LabhSinghShergill 7ਅਸਲ ਵਿੱਚ ਹਕੂਮਤਾਂ ਦੀ ਨੀਅਤ ਵਿੱਚ ਕਿਤੇ ਨਾ ਕਿਤੇ ਖੋਟ ਛੁਪਿਆ ਹੋਇਆ ਹੈ। ਉਹ ਚਾਹੁੰਦੀਆਂ ਹੀ ਨਹੀਂ ਕਿ ...
(19 ਅਪਰੈਲ 2024)
ਇਸ ਸਮੇਂ ਪਾਠਕ: 440.


ਚੇਤ ਮਹੀਨਾ ਚੜ੍ਹਨ ਨਾਲ ਗਰਮ ਰੁੱਤ ਦਾ ਆਗ਼ਾਜ਼ ਹੋ ਜਾਂਦਾ ਹੈ
ਸਵੇਰ ਵੇਲੇ ਹਲਕੀ ਹਲਕੀ ਠੰਢ ਤੇ ਦਿਨ ਸਮੇਂ ਗਰਮੀ ਦਾ ਅਹਿਸਾਸ ਹੋਣ ਲਗਦਾ ਹੈਸਰਦੀ ਵਾਲੇ ਕੱਪੜਿਆਂ ਨੂੰ ਧੋ-ਸੰਵਾਰਕੇ ਅਲਮਾਰੀਆਂ ਜਾਂ ਪੇਟੀਆਂ ਵਿੱਚ ਸੰਭਾਲੇ ਜਾਂਦੇ ਹਨ ਅਤੇ ਗਰਮ ਰੁੱਤ ਦੇ ਕੱਪੜਿਆਂ ਦੀਆਂ ਬੰਨ੍ਹੀਆਂ ਗਠੜੀਆਂ ਖੁੱਲ੍ਹਣ ਲੱਗਦੀਆਂ ਹਨਇਹ ਵਧੀਆ ਸੁਹਾਵਣਾ ਮੌਸਮ ਹੁੰਦਾ ਹੈ ਨਾ ਜ਼ਿਆਦਾ ਠੰਢ ਤੇ ਨਾ ਹੀ ਜ਼ਿਆਦਾ ਗਰਮੀਮਿੱਠੀ ਮਿੱਠੀ ਜਿਹੀ ਇਸ ਮੌਸਮ ਦੀ ਆਨੰਦ ਦੇਣ ਵਾਲੀ ਛੋਹ ਮਨ ਵਿੱਚ ਇੱਕ ਵੱਖਰਾ ਹੀ ਉਲਾਸ ਪੈਦਾ ਕਰਦੀ ਹੈਚਾਰੇ ਪਾਸੇ ਰੁੱਖਾਂ-ਬੂਟਿਆਂ ’ਤੇ ਉਮੜੀ ਫੁੱਲਾਂ ਦੀ ਬਹਾਰ ਅਤੇ ਉਨ੍ਹਾਂ ਵਿੱਚੋਂ ਆ ਰਹੀ ਭਿੰਨੀ-ਭਿੰਨੀ ਖ਼ੁਸ਼ਬੂ ਜਿਵੇਂ ਬਾਬੇ ਨਾਨਕ ਦੀ ਉਚਾਰੀ ਆਰਤੀ ਦੀ ਗਵਾਹੀ ਭਰ ਰਹੀ ਹੋਵੇਉੱਧਰ ਖੇਤਾਂ ਵਿੱਚ ਫਸਲਾਂ ਆਪਣੇ ਲੋਹੜੇ ਦੇ ਜੋਬਨ ਵਿੱਚ ਲਹਿ-ਲਹਾਉਂਦੀਆਂ ਜਿਵੇਂ ਆਉਂਦੇ-ਜਾਂਦੇ ਰਾਹੀਆਂ ਨਾਲ ਅਠਖੇਲੀਆਂ ਕਰ ਰਹੀਆਂ ਹੋਣਫਸਲਾਂ ’ਤੇ ਪੈ ਰਹੀ ਖਿੜੀ-ਖਿੜੀ ਧੁੱਪ ਜਿਵੇਂ ਦੁਲਹਨ ਦੇ ਕੀਤੇ ਸ਼ਿੰਗਾਰ ਨੂੰ ਹੋਰ ਚਮਕਾ ਰਹੀ ਹੋਵੇਪੁੱਤਾਂ-ਧੀਆਂ ਵਾਂਗ ਦਿਨ ਰਾਤ ਇੱਕ ਕਰਕੇ ਪਾਲ਼ੀਆਂ ਇਹ ਫ਼ਸਲਾਂ ਨੂੰ ਜਦੋਂ ਕਿਸਾਨ ਖੁਸ਼ੀ ਭਰੇ ਰੌਂ ਵਿੱਚ ਨਿਹਾਰਦਾ ਹੈ ਤਾਂ ਉਸ ਨੂੰ ਆਪਣੇ ਸੁਪਨੇ ਪੂਰੇ ਹੁੰਦੇ ਦਿਖਾਈ ਦਿੰਦੇ ਹਨਜਿੱਥੇ ਤਕ ਨਜ਼ਰ ਪੈਂਦੀ ਹੈ ਸਭ ਪਾਸੇ ਸੋਨੇ ਦੀਆਂ ਝੰਬਰ ਸੂਈਆਂ (ਸਿਰ ’ਤੇ ਲਾਉਣ ਵਾਲਾ ਗਹਿਣਾ) ਹੀ ਨਜ਼ਰ ਆਉਂਦੀਆਂ ਹਨਤਾਂ ਹੀ ਕਿਸੇ ਕਵੀ ਦੀਆਂ ਇਹ ਸਤਰਾਂ ਚੇਤਿਆਂ ਵਿੱਚ ਘੁੰਮ ਜਾਂਦੀਆਂ ਹਨ:

ਆ ਗਿਆ ਵਿਸਾਖ ਚੇਤ ਗਿਆ ਲੰਘ ਵੇ
ਕਣਕਾਂ ਦਾ ਹੋ ਗਿਆ ਸੁਨਹਿਰੀ ਰੰਗ ਵੇ

ਸੱਚਮੁੱਚ ਹਰ ਪਾਸੇ ਸੁਨਹਿਰੀ ਭਾਅ ਮਾਰਦੀ ਕਣਕ ਦੀ ਫ਼ਸਲ ਇਸ ਤਰ੍ਹਾਂ ਲਗਦੀ ਹੈ ਜਿਵੇਂ ਦੂਰ-ਦੂਰ ਤਕ ਸੋਨਾ ਹੀ ਸੋਨਾ ਖਿਲਰਿਆ ਹੋਵੇਦੇਖਦਿਆਂ ਇੱਕ ਵਾਰ ਇੰਝ ਲਗਦਾ ਹੈ ਕਿ ਐਨਾ ਸੋਨਾ ਜਿਸ ਨਾਲ ਗ਼ਰੀਬੀ ਹਮੇਸ਼ਾ ਲਈ ਚੱਕੀ ਜਾਵੇਗੀਕਾਸ਼! ਇਹ ਅਸਲ ਵਿੱਚ ਐਨਾ ਹੀ ਸੋਨਾ ਹੁੰਦਾ ਜੋ ਕਿਰਤੀ ਦੀਆਂ ਰੀਝਾਂ ਪੂਰੀਆਂ ਕਰ ਸਕਦਾਇਹ ਬਾਹਰ ਪਹਿਨਿਆ ਜਾਣ ਵਾਲਾ ਸੋਨਾ ਨਾ ਹੋ ਕੇ ਪੇਟ ਦੀ ਅਗਨ ਠੰਢੀ ਕਰਨ ਵਾਲਾ ਅਸਲੀ ਸੋਨਾ ਹੁੰਦਾ ਹੈ ਜਿਸਦੇ ਸਾਹਮਣੇ ਮਣਾਂ-ਮੂੰਹੀਂ ਰੱਖੇ ਸੋਨੇ ਦੀ ਚਮਕ ਹਮੇਸ਼ਾ ਸਿਫ਼ਰ ਦੇ ਤੁੱਲ ਹੁੰਦੀ ਹੈਫਿਰ ਕਦੇ ਅਚਾਨਕ ਮੌਸਮ ਦੇ ਬਦਲਦੇ ਮਿਜਾਜ਼ ਨਾਲ ਫਿਕਰਾਂ ਦੇ ਪਹਾੜ ਆ ਘੇਰਦੇ ਹਨ ਕਿ ਕੁਝ ਪੱਲੇ ਪਵੇਗਾ ਜਾਂ …? ਇਹ ਸਭ ਕੁਝ ਝੱਲਦਾ ਹੋਇਆ ਇਹ ਕਿਰਤੀ ਹੌਸਲਾ ਇਕੱਠਾ ਕਰਕੇ ਇਸ ਮਾਰ ਵਿੱਚੋਂ ਨਿਕਲਣ ਦਾ ਜੇਰਾ ਕਰ ਲੈਂਦਾ ਹੈ ਤੇ ਨਿਰੰਤਰ ਆਪਣੀ ਮਿਹਨਤ ਜਾਰੀ ਰੱਖਦਾ ਹੈਫ਼ਸਲ ਵੀ ਆਪਣੇ ਪਿਓ ਰੂਪੀ ਕਿਰਤੀ ਨੂੰ ਜਿਵੇਂ ਇਹ ਕਹਿ ਕੇ ਦਿਲਾਸਾ ਦਿੰਦੀ ਹੋਵੇ ਕਿ ਧਰਤ ਮਾਂ ਦੀ ਗੋਦ ਨੇ ਸਾਡੇ ਵਿੱਚੋਂ ਬਹੁਤਿਆਂ ਦੀ ਰੱਖਿਆ ਕੀਤੀ ਹੈ ਤੇ ਤੇਰੇ ਕੁਝ ਸੁਪਨੇ ਤਾਂ ਜ਼ਰੂਰ ਪੂਰੇ ਕਰਾਂਗੀ

ਇਹ ਸੋਨਾ ਪੈਦਾ ਕਰਕੇ ਦੂਜਿਆਂ ਦੀ ਭੁੱਖ ਸ਼ਾਂਤ ਕਰਨ ਵਾਲਾ ਅੱਜ ਕਿਹੜੇ ਹਾਲਾਤ ਦਾ ਸ਼ਿਕਾਰ ਹੈ, ਇਸ ਬਾਰੇ ਕਿਸੇ ਨੂੰ ਕੋਈ ਫ਼ਿਕਰ ਨਹੀਂਸਭ ਆਪਣੀ ਝੋਲ਼ੀਆਂ ਭਰਨ ’ਤੇ ਲੱਗੇ ਹੋਏ ਹਨਇਹ ਕਦੇ ਨਹੀਂ ਜਾਣਿਆ ਕਿ ਸਾਡੇ ਪੇਟ ਦੀ ਅਗਨ ਸ਼ਾਂਤ ਕਰਨ ਵਾਲਾ ਅੱਜ ਫਾਹੇ ਕਿਉਂ ਲੈ ਰਿਹਾ ਹੈ? ਉਹ ਕਿਹੜੀਆਂ ਮਜਬੂਰੀਆਂ ਨੇ ਜਿਨ੍ਹਾਂ ਕਰਕੇ ਉਸ ਨੂੰ ਆਪਣੀ ਜ਼ਮੀਨ ਜਾਇਦਾਦ ਵੇਚਣ ਲਈ ਮਜਬੂਰ ਹੋਣਾ ਪਿਆਉਹਦਾ ਕੋਈ ਸ਼ੌਕ ਨਹੀਂ ਕਿ ਦਾਦੇ-ਪੜਦਾਦਿਆਂ ਦੀ ਮਿੱਟੀ ਨਾਲ ਮਿੱਟੀ ਹੋ ਕੇ ਤੇ ਮਿਹਨਤ ਨਾਲ ਬਣਾਈ ਜਾਇਦਾਦ ਨੂੰ ਵੇਚੇਘਰਾਂ ਵਿਚਲੀਆਂ ਕਬੀਲਦਾਰੀਆਂ ਕਈ ਵਾਰ ਇਨਸਾਨ ਨੂੰ ਇਹ ਕਰਨ ਲਈ ਮਜਬੂਰ ਕਰ ਦਿੰਦੀਆਂ ਹਨਇਨਸਾਨ ਮਰਦਾ ਕੀ ਨਹੀਂ ਕਰਦਾ ਉਸ ਨੂੰ ਉਲਟ ਹਾਲਾਤ ਵਿੱਚ ਕਈ ਵਾਰ ਅਜਿਹਾ ਕੌੜਾ ਘੁੱਟ ਭਰਣਾ ਪੈਂਦਾ ਹੈਸਾਰੇ ਕਿਸਾਨ ਪਰਿਵਾਰਾਂ ਦੀ ਸਥਿਤੀ ਇੱਕੋ ਜਿਹੀ ਨਹੀਂ ਹੁੰਦੀਆਮ ਕਰਕੇ ਛੋਟੇ ਅਤੇ ਘੱਟ ਜ਼ਮੀਨ ਵਾਲੇ ਕਿਸਾਨਾਂ ਦੀ ਅਜਿਹੀ ਦਸ਼ਾ ਕਿਸੇ ਤੋਂ ਲੁਕੀ ਨਹੀਂਫਿਰ ਵੀ ਉਹ ਆਪਣੇ ਸਾਰੇ ਦੁੱਖਾਂ, ਗ਼ਮਾਂ ਨੂੰ ਭੁਲਾ ਕੇ ਆਪਣੀ ਫ਼ਸਲ ਨੂੰ ਮੰਡੀ ਲੈ ਕੇ ਆਉਂਦਾ ਹੈ

ਖੇਤਾਂ ਵਿਚਲਾ ਇਹ ਸੋਨਾ ਜਦੋਂ ਖ਼ਰੀਦਦਾਰ ਦੇ ਹੱਥ ਵਿੱਚ ਪਹੁੰਚਦਾ ਹੈ ਤਾਂ ਕਈ ਵਾਰ ਉਸ ਨੂੰ ਇਸਦੀ ਪੂਰੀ ਕੀਮਤ ਨਹੀਂ ਮਿਲ਼ਦੀਧਰਤੀ ਦੇ ਇਸ ਕਮਾਊ ਪੁੱਤ ਦੀ ਇਸ ਵਿੱਚ ਕੋਈ ਵਾਹ ਨਹੀਂ ਚਲਦੀ, ਉਸ ਨੂੰ ਇਸ ਮੁੱਲ ’ਤੇ ਹੀ ਸਬਰ ਕਰਨਾ ਪੈਂਦਾ ਹੈ

ਅਸਲ ਵਿੱਚ ਹਕੂਮਤਾਂ ਦੀ ਨੀਅਤ ਵਿੱਚ ਕਿਤੇ ਨਾ ਕਿਤੇ ਖੋਟ ਛੁਪਿਆ ਹੋਇਆ ਹੈਉਹ ਚਾਹੁੰਦੀਆਂ ਹੀ ਨਹੀਂ ਕਿ ਕਿਸਾਨੀ ਦੀ ਹਾਲਤ ਸੁਧਰੇ, ਨੀਤੀਆਂ ਹੀ ਇਸ ਤਰ੍ਹਾਂ ਦੀਆਂ ਬਣਾਈਆਂ ਜਾਂਦੀਆਂ ਹਨ ਕਿ ਇਸਦੀ ਦਸ਼ਾ ਇਸੇ ਤਰ੍ਹਾਂ ਦੀ ਹੀ ਰਹੇ ਜੇ ਇਸਦੀ ਆਰਥਿਕ ਹਾਲਤ ਸੁਧਰੇਗੀ ਤਾਂ ਵੋਟ ਬੈਂਕ ਨੂੰ ਖ਼ਤਰਾ ਖੜ੍ਹਾ ਹੋ ਜਾਵੇਗਾਇਨ੍ਹਾਂ ਨੂੰ ਜੇ ਕੋਈ ਪੁੱਛਣ ਵਾਲਾ ਹੋਵੇ ਬਈ ਇਨ੍ਹਾਂ ਕਿਰਤੀਆਂ, ਕਿਸਾਨਾਂ ਦੇ ਵਜੂਦ ਨਾਲ ਹੀ ਥੋਡਾ ਵਜੂਦ ਹੈਅਨਾਜ ਦਾ ਇੱਕ ਇੱਕ ਦਾਣਾ ਇਨ੍ਹਾਂ ਦੇ ਖੂਨ ਪਸੀਨੇ ਦੀ ਸਿੰਜਾਈ ਨਾਲ ਤਿਆਰ ਹੁੰਦਾ ਹੈ ਜੋ ਤੁਹਾਡੇ, ਸਾਡੇ ਤਨ ਮਨ ਨੂੰ ਤ੍ਰਿਪਤ ਕਰਦਾ ਹੈਅੱਜ ਇਹ ਸੋਚਣ ’ਤੇ ਵਿਚਾਰਨ ਦੀ ਲੋੜ ਹੈ ਕਿ ਸਰਕਾਰਾਂ ਦੇ ਲਾਰਿਆਂ ’ਤੇ ਟਿਕੇ ਨਾ ਰਹਿ ਕੇ ਕਿਰਤ ਅਤੇ ਕਿਸਾਨੀ ਨੂੰ ਬਚਾਉਣ ਲਈ ਖੁਦ ਸਾਨੂੰ ਇਕੱਠੇ ਹੋ ਕੇ ਹੰਭਲਾ ਮਾਰਨਾ ਪਵੇਗਾ ਕਿਉਂਕਿ ਜੇ ਅੰਨਦਾਤਾ ਹੈ ਤਾਂ ਹੀ ਥਾਲ਼ੀ ਵਿੱਚ ਰੋਟੀ ਹੈ, ਜਿਸ ਤੋਂ ਸਾਨੂੰ ਚੱਲਣ ਫਿਰਨ ’ਤੇ ਕੰਮ ਕਰਨ ਲਈ ਊਰਜਾ ਮਿਲਦੀ ਹੈ

*   *   *   *   *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4901)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)

About the Author

ਲਾਭ ਸਿੰਘ ਸ਼ੇਰਗਿੱਲ

ਲਾਭ ਸਿੰਘ ਸ਼ੇਰਗਿੱਲ

Sangrur, Punjab, India.
Phone: (91 - 88995 - 35708)

Email: (labhshhergill5@gmail.com)