GoverdhanGabbi7ਅਸਲ ਵਿੱਚ ਇਸ ਸਾਲ ਆ ਰਹੀ ਨਵੀਂ ਪੰਜਾਬੀ ਫਿਲਮ ‘ਕਿੱਕਲੀ’ ਵਿੱਚ ...
(16 ਜਨਵਰੀ 2021)

 

ਨਵੇਂ ਸਾਲ ਦਾ ਆਗਮਨ ਹੋ ਚੁੱਕਿਆ ਹੈ। ਕਰੋਨਾ ਕਾਲ ਦੀ ਉਮਰ ਲਗਭਗ ਇੱਕ ਸਾਲ ਹੋਣ ਵਾਲੀ ਹੈ। ਇਸ ਦੌਰਾਨ ਕੁਲ ਲੋਕਾਈ ਨੂੰ ਕਈ ਸਾਰੀਆਂ ਮੁਸ਼ਿਕਲਾਂ, ਦੁੱਖ ਤੇ ਤਕਲੀਫਾਂ ਸਹਿਣੀਆਂ ਪਈਆਂ। ਕਈਆਂ ਨੂੰ ਘਰ, ਨੌਕਰੀਆਂ ਤੇ ਕਾਰੋਬਾਰ ਛੱਡਣੇ ਤੇ ਤਿਆਗਣੇ ਪਏ।

ਮੇਰੇ ਵਰਗੇ ਕਈ ਲੋਕਾਂ ਨੂੰ ਆਪਣੀ ਜ਼ਿੰਦਗੀ, ਸਮਾਜ ਤੇ ਕੁਦਰਤ ਨੂੰ ਨੇੜੇ ਤੋਂ ਜਾਣਨ ਤੇ ਪਛਾਨਣ ਦਾ ਮੌਕਾ ਮਿਲਿਆ। ਮੈਂਨੂੰ ਨਿੱਜੀ ਤੌਰ ਉੱਪਰ ਆਪਣੀਆਂ ਕਈ ਸਾਲਾਂ ਤੋਂ ਅਧੂਰੀਆਂ ਪਈਆਂ ਰਚਨਾਵਾਂ ਨੂੰ ਮੁਕੰਮਲ ਕਰਨ ਵਾਸਤੇ ਵਕਤ ਮਿਲ ਗਿਆ। ਬਚਪਨ ਵਾਲੇ ਗਾਇਕ ਬਣਨ ਦੇ ਸੁਪਨੇ ਨੂੰ ਪੂਰਾ ਕਰਨ ਵਾਸਤੇ ਮੁਬਾਈਲ ਫੋਨ ਦੀ ਇੱਕ ਐਪਲੀਕੇਸ਼ਨ ਰਾਹੀਂ ਰਿਆਜ਼ ਕਰਨ ਵਾਸਤੇ ਸਮਾਂ ਮਿਲ ਗਿਆ।

ਮੇਰਾ ਬਚਪਨ ਤੋਂ ਹੀ ਸਿਨਮਾ ਤੇ ਸੰਗੀਤ ਵੱਲ ਝੁਕਾਅ ਰਿਹਾ ਹੈ। ਸਾਡੇ ਮਰਹੂਮ ਪਿਤਾ ਜੀ ਨੂੰ ਗਾਉਣਾ ਤੇ ਸਿਨਮਾ ਦੇਖਣਾ ਬਹੁਤ ਪਸੰਦ ਸੀ। ਗਾਉਣ ਦਾ ਸੌਕ ਉਹ ਕੰਮਕਾਜ ਕਰਦੇ, ਖਾਂਦੇ ਪੀਂਦੇ, ਉੱਠਦੇ ਬਹਿੰਦੇ ਪੂਰਾ ਕਰ ਲੈਂਦੇ ਸਨ। ਉਹ ਹੋਰਨਾਂ ਵਾਸਤੇ ਨਹੀਂ ਸਗੋਂ ਆਪਣੀ ਰੂਹ ਦਾ ਰਾਂਝਾ ਖੁਸ਼ ਕਰਨ ਵਾਸਤੇ ਗੁਣਗੁਣਾਉਂਦੇ ਰਹਿੰਦੇ। ਸਿਨਮਾ ਦੇਖਣ ਵਾਸਤੇ ਉਹ ਨੇੜੇ ਪੈਂਦੇ ਸ਼ਹਿਰ ਚਲੇ ਜਾਂਦੇ।

ਅਸਲ ਵਿੱਚ ਉਹ ਲਗਭਗ ਹਰ ਹਫ਼ਤੇ ਆਪਣੇ ‘ਸਾਈਕਲ ਦੀ ਫੇਰੀ’ ਦੇ ਕਾਰੋਬਾਰ ਵਾਸਤੇ ਪਲਾਸਟਿਕ ਦੀਆਂ ਚਪਲਾਂ ਤੇ ਬੂਟ ਆਦਿ ਖਰੀਦਣ ਵਾਸਤੇ ਜਲੰਧਰ ਜਾਂਦੇ ਹੁੰਦੇ ਸਨ। ਹਰ ਵਾਰ ਸਾਡੇ ਪੰਜ ਭੈਣ ਭਰਾਵਾਂ ਵਿੱਚੋਂ ਕਿਸੇ ਇੱਕ ਨੂੰ ਨਾਲ ਲੈ ਜਾਂਦੇ ਸਨ। ਅਸੀਂ ਸਵੇਰੇ ਪਿੰਡ ਤੋਂ ਅੱਠ ਵਜੇ ਵਾਲੀ ਗੱਡੀ ਚੜ੍ਹ ਗਿਆਰਾਂ ਬਾਰਾਂ ਵਜੇ ਜਲੰਧਰ ਪਹੁੰਚ ਜਾਂਦੇ। ਸ਼ਾਮ ਤਕ ਖ਼ਰੀਦੋ ਫ਼ਰੋਖ਼ਤ ਕਰਦੇ। ਰਾਤ ਦਾ ਸਮਾਂ ਬਿਤਾਉਣ ਵਾਸਤੇ ਅਸੀਂ ਹਮੇਸ਼ਾ ਸਿਨਮਾ ਹਾਲ ਵਿੱਚ ਉਨ੍ਹੀਂ ਦਿਨੀਂ ਫਿਲਮਾਂ ਦੇ ਚਲਦੇ ਛੇ ਤੇ ਨੌਂ ਵਜੇ ਵਾਲੇ ਦੋ ਸ਼ੋਅ ਲਗਾਤਾਰ ਦੇਖਦੇ। ਫਿਰ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਉੱਪਰ ਆ ਕੇ ਆਰਾਮ ਕਰਦੇ। ਸਵੇਰੇ ਸੱਤ ਵਜੇ ਵਾਲੀ ਰੇਲ ਗੱਡੀ ਉੱਪਰ ਚੜ੍ਹ ਕੇ ਵਾਪਸ ਪਿੰਡ ਆ ਜਾਂਦੇ।

ਬਚਪਨ ਤੋਂ ਲੈ ਕੇ ਮੁੱਛਫੁੱਟ ਵੇਲੇ ਤਕ ਸਿਨਮਾ ਪ੍ਰਤੀ ਮੇਰਾ ਝੁਕਾਅ ਤੇ ਦਿਲਚਸਪੀ ਲਗਾਤਾਰ ਉੱਛਲਦੇ ਰਹੇ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਕਈ ਸਾਰੀਆਂ ਘਰੇਲੂ, ਸਮਾਜਿਕ, ਨਿੱਜੀ ਤੇ ਆਰਥਿਕ ਦਿੱਕਤਾਂ, ਮਜਬੂਰੀਆਂ, ਪਾਬੰਦੀਆਂ ਦੇ ਚੱਲਦਿਆਂ ਸਾਰਾ ਕੁਝ ਸਿਰੇ ਨਾ ਚੜ੍ਹ ਸਕਿਆ। ਸਿਨਮਾ ਵਿੱਚ ਕੁਝ ਕਰ ਗੁਜਰਣ ਦਾ ਸੁਪਨਾ ਮੇਰੇ ਜਵਾਨ ਹੁੰਦੇ ਹੁੰਦੇ ਕਿਤੇ ਗੁਆਚ ਗਿਆ ਪਰ ਮੈਂ ਸੁਪਨੇ ਨੂੰ ਮਰਨ ਨਹੀਂ ਦਿੱਤਾ। ਉੱਧਰ ਸੁਪਨਾ ਵੀ ਘੇਸ ਵੱਟ ਕੇ ਮੇਰੇ ਜ਼ਿਹਨ ਵਿੱਚ ਪਿਆ ਰਿਹਾ।

ਵਕਤ ਆਪਣੀ ਚਾਲੇ ਚਲਦਾ ਰਿਹਾ। ਸਮੇਂ ਨੇ ਕਰਵਟ ਲਈ। ਅਸੀਂ ਚੰਡੀਗੜ੍ਹ ਆ ਵਸੇ। ਘਰ ਗ੍ਰਹਿਸਥੀ ਵਿੱਚ ਪ੍ਰਵੇਸ਼ ਕਰ ਗਏ।

ਜਦੋਂ ਸਾਡੇ ਬੱਚੇ ਹੋਏ ਤਾਂ ਮੈਂ ਵੀ ਆਪਣੇ ਪਿਤਾ ਵਾਲਾ ਕਿਰਦਾਰ ਨਿਭਾਉਣ ਵਿੱਚ ਲੱਗ ਪਿਆ। ਸ਼ੁਰੂ ਤੋਂ ਹੀ ਬੱਚਿਆਂ ਨੂੰ ਲਗਾਤਾਰ ਸਿਨਮਾ, ਨਾਟਕ ਆਦਿ ਦੇਖਣ ਵਾਸਤੇ ਆਪਣੇ ਨਾਲ ਲਿਜਾਂਦਾ ਰਿਹਾ। ਨਤੀਜਾ ਇਹ ਨਿਕਲਿਆ ਕਿ ਸਾਡੇ ਬੱਚੇ, ਧੀ ਵਾਮਿਕਾ ਤੇ ਬੇਟਾ ਹਾਰਦਿਕ ਵੀ ਰੰਗਮੰਚ ਤੇ ਸਿਨਮਾ ਨਾਲ ਜੁੜ ਗਏ। ਅੱਜ ਕੱਲ੍ਹ ਉਹਨਾਂ ਨੂੰ ਸਫ਼ਲ ਸਿਤਾਰੇ, ਅਦਾਕਾਰ ਤੇ ਕਲਾਕਾਰ ਬਣਦੇ ਦੇਖ ਮੈਂਨੂੰ ਉਹਨਾਂ ਵਿੱਚ ਆਪਣਾ ਬਿੰਬ ਵਿਖਾਈ ਦਿੰਦਾ ਹੈ।

ਹੁਣ ਲਗਭਗ ਅੱਧੀ ਸਦੀ ਤੋਂ ਚਾਰ ਸਾਲ ਵੱਧ ਦੀ ਉਮਰ ਬਿਤਾਉਣ ਤੋਂ ਬਾਅਦ ਮੈਂ ਵੀ ਆਪਣੀ ਜ਼ਿੰਦਗੀ ਦੇ ਨਵੇਂ ਅਧਿਆਏ ਦਾ ਆਗਾਜ਼ ਕੀਤਾ ਹੈ। ਅਸਲ ਵਿੱਚ ਇਸ ਸਾਲ ਆ ਰਹੀ ਨਵੀਂ ਪੰਜਾਬੀ ਫਿਲਮ ‘ਕਿੱਕਲੀ’ ਵਿੱਚ ਡਾਕਟਰ ਦਾ ਬਹੁਤ ਹੀ ਨਿੱਕਾ ਜਿਹਾ ਕਿਰਦਾਰ ਨਿਭਾਉਣ ਦਾ ਮੈਂਨੂੰ ਪਹਿਲੀ ਵਾਰ ਮੌਕਾ ਮਿਲਿਆ ਹੈ।

ਸਾਡੇ ਘਰ ਵਿੱਚ ਸ਼ੁਰੂ ਤੋਂ ਰੀਤ ਚਲੀ ਆ ਰਹੀ ਹੈ ਕਿ ਜਦੋਂ ਵੀ ਸਾਡੀ ਧੀ ਵਾਮਿਕਾ ਨੇੜੇ ਤੇੜੇ ਕਿਤੇ ਵੀ ਸ਼ੂਟਿੰਗ ਕਰ ਰਹੀ ਹੋਵੇ ਤਾਂ ਅਸੀਂ ਅਕਸਰ ਉਸ ਨੂੰ ਸੈੱਟ ਉੱਪਰ ਮਿਲਣ ਜ਼ਰੂਰ ਜਾਂਦੇ ਹਾਂ। ਇਸ ਵਾਰ ਉਹ ਬੀਤੇ ਸਾਲ ਦੇ ਨਵੰਬਰ ਮਹੀਨੇ ਦੇ ਆਖਰੀ ਹਫ਼ਤੇ ਤੋਂ ਬਠਿੰਡਾ ਨੇੜੇ ਪੈਂਦੇ ਪਿੰਡਾਂ ਵਿੱਚ ਕਵੀ ਰਾਜ਼ ਦੀ ਨਿਰਦੇਸ਼ਨਾ ਤੇ ਮੈਂਡੀ ਤੱਖੜ, ਜੋਬਨਪ੍ਰੀਤ ਨਾਲ ਪੰਜਾਬੀ ਫਿਲਮ ‘ਕਿੱਕਲੀ’ ਦੀ ਸ਼ੂਟਿੰਗ ਕਰ ਰਹੀ ਸੀ। ਅਸੀਂ ਉੱਥੇ ਵੀ ਚਲੇ ਗਏ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਣ ਤੋਂ ਤਿੰਨ ਕੁ ਹਫ਼ਤੇ ਪਹਿਲਾਂ ਹੀ ਚੰਡੀਗੜ੍ਹ ਦੀ ਪ੍ਰੈੱਸ ਕਲੱਬ ਵਿਖੇ ਮੇਰੀਆਂ ਹਿੰਦੀ ਵਿੱਚ ਅਨੁਵਾਦਿਤ ਦੋ ਕਿਤਾਬਾਂ ਨੂੰ ਲੋਕ ਅਰਪਣ ਕਰਨ ਵੇਲੇ ਵਾਮਿਕਾ ਨਾਲ ਮੈਂਡੀ ਤੱਖੜ ਵੀ ਆਈ ਸੀ। ਮਜ਼ਾਕੀਆ ਲਹਿਜ਼ੇ ਵਿੱਚ ਮੈਂ ਮੈਂਡੀ ਨੂੰ ਵਾਰ ਵਾਰ ਕਹਿ ਰਿਹਾ ਸੀ ਕਿ ਮੈਂ ਵੀ ਐਕਟਰ ਬਣਨਾ ਹੈ। ਅੱਗੋਂ ਉਸਨੇ ਕਿਹਾ, “ਠੀਕ ਹੈ ਅੰਕਲ, ਮੈਂ ਦੇਖਾਂਗੀ, ਕੀ ਕਰ ਸਕਦੀ ਹਾਂ ...।”

ਅਗਲੇ ਦਿਨ ਜਦੋਂ ਅਸੀਂ ਫਿਲਮ ਦੇ ਸੈੱਟ ਤੋਂ ਮੁੜਣ ਲੱਗੇ ਤਾਂ ਮੈਂਡੀ ਨੇ ਮੈਂਨੂੰ ਪੁੱਛਿਆ, “ਅੰਕਲ ਇੱਕ ਆਤੰਕਵਾਦੀ ਦਾ ਰੋਲ ਹੈ ਤੇ ਦੂਸਰਾ ਡਾਕਟਰ ਦਾ ... ਦੋਨੋਂ ਨਿੱਕੇ ਨਿੱਕੇ ਕਿਰਦਾਰ ਹਨ, ਦੱਸੋ ਤੁਸੀਂ ਕਿਹੜਾ ਕਰਨਾ ਚਾਹੋਗੇ ...?”

ਪਹਿਲਾਂ ਤਾਂ ਮੈਂ ਮਜ਼ਾਕ ਹੀ ਸਮਝਿਆ ਪਰ ਜਦੋਂ ਪਤਾ ਲੱਗਾ ਕਿ ਉਹ ਗੰਭੀਰ ਹੈ ਤਾਂ ਮੈਂ ਡਾਕਟਰ ਵਾਲਾ ਕਿਰਦਾਰ ਚੁਣ ਲਿਆ।

ਕਿਰਦਾਰ ਤਾਂ ਮੈਂ ਚੁਣ ਲਿਆ ਤੇ ਨਿਭਾਉਣ ਵਾਸਤੇ ਹਾਮੀ ਵੀ ਭਰ ਦਿੱਤੀ ਪਰ ਉਸ ਤੋਂ ਬਾਅਦ ਮੇਰੇ ਅੰਦਰਖਾਤੇ ਉੱਥਲ ਪੁੱਥਲ ਸ਼ੁਰੂ ਹੋ ਗਈ। ਇੱਕ ਮਨ ਕਹੇ ਕਿ ਤੈਥੋਂ ਨਹੀਂ ਹੋਣੀ ਅਦਾਕਾਰੀ, ਜਵਾਬ ਦੇ ਦੇ। ਤੇ ਦੂਸਰਾ ਕਹੇ ਕਿਉਂ ਨਹੀਂ ਹੋਣੀ, ਤੂੰ ਕਰ ਸਕਦਾ ਹੈਂ। ਮੈਂ ਆਪਣੀ ਮਨੋਦਸ਼ਾ ਤੇ ਸਥਿਤੀ ਵਾਮਿਕਾ ਨਾਲ ਸਾਂਝੀ ਕੀਤੀ।

“ਡੈਡੀ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਅਦਾਕਾਰੀ ਕਰਨ ਵੇਲੇ ਅਦਾਕਾਰੀ ਨਹੀਂ ਕਰਨੀ। ਬੱਸ, ਜਿਵੇਂ ਆਮ ਜ਼ਿੰਦਗੀ ਵਿੱਚ ਬੋਲਦੇ, ਵਿਚਰਦੇ, ਤੁਰਦੇ ਫਿਰਦੇ ਹਾਂ ਤੇ ਮੌਕੇ ਅਨੁਸਾਰ ਆਪਣੇ ਹਾਵ ਭਾਵ ਵਿਖਾਉਂਦੇ ਹਾਂ ... ਉਸੇ ਤਰ੍ਹਾਂ ਹੀ ਅਦਾਕਾਰੀ ਕਰਨ ਵੇਲੇ ਕਰਨਾ ਹੈ। ਤੁਸੀਂ ਉਹੀ ਕੁਝ ਕਰਨਾ ਹੈ ਜੋ ਤੁਹਾਨੂੰ ਨਿਰਦੇਸ਼ਕ ਵੱਲੋਂ ਕਰਨ ਵਾਸਤੇ ਕਿਹਾ ਜਾਏਗਾ। ... ਤੁਸੀਂ ਆਪਣੇ ਆਪ ਨੂੰ ਨਿਰਦੇਸ਼ਕ ਦੇ ਸਪੁਰਦ ਕਰ ਦੇਣਾ ਹੈ। ...ਉਹ ਜੋ ਚਾਹੇਗਾ, ਜਿਵੇਂ ਦਾ ਚਾਹੇਗਾ, ਤੁਸੀਂ ਉਵੇਂ ਦਾ ਹੀ ਕਰਨਾ ਹੈ। ਉਸ ਵੇਲੇ ਭੁੱਲ ਜਾਣਾ ਹੈ ਕਿ ਤੁਸੀਂ ਇੱਕ ਲੇਖਕ ਹੋ। ਬਿਨਾਂ ਮੰਗੇ ਕਿਸੇ ਪ੍ਰਕਾਰ ਦੀ ਉਹਨਾਂ ਨੂੰ ਸਲਾਹ ਨਹੀਂ ਦੇਣੀ ਹੈ। ... ਇੱਕ ਹੋਰ ਖ਼ਾਸ ਗੱਲ ਇਹ ਹੈ ਕਿ ਤੁਸੀਂ ਕਿਆਸ ਲੈਣਾ ਹੈ ਕਿ ਤੁਹਾਡੇ ਤੇ ਦੂਸਰੇ ਅਦਾਕਾਰਾਂ ਤੋਂ ਇਲਾਵਾ ਉੱਥੇ ਕੋਈ ਹੋਰ ਨਹੀਂ ਹੈ। ... ਬੱਸ ਡੈਡੀ, ਇਹੀ ਤਾਂ ਹੈ ਐਕਟਿੰਗ ਹੈ, ਹੋਰ ਕੀ ਹੁੰਦੀ ਹੈ ਐਕਟਿੰਗ?... ਡੈਡੀ, ਮੈਂਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਕਰ ਲਉਗੇ ... ਬਹਾਦਰ ਬਣੋ ... ਜੇ ਤੁਹਾਡੀ ਧੀ ਤੇ ਪੁੱਤਰ ਅਦਾਕਾਰੀ ਕਰ ਸਕਦੇ ਹਨ ਤਾਂ ਤੁਸੀਂ ਕਿਉਂ ਨਹੀਂ? ... ਅਖੀਰ, ਪਿਉ ਹੋ ਤੁਸੀਂ ਸਾਡੇ।”

ਮੇਰੀ ਅਦਾਕਾਰ ਧੀ ਵਾਮਿਕਾ ਨੇ ਮੈਂਨੂੰ ਅਦਾਕਾਰੀ ਬਾਰੇ ਆਪਣਾ ਪਹਿਲਾ ਪਾਠ ਮੁਬਾਈਲ ਫੋਨ ਰਾਹੀਂ ਰਿਕਾਰਡ ਕਰਕੇ ਭੇਜੇ ਸੁਨੇਹੇ ਰਾਹੀਂ ਪੜ੍ਹਾਇਆ।

ਮੈਂ ਇਸ ਸੁਨੇਹੇ ਉੱਪਰ ਅਮਲ ਕਰਨਾ ਸ਼ੁਰੂ ਕਰ ਦਿੱਤਾ।

ਦਸੰਬਰ ਦੇ ਤੀਸਰੇ ਹਫ਼ਤੇ ਦੇ ਸ਼ੁਰੂ ਵਿੱਚ ਹੀ ਫਿਲਮ ਵਾਲਿਆਂ ਨੇ ਮੈਂਨੂੰ ਫਿਰ ਉਸੇ ਸੈੱਟ ਉੱਪਰ ਸ਼ੂਟਿੰਗ ਵਾਸਤੇ ਫੋਨ ਕਰਕੇ ਬੁਲਾ ਲਿਆ।

ਉੱਥੇ ਕੀ, ਕਿੰਜ ਤੇ ਕਿਵੇਂ ਹੋਇਆ ਇਹ ਕਦੇ ਫੇਰ ਸਹੀ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2528)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਗੋਵਰਧਨ ਗੱਬੀ

ਗੋਵਰਧਨ ਗੱਬੀ

Phone: (91 - 94171 - 73700)
Email: (govardhangabbi@gmail.com)