KarnailSSomal 7ਮਿਹਨਤ ਅਤੇ ਸੱਚੀ-ਸੁੱਚੀ ਕਮਾਈ ਕਰਦਿਆਂ ਜਿਹੜਾ ਮਾਣ ਮਿਲਦਾ ਹੈਉਸ ਦੀ ਕੋਈ ...
(10 ਮਈ 2025)


ਜਿੰਨਾ ਵੱਡਾ ਕਿਸੇ ਨੂੰ ਪਛਤਾਵਾ
, ਓਨਾ ਹੀ ਵੱਡਾ ਇੱਕ-ਅੱਖਰਾ ਸ਼ਬਦ ‘ਜੇ’ ਪਾਉਣ ਨੂੰ ਉਸ ਦਾ ਮਨ ਕਰਦਾ ਹੈਕਹਾਣੀ ਜ਼ਿਆਦਾਤਰ ਬੀਤ ਗਏ ਵਕਤ ਦੀ ਹੁੰਦੀ ਹੈ; ਭਾਵ, ਇਹੋ ‘ਜੇ ਅਗਾਊਂ ਪਤਾ ਹੁੰਦਾ’ ਤਾਂ …।’ ਬਾਬਾ ਫਰੀਦ ਜੀ ਦੇ ਇੱਕ ਸਲੋਕ ਵਿੱਚ ਤੁਕ ਆਉਂਦੀ ਹੈ- ‘ਜੇ ਜਾਣਾ ਮਰਿ ਜਾਈਐ ਘੁਮਿ ਨ ਆਈਐ॥’ ਜਿੰਨਾ ਵੱਡਾ ਸੰਤਾਪ ਕਿਸੇ ਨੂੰ ਝੱਲਣਾ ਪਵੇ, ਓਨੀ ਹੀ ਵੱਡੀ ਉਸ ਦੀ ਝੂਰਨਾ। ਲੋਕ ਨਾਇਕ ਜੱਗੇ ਦੀ ਮਾਂ ਦਾ ਝੋਰਾ ਇਨ੍ਹਾਂ ਬੋਲਾਂ ਨਾਲ ਸ਼ੁਰੂ ਹੁੰਦਾ ਹੈ- ‘ਜੇ ਮੈਂ ਜਾਣਦੀ ਜੱਗੇ ਨੇ…।’

ਇਸ ਲਿਖਤ ਦਾ ਖ਼ਿਆਲ ਅਜੋਕੇ ਨਸ਼ਿਆਂ ਦੇ ਸੰਤਾਪ ਬਾਰੇ ਸੋਚਦਿਆਂ ਮਨ ਵਿੱਚ ਆਇਆ। ਮੈਂ ਬਚਪਨ ਤੋਂ ਹੀ ਆਪਣੇ ਆਲੇ-ਦੁਆਲੇ ਅਜਿਹੇ ਬੰਦੇ ਦੇਖੇ ਹਨ, ਜਿਨ੍ਹਾਂ ਨੇ ਕਿਸੇ ਨਾ ਕਿਸੇ ਨਸ਼ੇ ਦੇ ਚਸਕੇ ਵਿੱਚ ਪੈ ਕੇ ਆਪਣਾ ਵਰਤਮਾਨ ਅਤੇ ਭਵਿੱਖ ਬਰਬਾਦ ਕਰ ਲਿਆ। ਨਾਲ ਹੀ ਆਪਣੇ ਮਾਪਿਆਂ ਅਤੇ ਪਰਿਵਾਰ ਦੇ ਹੋਰ ਜੀਆਂ ਦਾ ਜੀਵਨ ਨਰਕ ਬਣਾ ਦਿੱਤਾ। ਉਦੋਂ ਦੋ-ਚਾਰ ਨਸ਼ੇ ਹੀ ਦੇਖਣ ਵਿੱਚ ਆਉਂਦੇ। ਮੁੱਖ ਨਸ਼ਾ ਹੁੰਦਾ ਸ਼ਰਾਬ ਅਤੇ ਅਫੀਮ ਦਾ। ਨਸਵਾਰ ਇਨ੍ਹਾਂ ਦੇ ਮੁਕਾਬਲੇ ਗ਼ਰੀਬੜਾ ਜਿਹਾ ਨਸ਼ਾ ਹੀ ਸੀ। ਪਿੰਡ ਦੇ ਸ਼ਾਹੂਕਾਰਾਂ ਦੇ ਘਰੀਂ ਪਿੱਤਲ ਦੇ ਥੱਲੇ ਵਾਲੇ ਵੱਡੇ ਹੁੱਕੇ ਹੁੰਦੇ। ਛੋਟੇ ਵਿਤ ਵਾਲੇ ਚਿਲਮ ਜਾਂ ਗੁੜਗੁੜੀ ਪੀਂਦੇ। ਇਨ੍ਹਾਂ ਦੀ ਰੀਸੇ ਨਿਆਣੇ ਸਿਆਲ ਵਿੱਚ ਮਘਦੀ ਧੂਣੀ ਦੇ ਕੋਲ ਬੈਠੇ ਕੱਢੀ ਗਈ ਸਣੀ ਦੇ ਕਿਸੇ ਡੱਕੇ ਨੂੰ ਸੁਲਗਾ ਕੇ ਧੂੰਆਂ ਤਮਾਖੂ ਪੀਣ ਦੀ ਨਕਲ ਕਰਦੇ, ਹਲ਼ਕ ਵਿੱਚ ਧੁਆਂਖ ਚੜ੍ਹੇ ਤੋਂ ਹੱਥੂ ਆ ਜਾਂਦਾ ਤੇ ਅੱਖਾਂ ਵਿੱਚੋਂ ਪਾਣੀ ਵਗਦਾ। ਇਸ ਤੋਂ ਇਹ ਜ਼ਰੂਰ ਸਾਬਤ ਹੁੰਦਾ ਕਿ ਅਣਭੋਲ ਬੱਚੇ ਆਪਣੇ ਆਲੇ-ਦੁਆਲੇ ਜੋ ਦੇਖਦੇ ਹਨ, ਉਸ ਦੀ ਨਕਲ ਕਰਦੇ ਹਨ। ਅਜੋਕੇ ਕਿਸੇ ਨਸ਼ੇੜੀ ਦੀ ਜੇ ਪੈੜ ਨੱਪੀ ਜਾਵੇ ਤਾਂ ਜਾਣੀਦਾ ਹੈ ਕਿ ਉਸ ਦੇ ਨਸ਼ੇ ਦੀ ਸ਼ੁਰੂਆਤ ਕਿਸੇ ਵੱਡੇ ਦੀ ਰੀਸੀਂ ਹੋਈ ਹੁੰਦੀ ਹੈ। ਕਈ ਕਿਸੇ ਨਸ਼ੇੜੀ ਦੀ ਮੰਦਭਾਗੀ ਬੈਠਕ ਤੋਂ ‘ਕਹੇ-ਕਹਾਏ’ (ਪ੍ਰੇਰੇ) ਪਹਿਲੀ ਵਾਰੀ ਨਸ਼ਾ ਕਰਦੇ ਹਨ। ਨਸ਼ੇੜੀ ਤਦ ਤੱਕ ਉਸ ਦੇ ਮਗਰ ਪਏ ਰਹਿੰਦੇ ਹਨ, ਜਦੋਂ ਤੱਕ ਉਹ ਨਸ਼ੇ ਦੀ ਲਪੇਟ ਵਿੱਚ ਨਹੀਂ ਆ ਜਾਂਦਾ।

ਅਕਸਰ ‘ਯਾਰ ਕੁਛ ਨ੍ਹੀਂ ਹੁੰਦਾ, ਇਕੇਰਾਂ ਦੇਖ ਤਾਂ ਸਹੀ ਸੁਰਗ ਦੇ ਝੂਟੇ ਮਿਲਣਗੇ’ ਜਿਹੇ ਸ਼ਬਦ ਉਸ ਨੂੰ ਮੁੜ-ਮੁੜ ਆਖੇ ਜਾਂਦੇ। ਪਹਿਲੀ ਝਿਜਕ ਜੋ ਕੁਦਰਤ ਦੀ ਇੱਕ ਪ੍ਰਕਾਰ ਦੀ ਢਾਲ਼ ਹੁੰਦੀ ਹੈ, ਇੰਝ ਹੀ ‘ਯਾਰ-ਬਾਸ਼ਾਂ’ ਦੇ ਮਗਰ ਪੈਣ ਉੱਤੇ ਆਖ਼ਰ ਨੂੰ ਛਾਈਂ-ਮਾਈਂ ਹੋ ਜਾਂਦੀ ਹੈ। ਬਸ, ਬੰਦਾ ਇਕੇਰਾਂ ਨਸ਼ੇ ਦਾ ਆਦੀ ਹੋ ਜਾਏ, ਫਿਰ ਉਸ ਦਾ ਪਹਿਲਾ ਫ਼ਿਕਰ ਆਪਣੇ ਨਸ਼ੇ ਦਾ ਪ੍ਰਬੰਧ ਕਰਨਾ ਹੁੰਦਾ ਹੈ। ਤਦ ਉਸ ਨੂੰ ਕਿਸੇ ਆਪਣੇ-ਪਰਾਏ ਦੀ ਸ਼ਰਮ, ਲਿਹਾਜ਼, ਡਰ-ਭੈਅ ਨਹੀਂ ਰਹਿੰਦਾ; ਆਪਣੇ ਬਰਬਾਦ ਹੋ ਜਾਣ ਦਾ ਖ਼ਿਆਲ ਵੀ ਨਹੀਂ ਹੁੰਦਾ। ਨਸਵਾਰ ਅਤੇ ਭੰਗ ਹੋਰ ਨਸ਼ਿਆਂ ਦੇ ਮੁਕਾਬਲੇ ਬਹੁਤੇ ਮਹਿੰਗੇ ਨਹੀਂ ਹੁੰਦੇ, ਤਾਂ ਵੀ ਬੰਦੇ ਦੀ ਦਿੱਖ ਅਤੇ ਸੋਭਾ ਉੱਜਲੀ ਨਹੀਂ ਰਹਿੰਦੀ। ‘ਚਿੱਟੇ’ ਜਿਹਾ ਨਸ਼ਾ ਮਹਿੰਗਾ ਅਤੇ ਮਾਰੂ ਬਹੁਤ ਹੈ। ਸਿਆਣੇ ਆਖਦੇ ਹਨ ਕਿ ਜੇ ਦੁਸ਼ਮਣ ਦਾ ਘਰ ਬਰਬਾਦ ਕਰਨਾ ਹੋਵੇ ਤਾਂ ਉਸ ਦੇ ‘ਪੁੱਤ’ ਨੂੰ ਨਸ਼ੇ ਦੀ ਲੱਤ ਲਾ ਦੇਵੋ।

ਨਸ਼ਾ ਟੋਆ ਪੁੱਟਣ ਵਾਂਗ ਹੈ। ਇਹ ਟੋਆ ਹਰ ਦਿਨ ਡੁੰਘੇਰਾ ਕਰਨਾ ਪੈਂਦਾ ਹੈ। ਅਗਲੀ ਹੱਦ ਕੋਈ ਖੂਹ-ਖਾਤਾ ਨਹੀਂ, ਮੌਤ ਦੀ ਖਾਈ ਹੈ, ਜਿੱਥੋਂ ਮੁੜ ਕੋਈ ਉੱਘ-ਸੁੱਘ ਵੀ ਨਹੀਂ ਆਉਂਦੀ। ਸਾਡੇ ਆਪਣੇ ਪ੍ਰਾਂਤ ਅਤੇ ਹੋਰਨੀ ਥਾਈਂ ਵੀ ਨਸ਼ੇੜੀ ਦਾ ਹਸ਼ਰ ਮਾੜਾ ਹੁੰਦਾ ਹੈ। ਇਹ ਨਸ਼ੇ ਬੰਦੇ ਦੀ ਕਮਾਊ-ਸ਼ਕਤੀ ਨੂੰ ਝੰਬ ਦਿੰਦੇ ਹਨ, ਅਨਮੋਲ ਜੀਵਨ ਦੇ ਅਜਾਈਂ ਜਾਣ ਦੀ ਲਾਹਣਤ ਵੱਖਰੀ। ਪਛਤਾਵਾ ਅਤੇ ਬਦਨਾਮੀ ਦਾ ਕੋਈ ਲੇਖਾ ਨਹੀਂ ਹੁੰਦਾ। ਪਿਉ ਨੂੰ ਧੀ ਲਈ ਵਰ ਲੱਭਣ ਵੇਲੇ ਫ਼ਿਕਰ ਹੁੰਦਾ ਹੈ ਕਿ ਕਿਤੇ ਮੁੰਡੇ ਨੂੰ ਨਸ਼ੇ ਦੀ ਲਤ ਜਾਂ ਚਾਲ-ਚਲਣ ਪੱਖੋਂ ਕੋਈ ਬੱਜ ਤਾਂ ਨਹੀਂ। ਮੁੰਡੇ ਦੇ ਮਾਪੇ ਆਪਣੇ ਪੁੱਤ ਦੇ ਐਬ ਉੱਤੇ ਪਰਦਾ ਪਾ ਵੀ ਲੈਣ, ਉਸ ਦੀ ਵਿਆਂਹਦੜ ਤੋਂ ਤਾਂ ਕੁਝ ਵੀ ਨਹੀਂ ਲੁਕਦਾ। ਉਹ ਸਿਰ ਫੜ ਕੇ ਬਹਿ ਜਾਂਦੀ ਹੈ। ਵਿਆਹ ਦੀਆਂ ਖ਼ੁਸ਼ੀਆਂ ਲੰਮੇ ਸੰਤਾਪਾਂ ਵਿੱਚ ਬਦਲ ਜਾਂਦੀਆਂ ਹਨ। ਸਿਆਣਿਆਂ ਨੇ ਅਸਲ ਅਮਲ ਹੋਰ ਦੱਸੇ ਹਨ ਜਿਵੇਂ ਸੋਹਣੀ ਸਿਹਤ ਦਾ, ਚੰਗੀ ਪੜ੍ਹਾਈ ਦਾ ਤੇ ਫਿਰ ਚੰਗੀ ਕਮਾਈ ਦਾ ਸ਼ੌਕ।

ਖ਼ੁਸ਼ੀ ਬਾਰੇ ਕਿਹਾ ਜਾਂਦਾ ਹੈ ਕਿ ਇਸ ਨੂੰ ਹਾਸਲ ਕਰਨ ਲਈ ਇਸ ਦੇ ਮਗਰ ਨਹੀਂ ਭੱਜਣਾ ਪੈਂਦਾ। ਬੰਦਾ ਠੀਕ ਰਾਹ ਉੱਤੇ ਤੁਰਦਾ ਜਾਵੇ, ਇਹ ਉਸ ਦੇ ਮਗਰ ਚਹਿਕਣ ਲੱਗਦੀ ਹੈ। ਦੂਜੇ ਬੰਨੇ ਨਸ਼ੇੜੀ ਨੂੰ ਬਦਨਾਮੀ ਲਈ ਯਤਨ ਜੁਟਾਉਣੇ ਨਹੀਂ ਪੈਂਦੇ, ਖ਼ੁਨਾਮੀ ਉਸ ਦੇ ਅੱਗੇ ਪਿੱਛੇ ਭਿਣਭਿਣਾਉਂਦੀ ਹੈ। ਚੰਗੀ ਭੱਲ ਅਤੇ ਖ਼ੁਸ਼ਹਾਲੀ ਕਮਾਉਣ ਲਈ ਦਹਾਕਿਆਂ ਤੱਕ ਸਿਰੜ ਅਤੇ ਸਿਆਣਪ ਨਾਲ ਕੰਮ ਕਰਨਾ ਪੈਂਦਾ ਹੈ। ਤਦ ਝੋਲੀ ਪੈਂਦੀ ਪ੍ਰਭੁਤਾ ਉੱਤੇ ਪਰਿਵਾਰ ਤਾਂ ਮਾਣ ਕਰਦਾ ਹੀ ਹੈ, ਉਸ ਦੀ ਮਹਿਮਾ ਦੇ ਕਿੱਸੇ ਦੂਰ-ਦੂਰ ਤੱਕ ਸੁਣੇ-ਕਥੇ ਜਾਂਦੇ ਹਨ।

ਬਹੁਤ ਅਚੰਭਾ ਹੁੰਦਾ ਹੈ ਅਤੇ ਨਾਲ ਪ੍ਰਸੰਨਤਾ ਵੀ ਜਦੋਂ ਪ੍ਰੋ. ਪ੍ਰੀਤਮ ਸਿੰਘ ਜਿਹੇ ਭਲੇ ਲੋਕਾਂ ਬਾਰੇ ਪੜ੍ਹੀਦਾ, ਸੁਣੀਦਾ ਹੈ ਕਿ ਉਨ੍ਹਾਂ ਨੇ ਉਮਰ ਭਰ ਚਾਹ ਤੱਕ ਨਹੀਂ ਪੀਤੀ। ਸਿਆਣੇ ਠੀਕ ਹੀ ਕਹਿੰਦੇ ਰਹੇ ਹਨ ਕਿ ਨਸ਼ਾ ਤਾਂ ਭਾਈ ਰੋਟੀ ਦਾ ਹੀ ਬਥੇਰਾ ਹੈ। ਮਿਹਨਤ ਅਤੇ ਸੱਚੀ-ਸੁੱਚੀ ਕਮਾਈ ਕਰਦਿਆਂ ਜਿਹੜਾ ਮਾਣ ਮਿਲਦਾ ਹੈ, ਉਸ ਦੀ ਕੋਈ ਰੀਸ ਨਹੀਂ। ਤਨ ਅਤੇ ਮਨ ਵੀ ਤਕੜਾ, ਆਲਾ-ਦੁਆਲਾ ਵੀ ਸਾਫ਼-ਸੁਥਰਾ। ਰਾਹ ਸਿੱਧੇ ਹਨ- ਸਰਲ ਤੇ ਸਾਦੀ ਜ਼ਿੰਦਗੀ, ਸੁੱਖ-ਸ਼ਾਂਤੀ ਅਤੇ ਸਵੈਮਾਣ ਚੋਖਾ। ਕੁਰਾਹੇ ਪਿਆਂ ਜੋ ਬੀਤਦੀ ਹੈ, ਉਸ ਬਾਰੇ ਕੋਈ ਕੀ ਆਖੇ।

*       *       *       *      *

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.om)

About the Author

ਕਰਨੈਲ ਸਿੰਘ ਸੋਮਲ

ਕਰਨੈਲ ਸਿੰਘ ਸੋਮਲ

Phone: (91 - 88476 - 47101)
Email: (kssomal@gmail.com)