“ਕੋਈ ਨੀ, ਕਦੇ ਮੇਰੀ ਦੁਕਾਨ ’ਤੇ ਆਇਆ ਤਾਂ ਮੈਂ ਵੀ ਵੱਡਾ ਟੀਕਾ ਈ ਲਾਊਂ ...”
(13 ਅਕਤੂਬਰ 2025)
ਮੈਂ ਸਕੂਲੋਂ ਪਰਤ ਕੇ ਕਾਰ ਪੋਰਚ ਵਿੱਚ ਖੜ੍ਹੀ ਕੀਤੀ। ਮੇਰੀ ਪਤਨੀ ਅੰਦਰੋਂ ਰੋਜ਼ ਦੀ ਤਰ੍ਹਾਂ ਮੇਰਾ ਬੈਗ ਅਤੇ ਟਿਫਨ ਫੜਨ ਲਈ ਬਾਹਰ ਕਾਰ ਦੇ ਨੇੜੇ ਆਈ। ਬੈਗ ਅਤੇ ਟਿਫਨ ਥਾਂ ਟਿਕਾਣੇ ਰੱਖ ਕੇ ਉਹ ਬੈੱਡਰੂਮ ਵਿੱਚ ਚਲੀ ਗਈ। ਮੇਰੇ ਆਉਣ ਤੋਂ ਪਹਿਲਾਂ ਹੀ ਉਹ ਚਾਹ ਬਣਾ ਕੇ ਰੱਖਦੀ ਹੈ। ਮੈਂ ਕੱਪੜੇ ਬਦਲ ਕੇ ਚਾਹ ਪੀਤੀ। ਫਿਰ ਦੇਖਿਆ, ਪਤਨੀ ਬੈੱਡ ’ਤੇ ਟੇਢੀ ਹੋ ਕੇ ਅਤੇ ਸਿਰ ਫੜ ਕੇ ਪਈ ਸੀ। ਮੈਂ ਪੁੱਛਿਆ, “ਕੀ ਤਬੀਅਤ ਠੀਕ ਨਹੀਂ?”
“ਉਲਟੀਆਂ ਤੇ ਬਹੁਤ ਸਿਰ ਦਰਦ ਹੋ ਰਿਹਾ। ਬੱਸ ਫਟਣ ਨੂੰ ਹੋਇਆ ਪਿਆ ਹੈ।” ਉਸਨੇ ਧੀਮੀ ਆਵਾਜ਼ ਵਿੱਚ ਕਿਹਾ।
“ਬੋਤਲ ਲਵਾਉਣੀ ਪਊਗੀ।” ਉਸਨੇ ਨਾਲ ਹੀ ਕਿਹਾ।
ਮੈਂ ਉਸ ਨੂੰ ਸ਼ਹਿਰ ਸਾਡੇ ਫੈਮਿਲੀ ਡਾਕਟਰ ਕੋਲ ਲੈ ਗਿਆ, ਜਿਸ ਕੋਲ ਅਸੀਂ ਢਿੱਲਮੱਠ ਹੋਣ ’ਤੇ ਅਕਸਰ ਜਾਂਦੇ ਹਾਂ। ਡਾਕਟਰ ਨੇ ਬਲੱਡ ਪ੍ਰੈੱਸ਼ਰ ਚੈੱਕ ਕੀਤਾ। ਇਹ ਥੋੜ੍ਹਾ ਵਧਿਆ ਹੋਇਆ ਸੀ। ਨਾਲ ਹੀ ਉਸਨੇ ਕਿਹਾ ਕਿ ਪੈ ਜਾਵੋ, ਗੁਲੂਕੋਜ਼ ਲਾ ਦਿੰਦੇ ਹਾਂ।
