NishanSRathaur7ਫਿਲਮੀ ਸਿਤਾਰਿਆਂ ਦੇ ਧੀਆਂ-ਪੁੱਤਰ ਇਸ ਖ਼ੇਤਰ ਵਿੱਚ ਮਿਹਨਤ ਤੋਂ ਬਿਨਾਂ ਹੀ ...
(6 ਜੁਲਾਈ 2020)

 

ਫਿਲਮ ਸਟਾਰ ਸੁਸ਼ਾਂਤ ਸਿੰਘ ਰਾਜਪੂਤ ਨੇ ਪਿਛਲੇ ਦਿਨੀਂ ਆਤਮ-ਹੱਤਿਆ ਕਰ ਲਈ। ਇਹ ਬਹੁਤ ਦੁਖਦਾਈ ਅਤੇ ਮੰਦਭਾਗੀ ਘਟਨਾ ਹੈ। ਮਨੁੱਖ ਦੀ ਜ਼ਿੰਦਗੀ ਵਿੱਚ ਵੱਡੀਆਂ-ਵੱਡੀਆਂ ਔਕੜਾਂ ਆਉਂਦੀਆਂ ਹਨ ਪਰ ਆਤਮ-ਹੱਤਿਆ ਕਿਸੇ ਔਕੜ ਜਾਂ ਮਸਲੇ ਦਾ ਹੱਲ ਨਹੀਂ। ਸਗੋਂ ਇਹਨਾਂ ਔਕੜਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਨ ਵਾਲੇ ਲੋਕ ਨਵੀਆਂ ਪੈੜਾਂ ਸਿਰਜਦੇ ਹਨ, ਜਿਹੜੀਆਂ ਆਉਣ ਵਾਲੀਆਂ ਨਸਲਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ।

ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਗਰੋਂ ਬੌਲੀਵੁੱਡ ਵਿੱਚ ਭੇਦਭਾਵ ਅਤੇ ਭਾਈ-ਭਤੀਜਾਵਾਦ ਦਾ ਸੱਚ ਉਜਾਗਰ ਹੋ ਗਿਆ ਹੈ। ਲੋਕਾਂ ਨੂੰ ਇਸ ਗੱਲ ਦਾ ਇਲਮ ਹੋ ਗਿਆ ਹੈ ਕਿ ਉਹਨਾਂ ਦੇ ਚਹੇਤੇ ਸਿਤਾਰਿਆਂ ਦੀ ਦੁਨੀਆਂ ਵੀ ਭ੍ਰਿਸ਼ਟਾਚਾਰ ਤੋਂ ਮੁਕਤ ਨਹੀਂ ਹੈ। ਹੈਰਾਨੀ ਅਤੇ ਅਚੰਭੇ ਵਾਲੀ ਗੱਲ ਇਹ ਹੈ ਕਿ ਸਿਨੇਮਾ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਲੋਕ ਖ਼ੁਦ ਤੰਗ ਦਿਲਾਂ ਦੇ ਮਾਲਕ ਨਿਕਲੇ। ਹੁਣ ਤਕ ਦੀਆਂ ਵਿਚਾਰ-ਚਰਚਾਵਾਂ ਤੋਂ ਇਹ ਸਾਬਿਤ ਹੁੰਦਾ ਹੈ ਕਿ ਬੌਲੀਵੁੱਡ ਵਿੱਚ ਕਲਾ ਜਾਂ ਹੁਨਰ ਦੀ ਕਦਰ ਨਹੀਂ ਬਲਕਿ ਉੱਥੇ ‘ਗੌਡ ਫ਼ਾਦਰ’ ਵੱਧ ਪਾਵਰਫੁੱਲ ਹੁੰਦਾ ਹੈ। ਫਿਲਮੀ ਸਿਤਾਰਿਆਂ ਦੇ ਧੀਆਂ-ਪੁੱਤਰ ਇਸ ਖ਼ੇਤਰ ਵਿੱਚ ਮਿਹਨਤ ਤੋਂ ਬਿਨਾਂ ਹੀ ਸਫ਼ਲ ਹੋ ਜਾਂਦੇ ਹਨ ਕਿਉਂਕਿ ਉਹਨਾਂ ਕੋਲ ਆਪਣੇ ਮਾਂ-ਬਾਪ ਦਾ ਵੱਡਾ ਨਾਮ ਹੁੰਦਾ ਹੈ। ਪਰ ਛੋਟੇ ਸ਼ਹਿਰਾਂ ਵਿੱਚੋਂ ਨਿਕਲੇ ਪ੍ਰਤਿਭਾਵਾਨ ਮੁੰਡੇ-ਕੁੜੀਆਂ ਦਾ ਅੰਤ ਸੁਸ਼ਾਂਤ ਸਿੰਘ ਰਾਜਪੂਤ ਵਰਗਾ ਹੁੰਦਾ ਹੈ।

ਪਿਤਾ-ਪੁਰਖੀ ਕਿੱਤਿਆਂ ਉੱਪਰ ਉਹਨਾਂ ਦੀਆਂ ਔਲਾਦਾਂ ਦਾ ਇਹ ਕਬਜ਼ਾ ਸਿਰਫ਼ ਫਿਲਮਾਂ ਤਕ ਹੀ ਸੀਮਤ ਨਹੀਂ ਹੈ ਬਲਕਿ ਰਾਜਨੀਤੀ ਅਤੇ ਧਰਮ ਵਿੱਚ ਵੀ ਪ੍ਰਚੰਡ ਰੂਪ ਵਿੱਚ ਵਿਦਮਾਨ ਹੈ। ਸਾਹਿਤ ਦਾ ਖ਼ੇਤਰ ਵੀ ਇਸ ਭ੍ਰਿਸ਼ਟਾਚਾਰ ਤੋਂ ਬਚ ਨਹੀਂ ਸਕਿਆ। ਇਸ ਭ੍ਰਿਸ਼ਟਾਚਾਰ ਦਾ ਨੁਕਸਾਨ ਉਹਾਂ ਪ੍ਰਤਿਭਾਵਾਨ ਲੇਖਕਾਂ ਨੂੰ ਹੋਇਆ ਜਿਹੜੇ ਇਸ ਖ਼ੇਤਰ ਵਿੱਚ ਉੱਕਾ ਹੀ ਨਵੇਂ ਸਨ। ਉਹਨਾਂ ਕੋਲ ਸੁਸ਼ਾਂਤ ਸਿੰਘ ਰਾਜਪੂਤ ਵਾਂਗ ਪ੍ਰਤਿਭਾ ਤਾਂ ਸੀ ਪਰ ਵੱਡਾ ਨਾਮ ਨਹੀਂ ਸੀ।

ਫਿਲਮ ਅਤੇ ਰਾਜਨੀਤੀ ਨਾਲੋਂ ਸਾਹਿਤ ਦਾ ਖ਼ੇਤਰ ਤਾਂ ਇੱਕ ਕਦਮ ਅੱਗੇ ਪਹੁੰਚ ਗਿਆ ਹੈ। ਇੱਥੇ ਸਥਾਪਿਤ ਲੇਖਕ, ਲੇਖਿਕਾਵਾਂ ਆਪਣੇ ਧੀਆਂ-ਪੁੱਤਰਾਂ ਜਾਂ ਘਰਵਾਲੇ-ਘਰਵਾਲੀਆਂ ਨੂੰ ਹੀ ਪ੍ਰਮੋਟ ਨਹੀਂ ਕਰਦੇ ਬਲਕਿ ਪ੍ਰੇਮੀ-ਪ੍ਰੇਮਿਕਾਵਾਂ ਨੂੰ ਵੀ ਕਲਮਕਾਰ ਬਣਾ ਦਿੰਦੇ ਹਨ। ਉਂਝ ਭਾਵੇਂ ਉਹਨੂੰ ਕੁਝ ਨਾ ਆਉਂਦਾ ਹੋਵੇ ਪਰ ਵੱਡੇ-ਵੱਡੇ ਕਵੀ ਦਰਬਾਰਾਂ ਅਤੇ ਸਾਹਿਤਿਕ ਸੰਮੇਲਨਾਂ ਵਿੱਚ ਉਹਨਾਂ ਦੀ ਹਾਜ਼ਰੀ ਪੱਕੀ ਹੁੰਦੀ ਹੈ। ਇਨਾਮਾਂ ਦੀ ਵੰਡ ਮੌਕੇ ਵੀ ਸਾਹਿਤਕਾਰਾਂ ਦੇ ਧੀਆਂ-ਪੁੱਤਰਾਂ ਜਾਂ ਸਾਕ-ਸੰਬੰਧੀਆਂ ਨੂੰ ਪਹਿਲ ਮਿਲ ਜਾਂਦੀ ਹੈ ਕਿਉਂਕਿ ਇਨਾਮ ਵੰਡ ਸਮਾਗਮ ਦਾ ਮੁੱਖ ਮਹਿਮਾਨ ਤਾਂ ‘ਆਪਣਿਆਂ’ ਲਈ ਜੱਦੋਜਹਿਦ ਕਰ ਰਿਹਾ ਹੁੰਦਾ ਹੈ। ਇਸ ਨਾਲ ਨਵੇਂ ਪ੍ਰਤਿਭਾਵਾਨ ਮੁੰਡੇ-ਕੁੜੀਆਂ ਦਾ ਭਵਿੱਖ ਖਰਾਬ ਹੋ ਜਾਂਦਾ ਹੈ ਕਿਉਂਕਿ ਫਿਲਮਾਂ ਵਾਂਗ ਸਾਹਿਤ ਵਿੱਚ ਵੀ ਪੁਰਾਣੇ ਲੇਖਕ ਨਵੇਂ ਲੇਖਕਾਂ ਨੂੰ ਪ੍ਰਵਾਨ ਨਹੀਂ ਕਰਦੇ। ਪ੍ਰੋ. ਰਾਬਿੰਦਰ ਸਿੰਘ ਮਸਰੂਰ ਹੁਰਾਂ ਦਾ ਇੱਕ ਸ਼ਿਅਰ ਹੈ;

ਝੜ ਰਹੇ ਪੱਤਿਆਂ ਨੂੰ ਇਸ ਗੱਲ ’ਤੇ ਬੜਾ ਇਤਰਾਜ਼ ਹੈ
ਇਹ ਨਵੇਂ ਪੱਤੇ ਨਿਕਲਦੇ ਸਾਰ ਸਿਖ਼ਰਾਂ ਹੋ ਗਏ।   (ਤੁਰਨਾ ਮੁਹਾਲ ਹੈ)

ਪੁਰਾਣੇ ਲੋਕ ਨਵੇਂ ਮੁੰਡੇ-ਕੁੜੀਆਂ ਨੂੰ ਮੂਲੋਂ ਹੀ ਰੱਦ ਕਰ ਦਿੰਦੇ ਹਨ। ਹਾਂ, ਸਰੀਰਿਕ ਅਤੇ ਆਰਥਿਕ ਸ਼ੋਸ਼ਣ ਝੱਲ ਚੁੱਕੇ ਨਵੇਂ ਲੇਖਕ/ ਲੇਖਿਕਾਵਾਂ ਭਾਵੇਂ ਕੁਝ ਹੱਦ ਤਕ ਪ੍ਰਵਾਨ ਹੋਣ ਪਰ ਬਹੁਤੇ ਸਫ਼ਲ ਹੋ ਵੀ ਨਹੀਂ ਹੋ ਪਾਉਂਦੇ।

ਅੱਜਕਲ੍ਹ ਸੋਸ਼ਲ-ਮੀਡੀਆ ਦਾ ਜ਼ਮਾਨਾ ਹੈ। ਬਹੁਤ ਸਾਰੇ ਮੰਚ ਅਜਿਹੇ ਹਨ ਜਿੱਥੇ ਨਵੇਂ ਲੇਖਕ ਆਪਣੀ ਗੱਲ ਰੱਖ ਸਕਦੇ ਹਨ ਪਰ 99% ਪੁਰਾਣੇ ਲੇਖਕ ਨੁਕਤਾਚੀਨੀ ਕਰਕੇ ਹੌਸਲਾ ਤੋੜਨ ਦਾ ਯਤਨ ਕਰਦੇ ਹਨ। ਆਪਣੀਆਂ ਲਿਖਤਾਂ ਉੱਪਰ ਵਿਚਾਰ-ਚਰਚਾਵਾਂ ਚਾਹੁੰਦੇ ਹਨ ਪਰ ਨਵੇਂ ਮੁੰਡੇ-ਕੁੜੀਆਂ ਦੀਆਂ ਰਚਨਾਵਾਂ ਉੱਪਰ ਭੁੱਲ ਕੇ ਵੀ ਵਿਚਾਰ ਨਹੀਂ ਪ੍ਰਗਟਾਉਂਦੇ। ਇਹ ਬਿਰਤੀ ਉਸੇ ਬਿਰਤੀ ਵਰਗੀ ਹੈ ਜਿਸਦੇ ਸਿੱਟੇ ਵਜੋਂ ਸੁਸ਼ਾਂਤ ਸਿੰਘ ਰਾਜਪੂਤ ਵਰਗੇ ਪ੍ਰਤਿਭਾਵਾਨ ਸਟਾਰ ਨੇ ਆਤਮ-ਹੱਤਿਆ ਵਰਗਾ ਕਦਮ ਚੁੱਕ ਲਿਆ।

ਪਰ ਅਫ਼ਸੋਸ! ਸਾਹਿਤ ਵਿੱਚ ਸੈਕੜੇ ਹੀ ਸੁਸ਼ਾਂਤ ਸਿੰਘ ਰਾਜਪੂਤ ਰੁਲ਼ ਰਹੇ ਹਨ, ਉਹਨਾਂ ਦੀ ਬਾਂਹ ਫੜਨ ਵਾਲਾ ਕੋਈ ਨਹੀਂ ਅਤੇ ਇਸ ਭ੍ਰਿਸ਼ਟਾਚਾਰ ਉੱਪਰ ਵਾਰ ਕਰਨ ਵਾਲਾ ਵੀ ਕੋਈ ਕਲਮਕਾਰ ਸਾਹਮਣੇ ਨਹੀਂ ਆ ਰਿਹਾ ਕਿਉਂਕਿ ਇਸ ਹਮਾਮ ਵਿੱਚ ਸਭ ਨੰਗੇ ਹਨ।

ਖ਼ੇਤਰ ਕੋਈ ਵੀ ਹੋਵੇ, ਸਖ਼ਤ ਮਿਹਨਤ ਅਤੇ ਦ੍ਰਿੜ੍ਹ ਇਰਾਦੇ ਦੀ ਮੰਗ ਕਰਦਾ ਹੈ। ਜਿਹੜੇ ਲੋਕ ਛੇਤੀ ਹੀ ਢੇਰੀ ਢਾਹ ਜਾਂਦੇ ਹਨ, ਉਹ ਆਪਣੀਆਂ ਮੰਜ਼ਿਲਾਂ ਉੱਪਰ ਕਦੇ ਵੀ ਨਹੀਂ ਪਹੁੰਚ ਪਾਉਂਦੇ ਪਰ ਜਿਹੜੇ ਸਿਰੜੀ ਲੋਕ ਇਹਨਾਂ ਔਕੜਾਂ ਦਾ ਸਾਹਮਣਾ ਡਟ ਕੇ ਕਰਦੇ ਹਨ, ਉਹ ਲੋਕ ਮੰਜ਼ਿਲ ਦੇ ਮੱਥੇ ਉੱਪਰ ਜਿੱਤ ਦੀ ਤਖ਼ਤੀ ਗੱਡ ਦਿੰਦੇ ਹਨ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2238)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.gmail.com)

About the Author

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ

Pipli, Kurukshetra, Haryana, India.
Phone: (91 - 75892 - 33437)
Email: (nishanrathaur@gmail.com)

More articles from this author