀ ਗੋਲੀ ਲੈਣ ਰੋਜ਼ ਹਸਪਤਾਲ ਤੁਰਿਆ ਰਹਿੰਦਾ। ਉਹਨੂੰ ਆਪਣੀ ਕੋਈ ਸੁਰਤ ਨਹੀਂ, ਮੇਰੀ ਤੇ ਮੇਰੇ ਘਰ ਦੀ ਤਾਂ ਕੀ ਸੁਰਤ ਹੋਣੀ ਹੈ। ਇੱਕ ਆਹ ਜਾਇ ਵੱਡੀ ਦੀ ਨਸ਼ੇ ਦੀ ਗੋਲੀ ਪਤਾ ਨਹੀਂ ਕੀ ਹੈ? ਪਹਿਲਾਂ ਤਾਂ ਭੋਰਾ ਖੇਤੀ ਕਰ ਲੈਂਦਾ ਸੀ, ਹੁਣ ਤਾਂ ਬੱਸ ਘਰ ਆ ਕੇ ਡਿਗ ਕੇ ਪੈ ਜਾਂਦਾ। ਜਿਸ ਦਿਨ ਗੋਲੀ ਨਹੀਂ ਮਿਲਦੀ, ਉਸ ਦਿਨ ਕੁਪੱਤ ਕਰਦਾ ਪੂਰੇ ਟੱਬਰ ਨਾਲ। ਘਰੇ ਵਿਧਵਾ ਕੁੜੀ ਬੈਠੀ ਹੈ। ਨਸ਼ੇ ਕਰਦਾ ਜਵਾਈ ਆਹ ਗਿਆ ਸੀ, ਮੋਰਚੇ ਵਿੱਚ। ਉੱਥੇ ਵੱਧ ਨਸ਼ਾ ਕਰ ਗਿਆ। ਮਰਿਆ ਹੀ ਘਰ ਆਇਆ। ਕੁੜੀ ਘਰੇ ਆ ਕੇ ਬੈਠ ਗਈ। ਉਹਦੀ ਵੀ ਦਿਮਾਗ ਦਾ ਦਵਾਈ ਚੱਲਦੀ ਹੈ। ਕਾਹਦੀ ਕਮਾਈ ਧੀਏ। ਲੋਕਾਂ ਦੇ ਘਰਾਂ ਦਾ ਕੰਮ ਹੁਣ ਇਸ ਉਮਰੇ ਹੁੰਦਾ ਨਹੀਂ ਤਾਂ ਆਹ ਰੇਹੜੀ ਲੈ ਲਈ। ਦਿਨ ਭਰ ਰੋਟੀ ਜਿੰਨਾ ਕੁਝ ਵਿਕ ਜਾਂਦਾ ਤਾਂ ਮਾਂਵਾਂ ਧੀਆਂ ਦਾ ਗੁਜ਼ਾਰਾ ਹੋ ਜਾਂਦਾ, ਨਹੀਂ ਕਿਹਦਾ ਦਿਲ ਕਰਦਾ ਧੀਏ ਕੁਰਕੁਰਿਆਂ ਵਾਲੀ ਬੇਬੇ ਬਣਨ ਨੂੰ।” ਇੰਨਾ ਕਹਿ ਬੇਬੇ ਚੁੱਪ ਹੋ ਗਈ ਸੀ। ਮੇਰੇ ਲਈ ਪਾਣੀ ਦੀ ਬੋਤਲ ਆ ਗਈ ਮੈਂ ਪਾਣੀ ਦੀ ਬੋਤਲ ਦੇ ਨਾਲ-ਨਾਲ ਚਿਪਸ ਦਾ ਪੈਕਟ ਲੈਂਦਿਆ ਬੇਬੇ ਨੂੰ ਸਤਿ ਸ੍ਰੀ ਅਕਾਲ ਬੁਲਾ ਗੱਡੀ ਵਿੱਚ ਬੈਠ ਦਫਤਰ ਲਈ ਚੱਲ ਪਈਪਰ ਸਾਰੇ ਰਾਹ ਮੇਰੇ ਦਿਮਾਗ ਵਿੱਚ ਇਹੀ ਸਵਾਲ ਘੁੰਮ ਰਿਹਾ ਸੀ ਕਿ ਆਖਿਰ ਕਿਉਂ ਚਾਟੀ ਅਤੇ ਮਧਾਣੀਆਂ ਵਾਲੇ ਹੱਥ ਹੁਣ ਕੁਰਕੁਰਿਆਂ ਤੇ ਚਿਪਸਾਂ ਦੀਆਂ ਰੇਹੜੀਆਂ ਤਕ ਆ ਗਏ। ਆਖਿਰ ਕਿਉਂ ਨਹੀਂ ਨਸ਼ੇ ਨੂੰ ਠੱਲ੍ਹ ਪਾਈ ਜਾ ਰਹੀ ਤੇ ਕਿਉਂ ਨਹੀਂ ਸਰਕਾਰਾਂ ਪੰਜਾਬ ਵਿੱਚ ਰੋਜ਼ਗਾਰ ਦਾ ਪ੍ਰੰਬਧ ਕਰ ਰਹੀਆਂ ਤੇ ਆਖਿਰ ਕਿਉਂ ਨਹੀਂ ਅਖੌਤੀ ਏਜੰਟਾਂ ਅਤੇ ਇਹਨਾਂ ਆਇਲੈਟਸ ਸੈਂਟਰਾਂ ਨੂੰ ਨੱਥ ਪਾਈ ਜਾ ਰਹੀ? ਪਰ ਸ਼ਾਇਦ ਇਹਨਾਂ ਸਵਾਲਾਂ ਦਾ ਕੋਈ ਜਵਾਬ ਨਹੀਂ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3568)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਸੁਖਪਾਲ ਕੌਰ ਲਾਂਬਾ

ਸੁਖਪਾਲ ਕੌਰ ਲਾਂਬਾ

Barnala, Punjab., India.
Phone: (91 88720 - 94750)
Email: (sukhpallamba84@gmail.com)

More articles from this author