ਡਾਕਟਰ ਨੇ ਬੈੱਡ ਦੇ ਨੇੜੇ ਪਏ ਸਟੈਂਡ ’ਤੇ ਬੋਤਲ ਟੰਗ ਕੇ ਗੁਲੂਕੋਜ਼ ਲਾ ਦਿੱਤਾ। ਇੰਨੇ ਨੂੰ ਇੱਕ ਸੱਠ ਸਾਲ ਦੇ ਨੇੜੇ ਤੇੜੇ ਦੀ ਉਮਰ ਦਾ ਮਰੀਜ਼ ਆਇਆ। ਉਸਦੀਆਂ ਗੱਲਾਂ ਤੋਂ ਲੱਗਿਆ ਕਿ ਉਸਦੀ ਦਵਾਈ ਇਸ ਡਾਕਟਰ ਤੋਂ ਲਗਾਤਾਰ ਚੱਲ ਰਹੀ ਸੀ। ਆਉਂਦੇ ਹੀ ਉਸਨੇ ਕਿਹਾ, “ਪਸੀਨੋ-ਪਸੀਨਾ ਹੋ ਗਿਆਂ ਇੱਥੇ ਤਕ ਆਉਂਦਿਆਂ। ਗਰਮੀ ਲੱਗ ਪਈ ਪੈਣ।”
“ਸਕੂਟੀ ’ਤੇ ਆ ਜਾਂਦਾ?” ਡਾਕਟਰ ਨੇ ਕਿਹਾ।
ਡਾਕਟਰ ਦੀ ਗੱਲ ਦਾ ਮਜ਼ਾਹੀਆ ਰੂਪ ਵਿੱਚ ਮੋੜਵਾਂ ਜਵਾਬ ਦਿੰਦਿਆਂ ਉਸਨੇ ਕਿਹਾ, “ਓ ਚਾਚਾ, ਘੜਾ ਲੈ ਕੇ ਜਾਣੈ, ਤਾਂ ਸਾਈਕਲ ’ਤੇ ਆਇਆਂ।”
ਜਿਹੜੇ ਡਾਕਟਰ ਨਾਲ ਸਾਡਾ ਇੱਕ ਪਰਿਵਾਰ ਦੀ ਤਰ੍ਹਾਂ ਰਿਸ਼ਤਾ ਬਣਿਆ ਹੁੰਦਾ ਹੈ, ਉੱਥੇ ਹੀ ਇੱਕ ਦੂਜੇ ਨੂੰ ਮਜ਼ਾਕੀਏ ਲਹਿਜੇ ਵਿੱਚ ਗੱਲਬਾਤ ਹੁੰਦੀ ਹੈ, ਨਹੀਂ ਤਾਂ ਵੱਡੇ ਹਸਪਤਾਲਾਂ ਵਿੱਚ ਅਸੀਂ ਗੱਲ ਕਰਨ ਤੋਂ ਵੀ ਸੰਕੋਚ ਕਰਦੇ ਹਾਂ।
“ਕੀ ਗੱਲ ਘੜਾ ਹੈਨੀ ਪਿਛਲੇ ਸਾਲ ਵਾਲਾ?” ਡਾਕਟਰ ਨੇ ਵੀ ਛੇੜਦਿਆਂ ਕਿਹਾ।
ਉਸ ਨੇ ਜੋ ਜਵਾਬ ਦਿੱਤਾ ਉਹ ਵਾਕਿਆ ਹੀ ਵਿਗਿਆਨਕ ਸੋਚ ਵਾਲਾ ਸੀ, “ਪੁਰਾਣਾ ਘੜਾ ਨੀ ਪਾਣੀ ਫਿਲਟਰ ਕਰਦਾ। ਨਵਾਂ ਵੀ ਬੱਸ ਢਾਈ ਤਿੰਨ ਮਹੀਨੇ ਹੀ ਚੰਗਾ ਪਾਣੀ ਫਿਲਟਰ ਕਰਦਾ ਹੈ, ਇਸ ਤੋਂ ਬਾਅਦ ਘੱਟ ਕਰਨ ਲਗਦਾ ਹੈ, ਤੂੰ ਇਹ ਛੱਡ ਮੈਨੂੰ ਦਵਾਈ ਦੇ ...।” ਉਸਨੇ ਕਾਹਲ ਕਰਦਿਆਂ ਕਿਹਾ।
“ਲਿਆ, ਪਰਚੀ ਦੇ।”
“ਪਰਚੀ ਤਾਂ ਮੈਂ ਭੁੱਲ ਆਇਆਂ।”
“ਪਰਚੀ ’ਤੇ ਲਿਖੇ ਨੰਬਰ ਤੋਂ ਬਿਨਾਂ ਕੀ ਪਤਾ ਚੱਲੂ?”
“ਤੂੰ ਦੇਖ... ਤੇਰਾ ਲਿਖਿਆ ਹੋਊ ਡਾਇਰੀ ’ਤੇ।”
“ਡਾਇਰੀ ਸਾਰੀ ਕਿੱਥੇ ਫਰੋਲੀ ਜਾਣੀ ਐਂ।”
“ਤੂੰ ਡਾਕਟਰ ਕਾਹਦਾ ਐਂ? ਡਾਕਟਰ ਨੂੰ ਤਾਂ ਊਈਂ ਯਾਦ ਹੋਣੀ ਚਾਹੀਦੀ ਐ, ਵੀ ਕਿਸ ਨੂੰ ਕਿਹੜੀ ਦਵਾਈ ਦੇਣੀ ਐ। ਹਾਂ, ਦੱਸਦਾਂ, ਇੱਕ ਤਾਂ ਛੋਟੀ ਗੋਲੀ, ਇੱਕ ਵੱਡੀ ਸਾਰੀ, ਇੱਕ ਪਿਆਜ਼ੀ ਤੇ ਇੱਕ ਤੇ ਨਾਲ ਇੱਕ ਹੋਰ ਤੀ...।”
“ਚੱਲ ਪੈ ਟੀਕਾ ਲਾਈਏ।” ਡਾਕਟਰ ਨੇ ਕਿਹਾ।
“ਪਿਛਲੀ ਵਾਰ ਭੋਰਾ ਨੀ ਦੁੱਖ ਲੱਗਿਆ ਟੀਕੇ ਦਾ। ਪਤਾ ਈ ਨੀ ਲੱਗਿਆ ਕਿ ਲੱਗ ਗਿਆ ਜਾਂ ਨਹੀਂ।” ਉਸਨੇ ਕਿਹਾ।
“ਬਟੂਆ ਚੈੱਕ ਕਰ ਲਿਆ ਤੀ, ਕਿਤੇ...” ਡਾਕਟਰ ਨੇ ਮਜ਼ਾਕ ਕਰਦਿਆਂ ਕਿਹਾ।
“ਅੱਜ ਦੁੱਖ ਲਾ ’ਤਾ।” ਮਰੀਜ਼ ਨੇ ਪੁੜਾ ਮਲ਼ਦਿਆਂ ਕਿਹਾ।
‘ਤੂੰ ਹੀ ਕਹਿੰਦਾ ਤੀ ਕਿ ਪਹਿਲਾਂ ਟੀਕਾ ਲਾਇਆ ਵੀ ਤੀ ਜਾਂ ਐਵੇਂ ... ਅੱਜ ਮੋਟੀ ਸੂਈ ਨਾਲ ਲਾਇਐ।” ਡਾਕਟਰ ਨੇ ਫਿਰ ਮਜ਼ਾਕੀਏ ਲਹਿਜੇ ਵਿੱਚ ਕਿਹਾ।
ਮੇਰੀ ਪਤਨੀ ਨੂੰ ਭਾਵੇਂ ਸਿਰ ਦਰਦ ਅਤੇ ਉਲਟੀਆਂ ਕਰਕੇ ਤਕਲੀਫ ਸੀ ਪਰ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਉਸਦੇ ਚਿਹਰੇ ’ਤੇ ਵੀ ਮੁਸਕਾਨ ਆ ਗਈ।
“ਕੋਈ ਨੀ, ਕਦੇ ਮੇਰੀ ਦੁਕਾਨ ’ਤੇ ਆਇਆ ਤਾਂ ਮੈਂ ਵੀ ਵੱਡਾ ਟੀਕਾ ਈ ਲਾਊਂ।” ਮਰੀਜ਼ ਨੇ ਵੀ ਹਾਸੇ ਨਾਲ ਕਿਹਾ।
ਮਰੀਜ਼ ਦੀ ਬੱਸ ਅੱਡੇ ਦੇ ਨੇੜੇ ਸਾਈਕਲ ਰਿਪੇਅਰ ਅਤੇ ਚੱਕਿਆਂ ਦੇ ਵਲ ਕੱਢਣ ਦੀ ਦੁਕਾਨ ਸੀ। ਸ਼ਹਿਰ ਵਿੱਚ ਸਾਈਕਲਾਂ ਅਤੇ ਮੋਟਰਸਾਈਕਲਾਂ ਦੇ ਚੱਕਿਆਂ ਦੇ ਵਲ ਕੱਢਣ ਦੇ ਕਿੱਤੇ ਵਿੱਚ ਉਸਦਾ ਵੱਡਾ ਨਾਂ ਸੀ। ਟੀਕਾ ਲਵਾ ਕੇ ਅਜੇ ਉਹ ਉੱਥੇ ਹੀ ਬੈਠਿਆ ਸੀ। ਸਾਨੂੰ ਦਵਾਈ ਸਮਝਾ ਕੇ ਡਾਕਟਰ ਨੇ ਤੋਰ ਦਿੱਤਾ।
ਮੈਂ ਸੋਚ ਰਿਹਾ ਸੀ ਕਿ ਪਿਛਲੀ ਪੀੜ੍ਹੀ ਦੇ ਲੋਕ, ਸਾਡੇ ਬਜ਼ੁਰਗ ਬੋਲਬਾਣੀ ਤੋਂ ਬੜੇ ਸਪਸ਼ਟ ਅਤੇ ਰਹਿਣ-ਸਹਿਣ ਪੱਖੋਂ ਸਾਦਗੀ ਦੇ ਧਾਰਨੀ ਸਨ ਜੋ ਅੱਜ ਬਹੁਤ ਘੱਟ ਰਹਿ ਗਏ ਹਨ। ਬਹੁਤੇ ਤਾਂ ਇਸ ਜਹਾਨੋਂ ਰੁਖ਼ਸਤ ਹੋ ਗਏ ਹਨ। ਡਾਕਟਰ ਦੇ ਚੈੱਕ ਕਰਨ ਤੋਂ ਪਹਿਲਾਂ ਹੀ ਸਾਰਾ ਰੋਗ ਤੇ ਉਸਦਾ ਉਪਚਾਰ ਵੀ ਉਸ ਨੂੰ ਸਮਝਾ ਕੇ, ਕਿਹੜੀ ਦਵਾਈ ਦੇਣੀ ਹੈ ਉਹ ਵੀ ਸਾਰਾ ਕੁਝ ਦੱਸ ਦਿੰਦੇ ਹਨ। ਇਨ੍ਹਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਵਿੱਚ ਹਾਸਾ ਛੁਪਿਆ ਹੁੰਦਾ ਹੈ। ਇਹ ਹੀ ਇਨ੍ਹਾਂ ਦੀ ਆਪਣੀ ਅਤੇ ਦੂਜਿਆਂ ਲਈ ਖੁਸ਼ਨੁਮਾ ਜ਼ਿੰਦਗੀ ਦਾ ਰਾਜ਼ ਹੁੰਦਾ ਹੈ, ਨਹੀਂ ਅੱਜ ਤਾਂ ਇਸ ਭੱਜ ਦੌੜ ਦੀ ਜ਼ਿੰਦਗੀ ਨੇ ਆਦਮੀ ਦੇ ਹਾਸੇ ਹੀ ਖੋਹ ਲਏ ਹਨ। ਚਿੰਤਾ, ਤਣਾਅ ਅਤੇ ਫਿਕਰਾਂ ਨੇ ਛੋਟਿਆਂ ਤੋਂ ਲੈ ਕੇ ਵੱਡਿਆਂ ਤਕ, ਸਭ ਨੂੰ ਆਪਣੇ ਗੇੜ ਵਿੱਚ ਲਿਆ ਹੋਇਆ ਹੈ। ਜ਼ਿੰਦਗੀ ਨੂੰ ਸੁਖਾਲਾ ਬਣਾਉਣ ਦਾ ਇੱਕੋ-ਇੱਕ ਢੰਗ-ਤਰੀਕਾ ਇਹ ਹੈ ਕਿ ਆਪਣੇ ਰੁਝੇਵਿਆਂ ਵਿੱਚੋਂ ਸਮਾਂ ਕੱਢ ਕੇ ਵੱਡਿਆਂ, ਬਜ਼ੁਰਗਾਂ ਦਾ ਸੰਗ ਕਰੀਏ ਅਤੇ ਉਨ੍ਹਾਂ ਤੋਂ ਚੰਗੇਰੀ ਜ਼ਿੰਦਗੀ ਜਿਊਣ ਦੀਆਂ ਗੱਲਾਂ ਸੁਣੀਏ, ਬੇਲੋੜੀ ਚਿੰਤਾ ਨੂੰ ਤਿਆਗੀਏ, ਆਪਣਾ ਕੰਮ ਇਮਾਨਦਾਰੀ ਨਾਲ ਕਰੀਏ ਅਤੇ ਜੋ ਸਭ ਤੋਂ ਮਹੱਤਵਪੂਰਨ ਗੱਲ ਹੈ ਕਿ ਸਬਰ ਦਾ ਪੱਲਾ ਫੜ ਕੇ ਚੱਲੀਏ, ਕੁਦਰਤ ਦੁਆਰਾ ਸਿਰਜੀ ਇਸ ਕਾਇਨਾਤ ਦਾ ਅਨੰਦ ਮਾਣੀਏ ਅਤੇ ਉਸ ਪ੍ਰਮਾਤਮਾ ਦਾ ਸ਼ੁਕਰਾਨਾ ਕਰੀਏ, ਜਿਸਨੇ ਸਾਨੂੰ ਇਸ ਧਰਤੀ ’ਤੇ ਬਾਕੀ ਸਾਰੇ ਜੀਵਾਂ ਤੋਂ ਉੱਪਰ ਦੀ ਸਰਦਾਰੀ ਬਖਸ਼ੀ ਹੈ, ਸੋਝੀ ਨਾਲ ਨਿਵਾਜਿਆ ਹੈ। ਹਾਂ, ਇਹ ਸਾਡੇ ’ਤੇ ਨਿਰਭਰ ਹੈ ਕਿ ਅਸੀਂ ਉਸਦੀ ਕਿੰਨੀ-ਕੁ ਸਾਰਥਕ ਵਰਤੋਂ ਕਰਦੇ ਹਾਂ। ਇਸਦੇ ਨਾਲ ਇਹ ਵੀ ਜ਼ਰੂਰੀ ਹੈ ਕਿ ਅਸੀਂ ਬੇਲੋੜੇ ਤੇ ਅਸ਼ੁੱਧ ਖਾਧ ਪਦਾਰਥਾਂ ਦੀ ਵਰਤੋਂ ਤੋਂ ਗੁਰੇਜ਼ ਕਰੀਏ, ਜੋ ਸਹੀ ਅਤੇ ਸ਼ੁੱਧ ਹੋਵੇ ਉਹ ਹੀ ਖਾਈਏ, ਸੰਜਮੀ ਬਣੀਏ। ਅੱਧੀਆਂ ਬਿਮਾਰੀਆਂ ਦਾ ਇਲਾਜ ਤਾਂ ਇਹ ਨਿਯਮ ਅਪਣਾਉਣ ਨਾਲ ਹੀ ਹੋ ਜਾਂਦਾ ਹੈ। ਬਾਕੀ ਕੁਦਰਤ ਦੇ ਨੇੜੇ ਰਹਿਣ ਅਤੇ ਮਨ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਨਾਲ ਡਾਕਟਰਾਂ ਦੀ ਸੂਈਆਂ ਅਤੇ ਕੌੜੀਆਂ ਦਵਾਈਆਂ ਤੋਂ ਬਚਿਆ ਜਾ ਸਕਦਾ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (