“ਅਸੀਂ ਕਦੀ ਇਹ ਸੋਚਿਆ ਹੈ ਕਿ ਕੀ ਅਸੀਂ ਉਨ੍ਹਾਂ ਰਾਹ ਦਸੇਰਿਆਂ ਦੇ ਨਕਸ਼ੇ ਕਦਮ ’ਤੇ ਚੱਲਦੇ ਵੀ ਹਾਂ? ...”
(5 ਸਤੰਬਰ 2023)
ਦੇਸ਼ ਦੇ ਪਹਿਲੇ ਉਪ-ਰਾਸ਼ਟਰਪਤੀ ਅਤੇ ਦੂਜੇ ਰਾਸ਼ਟਰਪਤੀ ਰਹੇ ਡਾ. ਰਾਧਾ ਕ੍ਰਿਸ਼ਨਨ ਨੂੰ ਯਾਦ ਕਰਦਿਆਂ, ਉਨ੍ਹਾਂ ਦੇ ਇੱਕ ਅਧਿਆਪਕ ਵਜੋਂ ਨਿਭਾਏ ਫ਼ਰਜ਼ ਨੂੰ ਸਮਰਪਿਤ ਅਧਿਆਪਕ ਦਿਵਸ ਪੂਰੇ ਭਾਰਤ ਦੇਸ਼ ਵਿੱਚ ਅਤੇ ਵਿਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਨੇ ਉੱਚੇ ਸੰਵਿਧਾਨਕ ਅਹੁਦੇ ’ਤੇ ਪਹੁੰਚਣ ਤੋਂ ਪਹਿਲਾਂ ਤਕਰੀਬਨ ਚਾਲ਼ੀ ਸਾਲ ਅਧਿਆਪਕ ਵਜੋਂ ਸੇਵਾ ਕੀਤੀ।
1962 ਵਿੱਚ ਜਦੋਂ ਉਹ ਭਾਰਤ ਦੇ ਰਾਸ਼ਟਰਪਤੀ ਬਣੇ ਤਾਂ ਉਨ੍ਹਾਂ ਦੇ ਕੁਝ ਵਿਦਿਆਰਥੀ ਅਤੇ ਦੋਸਤਾਂ ਨੇ ਉਨ੍ਹਾਂ ਦਾ ਜਨਮ ਦਿਨ ਮਨਾਉਣ ਦੀ ਇੱਛਾ ਜ਼ਾਹਰ ਕੀਤੀ ਪਰ ਡਾ. ਰਾਧਾ ਕ੍ਰਿਸ਼ਨਨ ਨੇ ਉਨ੍ਹਾਂ ਦੀ ਭਾਵਨਾ ਦੀ ਕਦਰ ਕਰਦਿਆਂ ਇਹ ਸੁਝਾਅ ਦਿੱਤਾ ਕਿ ਕਿਉਂ ਨਾ ਅਸੀਂ ਇਸ ਦਿਨ ਨੂੰ ਅਧਿਆਪਕਾਂ ਨੂੰ ਸਮਰਪਿਤ ਕਰੀਏ। ਇਹ ਸੁਝਾਅ ਸਭ ਨੂੰ ਵਧੀਆ ਲੱਗਿਆ ਤੇ ਕੋਈ ਇਸ ਤੋਂ ਇਨਕਾਰੀ ਨਹੀਂ ਸੀ। ਇਹ ਡਾ. ਰਾਧਾ ਕ੍ਰਿਸ਼ਨਨ ਜੀ ਦਾ ਅਧਿਆਪਨ ਕਿੱਤੇ ਲਈ ਪਿਆਰ ਦਾ ਸਬੂਤ ਸੀ। ਸਾਲ 1967 ਤੋਂ 5 ਸਤੰਬਰ ਦਾ ਦਿਨ ਅਧਿਆਪਕ ਦਿਵਸ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ।
ਡਾ. ਰਾਧਾ ਕ੍ਰਿਸ਼ਨਨ ਜੀ ਅਧਿਆਪਕ ਰੂਪ ਵਿੱਚ ਆਪਣੇ ਵਿਦਿਆਰਥੀਆਂ ਦੇ ਰਾਹ ਦਸੇਰੇ ਸਨ ਅਤੇ ਇੱਕ ਰਾਸ਼ਟਰਪਤੀ ਦੇ ਰੂਪ ਵਿੱਚ ਮੁਲਕ ਦੀ ਤਰੱਕੀ, ਖ਼ੁਸ਼ਹਾਲੀ ਅਤੇ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਨੂੰ ਸਮਝਣ ਵਾਲੇ ਆਗੂ ਹੋ ਨਿੱਬੜੇ ਸਨ।
ਅਸੀਂ ਇਸ ਦਿਨ ਉਨ੍ਹਾਂ ਮਹਾਨ ਚਿੰਤਕਾਂ, ਆਦਰਸ਼ ਅਧਿਆਪਕਾਂ ਬਾਰੇ ਤਕਰੀਰਾਂ ਕਰਦੇ ਹਾਂ, ਉਨ੍ਹਾਂ ਨੂੰ ਯਾਦ ਕਰਦੇ ਹਾਂ ਅਤੇ ਵੱਡੇ-ਵੱਡੇ ਰਾਜ ਪੱਧਰੀ ਸਮਾਗਮ ਕੀਤੇ ਜਾਂਦੇ ਹਨ। ਵਧੀਆ ਕੰਮ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਅਖਬਾਰਾਂ, ਸੋਸ਼ਲ ਮੀਡੀਆ, ਇਲੈਕਟ੍ਰਾਨਿਕ ਮੀਡੀਆ ਉੱਤੇ ਅਧਿਆਪਕ ਦੀ ਇੱਕ ਰਾਸ਼ਟਰ ਨਿਰਮਾਤਾ ਦੇ ਰੂਪ ਵਿੱਚ ਵਡਿਆਈ ਕੀਤੀ ਜਾਂਦੀ ਹੈ, ਜੋ ਕਰਨੀ ਬਣਦੀ ਵੀ ਹੈ ਅਤੇ ਹਰ ਪਾਸੇ ਦਿਲਖਿੱਚਵੀਂਆਂ ਸੁਰਖੀਆਂ ਅਤੇ ਤਸਵੀਰਾਂ ਦੇਖਣ ਨੂੰ ਮਿਲਦੀਆਂ ਹਨ। ਵਿਦਵਾਨ ਲੋਕ ਆਪਣੀਆਂ ਤਕਰੀਰਾਂ ਰਾਹੀਂ ਗੁਰੂ ਨੂੰ, ਸ਼ਗਿਰਦ ਦੇ ਅਗਿਆਨ ਰੂਪੀ ਹਨੇਰੇ ਨੂੰ ਆਪਣੇ ਗਿਆਨ ਰੂਪੀ ਪ੍ਰਕਾਸ਼ ਨਾਲ ਦੂਰ ਕਰਨ ਦੀ ਗੱਲ ਕਰਦੇ ਹਨ। ਅਧਿਆਪਕ ਨੂੰ ਮਾਲੀ ਦੀ ਸੰਗਿਆ ਦਿੱਤੀ ਗਈ ਹੈ ਜਿਵੇਂ ਮਾਲੀ ਪੌਦਿਆਂ ਦੇ ਵਧਣ-ਫੁੱਲਣ ਲਈ ਉਨ੍ਹਾਂ ਨੂੰ ਖ਼ਾਦ-ਖੁਰਾਕ, ਪਾਣੀ ਆਦਿ ਦਿੰਦਾ ਹੈ, ਉਸੇ ਤਰ੍ਹਾਂ ਅਧਿਆਪਕ ਵਿਦਿਆਰਥੀ ਰੂਪੀ ਪੌਦੇ ਨੂੰ ਹਰ ਪੱਖੋਂ ਬਿਹਤਰ ਬਣਾਉਣ ਲਈ ਆਪਣੀ ਹਰ ਵਾਹ ਲਾਉਂਦਾ ਹੈ ਤਾਂ ਕਿ ਉਸ ਦੇ ਵਿਦਿਆਰਥੀ ਚੰਗੇ ਨਾਗਰਿਕ ਬਣ ਕੇ ਇੱਕ ਚੰਗੇ ਤੇ ਨਰੋਏ ਸਮਾਜ ਦਾ ਨਿਰਮਾਣ ਕਰਨ।
ਹਰ ਸਾਲ ਅਧਿਆਪਕ ਦਿਵਸ ਮਨਾਇਆ ਜਾਂਦਾ ਹੈ। ਹੁਣ ਤਕ ਅਸੀਂ ਬਹੁਤ ਸਾਰੇ ਇਹ ਦਿਵਸ ਮਨਾ ਚੁੱਕੇ ਹਾਂ। ਅਸੀਂ ਕਦੀ ਇਹ ਸੋਚਿਆ ਹੈ ਕਿ ਕੀ ਅਸੀਂ ਉਨ੍ਹਾਂ ਰਾਹ ਦਸੇਰਿਆਂ ਦੇ ਨਕਸ਼ੇ ਕਦਮ ’ਤੇ ਚੱਲਦੇ ਵੀ ਹਾਂ? ਅਸੀਂ ਆਪਣੇ ਇਸ ਪਵਿੱਤਰ ਕਿੱਤੇ ਪ੍ਰਤੀ ਕਿੰਨੇ ਕੁ ਸਮਰਪਿਤ ਹਾਂ? ਆਪਣੇ ਅੰਦਰ ਇਹ ਝਾਤੀ ਮਾਰੀ ਹੈ ਅਸੀਂ ਕਦੇ? ਅੱਜ ਸਮਾਜ ਨੂੰ ਸੁਹਿਰਦ ਅਤੇ ਸਮਰਪਿਤ ਅਧਿਆਪਕਾਂ ਦੀ ਲੋੜ ਹੈ ਜੋ ਨਿੱਤ ਨਿੱਘਰਦੀ ਸਮਾਜਿਕ ਅਵਸਥਾ ਨੂੰ ਸੰਵਾਰ ਸਕਣ, ਆਪਣੇ ਫ਼ਰਜ਼ਾਂ ਨੂੰ ਸੁਹਿਰਦਤਾ ਨਾਲ ਨਿਭਾਉਣ। ਪਰ ਸਾਡੇ ਵਿੱਚ ਕੁਝ ਅਜਿਹੇ ਵੀ ਹਨ, ਜਿਨ੍ਹਾਂ ਨੇ ਆਪਣੀ ਅੰਦਰਲੀ ਸ਼ਕਤੀ ਨੂੰ ਅਜੇ ਤਕ ਜਗਾਇਆ ਹੀ ਨਹੀਂ। ਸਮਰੱਥਾ, ਸ਼ਕਤੀ ਅਤੇ ਗਿਆਨ ਸਭ ਮਨੁੱਖਾਂ ਵਿੱਚ ਮੌਜੂਦ ਹੁੰਦਾ ਹੈ ਪਰ ਲੋੜ ਹੁੰਦੀ ਹੈ ਇਸ ਅੰਦਰੂਨੀ ਸ਼ਕਤੀ ਨੂੰ ਜਾਗਰਿਤ ਕਰਨ ਦੀ ਤੇ ਉਪਯੋਗ ਵਿੱਚ ਲਿਆਉਣ ਦੀ ਤਾਂ ਕਿ ਅਸੀਂ ਆਪਣੇ ਵਿਦਿਆਰਥੀਆਂ ਰਾਹੀਂ ਸਮਾਜ ਦਾ ਅਤੇ ਦੇਸ਼ ਦਾ ਕੁਝ ਭਲਾ ਕਰ ਸਕੀਏ। ਸਾਡੇ ਵਿੱਚ ਉਹ ਅਧਿਆਪਕ ਵੀ ਹਨ ਜੋ ਸਹੀ ਮਾਇਨਿਆਂ ਵਿੱਚ ਆਦਰਸ਼ ਅਧਿਆਪਕ ਹਨ। ਆਪਣੇ ਕਿੱਤੇ ਪ੍ਰਤੀ ਪੂਰੀ ਤਰ੍ਹਾਂ ਸਮਰਪਿਤ ਹਨ। ਸਾਡੇ ਸਾਹਮਣੇ ਐਸੇ ਬਹੁਤ ਸਾਰੇ ਸਕੂਲਾਂ ਦੇ ਅਧਿਆਪਕਾਂ ਦੀਆਂ ਉਦਾਹਰਣਾਂ ਹਨ। ਮੈਂ ਇੱਥੇ ਕਹਾਂਗਾ ਉਦਾਹਰਣਾਂ ਨਹੀਂ, ਪ੍ਰਤੱਖ ਰੂਪ ਵਿੱਚ ਅਸੀਂ ਉਨ੍ਹਾਂ ਸਕੂਲਾਂ ਦੇ ਜਾਂਬਾਜ਼ ਅਧਿਆਪਕਾਂ ਬਾਰੇ ਪੜ੍ਹਦੇ, ਸੁਣਦੇ ਅਤੇ ਦੇਖਦੇ ਹਾਂ ਕਿ ਉਨ੍ਹਾਂ ਵਿੱਚ ਆਪਣੇ ਸਮਾਜ ਤੇ ਦੇਸ਼ ਨੂੰ ਅੱਗੇ ਲਿਜਾਣ ਦਾ ਕਿੰਨਾ ਜਜ਼ਬਾ ਹੈ। ਉਹ ਦਿਨ-ਰਾਤ ਮਿਹਨਤ ਕਰਦੇ ਹਨ ਅਤੇ ਆਪਣੇ ਸਕੂਲਾਂ ਦੇ ਵਿਦਿਆਰਥੀਆਂ ਨੂੰ, ਪੜ੍ਹਾਈ ਦੇ ਨਾਲ-ਨਾਲ ਦੂਸਰੀਆਂ ਗਤੀਵਿਧੀਆਂ ਵਿੱਚ ਮੋਹਰੀ ਰੱਖਣ ਵਿੱਚ ਕੋਈ ਕਸਰ ਨਹੀਂ ਛੱਡਦੇ। ਇੱਥੇ ਇਹ ਕਹਿਣਾ ਵੀ ਵਾਜਿਬ ਬਣਦਾ ਹੈ ਕਿ ਕਿਸੇ ਸੰਸਥਾ ਦਾ ਅਕਾਦਮਿਕ ਤੇ ਹੋਰ ਸਹਿ-ਅਕਾਦਮਿਕ ਗਤੀਵਿਧੀਆਂ ਵਿੱਚ ਚਮਕਣਾ, ਉੱਥੇ ਕੰਮ ਕਰ ਰਹੇ ਛੋਟੇ ਕਰਮਚਾਰੀ ਤੋਂ ਲੈ ਕੇ ਉੱਚ ਕਰਮਚਾਰੀ ਤਕ, ਸਭ ਦੇ ਸਹਿਯੋਗ ਅਤੇ ਜਨੂੰਨ ਦਾ ਨਤੀਜਾ ਹੁੰਦਾ ਹੈ।
ਪਰ ਜੇ ਦੂਜੇ ਪਾਸੇ ਸਿੱਖਿਆ ਨੀਤੀਆਂ ਅਤੇ ਇਸ ਖੇਤਰ ਵਿੱਚ ਹੋ ਰਹੇ ਨਿੱਤ ਨਵੇਂ ਤਜਰਬਿਆਂ ਦੀ ਗੱਲ ਕੀਤੀ ਜਾਵੇ ਤਾਂ ਦੇਖਿਆ ਜਾਂਦਾ ਹੈ ਕਿ ਅਧਿਆਪਕ ਨੂੰ ਪੜ੍ਹਾਉਣ ਲਈ ਅਜ਼ਾਦ ਨਹੀਂ ਰਹਿਣ ਦਿੱਤਾ ਗਿਆ। ਨਿੱਤ ਨਵੇਂ ਨਵੇਂ ਫਰਮਾਨ ਜਾਰੀ ਕਰਕੇ ਉਸ ਨੂੰ ਕੁਝ ਬੇਲੋੜੀਆਂ ਗਤੀਵਿਧੀਆਂ ਵਿੱਚ ਉਲਝਾਕੇ ਜਮਾਤ ਤੋਂ ਤੋੜਿਆ ਜਾ ਰਿਹਾ ਹੈ ਪਰ ਫਿਰ ਵੀ ਸਾਡੇ ਇਹ ਸਿਰੜੀ, ਅਣਥੱਕ ਯੋਧੇ, ਆਪਣੀ ਧੁਨ ਵਿੱਚ ਆਪਣਾ ਕੰਮ ਬੜੀ ਇਮਾਨਦਾਰੀ ਨਾਲ ਕਰ ਰਹੇ ਹਨ। ਅਧਿਆਪਕ ਨੂੰ ਆਪਣੀ ਜਮਾਤ ਅਤੇ ਵਿਦਿਆਰਥੀਆਂ ਬਾਰੇ ਪਤਾ ਹੁੰਦਾ ਹੈ ਕਿ ਉਨ੍ਹਾਂ ਨੂੰ ਪੜ੍ਹਾਉਣ ਲਈ ਉਚਿਤ ਸਮੇਂ ’ਤੇ ਕਿਹੜੀ ਉਚਿਤ ਤਕਨੀਕ ਵਰਤਣੀ ਹੈ ਕਿਉਂਕਿ ਕਈ ਵਾਰ ਥੋਪੀਆਂ ਗਈਆਂ ਤਕਨੀਕਾਂ, ਢੰਗ ਉਸ ਸਥਿਤੀ ਦੇ ਅਨੁਕੂਲ ਨਹੀਂ ਹੁੰਦੇ ਜਿਹੜੀਆਂ ਸਥਿਤੀਆਂ ਵਿੱਚ ਉਹ ਪੜ੍ਹਾ ਰਿਹਾ ਹੁੰਦਾ ਹੈ। ਹਾਂ, ਸਿੱਖਿਆ ਵਿੱਚ ਸੁਧਾਰ ਲਈ ਨਵੇਂ ਢੰਗ ਤਰੀਕੇ, ਤਕਨੀਕਾਂ ਦਾ ਉਪਯੋਗ ਕਰਨਾ ਕੋਈ ਮਾੜੀ ਗੱਲ ਨਹੀਂ ਪਰ ਇਹਨਾਂ ਨੂੰ ਅਮਲ ਵਿੱਚ ਲਿਆਉਣ ਲਈ ਸਕੂਲਾਂ ਵਿੱਚ ਉਚਿਤ ਵਿੱਦਿਅਕ ਢਾਂਚਾ ਉਪਲਬਧ ਹੋਣਾ ਅਤਿ ਜ਼ਰੂਰੀ ਹੈ ਤਾਂ ਹੀ ਇਨ੍ਹਾਂ ਦੀ ਸਾਰਥਿਕਤਾ ਸਿੱਧ ਹੋ ਸਕੇਗੀ। ਇਸ ਤੋਂ ਇਲਾਵਾ ਜੋ ਸਭ ਤੋਂ ਅਹਿਮ ਗੱਲ ਹੈ ਉਹ ਇਹ ਕਿ ਜੇ ਸਿੱਖਿਆ ਨੀਤੀਆਂ ਬੰਦ ਆਰਾਮਦਾਇਕ ਕਮਰਿਆਂ ਵਿੱਚ ਬੈਠ ਕੇ ਬਣਾਉਣ ਦੀ ਬਜਾਇ ਜ਼ਮੀਨੀ ਹਕੀਕਤ ਦੀ ਨਬਜ਼ ਨੂੰ ਸਮਝ ਕੇ ਬਣਾਈਆਂ ਜਾਣ ਤਾਂ ਸਿੱਖਿਆ ਖੇਤਰ ਵਿੱਚ ਅਸਲ ਅਰਥਾਂ ਵਿੱਚ ਕ੍ਰਾਂਤੀ ਲਿਆਉਣਾ ਸੰਭਵ ਹੈ।
ਆਉ, ਅੱਜ ਅਸੀਂ ਸਾਰੇ ਅਧਿਆਪਕ ਇਸ ਅਧਿਆਪਕ ਦਿਵਸ ’ਤੇ ਇਹ ਅਹਿਦ ਕਰੀਏ ਕਿ ਜਿਹੜੀ ਜ਼ਿੰਮੇਵਾਰੀ ਅਤੇ ਡਿਊਟੀ ਸਾਡੇ ਲੇਖੇ ਲੱਗੀ ਹੈ, ਉਸ ਨੂੰ ਤਹਿ ਦਿਲੋਂ ਨਿਭਾਈਏ। ਬੱਚਿਆਂ ਨੂੰ ਹਰ ਉਚਿਤ ਵਿੱਦਿਆ ਅਤੇ ਸਹੀ ਸੇਧ ਦੇਈਏ ਤਾਂ ਕਿ ਆਉਣ ਵਾਲੀ ਪੀੜ੍ਹੀ ਇਸ ਨਿੱਘਰਦੀ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਸਥਿਤੀ ਨੂੰ ਸਮਝੇ ਤੇ ਸਹੀ ਫੈਸਲੇ ਲੈ ਸਕੇ। ਇਹ ਹੀ ਸਹੀ ਅਰਥਾਂ ਵਿੱਚ ਅਧਿਆਪਕ ਦਿਵਸ ਦੀ ਸਾਰਥਿਕਤਾ ਹੋਵੇਗੀ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4197)
(ਸਰੋਕਾਰ ਨਾਲ ਸੰਪਰਕ ਲਈ: (