“ਕੀ ਆਪਣੇ ਹਿਤਾਂ ਨੂੰ ਮੁੱਖ ਰੱਖ ਕੇ ਬਾਕੀ ਪੰਜਾਬੀਆਂ ਉੱਪਰ ਸਿਰਫ ਸਿੱਖਾਂ ਦੀ ਚੌਧਰ ਵਾਲਾ ਰਾਜ ਥੋਪਿਆ ਜਾ ਸਕਦਾ ਹੈ? ...”
(22 ਮਈ 2024)
ਇਸ ਸਮੇਂ ਪਾਠਕ: 280.
(ਅਜੋਕੇ ਕੈਨੇਡਾ ਅੰਦਰ ਸਿੱਖ ਧਰਮ, ਸਿੱਖ ਪੰਥ ਅਤੇ ਸਿੱਖ ਸਿਆਸਤ)
ਇਸ ਸਮੇਂ ਸਿੱਖ ਕਮਿਉਨਿਟੀ ਵਿੱਚ ਚੱਲ ਰਹੀ ਚਰਚਾ ਅਨੁਸਾਰ ਕੈਲਗਰੀ ਦੇ ਵੈਸਾਖੀ ਨਗਰ ਕੀਰਤਨ ਤੋਂ 3-4 ਦਿਨ ਪਹਿਲਾਂ ਸੜਕਾਂ ’ਤੇ ਵੱਡੇ-ਵੱਡੇ ਬੇਨਾਮ ਸਾਈਨ ਬੋਰਡ ਲਗਾ ਦਿੱਤੇ ਗਏ, ਜਿਨ੍ਹਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੀ ਆਪੋਜ਼ੀਸ਼ਨ ਪਾਰਟੀ ਕੰਜ਼ਰਵੇਟਿਵ ਦੇ ਨੈਸ਼ਨਲ ਲੀਡਰ ਪੀ. ਆਰ. ਪੌਲੀਅਰ ਦੀਆਂ ਫੋਟੋਆਂ ਲਗਾ ਕੇ ਲਿਖਿਆ ਹੋਇਆ ਸੀ ਕਿ ਇਹ ‘ਸਿੱਖ ਕੌਮ ਦੇ ਗਦਾਰ ਹਨ, ਇਨ੍ਹਾਂ ਦਾ ਬਾਈਕਾਟ ਕਰੋ।’ ਕੁਝ ਅਜਿਹੇ ਸਾਈਨ ਬੋਰਡ ਵੀ ਸਨ, ਜਿਨ੍ਹਾਂ ਵਿੱਚ ਭਾਰਤੀ ਅੰਬੈਸੀ ਦੇ ਅਹੁਦੇਦਾਰਾਂ ਨੂੰ ਹਰਦੀਪ ਸਿੰਘ ਨਿੱਝਰ ਦੇ ਕਾਤਲ ਦਰਸਾਇਆ ਗਿਆ ਸੀ। ਬੇਸ਼ਕ ਮੀਡੀਆ ਵਿੱਚ ਤਾਂ ਇਸ ਬਾਰੇ ਖ਼ਬਰਾਂ ਨਹੀਂ ਆਈਆਂ, ਪਰ ਸੁਣਨ ਵਿੱਚ ਆਇਆ ਸੀ ਕਿ ਅਲਬਰਟਾ ਦੀ ਕੰਜ਼ਰਵੇਟਿਵ ਪਾਰਟੀ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਅਤੇ ਉਨ੍ਹਾਂ ਦੀ ਪਾਰਟੀ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਿਲ ਨਾ ਹੋਣ ਦਾ ਸੁਨੇਹਾ ਪ੍ਰਬੰਧਕਾਂ ਨੂੰ ਪਹੁੰਚਾ ਦਿੱਤਾ ਸੀ, ਜਿਸ ਤੋਂ ਬਾਅਦ ਪ੍ਰਬੰਧਕਾਂ ਵੱਲੋਂ ਪੁਲਿਸ ਅਤੇ ਸਿਟੀ ਆਫ ਕੈਲਗਰੀ ਦੇ ਪ੍ਰਸ਼ਾਸਨ ਦੀ ਮਦਦ ਨਾਲ ਗੈਰ-ਕਾਨੂੰਨੀ ਢੰਗ ਨਾਲ ਰੱਖੇ ਉਹ ਸਾਈਨ ਬੋਰਡ ਚੁੱਕਾ ਦਿੱਤੇ ਸਨ। ਫਿਰ ਵੀ ਕੰਜ਼ਰਵੇਟਿਵ ਪਾਰਟੀ ਦਾ ਕੋਈ ਵੀ ਲੀਡਰ ਨਗਰ ਕੀਰਤਨ ਵਿੱਚ ਸ਼ਾਮਿਲ ਨਹੀਂ ਹੋਇਆ। ਵੈਸੇ ਵੀ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਆਪਣੀ ਕਮਿਉਨਿਟੀ ਦੇ ਕੁਝ ਰਾਜਸੀ ਲੀਡਰਾਂ ਤੋਂ ਇਲਾਵਾ ਕਿਸੇ ਵੀ ਹੋਰ ਪਾਰਟੀ ਦਾ ਕੋਈ ਗੋਰਾ ਲੀਡਰ ਨਗਰ ਕੀਰਤਨ ਵਿੱਚ ਦੇਖਣ ਨੂੰ ਘੱਟ ਹੀ ਮਿਲ਼ਿਆ। ਇੱਕ ਸਥਾਨਕ ਰੇਡੀਓ ’ਤੇ ਨਗਰ ਕੀਰਤਨ ਦੇ ਮਾਹੌਲ ਬਾਰੇ ਚੱਲੀ ਚਰਚਾ ਦੌਰਾਨ ਤਕਰੀਬਨ ਸਾਰੇ ਸ੍ਰੋਤਿਆਂ ਨੇ ਇਸ ਵਰਤਾਰੇ ਨੂੰ ਮੰਦਭਾਗਾ ਦੱਸਿਆ। ਪਰ ਹੈਰਾਨੀ ਦੀ ਗੱਲ ਹੈ ਕਿ ਨਗਰ ਕੀਰਤਨ ਤੋਂ 2-3 ਦਿਨ ਪਹਿਲਾਂ ਵਾਪਰ ਚੁੱਕੀ ਘਟਨਾ ਦੇ ਬਾਵਜੂਦ ਅਜਿਹੇ ਪ੍ਰਬੰਧ ਨਹੀਂ ਕੀਤੇ ਗਏ ਕਿ ਨਗਰ ਕੀਰਤਨ ਦਾ ਮਾਹੌਲ ਖਰਾਬ ਨਾ ਹੋਵੇ, ਪਰ ਜੋ ਕੁਝ ਨਗਰ ਕੀਰਤਨ ਦੌਰਾਨ ਵਾਪਰਿਆ, ਉਹ ਕਿਸੇ ਵੀ ਢੰਗ ਨਾਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਧਾਰਮਿਕ ਨਗਰ ਕੀਰਤਨ ਵਿੱਚ ਨਹੀਂ ਵਾਪਰਨਾ ਚਾਹੀਦਾ ਸੀ। ਗੁਰਦੁਆਰੇ ਦੇ ਪ੍ਰਬੰਧਕਾਂ ਵੱਲੋਂ ਬੇਨਾਮ ਸਾਈਨ ਰੱਖਣ ਵਾਲਿਆਂ ਬਾਰੇ ਵੀ ਸੰਗਤ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਅਤੇ ਨਾ ਹੀ ਅਜਿਹੇ ਸਾਈਨ ਰੱਖਣ ਵਾਲਾ ਕੋਈ ਵਿਅਕਤੀ ਜਾਂ ਸੰਸਥਾ ਹੀ ਸਾਹਮਣੇ ਆਈ, ਜੋ ਦਾਅਵਾ ਕਰਦੀ ਕਿ ਸਾਡੇ ਸਾਈਨ ਕਿਉਂ ਚੁਕਾਏ ਗਏ ਹਨ? ਫਿਰ ਇਹ ਕਿਸਦੀ ਸ਼ਰਾਰਤ ਹੋ ਸਕਦੀ ਹੈ? ਕੀ ਇਸ ਬਾਰੇ ਪ੍ਰਬੰਧਕਾਂ ਨੂੰ ਤਫਤੀਸ਼ ਨਹੀਂ ਕਰਾਉਣੀ ਚਾਹੀਦੀ ਸੀ?
ਦੁਨੀਆਂ ਭਰ ਵਿੱਚ ਸਿੱਖ ਕਮਿਉਨਿਟੀ ਵੱਲੋਂ ਗੁਰੂ ਸਾਹਿਬਾਨ ਜਾਂ ਵੈਸਾਖੀ ਨਾਲ ਸੰਬੰਧਿਤ ‘ਨਗਰ ਕੀਰਤਨ’ ਕੱਢਣ ਦੀ ਪ੍ਰੰਪਰਾ ਆਮ ਹੀ ਪ੍ਰਚਲਤ ਹੈ। ਪਰ ਵਿਦੇਸ਼ਾਂ ਵਿੱਚ ਗੁਰੂ ਸਾਹਿਬਾਨ ਦੀ ਥਾਂ ’ਤੇ 90-95% ਸਿਰਫ ‘ਖਾਲਸਾ ਸਾਜਨਾ ਦਿਵਸ’ (ਪੁਰਾਣਾ ਨਾਮ ਵੈਸਾਖੀ) ਨਾਲ ਸੰਬੰਧਿਤ ਨਗਰ ਕੀਰਤਨ ਹੀ ਆਯੋਜਿਤ ਕੀਤੇ ਜਾਂਦੇ ਹਨ। ਤਕਰੀਬਨ 25-30 ਸਾਲ ਪਹਿਲਾਂ ਵਿਦੇਸ਼ਾਂ ਵਿੱਚ 2-4 ਥਾਵਾਂ ’ਤੇ ਹੀ ਨਗਰ ਕੀਰਤਨ ਹੁੰਦੇ ਸਨ, ਪਰ ਹੁਣ ਦੇਖੋ-ਦੇਖੀ ਪਿਛਲੇ 10-15 ਸਾਲ ਤੋਂ ਹਰ ਵੱਡੇ-ਛੋਟੇ ਸ਼ਹਿਰ ਵਿੱਚ ਨਗਰ ਕੀਰਤਨ ਹੁੰਦੇ ਹਨ। ਸ਼ੁਰੂ ਵਿੱਚ ਲੋਕ ਬੜੀ ਸ਼ਰਧਾ ਨਾਲ ਸ਼ਾਮਿਲ ਹੁੰਦੇ ਸਨ ਅਤੇ ਇਨ੍ਹਾਂ ਵਿੱਚ ਸ਼ਬਦ ਕੀਰਤਨ ਕਰਦੀ ਸੰਗਤ ਗੁਰੂ ਗ੍ਰੰਥ ਸਾਹਿਬ ਦੇ ਫਲੋਟ ਮਗਰ ਚਲਦੀ ਸੀ। ਹੁਣ ਨਗਰ ਕੀਰਤਨ ਸਮਾਜਿਕ, ਰਾਜਨੀਤਕ ਅਤੇ ਬਿਜ਼ਨਸ ਮੇਲਿਆਂ ਦਾ ਰੂਪ ਧਾਰਨ ਕਰ ਚੁੱਕੇ ਹਨ। ਫਿਰ ਇਨ੍ਹਾਂ ਨਗਰ ਕੀਰਤਨਾਂ ਵਿੱਚ ਰਾਜਸੀ ਲੀਡਰਾਂ ਨੂੰ ਸੱਦਣ ਦਾ ਰੁਝਾਨ ਸ਼ੁਰੂ ਹੋਇਆ ਅਤੇ ਹੌਲ਼ੀ-ਹੌਲ਼ੀ ਇਹ ਰੁਝਾਨ ਵਧਦਾ-ਵਧਦਾ ਲੋਕਲ, ਸੁਬਾਈ ਅਤੇ ਫੈਡਰਲ ਲੀਡਰਾਂ ਤਕ ਪਹੁੰਚ ਗਿਆ। ਹੁਣ ਹਰ ਦੇਸੀ ਰਾਜਨੀਤਕ ਲੀਡਰ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੀ ਪਾਰਟੀ ਦੇ ਵੱਧ ਤੋਂ ਵੱਧ ਲੀਡਰ ਸੱਦ ਕੇ ਆਪਣਾ ਸ਼ਕਤੀ ਪ੍ਰਦਰਸ਼ਨ ਕਰੇ। ਬੇਸ਼ਕ ਗੋਰਿਆਂ ਵਿੱਚ ਧਰਮ ਨੂੰ ਰਾਜਨੀਤੀ ਲਈ ਵਰਤਣ ਦਾ ਰੁਝਾਨ ਹੁਣ ਨਾ-ਮਾਤਰ ਹੀ ਹੈ ਪਰ ਸਾਡੇ ਲੋਕਾਂ ਨੇ ਉਨ੍ਹਾਂ ਨੂੰ ਧਰਮ ਨੂੰ ਰਾਜਨੀਤੀ ਲਈ ਵਰਤਣ ਦਾ ਅਜਿਹਾ ਚਸਕਾ ਪਾਇਆ ਹੈ ਕਿ ਦੇਖੋ-ਦੇਖੀ ਹੁਣ ਹਿੰਦੂ, ਮੁਸਲਮਾਨ ਜਾਂ ਹੋਰ ਫਿਰਕਿਆਂ ਦੇ ਲੋਕ ਵੀ ਇਸੇ ਰਾਹ ਤੁਰਨ ਲੱਗੇ ਹਨ। ਬੇਸ਼ਕ ਅਜੇ ਗੁਰਦੁਆਰਿਆਂ ਵਾਂਗ ਰਾਜਸੀ ਲੀਡਰਾਂ ਨੂੰ ਮੰਦਰਾਂ, ਮਸਜਿਦਾਂ, ਚਰਚਾਂ ਵਿੱਚ ਬੋਲਣ ਨਹੀਂ ਦਿੱਤਾ ਜਾਂਦਾ ਪਰ ਗੁਰਦੁਆਰਿਆਂ ਵਿੱਚ ਅਜਿਹਾ ਰੁਝਾਨ ਆਮ ਹੀ ਹੈ, ਜਿਸ ਕਾਰਨ ਗੁਰਦੁਆਰੇ ਆਪਣੀ ਮੌਲਿਕ ਧਾਰਮਿਕਤਾ ਗੁਆ ਕੇ ਰਾਜਨੀਤੀ ਦੇ ਅੱਡੇ ਬਣਦੇ ਜਾ ਰਹੇ ਹਨ। ਹੁਣ ਰਾਜਨੀਤੀ ਵਿੱਚ ਆਉਣ ਦੇ ਚਾਹਵਾਨ ਗੁਰਦੁਆਰਿਆਂ ਦੇ ਪਲੈਟਫਾਰਮ ਨੂੰ ਰਾਜਨੀਤੀ ਵਿੱਚ ਆਉਣ ਲਈ ਪੌੜੀ ਵਾਂਗ ਵਰਤਣ ਲੱਗੇ ਹਨ। 30-40 ਸਾਲ ਪਹਿਲਾਂ ਭਾਰਤ ਵਿੱਚ ਗੈਰ-ਅਕਾਲੀ ਪਾਰਟੀਆਂ ਨਾਲ ਸੰਬੰਧਿਤ ਸਿੱਖ ਇਹ ਇਲਜ਼ਾਮ ਅਕਾਲੀਆਂ ’ਤੇ ਲਗਾਉਂਦੇ ਹੁੰਦੇ ਸਨ ਕਿ ਉਹ ‘ਸ਼੍ਰੋਮਣੀ ਗੁਰਦੁਅਰਾ ਪ੍ਰਬੰਧਕ ਕਮੇਟੀ’, ਸਿੱਖ ਧਰਮ ਅਤੇ ਗੁਰਦੁਆਰਿਆਂ ਨੂੰ ਆਪਣੀ ਫਿਰਕੂ ਰਾਜਨੀਤੀ ਲਈ ਵਰਤਦੇ ਹਨ। ਹੁਣ ਇਹ ਰੁਝਾਨ ਵਿਦੇਸ਼ਾਂ ਵਿੱਚ ਆਮ ਹੀ ਚੱਲ ਪਿਆ ਹੈ। ਸਿਟੀ ਕੌਂਸਲਰਾਂ ਤੋਂ ਲੈ ਕੇ ਐੱਮ. ਐੱਲ. ਏ., ਐੱਮ. ਪੀ. ਬਣਨ ਵਾਲੇ ਵੱਖ-ਵੱਖ ਪਾਰਟੀਆਂ ਦੇ ਬਹੁਤੇ ਦੇਸੀ ਲੀਡਰ ਸਿੱਧੇ-ਅਸਿੱਧੇ ਢੰਗ ਨਾਲ ਗੁਰਦੁਆਰਾ ਸਿਆਸਤ ਨਾਲ ਸੰਬੰਧਿਤ ਹੀ ਆ ਰਹੇ ਹਨ। ਗੁਰਦੁਆਰਾ ਸਿਆਸਤ ਹੁਣ ਸਿੱਖ ਸਮਾਜ ’ਤੇ ਇੰਨੀ ਹਾਵੀ ਹੋ ਚੁੱਕੀ ਹੈ ਕਿ ਇਸਨੇ ਵਿਦੇਸ਼ਾਂ ਵਿੱਚ ਕੋਈ ਹੋਰ ਸਿੱਖ ਸੰਸਥਾ ਉੱਠਣ ਨਹੀਂ ਦਿੱਤੀ ਅਤੇ ਹੁਣ ਤਾਂ ਗੁਰਦੁਆਰਾ ਲੀਡਰਸ਼ਿੱਪ ਦੇ ਅਸ਼ੀਰਵਾਦ ਤੋਂ ਬਿਨਾਂ ਕੋਈ ਰਾਜਨੀਤੀ ਵਿੱਚ ਆਉਣ ਬਾਰੇ ਸੋਚ ਵੀ ਨਹੀਂ ਸਕਦਾ। ਗੁਰਬਾਣੀ ਦੇ ਸ਼ਬਦ ‘ਸਿਧ ਛਪਿ ਬੈਠੇ ਪਰਬਤੀ, ਕਉਣੁ ਜਗਤ੍ਰਿ ਕਉ ਪਾਰਿ ਉਤਾਰਾ …’ ਵਾਂਗ ਸਿੱਖ ਸਮਾਜ ਦਾ ਪੜ੍ਹਿਆ-ਲਿਖਿਆ ਤੇ ਸੂਝਵਾਨ ਤਬਕਾ ਸਿੱਖੀ ਤੇ ਗੁਰਦੁਆਰਾ ਸਿਆਸਤ ਤੋਂ ਦਿਨੋ-ਦਿਨ ਦੂਰ ਹੁੰਦਾ ਜਾ ਰਿਹਾ ਹੈ। ਬਹੁ-ਗਿਣਤੀ ਵਿਦੇਸ਼ਾਂ ਵਿੱਚ ਜੰਮਪਲ ਬੱਚਿਆਂ ਦਾ ਵੈਸੇ ਹੀ ਧਰਮ ਵਿੱਚ ਕੋਈ ਵਿਸ਼ਵਾਸ ਨਹੀਂ ਰਿਹਾ। ਮੌਜੂਦਾ ਗੁਰਦੁਆਰਾ ਸਿਆਸਤ ਨੇ ਸਿੱਖੀ ਦਾ ਦਾਇਰਾ ਇੰਨਾ ਤੰਗ ਕਰ ਦਿੱਤਾ ਹੈ ਕਿ ਕਿਸੇ ਵੱਖਰੇ ਵਿਚਾਰ ਨੂੰ ਕੋਈ ਥਾਂ ਨਹੀਂ ਦਿੱਤੀ ਜਾ ਰਹੀ। ਜੇ ਕੋਈ ਸੋਸ਼ਲ ਮੀਡੀਆ ਵਰਗੇ ਅਜ਼ਾਦ ਪਲੈਟਫਾਰਮਾਂ ’ਤੇ ਗੱਲ ਕਰਨੀ ਚਾਹੇ ਤਾਂ ਉੱਥੇ ਵੀ ਹਰ ਪੱਧਰ ’ਤੇ ਅਵਾਜ਼ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਸਦੇ ਨਤੀਜੇ ਵਜੋਂ ਪੰਜਾਬ ਵਾਂਗ ਇੱਕ ਉਜੱਡ ਅਤੇ ਮਾਰ-ਧਾੜ ਵਾਲੀ ਸਿਆਸਤ ਵਿਦੇਸ਼ਾਂ ਵਿੱਚ ਹਾਵੀ ਹੋ ਗਈ ਹੈ। ਇਹ ਸਿੱਖ ਸਮਾਜ ਦੇ ਭਵਿੱਖ ਲਈ ਖਤਰੇ ਦੀ ਨਿਸ਼ਾਨੀ ਬਣਦੀ ਜਾ ਰਹੀ ਹੈ, ਜਿਸ ਵੱਲ ਅਜੇ ਬਹੁ-ਗਿਣਤੀ ਸਿੱਖ ਭਾਈਚਾਰਾ ਡਾਲਰਾਂ ਦੀ ਦੌੜ ਵਿੱਚ ਧਿਆਨ ਨਹੀਂ ਦੇ ਰਿਹਾ।
ਵਿਦੇਸ਼ਾਂ ਵਿੱਚ ਨਗਰ-ਕੀਰਤਨ ਅਕਸਰ ਅਪਰੈਲ-ਮਈ ਵਿੱਚ ਹੁੰਦੇ ਹਨ। ਥੋੜ੍ਹੇ-ਬਹੁਤੇ ਫਰਕ ਨਾਲ ਸਾਰੇ ਸ਼ਹਿਰਾਂ ਵਿੱਚ ਪ੍ਰਬੰਧਕਾਂ ਅਤੇ ਸੰਗਤ ਦਾ ਇੱਕੋ ਪੈਟਰਨ ਹੈ। ਹਰ ਪਾਸੇ ਧਾਰਮਿਕਤਾ ਅਲੋਪ ਹੋ ਰਹੀ ਹੈ ਅਤੇ ਇੱਕ ਖਾਸ ਤਰ੍ਹਾਂ ਦੀ ਧਾਕੜ ਰਾਜਨੀਤੀ ਨੂੰ ਪ੍ਰਣਾਏ ਹੋਏ ਕੁਝ ਲੋਕ ਹੀ ਸਭ ਪਾਸੇ ਹਾਵੀ ਹੋ ਰਹੇ ਹਨ। ਹੁਣ ਤਾਂ ਸੰਗਤੀ ਗੁਰਦੁਆਰਿਆਂ ਦਾ ਕਾਨਸੈਪਟ ਵੀ ਖਤਮ ਕੀਤਾ ਜਾ ਰਿਹਾ ਹੈ ਅਤੇ ਗੁਰਦੁਆਰੇ ਪ੍ਰਾਈਵੇਟ ਟ੍ਰਸਟ ਬਣਦੇ ਜਾ ਰਹੇ ਹਨ। ਅਜਿਹੀ ਰਾਜਨੀਤੀ ਨਾਲ ਸੰਬੰਧਿਤ ਲੀਡਰ ਆਪਣੇ ਆਰਥਿਕ ਅਤੇ ਰਾਜਸੀ ਹਿਤਾਂ ਅਨੁਸਾਰ ਸਾਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਗੁਰਦੁਆਰਾ ਸਟੇਜ ਵਰਤਣ ਲਈ ਖੁੱਲ੍ਹਾ ਸੱਦਾ ਦਿੰਦੇ ਹਨ।
ਪਿਛਲੇ ਦਿਨੀਂ ਸਾਡੇ ਸ਼ਹਿਰ ਦੇ ਸਲਾਨਾ ਨਗਰ ਕੀਰਤਨ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਸ਼ਾਮਿਲ ਹੋਈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਫਲੋਟ ਮਗਰ, ਨਗਰ ਕੀਰਤਨ ਦੇ ਰੂਟ ਦੇ ਅੱਧ ਤਕ ਪਹੁੰਚਦੇ-ਪਹੁੰਚਦੇ ਮਸਾਂ 5-7 ਸੌ ਦੀ ਗਿਣਤੀ ਹੀ ਰਹਿ ਗਈ ਸੀ, ਜਦਕਿ ਪ੍ਰਚਾਰ ਇਹ ਹੋ ਰਿਹਾ ਸੀ ਕਿ ਡੇਢ ਦੋ ਲੱਖ ਦਾ ਇਕੱਠ ਸੀ। ਬਹੁਤ ਸਾਰੀ ਸੰਗਤ ਫਲੋਟ ਮਗਰ ਚੱਲਣ ਦੀ ਥਾਂ ਆਸੇ-ਪਾਸੇ ਸੜਕਾਂ ਕਿਨਾਰੇ ਲੱਗੇ ਸਟਾਲਾਂ ’ਤੇ ਖਾਣ-ਪੀਣ ਵਿੱਚ ਮਗਨ ਸੀ। ਬਹੁਤੀ ਸੰਗਤ ਨੂੰ ਕੋਈ ਪਤਾ ਨਹੀਂ ਸੀ ਕਿ ਨਗਰ ਕੀਰਤਨ ਕਿੱਥੇ ਹੈ, ਉਹ ਪਾਰਕ ਵਿੱਚ ਖਾਣ-ਪੀਣ ਦੇ ਇੱਕ ਸਟਾਲ ਤੋਂ ਦੂਜੇ ਵੱਲ਼ ਭੱਜ ਰਹੀ ਸੀ। ਸੰਗਤ ਵਿੱਚੋਂ ਬਹੁਤ ਸਾਰੇ ਲੋਕਾਂ ਨਾਲ ਹੋਈ ਗੱਲਬਾਤ ਅਨੁਸਾਰ ਹੁਣ ਇਹ ਧਾਰਮਿਕ ਨਗਰ ਕੀਰਤਨ ਨਾ ਹੋ ਕੇ ਸਮਾਜਿਕ, ਰਾਜਨੀਤਕ ਤੇ ਬਿਜ਼ਨਸ ਮੇਲਾ ਬਣ ਚੁੱਕਾ ਹੈ। ਗੁਰੂ ਗ੍ਰੰਥ ਸਾਹਿਬ ਵਾਲੇ ਫਲੋਟ ’ਤੇ ਹੋ ਰਿਹਾ ਕੀਰਤਨ, ਕਿਸੇ ਨੂੰ ਸੁਣਾਈ ਨਹੀਂ ਦੇ ਰਿਹਾ ਸੀ ਕਿਉਂਕਿ ਪਿੱਛੇ ਚੱਲ ਰਹੇ ਇੱਕ ਫਲੋਟ ’ਤੇ ਬਹੁਤ ਉੱਚੀ ਆਵਾਜ਼ ਵਿੱਚ ‘ਫਲਾਨਾ ਕੁੱਤਾ’, ‘ਧਮਕਾਨਾ ਕੁੱਤਾ’ ਦਾ ਰਾਗ ਉੱਚੀ ਸੁਰ ਵਿੱਚ ਅਲਾਪਿਆ ਜਾ ਰਿਹਾ ਸੀ। ਵੈਸੇ ਤਾਂ ਅਜਿਹੀ ਸ਼ਬਦਾਵਲੀ ਵਰਤਣੀ ਕਿਤੇ ਵੀ ਮਾੜੀ ਹੈ, ਪਰ ਇੱਕ ਧਾਰਮਿਕ ਸਮਾਗਮ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਹੋ ਰਹੇ ਨਗਰ ਕੀਰਤਨ ਵਿੱਚ ਵਰਤੀ ਜਾਣੀ ਕਿੰਨੀ ਕੁ ਜਾਇਜ਼ ਕਹੀ ਜਾ ਸਕਦੀ? ਅਜਿਹਾ ਮਾਹੌਲ ਸਿਰਜ ਕੇ ਅਸੀਂ ਸਾਬਤ ਕੀ ਕਰਨਾ ਚਾਹੁੰਦੇ ਹਾਂ? ਸਿੱਖ ਲੀਡਰਸ਼ਿੱਪ ਲਈ ਇਹ ਇੱਕ ਵੱਡਾ ਸਵਾਲ ਹੈ। ਸੰਗਤ ਵੱਲੋਂ ਇਹ ਸ਼ਿਕਾਇਤ ਵੀ ਕੀਤੀ ਜਾ ਰਹੀ ਸੀ ਕਿ ਨਗਰ ਕੀਰਤਨ ਦਾ ਮਾਹੌਲ ਧਾਰਮਿਕ ਬਣਾਉਣ ਲਈ ਅਗਰ ਫਲੋਟਾਂ ’ਤੇ ਫੋਟੋਆਂ ਲਗਾਉਣ ਦੀ ਬਹੁਤ ਜ਼ਰੂਰਤ ਸੀ ਤਾਂ ਉਹ ਗੁਰੂ ਸਾਹਿਬਾਨ, ਸਿੱਖ ਇਤਿਹਾਸ ਜਾਂ ਗੁਰਬਾਣੀ ਦੇ ਸ਼ਬਦਾਂ ਨਾਲ ਸੰਬੰਧਿਤ ਹੋ ਸਕਦੀਆਂ ਸਨ। ਪਰ ਇਸਦੀ ਜਗ੍ਹਾ ’ਤੇ ਸਿਰਫ ਪਿਛਲੀ ਸਦੀ ਦੇ 80ਵਿਆਂ ਵਿੱਚ ਚੱਲੀ ਖਾੜਕੂ ਲਹਿਰ ਨਾਲ ਸੰਬੰਧਿਤ ਹੀ ਫੋਟੋਆਂ ਕਿਉਂ ਸਨ? ਕੀ ਪਿਛਲੇ 500 ਸਾਲ ਦੇ ਸਿੱਖ ਇਤਿਹਾਸ ਵਿੱਚ ਹੋਰ ਕਿਸੇ ਸਿੱਖ ਦਾ ਕੋਈ ਰੋਲ਼ ਨਹੀਂ? ਆਮ ਲੋਕ ਮਹਿਸੂਸ ਕਰ ਰਹੇ ਸਨ ਕਿ ਜਿਵੇਂ ਨਗਰ ਕੀਰਤਨ ਵਿੱਚ ਪ੍ਰਬੰਧਕਾਂ ਦਾ ਕੋਈ ਕੰਟਰੋਲ ਨਹੀਂ ਸੀ? ਇਸੇ ਤਰ੍ਹਾਂ ਇੱਕ ਹੋਰ ਫਲੋਟ ’ਤੇ ਢਾਡੀ ਸਿੰਘ ਅਜਿਹੀਆਂ ਵਾਰਾਂ ਹੀ ਵਾਰ-ਵਾਰ ਗਾ ਰਹੇ ਸਨ ਕਿ ਸਿੰਘ ਆਪਣੇ ਦੁਸ਼ਮਣਾਂ ਤੋਂ ਬਦਲਾ ਜ਼ਰੂਰ ਲੈਂਦੇ ਹਨ, ਸਿੰਘਾਂ ਨੇ ਫਲਾਨਾ ਸੋਧਤਾ, ਫਲਾਨਾ ਗੱਡੀ ਚਾੜ੍ਹਤਾ …. ਆਦਿ। ਕੀ ਅਜਿਹੇ ਪ੍ਰਚਾਰਕਾਂ ਤੋਂ ਪ੍ਰਬੰਧਕਾਂ ਨੂੰ ਸਵਾਲ ਨਹੀਂ ਪੁੱਛਣਾ ਬਣਦਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੇ ਕਿਹੜੇ ਸ਼ਬਦ ਅਨੁਸਾਰ ਬਦਲੇ ਲੈਣੇ, ਵੈਰ ਭਾਵ ਰੱਖਣੇ, ਸੋਧੇ ਲਾਉਣੇ ਸਿੱਖੀ ਸਿਧਾਂਤ ਹੈ? ਇਤਿਹਾਸ ਦੀ ਕਿਸੇ ਘਟਨਾ ਨੂੰ ਸਿੱਖੀ ਜਾਂ ਸਿੱਖਾਂ ਦਾ ਕੌਮੀ ਸਿਧਾਂਤ ਕਿਵੇਂ ਬਣਾਇਆ ਜਾ ਸਕਦਾ ਹੈ? ਇੱਕ ਧਾਰਮਿਕ ਸਮਾਗਮ ਵਿੱਚ, ਜਿੱਥੇ ਹੋਰ ਕਮਿਉਨਿਟੀਆਂ ਦੇ ਲੋਕ ਵੀ ਕਾਫੀ ਗਿਣਤੀ ਵਿੱਚ ਸ਼ਾਮਿਲ ਹੁੰਦੇ ਹਨ, ਉੱਥੇ ਅਜਿਹੇ ਹਿੰਸਾ ਉਕਸਾਊ ਪ੍ਰਚਾਰ ਨਾਲ ਸਿੱਖ ਕਮਿਉਨਿਟੀ ਦਾ ਕਿਹੋ-ਜਿਹਾ ਅਕਸ ਪੇਸ਼ ਹੋ ਰਿਹਾ ਹੈ, ਕੀ ਇਸ ਬਾਰੇ ਸਾਡੀ ਲੀਡਰਸ਼ਿੱਪ ਕਦੇ ਗੰਭੀਰਤਾ ਨਾਲ ਵਿਚਾਰ ਕਰੇਗੀ?
ਕੀ ਸਾਡੇ ਲੀਡਰਾਂ ਨੂੰ ਪਤਾ ਨਹੀਂ ਕਿ ਕਿਵੇਂ ਸਾਡੇ ਨੌਜਵਾਨ ਫੁਕਰੇਪਨ ਅਤੇ ਡਾਲਰਾਂ ਦੀ ਦੌੜ ਅਧੀਨ ਵੱਡੀ ਗਿਣਤੀ ਵਿੱਚ ਗੈਂਗਸਟਰ ਅਤੇ ਡਰੱਗ ਡੀਲਰ ਬਣ ਰਹੇ ਹਨ? ਅਜਿਹਾ ਕੋਈ ਹਫਤਾ ਨਹੀਂ ਲੰਘਦਾ, ਜਦੋਂ ਸਾਡੇ ਨੌਜਵਾਨ ਡਰੱਗ ਸਮਗਲਿੰਗ, ਡਰੱਗ ਓਵਰਡੋਜ਼, ਗੈਂਗਵਾਰ, ਚੋਰੀਆਂ, ਫਿਰੌਤੀਆਂ ਆਦਿ ਵਿੱਚ ਗ੍ਰਿਫਤਾਰ ਨਾ ਹੁੰਦੇ ਹੋਣ ਜਾਂ ਮਰਦੇ ਨਾ ਹੋਣ? ਬੇਸ਼ਕ ਸਾਡੇ ਕੋਲ ਪੂਰਾ ਡੈਟਾ ਨਹੀਂ, ਪਰ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਨੌਜਵਾਨ ਜੁਰਮ ਕਰਕੇ ਕਨੇਡਾ-ਅਮਰੀਕਾ ਦੀਆਂ ਜੇਲ੍ਹਾਂ ਵਿੱਚ ਨਜ਼ਰਬੰਦ ਹਨ। ਕੀ ਸਾਡੇ ਲੀਡਰਾਂ ਨੇ ਇਸ ਮਸਲੇ ਨੂੰ ਕਦੇ ਗੰਭੀਰਤਾ ਨਾਲ ਵਿਚਾਰਿਆ ਹੈ? ਜੇ ਗੁਰਦੁਆਰਾ ਸਟੇਜਾਂ ਨੂੰ ਰਾਜਨੀਤੀ ਲਈ ਵਰਤਿਆ ਜਾ ਸਕਦਾ ਹੈ ਤਾਂ ਕੀ ਡਰੱਗ ਸਮਗਲਿੰਗ, ਗੈਂਗਵਾਰ, ਹਿੰਸਾ ਆਦਿ ਵਰਗੇ ਗੰਭੀਰ ਮੁੱਦਿਆਂ ’ਤੇ ਗੁਰਦੁਆਰਿਆਂ ਵਿੱਚ ਚਰਚਾ ਨਹੀਂ ਹੋਣੀ ਚਾਹੀਦੀ? ਹਿੰਸਾ ਨਾ ਕਿਸੇ ਸਮੱਸਿਆ ਦਾ ਹੱਲ ਹੈ ਅਤੇ ਨਾ ਹੀ ਮਾਡਰਨ ਵਰਲਡ ਦੇ ਲੋਕਤੰਤਰੀ ਸਿਸਟਮ ਅੰਦਰ ਹਿੰਸਾ ਨੂੰ ਕੋਈ ਪ੍ਰਵਾਨ ਕਰਦਾ ਹੈ ਅਤੇ ਨਾ ਹੀ ਹਿੰਸਾ ਸਿੱਖਾਂ ਵਰਗੀ ਸਾਰੀ ਦੁਨੀਆਂ ਵਿੱਚ ਵਸਦੀ ਘੱਟ ਗਿਣਤੀ ਦੇ ਹਿਤ ਵਿੱਚ ਹੈ। ਕੀ ਅਸੀਂ ਪਿਛਲੀ ਸਦੀ ਦੇ ਆਖਰੀ ਦੋ ਦਹਾਕਿਆਂ ਵਿੱਚ, ਸਾਡੇ ਸਿਰ ਮੜ੍ਹੀ ਗਈ ਹਿੰਸਾ ਤੋਂ ਨਿਕਲ਼ੇ ਨਤੀਜਿਆਂ ਨੂੰ ਭੁੱਲ ਗਏ ਹਾਂ? ਇੱਕ ਪਾਸੇ ਅਸੀਂ ਸ਼ਿਕਾਇਤ ਕਰਦੇ ਹਾਂ ਕਿ ਅਸੀਂ ਬੜੇ ਸ਼ਾਂਤੀਪਸੰਦ ਅਤੇ ਮਿਹਨਤੀ ਲੋਕ ਹਾਂ, ਸਾਡੇ ’ਤੇ ਅੱਤਵਾਦੀ ਤੇ ਵੱਖਵਾਦੀ ਹੋਣ ਦੇ ਠੱਪੇ ਲਾਏ ਜਾਂਦੇ ਹਨ, ਪਰ ਜੋ ਕੁਝ ਹੁਣ ਹੋ ਰਿਹਾ ਹੈ, ਉਸ ਬਾਰੇ ਅਸੀਂ ਕਦੋਂ ਸੋਚਾਂਗੇ? ਸਾਡੇ ਗੁਰਦੁਆਰਿਆਂ ਵਿੱਚ ਗੁਰਬਾਣੀ ਨੂੰ ਛੱਡ ਕੇ 18ਵੀਂ ਸਦੀ ਦੇ ਇਤਿਹਾਸ ਅਧਾਰਿਤ ਹਿੰਸਾ ਨੂੰ ਹੀ ਕਿਉਂ ਸਿੱਖੀ ਦਾ ਸਿਧਾਂਤ ਬਣਾਇਆ ਜਾਂਦਾ ਹੈ? ਉਹ ਵੀ ਵਿਦੇਸ਼ਾਂ ਵਿੱਚ, ਜਿੱਥੇ ਦੇ ਸਮਾਜ ਵਿੱਚ ਸਾਨੂੰ ਸਭ ਪਾਸੇ ਕਾਫੀ ਹੱਦ ਤਕ ਬਰਾਬਰ ਦੇ ਹੱਕ ਹਨ, ਲੋਕ ਸ਼ਾਂਤੀ ਤੇ ਸਹਿਹੋਂਦ ਨਾਲ ਰਹਿ ਰਹੇ ਹਨ। ਕੀ ਸਾਡੇ ਪ੍ਰਚਾਰ ਦਾ ਅਧਾਰ ਗੁਰਬਾਣੀ ਨਹੀਂ ਹੋਣਾ ਚਾਹੀਦਾ?
ਜਦੋਂ ਸਿੱਖ ਸਮਾਜ ਵਿੱਚ ‘ਧਰਮ ਤੇ ਰਾਜਨੀਤੀ’ ਬਾਰੇ ਕਦੇ ਕੋਈ ਚਰਚਾ ਚਲਦੀ ਹੈ ਤਾਂ ਇਹ ਕਹਿ ਕੇ ਅਜਿਹੀ ਗੰਭੀਰ ਬਹਿਸ ਨੂੰ ਬੰਦ ਕਰਾ ਦਿੱਤਾ ਜਾਂਦਾ ਹੈ ਕਿ ਸਾਡੇ ਧਰਮ ਵਿੱਚ ‘ਧਰਮ ਤੇ ਰਾਜਨੀਤੀ’ ਇਕੱਠੇ ਹਨ। ਜਦਕਿ ਸਾਡੇ ਕੋਲ ਅਜਿਹੇ ਕੋਈ ਠੋਸ ਇਤਿਹਾਸਕ ਪ੍ਰਮਾਣ ਨਹੀਂ ਹਨ, ਜਿਸ ਨਾਲ ‘ਧਰਮ ਤੇ ਰਾਜਨੀਤੀ’ ਦੇ ਇਸ ਗਠਜੋੜ ਨੂੰ ਸਿੱਖੀ ਦਾ ਬੁਨਿਆਦੀ ਸਿਧਾਂਤ ਬਣਾਇਆ ਜਾ ਸਕੇ। ‘ਗੁਰੂ ਗ੍ਰੰਥ ਸਾਹਿਬ’, ਜੋ ਕਿ ਸਿੱਖੀ ਦਾ ਸਰਬ ਪ੍ਰਵਾਨਤ ਧੁਰਾ ਹੈ, ਉਸ ਅਨੁਸਾਰ ਨਾ ‘ਮਾਡਰਨ ਸਿੱਖੀ’ ਅਤੇ ਨਾ ‘ਮਾਡਰਨ ਸਿੱਖ ਰਾਜਨੀਤੀ’ ਨੂੰ ਕਿਸੇ ਵੀ ਢੰਗ ਨਾਲ ‘ਸਿੱਖ ਸਿਧਾਂਤਾਂ’ ਦਾ ਅਨੁਸਾਰੀ ਮੰਨਿਆ ਜਾ ਸਕਦਾ ਹੈ। ‘ਧਰਮ ਤੇ ਰਾਜਨੀਤੀ’ ਦੇ ਇਸ ਮਾਡਰਨ ਗਠਜੋੜ ਨਾਲ ਕੁਝ ਕੁ ਸਵਾਰਥੀ ਅਤੇ ਮੌਕਾਪ੍ਰਸਤ ਲੀਡਰਾਂ ਨੂੰ ਤਾਂ ਦੇਸ਼-ਵਿਦੇਸ਼ ਵਿੱਚ ਲਾਭ ਹੋ ਰਿਹਾ ਹੈ, ਪਰ ਸਿੱਖਾਂ ਤੇ ਸਿੱਖੀ ਨੂੰ ਇਸ ਨਾਲ ਪਿਛਲੇ 100-150 ਸਾਲ ਤੋਂ ਲਗਾਤਾਰ ਨੁਕਸਾਨ ਹੀ ਹੋ ਰਿਹਾ ਹੈ। ‘ਧਰਮ ਤੇ ਰਾਜਨੀਤੀ’ ਦੇ ਜੋੜ ਦੀ ਅਜਿਹੀ ਚਰਚਾ ਸਿਰਫ ਸਿੱਖਾਂ ਵਿੱਚ ਹੀ ਨਹੀਂ, ਇਸਾਈਆਂ, ਮੁਸਲਮਾਨਾਂ ਤੇ ਹੋਰ ਧਾਰਮਿਕ ਫਿਰਕਿਆਂ ਵਿੱਚ ਸਦੀਆਂ ਪੁਰਾਣੀ ਹੈ। ਪਰ ਬਾਕੀ ਕੌਮਾਂ ਨੇ ਆਪਣੇ ਇਤਿਹਾਸਕ ਤਜਰਬਿਆਂ ਤੋਂ ਸਿੱਖ ਕੇ ਨਵੇਂ ਰਾਹ ਅਪਣਾ ਲਏ ਹਨ, ਸਿੱਖ ਇਸ ਬਾਰੇ ਕਦੋਂ ਸੋਚਣਗੇ?
‘ਧਰਮ ਤੇ ਰਾਜਨੀਤੀ’ ਦੇ ਸੈਂਕੜੇ ਸਾਲਾਂ ਦੇ ਸੁਮੇਲ ਦੇ ਤਜਰਬਿਆਂ ਜਾਣੀਕਿ 11ਵੀਂ ਸਦੀ ਤੋਂ ਲੈ ਕੇ 14ਵੀਂ ਸਦੀ ਤਕ ਚੱਲੇ ਨਾਮ-ਨਿਹਾਦ ਧਾਰਮਿਕ ਕਰੂਸੇਡਾਂ (ਧਰਮ ਯੁੱਧਾਂ) ਤਕ ਅਤੇ ਫਿਰ 1648 ਵਿੱਚ ਹੋਏ ਪੀਸ ਆਫ ਵੈਸਟਫੇਲੀਆ ਸਮਝੌਤੇ ਤਕ ਪਹੁੰਚਦੇ, ਪੱਛਮ ਵਿੱਚ ਧਰਮ ਨੂੰ ਰਾਜਨੀਤੀ ਤੋਂ ਵੱਖ ਕਰਨ ਦਾ ਰੁਝਾਨ ਵੱਡੀ ਪੱਧਰ ’ਤੇ ਚੱਲ ਪਿਆ ਸੀ। 1644 ਈਸਵੀ ਵਿੱਚ ਅਮਰੀਕਨ ਬੈਪਟਿਸਟ ਚਰਚ ਦੇ ਮਨਿਸਟਰ ਰੌਜਰ ਵਿਲੀਅਮ ਨੇ ਇਹ ਸਿਧਾਂਤ ਪੇਸ਼ ਕੀਤਾ ਕਿ ‘ਧਰਮ ਤੇ ਸਿਆਸਤ’ ਵਿੱਚ ਇੱਕ ਦੀਵਾਰ ਹੋਣੀ ਚਾਹੀਦੀ ਹੈ, ਜੋ ਇਨ੍ਹਾਂ ਨੂੰ ਵੱਖ ਕਰ ਸਕੇ। ਇਸ ’ਤੇ ਵੱਖ-ਵੱਖ ਢੰਗਾਂ ਨਾਲ ਸੈਂਕੜੇ ਸਾਲ ਵਿਚਾਰ ਚਲਦੀ ਰਹੀ ਤਾਂ 1801 ਵਿੱਚ ਫਰਾਂਸ ਦੇ ਬਾਦਸ਼ਾਹ ਨੇਪੋਲੀਅਨ ਬੋਨਾਪਰਟ ਅਤੇ ਪੋਪ ਪੀਅਸ ਸੱਤਵੇਂ ਵਿੱਚ ਧਰਮ ਨੂੰ ਰਾਜ ਤੋਂ ਵੱਖ ਕਰਨ ਦਾ ਪੈਰਿਸ ਵਿੱਚ ਸਮਝੌਤਾ ਹੋਇਆ। ਇਸ ਤੋਂ ਇੱਕ ਸਾਲ ਬਾਅਦ ਤੀਜੇ ਅਮਰੀਕਨ ਰਾਸ਼ਟਰਪਤੀ ਥੌਮਸ ਜੈਫਰਸਨ ਨੇ 1802 ਵਿੱਚ ਅਮਰੀਕਨ ਪਾਰਲੀਮੈਂਟ ਵਿੱਚ ‘ਚਰਚ ਤੇ ਸਟੇਟ’ ਨੂੰ ਵੱਖ ਕਰਨ ਵਾਲਾ ਬਿੱਲ ਪਾਸ ਕੀਤਾ। ਫਿਰ 20ਵੀਂ ਸਦੀ ਦੇ ਸ਼ੁਰੂ ਵਿੱਚ ਸੈਕੂਲਰ ਸਟੇਟ (ਧਰਮ ਨਿਰਪੱਖ ਰਾਜ) ਦਾ ਸਿਧਾਂਤ ਪ੍ਰਚਲਤ ਹੋਇਆ ਤਾਂ 1905 ਵਿੱਚ ‘ਸਟੇਟ ਤੇ ਚਰਚ’ ਨੂੰ ਪੂਰੀ ਤਰ੍ਹਾਂ ਵੱਖ ਕਰ ਦਿੱਤਾ ਗਿਆ, ਜਿਸਨੂੰ ਪਿਛਲੀ ਸਦੀ ਵਿੱਚ ਤਕਰੀਬਨ ਸਾਰੇ ਪੱਛਮੀ ਦੇਸ਼ਾਂ ਨੇ ਸਵੀਕਾਰ ਲਿਆ। ਬੇਸ਼ਕ ਅਜੇ ਵੀ ਦੁਨੀਆਂ ਵਿੱਚ ਮੁਸਲਮਾਨਾਂ ਦੀਆਂ ਇਸਲਾਮਿਕ ਸਟੇਟਸ ਹਨ, ਜਿਨ੍ਹਾਂ ਨੂੰ ਉੱਥੇ ਰਹਿਣ ਵਾਲੇ ਲੋਕਾਂ ਸਮੇਤ ਕੋਈ ਵੀ ਪਸੰਦ ਨਹੀਂ ਕਰਦਾ। ‘ਧਰਮ ਤੇ ਰਾਜਨੀਤੀ’ ਦੇ ਗਠਜੋੜ ਨਾਲ ਮਨੁੱਖਤਾ ਦੀ ਹੋਈ ਤਬਾਹੀ ਤੋਂ ਸਬਕ ਲੈਂਦੇ ਹੋਏ ਦੁਨੀਆਂ ਵਿੱਚ ਅੱਜ ਧਰਮ ਨਿਰਪੱਖ, ਲੋਕਤੰਤਰੀ ਰਾਜ ਸਰਬ ਪ੍ਰਵਾਨਤ ਹਨ। ਪਰ ਸਾਡੀ ਦੇਸ਼-ਵਿਦੇਸ਼ ਵਿਚਲੀ ਸਿੱਖ ਲੀਡਰਸ਼ਿੱਪ ਆਪ ਤਾਂ ਕੋਈ ਫੈਸਲਾ ਕਰਨ ਦੇ ਸਮਰੱਥ ਨਹੀਂ, ਪਰ ਦੁਨੀਆਂ ਦੇ ਤਜਰਬੇ ਤੋਂ ਲਾਭ ਉਠਾ ਕੇ ਧਰਮ ਨੂੰ ਰਾਜਨੀਤੀ ਨੂੰ ਵੱਖ ਕਰਨ ਦੀ ਥਾਂ ‘ਰਾਜਨੀਤੀ’ ਨੂੰ ‘ਧਰਮ’ ਵਿੱਚ ਬੜੇ ਜ਼ੋਰ-ਸ਼ੋਰ ਨਾਲ ਵਾੜ ਰਹੀ ਹੈ। ਬੇਸ਼ਕ ਸਿੱਖ ਸਮਾਜ ਵਿੱਚ ਵੀ ਪਿਛਲੇ 100 ਸਾਲ ਦੇ ਧਰਮ ਤੇ ਰਾਜਨੀਤੀ ਦੇ ਸੁਮੇਲ ਨਾਲ ਨਤੀਜੇ ਸਭ ਦੇ ਸਾਹਮਣੇ ਹਨ, ਪਰ ਫਿਰ ਵੀ ਸਾਡੀ ਦੇਸ਼-ਵਿਦੇਸ਼ ਦੀ ਧਾਰਮਿਕ ਤੇ ਸਿਆਸੀ ਲੀਡਰਸ਼ਿੱਪ ਆਪਣੇ ਸੌੜੇ ਹਿਤਾਂ ਲਈ ਧਰਮ ਦੀ ਰਾਜਨੀਤੀ ਲਈ ਦੁਰਵਰਤੋਂ ਨੂੰ ਜਾਇਜ਼ ਦੱਸ ਰਹੀ ਹੈ।
“ਸਿੱਖ ਸਮਾਜ ਵਿੱਚ ਪ੍ਰਚਲਿਤ ਵਿਚਾਰ ਅਨੁਸਾਰ ਸਿੱਖ ਧਰਮ ਵਿੱਚ ‘ਧਰਮ ਤੇ ਰਾਜਨੀਤੀ’ ਦਾ ਗਠਜੋੜ ਹੈ, ਜਿਸ ਅਨੁਸਾਰ ਰਾਜਨੀਤੀ, ਧਰਮ ਦੇ ਕੁੰਡੇ ਹੇਠ ਚਲਦੀ ਹੈ। ਪਰ ਹਕੀਕਤ ਵਿੱਚ ‘ਸ਼੍ਰੋਮਣੀ ਅਕਾਲ ਦਲ’ ਅਤੇ ‘ਸ਼੍ਰੋਮਣੀ ਕਮੇਟੀ’ ਦੀ ਲੀਡਰਸ਼ਿੱਪ ਨੇ ਪੰਜਾਬ ਵਿੱਚ ਮਿਲ਼ੀ ਸੱਤਾ ਦੌਰਾਨ ਇਹ ਸਿਧਾਂਤ ਉਲਟਾ ਕੇ ਧਾਰਮਿਕ ਸਿੱਖ ਸੰਸਥਾਵਾਂ ਵਿੱਚ ਬਹੁਤ ਬੁਰ੍ਹੀ ਤਰ੍ਹਾਂ ਦੀ ਕੁਰੱਪਟ ਸਿਆਸਤ ਵਾੜ ਦਿੱਤੀ ਹੈ। ਅਕਾਲੀ ਲੀਡਰਸ਼ਿੱਪ ਦੀ ਸੌੜੀ ਸਿਆਸਤ ਨੇ ਸਿਰਫ ਸਿੱਖ ਸੰਸਥਾਵਾਂ ਹੀ ਨਹੀਂ, ਸਗੋਂ ਸਿੱਖ ਧਰਮ ’ਤੇ ਵੀ ਸਵਾਲੀਆ ਚਿੰਨ੍ਹ ਲਗਾ ਦਿੱਤੇ ਹਨ।” (ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਵਾਈਸ ਚਾਂਸਲਰ ਤੇ ਅਰਥ ਸ਼ਾਸਤਰੀ, ਸਰਦਾਰਾ ਸਿੰਘ ਜੌਹਲ਼ ਦੇ 1999 ਵਿੱਚ ਖਾਲਸਾ ਸਾਜਨਾ ਦਿਵਸ ਦੀ 300ਵੀਂ ਸ਼ਤਾਬਦੀ ਮੌਕੇ ਬਾਦਲ-ਟੌਹੜਾ ਦੀ ਰਾਜਸੀ ਸਰਦਾਰੀ ਲਈ ਚਲਦੀ ਕਾਟੋ-ਕਲੇਸ਼ ਦੌਰਾਨ ਇੱਕ ਲੇਖ ‘ਸਿੱਖ ਧਰਮ, ਸਿਆਸਤ ਅਤੇ ਅਕਾਲ ਤਖਤ’ ਵਿੱਚੋਂ ਕੁਝ ਲਾਈਨਾਂ)। ਯਾਦ ਰਹੇ ਕਿ ਉਸ ਵਕਤ ਜਥੇਦਰ ਟੌਹੜਾ ਨੇ ਬਾਦਲ ਨੂੰ ਢਾਹੁਣ ਲਈ ਅਕਾਲ ਤਖਤ ਦੇ ਜਥੇਦਾਰਾਂ ਪ੍ਰੋ. ਮਨਜੀਤ ਸਿੰਘ ਅਤੇ ਭਾਈ ਰਣਜੀਤ ਸਿੰਘ ਰਾਹੀਂ ਅਕਾਲ ਤਖਤ ਦੀ ਭਰਪੂਰ ਦੁਰਵਰਤੋਂ ਕੀਤੀ ਸੀ। ਪਰ ਉਹ ਕਾਮਯਾਬ ਨਹੀਂ ਹੋ ਸਕਿਆ ਸੀ, ਜਿਸ ਤੋਂ ਬਾਅਦ ਬਾਦਲ ਨੇ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ’ਤੇ ਅਜਿਹਾ ਕਬਜ਼ਾ ਕੀਤਾ ਕਿ ਅੱਜ ਤਕ ਕੋਈ ਛੁਡਵਾ ਨਹੀਂ ਸਕਿਆ।
“ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿੱਚ ਭ੍ਰਿਸ਼ਟਾਚਾਰ ਦਾ ਪਹਿਲਾ ਮੁੱਖ ਕਾਰਨ ਗੁਰਦੁਆਰਾ ਐਕਟ ਵਿੱਚ ਗੁਰਦੁਆਰੇ ਨੂੰ ਜਾਇਦਾਦ ਬਣਾਉਣ ਕਰਕੇ ਹੈ। ਦੂਜਾ, ਸ਼੍ਰੋਮਣੀ ਕਮੇਟੀ ਦਾ ਅਕਾਲੀ ਦਲ ਵੱਲੋਂ ਸਿਆਸੀਕਰਨ ਕਰਨਾ, ਭਾਵ ਸਿੱਖਾਂ ਦੀ ਸੰਗਠਿਤ ਸ਼ਕਤੀ ਨੂੰ ਅਕਾਲੀ ਦਲ ਵੱਲੋਂ ਆਪਣੇ ਰਾਜਨੀਤਕ ਹਿਤਾਂ ਲਈ ਵਰਤਣਾ। ਤੀਜਾ, ਇਸਦੇ ਮਾਇਕ ਵਸੀਲਿਆਂ ਸਮੇਤ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕਾਂ, ਮੁਲਾਜ਼ਮਾਂ, ਜਥੇਦਾਰਾਂ ਆਦਿ ਨੂੰ ਆਪਣੀ ਵੋਟ ਸਿਆਸਤ ਲਈ ਵਰਤਣਾ। ਚੌਥਾ, ਗੁਰਦੁਆਰਾ ਸਟੇਜਾਂ ਨੂੰ ਪੰਥਕ ਕਾਨਫਰੰਸਾਂ ਦਾ ਨਾਮ ਦੇ ਕੇ ਸਿਆਸੀ ਲਾਹੇ ਲੈਣ ਲਈ ਵਰਤਣਾ। ਪੰਜਵਾਂ, ਅਕਾਲੀ ਦਲ ਵੱਲੋਂ ਸ਼੍ਰੋਮਣੀ ਕਮੇਟੀ ਦੇ ਫੰਡ ਵਰਤ ਕੇ ਆਪਣੇ ਸਿਆਸੀ ਲਾਭਾਂ ਲਈ ਖਾਲਸਾ ਮਾਰਚਾਂ, ਸ਼ਤਾਬਦੀਆਂ, ਨਗਰ ਕੀਰਤਨਾਂ ਨੂੰ ਵਰਤਣਾ।” (ਸਿੱਖ ਵਿਦਵਾਨ ਤੇ ਲੇਖਕ ਡਾ. ਜਸਬੀਰ ਸਿੰਘ ਆਹਲੂਵਾਲੀਆ ਨੇ ਇੱਕ ਲੇਖ: ‘ਦੂਸਰੀ ਸਿੱਖ ਜਾਗ੍ਰਿਤੀ ਲਹਿਰ ਦੀ ਲੋੜ’ ਵੀ 1999 ਦੀ ਖਾਲਸਾ ਸ਼ਤਾਬਦੀ ਮੌਕੇ ਹੀ ਲਿਖਿਆ ਸੀ, ਜਿਸ ਵਿੱਚੋਂ ਉੱਪਰਲੀਆਂ ਕੁਝ ਸਤਰਾਂ ਲਈਆਂ ਗਈਆਂ ਹਨ)
ਮਾਡਰਨ ਵਰਲਡ ਦੇ ਲੋਕਤੰਤਰੀ ਸਿਸਟਮ ਵਿੱਚ ਹਰ ਇੱਕ ਵਿਅਕਤੀ, ਸੰਸਥਾ ਜਾਂ ਕਮਿਉਨਿਟੀ ਨੂੰ ਆਪਣੀ ਗੱਲ ਆਪਣੇ ਢੰਗ ਨਾਲ ਕਰਨ ਦਾ ਕਾਨੂੰਨੀ ਤੌਰ ’ਤੇ ਪੂਰਨ ਅਧਿਕਾਰ ਹੈ। ਪਰ ਕੀ ਅਸੀਂ ਅਜਿਹੀਆਂ ਘਟਨਾਵਾਂ ਮੌਕੇ ਚੁੱਪ ਰਹਿ ਕੇ, ਆਪਣੀ ਮਨ-ਮਾਨੀ ਕਰਨ ਦੇ ਸਾਰੇ ਅਧਿਕਾਰ ਕੁਝ ਲੋਕਾਂ ਨੂੰ ਹੀ ਨਹੀਂ ਦੇ ਰਹੇ? ਕੀ ਸਾਡਾ ਸਮਾਜ ਭੀੜਤੰਤਰ ਵੱਲ ਨਹੀਂ ਵਧ ਰਿਹਾ, ਜਿੱਥੇ ਸੋਚ-ਵਿਚਾਰ, ਸੰਵਾਦ ਨੂੰ ਕੋਈ ਥਾਂ ਨਹੀਂ ਹੋਵੇਗੀ? ਅੱਜ ਸਿੱਖ ਸਮਾਜ ਵੱਡੇ ਪੱਧਰ ’ਤੇ ਬੌਧਿਕ ਕੰਗਾਲੀ ਹੰਢਾ ਰਿਹਾ ਹੈ? ਆਮ ਲੋਕਾਂ ਦੀ ਗੱਲ ਤਾਂ ਹੁਣ ਬਹੁਤ ਦੂਰ ਲੰਘ ਚੁੱਕੀ ਹੈ, ਚੰਗੇ ਸੂਝਵਾਨ, ਪੜ੍ਹੇ-ਲਿਖੇ, ਸੰਜੀਦਾ ਅਤੇ ਲੋਕ ਸਰੋਕਾਰਾਂ ਨੂੰ ਸਮਰਪਿਤ ਵਿਅਕਤੀ ਵੀ ਆਪਣੇ ਦਿਲ ਦੀ ਗੱਲ ਪਬਲੀਕਲੀ ਕਰਨ ਤੋਂ ਡਰਦੇ ਹਨ ਜਾਂ ਕੰਨੀ ਕਤਰਾਉਂਦੇ ਹਨ?
ਸਿੱਖ ਪੰਥ ਲਈ ਦੇਸ਼-ਵਿਦੇਸ਼ ਵਿੱਚ ਇਹ ਮਸਲਾ ਵਿਰਾਟ ਰੂਪ ਧਾਰ ਚੁੱਕਾ ਹੈ ਕਿ ਧਰਮ ਨੂੰ ਰਾਜਨੀਤੀ ਲਈ ਵਰਤਣਾ ਕਿੰਨਾ ਕੁ ਜਾਇਜ਼ ਮੰਨਿਆ ਜਾ ਸਕਦਾ ਹੈ? ਕੀ 17ਵੀਂ-18ਵੀਂ ਸਦੀ ਦੇ ਇਤਿਹਾਸਕ ਫੈਸਲਿਆਂ ਨੂੰ 21ਵੀਂ ਵੀ ਸਦੀ ਵਿੱਚ ਉਵੇਂ ਹੀ ਲਾਗੂ ਕੀਤਾ ਜਾ ਸਕਦਾ ਹੈ ਜਾਂ ਕੀਤਾ ਜਾਣਾ ਚਾਹੀਦਾ ਹੈ? ਕੀ ਗੁਰਦੁਆਰੇ ਦੇ ਸਰਬ ਸਾਂਝੇ ਧਾਰਮਿਕ ਪਲੈਟਫਾਰਮ ਨੂੰ ਵੋਟ ਰਾਜਨੀਤੀ ਲਈ ਵਰਤਣਾ ਸਿੱਖ ਪੰਥ ਦੇ ਵਡੇਰੇ ਹਿਤਾਂ ਵਿੱਚ ਹੋ ਸਕਦਾ ਹੈ? ਇਸ ’ਤੇ ਪੰਥ ਵਿੱਚ ਸੰਜੀਦਾ ਵਿਚਾਰ ਕਦੋਂ ਸ਼ੁਰੂ ਹੋਵੇਗੀ? ਆਮ ਸੰਗਤ ਨਗਰ ਕੀਰਤਨ ਨੂੰ ਧਾਰਮਿਕ ਘੱਟ ’ਤੇ ਮੇਲੇ ਵਾਂਗ ਵੱਧ ਲੈਂਦੀ ਹੈ, ਉਨ੍ਹਾਂ ਦਾ ਧਿਆਨ ਖਾਣ-ਪੀਣ, ਆਪਣੇ ਜਾਣਕਾਰਾਂ ਨੂੰ ਮਿਲਣ-ਗਿਲਣ ਵੱਲ ਵੱਧ ਹੁੰਦਾ ਹੈ। ਆਮ ਬਿਜਨੈਸਮੈਨਾਂ ਅਤੇ ਸਿਆਸੀ ਲੀਡਰਾਂ ਨੂੰ ਵੀ ਇਸ ਵੱਡੇ ਇਕੱਠ ਵਿੱਚ ਆਪਣੀ ਪ੍ਰਮੋਸ਼ਨ ਕਰਨ ਦਾ ਮੌਕਾ ਮਿਲਦਾ ਹੈ। ਫਿਰ ਕਿਉਂ ਨਾ ਸੜਕਾਂ ਰੋਕ ਕੇ ਵੱਡੀ ਗਿਣਤੀ ਵਿੱਚ ਪੁਲਿਸ ਪ੍ਰਸ਼ਾਸਨ ਨੂੰ ਸਕਿਉਰਿਟੀ ਅਤੇ ਟਰੈਫਿਕ ਕੰਟਰੋਲ ਲਈ ਲੱਖਾਂ ਡਾਲਰ ਦੇਣ ਨਾਲ਼ੋਂ ਲੋਕਾਂ ਦੀ ਮਾਨਸਿਕਤਾ ਅਨੁਸਾਰ ਇਸ ਨੂੰ ਕਿਸੇ ਪਾਰਕ ਜਾਂ ਗਰਾਊਂਡ ਵਿੱਚ ਮੇਲੇ ਦਾ ਰੂਪ ਦੇ ਦਿੱਤਾ ਜਾਵੇ, ਜਿੱਥੇ ਲੋਕ ਖਾਣ-ਪੀਣ, ਬਿਜ਼ਨਸ ਵਾਲੇ ਆਪਣੀ ਪ੍ਰਮੋਸ਼ਨ ਕਰਨ? ਦੋ ਵੱਖਰੀਆਂ ਧਾਰਮਿਕ ਤੇ ਰਾਜਸੀ ਸਟੇਜਾਂ ਲਗਾ ਦਿੱਤੀਆਂ ਜਾਣ, ਜਿੱਥੇ ਲੋਕ ਆਪਣੀ ਸੋਚ ਅਨੁਸਾਰ ਮੇਲੇ ਦਾ ਆਨੰਦ ਮਾਨਣ, ਜਿਸ ਤਰ੍ਹਾਂ ਪੰਜਾਬ ਵਿੱਚ ਵੈਸਾਖੀ ਮੇਲਿਆਂ ’ਤੇ ਧਾਰਮਿਕ, ਸਮਾਜਿਕ, ਰਾਜਸੀ ਅਤੇ ਸੱਭਿਆਚਾਰਕ ਸਟੇਜਾਂ ਹੁੰਦੀਆਂ ਹਨ? ਇੱਥੇ ਵੀ ਇਵੇਂ ਹੀ ਕੀਤਾ ਜਾ ਸਕਦਾ ਹੈ, ਜਿਸ ਨਾਲ ਆਮ ਲੋਕਾਂ ਦੀ ਸੜਕਾਂ ਰੋਕਣ ਨਾਲ ਹੁੰਦੀ ਪ੍ਰੇਸ਼ਾਨੀ ਤੋਂ ਵੀ ਬਚਿਆ ਜਾ ਸਕਦਾ ਹੈ ਅਤੇ ਖਰਚਾ ਵੀ ਕਾਫੀ ਘਟ ਸਕਦਾ ਹੈ। ਪਰ ਹੋਵੇਗਾ ਤਾਂ ਹੀ ਜੇ ਗੁਰਦੁਆਰਿਆਂ ਦੇ ਪ੍ਰਬੰਧਕ ਲੋਕ-ਹਿਤ ਵਿੱਚ ਸੋਚਣ ਅਤੇ ਦ੍ਰਿੜ੍ਹਤਾ ਨਾਲ ਫੈਸਲੇ ਲੈਣ ਦੇ ਸਮਰੱਥ ਹੋਣ। ਪਰ ਬਿੱਲੀ ਦੇ ਗਲ਼ ਟੱਲੀ ਬੰਨ੍ਹਣ ਤੋਂ ਹਰ ਕੋਈ ਡਰਦਾ ਹੈ, ਜਦਕਿ ਤਬਦੀਲੀ ਹਰ ਕੋਈ ਚਾਹੁੰਦਾ ਹੈ। ਮੇਰੀ ਬਜ਼ੁਰਗਾਂ ਦੀਆਂ ਸੁਸਾਇਟੀਆਂ ਦੇ ਕਈ ਮੈਂਬਰਾਂ ਨਾਲ ਗੱਲ ਹੋਈ, ਸਭ ਦੀ ਅਜਿਹੀ ਹੀ ਰਾਏ ਹੈ। ਮੇਰੀ ਸਮਝ ਅਨੁਸਾਰ ਸਭ ਜਗ੍ਹਾ ਸੰਗਤ ਨੇ ਆਪਣਾ ਫੈਸਲਾ ਸਪਸ਼ਟ ਰੂਪ ਵਿੱਚ ਦੇ ਦਿੱਤਾ ਹੈ ਕਿ ਬਹੁ-ਗਿਣਤੀ ਸੰਗਤ ਨੂੰ ਸੜਕਾਂ ’ਤੇ ਤੁਰਨ ਵਿੱਚ ਕੋਈ ਦਿਲਚਸਪੀ ਨਹੀਂ, ਸਭ ਨੂੰ ਸਿੱਧਾ ਪਾਰਕ ਵਿੱਚ ਜਾਣਾ ਹੀ ਠੀਕ ਲੱਗ ਰਿਹਾ ਹੈ। ਕੀ ਪ੍ਰਬੰਧਕ ਸੰਗਤ ਦੀ ਇੱਛਾ ਅਨੁਸਾਰ ਫੈਸਲਾ ਕਰ ਸਕਣਗੇ ਜਾਂ ਕੁਝ ਲੋਕਾਂ ਦੇ ਰਾਜਸੀ ਹਿਤਾਂ ਦੀ ਹੀ ਪੂਰਤੀ ਕਰਦੇ ਰਹਿਣਗੇ?
ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਤੁਸੀਂ ਚਲੇ ਜਾਉ, ਹਰੇਕ ਸਮਾਜ, ਦੇਸ਼, ਕੌਮ, ਧਰਮ ਦੀਆਂ ਆਪਣੀਆਂ ਸਮੱਸਿਆਵਾਂ ਹਨ। ਇਸ ਗੱਲ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਸਿੱਖਾਂ ਦੀਆਂ ਪੰਜਾਬ, ਭਾਰਤ ਜਾਂ ਵਿਦੇਸ਼ਾਂ ਵਿੱਚ ਬਾਕੀ ਦੁਨੀਆਂ ਵਾਂਗ ਸਮੱਸਿਆਵਾਂ ਹਨ। ਪਰ ਕੀ ਉਨ੍ਹਾਂ ਸਮੱਸਿਆਵਾਂ ਨੂੰ ਉਸ ਖਿੱਤੇ ਦੇ ਸਾਰੇ ਲੋਕਾਂ ਦੇ ਹਿਤਾਂ ਨੂੰ ਨਜ਼ਰ-ਅੰਦਾਜ਼ ਕਰਕੇ ਮੰਨਿਆ ਜਾਂ ਮਨਾਇਆ ਜਾ ਸਕਦਾ ਹੈ? ਕੀ ਉਸ ਖਿੱਤੇ ਦੇ ਬਾਕੀ ਭਾਈਚਾਰਿਆਂ ਨੂੰ ਨਾਲ ਲਏ ਬਿਨਾਂ ਇਹ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ? ਕੀ ਆਪਣੇ ਹਿਤਾਂ ਨੂੰ ਮੁੱਖ ਰੱਖ ਕੇ ਬਾਕੀ ਪੰਜਾਬੀਆਂ ਉੱਪਰ ਸਿਰਫ ਸਿੱਖਾਂ ਦੀ ਚੌਧਰ ਵਾਲਾ ਰਾਜ ਥੋਪਿਆ ਜਾ ਸਕਦਾ ਹੈ? ਇਸ ਤਰ੍ਹਾਂ ਦੇ ਅਨੇਕਾਂ ਸਵਾਲ ਹਨ, ਜਿਸ ਬਾਰੇ ਸਿੱਖ ਜਗਤ ਵਿੱਚ ਗੰਭੀਰ ਚਿੰਤਨ ਕਰਨ ਦੀ ਦੇਸ਼-ਵਿਦੇਸ਼ ਵਿੱਚ ਲੋੜ ਹੈ। ਨਰਮ-ਖਿਆਲੀ ਜਾਂ ਗਰਮ-ਖਿਆਲੀ ਸਿੱਖ ਲੀਡਰਸ਼ਿੱਪ ਵੱਲੋਂ ਦੇਸ਼-ਵਿਦੇਸ਼ ਵਿੱਚ ਆਪਣੀਆਂ ਮੰਗਾਂ ਲਈ ਜੋ ਢੰਗ ਤਰੀਕੇ ਆਪਣਾਏ ਜਾ ਰਹੇ ਹਨ, ਕੀ ਉਸ ਨਾਲ ਸਿੱਖਾਂ ਦਾ ਕੁਝ ਸੰਵਰ ਰਿਹਾ ਹੈ ਜਾਂ ਸਿੱਖ ਨਿੱਤ ਨਵੇਂ ਦਿਨ ਨਵੀਂਆਂ ਮੁਸੀਬਤਾਂ ਵਿੱਚ ਫਸਦੇ ਜਾ ਰਹੇ ਹਨ? ਜੇ ਸਿੱਖ ਪੰਜਾਬ ਛੱਡ ਕੇ ਵਿਦੇਸ਼ਾਂ ਵੱਲ ਭੱਜ ਰਹੇ ਹਨ ਤੇ ਵਿਦੇਸ਼ੀ ਸਰਕਾਰਾਂ ਸਾਨੂੰ ਖੁਸ਼ੀ-ਖੁਸ਼ੀ ਪਨਾਹ ਵੀ ਦੇ ਰਹੀਆਂ ਹਨ ਤਾਂ ਕਿਤੇ ਸਵਾਰਥੀ ਅਤੇ ਮੌਕਾਪ੍ਰਸਤ ਲੋਕਾਂ ਦੀਆਂ ਹਰਕਤਾਂ ਨਾਲ ਸਭ ਲਈ ਰਾਹ ਬੰਦ ਨਹੀਂ ਹੋ ਜਾਣਗੇ? ਇਸ ਤੋਂ ਪਹਿਲਾਂ ਕਿ ਅਜਿਹਾ ਕੋਈ ਭਾਣਾ ਵਾਪਰੇ, ਕੀ ਕਦੇ ਸਿੱਖ ਪੰਥ ਇਸ ਪਾਸੇ ਵੀ ਗੰਭੀਰਤਾ ਨਾਲ ਵਿਚਾਰ ਕਰੇਗਾ?
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(4988)
(ਸਰੋਕਾਰ ਨਾਲ ਸੰਪਰਕ ਲਈ:(This email address is being protected from spambots. You need JavaScript enabled to view it.)







































































































