“ਅਜੇ ਵੀ ਬਚਪਨ ਰੁਲਦਾ, ਬੁਢਾਪਾ ਝੁਰਦਾ ਤੇ ਜਵਾਨੀ ਭਟਕਣ ਵਿੱਚ ਹੈ ...”
(16 ਜਨਵਰੀ 2021)
ਸਵੇਰੇ ਦਫਤਰ ਨੂੰ ਜਾਂਦਿਆਂ ਉਹ ਮੈਂਨੂੰ ਰਾਹ ਵਿੱਚ ਮਿਲਦੀ। ਕਿਸੇ ਕ੍ਰੈੱਚ ਵਿੱਚ ਛੱਡਣ ਲਈ ਕੁੱਛੜ ਬੱਚਾ ਚੁੱਕਿਆ ਹੁੰਦਾ, ਦੂਜੇ ਹੱਥ ਵਿੱਚ ਬੱਚੇ ਨੂੰ ਦਿੱਤੇ ਜਾਣ ਵਾਲੇ ਦੁੱਧ ਦੀ ਡੋਲੀ ਤੇ ਕੁਝ ਕੱਪੜੇ। ਉਹ ਕਾਹਲੀ ਕਾਹਲੀ ਤੁਰਦੀ ਹਫਦੀ ਜਾਂਦੀ। ਤੀਹਾਂ ਕੁ ਦੀ ਉਸ ਦੁਬਲੀ ਜਿਹੀ ਔਰਤ ਦੀ ਕਾਇਆ ਵਿੱਚੋਂ ਪਿਲੱਤਣ ਤੇ ਥਕਾਵਟ ਝਲਕਦੀ। ਸਰਦੀ ਦੇ ਦਿਨੀਂ ਵੀ ਉਸ ਦੇ ਚਿਹਰੇ ਉੱਤੇ ਮੁੜ੍ਹਕਾ ਦਿਸਦਾ। ਉਸ ਦੀ ਬੇਵਸੀ ਦੀ ਤਸਵੀਰ ਤੱਕਦਿਆਂ ਕਈ ਅਨੁਮਾਨ ਮੇਰੇ ਜ਼ਿਹਨ ਵਿੱਚ ਉੱਭਰਦੇ। ਪਹਿਲਾ, ਉਸ ਨੂੰ ਆਪਣੇ ਬੱਚੇ ਨੂੰ ਸੰਭਾਲਣ ਅਤੇ ਘਰ ਦੇ ਹੋਰ ਕਿੰਨੇ ਹੀ ਕੰਮ, ਜਿਹੜੇ ਔਰਤ ਜਾਮੇ ਵਿੱਚ ਵਿਚਰਦਿਆਂ ਮਰਦੇ ਦਮ ਤੀਕ ਕਰਨੇ ਪੈਂਦੇ ਹਨ, ਦੇ ਸਿਲਸਿਲੇ ਵਿੱਚ ਕਿਸੇ ਹੋਰ ਦਾ ਸਹਾਰਾ ਨਹੀਂ ਮਿਲਦਾ ਹੋਣਾ। ਉਸ ਕੋਲ ਸਵਖਤੇ ਉੱਠ ਕੇ ਆਪਣੇ ਲਈ ਮਸਾਂ ਇੰਨਾ ਕੁ ਸਮਾਂ ਮਿਲਦਾ ਹੋਣਾ ਹੈ ਕਿ ਉਹ ਬਾਹਰ ਦਿਨ ਭਰ ਦੀ ਡਿਊਟੀ ਲਈ ਕਾਹਲੀ ਕਾਹਲੀ ਤਿਆਰ ਹੋ ਸਕੇ। ਉਹ ਮੇਰੇ ਦਫਤਰ ਦੇ ਲਾਗੇ ਕਿਸੇ ਬੈਂਕ ਵਿੱਚ ਮੁਲਾਜ਼ਮ ਸੀ। ਵਕਤ ਸਿਰ ਡਿਊਟੀ ’ਤੇ ਪਹੁੰਚਣ ਲਈ ਉਹ ਮੋਢੇ ਉੱਤੇ ਪਰਸ ਅਤੇ ਹੱਥ ਵਿੱਚ ਟਿਫ਼ਨ ਫੜੀ ਭੱਜ ਭੱਜ ਤੁਰਦੀ। ਨੌਕਰੀ ਕਰਦੀਆਂ ਪਰ ਪਰਿਵਾਰਿਕ ਸਹਾਰੇ ਤੋਂ ਵਾਂਝੀਆਂ ਬਹੁਤੀਆਂ ਔਰਤਾਂ ਇਸੇ ਤਰ੍ਹਾਂ ਤਣਾਉ ਵਿੱਚ ਪਿਸਦੀਆਂ ਹਨ।
ਫਿਰ ਬੜੇ ਸਾਲਾਂ ਬਾਅਦ ਜਦੋਂ ਮੈਂ ਸੇਵਾ-ਮੁਕਤ ਸਾਂ, ਮੈਂਨੂੰ ਕੈਨੇਡਾ ਦੇ ਸ਼ਹਿਰ ਬਰੈਂਪਟਨ ਰਹਿੰਦੀ ਆਪਣੀ ਧੀ ਕੋਲ ਰਹਿਣ ਦਾ ਮੌਕਾ ਮਿਲਿਆ। ਮੌਸਮ ਖ਼ੁਸ਼ਗਵਾਰ ਹੁੰਦਾ ਸੀ। ਸੋ, ਮੈਂ ਆਪਣੀ ਵਿਹਲ ਵਿੱਚੋਂ ਸਮਾਂ ਕੱਢ ਕੇ ਬਾਹਰ ਪੈਦਲ ਤੁਰਨ ਦਾ ਆਨੰਦ ਲੈਂਦਾ। ਹਰ ਸੜਕ ਦੇ ਨਾਲ ਨਾਲ ਪੈਦਲ ਤੁਰਨ ਵਾਲਿਆਂ ਲਈ ਸੋਹਣੀ ਪਟੜੀ ਬਣੀ ਹੁੰਦੀ। ਮੈਂ ਸੋਚਦਾ ਕਿ ਪੈਦਲ ਇਸ ਸ਼ਹਿਰ ਨੂੰ ਜਿੰਨਾ ਕੁ ਵੇਖ ਸਕਾਂ, ਵੇਖਾਂ। ਉਂਜ ਵੀ ਆਲੇ-ਦੁਆਲੇ ਦੀ ਜ਼ਿੰਦਗੀ ਦੇ ਨਜ਼ਦੀਕ ਤੋਂ ਦਰਸ਼ਨ ਬਿਗਾਨੇ ਪੈਰੀਂ, ਯਾਅਨੀ ਬੱਸਾਂ, ਕਾਰਾਂ, ਰੇਲ-ਗੱਡੀਆਂ, ਜਹਾਜ਼ਾਂ ਉੱਤੇ ਘੁੰਮਦਿਆਂ ਨਹੀਂ ਹੁੰਦੇ। ਮੇਲੇ ਵੀ ਪੈਦਲ ਤੁਰਕੇ ਹੀ ਮਾਣੇ ਜਾਂਦੇ ਹਨ। ਉਸ ਨਗਰ ਵਿੱਚ ਪੰਜਾਬੀ ਚੋਖੀ ਗਿਣਤੀ ਵਿੱਚ ਵਸੇ ਹੋਏ ਹਨ। ਮੈਂਨੂੰ ਧਰਤੀ ਦੇ ਉਸ ਹਿੱਸੇ ਵਿੱਚ ਉਨ੍ਹਾਂ ਦਾ ਰਹਿਣ-ਸਹਿਣ ਤੱਕਣ ਦੀ ਬੜੀ ਖ਼ਾਹਿਸ਼ ਸੀ।
ਇੱਕ ਦਿਨ ਕੀ ਵੇਖਦਾ ਹਾਂ ਕਿ ਇੱਕ ਪੰਜਾਬਣ ਬਹੁਤ ਕਾਹਲੀ ਤੁਰਦੀ, ਵਿੱਚ-ਵਿਚਾਲੇ ਦੌੜਦੀ ਹੋਈ, ਸਾਹਮਣੇ ਦੇ ਬੱਸ-ਸਟਾਪ ਵੱਲ ਜਾ ਰਹੀ ਸੀ। ਸਾਫ਼ ਸੀ ਕਿ ਉਸ ਕੋਲ ਆਉਣ-ਜਾਣ ਦਾ ਆਪਣਾ ਸਾਧਨ ਨਹੀਂ ਸੀ। ਸ਼ਾਇਦ ਉਸ ਨੂੰ ਉੱਥੇ ਗਈ ਨੂੰ ਬਹੁਤ ਸਾਲ ਨਹੀਂ ਹੋਏ ਹੋਣੇ। ਉਸ ਦਾ ਘਰ-ਟਿਕਾਣਾ ਬੱਸ-ਸਟਾਪ ਤੋਂ ਕਾਫ਼ੀ ਦੂਰ ਹੋਣਾ ਹੈ। ਉਹ ਸਮੇਂ ਸਿਰ ਬੱਸ ਫੜਨ ਲਈ ਡਾਢੀ ਫ਼ਿਕਰਮੰਦ ਹੋਣੀ ਐ। ਉਸ ਨੇ ਵੀ ਆਪਣਾ ਪਰਸ ਤੇ ਕੁਝ ਹੋਰ ਸਮਾਨ ਪਹਿਲਾਂ ਦੱਸੀ ਭਾਰਤ ਵਿੱਚ ਰਹਿੰਦੀ ਔਰਤ ਵਾਂਗ ਸਾਂਭਿਆ ਹੋਇਆ ਸੀ। ਜਿਵੇਂ ਮੈਂ ਜਾਣਿਆ, ਕੈਨੇਡਾ ਵਿੱਚ ਕੰਮ ਦਾ ਮਤਲਬ ਕੰਮ ਹੈ। ਕਾਮਾ ਇੱਕ ਮਿੰਟ ਲਈ ਵੀ ਇੱਧਰ ਉੱਧਰ ਧਿਆਨ ਨਹੀਂ ਕਰ ਸਕਦਾ। ਸੋ, ਉਹ ਬੀਬੀ ਬਹੁਤੀ ਹੀ ਚਿੰਤਤ ਹੋਈ ਛੇਤੀ ਤੋਂ ਛੇਤੀ ਬੱਸ-ਸਟਾਪ ਪਹੁੰਚਣ ਲਈ ਤਾਣ ਲਾ ਰਹੀ ਸੀ। ਕੀ ਅਸੀਂ ਕਹਿ ਸਕਦੇ ਹਾਂ ਕਿ ਉਹ ਆਪਣੇ ਘਰ ਵਿੱਚ ਤਣਾਅ-ਮੁਕਤ ਰਹੀ ਹੋਣੀ ਹੈ? ਨਹੀਂ, ਘਰ ਵਿੱਚ ਔਰਤਾਂ ਦੀਆਂ ਜ਼ਿੰਮੇਵਾਰੀਆਂ ਮਰਦਾਂ ਨਾਲੋਂ ਵਧੇਰੇ ਹੁੰਦੀਆਂ ਹਨ।
ਘਰ ਅਤੇ ਬਾਹਰ ਦੇ ਦੋਹਰੇ ਕੰਮਾਂ ਦੀ ਮਾਰ ਔਰਤ ਨੂੰ ਕਦੋਂ ਤੋਂ ਪੈਣ ਲੱਗੀ ਹੈ, ਇੱਥੇ ਇਹ ਕਿੱਸਾ ਛੇੜਨ ਦੀ ਗੁੰਜਾਇਸ਼ ਨਹੀਂ। ਵੈਸੇ, ਆਪਣੇ ਘਰ ਵਿੱਚ ਕੰਮ ਕਰਨਾ ਹੋਰ ਗੱਲ ਹੈ ਤੇ ਬਾਹਰ ਕਿਸੇ ਦੇ ਮਾਤਹਿਤ ਕੰਮ ਕਰਨਾ ਹੋਰ। ਘਰ ਵਿੱਚ ਉਹ ਆਪਣੇ ਬੱਚੇ ਦੀ ਨਿਗਰਾਨੀ ਵੀ ਨਾਲੋ-ਨਾਲ ਕਰ ਸਕਦੀ ਹੈ। ਵੈਸੇ ਘਰ ਦੇ ਕੰਮ ਦੀ ਉਸ ਨੂੰ ਨਾ ਕੋਈ ਉਜਰਤ ਮਿਲਦੀ ਹੈ ਤੇ ਨਾ ਕਦੇ ਛੁੱਟੀ। ਕਦਰ ਵੀ ਬਹੁਤੀ ਥਾਂਈਂ ਨਹੀਂ ਪੈਂਦੀ। ਬਾਹਰ ਡਿਊਟੀ ਉੱਤੇ ਮਸ਼ੀਨੀ ਪੁਰਜ਼ੇ ਵਾਂਗ ਕੰਮ ਕਰਨਾ ਪੈਂਦਾ ਹੈ। ਕਹਿੰਦੇ ਹਨ ਸੁੱਘੜ ਔਰਤ ਘਰ ਦੇ ਅਤੇ ਬਾਹਰ ਦੇ ਕੰਮਾਂ ਵਿਚਕਾਰ ਸੰਤੁਲਨ ਬਣਾ ਲੈਂਦੀ ਹੈ, ਐਪਰ ਆਪਣੀ ਸਿਹਤ ਨੂੰ ਦਾਅ ਉੱਤੇ ਲਾ ਕੇ। ਬਹੁਤੀ ਥਾਂਈਂ ਪੁਰਾਣੀ ਪਰਿਵਾਰਿਕ ਸੋਚ ਕਰਕੇ ਘਰ ਵਿੱਚ ਔਰਤ ਦਾ ਸਥਾਨ ਸਭ ਤੋਂ ਨੀਵਾਂ ਹੁੰਦਾ ਹੈ।
ਮੈਂ ਆਪਣੇ ਘਰ ਦੇ ਲਾਗਿਓਂ ਲੰਘਦੀ ਸੜਕ ਉੱਤੇ ਮਜ਼ਦੂਰ ਔਰਤਾਂ ਨੂੰ ਕੰਮੀਂ ਪੈਦਲ ਜਾਂਦੀਆਂ ਤੇ ਸੂਰਜ ਡੁੱਬਦੇ ਨਾਲ ਪਰਤਦੀਆਂ ਵੇਖਦਾ ਹਾਂ। ਮੇਰੇ ਸੁਰਤ ਸੰਭਾਲਣ ਦੇ ਵੇਲੇ ਮੁਲਕ ਅਜ਼ਾਦ ਹੋਇਆ ਸੀ। ਸਧਾਰਨ ਆਦਮੀ ਦੀ ਹਾਲਤ ਬਦਲਣ ਦੀ ਉਡੀਕ ਇੰਨੀ ਲੰਮੀ ਹੋਵੇਗੀ, ਸੋਚਿਆ ਨਹੀਂ ਸੀ। ਅਜੇ ਵੀ ਬਚਪਨ ਰੁਲਦਾ, ਬੁਢਾਪਾ ਝੁਰਦਾ ਤੇ ਜਵਾਨੀ ਭਟਕਣ ਵਿੱਚ ਹੈ। ਰਾਜਕੁਮਾਰ ਗੌਤਮ ਬਿਮਾਰੀ, ਬੁਢੇਪੇ ਤੇ ਮੌਤ ਦੇ ਚੰਦ ਦ੍ਰਿਸ਼ ਦੇਖ ਵਿਆਕੁਲ ਹੋ ਉੱਠਿਆ ਸੀ। ਹੁਣ ਤਾਂ ਸਾਰੀ ਦ੍ਰਿਸ਼ਾਵਲੀ ਹੀ ਧੁਆਂਖੀ ਪਈ ਹੈ। ਇੱਕ ਬਜ਼ੁਰਗ ਔਰਤ, ਕੁੱਬ ਨਿੱਕਲਿਆ ਹੋਇਆ ਆਪਣੇ ਵਿਕਲਾਂਗ ਤੇ ਮੰਦ-ਬੁੱਧੀ ਜਵਾਨ ਪੁੱਤਰ ਨੂੰ ਤਿਪਹੀਏ ਉੱਤੇ ਬਿਠਾ ਕੇ ਵੱਡੇ ਸਟੋਰ ਤੋਂ ਦਿਨ ਭਰ ਵੇਚਣ ਲਈ ਕੇਲੇ ਖ਼ਰੀਦਦੀ ਹੈ। ਫਿਰ ਉਹ ਇੰਨੇ ਭਾਰ ਵਾਲੇ ਤਿਪਹੀਏ ਨੂੰ ਪਿੱਛੋਂ ਧੱਕਦੀ ਹੈ। ਇਸੇ ਤਰ੍ਹਾਂ, ਇੱਕ ਅੱਠ ਕੁ ਸਾਲ ਦਾ ਮੁੰਡਾ ਛੋਟਾ ਹੋਣ ਕਰਕੇ ਸਾਈਕਲ ਰੇੜ੍ਹੀ ਨੂੰ ‘ਕੈਂਚੀ’ ਵਾਲੇ ਢੰਗ ਨਾਲ ਚਲਾਉਂਦਾ ਹੈ, ਉਸ ਤੋਂ ਛੋਟਾ ਬੱਚਾ ਪਿੱਛੋਂ ਧੱਕਾ ਲਾਉਂਦਾ ਹੈ। ਇਹ ਬੱਚੇ ਗਲੀ ਗਲੀ ਕੁਝ ਵੇਚਦੇ ਫਿਰਦੇ ਹਨ। ਜ਼ਿੰਦਗੀ ਕਿਹੜੇ ਕਿਹੜੇ ਇਮਤਿਹਾਨ ਲੈਂਦੀ ਹੈ। ਖੇਤਾਂ ਵਿੱਚ ਕੁਝ ਟਾਕੀਆਂ ਹੀ ਹਰੀਆਂ ਹੋਣ ਤਾਂ ਕੌਣ ਕਹੇਗਾ ਕਿ ਉੱਥੇ ਭਰਪੂਰ ਫ਼ਸਲਾਂ ਲਹਿਲਹਾ ਰਹੀਆਂ ਹਨ। ਸਧਾਰਨ ਲੋਕਾਂ ਦੀ ਇਹ ਮੰਦੀ ਹਾਲਤ ਸਾਡੇ ਨਾਕਸ ਪ੍ਰਬੰਧਾਂ ਕਰਕੇ ਹੀ ਤਾਂ ਹੈ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)
(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)







































































































