“ਬਹੁਤੀ ਸੋਚ-ਵਿਚਾਰ ਦਾ ਸਿਲਸਿਲਾ ਉਦੋਂ ਅਰੰਭ ਹੁੰਦਾ ਹੈ ਜਦੋਂ ਮਨੁੱਖ ਵਿਹਲਾ ਅਤੇ ਇਕੱਲਾ ... ”
(7 ਅਕਤੂਬਰ 2025)
ਸਿਆਣੇ ਕਹਿੰਦੇ ਹਨ ਕਿ ਬਹੁਤ ਜ਼ਿਆਦਾ ਗੱਲਾਂ ਅਤੇ ਯਾਦਾਂ ਨੂੰ ਚੇਤੇ ਰੱਖਣ ਵਾਲਾ ਇਨਸਾਨ ਅਕਸਰ ਹੀ ਪ੍ਰੇਸ਼ਾਨੀ ਦੇ ਆਲਮ ਵਿੱਚ ਘਿਰਿਆ ਰਹਿੰਦਾ ਹੈ। ਨਿੱਕੀ ਤੋਂ ਨਿੱਕੀ ਗੱਲ ਅਤੇ ਘਟਨਾ ਨੂੰ ਸਾਲਾਂਬੱਧੀ ਜ਼ਿਹਨ ਵਿੱਚ ਬਿਠਾਈ ਰੱਖਣਾ ਹੀ ਮਾਨਸਿਕ ਪ੍ਰੇਸ਼ਾਨੀਆਂ ਅਤੇ ਤਕਲੀਫ਼ਾਂ ਦਾ ਸਭ ਤੋਂ ਵੱਡਾ ਕਾਰਨ ਬਣ ਜਾਂਦਾ ਹੈ। ਖ਼ੌਰੇ! ਇਸੇ ਲਈ ਕਿਹਾ ਜਾਂਦਾ ਹੈ ਕਿ ਬੰਦੇ ਨੂੰ ਆਪਣੇ ਜੀਵਨ ਵਿੱਚ ਕੁਝ ਗੱਲਾਂ ਅਤੇ ਘਟਨਾਵਾਂ ਨੂੰ ਭੁੱਲਣਾ ਵੀ ਸਿੱਖਣਾ ਚਾਹੀਦਾ ਹੈ।
ਬੇਪਰਵਾਹੀਆਂ ਕਦੇ-ਕਦਾਈਂ ਮਨੁੱਖ ਦੀ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਭਰ ਦਿੰਦੀਆਂ ਹਨ। ਇਸ ਲਈ ਨਿੱਕੀਆਂ-ਮੋਟੀਆਂ ਗੱਲਾਂ ਨੂੰ ਜ਼ਿਆਦਾ ਤਵੱਜੋ ਨਹੀਂ ਦੇਣੀ ਚਾਹੀਦੀ। ਬਹੁਤ ਜ਼ਿਆਦਾ ਸੋਚਣ ਵਾਲੇ ਬੰਦਿਆਂ ਦੇ ਘਰਾਂ ਵਿੱਚ ਕਲੇਸ਼ ਅਤੇ ਦੁੱਖ ਆਮ ਹੀ ਦੇਖਣ ਨੂੰ ਮਿਲਦੇ ਹਨ। ਅਜਿਹੇ ਲੋਕ ਬਹੁਤ ਸੋਚ-ਵਿਚਾਰ ਕੇ ਗੱਲ ਕਰਨ ਦੇ ਆਦੀ ਹੋ ਜਾਂਦੇ ਹਨ। ਅਮੂਮਨ ਘੱਟ ਬੋਲਣ ਲਗਦੇ ਹਨ ਅਤੇ ਦੂਜਿਆਂ ਦੁਆਰਾ ਕਹੀਆਂ ਗੱਲਾਂ ਦੇ ਆਪਣੇ ਮਨ ਦੇ ਸੁਭਾਅ ਅਤੇ ਸਥਿਤੀ ਮੁਤਾਬਿਕ ਅਰਥ ਕੱਢਣੇ ਸ਼ੁਰੂ ਕਰ ਦਿੰਦੇ ਹਨ। ਫਿਰ ਸਹਿਜੇ-ਸਹਿਜੇ ਘਰਾਂ ਵਿੱਚ ਦੂਰੀਆਂ ਵਧਣ ਲਗਦੀਆਂ ਹਨ ਅਤੇ ਪਰਿਵਾਰਿਕ ਮੈਂਬਰਾਂ ਵਿੱਚ ਆਪਸੀ ਬੋਲਚਾਲ ਘਟਣ ਲਗਦੀ ਹੈ ਜਾਂ ਫਿਰ ਉੱਕਾ ਹੀ ਬੰਦ ਹੋ ਜਾਂਦੀ ਹੈ।
ਫਿਰ ਜਦੋਂ ਸੰਵਾਦ (ਗੱਲਬਾਤ) ਦਾ ਸਿਲਸਿਲਾ ਉੱਕਾ ਹੀ ਬੰਦ ਹੋ ਜਾਂਦਾ ਹੈ ਤਾਂ ਵਖਰੇਵੇਂ ਵਧਣੇ ਸ਼ੁਰੂ ਹੋ ਜਾਂਦੇ ਹਨ। ਇਹ ਵਖਰੇਵੇਂ ਕਈ ਵਾਰ ਦੁਸ਼ਮਣੀ, ਵੈਰ-ਵਿਰੋਧ ਅਤੇ ਨਫ਼ਰਤ ਦਾ ਰੂਪ ਵੀ ਧਾਰਨ ਕਰ ਲੈਂਦੇ ਹਨ। ਪਰਿਵਾਰਾਂ ਵਿੱਚ ਅਜਿਹੀ ਸਥਿਤੀ ਦਾ ਕਾਰਨ ਹੁੰਦਾ ਹੈ ਕਿ ਆਪਸੀ ਸੰਵਾਦ (ਗੱਲਬਾਤ) ਦਾ ਸਿਲਸਿਲਾ ਉੱਕਾ ਹੀ ਖ਼ਤਮ ਹੋ ਚੁੱਕਾ ਹੁੰਦਾ ਹੈ ਅਤੇ ਦੂਜੇ ਲੋਕ ਅਤੇ ਰਿਸ਼ਤੇਦਾਰ ਮਾਮੂਲੀ ਗੱਲਾਂ ਅਤੇ ਘਟਨਾਵਾਂ ਨੂੰ ਤੋੜ-ਮਰੋੜ ਕੇ, ਵੱਡੀਆਂ ਕਰਕੇ ਪੇਸ਼ ਕਰਦੇ ਹਨ। ਇਸ ਲਈ ਪਰਿਵਾਰਿਕ ਮੈਂਬਰਾਂ ਦੇ ਮਨਾਂ ਵਿੱਚ ਇੱਕ-ਦੂਜੇ ਲਈ ਹੋਰ ਜ਼ਿਆਦਾ ਖਟਾਸ ਅਤੇ ਨਫ਼ਰਤ ਪੈਦਾ ਹੋ ਜਾਂਦੀ ਹੈ।
ਇਨ੍ਹਾਂ ਘਟਨਾਵਾਂ ਦਾ ਮੂਲ ਕਾਰਨ ਹੁੰਦਾ ਹੈ ਬਹੁਤ ਜ਼ਿਆਦਾ ਸੋਚ-ਵਿਚਾਰ ਕਰਨਾ ਅਤੇ ਆਪਣੇ ਮਨ ਦੀ ਸਥਿਤੀ ਅਤੇ ਸੁਭਾਅ ਦੇ ਮੁਤਾਬਿਕ ਗੱਲਾਂ ਅਤੇ ਘਟਨਾਵਾਂ ਦੇ ਅਰਥ ਕੱਢਣਾ। ਇਸ ਲਈ ਕਿਹਾ ਜਾਂਦਾ ਹੈ ਕਿ ਮਨੁੱਖ ਨੂੰ ਆਮ ਜੀਵਨ ਦੀਆਂ ਨਿੱਕੀਆਂ-ਮੋਟੀਆਂ ਗੱਲਾਂ ਨੂੰ ਹੱਸ ਕੇ ਟਾਲ਼ ਦੇਣਾ ਚਾਹੀਦਾ ਹੈ ਜਾਂ ਜ਼ਿਹਨ ਵਿੱਚੋਂ ਵਿਸਾਰ ਦੇਣਾ ਚਾਹੀਦਾ ਹੈ।
ਇੱਥੇ ਖ਼ਾਸ ਗੱਲ ਇਹ ਹੈ ਕਿ ਹੱਦੋਂ ਵੱਧ ਸੋਚ-ਵਿਚਾਰ ਦੇ ਇਸ ਸਿਲਸਿਲੇ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ? ਇਸਦਾ ਸਭ ਤੋਂ ਕਾਰਗਰ ਉਪਾਅ ਇਹ ਹੈ ਕਿ ਮਨੁੱਖ ਨੂੰ ਆਪਣੇ-ਆਪ ਨੂੰ ਮਸਰੂਫ਼ ਰੱਖਣਾ ਚਾਹੀਦਾ ਹੈ। ਬਹੁਤੀ ਸੋਚ-ਵਿਚਾਰ ਦਾ ਸਿਲਸਿਲਾ ਉਦੋਂ ਅਰੰਭ ਹੁੰਦਾ ਹੈ ਜਦੋਂ ਮਨੁੱਖ ਵਿਹਲਾ ਅਤੇ ਇਕੱਲਾ ਹੁੰਦਾ ਹੈ। ਇਸ ਨਾਲ ਬੰਦਾ ਉਨ੍ਹਾਂ ਗੱਲਾਂ ਅਤੇ ਯਾਦਾਂ ਉੱਤੇ ਆਪਣੇ ਧਿਆਨ ਨੂੰ ਕੇਂਦਰਿਤ ਕਰ ਲੈਂਦਾ ਹੈ, ਜਿਨ੍ਹਾਂ ਦਾ ਅਸਲ ਜੀਵਨ ਵਿੱਚ ਕੋਈ ਮਹੱਤਵ ਅਤੇ ਲਾਭ ਨਹੀਂ ਹੁੰਦਾ ਅਤੇ ਜਿਨ੍ਹਾਂ ਬਾਰੇ ਸੋਚ-ਵਿਚਾਰ ਕਰਕੇ ਜੀਵਨ ਵਿੱਚ ਕੋਈ ਤਬਦੀਲੀ ਵੀ ਨਹੀਂ ਹੁੰਦੀ।
ਕਈ ਵਾਰ ਮਨੁੱਖ ਜਾਣਬੁੱਝ ਕੇ ਸੋਚ-ਵਿਚਾਰ ਦੇ ਸਾਗਰ ਵਿੱਚ ਨਹੀਂ ਗੁਆਚਦਾ ਬਲਕਿ ਚਾਣਚੱਕ ਹੀ ਇਸ ਭਵਸਾਗਰ ਵਿੱਚ ਡੁੱਬ ਜਾਂਦਾ ਹੈ। ਫਿਰ ਲੱਖ ਯਤਨ ਕਰਨ ਦੇ ਬਾਵਜੂਦ ਵੀ ਇਸ ਦਲਦਲ ਵਿੱਚੋਂ ਬਾਹਰ ਨਹੀਂ ਨਿਕਲ ਪਾਉਂਦਾ। ਇਸ ਲਈ ਮਨੋਵਿਗਿਆਨੀਆਂ ਵੱਲੋਂ ਕਿਹਾ ਜਾਂਦਾ ਹੈ ਕਿ ਬੰਦਾ ਆਪਣੇ-ਆਪ ਨੂੰ ਮਸ਼ਰੂਫ ਰੱਖੇ ਤਾਂ ਕਿ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੀ ਨਾ ਹੋ ਸਕੇ। ਫਿਰ ਵੀ ਜੇ ਕਦੇ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੋ ਜਾਵੇ ਤਾਂ ਆਪਸੀ ਸੰਵਾਦ (ਗੱਲਬਾਤ) ਦਾ ਪੱਲਾ ਨਾ ਛੱਡੇ। ਆਪਣੇ ਸ਼ੌਕ ਜਿਊਂਦੇ ਰੱਖੇ ਅਤੇ ਉਨ੍ਹਾਂ ਲਈ ਸਮਾਂ ਕੱਢੇ। ਅਸਲ ਵਿੱਚ ਜਿਸ ਮਨੁੱਖ ਦੇ ਸ਼ੌਕ ਜਿਊਂਦੇ ਹਨ, ਉਹੀ ਮਨੁੱਖ ਸਹੀ ਅਰਥਾਂ ਵਿੱਚ ਜਿਊਂਦਾ ਹੈ। ਇਸ ਲਈ ਮਨੁੱਖ ਨੂੰ ਜਿਊਂਦੇ ਹੋਣ ਦਾ ਸਬੂਤ ਦੇਣਾ ਚਾਹੀਦਾ ਹੈ ਅਤੇ ਆਪਣੇ ਜੀਵਨ ਵਿੱਚ ਸੋਚਾਂ ਦੀ ਘੁੰਮਣਘੇਰੀ ਤੋਂ ਬਚਣਾ ਚਾਹੀਦਾ ਹੈ। ਜ਼ਿੰਦਗੀ ਖੁੱਲ੍ਹਦਿਲੀ ਨਾਲ ਜਿਉਣੀ ਚਾਹੀਦੀ ਹੈ। ਇੱਕ ਸ਼ੇਅਰ ਹੈ;
“ਖੁੱਲ੍ਹਦਿਲੀ ਵੀ ਆਪਣੀ ਥਾਂ ਇੱਕ ਗਹਿਣਾ ਹੈ,
ਹਰ ਬੰਦੇ ਦੇ ਹਿੱਸੇ ਪਰ ਇਹ ਆਉਂਦਾ ਨਹੀਂ।”
ਖੁੱਲ੍ਹਦਿਲੀ ਅਤੇ ਬੇਪਰਵਾਹੀ ਬਾਰੇ ਜ਼ਿਕਰ ਕਰਦਿਆਂ ਇਹ ਤੱਥ ਦ੍ਰਿਸ਼ਟੀਗੋਚਰ ਹੁੰਦੇ ਹਨ ਕਿ ਗੁਰਬਾਣੀ ਵਿੱਚ ਰੱਬ (ਪ੍ਰਮਾਤਮਾ) ਨੂੰ ਵੀ ਬੇਪਰਵਾਹ ਕਿਹਾ ਗਿਆ ਹੈ, ਜਿਹੜਾ ਆਪਣੇ ਭਗਤਾਂ (ਪਿਆਰਿਆਂ) ਦੇ ਗੁਨਾਹਾਂ (ਭੁੱਲਾਂ) ਦੀ ਗਿਣਤੀ ਨਹੀਂ ਕਰਦਾ ਬਲਕਿ ਬਖ਼ਸ਼ ਦਿੰਦਾ ਹੈ ਅਤੇ ਆਪਣੇ ਨਾਲ ਮਿਲਾ ਲੈਂਦਾ ਹੈ;
ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ-1379)
ਭਾਵ ਉਹ ਜੀਵ ਰੂਪੀ ਇਸਤਰੀ ਸੁਹਾਗਣ ਹੈ ਜਿਹੜੀ ਬੇਪਰਵਾਹ (ਰੱਬ) ਨੂੰ ਭਾਉਂਦੀ (ਚੰਗੀ) ਲਗਦੀ ਹੈ।
ਅਤੇ
ਪਾਰਬ੍ਰਹਮ ਗੁਰ ਬੇਪਰਵਾਹੇ। (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ-869)
ਇਸ ਤਰ੍ਹਾਂ ਉੱਪਰ ਕੀਤੀ ਗਈ ਵਿਚਾਰ-ਚਰਚਾ ਦੇ ਅਧਾਰ ’ਤੇ ਕਿਹਾ ਜਾ ਸਕਦਾ ਹੈ ਕਿ ਮਨੁੱਖ ਦਾ ਜੀਵਨ ਕੁਦਰਤ ਦੀ ਸਭ ਤੋਂ ਵਡਮੁੱਲੀ ਅਤੇ ਖ਼ੂਬਸੂਰਤ ਦਾਤ ਹੈ। ਇਸ ਨੂੰ ਖੁੱਲ੍ਹਦਿਲੀ ਅਤੇ ਜ਼ਿੰਦਾਦਿਲੀ ਨਾਲ ਬਤੀਤ ਕਰਨਾ ਚਾਹੀਦਾ ਹੈ ਅਤੇ ਬੇਲੋੜੀ ਸੋਚ-ਵਿਚਾਰ ਦੀ ਆਦਤ ਦਾ ਖਹਿੜਾ ਛੱਡਣਾ ਚਾਹੀਦਾ ਹੈ ਤਾਂ ਕਿ ਮਨੁੱਖੀ ਜ਼ਿੰਦਗੀ ਦਾ ਲੁਤਫ਼ (ਅਨੰਦ) ਲਿਆ ਜਾ ਸਕੇ ਅਤੇ ਪਰਿਵਾਰਾਂ ਵਿੱਚ ਆਪਸੀ ਮੋਹ-ਮੁਹੱਬਤ ਦਾ ਸਿਲਸਿਲਾ ਬਰਕਰਾਰ ਰਹੇ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (