NishanSRathaur7“ਬਹੁਤ ਸਾਰੇ ਟੀ. ਵੀ. ਚੈਨਲ ਰਾਜਨੀਤਕ ਪਾਰਟੀਆਂ ਦੇ, ਰਾਜਨੀਤਕ ਲੋਕਾਂ ਦੇ ਨਿੱਜੀ ਚੈਨਲ ਹਨ, ਇਸ ਕਰਕੇ ਉਹ ...”
(15 ਸਤੰਬਰ 2018)

 

ਲੋਕਤੰਤਰ ਦੇ ਚਾਰ ਥੰਮ੍ਹਾਂ ਵਿੱਚੋਂ ਮੀਡੀਏ ਦੀ ਅਹਿਮ ਜਗ੍ਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਮੀਡੀਆ ਆਮ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰਾਂ ਦੇ ਕੰਨਾਂ ਤੱਕ ਪਹੁੰਚਦਾ ਹੈ। ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਕੂਮਤ ਤੱਕ ਪਹੁੰਚਾਉਂਦਾ ਹੈ ਤਾਂ ਕਿ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਿਆ ਜਾ ਸਕੇ। ਪਰ, ਪਿਛਲੇ ਕੁਝ ਵਰ੍ਹਿਆਂ ਤੋਂ ਮੀਡੀਏ ਦੀ ਭਰੋਸੇਯੋਗਤਾ ਉੱਪਰ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਇਸ ਸਵਾਲੀਆ ਨਿਸ਼ਾਨ ਦੇ ਬਹੁਤ ਸਾਰੇ ਕਾਰਨ ਉੱਭਰ ਕੇ ਸਾਹਮਣੇ ਆ ਰਹੇ ਹਨ।

ਮੀਡੀਆ ਤੋਂ ਭਾਵ ਕੇਵਲ ਇਲੈਕਟਰੌਨਿੰਗ ਮੀਡੀਆ ਜਾਂ ਟੀ.ਵੀ. ਚੈਨਲ ਹੀ ਨਹੀਂ ਹਨ ਬਲਕਿ ਪ੍ਰਿੰਟ ਮੀਡੀਆ, ਸੋਸ਼ਲ- ਮੀਡੀਆ, ਇਸ਼ਤਿਹਾਰ ਮੀਡੀਆ, ਡਿਜੀਟਲ ਮੀਡੀਆ, ਪ੍ਰਕਾਸ਼ਿਤ ਮੀਡੀਆ (ਪੁਸਤਕ ਮੀਡੀਆ), ਮਾਸ-ਮੀਡੀਆ, ਰਿਕਾਡਿੰਗ ਮੀਡੀਆ ਅਤੇ ਪ੍ਰਸਾਰਨ ਮੀਡੀਆ ਸ਼ਾਮਲ ਹਨ। ਇਹਨਾਂ ਸਾਰੇ ਰੂਪਾਂ ਵਿਚ ਕਿਤੇ ਨਾ ਕਿਤੇ ਖਾਮੀਆਂ ਦੇਖੀਆਂ ਗਈਆਂ ਹਨ ਜਿਸ ਕਰਕੇ ਆਮ ਲੋਕਾਂ ਦਾ ਇਹਨਾਂ ਉੱਪਰ ਹੁਣ ਉਹ ਭਰੋਸਾ ਨਹੀਂ ਰਿਹਾ, ਜੋ ਪਿਛਲੇ ਸਾਲਾਂ ਵਿਚ ਦੇਖਣ ਨੂੰ ਮਿਲਦਾ ਸੀ। ਉਹ ਭਰੋਸਾ ਹੁਣ ਖੰਡਿਤ ਹੋ ਚੁੱਕਿਆ ਹੈ।

ਮੀਡੀਆ ਹਾਊਸ ਤੇ ਅਸਲ ਮਾਲਕ: ਖ਼ਾਸ ਗੱਲ ਇਹ ਹੈ ਕਿ ਅੱਜ ਦੇ ਸਮੇਂ ਵਿਚ ਇਲੈਕਟਰੌਨਿੰਕ ਮੀਡੀਆ ਭਾਵ ਟੀ. ਵੀ. ਚੈਨਲਾਂ ਨੇ ਤਾਂ ਹੱਦੋਂ ਵਧ ਕੇ ਆਪਣੇ ਮਿਆਰ ਨੂੰ ਹੇਠਾਂ ਸੁੱਟ ਲਿਆ ਹੈ। ਇਸਦਾ ਮੁੱਖ ਕਾਰਨ ਇਹ ਹੈ ਕਿ ਬਹੁਤ ਸਾਰੇ ਟੀ. ਵੀ. ਚੈਨਲ ਰਾਜਨੀਤਕ ਪਾਰਟੀਆਂ ਦੇ, ਰਾਜਨੀਤਕ ਲੋਕਾਂ ਦੇ ਨਿੱਜੀ ਚੈਨਲ ਹਨ, ਇਸ ਕਰਕੇ ਉਹ ਆਪਣੇ ਮਾਲਕ ਦੀ ਰਾਜਨੀਤਕ ਪਾਰਟੀ ਦੇ ਵਿਰੁੱਧ ਕੋਈ ਖ਼ਬਰ ਨਸ਼ਰ ਨਹੀਂ ਕਰਦਾ। ਉਂਝ, ਆਮ ਲੋਕਾਂ ਨੂੰ ਇਹਨਾਂ ਲੁਕੇ ਕਾਰਨਾਂ ਦਾ ਗਿਆਨ ਨਹੀਂ ਹੁੰਦਾ ਪਰ ਹੁਣ ਸੋਸ਼ਲ ਮੀਡੀਆ ਦੀ ਸਰਗਰਮੀ ਕਰਕੇ ਇਹ ਭੇਦ ਉਜਾਗਰ ਹੋਣੇ ਸ਼ੁਰੂ ਹੋ ਗਏ ਹਨ, ਜਿਸ ਦੇ ਸਿੱਟੇ ਵੱਜੋਂ ਲੋਕਾਂ ਦਾ ਭਰੋਸਾ ਲਗਭਗ ਟੁੱਟ ਗਿਆ ਹੈ।

ਮੀਡੀਆ ਅਤੇ ਇਸ਼ਤਿਹਾਰਾਂ ਦਾ ਬੰਦੋਬਸਤ: ਮੀਡੀਆ ਨੂੰ ਆਪਣੀ ਸੰਸਥਾ ਚਲਾਉਣ ਲਈ ਇਸ਼ਤਿਹਾਰਾਂ ਦੀ ਸਖ਼ਤ ਲੋੜ ਹੁੰਦੀ ਹੈ ਕਿਉਂਕਿ ਮੀਡੀਆ ਵਿਚ ਕੰਮ ਕਰਕੇ ਲੋਕਾਂ ਨੂੰ ਤਨਖ਼ਾਹ ਦੇਣੀ ਹੁੰਦੀ ਹੈ। ਟੀ.ਵੀ. ਅਤੇ ਅਖ਼ਬਾਰ ਚਲਾਉਣ ਲਈ ਪੈਸਾ ਖ਼ਰਚ ਕਰਨਾ ਪੈਂਦਾ ਹੈ। ਆਮ ਲੋਕਾਂ ਤੱਕ ਪਹੁੰਚ ਕਰਨ ਲਈ ਕਈ ਤਰ੍ਹਾਂ ਦੇ ਇਸ਼ਤਿਹਾਰ ਦੇਣੇ ਪੈਂਦੇ ਹਨ ਤਾਂ ਕਿਤੇ ਆਮ ਲੋਕਾਂ ਤੱਕ ਪਹੁੰਚ ਹੁੰਦੀ ਹੈ। ਇਹਨਾਂ ਸਾਰੇ ਖ਼ਰਚਿਆਂ ਨੂੰ ਕਰਨ ਲਈ ਮੀਡੀਆ ਹਾਊਸ ਨੂੰ ਪੈਸੇ ਦੀ ਲੋੜ ਹੁੰਦੀ ਹੈ ਅਤੇ ਇਹ ਪੈਸਾ ਰਾਜਨੀਤਕ ਪਾਰਟੀਆਂ, ਸਰਕਾਰਾਂ ਅਤੇ ਵੱਡੇ ਕਾਰੋਬਾਰੀਆਂ ਕੋਲੋਂ ਮਿਲਦਾ ਹੈ। ਇਸ ਲਈ ਮੀਡੀਆ ਹਾਊਸ ਆਪਣੇ ਅੰਨਦਾਤਿਆਂ ਨੂੰ ਬਦਨਾਮ ਕਰਨ ਤੋਂ ਗੁਰੇਜ਼ ਕਰਦੇ ਹਨ। ਭਾਵ ਜਿਸ ਸੰਸਥਾ ਨੇ ਮੀਡੀਆ ਹਾਊਸ ਨੂੰ ਮੋਟੀ ਰਕਮ ਇਸ਼ਤਿਹਾਰ ਵਜੋਂ ਦਿੱਤੀ ਹੁੰਦੀ ਹੈ ਉਸਨੂੰ ਬਦਨਾਮ ਕਰਨ ਵਾਲੀ ਕੋਈ ਖ਼ਬਰ ਚਲਾਉਣ ਤੋਂ ਸੰਕੋਚ ਕੀਤਾ ਜਾਂਦਾ ਹੈ। ਇਸ ਕਰਕੇ ਵੀ ਆਮ ਲੋਕਾਂ ਦੀਆਂ ਨਜ਼ਰਾਂ ਵਿਚ ਮੀਡੀਆ ਦੀ ਭਰੋਸੇਯੋਗਤਾ ਖ਼ਤਮ ਹੋ ਰਹੀ ਹੈ।

ਮੀਡੀਆ ਕਰਮਚਾਰੀਆਂ ਦੀ ਸ਼ਾਮੂਲੀਅਤ: ਮੀਡੀਆ ਹਾਊਸ ਵਿਚ ਕੰਮ ਕਰਕੇ ਬਹੁਤ ਸਾਰੇ ਕਰਮਚਾਰੀ ਕਈ ਵਾਰ ਕਿਸੇ ਖ਼ਾਸ ਪਾਰਟੀ, ਸਰਕਾਰ ਜਾਂ ਕਾਰੋਬਾਰ ਵਿਚ ਸ਼ਾਮਲ ਹੁੰਦੇ ਹਨ। ਇਸ ਕਰਕੇ ਵੀ ਉਹ ਆਪਣੇ ਕਾਰੋਬਾਰ ਜਾਂ ਸਰਕਾਰ ਦੇ ਵਿਰੁੱਧ ਬੋਲਣ ਤੋਂ ਗੁਰੇਜ਼ ਕਰਦੇ ਹਨ। ਪਿਛਲੇ ਕੁਝ ਸਮੇਂ ਵਿਚ ਦੇਖਣ ਵਿਚ ਆਇਆ ਹੈ ਕਿ ਬਹੁਤ ਸਾਰੇ ਪੱਤਰਕਾਰਾਂ ਨੇ ਆਪਣੀ ਪੱਤਰਕਾਰੀ ਨੂੰ ਅਲਵਿਦਾ ਆਖ ਕੇ ਰਾਜਨੀਤਕ ਪਾਰਟੀਆਂ ਨੂੰ ਅਪਣਾ ਲਿਆ ਹੈ। ਉਹ ਰਾਜਨੇਤਾ ਬਣ ਗਏ ਹਨ। ਫੇਰ ਜਦੋਂ ਉਹ ਪੱਤਰਕਾਰ ਵਜੋਂ ਆਪਣਾ ਕੰਮ ਕਰ ਰਹੇ ਸਨ ਤਾਂ ਉਹਨਾਂ ਤੋਂ ਨਿਰਪੱਖ ਪੱਤਰਕਾਰੀ ਦੀ ਆਸ ਕਿਵੇਂ ਕੀਤੀ ਜਾ ਸਕਦੀ ਸੀ? ਅਜਿਹੇ ਮੀਡੀਆ ਕਰਮੀਆਂ ਨੇ ਤਾਂ ਆਪਣੇ ਕਾਰੋਬਾਰ ਜਾਂ ਸਰਕਾਰ ਨੂੰ ਮੁਨਾਫ਼ਾ ਪਹੁੰਚਾਉਣ ਲਈ ਆਪਣੀ ਪੱਤਰਕਾਰੀ ਦੇ ਕਿੱਤੇ ਦੀ ਵਰਤੋਂ ਕੀਤੀ ਹੋਣੀ ਹੈ, ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ। ਮੀਡੀਆ ਹਾਊਸ ਕਈ ਵਾਰ ਵੱਡੇ ਨੇਤਾਵਾਂ ਨਾਲ ਸੰਬੰਧ ਬਣਾਉਣ ਲਈ ਵੀ ਉਹਨਾਂ ਦੀਆਂ ਤਾਰੀਫ਼ਾਂ ਦੀਆਂ ਝੂਠੀਆਂ ਖ਼ਬਰਾਂ ਨੂੰ ਪ੍ਰਸਾਰਿਤ ਕਰਦੇ ਹਨ ਤਾਂ ਕਿ ਝੂਠੀਆਂ ਤਾਰੀਫ਼ਾਂ ਦੀ ਇਵਜ਼ ਵਜੋਂ ਵੱਡੇ ਰਾਜ ਨੇਤਾਵਾਂ ਨਾਲ ਨੇੜਤਾ ਹਾਸਿਲ ਕੀਤੀ ਜਾ ਸਕੇ ਅਤੇ ਮੁਨਾਫ਼ਾ ਕਮਾਇਆ ਜਾ ਸਕੇ।

ਸਰਕਾਰੀ ਦਬਾਓ: ਮੀਡੀਆ ਨੂੰ ਪੱਖਪਾਤੀ ਰਵੱਈਆ ਅਪਣਾਉਣ ਲਈ ਕਈ ਵਾਰ ਸਰਕਾਰਾਂ ਦਾ ਦਬਾਓ ਵੀ ਕੰਮ ਕਰਦਾ ਹੈ। ਅਸਲ ਵਿਚ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਉਹਨਾਂ ਦੀਆਂ ਨਾਕਾਮੀਆਂ ਨੂੰ ਲੋਕਾਂ ਦੇ ਸਾਹਮਣੇ ਨਸ਼ਰ ਕੀਤਾ ਜਾਵੇ। ਇਸ ਲਈ ਹਕੂਮਤਾਂ ਅਕਸਰ ਹੀ ਮੀਡੀਆ ਕਰਮੀਆਂ ਨੂੰ ਦਬਾਉਂਦੀਆਂ ਰਹਿੰਦੀਆਂ ਹਨ ਕਿ ਅਜਿਹੀ ਕੋਈ ਖ਼ਬਰ ਆਮ ਲੋਕਾਂ ਤੱਕ ਨਾ ਪਹੁੰਚੇ ਜਿਸ ਨਾਲ ਉਹਨਾਂ ਦੀ ਦਿੱਖ ਨੂੰ ਨੁਕਸਾਨ ਪਹੁੰਚੇ। ਇਸ ਦਬਾਓ ਦੇ ਨਤੀਜੇ ਵੱਜੋਂ ਸਰਕਾਰਾਂ ਦੀਆਂ ਗਲਤ ਕਾਰਗੁਜ਼ਾਰੀਆਂ ਆਮ ਲੋਕਾਂ ਦੀਆਂ ਨਜ਼ਰਾਂ ਤੋਂ ਬਚੀਆਂ ਰਹਿੰਦੀਆਂ ਹਨ। ਪਰ, ਮੀਡੀਆ ਦੀ ਭਰੋਸੇਯੋਗਤਾ ਦਾਅ ’ਤੇ ਲੱਗ ਜਾਂਦੀ ਹੈ।

ਪਿਛਲੇ ਕੁਝ ਵਰ੍ਹਿਆਂ ਵਿਚ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਮੀਡੀਆ ਘਰਾਂ ਉੱਪਰ ਹਮਲੇ ਕੀਤੇ ਗਏ ਹਨ ਤਾਂ ਕਿ ਉਹਨਾਂ ਨੂੰ ਡਰਾਇਆ ਜਾ ਸਕੇ। ਮੀਡੀਆ ਕਰਮੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਮਾਰਿਆ ਗਿਆ ਹੈ ਤਾਂ ਕਿ ਉਹ ਸਰਕਾਰ ਦੇ ਵਿਰੁੱਧ ਬੋਲਣ ਤੋਂ ਡਰ ਜਾਣ, ਸਰਕਾਰੀ ਨਾਕਾਮੀਆਂ ਨੂੰ ਲੋਕਾਂ ਦੇ ਸਾਹਮਣੇ ਨਸ਼ਰ ਨਾ ਕਰਨ। ਇਸ ਕਰਕੇ ਵੀ ਕਈ ਵਾਰ ਖ਼ਬਰਾਂ ਨੂੰ ਰੋਕ ਲਿਆ ਜਾਂਦਾ ਹੈ।

ਖ਼ਬਰ ਪ੍ਰਾਪਤੀ ਦੇ ਵਿਭਿੰਨ ਸਾਧਨ: ਮੀਡੀਆ ਦੀ ਭਰੋਸੇਯੋਗਤਾ ਨੂੰ ਖ਼ਤਰਾ ਇਸ ਲਈ ਵੀ ਪੈਦਾ ਹੋ ਗਿਆ ਹੈ ਕਿਉਂਕਿ ਅੱਜ ਦੇ ਦੌਰ ਵਿਚ ਲੋਕਾਂ ਕੋਲ ਖ਼ਬਰ ਪ੍ਰਾਪਤ ਕਰਨ ਦੇ ਬਹੁਤ ਸਾਰੇ ਸਾਧਨ ਮੌਜੂਦ ਹਨ। ਟੀ. ਵੀ. ਚੈਨਲਾਂ ’ਤੇ ਪ੍ਰਸਾਰਿਤ ਖ਼ਬਰ ਨੂੰ ਹੀ ਅੰਤਿਮ ਸੱਚ ਨਹੀਂ ਮੰਨਿਆ ਜਾਂਦਾ ਬਲਕਿ ਹੋਰ ਬਹੁਤ ਸਾਰੇ ਸਾਧਨਾਂ ਰਾਹੀਂ ਉਸ ਖ਼ਬਰ ਦੀ ਸੱਚਾਈ ਨੂੰ ਦੇਖਿਆ ਜਾਂਦਾ ਹੈ, ਸਮਝਿਆ ਜਾਂਦਾ ਹੈ ਅਤੇ ਫਿਰ ਮੰਨਿਆ ਜਾਂਦਾ ਹੈ। ਕੁਝ ਵਰ੍ਹੇ ਪਹਿਲਾਂ ਤੱਕ ਟੀ. ਵੀ. ਉੱਪਰ ਚੱਲੀ ਖ਼ਬਰ ਜਾਂ ਅਖ਼ਬਾਰ ਵਿਚ ਛਪੀ ਖ਼ਬਰ ਨੂੰ ਹੀ ਅੰਤਿਮ ਸੱਚ ਸਵੀਕਾਰ ਕਰ ਲਿਆ ਜਾਂਦਾ ਸੀ ਪਰ ਹੁਣ ਜ਼ਮਾਨਾ ਬਦਲ ਗਿਆ ਹੈ। ਆਮ ਲੋਕ ਇੱਕੋ ਹੀ ਖ਼ਬਰ ਨੂੰ ਬਹੁਤ ਸਾਰੇ ਸਾਧਨਾਂ ਦੁਆਰਾ ਪਰਖ਼ਦੇ ਹਨ, ਸਮਝਦੇ ਹਨ ਅਤੇ ਫਿਰ ਮੰਨਦੇ ਹਨ। ਕਈ ਵਾਰ ਵੱਖ-ਵੱਖ ਟੀ.ਵੀ. ਚੈਨਲਾਂ ਉੱਪਰ ਇੱਕੋ ਹੀ ਖ਼ਬਰ ਨੂੰ ਵਿਭਿੰਨ ਪੱਖਾਂ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੁੰਦਾ ਹੈ। ਇੱਕ ਟੀ.ਵੀ. ਚੈਨਲ ਉਸ ਦੀ ਸ਼ਲਾਘਾ ਕਰ ਰਿਹਾ ਹੁੰਦਾ ਹੈ ਅਤੇ ਦੂਜਾ ਨੁਕਤਾਚੀਨੀ। ਇਸ ਕਰਕੇ ਵੀ ਮੀਡੀਏ ਦੀ ਭਰੋਸੇਯੋਗਤਾ ਨੂੰ ਖੋਰਾ ਲੱਗਾ ਹੈ।

ਇਸ ਲਈ ਕਿਹਾ ਜਾ ਸਕਦਾ ਹੈ ਕਿ ਮੀਡੀਆ ਦੀ ਭਰੋਸੇਯੋਗਤਾ ਨੂੰ ਖੋਰਾ ਲਾਉਣ ਵਾਲਾ ਕੋਈ ਹੋਰ ਨਹੀਂ, ਬਲਕਿ ਖ਼ੁਦ ਮੀਡੀਆ ਹੀ ਹੈ। ਮੀਡੀਆ ਲੋਕਤੰਤਰ ਦਾ ਚੌਥਾ ਥੰਮ੍ਹ ਹੈ ਇਸ ਲਈ ਮੀਡੀਏ ਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਹੈ ਅਤੇ ਨਿਰਪੱਖਤਾ ਨਾਲ ਆਪਣੀ ਮਹਤੱਵਪੂਰਨ ਜ਼ਿੰਮੇਵਾਰੀ ਨੂੰ ਨਿਭਾਉਣਾ ਚਾਹੀਦਾ ਹੈ ਤਾਂ ਕਿ ਆਮ ਲੋਕਾਂ ਵਿਚ ਮੀਡੀਏ ਦੀ ਭਰੋਸੇਯੋਗਤਾ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ।

*****

(1306)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author