GoverdhanGabbi7ਪਰ ਮੌਜੂਦਾ ਸਮੇਂ ਵਿੱਚ ਬਹੁਤੀਆਂ ਖ਼ਬਰਾਂ ਬਾਰੇ ਲੋਕਾਂ ਦੀ ਆਮ ਧਾਰਨਾ ਹੁੰਦੀ ਹੈ ਕਿ ...
(24 ਮਾਰਚ 2019)

 

ਮੌਜੂਦਾ ਕਾਲ ਵਿੱਚ ਕਿਸੇ ਵੀ ਦੇਸ਼ ਦੇ ਲੋਕਤੰਤਰਿਕ ਢਾਂਚੇ ਨੂੰ ਸੰਚਾਲਿਤ, ਜੀਵਿਤ ਤੇ ਬਣਾਈ ਰੱਖਣ ਵਿੱਚ ਲੋਕ ਪ੍ਰਸ਼ਾਸਨ (ਸਰਕਾਰ), ਵਿਧਾਨ ਮੰਡਲ (ਪਾਰਲੀਆਮੈਂਟ: ਲੋਕ ਸਭਾ, ਰਾਜ ਸਭਾ ਤੇ ਸੂਬਾਈ ਵਿਧਾਨ ਸਭਾਵਾਂ), ਨਿਆਂਤੰਤਰ ਤੇ ਮੀਡੀਆ ਵਰਗੇ ਚਾਰ ਥੰਮ੍ਹ ਅਹਿਮ ਕਿਰਦਾਰ ਨਿਭਾਉਂਦੇ ਹਨਜੇਕਰ ਇਹਨਾਂ ਵਿੱਚੋਂ ਕੋਈ ਵੀ ਥੰਮ੍ਹ ਹੱਦ ਤੋਂ ਵੱਧ ਹਿੱਲਜੁੱਲ ਜਾਏ ਤਾਂ ਲੋਕਤੰਤਰ ਦਾ ਸਾਰਾ ਢਾਂਚਾ ਚਰਮਰਾਉਣ ਦੇ ਮੌਕੇ ਵੱਧ ਜਾਂਦੇ ਹਨ

ਜੇ ਆਪਣੇ ਦੇਸ਼ ਦੀ ਗੱਲ ਕਰੀਏ ਤਾਂ ਪਿਛਲੇ ਲਗਪਗ ਤਿੰਨ ਦਹਾਕਿਆਂ ਤੋਂ ਮੀਡੀਆ ਭਾਵ ਚੌਥਾ ਥੰਮ੍ਹ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਤੌਰ ਉੱਪਰ ਉੱਭਰਿਆ ਹੈਮੀਡੀਆ ਵਿੱਚ ਵੀ ਇਲੈਕਟਰੋਨਿਕ ਭਾਵ ਬਿਜਲਈ ਮੀਡੀਆ, ਪ੍ਰਿੰਟ ਮੀਡੀਆ ਤੋਂ ਬਹੁਤ ਅੱਗੇ ਨਿਕਲ ਗਿਆ ਹੈਇਸ ਵਿੱਚ ਇਸਦਾ ਅਹਿਮ ਭਾਗੀਦਾਰ ਬਣਿਆ ਹੈ ਸੋਸ਼ਲ ਮੀਡੀਆ, ਜਿਸ ਵਿੱਚ ਫੇਸਬੁੱਕ, ਟਵਿਟਰ ਵਟਸਐਪ ਆਦਿ ਸ਼ਾਮਿਲ ਹਨਮੌਜੂਦਾ ਸਿਆਸੀ ਜਾਂ ਹੋਰ ਕਿਸੇ ਵੀ ਪ੍ਰਕਾਰ ਦੇ ਮਾਹੌਲ ਵਿੱਚ ਕੋਈ ਵੀ ਬਦਲਾਓ ਲਿਆਉਣ ਵਿੱਚ ਅੱਜ ਦਾ ਮੀਡੀਆ ਇੱਕ ਠੋਸ ਮਾਧਿਅਮ ਦਾ ਕਿਰਦਾਰ ਨਿਭਾਉਂਦਾ ਹੈ ਪਰ ਕਈ ਵਾਰੀ ਜਦੋਂ ਇਹੀ ਚੌਥਾ ਥੰਮ੍ਹ ਬਾਕੀ ਦੇ ਤਿੰਨ ਥੰਮ੍ਹਾਂ ਵਾਲੇ ਸਾਰੇ ਕਾਰਜਾਂ ਨੂੰ ਵੀ ਆਪਣੇ ਹੱਥਾਂ ਵਿੱਚ ਲੈ ਲੈਂਦਾ ਹੈ ਤਾਂ ਖਤਰੇ ਦੀਆਂ ਘੰਟੀਆਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਹਨ

ਪਿਛਲੇ ਲਗਪਗ ਤੀਹ ਸਾਲਾਂ ਤੋਂ ਸਾਡੇ ਦੇਸ਼ ਵਿੱਚ ਜਦੋਂ ਦੇ ਨਿੱਜੀ ਚੈਨਲ, ਖਾਸ ਕਰਕੇ ਖ਼ਬਰੀ ਚੈਨਲਾਂ ਦਾ ਜਨਮ ਹੋਇਆ ਹੈ, ਤਦ ਤੋਂ ਬਿਜਲਈ ਮੀਡੀਆ ਬਹੁਤ ਹੀ ਵੱਡ ਆਕਾਰੀ ਥੰਮ੍ਹ ਬਣ ਕੇ ਉੱਭਰਿਆ ਹੈ ਬਿਜਲਈ ਮੀਡੀਆ ਦਾ ਆਕਾਰ ਅਤੇ ਦਾਇਰਾ ਭਾਵੇਂ ਬਹੁਤ ਵਿਸ਼ਾਲ ਹੋ ਗਿਆ ਹੈ ਪਰ ਇਸਦੇ ਸਰੂਪ ਅਤੇ ਕਿਰਦਾਰ ਉੱਪਰ ਬਹੁਤ ਸਾਰੇ ਪ੍ਰਸ਼ਨ ਚਿੰਨ੍ਹ ਹਮੇਸ਼ਾ ਉੱਠਦੇ ਰਹਿੰਦੇ ਹਨਜ਼ਿਆਦਾਤਰ ਮੀਡੀਆਂ ਉੱਪਰ ਪੀਲੀ ਪੱਤਰਕਾਰੀ ਭਾਵ ਵਿਕਾਊ ਹੋਣ ਦੇ ਦੋਸ਼ ਲਗਦੇ ਹਨਜਿਸਦਾ ਮਤਲਬ ਹੁੰਦਾ ਹੈ, ਇੱਕ ਪਾਸੜ, ਝੂਠੀ ਤੇ ਜਾਅਲੀ ਪੱਤਰਕਾਰੀ ਕਰਨਾ, ਜੋ ਬਹੁਤੀ ਵਾਰ ਸੱਚ ਵੀ ਸਾਬਤ ਹੋਏ ਹਨ

ਕਿਸੇ ਜ਼ਮਾਨੇ ਵਿੱਚ ਮੀਡੀਆ ਉੱਪਰ ਆਮ ਲੋਕ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਹੁੰਦੇ ਸਨਜੇਕਰ ਕਿਸੇ ਘਟਨਾ ਦੀ ਖ਼ਬਰ ਅਖ਼ਬਾਰ ਵਿੱਚ ਛਪ ਜਾਂਦੀ ਸੀ ਤਾਂ ਆਮ ਲੋਕ ਅਕਸਰ ਇਹ ਕਹਿੰਦੇ ਸੁਣੇ ਜਾਂਦੇ ਸਨ ਕਿ ਖ਼ਬਰ ਬਿਲਕੁਲ ਸੱਚੀ ਹੈ ਕਿਉਂਕਿ ਇਹ ਅਖ਼ਬਾਰ ਵਿੱਚ ਵੀ ਛਪ ਗਈ ਹੈ ਪਰ ਮੌਜੂਦਾ ਸਮੇਂ ਵਿੱਚ ਬਹੁਤੀਆਂ ਖ਼ਬਰਾਂ ਬਾਰੇ ਲੋਕਾਂ ਦੀ ਆਮ ਧਾਰਨਾ ਹੁੰਦੀ ਹੈ ਕਿ ਅਖ਼ਬਾਰਾਂ ਤੇ ਟੀਵੀ ਚੈਨਲਾਂ ਦੀਆਂ ਬਹੁਤੀਆਂ ਖ਼ਬਰਾਂ ਤਾਂ ਨਿਰੀ ਗੱਪ ਅਤੇ ਝੂਠ ਦਾ ਪੁਲੰਦਾ ਹੁੰਦੀਆਂ ਹਨ, ਸੋ ਇਹਨਾਂ ਉੱਪਰ ਬਹੁਤਾ ਧਿਆਨ ਦੇਣ ਦੀ ਜ਼ਰੂਰਤ ਨਹੀਂ ਹੈਕੁੱਲ ਮਿਲਾ ਕੇ ਜ਼ਿਆਦਾਤਰ ਮੀਡੀਆ ਦੇ ਸਰੂਪ ਤੇ ਕਿਰਦਾਰ ਵਿੱਚ ਨਿਘਾਰ ਆਇਆ ਹੈ

ਕਈ ਵਾਰੀ ਦੇਖਣ ਵਿੱਚ ਆਉਂਦਾ ਹੈ ਕਿ ਛੋਟੀ ਜਿਹੀ ਘਟਨਾ ਨੂੰ ਬਿਜਲਈ ਮੀਡੀਆ ਰੂੰਈਂ ਦੇ ਪਹਾੜ ਵਾਂਗ ਵਧਾ ਚੜ੍ਹਾ ਕੇ ਪੇਸ਼ ਕਰਦਾ ਹੈਜੇਕਰ ਦੇਸ਼ ਦੇ ਕਿਸੇ ਛੋਟੇ ਜਿਹੇ ਹਿੱਸੇ ਵਿੱਚ ਕਿਸੇ ਛੋਟੀ ਜਿਹੀ ਗੱਲ ਨੂੰ ਲੈ ਕੇ ਦੋ ਧੜਿਆਂ ਵਿੱਚ ਮਾਮੂਲੀ ਜਿਹਾ ਝਗੜਾ ਹੋ ਜਾਏ ਤਾਂ ਜ਼ਿਆਦਾਤਰ ਮੀਡੀਆ ਉਸਨੂੰ ਇਸ ਪ੍ਰਕਾਰ ਪੇਸ਼ ਕਰਦਾ ਹੈ ਕਿ ਜਿਵੇਂ ਸਾਰੇ ਦੇਸ਼ ਵਿੱਚ ਘਰੇਲੂ ਯੁੱਧ ਸ਼ੁਰੂ ਹੋ ਗਿਆ ਹੋਵੇਕੁਝ ਐਂਕਰਾਂ ਦਾ ਚਰਿੱਤਰ ਤੇ ਕਿਰਦਾਰ ਉਸ ਵੇਲੇ ਦੇਖਣ ਵਾਲਾ ਹੁੰਦਾ ਹੈ ਜਦੋਂ ਉਹ ਕਿਸੇ ਪਰਿਵਾਰ ਦੇ ਸਰਹੱਦ ਜਾਂ ਕਿਸੇ ਹੋਰ ਕਾਰਨ ਸ਼ਹੀਦ ਹੋਏ ਫੌਜੀ ਨੌਜਵਾਨਾਂ ਬਾਰੇ ਉਹਨਾਂ ਨੂੰ ਇਹ ਸਵਾਲ ਪੁੱਛਦੇ ਨਜ਼ਰ ਆਉਂਦੇ ਹਨ ਕਿ ਦੱਸੋ ਇਸ ਵੇਲੇ ਤੁਹਾਨੂੰ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ ...? ਭਈ ਭਲੇ ਮਾਣਸੋ ਕੁਝ ਤਾਂ ਅਕਲ ਵਰਤ ਲਉ

ਸਾਡੇ ਦੇਸ਼ ਵਿੱਚ ਲਗਪਗ ਬਾਰਾਂ ਮਹੀਨੇ ਚੋਣਾਵੀ ਮਾਹੌਲ ਬਣਿਆ ਹੀ ਰਹਿੰਦਾ ਹੈਚੋਣਾਵੀ ਮਾਹੌਲ ਦੀ ਰਿਪੋਰਟਿੰਗ ਵੀ ਦੇਖਣ ਵਾਲੀ ਹੁੰਦੀ ਹੈਕਰੋੜਾਂ ਦੀ ਗਿਣਤੀ ਵਿੱਚੋਂ ਕੁਝ ਸੈਂਕੜੇ ਲੋਕਾਂ ਦੀ ਰਾਇ ਉੱਪਰ ਅਧਾਰਿਤ ਓਪੀਨੀਅਨ ਪੋਲ, ਐਗਜ਼ਿਟ ਪੋਲ ਆਦਿ ਨੂੰ ਜਿਸ ਤਰ੍ਹਾਂ ਪੇਸ਼ ਕੀਤਾ ਜਾਂਦਾ ਹੈ, ਉਹ ਵੇਖਣ ਵਾਲਾ ਹੁੰਦਾ ਹੈਕੁਝ ਟੀਵੀ ਚੈਨਲ ਤਾਂ ਰਿਪੋਰਟਾਂ ਇੰਜ ਦੀਆਂ ਪੇਸ਼ ਕਰਦੇ ਹਨ ਕਿ ਕੋਈ ਵੀ ਕੋਰਾ ਝੂਠ, ਸੱਚ ਹੀ ਲਗਣ ਲੱਗ ਪੈਂਦਾ ਹੈ

ਥੋੜ੍ਹੇ ਦਿਨ ਪਹਿਲਾਂ ਪੁਲਵਾਮਾ ਵਿੱਚ ਸਾਡੇ ਦੇਸ਼ ਦੀ ਪੈਰਾ ਮਿਲਟਰੀ ਫੌਜ ਉੱਪਰ ਹੋਏ ਬਹੁਤ ਵੱਡੇ ਆਤੰਕਵਾਦੀ ਹਮਲੇ, ਉਸ ਤੋਂ ਬਾਅਦ ਭਾਰਤੀ ਹਵਾਈ ਸੈਨਾ ਦੁਆਰਾ ਪਾਕਿਸਤਾਨ ਵਿੱਚ ਮੌਜੂਦ ਆਤੰਕਵਾਦੀ ਠਿਕਾਣਿਆਂ ਉੱਪਰ ਕੀਤੇ ਹਵਾਈ ਹਮਲੇ ਤੇ ਪਾਕਿਸਤਾਨੀ ਫੌਜ ਦੁਆਰਾ ਪਕੜੇ ਗਏ ਭਾਰਤੀ ਪਾਇਲਟ ਬਾਰੇ ਕੁਝ ਭਾਰਤੀ ਟੀਵੀ ਚੈਨਲਾਂ ਨੇ ਤਾਂ ਐਸੀ ਵਚਿੱਤਰ ਅਤੇ ਅਨੋਖੀ ਕਿਸਮ ਦੀ ਪੱਤਰਕਾਰੀ ਪੇਸ਼ ਕੀਤੀ ਕਿ ਆਮ ਮਨੁੱਖ ਦੇ ਲੂੰਅ ਕੰਡੇ ਖੜ੍ਹੇ ਹੋ ਗਏਇਹਨਾਂ ਦਾ ਵੱਸ ਚਲਦਾ ਤਾਂ ਉਹ ਦੋਨਾਂ ਦੇਸ਼ਾਂ ਵਿੱਚ ਯੁੱਧ ਕਰਵਾ ਕੇ ਹੀ ਦਮ ਲੈਂਦੇਟੀਵੀ ਚੈਨਲਾਂ ਨੂੰ ਸਾਰੇ ਪਹਿਲੂਆਂ ਦਾ ਤਵਾਜ਼ਨ ਬਣਾ ਕੇ ਪੇਸ਼ ਕਰਨਾ ਚਹੀਦਾ ਸੀ ਨਾ ਕਿ ਹੱਦ ਤੋਂ ਵੱਧ ਇੱਕ ਪਾਸੜ ਅਤੇ ਭੜਕਾਊ ਵਿਸ਼ਲੇਸ਼ਨ ਕਰਕੇ ਆਮ ਲੋਕਾਂ ਨੂੰ ਉਕਸਾਉਣ ਦਾ ਯਤਨ ਕਰਨਾਉਹਨਾਂ ਦੇ ਵਿਚਾਰਾਂ ਤੋਂ ਲਗਦਾ ਸੀ ਕਿ ਜਿਵੇਂ ਬਹੁਤੇ ਪੱਤਰਕਾਰ ਪਾ ਪੜ੍ਹੇ ਭਾਵ ਅੱਧ ਪੜ੍ਹੇ ਹੋਣ। ਪਰ ਕੀ ਕੀਤਾ ਜਾ ਸਕਦਾ ਹੈ ਮੌਜੂਦਾ ਦੌਰ ਤੇ ਜ਼ਮਾਨਾ ਹੀ ਪਾ ਪੜ੍ਹਿਆਂ ਦਾ ਹੈਜ਼ਿਆਦਾਤਰ ਟੀਵੀ ਐਂਕਰਾਂ ਦੇ ਇਹ ਬਿਆਨ ਕਿ ਹੁਣ ਆਖਰੀ ਫੈਸਲਾ ਹੋ ਕੇ ਰਹੇਗਾ ... ਖੂਨ ਦਾ ਬਦਲਾ ਖੂਨ ... ਪਾਕਿਸਤਾਨ ਨੂੰ ਮਸਲ ਕੇ ਰੱਖ ਦਿਆਂਗੇ ... ਘਰ ਵਿੱਚ ਘੁਸ ਕੇ ਮਾਰਾਂਗੇ ... ਪਾਕਿਸਤਾਨ ਨੂੰ ਦੁਨੀਆ ਦੇ ਨਕਸ਼ੇ ਤੋਂ ਮਿਟਾ ਕੇ ਰਹਾਂਗੇ ... ਉਹਨਾਂ ਦੇ ਵਿਹਾਰ ਤੋਂ ਇੰਜ ਲੱਗਦਾ ਸੀ ਕਿ ਉਹ ਪੱਤਰਕਾਰ ਨਹੀਂ, ਸਗੋਂ ਆਪਣੇ ਆਪ ਨੂੰ ਲੋਕ ਪ੍ਰਸ਼ਾਸਨ ਦੇ ਮੁਖੀ ਸਮਝਦੇ ਹਨ ਤੇ ਕਿਸੇ ਵੀ ਪ੍ਰਕਾਰ ਦੇ ਵੱਡੇ ਅਤੇ ਅਹਿਮ ਫੈਸਲੇ ਲੈ ਸਕਣ ਦਾ ਅਧਿਕਾਰ ਵੀ ਰੱਖਦੇ ਹਨ

ਇਸੇ ਤਰ੍ਹਾਂ ਹੀ ਕਈ ਵਾਰ ਮੀਡੀਆ ਨਿਆਂਪਾਲਕਾ ਦਾ ਕਿਰਦਾਰ ਵੀ ਆਪ ਹੀ ਨਿਭਾਉਣਾ ਸ਼ੁਰੂ ਕਰ ਦਿੰਦਾ ਹੈਕਿਸੇ ਵੀ ਆਮ ਤੇ ਅਹਿਮ ਕੇਸ ਵਿੱਚ ਅਦਾਲਤ ਦਾ ਫੈਸਲਾ ਅਜੇ ਬਾਅਦ ਵਿੱਚ ਆਉਣਾ ਹੁੰਦਾ ਹੈ ਪਰ ਜ਼ਿਆਦਾਤਰ ਮੀਡੀਆ ਆਪਣਾ ਫੈਸਲਾ ਪਹਿਲਾਂ ਹੀ ਸੁਣਾ ਦਿੰਦਾ ਹੈਇਹ ਵੀ ਦੇਖਿਆ ਗਿਆ ਹੈ ਕਿ ਮੀਡੀਆ ਦੁਆਰਾ ਅਦਾਲਤ ਦੇ ਕਿਸੇ ਫੈਸਲੇ ਵਿਰੁੱਧ ਚਲਾਈ ਜਾਂਦੀ ਮੁਹਿੰਮ ਦਾ ਇਸ ਕਦਰ ਪ੍ਰਭਾਵ ਪੈਂਦਾ ਹੈ ਕਿ ਕਈ ਵਾਰ ਅਦਾਲਤਾਂ ਦੇ ਫੈਸਲੇ ਪ੍ਰਭਾਵਿਤ ਹੋਏ ਜਾਪਦੇ ਵੀ ਹਨ

ਕੁੱਲ ਮਿਲਾ ਕੇ ਅੱਜ ਦੇ ਦਿਨ ਮੀਡੀਆ ਸਾਡੇ ਲੋਕਤੰਤਰ ਦਾ ਬਹੁਤ ਹੀ ਸ਼ਕਤੀਸ਼ਾਲੀ ਤੇ ਪ੍ਰਭਾਵਸ਼ਾਲੀ ਥੰਮ੍ਹ ਬਣ ਚੁੱਕਾ ਹੈ ਪਰ ਇਸ ਥੰਮ੍ਹ ਦਾ ਫਰਜ਼ ਬਣਦਾ ਹੈ ਕਿ ਉਹ ਨਿਰਪੱਖ, ਤਵਾਜ਼ਨ ਅਤੇ ਇਮਾਨਦਾਰ ਪੱਤਰਕਾਰੀ ਕਰੇਪੀਲੀ ਪੱਤਰਕਾਰੀ ਤੋਂ ਬਚੇਸਮਾਜ ਦੀ ਭਲਾਈ ਵਾਸਤੇ ਆਪਣੀ ਤਾਕਤ ਦਾ ਸਦ-ਉਪਯੋਗ ਕਰੇ ਤਾਂ ਕਿ ਆਮ ਲੋਕਾਂ ਦੇ ਮਨਾਂ ਵਿੱਚ ਮੀਡੀਆ ਪ੍ਰਤੀ ਵਿਸ਼ਵਾਸ ਅਤੇ ਭਰੋਸਾ ਦੋਬਾਰਾ ਬਣ ਸਕੇ ਤੇ ਇੱਕ ਬਿਹਤਰੀਣ ਸਮਾਜ ਸਿਰਜਿਆ ਜਾ ਸਕੇ

*****

(ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਆਪਣੀ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1526)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਗੋਵਰਧਨ ਗੱਬੀ

ਗੋਵਰਧਨ ਗੱਬੀ

Phone: (91 - 94171 - 73700)
Email: (govardhangabbi@gmail.com)