“ਇੱਕ ਅਜਿਹਾ ਸਮਾਜ ਸਿਰਜਣ ਦੀ ਲੋੜ ਹੈ, ਜਿਸ ਵਿੱਚ ਬਜ਼ੁਰਗ ਲੋਕਾਂ ਦੇ ਅਧਿਕਾਰਾਂ ਦਾ ਸਨਮਾਨ ...”
(17 ਅਕਤੂਬਰ 2025)
ਦੁਨੀਆਂ ਜਨਸੰਖਿਆ ਵਿੱਚ ਬਹੁਤ ਵੱਡੀਆਂ ਤਬਦੀਲੀਆਂ ਦਾ ਅਨੁਭਵ ਕਰ ਰਹੀ ਹੈ, ਜਿਸ ਵਿੱਚ ਲੋਕ ਲੰਬੀ ਉਮਰ ਤੱਕ ਜੀਉਂਦੇ ਰਹਿ ਰਹੇ ਹਨ ਅਤੇ ਔਰਤਾਂ ਵਿੱਚ ਪ੍ਰਜਣਨ ਦੀ ਦਰ ਲਗਾਤਾਰ ਘਟ ਰਹੀ ਹੈ। ਬੁਢਾਪਾ ਅਤੇ ਬਜ਼ੁਰਗਾਂ ਦੀ ਕੁੱਲ ਅਬਾਦੀ ਵਿੱਚ ਵਧ ਰਹੀ ਹਿੱਸੇਦਾਰੀ ਮਹੱਤਵਪੂਰਨ ਵਿਸ਼ਵਵਿਆਪੀ ਮੁੱਦਿਆਂ ਵਜੋਂ ਉਭਰੇ ਹਨ, ਜਿਸ ਦੇ ਵਿਸ਼ਵ ਪੱਧਰ ’ਤੇ ਦੂਰਗਾਮੀ ਸਮਾਜਿਕ ਅਤੇ ਆਰਥਿਕ ਪ੍ਰਭਾਵ ਪੈ ਰਹੇ ਹਨ ਅਤੇ ਅੱਗੇ ਹੋਰ ਵੀ ਪੈਣਗੇ। ਇਹਨਾਂ ਤਬਦੀਲੀਆਂ ਲਈ ਬਜ਼ੁਰਗ ਨਾਗਰਿਕਾਂ ਦੀਆਂ ਗੁੰਝਲਦਾਰ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਮਜ਼ਬੂਤ ਸਿਹਤ ਸੰਭਾਲ ਸਹੂਲਤਾਂ, ਮਜ਼ਬੂਤ ਸਮਾਜਿਕ ਸੁਰੱਖਿਆ, ਖ਼ੁਰਾਕ ਸੁਰੱਖਿਆ ਅਤੇ ਨਵੀਨਤਾਕਾਰੀ ਨੀਤੀਗਤ ਨੀਤੀਆਂ ਦੀ ਲੋੜ ਹੈ। 30 ਜੁਲਾਈ 2025 ਨੂੰ ਸੰਕਲਾ ਫਾਊਂਡੇਸ਼ਨ ਨੇ ਨੀਤੀ ਆਯੋਗ, ਕੇਂਦਰ ਸਰਕਾਰ ਦੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲੇ ਅਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਹਿਯੋਗ ਨਾਲ ਦੇਸ਼ ਦੇ ਬਜ਼ੁਰਗਾਂ ਦੇ ਹਾਲਾਤਾਂ ਦਾ ਅਧਿਐਨ ਕਰ ਕੇ ਇਕ ਰਿਪੋਰਟ, “ਦੇਸ਼ ਦੀ ਅਬਾਦੀ ਦਾ ਉਮਰ ਵਾਧਾ: ਚੁਣੌਤੀਆਂ ਅਤੇ ਮੌਕੇ” ਜਾਰੀ ਕੀਤੀ ਹੈ। ਇਸ ਰਿਪੋਰਟ ਦੇ ਮੁੱਖ ਮਕਸਦ ਸਨ, ਦੇਸ਼ ਵਿੱਚ ਬੁੱਢੇਪਣ/ਅਬਾਦੀ ਦੀ ਉਮਰ ਵਧਣ ਦਾ ਮਤਲਬ ਕੀ ਹੈ। ਅਬਾਦੀ ਦੀ ਉਮਰ ਵਧਣ ਦੇ ਆਰਥਿਕ, ਸਿਹਤ ਉਤੇ ਅਤੇ ਸਮਾਜਿਕ ਪ੍ਰਭਾਵ ਕੀ ਹਨ। ਆਉਣ ਵਾਲੇ ਦਹਾਕਿਆਂ ਵਿੱਚ ਭਾਰਤ ਵਿੱਚ ਬਜ਼ੁਰਗ ਹੋਣ ਵਾਲੀ ਅਬਾਦੀ ਲਈ ਅਨੁਮਾਨਿਤ ਜਨਸੰਖਿਆ ਵਿੱਚ ਕਿਹੜੀਆਂ ਤਬਦੀਲੀਆਂ ਆਉਣਗੀਆਂ। ਹਥਲੇ ਲੇਖ ਵਿੱਚ ਕੋਸ਼ਿਸ਼ ਕੀਤੀ ਗਈ ਹੈ, ਇਸ ਰਿਪੋਰਟ ਦੇ ਆਧਾਰ ’ਤੇ ਦੇਸ਼ ਦੇ ਬਜ਼ੁਰਗ, ਆਜ਼ਾਦੀ ਦੀ 79ਵੀਂ ਵਰੇਗੰਢ ਦੇ ਮੌਕੇ ’ਤੇ, ਜੋ ਕਿ ਦੋ ਮਹੀਨੇ ਪਹਿਲਾਂ ਮਨਾਈ ਗਈ ਹੈ, ਕਿਸ ਕਿਸਮ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਉਹ ਕਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ, ਉਸ ਉੱਤੇ ਚਾਨਣਾ ਪਾਇਆ ਜਾ ਸਕੇ।
ਸਭ ਤੋਂ ਪਹਿਲਾਂ ਵੱਖ ਵੱਖ ਦੇਸ਼ਾਂ ਵਿੱਚ ਕਿਸੇ ਵੀ ਬਜ਼ੁਰਗ ਵਿਅਕਤੀ ਦੀ ਪ੍ਰੀਭਾਸ਼ਾ ਕੀ ਹੈ, ਇਸ ਨੂੰ ਜਾਣਨਾ ਜ਼ਰੂਰੀ ਹੈ। ਭਾਰਤ ਦੇ ਸੰਦਰਭ ਵਿੱਚ ਭਾਰਤ ਦੀ ਜਨਗਣਨਾ ਦੁਆਰਾ 60 ਸਾਲ ਅਤੇ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀ ਨੂੰ ਬਜ਼ੁਰਗ ਵਜੋਂ ਅਪਣਾਇਆ ਗਿਆ ਹੈ। ਅੰਕੜੇ ਸਪੱਸ਼ਟ ਕਰਦੇ ਹਨ ਕਿ ਦੇਸ਼ ਵਿੱਚ ਬਜ਼ੁਰਗ ਅਬਾਦੀ ਦੀ ਹਿੱਸੇਦਾਰੀ ਕੁੱਲ ਅਬਾਦੀ ਵਿੱਚ ਲਗਾਤਾਰ ਵਧ ਰਹੀ ਹੈ। ਭਾਰਤ ਦੀਆਂ ਪਿਛਲੇ ਸਮੇਂ ਦੀਆਂ ਜਨਗਣਨਾ ਦੇ ਨਤੀਜਿਆਂ ਤੋਂ ਦੇਖਿਆ ਜਾਵੇ ਤਾਂ ਪਤਾ ਲੱਗਦਾ ਹੈ ਕਿ ਬਜ਼ੁਰਗ ਵਿਅਕਤੀਆਂ ਦੀ ਅਬਾਦੀ 1961 ਵਿੱਚ 2.47 ਕਰੋੜ ਤੋਂ ਵੱਧ ਕੇ 2011 ਤੱਕ 10.38 ਕਰੋੜ ਹੋ ਗਈ ਸੀ। ਬਜ਼ੁਰਗਾਂ ਦੀ ਅਬਾਦੀ ਵਿਚ ਇਹਨਾਂ 50 ਸਾਲਾਂ ਦੌਰਾਨ ਚਾਰ ਗੁਣਾ ਤੋਂ ਵੀ ਜ਼ਿਆਦਾ ਵਾਧਾ ਹੋਇਆ ਹੈ ਅਤੇ ਆਉਣ ਵਾਲੇ ਸਮੇਂ ਭਾਵ 2050 ਵਿੱਚ ਇਹ ਅਬਾਦੀ 34.7 ਕਰੋੜ ਹੋ ਜਾਵੇਗੀ। ਬਜ਼ੁਰਗਾਂ ਦੀ ਅਬਾਦੀ 1961 ਵਿੱਚ ਕੁੱਲ ਅਬਾਦੀ ਦਾ 5.6 ਪ੍ਰਤੀਸ਼ਤ ਸੀ, ਜਿਹੜੀ ਵੱਧ ਕੇ 2011 ਵਿੱਚ 8.6 ਪ੍ਰਤੀਸ਼ਤ, 2021 ਵਿੱਚ 10.1 ਪ੍ਰਤੀਸ਼ਤ ਅਤੇ ਅੰਦਾਜ਼ਿਆਂ ਮੁਤਾਬਕ 2031 ਵਿੱਚ 13.1 ਪ੍ਰਤੀਸ਼ਤ ਅਤੇ 2050 ਵਿੱਚ ਲੱਗਭੱਗ 20-21 ਪ੍ਰਤੀਸ਼ਤ ਹੋ ਜਾਵੇਗੀ। ਬਜ਼ੁਰਗਾਂ ਦੀ ਅਬਾਦੀ ਦਾ ਹੋਰ ਡੂੰਘਾ ਅਧਿਐਨ ਕਰਨ ਲਈ ਉਹਨਾਂ ਦੀ ਅਬਾਦੀ ਨੂੰ ਵੀ ਤਿੰਨ ਮੁੱਖ ਵਰਗਾਂ ਵਿੱਚ ਵੰਡਿਆ ਜਾਂਦਾ ਹੈ ਪਹਿਲਾਂ, ਜਵਾਨ-ਬਜ਼ੁਰਗ (60-69 ਸਾਲ), ਬਜ਼ੁਰਗ (70-79 ਸਾਲ) ਅਤੇ ਬਹੁਤ ਬਜ਼ੁਰਗ (80 ਸਾਲ ਤੋਂ ਵੱਧ)। ਇਵੇਂ ਹੀ ਦੇਸ਼ ਦੀ ਅਬਾਦੀ ਵਿਚ ਦੋ ਹੋਰ ਮਹੱਤਵਪੂਰਨ ਬਦਲਾਅ ਵੇਖਣ ਨੂੰ ਮਿਲਦੇ ਹਨ। ਪਹਿਲਾਂ Total Fertility Rate, ਭਾਵ ਇੱਕ ਔਰਤ ਦੁਆਰਾ ਜ਼ਿੰਦਗੀ ਵਿੱਚ ਕੁੱਲ ਬੱਚੇ ਜਾਣਨ ਦੀ ਦਰ 5.90 ਤੋਂ ਘੱਟ ਕੇ ਅੱਜ ਕੱਲ 2.05 ਰਹਿ ਗਈ ਹੈ ਅਤੇ ਅੰਦਾਜ਼ਿਆਂ ਮੁਤਾਬਕ ਆਉਣ ਵਾਲੇ ਸਮੇਂ ਵਿੱਚ ਹੋਰ ਘੱਟ ਕੇ 1.79 ਹੋ ਜਾਵੇਗੀ। ਦੂਜਾ, Life Expectancy at Birth, ਭਾਵ ਨਵਜੰਮੇ ਬੱਚੇ ਦੀ ਕੁੱਲ ਅੰਦਾਜ਼ਨ ਉਮਰ 36.98 ਸਾਲ ਤੋਂ ਵੱਧ ਕੇ ਹੁਣ 71.43 ਸਾਲ ਹੋ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਵੱਧ ਕੇ 75.34 ਸਾਲ ਹੋ ਜਾਵੇਗੀ।
ਦੇਸ਼ ਦੀ ਆਜ਼ਾਦੀ ਦੇ ਲਗਭਗ ਅੱਠ ਦਹਾਕਿਆਂ ਬਾਅਦ ਵੀ ਜਦੋਂ ਦੇਸ਼ ਵਿੱਚ ਬਜ਼ੁਰਗਾਂ ਦੇ ਆਰਥਿਕ ਹਾਲਾਤ ’ਤੇ ਨਜ਼ਰ ਮਾਰੀਏ ਤਾਂ ਬਹੁਤ ਨਿਰਾਸ਼ਾਜਨਕ ਹਾਲਾਤ ਸਾਹਮਣੇ ਆਉਂਦੇ ਹਨ ਕਿਉਂਕਿ ਕਿ ਦੇਸ਼ ਦੇ 70 ਪ੍ਰਤੀਸ਼ਤ ਬਜ਼ੁਰਗ ਆਪਣੀਆਂ ਰੋਜ਼ਮਰ੍ਹਾ ਦੀਆਂ ਖਾਣ ਪੀਣ, ਦਵਾਈਆਂ, ਕੱਪੜੇ ਆਦਿ ਦੀਆਂ ਲੋੜਾਂ ਪੂਰੀਆਂ ਕਰਨ ਲਈ ਦੂਜਿਆਂ ’ਤੇ ਨਿਰਭਰ ਹਨ। ਅਜਿਹੇ ਹਾਲਾਤ ਵਿਚ ਉਹਨਾਂ ਨੂੰ ਵੱਡੀ ਉਮਰ ਵਿਚ ਵੀ ਕੰਮ ਕਰਨਾ ਪੈਂਦਾ ਹੈ ਜਿਹੜਾ ਕਿ ਬਜ਼ੁਰਗਾਂ ਲਈ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰਦਾ ਹੈ। ਭਾਵੇਂ ਬਹੁਤੇ ਬਜ਼ੁਰਗ ਆਪਣੇ ਪਰਿਵਾਰਾਂ ਨਾਲ ਰਹਿ ਰਹੇ ਹਨ ਪਰ ਫੇਰ ਵੀ 2.5 ਪ੍ਰਤੀਸ਼ਤ ਆਦਮੀ ਅਤੇ 8.6 ਪ੍ਰਤੀਸ਼ਤ ਔਰਤਾਂ ਇਕੱਲੀਆਂ ਰਹਿ ਰਹੀਆਂ ਹਨ। ਮੰਦੀ ਆਰਥਿਕ ਸਥਿਤੀ ਕਾਰਨ ਲਗਭਗ 32 ਪ੍ਰਤੀਸ਼ਤ ਬਜ਼ੁਰਗ ਜ਼ਿੰਦਗੀ ਬਤੀਤ ਕਰਨ ਤੋਂ ਸੰਤੁਸ਼ਟ ਨਹੀਂ ਹਨ ਅਤੇ ਨਾਲ ਹੀ ਸਿਹਤ ਦੀਆਂ ਸਮੱਸਿਆਵਾਂ, ਮਨੋਚਕਿਤਸਕ ਸਥਿਤੀ ਅਤੇ ਆਪਣਿਆਂ ਅਤੇ ਲੋਕਾਂ ਵਲੋਂ ਬਜ਼ੁਰਗ ਹੋਣ ਕਾਰਨ ਅਣਗੌਲਿਆ ਕੀਤੇ ਜਾਣ ਤੋਂ ਵੀ ਖ਼ਫ਼ਾ ਅਤੇ ਅਸੰਤੁਸ਼ਟ ਹਨ। ਬਜ਼ੁਰਗਾਂ ਵੱਲੋਂ ਉਨ੍ਹਾਂ ਨੂੰ ਅਣਗੌਲਿਆ ਕਰਨ ਲਈ ਮੁੱਖ ਜ਼ਿੰਮੇਵਾਰ ਕਾਰਨਾਂ ਵਿੱਚ ਬੁੱਢੇ ਹੋਣਾ (10.3%), ਆਰਥਿਕ ਮੰਦਹਾਲੀ (6.14%) ਅਤੇ ਜਾਤ (1.93%) ਨੂੰ ਮੰਨਦੇ ਹਨ। ਅੱਜ ਕੱਲ ਨਵੀਆਂ ਤਕਨੀਕਾਂ ਵਿਅਕਤੀਆਂ, ਖਾਸ ਕਰਕੇ ਬਜ਼ੁਰਗਾਂ ਦੇ ਜੀਵਨ ਦੀ ਗੁਣਵੱਤਾ ਨੂੰ ਵਧਾਉਣ ਅਤੇ ਸੁਖਾਲਾ ਬਣਾਉਣ ਵਿੱਚ ਮਦਦ ਕਰ ਸਕਦੀਆਂ ਹਨ। ਉਹਨਾਂ ਨੂੰ ਲੋਕਾਂ ਨਾਲ ਜੁੜਨ, ਸਿਹਤ ਸੰਭਾਲ ਤੱਕ ਪਹੁੰਚ ਕਰਨ, ਬੈਂਕਿੰਗ ਕਾਰਜ ਕਰਨ, ਜਾਣਕਾਰੀ ਪ੍ਰਾਪਤ ਕਰਨ, ਮਨੋਰੰਜਨ ਅਤੇ ਹੋਰ ਬਹੁਤ ਕੁਝ ਕਰਨ ਦੇ ਯੋਗ ਬਣਾ ਕੇ ਜ਼ਿੰਦਗੀ ਨੂੰ ਬਿਹਤਰ ਬਣਾਇਆ ਜਾ ਸਕਦਾ ਹੈ। ਪਰ ਇਹ ਵੇਖਣ ਵਿਚ ਆਇਆ ਹੈ ਕਿ ਬਜ਼ੁਰਗਾਂ ਵਿੱਚ ਤਕਨਾਲੋਜੀ ਦੀ ਵਰਤੋਂ ਨੌਜਵਾਨਾਂ ਦੇ ਮੁਕਾਬਲੇ ਕਾਫ਼ੀ ਘੱਟ ਹੈ ਕਿਉਂਕਿ ਬਜ਼ੁਰਗ ਸੁਰੱਖਿਆ ਚਿੰਤਾਵਾਂ ਜਾਂ ਨਵੇਂ ਹੁਨਰ ਹਾਸਲ ਕਰਨ ਦੀ ਘਟਦੀ ਇੱਛਾ ਦੇ ਕਾਰਨ ਅਕਸਰ ਨਵੀਂ ਤਕਨਾਲੋਜੀ ਦੀ ਵਰਤੋਂ ਕਰਨ ਤੋਂ ਝਿਜਕਦੇ ਹਨ। ਬਜ਼ੁਰਗਾਂ ਵਿਰੁੱਧ ਸਾਈਬਰ ਅਪਰਾਧ ਦਾ ਵਧਿਆ ਹੋਇਆ ਪ੍ਰਚਲਨ ਉਨ੍ਹਾਂ ਦੇ ਡਰ ਨੂੰ ਹੋਰ ਵੀ ਪੱਕਾ ਕਰਦਾ ਹੈ ਅਤੇ ਵਧਾਉਂਦਾ ਹੈ।
ਬਜ਼ੁਰਗਾਂ ਵਿੱਚ ਸਰੀਰਕ ਕਾਰਜਕੁਸ਼ਲਤਾ ਦੀਆਂ ਸੀਮਾਵਾਂ ਦੇ ਨਾਲ ਨਾਲ ਅਪਾਹਜਤਾਵਾਂ ਦੇ ਉੱਚ ਜੋਖਮ ਵੀ ਪਾਏ ਜਾਂਦੇ ਹਨ। ਅਪਾਹਜਤਾਵਾਂ ਬਜ਼ੁਰਗਾਂ ਦੀਆਂ ਸਮਰੱਥਾਵਾਂ ਨੂੰ ਘਟਾਉਂਦੀਆਂ ਹਨ, ਉਹਨਾਂ ਨੂੰ ਸੁਤੰਤਰ ਤੌਰ ’ਤੇ ਰੋਜ਼ਾਨਾ ਦੀਆਂ ਗਤੀਵਿਧੀਆਂ ਕਰਨ ਵਿੱਚ ਅੜਿੱਕਾ ਬਣਦੀਆਂ ਹਨ। ਦੇਸ਼ ਵਿੱਚ 2011 ਦੀ ਜਨਗਣਨਾ ਦੇ ਅਨੁਸਾਰ 20.82% ਬਜ਼ੁਰਗ ਅਪਾਹਜਤਾ ਦਾ ਸ਼ਿਕਾਰ ਸਨ। ਇਹ ਅਪਾਹਜਤਾਵਾਂ ਮੁੱਖ ਤੌਰ ’ਤੇ ਤੁਰਨ ਫਿਰਨ ਅਤੇ ਕੰਮਕਾਰ ਕਰਨ ਵਿੱਚ ਕਮਜ਼ੋਰੀ ਆ ਜਾਣਾ (6%), ਨਿਗਾਹ ਅਤੇ ਦਿਸਣ ਵਿੱਚ ਕਮਜ਼ੋਰੀ ਹੋਣਾ (4%), ਮਾਨਸਿਕ ਕੰਮਜ਼ੋਰੀ (3%) ਅਤੇ ਸੁਣਨ ਦੀ ਕਮਜ਼ੋਰੀ (3%), ਅਤੇ ਬੋਲਣ ਦੀ ਕਮਜ਼ੋਰੀ (0.9%) ਹਨ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਬਹੁਤੇ ਬਜ਼ੁਰਗ ਡਿਪਰੈਸ਼ਨ ਦਾ ਸ਼ਿਕਾਰ ਹੁੰਦੇ ਹਨ ਅਤੇ ਇਹ ਸਰੀਰਕ ਤੰਦਰੁਸਤੀ ਅਤੇ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਨਾਲ ਹੀ ਬਜ਼ੁਰਗਾਂ ਵਿਚ ਮਨੋਵਿਗਿਆਨਕ ਅਤੇ ਬੋਧਾਤਮਕ ਸਮਰੱਥਾ ਘੱਟ ਜਾਣ ਕਾਰਨ ਅਤੇ ਵਧੇਰੇ ਸੰਵੇਦਨਸ਼ੀਲ ਹੋਣ ਕਾਰਨ ਬਜ਼ੁਰਗ ਡਿਪਰੈਸ਼ਨ ਦਾ ਵਧੇਰੇ ਸ਼ਿਕਾਰ ਹੁੰਦੇ ਹਨ। ਉੱਚ ਪੱਧਰੀ ਰੋਗਾਂ ਦੇ ਕਾਰਨ ਬਜ਼ੁਰਗ ਬਾਲਗ ਨੌਜਵਾਨਾਂ ਨਾਲੋਂ ਕਿਤੇ ਜ਼ਿਆਦਾ ਸਿਹਤ ਸੰਭਾਲ ਸੇਵਾਵਾਂ ਦੀ ਵਰਤੋਂ ਕਰਦੇ ਹਨ। ਹਾਲਾਂਕਿ ਬਜ਼ੁਰਗਾਂ ਦੀ ਸਿਹਤ ਸੰਭਾਲ ਸੇਵਾਵਾਂ ਤੱਕ ਮੁਕਾਬਲਤਨ ਘੱਟ ਪਹੁੰਚ ਹੁੰਦੀ ਹੈ। ਲਗਭਗ 70% ਬਜ਼ੁਰਗ ਅਬਾਦੀ ਪੇਂਡੂ ਖੇਤਰਾਂ ਵਿੱਚ ਰਹਿੰਦੀ ਹੈ ਅਤੇ ਕੇਵਲ ਦੇਸ਼ ਦੀਆਂ 25 ਪ੍ਰਤੀਸ਼ਤ ਸਿਹਤ ਸਹੂਲਤਾਂ ਹੀ ਪੇਂਡੂ ਖੇਤਰਾਂ ਵਿੱਚ ਸਥਿਤ ਹਨ। ਪੇਂਡੂ ਖੇਤਰਾਂ ਵਿੱਚ ਸੰਪਰਕ ਅਤੇ ਆਵਾਜਾਈ ਸਹੂਲਤਾਂ ਦੀ ਘਾਟਾਂ ਬਜ਼ੁਰਗਾਂ ਦੀ ਸਿਹਤ ਸਹੂਲਤਾਂ ਤੱਕ ਪਹੁੰਚ ਕਰਨ ਵਿੱਚ ਹੋਰ ਵੀ ਰੁਕਾਵਟਾਂ ਪੈਦਾ ਕਰਦੀਆਂ ਹਨ।
ਬਜ਼ੁਰਗਾਂ ਵਿੱਚ ਖ਼ੁਰਾਕ ਦੀ ਸੁਰੱਖਿਆ ਅਤੇ ਪੋਸ਼ਣ ਦੀ ਸਥਿਤੀ ਸਮਾਜਿਕ-ਆਰਥਿਕ ਸਥਿਤੀ, ਰਿਹਾਇਸ਼ ਦੀ ਜਗ੍ਹਾ ਅਤੇ ਲਿੰਗ ਸਮੇਤ ਕਈ ਕਾਰਕਾਂ ਦੁਆਰਾ ਪ੍ਰਭਾਵਿਤ ਹੁੰਦੀ ਹੈ। ਇਹ ਵੇਖਣ ਵਿਚ ਆਇਆ ਹੈ ਕਿ ਇਹਨਾਂ ਕਾਰਨਾਂ ਕਰਕੇ 6.4% ਬਜ਼ੁਰਗਾਂ ਨੇ ਆਪਣੇ ਭੋਜਨ ਦੀ ਮਾਤਰਾ ਘਟਾ ਦਿੱਤੀ ਸੀ, 5.6% ਨੇ ਭੁੱਖੇ ਹੋਣ ਦੇ ਬਾਵਜੂਦ ਖਾਣਾ ਨਹੀਂ ਖਾਧਾ ਅਤੇ 4.2% ਨੇ ਪਿਛਲੇ 12 ਮਹੀਨਿਆਂ ਵਿੱਚ ਕਈ ਦਿਨ ਖਾਣਾ ਨਹੀਂ ਖਾਧਾ। ਦੇਸ਼ ਦੀ ਬਜ਼ੁਰਗਾਂ ਦੀ ਅਬਾਦੀ ਇਕ ਹੋਰ ਵੀ ਗੰਭੀਰ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ ਕਿਉਂਕਿ ਲਗਭਗ ਦੇਸ਼ ਦੇ 78% ਬਜ਼ੁਰਗ ਕਿਸੇ ਵੀ ਪੈਨਸ਼ਨ ਜਾਂ ਸਮਾਜਿਕ ਸੁਰੱਖਿਆ ਦੇ ਘੇਰੇ ਵਿੱਚ ਨਹੀਂ ਆਉਂਦੇ ਹਨ। ਜਿਹੜੀ ਥੋੜ੍ਹੀ ਬਹੁਤੀ ਸਮਾਜਿਕ ਸੁਰੱਖਿਆ ਮਿਲਦੀ ਹੈ, ਬਹੁਤ ਸਾਰੇ ਉਸ ਤੋਂ ਅਣਜਾਣ ਹਨ ਅਤੇ ਕੁਝ ਸਹੀ ਦਸਤਾਵੇਜ਼ ਨਾ ਹੋਣ ਕਾਰਨ ਅਯੋਗ ਠਹਿਰਾ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ ਬਜ਼ੁਰਗਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਹਨਾਂ ਸਮਾਜਿਕ ਸੁਰੱਖਿਆ ਸਕੀਮਾਂ ਦੀ ਰਕਮ ਵੀ ਮਾਮੂਲੀ ਹੈ (ਨੀਤੀ ਆਯੋਗ, 2024)। ਪੇਂਡੂ ਖੇਤਰਾਂ ਵਿੱਚ ਰਹਿ ਰਹੇ ਬਜ਼ੁਰਗ ਸ਼ਹਿਰੀ ਖੇਤਰਾਂ ਵਿੱਚ ਰਹਿ ਰਹੇ ਬਜ਼ੁਰਗਾਂ ਮੁਕਾਬਲੇ ਖ਼ੁਰਾਕ ਸੁਰੱਖਿਆ, ਪੋਸ਼ਣ ਅਤੇ ਸਿਹਤ ਸਹੂਲਤਾਂ ਤੱਕ ਪਹੁੰਚ ਲਈ ਵੱਡੀਆਂ ਮੁਸ਼ਕਿਲਾਂ ਅਤੇ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਦੋਹਾਂ ਖੇਤਰਾਂ ਵਿੱਚ ਰਹਿੰਦੇ ਜਵਾਨ-ਬਜ਼ੁਰਗਾਂ ਦੇ ਮੁਕਾਬਲੇ ਬਜ਼ੁਰਗ-ਬਜ਼ੁਰਗ ਅਤੇ ਬਹੁਤ ਬਜ਼ੁਰਗ- ਬਜ਼ੁਰਗ ਹਰ ਤਰ੍ਹਾਂ ਦੀਆਂ ਮੁਸਕਲਾਂ ਅਤੇ ਤਕਲੀਫਾਂ ਦਾ ਵਧੇਰੇ ਸ਼ਿਕਾਰ ਹੁੰਦੇ ਹਨ ਅਤੇ ਸਾਹਮਣਾ ਕਰਦੇ ਹਨ।
ਅੰਤ ਵਿੱਚ: ਅੱਜ ਕੱਲ ਜਲਵਾਯੂ ਪਰਿਵਰਤਨ ਅਤੇ ਵਿਗਾੜ ਦੇ ਨਤੀਜਿਆਂ ਵਜੋਂ ਅਤਿਅੰਤ ਮੌਸਮੀ ਘਟਨਾਵਾਂ ਵਧਦੀਆਂ ਜਾ ਰਹੀਆਂ ਹਨ। ਬਜ਼ੁਰਗ ਕਮਜ਼ੋਰ ਹੋਣ ਕਾਰਨ ਇਨ੍ਹਾਂ ਸਥਿਤੀਆਂ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਉਹ ਕਈ ਬਿਮਾਰੀਆਂ ਦੇ ਸ਼ਿਕਾਰ, ਕਮਜ਼ੋਰ ਇਮਿਊਨਿਟੀ ਅਤੇ ਘੱਟ ਕਾਰਜਸ਼ੀਲ ਸਮਰੱਥਾਵਾਂ ਰੱਖਦੇ ਹਨ। ਕੰਮਜ਼ੋਰ ਸਮਾਜਿਕ-ਆਰਥਿਕ ਸਥਿਤੀ ਉਨ੍ਹਾਂ ਨੂੰ ਸੰਕਟ ਦੀਆਂ ਸਥਿਤੀਆਂ ਵਿੱਚ ਵਿੱਤੀ ਤੌਰ ’ਤੇ ਕਮਜ਼ੋਰ ਬਣਾਉਂਦੀ ਹੈ ਨਤੀਜੇ ਵਜੋਂ ਕਾਰਜਸ਼ੀਲ ਅਪਾਹਜਤਾਵਾਂ ਉਨ੍ਹਾਂ ਨੂੰ ਮਦਦ, ਬਚਾਅ ਅਤੇ ਦੇਖਭਾਲ ਲਈ ਦੂਜਿਆਂ ’ਤੇ ਨਿਰਭਰ ਬਣਾਉਂਦੀਆਂ ਹਨ। ਉਪਰੋਕਤ ਅਧਿਐਨ ਸਪਸ਼ਟ ਕਰਦਾ ਹੈ ਕਿ ਭਾਰਤ ਤੇਜ਼ੀ ਨਾਲ ਜਨਸੰਖਿਆ ਵਿਚ ਤਬਦੀਲੀਆਂ ਅਤੇ ਵਧਦੇ ਬੁੱਢੇਪਣ ਦੀ ਤਬਦੀਲੀ ਵਿੱਚੋਂ ਗੁਜ਼ਰ ਰਿਹਾ ਹੈ ਅਤੇ ਇਹ ਤਬਦੀਲੀਆਂ ਦਿਨ ਪ੍ਰਤੀ ਦਿਨ ਵਧ ਰਹੀਆਂ ਹਨ। ਹੁਣ ਇਹ ਬਹੁਤ ਜ਼ਰੂਰੀ ਹੈ ਕਿ ਵੱਧਦੇ ਬੁੱਢੇਪਣ ਨੂੰ ਇੱਕ ਖ਼ਾਸ ਰਾਸ਼ਟਰੀ ਤਰਜੀਹ ਵਜੋਂ ਲਿਆ ਜਾਣਾ ਚਾਹੀਦਾ ਹੈ। ਬਜ਼ੁਰਗ ਵਿਅਕਤੀਆਂ ਦੀ ਭਲਾਈ ਨੂੰ ਇੱਕ ਤਾਲਮੇਲ ਵਾਲੀ ਬਹੁ-ਖੇਤਰੀ ਪਹੁੰਚ ਵਜੋਂ ਸੰਬੋਧਿਤ ਕਰਨ ਦੀ ਲੋੜ ਹੈ, ਜੋ ਵਿੱਤੀ ਸੁਰੱਖਿਆ, ਖ਼ੁਰਾਕ ਸੁਰੱਖਿਆ, ਗੁਣਵੱਤਾ ਵਾਲੀਆਂ ਸਿਹਤ ਸੰਭਾਲ ਅਤੇ ਸਹੂਲਤਾਂ ਤੱਕ ਪਹੁੰਚ, ਬਜ਼ੁਰਗਾਂ ਦਾ ਮਾਣ ਸਨਮਾਨ ਅਤੇ ਸਮਾਜ ਵਿੱਚ ਸ਼ਮੂਲੀਅਤ ’ਤੇ ਜ਼ੋਰ ਦਿੰਦੀ ਹੋਵੇ। ਭਾਵ ਇੱਕ ਅਜਿਹਾ ਸਮਾਜ ਸਿਰਜਣ ਦੀ ਲੋੜ ਹੈ, ਜਿਸ ਵਿੱਚ ਬਜ਼ੁਰਗ ਲੋਕਾਂ ਦੇ ਅਧਿਕਾਰਾਂ ਦਾ ਸਨਮਾਨ ਹੁੰਦਾ ਹੋਵੇ, ਉਨ੍ਹਾਂ ਵਿੱਚ ਮੌਜੂਦ ਸੰਭਾਵਨਾ ਦੀ ਕਦਰ ਕਰਦਾ ਹੋਵੇ, ਅਤੇ ਜੀਵਨ ਦੇ ਆਖਰੀ ਸਾਲਾਂ ਵਿੱਚ ਉਨ੍ਹਾਂ ਦੀ ਵੱਧ ਤੋਂ ਵੱਧ ਭਲਾਈ ਲਈ ਵਚਨਬੱਧ ਅਤੇ ਯਤਨਸ਼ੀਲ ਹੁੰਦਾ ਹੋਵੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (