“ਉਹ ਬੰਦਾ ਹੁਣ ਸ਼ਰਾਬ ਤੋਂ ਕਿਵੇਂ ਤੋਬਾ ਕਰ ਗਿਆ, ਪਿੰਡ ਸਭ ਦੇ ਸਮਝਾਉਣ-ਬੁਝਾਉਣ ...”
(6 ਦਸੰਬਰ 2025)
ਸਾਡੇ ਆਲੇ-ਦੁਆਲੇ ਵਿੱਚ ਜੋ ਕੁਝ ਵਾਪਰਦਾ ਹੈ, ਉਹ ਵੀ ਸਾਡੇ ਉੱਤੇ ਅਸਰਦਾਈ ਹੁੰਦਾ ਹੈ। ਮਾੜੇ ਵਰਤਾਰਿਆਂ ਤੋਂ ਅਸੀਂ ਦੁਖੀ ਹੁੰਦੇ ਹਾਂ ਅਤੇ ਸਾਨੂੰ ਆਸਵੰਦ ਕਰਦਾ ਕੁਝ ਹੋਵੇ ਤਾਂ ਅਸੀਂ ਸੁਖ ਮਹਿਸੂਸ ਕਰਦੇ ਹਾਂ। ਨਸ਼ਿਆਂ ਦੇ ਵਧਦੇ ਪ੍ਰਕੋਪ ਨੇ ਹਰ ਆਮ ਸਹਿਰੀ ਨੂੰ ਤਪਾ ਰੱਖਿਆ ਹੈ। ਹੋਰ ਤਕਲੀਫਦੇਹ ਹੁੰਦੀ ਹੈ ਜਦੋਂ ਅਸੀਂ ਅਜਿਹੀ ਹਨੇਰੀ ਦੇ ਸਾਹਮਣੇ ਬੇਵੱਸ ਮਹਿਸੂਸ ਕਰਦੇ ਹਾਂ। ਅਜਿਹੇ ਵੇਲੇ ਕੋਈ ਸੁਖਮਈ ਸਮਾਚਾਰ ਸੁਣਨ ਨੂੰ ਮਿਲ ਜਾਵੇ ਤਾਂ ਹਿਰਦਾ ਗਦਗਦ ਹੋ ਜਾਂਦਾ ਹੈ।
ਬਦੇਸ ਵਿੱਚ ਰਹਿੰਦਾ ਮੇਰਾ ਇੱਕ ਕਰੀਬੀ ਸੱਜਣ ਹੋਰ ਹਾਲ-ਚਾਲ ਦੱਸਦਿਆਂ ਕਹਿੰਦਾ ਹੈ ਕਿ ਆਪਣੇ ਪਿੰਡ ਦਾ ਫਲਾਂ ਆਦਮੀ ਹੁਣ ਪੀਣੀ ਛੱਡ ਗਿਆ ਹੈ। ਜਦੋਂ ਉਹ ਵਿਅਕਤੀ ਪਿੰਡ ਰਹਿੰਦਾ ਸੀ ਤਾਂ ਉਹ ਸਵੇਰ ਤੋਂ ਹੀ ਠੇਕੇ ਵੱਲ ਨੂੰ ਇੰਜ ਤੇਜ਼ ਤੁਰਦਾ ਜਾਂਦਾ ਜਿਵੇਂ ਕਿਸੇ ਮੁਹਿੰਮ ਉੱਤੇ ਚੱਲਿਆ ਹੋਵੇ। ਉਸਦੀ ਸ਼ਰਾਬ ਬਹੁਤੀ ਹੀ ਭੈੜੀ ਸੀ। ਨਸ਼ੇ ਦੀ ਹਾਲਤ ਵਿੱਚ ਮੋਟਰਸਾਈਕਲ ਚਲਾਉਂਦਿਆਂ ਉਹ ਕਈ ਵਾਰੀ ਫੱਟੜ ਹੋਇਆ ਸੀ। ਘਰ ਦੇ ਕੰਮਾਂ ਵਿੱਚ ਉਸਦਾ ਹਿੱਸਾ ਬੱਸ ਇੰਨਾ ਕੁ ਹੁੰਦਾ ਕਿ ਥੋੜ੍ਹੀ ਜਿੰਨੀ ਕਮਾਈ ਜੇ ਕਦੇ ਹੁੰਦੀ, ਉਸਦੀ ਦਾਰੂ ਨਾਲ ਦੀ ਨਾਲ ਚੱਟੀ ਜਾਂਦੀ ਸੀ।
ਫਿਰ ਉਹ ਕਿਸੇ ਸਬੱਬ ਬਦੇਸ ਚਲਿਆ ਗਿਆ। ਸਾਰਿਆਂ ਨੇ ਸੋਚਿਆ ਕਿ ਹੁਣ ਉਹ ਸੁਧਰ ਜਾਵੇਗਾ। ਬਾਹਰ ਦੇ ਕਾਨੂੰਨ ਜੁ ਸਖਤ ਹੁੰਦੇ ਹਨ। ਐਪਰ ਉੱਥੇ ਵੀ ਉਹ ਸ਼ਰਾਬ ਦੀ ਲਲ੍ਹਕ ਪੂਰੀ ਕਰਦਾ ਫੜਿਆ ਜਾਂਦਾ। ਉਸ ਉੱਤੇ ਕਈ ਪਾਬੰਦੀਆਂ ਲੱਗ ਜਾਂਦੀਆਂ। ਮੁਲਕ ਵਾਪਸ ਭੇਜੇ ਜਾਣ ਦੀ ਤਲਵਾਰ ਜਾਣੋ ਸਿਰ ਉੱਤੇ ਲਟਕਦੀ ਰਹਿੰਦੀ। ਉਸਦੀ ਪਤਨੀ ਅਤੇ ਬੱਚਿਆਂ ਦੇ ਭਵਿੱਖ ਬਾਰੇ ਸੋਚ ਕੇ ਹਰ ਕੋਈ ਫਿਕਰਮੰਦ ਹੁੰਦਾ। ਪਿੰਡ ਰਹਿਣ ਦੀ ਗੱਲ ਹੋਰ ਤੇ ਪਰਵਾਸੀ ਹੋਣ ਦੀ ਬਿਲਕੁਲ ਹੋਰ। ਦੱਸਣ ਵਾਲੇ ਤੋਂ ਮੈਂ ਕੁਰੇਦ ਕੁਰੇਦ ਕੇ ਪੁੱਛਿਆ ਕਿ ਉਹ ਬੰਦਾ ਹੁਣ ਸ਼ਰਾਬ ਤੋਂ ਕਿਵੇਂ ਤੋਬਾ ਕਰ ਗਿਆ, ਪਿੰਡ ਸਭ ਦੇ ਸਮਝਾਉਣ-ਬੁਝਾਉਣ ਤੋਂ ਨਹੀਂ ਹਟਿਆ ਸੀ। ਅੱਕੇ ਹੋਏ ਪਰਿਵਾਰ ਨੇ ਉਸਦੇ ਪੈਰੀਂ ਸੰਗਲ ਵੀ ਪਾਏ ਸਨ। ਹੁਣ ਉਹ ਸੋਫ਼ੀ ਰਹਿਣ ਲੱਗ ਪਿਆ ਵੱਡਾ ਅਚੰਭਾ!
ਗੱਲ ਫਿਰ ਇਉਂ ਹੋਈ ਕਿ ਉਸਦਾ ਸਕੂਲ ਪੜ੍ਹਦਾ ਮੁੰਡਾ ਹੁਣ ਗੱਭਰੂ ਹੋ ਗਿਆ ਸੀ, ਚੰਗੇ ਕੱਦ-ਕਾਠ ਦਾ ਮਾਲਕ, ਉਂਝ ਵੀ ਆਪਣੀ ਸਿਹਤ ਦਾ ਧਿਆਨ ਰੱਖਣ ਵਾਲਾ। ਫਿਰ ਕਿਸੇ ਭਲੇ ਬੰਦੇ ਦੇ ਸੁਝਾਅ ਉੱਤੇ ਉਹ ਉੱਥੋਂ ਦੀ ਪੁਲਿਸ ਵਿੱਚ ਭਰਤੀ ਹੋ ਗਿਆ। ਉਸਦੇ ਮਿਹਨਤੀ ਸੁਭਾਅ ਅਤੇ ਸਾਫ-ਸੁਥਰੇ ਕਿਰਦਾਰ ਕਾਰਨ ਉਸਦੇ ਅਧਿਕਾਰੀ ਬੜੇ ਸੰਤੁਸ਼ਟ ਸਨ। ਦਰਸ਼ਨੀ ਤਾਂ ਉਹ ਹੈ ਹੀ ਸੀ, ਉੱਥੇ ਦੀ ਕੋਈ ਮੁਲਾਜ਼ਮ ਕੁੜੀ ਉਸ ਤੋਂ ਬੜੀ ਪ੍ਰਭਾਵਿਤ ਹੋਈ। ਉਸਨੇ ਆਪਣੇ ਮਾਪਿਆਂ ਕੋਲ ਉਸਦੀਆਂ ਸਿਫਤਾਂ ਜ਼ਰੂਰ ਕੀਤੀਆਂ ਹੋਣਗੀਆਂ। ਉਹ ਪਰਿਵਾਰ ਕਈ ਪੀੜ੍ਹੀਆਂ ਪਹਿਲਾਂ ਉੱਥੇ ਜਾ ਵਸਿਆ ਸੀ। ਆਪਣੀ ਮਿਹਨਤ ਅਤੇ ਹਿੰਮਤ ਸਦਕਾ ਉਹ ਛੇਤੀ ਹੀ ਰੰਗਾਂ ਵਿੱਚ ਸਨ। ਕੇਵਲ ਕੰਮ-ਕਾਰ ਪੱਖੋਂ ਹੀ ਨਹੀਂ, ਆਪਣੇ ਕਿਰਦਾਰ ਅਤੇ ਹਮੇਸ਼ਾ ਦੂਜਿਆਂ ਦੇ ਕੰਮ ਵਿੱਚ ਸਹਾਈ ਹੋਣ ਦੀ ਸਿਫਤ ਕਾਰਨ ਉਹ ਪਰਿਵਾਰ ਨੇੜੇ ਦੇ ਸਮਾਜ ਵਿੱਚ ਸਤਿਕਾਰ ਦਾ ਪਾਤਰ ਬਣ ਗਿਆ। ਤਦ ਉਹ ਆਪਣੀ ਬਹੁਤ ਹੋਣਹਾਰ, ਸਿਰੜੀ, ਮਿਹਨਤੀ ਅਤੇ ਅਨੇਕਾਂ ਗੁਣਾਂ ਵਾਲੀ ਧੀ ਦੀ ਪਸੰਦ ਵਾਲੇ ਇਸ ਨੌਜਵਾਨ ਦੇ ਪ੍ਰਸ਼ੰਸਕ ਬਣ ਗਏ।
ਉਹ ਸੋਚਦੇ, ਜੇ ਇਹ ਨੌਜਵਾਨ ਸਦਾਚਾਰੀ, ਮਿਹਨਤੀ ਅਤੇ ਹੋਣਹਾਰ ਹੈ, ਉਨ੍ਹਾਂ ਆਪਣੀ ਧੀ ਲਈ ਹੋਰ ਕੀ ਵੇਖਣਾ ਹੈ? ਵੱਡੀ ਗੱਲ ਉਹ ਨੌਜਵਾਨ ਨਸ਼ਿਆਂ ਨੂੰ ਨਫਰਤ ਕਰਦਾ ਸੀ। ਉਹ ਪਰਿਵਾਰ ਆਪ ਉੱਥੋਂ ਦੇ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੰਦੇ ਸਨ। ਸੋ ਉਨ੍ਹਾਂ ਨੇ ਧੀ ਦੀ ਪਸੰਦ ਨੂੰ ਆਪਣੀ ਪਸੰਦ ਮੰਨ ਲਿਆ। ਤਦ ਉਸ ਗੱਭਰੂ ਦਾ ਪਿਆਕੜ ਪਿਓ ਸੋਚਣ ਲੱਗਿਆ ਕਿ ਉਸਦੇ ਪੁੱਤ ਲਈ ਇਹੋ ਜਿਹੇ ਅਸੂਲਾਂ ਵਾਲੇ ਪਰਿਵਾਰ ਦੀ ਧੀ ਦਾ ਰਿਸ਼ਤਾ ਆ ਰਿਹਾ ਹੈ, ਜੇ ਭਲਾ ਉਨ੍ਹਾਂ ਨੂੰ ਉਸਦੇ ਸ਼ਰਾਬੀ ਹੋਣ ਬਾਰੇ ਪਤਾ ਲੱਗਿਆ, ਫਿਰ ਉਹ ਕਿਤੇ ਰਿਸ਼ਤੇ ਤੋਂ ਇਨਕਾਰ ਨਾ ਕਰ ਦੇਣ। ਉਸਦੀ ਆਪਣੀ ਹੀ ਦਲੀਲ ਉਸਦੇ ਮਨ ਲੱਗ ਗਈ ਤੇ ਉਹ ਆਪਣਾ ਅਕਸ ਸੁਧਾਰਨ ਦੇ ਜਤਨ ਕਰਦਾ ਸੋਫ਼ੀ ਰਹਿਣ ਲੱਗ ਪਿਆ।
ਮੇਰੇ ਕਰੀਬੀ ਸੱਜਣ ਨੇ ਇੱਕ ਹੋਰ ਪਿਆਰੀ ਗੱਲ ਦੱਸੀ ਕਿ ਉਕਤ ਗੱਭਰੂ ਅਤੇ ਮੁਟਿਆਰ ਨੇ ਇਹ ਨਿਰਣਾ ਵੀ ਲਿਆ ਕਿ ਉਹ ਆਰਥਿਕ ਤੌਰ ’ਤੇ ਆਪਣੇ ਪੈਰਾਂ ਉੱਪਰ ਹੋਣ ਉਪਰੰਤ ਹੀ ਵਿਆਹ ਦੇ ਬੰਧਨ ਵਿੱਚ ਬੱਝਣਗੇ। ਉਂਝ ਚੰਗੇ ਦੋਸਤਾਂ ਵਾਂਗ ਇੱਕ ਦੂਜੇ ਦੇ ਸਹਿਯੋਗੀ ਬਣੇ ਰਹਿਣਗੇ। ਕਿਰਤ ਦੀ ਪ੍ਰਤਿਸ਼ਠਾ, ਸਚਿਆਈ ਅਤੇ ਚੰਗੇ ਕਿਰਦਾਰ ਦੇ ਸਾਰੇ ਵਡਿਆਉਣਯੋਗ ਗੁਣਾਂ ਦੇ ਧਾਰਨੀ ਦੋਵੇਂ ਹਨ। ਸੋ, ਲੜਕੀ ਵਾਲੇ ਪਰਿਵਾਰ ਦੇ ਸਾਰੇ ਜੀਅ ਲੋੜਵੰਦਾਂ ਦੇ ਕੰਮ ਆਉਣ ਵਾਲੇ ਹਨ। ਉਹ ਸਮਾਜ ਨੂੰ ਸਹੀ ਸੇਧ ਦੇਣ ਪ੍ਰਤੀ ਵੀ ਪ੍ਰਣਾਏ ਹੋਏ ਹਨ। ਚੰਗੇ ਪੜ੍ਹੇ-ਲਿਖੇ ਹੋਣ ਕਾਰਨ ਉਹ ਵਿੱਦਿਆ ਦਾ ਮੁੱਲ ਸਮਝਦੇ ਹਨ।
ਸੋਚ ਆਉਂਦੀ ਹੈ, ਕਿਸੇ ਸੰਕਟ-ਗ੍ਰਸਤ ਸਮਾਜ ਨੂੰ ਸੇਧ ਕੌਣ ਦੇ ਸਕਦਾ ਹੈ? ਨਿਸ਼ਚੇ ਹੀ ਅਜਿਹੇ ਗੁਣਵੰਤੇ ਲੋਕ ਹੀ ਚੰਗੀ ਮਿਸਾਲ ਬਣਕੇ। ਨਿਰੇ ਢੰਡੋਰੇ ਪਿੱਟਣ ਦੇ ਮੁਕਾਬਲੇ ਇਹ ਰਾਹ ਕਾਫ਼ੀ ਬਿਹਤਰ ਲਗਦਾ ਹੈ। ਨਾਲੇ ਜੇ ਨੌਜਵਾਨ ਪੀੜ੍ਹੀ ਸਜੱਗ ਹੋ ਕੇ ਆਪ ਅੱਗੇ ਆਵੇ, ਸੋਹਣੇ ਕਿਰਦਾਰ ਦੀ ਮਿਸਾਲ ਬਣੇ ਤਾਂ ਸਮਾਜ ਦਾ ਭਵਿੱਖ ਕਿਉਂ ਉੱਜਲਾ ਨਹੀਂ ਬਣ ਸਕਦਾ?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (