“ਸੋਮਵਾਰ ਨੂੰ ਮੈਂ ਲੋਕਲ ਪੁਲਿਸ ਨਾਲ ਵੀ ਆਪਣਾ ਪਲਾਨ ਸਾਂਝਾ ਕਰ ਲਿਆ। ਮੰਗਲਵਾਰ ਸਵੇਰੇ ...”
(19 ਅਕਤੂਬਰ 2025)
ਅੱਜ ਦੇ ਜ਼ਮਾਨੇ ਵਿੱਚ ਇੰਟਰਨੈੱਟ ਨਾਲ ਚਲਦਾ ਸੋਸ਼ਲ ਮੀਡੀਆ ਸਾਡੇ ਜੀਵਨ ਦਾ ਇੱਕ ਅਟੁੱਟ ਅੰਗ ਬਣ ਚੁੱਕਾ ਹੈ। ਇਹ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਨੂੰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਇਸਦੇ ਜਿੰਨੇ ਫ਼ਾਇਦੇ ਹਨ, ਉੰਨੇ ਹੀ ਨੁਕਸਾਨ ਵੀ ਹਨ। ਇਹ ਤੁਹਾਡੇ ਉੱਪਰ ਨਿਰਭਰ ਕਰਦਾ ਹੈ ਕਿ ਤੁਸੀਂ ਇਸਦਾ ਪ੍ਰਯੋਗ ਕਿੰਝ ਕਰਦੇ ਹੋ। ਇੱਥੋਂ ਤਕ ਕਿ ਇੰਟਰਨੈੱਟ ਨਾਲ ਤੁਸੀਂ ਚੋਰ ਵੀ ਫੜ ਸਕਦੇ ਹੋ।
ਦਸ ਕੁ ਸਾਲ ਪਹਿਲਾਂ ਦੀ ਗੱਲ ਹੈ। ਹੋਇਆ ਇੰਝ ਕਿ ਸਾਡੇ ਦਫਤਰ ਵਿੱਚ ‘ਹਰੀ ਸੋਨੀ’ ਨਾਮਕ ਨਿਪਾਲ ਮੂਲ ਦਾ ਚੌਤੀ ਪੈਂਤੀ ਸਾਲ ਦੀ ਉਮਰ ਦਾ ਵਿਅਕਤੀ ਤਿੰਨ ਚਾਰ ਸਾਲ ਤੋਂ ਡਰਾਇਵਰ ਦੀ ਨੌਕਰੀ ਕਰਦਾ ਆ ਰਿਹਾ ਸੀ। ਅਸਲ ਵਿੱਚ ਉਹ ਮੇਰੇ ਭਾਈਵਾਲ ਦੀ ਗੱਡੀ ਚਲਾਉਂਦਾ ਸੀ। ਉਹ ਧੋਖੇ ਨਾਲ ਸਾਡੇ ਇੱਕ ਲੱਖ ਰੁਪਏ ਲੈ ਕੇ ਨਿਪਾਲ ਭੱਜ ਗਿਆ। ਪੁਲਿਸ ਨੇ ਕੋਈ ਬਹੁਤੀ ਤਸੱਲੀਬਖ਼ਸ਼ ਕੋਸ਼ਿਸ਼ ਨਹੀਂ ਕੀਤੀ। ਭਾਈਵਾਲ ਨੇ ਉਸ ਨੂੰ ਆਪਣੇ ਘਰ ਵਿੱਚ ਨਿੱਕੇ ਭਰਾ ਵਾਂਗ ਹੀ ਰੱਖਿਆ ਹੋਇਆ ਸੀ। ਤਿੰਨ ਬੱਚਿਆਂ ਦੇ ਬਾਪ ਉਸ ਡਰਾਇਵਰ ਦਾ ਇਹ ਧੋਖਾ ਦੇਣ ਵਾਲਾ ਕਾਰਾ ਮੈਨੂੰ ਹਰ ਸਮੇਂ ਤੰਗ ਕਰਦਾ ਰਹਿੰਦਾ ਸੀ। ਮੈਂ ਉਸਦੇ ਫੇਸਬੁੱਕ ਪਰੋਫਾਇਲ ਦੀਆਂ ਗਤੀਵਿਧੀਆਂ ਉੱਪਰ ਲਗਾਤਾਰ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ। ਕਾਫ਼ੀ ਦਿਨ ਹਰੀ ਸੋਨੀ ਨੇ ਫੇਸਬੁੱਕ ਉੱਪਰ ਘੇਸਲ਼ ਵੱਟੀ ਰੱਖੀ। ਤਿੰਨ ਚਾਰ ਮਹੀਨਿਆਂ ਦਾ ਸਮਾਂ ਬੀਤ ਗਿਆ। ਮਨੁੱਖੀ ਫਿਤਰਤ ਅਨੁਸਾਰ ਹਰੀ ਸੋਨੀ ਨੇ ਸੋਚਿਆ ਹੋਵੇਗਾ ਕਿ ਮਾਮਲਾ ਠੰਢਾ ਪੈ ਗਿਆ ਹੋਵੇਗਾ। ਉਹ ਫਿਰ ਫੇਸਬੁੱਕ ਉੱਪਰ ਕਿਰਿਆਸ਼ੀਲ ਹੋ ਗਿਆ। ਆਦਤ ਅਨੁਸਾਰ ਇੱਕ ਦਿਨ ਉਸਨੇ ਆਪਣੀਆਂ ਸੈਲਫ਼ੀਆਂ ਫੇਸਬੁੱਕ ਉੱਪਰ ਸਾਂਝੀਆਂ ਕੀਤੀਆਂ। ਮੈਂ ਤਸਵੀਰਾਂ ਦੇ ਰੰਗ ਰੂਪ ਅਤੇ ਪਿਛੋਕੜ ਤੋਂ ਜਾਚ ਗਿਆ ਕਿ ਹਰੀ ਸੋਨੀ ਵਾਪਸ ਪੰਜਾਬ ਪਰਤ ਆਇਆ ਹੈ। ਮੈਂ ਉਸ ਨੂੰ ਕਾਬੂ ਕਰਨ ਦੀ ਤਰਕੀਬ ਸੋਚਣ ਲੱਗਾ।
ਫੇਸਬੁੱਕ ਉੱਤੇ ਮੈਂ ਇੱਕ ਪੁਰਾਣੀ ਨਿਪਾਲੀ ਐਕਟਰਸ ਦੀ ਤਸਵੀਰ ਵਰਤ ਕੇ ਇੱਕ ਜਾਅਲੀ ਪਰੋਫਾਇਲ ਬਣਾ ਕੇ ਹਰੀ ਸੋਨੀ ਨੂੰ ਦੋਸਤ ਬਣਨ ਦੀ ਬੇਨਤੀ ਕੀਤੀ, ਮਤਲਬ ਫਰੈਂਡ ਰਿਕਵੈਸਟ ਭੇਜ ਦਿੱਤੀ, ਜੋ ਉਸਨੇ ਝਟਪਟ ਕਬੂਲ ਕਰ ਲਈ। ਉਸ ਦਿਨ ਸਨਿੱਚਰਵਾਰ ਸੀ ਅਤੇ ਸ਼ਾਮ ਦਾ ਵਕਤ ਸੀ। ਮੈਂ ਲੜਕੀ ਦਾ ਕਿਰਦਾਰ ਬਣ ਕੇ ਹਰੀ ਸੋਨੀ ਨਾਲ ਚੈਟਿੰਗ ਸ਼ੁਰੂ ਕਰ ਦਿੱਤੀ। ਉਸਨੇ ਦੱਸਿਆ ਕਿ ਉਹ ਜਲੰਧਰ ਵਿੱਚ ਕਿਸੇ ਦਫਤਰ ਵਿੱਚ ਬਤੌਰ ਡਰਾਇਵਰ ਨੌਕਰੀ ਕਰਦਾ ਹੈ। ਮੈਂ ਔਰਤਾਂ ਵਾਲੇ ਨਖ਼ਰੇ, ਨਜ਼ਾਕਤਾਂ ਅਤੇ ਚਲਿੱਤਰ ਵਰਤੇ ਅਤੇ ਉਸ ਨੂੰ ਮੰਗਲਵਾਰ ਸਵੇਰੇ ਮਿਲਣ ਅਤੇ ਫਿਰ ਪਹਾੜਾਂ ਦੀ ਸੈਰ ਕਰਨ ਵਾਸਤੇ ਮੁਹਾਲੀ ਨੇੜੇ ਪੈਂਦੇ ਕਸਬੇ ਖਰੜ ਦੇ ਬੱਸ ਅੱਡੇ ਉੱਪਰ ਬੁਲਾ ਲਿਆ।
ਸੋਮਵਾਰ ਨੂੰ ਮੈਂ ਲੋਕਲ ਪੁਲਿਸ ਨਾਲ ਵੀ ਆਪਣਾ ਪਲਾਨ ਸਾਂਝਾ ਕਰ ਲਿਆ। ਮੰਗਲਵਾਰ ਸਵੇਰੇ ਤੈਅਸ਼ੁਦਾ ਪ੍ਰੋਗਰਾਮ ਮੁਤਾਬਿਕ ਹਰੀ ਸੋਨੀ ਸਮੇਂ ’ਤੇ ਨਿਰਧਾਰਿਤ ਟਿਕਾਣੇ ਉੱਪਰ ਪਹੁੰਚ ਗਿਆ। ਪੁਲਿਸ ਨੇ ਉਸ ਨੂੰ ਉਸੇ ਸਮੇਂ ਦਬੋਚ ਲਿਆ।
ਪੁਲਿਸ ਨੇ ਤਿੰਨ ਚਾਰ ਦਿਨ ਲਈ ਉਸਦਾ ਰਿਮਾਂਡ ਲੈ ਲਿਆ। ਪੁਲਿਸ ਨਾਲ ਮਿਲ ਕੇ ਅਸੀਂ ਉਸ ਤੋਂ ਤੀਹ ਪੈਂਤੀ ਹਜ਼ਾਰ ਰੁਪਏ ਕਢਵਾ ਵੀ ਲਏ। ਫਿਰ ਮਾਣਯੋਗ ਅਦਾਲਤ ਨੇ ਉਸ ਨੂੰ ਜੇਲ੍ਹ ਭੇਜ ਦਿੱਤਾ।
ਤਿੰਨ ਚਾਰ ਮਹੀਨਿਆਂ ਬਾਅਦ ਹਰੀ ਸੋਨੀ ਨੂੰ ਜ਼ਮਾਨਤ ਮਿਲ ਗਈ। ਉਹ ਦੁਬਾਰਾ ਨਿਪਾਲ ਭੱਜ ਗਿਆ। ਕੁਝ ਅਰਸੇ ਬਾਅਦ ਕਚਹਿਰੀ ਦੀ ਕਾਰਵਾਈ ਅਨੁਸਾਰ ਮਾਣਯੋਗ ਅਦਾਲਤ ਨੇ ਉਸ ਨੂੰ ਪੀ. ਓ. (ਭਗੌੜਾ ਅਪਰਾਧੀ) ਘੋਸ਼ਿਤ ਕਰ ਦਿੱਤਾ। ਉਹ ਅਜੇ ਵੀ ਕਾਨੂੰਨ ਦੇ ਹੱਥ ਨਹੀਂ ਚੜ੍ਹਿਆ ਹੈ। ਅੱਜ ਵੀ ਮੇਰੀ ਨਜ਼ਰ ਉਸ ਨੂੰ ਲੱਭ ਰਹੀ ਹੈ।
ਦੂਸਰਾ ਚੋਰੀ ਕਾਂਡ ਕੁਝ ਹਫਤੇ ਪਹਿਲਾਂ ਹੀ ਸਾਡੇ ਨਾਲ ਵਾਪਰਿਆ ਹੈ। ਮੁਹਾਲੀ ਆਪਣੇ ਘਰ ਦੇ ਸਾਹਮਣੇ ਬਣੇ ਇੱਕ ਛੋਟੇ ਜਿਹੇ ਪਾਰਕ ਵਿੱਚ ਸਾਲ ਭਰ ਤੋਂ ਅਸੀਂ ਸਵੇਰ ਦੀ ਸੈਰ ਕਰਦੇ ਆ ਰਹੇ ਸੀ। ਇਸ ਪਾਰਕ ਦੇ ਇੱਕ ਪਾਸੇ ਵਹਿੰਦੇ ਬਰਸਾਤੀ ਨਾਲੇ ਦੀ ਸੀਮੈਂਟ ਨਾਲ ਬਣੀ ਧੁੱਸੀ ਨੁਮਾ ਡੇਢ-ਦੋ ਫੁੱਟ ਚੌੜੀ ਕੰਧ ਵੀ ਹੈ। ਅਸੀਂ ਸਵੇਰੇ ਉਸ ਕੰਧ ਉੱਪਰ ਪੰਖੇਰੂਆਂ ਅਤੇ ਗਲਿਹਿਰੀਆਂ ਵਾਸਤੇ ਚੋਗੇ, ਖਾਣੇ ਅਤੇ ਪਾਣੀ ਦਾ ਬੰਦੋਬਸਤ ਵੀ ਕਰਦੇ ਆ ਰਹੇ ਸੀ। ਕੰਧ ਉੱਪਰ ਮੈਂ ਆਪਣੇ ਮੁਬਾਇਲ ਫੋਨ ਦੀ ਇੱਕ ਇੱਟ ਨਾਲ ਢੋਅ ਲਵਾ ਕੇ ਫ਼ੋਨ ਰਾਹੀਂ ਉਹਨਾਂ ਪੰਛੀਆਂ ਦੀ ਲਾਈਵ ਵੀਡੀਓ ਰਿਕਾਰਡ ਅਤੇ ਨਸ਼ਰ ਕਰਦੇ ਆ ਰਿਹਾ ਸੀ। ਕੰਧ ਦੀ ਡੁੰਘਾਈ ਨਾਲੇ ਵਾਲੇ ਪਾਸੇ ਤੋਂ ਸੱਤ ਅੱਠ ਫੁੱਟ ਦੇ ਕਰੀਬ ਹੈ। ਅਸੀਂ ਸੈਰ ਅਤੇ ਯੋਗਾ ਕਰਦੇ ਮੁਬਾਇਲ ਫ਼ੋਨ ਉੱਪਰ ਨਜ਼ਰ ਰੱਖਦੇ ਸੀ। ਉਹ ਵੱਖਰੀ ਗੱਲ ਹੈ ਕਿ ਮਨ ਵਿੱਚ ਡਰ ਹਮੇਸ਼ਾ ਬਣਿਆ ਰਹਿੰਦਾ ਸੀ ਕਿ ਕੋਈ ਨਾਲੇ ਵਾਲੇ ਪਾਸੇ ਤੋਂ ਆਕੇ ਫ਼ੋਨ ਚੋਰੀ ਨਾ ਕਰ ਲਵੇ। ਇਹ ਸਿਲਸਿਲਾ ਲਗਭਗ ਇੱਕ ਸਾਲ ਤੋਂ ਚਲਦਾ ਰਿਹਾ ਸੀ।
ਉਸ ਦਿਨ ਸਵੇਰੇ ਉਹੀ ਕਾਂਡ ਹੋ ਗਿਆ, ਜਿਸਦਾ ਮੈਨੂੰ ਡਰ ਸੀ। ਮੈਂ, ਮੇਰੀ ਮਾਂ ਅਤੇ ਪਤਨੀ ਸੈਰ ਕਰਦੇ ਅਚਾਨਕ ਕਿਸੇ ਗੱਲਬਾਤ ਵਿੱਚ ਉਲਝ ਗਏ। ਕੁਝ ਘੜੀਆਂ ਬਾਅਦ ਅਸੀਂ ਦੇਖਿਆ ਤਾਂ ਮੁਬਾਇਲ ਫ਼ੋਨ ਆਪਣੀ ਜਗ੍ਹਾ ਉੱਪਰ ਵਿਖਾਈ ਨਾ ਦਿੱਤਾ। ਪਹਿਲਾਂ ਵੀ ਕਈ ਵਾਰ ਤੋਤੇ, ਕਬੂਤਰ ਅਤੇ ਗਲਹਿਰੀਆਂ ਫੋਨ ਕੰਧ ਤੋਂ ਪਾਰਕ ਵਾਲੇ ਪਾਸੇ ਜਾਂ ਨਾਲੇ ਵਾਲੇ ਪਾਸੇ ਹੇਠਾਂ ਡੇਗ ਦਿੰਦੇ ਸਨ। ਮੈਂ ਭੱਜ ਕੇ ਦੇਖਿਆ ਤਾਂ ਮੁਬਾਇਲ ਨਾ ਲੱਭਾ। ਸਵੇਰ ਦੇ ਸਵਾ ਕੁ ਛੇ ਵਜੇ ਦਾ ਵਕਤ ਸੀ। ਸਾਨੂੰ ਪਤਾ ਚੱਲ ਗਿਆ ਕਿ ਫ਼ੋਨ ਚੋਰੀ ਹੋ ਗਿਆ ਹੈ। ਅਸੀਂ ਇੱਧਰ ਉੱਧਰ ਅੱਗੇ ਪਿੱਛੇ ਭੱਜੇ ਪਰ ਸਾਨੂੰ ਚੋਰ ਨਹੀਂ ਮਿਲਿਆ। ਗੁਆਂਢੀਆਂ ਦੇ ਘਰ ਲੱਗੇ ਕੈਮਰੇ ਦੀ ਰਿਕਾਰਡਿੰਗ ਦੇਖਣ ਦੀ ਕੋਸ਼ਿਸ਼ ਕੀਤੀ ਪਰ ਉਹ ਦੇਖ ਨਾ ਸਕੇ। ਮਾਯੂਸ ਹੋ ਕੇ ਘਰ ਆ ਗਏ। ਘਰ ਦੇ ਹੋਰ ਜੀਅ ਵੀ ਜਾਗ ਪਏ। ਪੁਲਿਸ ਨੂੰ ਫ਼ੋਨ ਕਰਨ ਦੀ ਗੱਲ ਹੋਈ ਪਰ ਸਵੇਰੇ ਸਵੇਰੇ ਪੁਲਿਸ ਵਾਲੇ ਵੀ ਕੀ ਕਰ ਲੈਣਗੇ, ਇਹ ਸੋਚਦਿਆਂ ਮੇਰੇ ਦਿਮਾਗ ਅੰਦਰਲਾ ਡਿਜਿਟਲ ਖ਼ੋਜੀ ਜਾਗ ਪਿਆ।
ਮੈਂ ਆਪਣੇ ਵੱਡੇ ਭਤੀਜੇ ਨਾਲ ਗੱਲ ਕੀਤੀ। ਉਸਨੇ ਆਪਣੇ ਐਪਲ ਮੁਬਾਇਲ ਰਾਹੀਂ ਚੋਰੀ ਹੋਏ ਮੁਬਾਇਲ ਦੀ ਭਾਲ ਸ਼ੁਰੂ ਕਰ ਦਿੱਤੀ। ਚੋਰ ਵੀ ਸ਼ਾਤਿਰ ਸੀ। ਉਸਨੇ ਕੁਝ ਮਿੰਟਾਂ ਵਿੱਚ ਹੀ ਮੁਬਾਇਲ ਦਾ ਸਾਰਾ ਡਾਟਾ ਮਿਟਾ ਦਿੱਤਾ ਸੀ। ਮੇਰਾ ਭਤੀਜਾ ਕੁਝ ਮਾਯੂਸ ਹੋ ਗਿਆ। ਸਵਾ ਕੁ ਸੱਤ ਵਜੇ ਮੇਰੇ ਭਤੀਜੇ ਨੇ ਦੱਸਿਆ ਕਿ ਚੋਰ ਨੇ ਦੋ ਤਿੰਨ ਫ਼ੋਟੋਆਂ ਤਾਜ਼ਾ ਖਿੱਚੀਆਂ ਹਨ, ਜਿਸ ਵਿੱਚ ਇੱਕ ਦੁਕਾਨ ’ਤੇ ਇੱਕ ਮੁੱਛਫੁੱਟ ਮੁੰਡੇ ਦੀ ਹੈ। ਇਹ ਫੋਟੋਆਂ ਮੁਬਾਇਲ ਨਾਲ ਜੁੜੀ ਈਮੇਲ ਨਾਲ ਸਾਡੇ ਕੋਲ ਪਹੁੰਚ ਗਈਆਂ। ਫੋਨ ਚੋਰ ਈਮੇਲ ਨੂੰ ਡਿਲੀਟ ਕਰਨਾ ਸ਼ਾਇਦ ਭੁੱਲ ਗਿਆ ਸੀ। ਨਾਲ ਹੀ ਚੋਰ ਦੇ ਥਹੁ ਟਿਕਾਣਾ ਦਾ ਵੀ ਸਾਨੂੰ ਪਤਾ ਲੱਗ ਗਿਆ ਜੋ ਕਿ ਮੁਹਾਲੀ ਵਿੱਚ ਪੈਂਦੇ ਪਿੰਡ ‘ਮਟੋਰ’ ਦਾ ਸੀ। ਪੰਦਰ੍ਹਾਂ ਵੀਹਾਂ ਮਿੰਟਾਂ ਵਿੱਚ ਮੈਂ ਅਤੇ ਮੇਰਾ ਭਤੀਜਾ ਗੱਡੀ ਲੈ ਕੇ ਫ਼ੋਟੋ ਵਿੱਚ ਵਿਖਾਈ ਦੇ ਰਹੀ ਦੁਕਾਨ ਕੋਲ ਪਹੁੰਚ ਗਏ। ਤਸਵੀਰ ਵਾਲੇ ਮੁੰਡੇ ਸਮੇਤ ਤਿੰਨੋਂ ਮੁੰਡੇ ਦੁਕਾਨ ਸਾਹਮਣੇ ਬੈਠਕੇ ਸਾਡੇ ਹੀ ਮੁਬਾਇਲ ਫ਼ੋਨ ਦੀਆਂ ਖੂਬੀਆਂ ਪਰਖ ਰਹੇ ਸਨ। ਮੇਰੇ ਭਤੀਜੇ ਨੇ ਤਸਵੀਰ ਵਾਲੇ ਮੁੰਡੇ ਨੂੰ ਪਛਾਣ ਲਿਆ। ਬੱਸ ਫਿਰ ਕੀ ਸੀ, ਅਸੀਂ ਤਿੰਨੋਂ ਲੰਮੇ ਪਾ ਕੇ ਚੰਗੀ ਤਰ੍ਹਾਂ ਝੰਬ ਸੁਟੇ ਅਤੇ ਪੁਲਿਸ ਨੂੰ ਬੁਲਾ ਕੇ ਪੁਲਿਸ ਦੇ ਹਵਾਲੇ ਕਰ ਦਿੱਤੇ।
ਲਗਭਗ ਸਾਢੇ ਕੁ ਨੌਂ ਵਜੇ ਅਸੀਂ ਆਪਣਾ ਚੋਰੀ ਹੋਇਆ ਮਹਿੰਗਾ ਮੁਬਾਇਲ ਫ਼ੋਨ ਲੈ ਕੇ ਘਰ ਪਰਤ ਆਏ। ਸੋ ਦੋਸਤੋ, ਸਾਰੇ ਰਲ਼ ਕੇ ਬੋਲੋ “ਜੈ ਇੰਟਰਨੈੱਟ ਦੀ।”
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (