“ਐਪਰ ਸਿਆਣਪਾਂ ਹੋਣ ਜਾਂ ਦਿਮਾਗ਼ਾਂ ਨੂੰ ਰੁਸ਼ਨਾਉਣ ਵਾਲਾ ਹੋਰ ਬੋਧ, ਉਸ ਨੂੰ ...”
(15 ਜਨਵਰੀ 2023)
ਮਹਿਮਾਨ: 103.
ਮਨੁੱਖ ਹੁਣ ਤਾਈਂ ਸਿਆਣਪਾਂ ਦੇ ਬਲ ਜਿਊਂਦਾ ਆਇਆ ਹੈ। ਸਿਆਣਪ ਦਾ ਸੋਮਾ ਇੱਕ ਤਾਂ ਉਸ ਦਾ ਆਪਣਾ ਹੱਡੀਂ ਹੰਢਾਇਆ ਤਜਰਬਾ ਹੁੰਦਾ, ਦੂਜੇ ਬੰਨੇ, ਨੇੜੇ ਰਹਿੰਦੇ ਸਮੂਹ ਵਿੱਚ ਵੀ ਹਰ ਕੋਈ ਆਪਣੇ ਕੱਢੇ ਨਿਚੋੜ ਦੂਜਿਆਂ ਨਾਲ ਸਾਂਝਾ ਕਰਦਾ। ਫਿਰ, ਹਰ ਪੀੜ੍ਹੀ ਅਗਲੀ ਪੀੜ੍ਹੀ ਨੂੰ ਇਸ ਗਿਆਨ ਦੀ ਪੂੰਜੀ ਦਿੰਦੀ ਜਾਂਦੀ। ਵੈਸੇ ਵੀ ਕਈ ਵਿਅਕਤੀ ਬੜੇ ਜ਼ਹੀਨ ਹੁੰਦੇ। ਉਹ ਹਰ ਵਰਤਾਰੇ ਨੂੰ ਜ਼ਿਆਦਾ ਗਹੁ ਨਾਲ ਵੇਖਦੇ ਤੇ ਵਿਚਾਰਦੇ। ਉਨ੍ਹਾਂ ਦੀ ਅਕਲ ਤੇ ਸੂਝ-ਬੂਝ ਦਾ ਲਾਭ ਦੂਜਿਆਂ ਨੂੰ ਵੀ ਹੁੰਦਾ। ਜਿਹੜੇ ਘੁਮੱਕੜ ਹੁੰਦੇ, ਨਵੀਆਂ ਧਰਤੀਆਂ ਗਾਹੁਣ ਦਾ ਸ਼ੌਕ ਰੱਖਦੇ, ਉਹ ਸਫ਼ਰ ਤੋਂ ਮੁੜਕੇ ਆਪਣੇ ਸਾਥੀਆਂ ਨੂੰ ਕਿੰਨਾ ਕੁਝ ਨਵਾਂ ਦੱਸਦੇ, ਜਿਸ ਨਾਲ ਉਨ੍ਹਾਂ ਦੇ ਮਾਨਸਿਕ ਦਿਸਹੱਦੇ ਮੋਕਲੇ ਹੋ ਜਾਂਦੇ। ਜਦੋਂ ਤੋਂ ਮਨੁੱਖ ਅੱਖਰ ਗਿਆਨ ਦਾ ਮਾਲਕ ਬਣਿਆ ਤਾਂ ਸਾਰਾ ਕੁਝ ਚੇਤੇ ਰੱਖਣ ਦਾ ਝੰਜਟ ਮੁੱਕ ਗਿਆ। ਛਾਪਾ-ਖਾਨਾ ਆਉਣ ਨਾਲ ਛਪੀ ਸਮਗਰੀ ਤੇ ਹੁਣ ਇਲੈਕਟ੍ਰਾਨਿਕ ਸਾਧਨਾਂ ਰਾਹੀਂ ਸਮੁੱਚੀ ਮਾਨਵਤਾ ਦੀ ਸਿਆਣਪ ਅਤੇ ਗਿਆਨ-ਵਿਗਿਆਨ ਆਮ ਮਨੁੱਖ ਦੇ ਕਾਫ਼ੀ ਪਹੁੰਚ ਵਿੱਚ ਹੋ ਗਏ। ਸਾਨੂੰ ਸਿਆਣਪ ਟੂਕਾਂ, ਟੋਟਕਿਆਂ, ਮੁਹਾਵਰਿਆਂ, ਅਖੌਤਾਂ, ਸਮਝਾਉਣੀਆਂ, ਮੱਤਾਂ ਤੇ ਉਪਦੇਸ਼ਾਂ ਦੇ ਰੂਪ ਵਿੱਚ ਮਿਲਦੀ ਹੈ। ਲੋਕ-ਸਾਹਿਤ ਤੋਂ ਇਲਾਵਾ ਆਮ ਸਾਹਿਤ, ਜਿਸ ਨੂੰ ਵਿਸ਼ਿਸ਼ਟ ਸਾਹਿਤ ਕਿਹਾ ਜਾਂਦਾ ਹੈ, ਵੀ ਅਸਿੱਧੇ ਜਾਂ ਲੁਕਵੇਂ ਰੂਪ ਵਿੱਚ ਜੀਵਨ ਦੀਆਂ ਸਿਆਣਪਾਂ ਦੀ ਬਾਤ ਪਾਉਂਦਾ ਹੈ। ਕੁਦਰਤ ਦੇ ਵਰਤਾਰੇ ਵੱਖ, ਮਨੁੱਖ ਨੂੰ ਕੋਈ ਨਾ ਕੋਈ ਸਬਕ ਸਿਖਾਈ ਜਾਂਦੇ ਹਨ। ਐਪਰ ਸਿਆਣਪਾਂ ਹੋਣ ਜਾਂ ਦਿਮਾਗ਼ਾਂ ਨੂੰ ਰੁਸ਼ਨਾਉਣ ਵਾਲਾ ਹੋਰ ਬੋਧ, ਉਸ ਨੂੰ ਜਗਾਉਣਾ ਪੈਂਦਾ ਹੈ। ਉਸ ਦੀ ਸੁਚੱਜੀ ਵਰਤੋਂ ਹੀ ਜ਼ਿੰਦਗੀ ਦੀ ਬਿਹਤਰੀ ਲਈ ਕੀਤੀ ਜਾ ਸਕਦੀ ਹੈ।
ਸੋ, ਸਿਆਣਪਾਂ ਦੀ ਖੇਤੀ ਦਾ ਮਤਲਬ ਹੈ ਕਿ ਵੱਖ-ਵੱਖ ਸੋਮਿਆਂ ਤੋਂ ਮਿਲ ਸਕਦੀਆਂ ਸਿਆਣਪਾਂ ਨੂੰ ਜਾਣਨ ਦਾ ਜਤਨ ਅਤੇ ਆਪਣੇ ਵਿਵੇਕ ਨਾਲ ਉਨ੍ਹਾਂ ਦੀ ਪੁਣ-ਛਾਣ ਕਰਨੀ। ਫਿਰ ਆਪਣੀਆਂ ਹਾਲਤਾਂ ਮੁਤਾਬਿਕ ਲਾਹੇਵੰਦ ਹੋ ਸਕਦੀਆਂ ਸਿਆਣਪਾਂ ਤੋਂ ਕੰਮ ਲੈਣਾ। ਪੁਰਾਣੇ ਗਹਿਣਿਆਂ ਤੋਂ ਨਵੇਂ ਗਹਿਣੇ ਇੰਜ ਹੀ ਘੜਵਾ ਸਕੀਦੇ ਹਨ। ਮਨੁੱਖ ਦੀਆਂ ਹੁਣ ਤੀਕ ਅਰਜਿਤ ਕੀਤੀਆਂ ਸਿਆਣਪਾਂ ਤੋਂ ਲਾਭ ਲੈਣਾ ਵੀ ਇੱਕ ਸਿਆਣਪ ਹੈ। ਜ਼ਰੂਰਤ ਹੁੰਦੀ ਹੈ ਉਨ੍ਹਾਂ ਨੂੰ ਲੱਭਣਾ ਤੇ ਅਜੋਕੇ ਪ੍ਰਸੰਗਾਂ ਵਿੱਚ ਸਹੀ ਵਰਤੋਂ ਕਰ ਸਕਣਾ। ਜਦੋਂ ਮਨੁੱਖ ਦੇ ਆਪਣੇ ਤਜਰਬੇ ਉੱਤੇ ਇਹ ਸਿਆਣਪਾਂ ਖਰੀਆਂ ਉੱਤਰਦੀਆਂ ਹਨ ਤਦ ਇਹ ਉਸ ਨੂੰ ਆਪਣੀਆਂ ਜਾਪਣ ਲੱਗ ਪੈਂਦੀਆਂ ਹਨ। ਜਦੋਂ ਕੋਈ ਕਹਿੰਦਾ ਹੈ, ‘ਕਿਸੇ ਨੂੰ ਮਾਂਹ ਵਾਦੀ ਕਿਸੇ ਨੂੰ ਸਵਾਦੀ’ ਤਾਂ ਉਹ ਹਜ਼ਾਰਾਂ-ਲੱਖਾਂ ਸਾਲਾਂ ਤੋਂ ਤੁਰਦੀ ਆਈ ਸਿਆਣਪ ਉੱਤੇ ਆਪਣੀ ਮੋਹਰ ਲਾ ਦਿੰਦਾ ਹੈ। ਉਂਜ, ਬੀਤੇ ਸਮੇਂ ਦੇ ਕੰਮਾਂ-ਕਿੱਤਿਆਂ ਨੂੰ ਕਰਨ ਬਾਰੇ ਕੱਢੇ ਗਏ ਤੱਤ ਹੁਣ ਜਿਉਂ ਦੇ ਤਿਉਂ ਕੰਮ ਨਹੀਂ ਆਉਂਦੇ। ‘ਦੱਬ ਕੇ ਵਾਹ ਤੇ ਰੱਜ ਕੇ ਖਾਹ’ ਦੀ ਸਿਆਣਪ ਹੁਣ ‘ਸਿਆਣਪ ਨਾਲ ਵਾਹ ਤੇ ਰੱਜ ਕੇ ਖਾਹ’ ਵਿੱਚ ਲੈਣੀ ਬਣਦੀ ਹੈ।
ਸਾਡਾ ਸਿਆਣਪ-ਭੰਡਾਰ ਸਾਡੇ ਪੂਰਵਜਾਂ ਨਾਲੋਂ ਕਿੰਨਾ ਵੱਧ ਹੈ। ਐਪਰ, ਸਾਨੂੰ ਵਧੇਰੇ ਚੇਤੰਨ ਤੇ ਜਾਗੇ ਹੋਏ ਹੋਣ ਦੀ ਲੋੜ ਹੈ। ਹੁਣ ਹਰ ਖੇਤਰ ਵਿੱਚ ਅਨੰਤ ਸੰਭਾਵਨਾਵਾਂ ਦਿਸਦੀਆਂ ਹਨ। ਵਿਗਿਆਨ, ਤਕਨੀਕੀ ਗਿਆਨ ਤੇ ਆਮ ਜਾਣਕਾਰੀ ਵਿੱਚ ਬੇਅੰਤ ਵਾਧਾ ਹੋਇਆ ਹੈ। ਆਵਾਜਾਈ ਤੇ ਸੰਚਾਰ ਸਾਧਨਾਂ ਦੀ ਉੱਨਤੀ ਨੇ ਸੰਸਾਰ ਵਿੱਚ ਦੁਰਾਡੇ ਰਹਿੰਦੇ ਲੋਕਾਂ ਨੂੰ ਨੇੜੇ ਲਿਆਂਦਾ ਹੈ। ਇੱਕ ਦੂਜੇ ਨੂੰ ਸਮਝ ਕੇ ਆਪਣੇ ਮਾਨਸਿਕ ਦਿਸਹੱਦੇ ਵਸੀਹ ਕਰਨ ਦੇ ਮੌਕੇ ਵੀ ਵਧੇ ਹਨ। ਇੰਜ ਗ਼ਲਤ ਧਾਰਨਾਵਾਂ ਆਪਣੇ ਆਪ ਛਾਈਂ-ਮਾਈਂ ਹੋਣ ਲੱਗਦੀਆਂ ਹਨ।
ਅਸੀਂ ਉਸ ਜ਼ਮਾਨੇ ਵਿੱਚੋਂ ਗੁਜ਼ਰੇ ਹਾਂ ਜਦੋਂ ਮਰੀਜ਼ ਦੀ ਦਵਾਈ ਦੀ ਪਛਾਣ ਗੋਲੀਆਂ ਦੇ ਰੰਗਾਂ ਜਾਂ ਉਨ੍ਹਾਂ ਦੇ ਆਕਾਰ ਤੋਂ ਕੀਤੀ ਜਾਂਦੀ ਸੀ। ਹੁਣ ਬਹੁਤੇ ਲੋਕ ਦਵਾਈ ਦੇ ਨਾਂ ਅਤੇ ਉਸ ਦੇ ਲਾਭ-ਹਾਣ ਬਾਰੇ ਨੈੱਟ ਤੋਂ ਜਾਣਕਾਰੀ ਲੈਂਦੇ ਹਨ। ਜਾਗਰੂਕ ਵਿਅਕਤੀ ਇਸ਼ਤਿਹਾਰਾਂ ਦੇ ਪੈਦਾ ਕੀਤੇ ਭੰਬਲਭੂਸੇ ਵਿੱਚ ਨਹੀਂ ਫਸਦਾ। ਉਹ ਅਜੋਕੇ ਠੱਗਾਂ ਤੋਂ ਖ਼ਬਰਦਾਰ ਰਹਿੰਦਾ ਹੈ, ਜਿਹੜੇ ਸਾਡੇ ਬੈਂਕ-ਖ਼ਾਤਿਆਂ ਦੀ ਸਫ਼ਾਈ ਕਰ ਜਾਂਦੇ ਹਨ ਤੇ ਸਾਨੂੰ ਮਾਲੂਮ ਹੀ ਨਹੀਂ ਹੁੰਦਾ। ਕੂੜ ਪ੍ਰਚਾਰ ਤੇ ਝੂਠਾ ਪ੍ਰਾਪੋਗੰਡਾ ਵੀ ਸਧਾਰਨ ਬੰਦੇ ਦੀ ਮੱਤ ਮਾਰ ਦਿੰਦਾ ਹੈ। ਚੁਕੰਨੇ ਤੇ ਬਾਖ਼ਬਰ ਬੰਦੇ ਦਾ ਬੇਸ਼ੱਕ ਬਚਾਉ ਕਾਫ਼ੀ ਹੱਦ ਤੀਕ ਹੋ ਜਾਂਦਾ ਹੈ।
ਅਜੋਕੇ ਵੇਲਿਆਂ ਵਿੱਚ ਗ਼ਲਤ ਤੇ ਭਰੋਸੇ ਰਹਿਤ ਸੂਚਨਾਵਾਂ ਦਾ ਹੜ੍ਹ ਜਿਹਾ ਆ ਗਿਆ ਹੈ। ਅਸੀਂ ਜਾਣਦੇ ਹਾਂ ਹੜ੍ਹ ਦਾ ਪਾਣੀ ਪੀਣ ਦੇ ਯੋਗ ਨਹੀਂ ਹੁੰਦਾ। ਇਵੇਂ ਜੋ ਕੁਝ ਸਾਨੂੰ ਹਰ ਪਲ ਪਰੋਸਿਆ ਜਾਂਦਾ ਹੈ, ਉਹ ਅਨੇਕਾਂ ਦਾਅਵਿਆਂ ਦੇ ਬਾਵਜੂਦ ਸ਼ੰਦੇਹਾਂ ਤੋਂ ਮੁਕਤ ਨਹੀਂ ਹੁੰਦਾ। ਨੌਸਰਬਾਜ਼ਾਂ ਦੀਆਂ ਚਾਲਾਂ ਚੰਗੇ-ਭਲੇ ਬੰਦੇ ਨੂੰ ਭੰਬਲਭੂਸੇ ਵਿੱਚ ਪਾ ਦਿੰਦੀਆਂ ਹਨ। ਕਿਸੇ ਜ਼ਮਾਨੇ ਵਿੱਚ ਵਲ-ਛਲ ਰਹਿਤ ਤੇ ਭੋਲਾ ਬੰਦਾ ਹੋਣਾ ਇੱਕ ਸਿਫ਼ਤ ਮੰਨੀ ਜਾਂਦੀ ਸੀ, ਹੁਣ ਇਹ ਕੁਝ ਮਨਫੀ ਯਾਅਨੀ ਔਗੁਣ ਸਦਵਾਏਗਾ। ਚੰਗੇ ਬੰਦੇ ਦੀ ਕਸਵੱਟੀ ਵੀ ਪਹਿਲਾਂ ਵਾਲੀ ਨਹੀਂ ਰਹੀ। ਜੋ ਰਵਾਇਤੀ ਹੈ ਉਹ ਸਾਰਾ ਸੱਚ ਭਾਵੇਂ ਨਾ ਵੀ ਹੋਵੇ ਪਰ ਉਹ ਪੂਰਾ ਝੂਠ ਵੀ ਨਹੀਂ ਹੈ। ਪੁਰਾਣੇ ਭਾਂਡੇ ਤੇ ਖੇਤੀਬਾੜੀ ਦੇ ਸੰਦ ਹੁਣ ਵਰਤੋਂ ਵਿੱਚ ਨਹੀਂ ਹਨ। ਹੋਰ ਬਹੁਤ ਕੁਝ ਅਜੋਕੇ ਸਮੇਂ ਨੇ ਵਰਤੋਂ ਤੋਂ ਬਾਹਰ ਕਰ ਦਿੱਤਾ ਹੈ। ਸਾਡੀਆਂ ਪੜ੍ਹਾਈਆਂ ਦਾ ਵਿਸ਼ਾ-ਵਸਤੂ ਵੀ ਉਹੋ ਨਹੀਂ ਰਿਹਾ। ਹੁਣ ਪੱਤਰ ਲਿਖਣ ਦੀ ਕਲਾ ਪਹਿਲਾਂ ਜਿਹੀ ਨਹੀਂ ਰਹੀ। ਹੁਣ ਤਾਂ ਈਮੇਲਾਂ ਅਤੇ ਮੋਬਾਈਲਾਂ ਰਾਹੀਂ ਭੇਜੇ ਜਾਂਦੇ ਸੁਨੇਹਿਆਂ ਨੂੰ ਲਿਖਣ ਦੀ ਜਾਚ ਨੂੰ ਥਾਂ ਮਿਲਣ ਲੱਗੀ ਹੈ। ਸਿਆਣਪਾਂ ਹੋਣ ਜਾਂ ਹੋਰ ਸ਼ਊਰ, ਤੇਜ਼ੀ ਨਾਲ ਬਦਲ ਰਹੇ ਸਮੇਂ ਦੇ ਅਨੁਕੂਲ ਅਤੇ ਪ੍ਰਮਾਣਿਕ ਹੋਣੇ ਬਣਦੇ ਹਨ। ਸਿੱਧੜ ਬਣੇ ਰਹਿਣਾ ਹੁਣ ਪੁੱਗਣਾ ਨਹੀਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3740)
(ਸਰੋਕਾਰ ਨਾਲ ਸੰਪਰਕ ਲਈ: