“ਜਿਹੜਾ ਪੈਸਾ ਨਾੜ ਦੇ ਨਿਪਟਾਰੇ ’ਤੇ ਖ਼ਰਚ ਨਾ ਕਰਕੇ ਅਸੀਂ ਬਚਾਉਂਦੇ ਹਾਂ, ਉਹ ...”
(2 ਨਵੰਬਰ 2025)

ਦੇਖਦਿਆਂ ਦੇਖਦਿਆਂ ਹੀ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਸਾਰੇ ਲੱਗੇ ਇੱਧਰ ਉੱਧਰ ਭੱਜਣ, ਆਪਣੀ ਜਾਨ ਬਚਾਉਣ। ਕੋਈ ਨਾਲ ਵਾਲੇ ਦ੍ਰਖ਼ਤ ’ਤੇ ਚੜ੍ਹਦਾ ਫਿਰ ਛੇਤੀ ਹੀ ਥੱਲੇ ਉੱਤਰ ਕੇ ਜਿੱਧਰ ਨੂੰ ਮੂੰਹ ਹੁੰਦਾ ਉੱਧਰ ਸਰਪੱਟ ਦੌੜਦਾ। ਜਿਉਂ ਜਿਉਂ ਉਹ ਨੇੜੇ ਆ ਰਹੇ ਸੀ, ਉਨ੍ਹਾਂ ਨੂੰ ਆਪਣੀ ਮੌਤ ਸਪਸ਼ਟ ਦਿਖਾਈ ਦੇਣ ਲੱਗ ਪਈ।
“ਹੁਣ ਨਹੀਂ ਬਚਦੇ... ਪਹਿਲਾਂ ਵਾਂਗ ਸਾਰੇ ਸੰਦ ਨਾਲ ਚੱਕੀ ਆਉਂਦੇ ਨੇ ...” ਭੱਜੀ ਜਾਂਦੀ ਗਾਲ੍ਹੜ ਨੇ ਰੁਕ ਕੇ ਇਕਦਮ ਆਪਣੇ ਪਿਛਲੇ ਪੈਰਾਂ ’ਤੇ ਖਲੋ ਧੌਣ ਉੱਚੀ ਕਰਕੇ ਦੇਖਦਿਆਂ ਕਿਹਾ।
“ਮੈਂ ਕਿੱਧਰ ਜਾਵਾਂ, ਇਹ ਨਿੱਕੇ-ਨਿੱਕੇ ਬੋਟ ਜਿਹੜੇ ਅਜੇ ਉਡ ਵੀ ਨਹੀਂ ਸਕਦੇ ਇਨ੍ਹਾਂ ਨੂੰ ਕਿਵੇਂ ਆਲ੍ਹਣਿਆਂ ਵਿੱਚੋਂ ਕੱਢਾਂ।” ਮਾਦਾ ਬੁਲਬੁਲ ਬੇਵਸੀ ਵਿੱਚ ਫੜਫੜਾ ਰਹੀ ਸੀ ਅਤੇ ਉਸਦੀਆਂ ਅੱਖਾਂ ਦੇ ਕੋਏ ਨੀਰ ਨਾਲ ਭਰ ਗਏ।
“ਜਦੋਂ ਤਕ ਮੈਂ ਜਿਉਂਦਾਂ ਆਪਣੀ ਜਾਨ ਦੇ ਕੇ ਵੀ ਇਨ੍ਹਾਂ ਨੂੰ ਬਚਾਊਂਗਾ।” ਨਰ ਬੁਲਬੁਲ ਨੇ ਆਪਣੇ ਖੰਭਾਂ ਨਾਲ ਮਾਦਾ ਬੁਲਬੁਲ ਨੂੰ ਧਰਵਾਸ ਦਿੰਦਿਆਂ ਕਿਹਾ।
ਥਰਕਵੀਂ ਆਵਾਜ਼ ਵਿੱਚ ਮਾਦਾ ਬੁਲਬੁਲ ਦੇ ਮੂੰਹੋਂ ਨਿਕਲਿਆ, “ਤੂੰ ਕਿਵੇਂ ਬਚਾਲੇਂਗਾ? ਤੇਰੇ ਕੋਲ ਇਨ੍ਹਾਂ ਭਾਂਬੜਾਂ ਤੋਂ ਬਚਣ ਲਈ ਹੈ ਕੀ?”
“ਮੈਂ ਇਨ੍ਹਾਂ ਨਾਲ ਆਪਣੀ ਜਾਨ ਤਾਂ ਦੇ ਸਕਦਾਂ …”
“ਜੇ ਤੂੰ ਜਾਨ ਦੇ ਸਕਦਾ ਹੈਂ, ਮੇਰੇ ਤਾਂ ਇਹ ਜਿਗਰ ਦੇ ਟੁਕੜੇ ਨੇ, ਮੈਂ ਕਿਵੇਂ ਜਿਊਂਦੀ ਰਹੂੰਗੀ। ਮੈਂ ਵੀ ...” ਬੁਲਬੁਲ ਬੋਲ ਨਾ ਸਕੀ, ਜਿਵੇਂ ਅਗਲਾ ਬੋਲ ਉਹਦੇ ਸੰਘ ਵਿੱਚ ਫਸ ਗਿਆ ਹੋਵੇ।
ਕੁਝ ਮਿੰਟ ਪਹਿਲਾਂ ਰੁਕਮਦੀ ਹਵਾ ਵਿੱਚ ਹੌਲੀ ਹੌਲੀ ਇੱਕ ਦੂਜੇ ਨਾਲ ਅਠਖੇਲੀਆਂ ਕਰਦੇ ਦ੍ਰਖਤਾਂ ਵਿੱਚ ਵੀ ਸੰਨਾਟਾ ਛਾ ਗਿਆ। ਟਾਹਲੀ ਦੇ ਪੱਤੇ ਡਰ ਦੇ ਮਾਰੇ ਕੰਬਦੇ ਹੋਏ ਇੱਕ ਦੂਜੇ ਵਿੱਚ ਵੜਨ ਲੱਗੇ। ਨਾਲ ਹੀ ਖੜ੍ਹੀ ਡੇਕ (ਧਰੇਕ) ਦੀਆਂ ਟਾਹਣੀਆਂ ਨੂੰ ਵੀ ਝਰਨਾਹਟ ਛਿੜ ਪਈ। ਰਸਤਿਉਂ ਪਾਰ ਨੇੜੇ ਹੀ ਦੂਸਰੇ ਪਾਸਿਉਂ ਤੂਤ, ਜੋ ਇਹ ਸਾਰਾ ਕੁਝ ਦੇਖ ਸੁਣ ਰਿਹਾ ਸੀ, ਉਸ ਨੂੰ ਲੱਗਿਆ ਕੇ ਉਸਦਾ ਦਿਲ ਜਿਵੇਂ ਹੁਣੇ ਹੀ ਫਟ ਜਾਵੇਗਾ। ਤਬਾਹੀ ਦੇ ਇਹ ਮੰਜ਼ਰ ਉਸਨੇ ਪਿਛਲੇ ਸਾਲ ਵੀ ਦੇਖੇ ਸਨ। ਉਦੋਂ ਉਹ ਪਤਾ ਨਹੀਂ ਖੁਸ਼ਕਿਸਮਤੀ ਨਾਲ ਕਿਵੇਂ ਬਚ ਗਿਆ ਸੀ।
ਆਪਣੇ ਸਾਹਮਣੇ ਆਪਣਿਆਂ ਨੂੰ ਵਿਲਕਦੇ ਹੋਏ ਦੇਖਕੇ ਤੂਤ ਬੋਲਿਆ, “ਸਾਡੀ ਸਭ ਤੋਂ ਵੱਡੀ ਬੇਵਸੀ ਇਹ ਹੀ ਹੈ ਕਿ ਅਸੀਂ ਆਪਣੀ ਥਾਂ ਤੋਂ ਹਿੱਲ ਵੀ ਨਹੀਂ ਸਕਦੇ। ਕਿਤੇ ਲੁਕ ਛਿਪ ਵੀ ਨਹੀਂ ਸਕਦੇ। ਪੰਛੀ, ਜਾਨਵਰ ਤਾਂ ਫਿਰ ਵੀ ਉਡ ਕੇ ਆਪਣੀ ਜਾਨ ਬਚਾ ਲੈਂਦੇ ਨੇ ਪਰ ਅਸੀਂ ਕਿੱਧਰ ਜਾਈਏ”
ਦਰਦ ਤੇ ਬੇਵਸੀ ਦਾ ਇਹ ਆਲਮ ਚੱਲ ਹੀ ਰਿਹਾ ਸੀ ਕਿ ਖੇਤ ਦੇ ਇੱਕ ਖੂੰਜੇ ਵਿਚਲੀ ਪੋਲੀ ਮਿੱਟੀ ਵਿੱਚੋਂ ਚੂਹਿਆਂ ਨੂੰ ਵੀ ਇਸਦੀ ਸੂਹ ਮਿਲ ਗਈ। ਖੁੱਡਾਂ ਵਿੱਚੋਂ ਉਹ ਇੱਕ ਦੂਜੇ ਤੋਂ ਮੋਹਰੇ ਨਿਕਲ ਕੇ ਭੱਜਦੇ ਹੋਏ ਰਸਤਾ ਪਾਰ ਕਰਕੇ ਦੂਸਰੇ ਖੇਤਾਂ ਵਿੱਚ ਜਾ ਲੁਕੇ।
ਘੁੱਗੀਆਂ ਅਤੇ ਗਟਾਰਾਂ ਨੇ ਚੀਕ ਚਿਹਾੜਾ ਛੱਡ ਦਿੱਤਾ ਪਰ ਉਨ੍ਹਾਂ ਦੀ ਸੁਣਨ ਵਾਲਾ ਕੌਣ ਸੀ?
ਉੱਧਰ ਟਟੀਹਰੀਆਂ ਭਾਵੇਂ ਬੇਵੱਸ ਸਨ ਪਰ ਉਹ ਫਿਰ ਵੀ ਆਪਣੀਆਂ ਚੁੰਝਾਂ ਅਤੇ ਪੌਂਚ੍ਹਿਆਂ ਨਾਲ ਉਨ੍ਹਾਂ ਬੰਦਿਆਂ ਤੋਂ ਆਪਣੇ ਆਂਡਿਆਂ ਦੀ ਰੱਖਿਆ ਲਈ ਮੁਕਾਬਲਾ ਕਰ ਰਹੀਆਂ ਸਨ।
ਜਦੋਂ ਉਨ੍ਹਾਂ ਬੰਦਿਆਂ ਨੇ ਮੋਢਿਆਂ ਤੋਂ ਤੰਗਲੀਆਂ ਅਤੇ ਹੋਰ ਸਾਮਾਨ ਉਤਾਰਿਆ ਖੇਤ ਵਿੱਚੋਂ ਭੱਜ ਕੇ ਰਸਤੇ ’ਤੇ ਆ ਖਲੋਤੇ ਜਾਨਵਰਾਂ ਅਤੇ ਪੰਛੀਆਂ ਦਾ ਉੱਤੇ ਦਾ ਸਾਹ ਉੱਤੇ ਤੇ ਥੱਲੇ ਦਾ ਸਾਹ ਥੱਲੇ ਰੁਕ ਗਿਆ ਕਿ ਬੱਸ ਹੁਣ...
ਪਹੀ ਵਾਲੇ ਪਾਸਿਉਂ ਇੱਕ ਨੌਜਵਾਨ, ਸ਼ਾਇਦ ਉਹ ਖੇਤ ਮਾਲਕ ਦਾ ਮੁੰਡਾ ਸੀ, ਵੀ ਟਰੈਕਟਰ ਲੈ ਕੇ ਉਨ੍ਹਾਂ ਕੋਲ ਆ ਗਿਆ।
“ਲਉ ਬਈ ਕਰੀਏ ਸ਼ੁਰੂ?” ਉਨ੍ਹਾਂ ਵਿੱਚੋਂ ਇੱਕ ਅਧਖੜ ਉਮਰ ਦਾ ਬੰਦਾ ਬੋਲਿਆ।
ਇੱਕ ਨੇ ਤੰਗਲੀ ਅਤੇ ਦੂਜੇ ਨੇ ਹੱਥ ਵਿੱਚ ਫੜੀ ਸੋਟੀ ਨੂੰ ਥੱਲੇ ਜ਼ਮੀਨ ’ਤੇ ਰੱਖਦਿਆਂ ਕਿਹਾ, “ਹਾਂ ਹਾਂ।”
ਰਸਤੇ ਦੇ ਦੂਜੇ ਪਾਸੇ ਛੋਟੇ ਬੂਟਿਆਂ ਅਤੇ ਝਾੜਾਂ ਵਿੱਚ ਲੁਕੇ ਗਾਲ੍ਹੜ ਅਤੇ ਚੂਹੇ ਆਪਣੇ ਪਿਛਲੇ ਪੈਰਾਂ ’ਤੇ ਖੜ੍ਹੋ ਕੇ ਗਰਦਨਾਂ ਉੱਚੀਆਂ-ਉੱਚੀਆਂ ਕਰਕੇ ਉਨ੍ਹਾਂ ਵੱਲ ਦੇਖਦੇ, ਨਾਲੇ ਇੱਧਰ ਉੱਧਰ ਭੱਜਦੇ ਫਿਰ ਇੱਕ ਦੂਜੇ ਦੇ ਨੇੜੇ ਹੁੰਦੇ, ਨਾਲ ਲਗਦੇ ਜਿਵੇਂ ਸਭ ਕੁਝ ਹਾਰੇ ਹੋਏ ਇਨਸਾਨ ਨੂੰ ਬੇਚੈਨੀ ਟਿਕਣ ਨਹੀਂ ਦਿੰਦੀ, ਇਸ ਤਰ੍ਹਾਂ ਦਾ ਆਲਮ ਬਣਿਆ ਹੋਇਆ ਸੀ।
ਟਰੈਕਟਰ ’ਤੇ ਬੈਠੇ ਨੌਜਵਾਨ ਨੇ ਟਰੈਕਟਰ ਦੀ ਲਿਫਟ ਹੇਠਾਂ ਕੀਤੀ। ਪਿਛਲੇ ਪਾਸੇ ਖੜ੍ਹੇ ਇੱਕ ਬੰਦੇ ਨੇ ਸਿਰ ਹਿਲਾ ਕੇ ਇਸ਼ਾਰਾ ਕਰਕੇ ਚੱਲਣ ਲਈ ਕਿਹਾ। ਟਰੈਕਟਰ ਦੇ ਪਿੱਛੇ ਪਾਏ ਮਲਚਰ ਨੇ ਦੇਖਦਿਆਂ-ਦੇਖਦਿਆਂ ਨਾੜ ਦਾ ਕਚੂਮਰ ਕੱਢਕੇ ਪਿੱਛੇ ਇਕਦਮ ਸਾਫ ਜ਼ਮੀਨ ਦਿਸਣ ਲਾ ਦਿੱਤੀ। ਜੇਕਰ ਕਿਤੇ ਕੋਈ ਨਾੜ ਦੀ ਨੜੀ ਫਸਦੀ ਤਾਂ ਪਿੱਛੇ ਚੱਲ ਰਿਹਾ ਨੌਜਵਾਨ ਉਸ ਨੂੰ ਸੋਟੀ ਨਾਲ ਪਰੇ ਕਰ ਦਿੰਦਾ।
ਸਾਹ ਸੂਤੇ ਦੇਖ ਰਹੇ ਪੰਛੀਆਂ ਅਤੇ ਜਾਨਵਰਾਂ ਨੂੰ ਕੁਝ ਸਮਝ ਨਾ ਲੱਗੀ। ਇੰਨੇ ਨੂੰ ਤੋਤਿਆਂ ਦੀ ਇੱਕ ਡਾਰ ਆਈ। ਇੱਕ ਪਾਸੇ ਇਕੱਠੇ ਹੋਏ ਅਤੇ ਡਰੇ ਹੋਏ ਆਪਣੇ ਸਾਥੀ ਪੰਛੀਆਂ ਅਤੇ ਜਾਨਵਰਾਂ ਨੂੰ ਦੇਖਿਆ ਅਤੇ ਉਨ੍ਹਾਂ ਦੇ ਕੋਲ ਆ ਕੇ ਦ੍ਰਖਤ ਦੀ ਇੱਕ ਟਹਿਣੀ ’ਤੇ ਬੈਠ ਗਏ। ਆਪਣੀ ਲਾਲ ਗਰਦਨ ਨੂੰ ਉਨ੍ਹਾਂ ਵੱਲ ਘੁਮਾਉਂਦਿਆਂ ਇੱਕ ਤੋਤਾ ਕਹਿਣ ਲੱਗਾ, “ਹਾਂ ਬਈ, ਕੀ ਹਾਲ ਹੈ ਤੁਹਾਡਾ? ਕਿਵੇਂ ਇੱਕ ਦੂਜੇ ਦੇ ਪਿੱਛੇ ਲੁਕ ਰਹੇ ਓ।”
ਝਾੜੀਆਂ ਵਿੱਚ ਲੁਕੀ ਗਟਾਰ ਨੂੰ ਇਹ ਬੋਲ ਸੁਣਕੇ ਇਹ ਬੋਲ ਬੋਲ ਰਹੇ ਤੋਤੇ ’ਤੇ ਗੁੱਸਾ ਆ ਰਿਹਾ ਸੀ। ਘੁੱਗੀਆਂ, ਬੁਲਬੁਲਾਂ, ਗਾਲ੍ਹੜਾਂ, ਚੂਹਿਆਂ ਸਾਰਿਆਂ ਨੂੰ ਉਸਦੇ ਬੋਲ ਚੁੱਭ ਰਹੇ ਸਨ ਪਰ ਕੁਝ ਕਹਿਣ ਦੀ ਬਜਾਇ ਇੱਕ ਦੂਜੇ ਵੱਲ ਦੇਖਦਿਆਂ ਚੁੱਪ ਹੀ ਰਹੇ।
“ਕੀ ਗੱਲ, ਦੱਸਿਆ ਨਹੀਂ ਕੀ ਹਾਲ ਨੇ ਥੋਡੇ?” ਤੋਤੇ ਨੇ ਫਿਰ ਪੁੱਛਿਆ।
ਦੁਬਾਰਾ ਇਹ ਗੱਲ ਸੁਣ ਕੇ ਗਟਾਰ ਤੋਂ ਰਿਹਾ ਨਹੀਂ ਗਿਆ, “ਲੱਗਦਾ ਹੈ, ਸਾਡੀ ਮੌਤ ਦਾ ਤਮਾਸ਼ਾ ਦੇਖ ਕੇ ਸਾਡੇ ਹਾਲ ਬਾਰੇ ਪਤਾ ਲੱਗੇਗਾ ਤੈਨੂੰ, ਕੁਝ ਸ਼ਰਮ ਕਰ! ਇਨ੍ਹਾਂ ਨੇ ਕਿਸੇ ਨੂੰ ਨਹੀਂ ਬਖਸ਼ਣਾ। ਥੋਡੀ ਵੀ ਵਾਰੀ ਆਈ ਹੀ ਲੈ।”
“ਉਏ ਗਰਮ ਕਾਹਤੋਂ ਹੁੰਨੀਐਂ ਭੈਣ...” ਤੋਤੇ ਨੇ ਆਪਣੇ ਲਹਿਜੇ ਨੂੰ ਨਰਮ ਕਰਦਿਆਂ ਕਿਹਾ।
“ਨਾ ਹੋਰ ਖ਼ੁਸ਼ ਹੋਵਾਂ, ਸਾਡੀ ਮੌਤ ’ਤੇ ਬਣੀ ਐ ਥੋਨੂੰ ਮਖ਼ੌਲ ਸੁੱਝ ਰਹੇ ਨੇ।”
“ਕਿਸੇ ਨੂੰ ਕੁਛ ਨਹੀਂ ਹੋਵੇਗਾ, ਮੇਰੀ ਗੱਲ ਸੁਣੋ ਧਿਆਨ ਨਾਲ...।” ਤੋਤੇ ਨੇ ਅਪਣੱਤ ਨਾਲ ਕਿਹਾ।
“ਕੀ ਕਿਹਾ?” ਸਾਰਿਆਂ ਨੇ ਹੈਰਾਨੀ ਨਾਲ ਤੋਤੇ ਵੱਲ ਗਰਦਨਾਂ ਮੋੜਦਿਆਂ ਕਿਹਾ।
“ਹਾਂ! ਕਿਸੇ ਨੂੰ ਕੁਛ ਨਹੀਂ ਹੋਵੇਗਾ... ਤੁਸੀਂ ਥੋੜ੍ਹਾ ਨੇੜੇ ਆਜੋ, ਦੱਸਦਾਂ ਸਾਰੀ ਕਹਾਣੀ।” ਤੋਤਾ ਉਡ ਕੇ ਆਪ ਵੀ ਉਨ੍ਹਾਂ ਦੇ ਨੇੜੇ ਅਗਲੀ ਟਾਹਣੀ ਉੱਤੇ ਬੈਠ ਗਿਆ।
“ਲੈ ਸੁਣੋ... ਕੱਲ੍ਹ ਦੁਪਹਿਰੇ ਅਸੀਂ ਇਸ ਸਾਹਮਣੇ ਵਾਲੀ ਡੇਕ ’ਤੇ ਬੈਠੇ ਸੀ। ਦੋ ਨੌਜਵਾਨ, ਇੱਕ ਔਹ ਜਿਹੜਾ ਟਰੈਕਟਰ ਚਲਾ ਰਿਹਾ ਹੈ ਅਤੇ ਦੂਜਾ ਜਿਹੜਾ ਤੰਗਲੀ ਲੈ ਕੇ ਵਾਹਣ ਵਿੱਚ ਫਿਰ ਰਿਹਾ ਹੈ... ਅਸੀਂ ਉਨ੍ਹਾਂ ਦੀ ਗੱਲਬਾਤ ਸੁਣੀ।”
“ਕਿਹੜੀ ਗੱਲਬਾਤ? ਗਾਲ੍ਹੜ ਨੇ ਅਗਲੇ ਪੰਜਿਆਂ ਨਾਲ ਅੱਖਾਂ ਹੇਠਲੇ ਵਗ ਰਹੇ ਦਰਿਆ ਨੂੰ ਸਾਫ ਕਰਦਿਆਂ ਪੁੱਛਿਆ।
“ਲਉ ਸੁਣੋ ਹੂਬਹੂ ਬਾਤ... ਯਾਰ ਛੇਤੀ ਨਾੜ ਕਟਰ ਤੋਂ ਵਢਵਾਕੇ, ਅਗਲੇ ਦਿਨ ਅੱਗ ਲਾ ਕੇ ਵਾਹਣ ਨੂੰ ਕਣਕ ਬੀਜਣ ਲਈ ਤਿਆਰ ਕਰਨਾ ਐ। ਬਿਜਾਈ ਲੇਟ ਹੋਈ ਜਾ ਰਹੀ ਐ।” ਦੀਪੇ ਨੇ ਬਿਜਾਈ ਲੇਟ ਹੋਣ ਦਾ ਫਿਕਰ ਜ਼ਾਹਰ ਕਰਦਿਆਂ ਕਿਹਾ।
“ਐਤਕੀਂ ਅੱਗ ਨਹੀਂ ਲਾਵਾਂਗੇ। ਮਸ਼ੀਨਾਂ ਆ ਗਈਆਂ... ਇਸ ਨੂੰ ਵਿੱਚੇ ਖਪਾ ਦੇਣੈ। ਨਾਲੇ ਰੇਹ ਦਾ ਕੰਮ ਕਰੂਗਾ ਨਾੜ। ਸੀਰੇ ਨੇ ਦੀਪੇ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ।
“ਉਹ ਤੂੰ ਬੌਲ਼ਾ ਹੋ ਗਿਐਂ? ਮਸ਼ੀਨ ਉਡੀਕਦਿਆਂ-ਉਡੀਕਦਿਆਂ ਕਣਕ ਪਛੇਤੀ ਹੋਜੂਗੀ। ਫਿਰ ਦੇਖੇਂਗਾ ਘੱਟ ਨਿਕਲੀ ਐ, ਨਾਲੇ ਇਹਨੂੰ ਬਿਮਾਰੀ ਵੀ ਪੈਂਦੀ ਐ।”
“ਓ ਨਹੀਂ ਦੀਪਿਆ ਨਾ ਘੱਟ ਨਿਕਲੇ, ਨਾ ਕੋਈ ਬਿਮਾਰੀ ਲੱਗੇ, ਬੱਸ ਇਹ ਤਾਂ ਵਹਿਮ ਹੀ ਐ।”
“ਚਲ ਇਹ ਤਾਂ ਵਹਿਮ ਹੀ ਸਹੀ ਪਰ ਖ਼ਰਚਾ ਕਿੰਨਾ ਹੋਣਾ ਇਹਦਾ ਪਤੈ ਤੈਨੂ?” ਉਹ ਜੁੱਤੀ ਵਿੱਚ ਵੜੇ ਨਾੜ ਦੇ ਫਾਨੇ ਨੂੰ ਝਾੜਦਿਆਂ ਬੋਲਿਆ।
“ਖ਼ਰਚਾ ਤਾਂ ਵੀਰਿਆ ਸਮਾ ਘੱਟ ਹੋਊ।”
“ਉਹ ਕਿਵੇਂ?” ਦੱਸ ਤਾਂ ਸਹੀ।
ਚਾਰੇ ਪਾਸੇ ਜਦੋਂ ਅੱਗ ਦੇ ਭਾਂਬੜ ਮੱਚਦੇ ਨੇ, ਧੂੰਆਂਧਾਰ ਹੋ ਜਾਂਦਾ ਹੈ ਸਾਰੇ ਪਾਸੇ। ਸੜਕਾਂ ਦੇ ਨੇੜੇ ਇਸ ਧੂੰਏਂ ਨਾਲ ਹੁੰਦੇ ਹਾਦਸਿਆਂ ਕਰਕੇ ਪਤਾ ਨਹੀਂ ਕਿੰਨੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ। ਹਫਤਿਆਂ ਬੱਧੀ ਅਸਮਾਨ ਵਿੱਚ ਛਾਏ ਇਸ ਧੂੰਏਂ ਕਰਕੇ ਦਮ ਘੁਟਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬੱਚਿਆਂ ਅਤੇ ਬਜ਼ੁਰਗਾਂ ਲਈ ਇਹ ਬਹੁਤੀ ਵਾਰ ਘਾਤਕ ਸਿੱਧ ਹੁੰਦਾ ਹੈ। ਹਵਾ ਦੀ ਗੁਣਵੱਤਾ ਨੀਵੇਂ ਪੱਧਰ ’ਤੇ ਪਹੁੰਚ ਜਾਂਦੀ ਹੈ। ਹੱਦੋਂ ਵੱਧ ਪ੍ਰਦੂਸ਼ਣ ਹੋਣ ਕਰਕੇ ਹਸਪਤਾਲ ਮਰੀਜ਼ਾਂ ਨਾਲ ਭਰ ਜਾਂਦੇ ਨੇ। ਫਿਰ ਤੈਨੂੰ ਪਤੈ ਹਸਪਤਾਲ ਵਾਲੇ ਕਿਵੇਂ ਛਿੱਲ ਲਾਹੁੰਦੇ ਨੇ? ਜਿਹੜਾ ਪੈਸਾ ਨਾੜ ਦੇ ਨਿਪਟਾਰੇ ’ਤੇ ਖ਼ਰਚ ਨਾ ਕਰਕੇ ਅਸੀਂ ਬਚਾਉਂਦੇ ਹਾਂ, ਉਹ ਹਸਪਤਾਲਾਂ ਵਾਲੇ ਹੜੱਪ ਲੈਂਦੇ ਨੇ।” ਸੀਰੇ ਨੇ ਪੂਰੇ ਜਜ਼ਬੇ ਨਾਲ ਸਾਰਾ ਕੁਝ ਇੱਕੋ ਸਾਹੇ ਕਹਿ ਦਿੱਤਾ।
ਦੀਪਾ ਇੱਕ ਟੱਕ ਸੀਰੇ ਦੀ ਸਾਰੀ ਗੱਲ ਬਿਨਾਂ ਕੁਝ ਕਹੇ ਸੁਣਦਾ ਰਿਹਾ।
“ਤੇਰੀਆਂ ਗੱਲਾਂ ਸੁਣ ਕੇ ਮਨ ਕਰਦਾ ਹੈ ਐਤਕੀਂ ਅੱਗ ਨਾ ਲਾਈਏ ਪਰ ਜੇ ਕਣਕ ਨਾ ਜੰਮੀ, ਫਿਰ?” ਉਸਨੇ ਸੀਰੇ ਤੋਂ ਜਵਾਬ ਮੰਗਿਆ।
“ਤੂੰ ਬੱਸ ਦੇਖਦਾ ਚੱਲੀਂ... ਸਭ ਕੁਛ ਠੀਕ ਹੋਵੇਗਾ।” ਸੀਰੇ ਨੇ ਦੀਪੇ ਨੂੰ ਤਸੱਲੀ ਅਤੇ ਹੌਸਲਾ ਦਿੰਦਿਆਂ ਕਿਹਾ।
“ਨਾਲੇ ਇੱਕ ਗੱਲ ਹੋਰ... ਇਹ ਦਿੱਲੀ ਵਾਲੇ ਆਏ ਸਾਲ ਸਾਡੇ ’ਤੇ ਇਲਜ਼ਾਮ ਲਾਉਂਦੇ ਨੇ, ਬਈ ਪੰਜਾਬ ਤੋਂ ਆਏ ਧੂੰਏਂ ਨੇ ਦਿੱਲੀ ਵਾਸੀਆਂ ਦਾ ਜੀਣਾ ਹਰਾਮ ਕਰ ਦਿੱਤੈ, ਦਮ ਘੋਟ ਰੱਖਿਐ। ਨਾਲੇ ਐਤਕੀਂ ਇਸ ਗੱਲ ਦਾ ਨਿਤਾਰਾ ਹੋਜੂ। ਪ੍ਰਦੂਸ਼ਣ ਕਾਰਨ ਵਾਤਾਵਰਣ ਵਿੱਚ ਆਏ ਨਿਗਾਰ ਨੂੰ ਠੀਕ ਕਰਨਾ ਵੀ ਤਾਂ ਸਾਡਾ ਫਰਜ਼ ਬਣਦਾ ਐ।” ਆਪਣੇ ਆਪ ਨੂੰ ਪੰਜਾਬ ਦਾ ਪੂਰਾ ਹਿਮਾਇਤੀ ਸਮਝਦਿਆਂ ਸੀਰਾ ਜੋਸ਼ ਨਾਲ ਬੋਲ ਰਿਹਾ ਸੀ।
“ਲੈ ਠੀਕ ਐ ਫਿਰ, ਇਸ ਵਾਰ ਭਾਵੇਂ ਖ਼ਰਚਾ ਹੋਜੇ, ਅਸੀਂ ਨਾੜ ਨੂੰ ਅੱਗ ਨਹੀਂ ਲਾਵਾਂਗੇ। ਹਾਂ, ਨਾਲੇ ਆਪਾਂ ਸਾਰੇ ਕਲੱਬ ਮੈਂਬਰ ਅੱਜ ਹੀ ਮੀਟਿੰਗ ਕਰਕੇ ਆਪਣੇ ਪੂਰੇ ਪਿੰਡ ਨੂੰ ਇਸ ਕੰਮ ਲਈ ਜਾਗਰੂਕ ਅਤੇ ਪ੍ਰੇਰਿਤ ਕਰਾਂਗੇ।”
ਵੱਟ ਤੋਂ ਉੱਠ ਕੇ ਕੱਪੜੇ ਝਾੜਦਿਆਂ ਹੋਇਆਂ ਉਹ ਫਿਰ ਬੋਲਿਆ, “ਹਾਂ ਸੀਰੇ, ਜਿਵੇਂ ਹੁਣੇ ਤੈਂ ਕਿਹੈ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਰਹਿਤ ਕਰਨਾ ਵੀ ਤਾਂ ਸਾਡੇ ਸਾਰਿਆਂ ਦਾ ਫਰਜ਼ ਐ...”
“ਹਾਂ ਹਾਂ! ਇਹੀ ਤਾਂ ਮੈਂ ਕਹਿਨਾ।” ਦੋਵੇਂ ਹੁਣ ਪਿੰਡ ਵੱਲ ਜਾ ਰਹੇ ਸਨ।
ਸਾਰੇ ਪੰਛੀ ਅਤੇ ਜਾਨਵਰ ਹੈਰਾਨ ਹੋ ਕੇ ਇਹ ਸਾਰੀ ਵਾਰਤਾ ਬੜੀ ਗੌਰ ਨਾਲ ਸੁਣਦਿਆਂ ਜਿਵੇਂ ਸੁੰਨ ਜਿਹੇ ਹੋ ਰਹੇ ਸੀ ਪਰ ਤੋਤੇ ਦੇ ਗੱਲ ਖ਼ਤਮ ਕਰਦਿਆਂ ਹੀ ਉਨ੍ਹਾਂ ਦੀਆਂ ਹਰਕਤਾਂ ਵਿੱਚ ਰੌਣਕ ਪਰਤਦੀ ਸਾਫ ਦਿਸਣ ਲੱਗੀ। ਇਸ ਤੋਂ ਪਹਿਲਾਂ ਕਿ ਕੋਈ ਹੋਰ ਬੋਲਦਾ ਚੁਲਬੁਲੀ ਬੁਲਬੁਲ ਨੇ ਇਕਦਮ ਕਿਹਾ, “ਲਗਦਾ ਹੈ ਗੱਲ ਬੁੱਥ ਵਿੱਚ ਵੜਗੀ ਇਨ੍ਹਾਂ ਦੇ...”
“ਹਾਂ, ਇੱਕ ਹੋਰ ਗੱਲ ਇਹ ਕਹਿੰਦੇ ਹੁੰਦੇ ਨੇ, ਮੈਂ ਇਨ੍ਹਾਂ ਤੋਂ ਹੀ ਸੁਣਿਆ ਹੈ, ਬਈ ਜਦੋਂ ਜਾਗੇ, ਉਦੋਂ ਸਵੇਰਾ...।” ਨਰ ਗਾਲ੍ਹੜ ਨੇ ਵੀ ਆਪਣੇ ਦਿਲ ਦੀ ਗੱਲ ਸੁਣਾ ਦਿੱਤੀ।
ਹੁਣ ਸਾਰੇ ਫਟਾਫਟ ਆਪਣੇ-ਆਪਣੇ ਬੱਚਿਆਂ ਕੋਲ ਆਲ੍ਹਣਿਆਂ ਅਤੇ ਖੁੱਡਾਂ ਵੱਲ ਦੌੜ ਪਏ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (