“ਬੇਸ਼ਕ ਅੱਜ ਅਸੀਂ ਸਰੀਰਕ ਤੌਰ ’ਤੇ 21ਵੀਂ ਸਦੀ ਵਿੱਚ ਵਿਚਰ ਰਹੇ ਹਾਂ, ਪਰ ਮਾਨਸਿਕ ਤੌਰ ’ਤੇ 17ਵੀਂ-18ਵੀਂ ਸਦੀ ਦੇ ...”
(27 ਮਈ 2023)
ਇਸ ਸਮੇਂ ਪਾਠਕ: 107.
ਸੁਖੀ ਵਸਦੇ ਸੀ ਹਿੰਦੂ ਮੁਸਲਮਾਨ ਦੋਨੋ
ਸਿਰ ਦੋਹਾਂ ਦੇ ਉੱਤੇ ਆਫਾਤ ਆਈ,
ਸ਼ਾਹ ਮੁਹੰਮਦਾ ਵਿਚ ਪੰਜਾਬ ਦੇ ਜੀ
ਕਦੇ ਨਹੀਂ ਸੀ ਤੀਸਰੀ ਜਾਤ ਆਈ।
(ਜੰਗਨਾਮਾ - ਸਿੰਘਾਂ ਫਿਰੰਗੀਆਂ ਦਾ, ਸ਼ਾਹ ਮੁਹੰਮਦ)
ਸ਼ਾਹ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੀਆਂ ਫ਼ੌਜਾਂ ਤੇ ਅੰਗਰੇਜ਼ਾਂ ਦੀਆਂ ਲੜਾਈਆਂ ਨੂੰ ਜੰਗਨਾਮਾ ਵਿੱਚ ਵਿਸਥਾਰ ਨਾਲ਼ ਲਿਖਿਆ ਹੈ, ਜਿਸ ਵਿੱਚ ਉਹ ਸਿੱਖ ਰਾਜ ਦੀਆਂ ਸਿਫਤਾਂ ਕਰਦਾ ਲਿਖਦਾ ਹੈ ਕਿ ਪੰਜਾਬ ਵਿੱਚ ਮਹਾਰਾਜੇ ਦੇ ਰਾਜ ਵਿੱਚ ਦੋਨੋਂ ਕੌਮਾਂ (ਹਿੰਦੂ ਅਤੇ ਮੁਸਲਮਾਨ) ਬੜੇ ਸੁਖੀ ਵਸਦੇ ਸਨ ਤੇ ਇੱਥੇ ਕੋਈ ਤੀਜੀ ਕੌਮ ਨਹੀਂ ਸੀ।
ਸ਼ਾਹ ਮੁਹੰਮਦ ਨੇ ਇਸ ਵਿੱਚ ਤੀਜੀ ਕੌਮ ਸਿੱਖਾਂ ਨੂੰ ਕਿਉਂ ਨਹੀਂ ਕਿਹਾ, ਸਿਰਫ ਦੋ ਕੌਮਾਂ ਦੀ ਹੀ ਕਿਉਂ ਗੱਲ ਕੀਤੀ ਹੈ? ਜਦਕਿ ਸਿੱਖ ਕਹਿੰਦੇ ਹਨ ਕਿ ਸਿੱਖਾਂ ਦਾ ਰਾਜ ਸੀ। ਕੀ ਇਸਦਾ ਮਤਲਬ ਹੈ ਕਿ ਮਹਾਰਾਜੇ ਦੇ ਰਾਜ ਤੱਕ ਸਿੱਖ ਤੇ ਹਿੰਦੂ ਇੱਕੋ ਸਨ? ਸਿੱਖਾਂ ਤੇ ਹਿੰਦੂਆਂ ਵਿੱਚ ਕੋਈ ਵਖਰੇਵਾਂ ਨਹੀਂ ਸੀ? ਕੀ ਮਹਾਰਾਜੇ ਦੇ ਰਾਜ ਨੂੰ ਖਤਮ ਕਰਕੇ ਅੰਗਰੇਜ਼ਾਂ ਨੇ ਸਿੱਖਾਂ-ਹਿੰਦੂਆਂ ਵਿੱਚ ਫੁੱਟ ਪਾਉਣ ਲਈ ਸਿੱਖਾਂ ਵਿੱਚ ਤੀਜੀ ਤੇ ਵੱਖਰੀ ਸਿੱਖ ਕੌਮ ਦੇ ਬੀਜ ਬੀਜੇ ਸਨ? ਕੀ ਇਹ ਸੱਚ ਹੈ ਕਿ ਅੰਗਰੇਜ਼ਾਂ ਨੇ ਸਿੰਘ ਸਭਾ ਮੂਵਮੈਂਟ ਰਾਹੀਂ ‘ਸਿੱਖ ਇੱਕ ਵੱਖਰੀ ਕੌਮ’ ਦਾ ਸਿਧਾਂਤ ਪੇਸ਼ ਕੀਤਾ ਸੀ ਤਾਂ ਕਿ ਸਿੱਖਾਂ ਨੂੰ ਆਪਣੀ ਫੌਜ ਵਿੱਚ ਵਰਤ ਸਕਣ? ਕੀ ਸਿੰਘ ਸਭਾ ਦੇ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੀ ਕਿਤਾਬ ‘ਹਮ ਹਿੰਦੂ ਨਹੀਂ’ ਵੀ ਕਿਸੇ ਸਾਜਿਸ਼ ਦਾ ਹਿੱਸਾ ਸੀ?
ਮੇਰੀ ਸਮਝ ਅਨੁਸਾਰ ਸਿੱਖ ਪੰਥ ਅੱਜ ਹਰ ਮਸਲੇ ’ਤੇ ਦੁਬਿਧਾ ਦਾ ਸ਼ਿਕਾਰ ਹੈ। ਗੁਰੂਆਂ ਦੀ ਲਹਿਰ ਪੂਰੀ ਤਰ੍ਹਾਂ ਕੁਰਾਹੇ ਪੈ ਚੁੱਕੀ ਹੈ। ਇਸ ਵਿੱਚ ਧਰਮ ਵਾਲ਼ੀ ਕੋਈ ਗੱਲ ਨਹੀਂ ਰਹੀ। ਸਭ ਪਾਸੇ ਹਿੰਸਾ ਅਤੇ ਨਫ਼ਰਤ ਦੀ ਰਾਜਨੀਤੀ ਭਾਰੂ ਹੈ। ਇਸਦਾ ਕਾਰਨ ਸਿਰਫ ਇੱਕੋ ਹੈ ਕਿ ਮਾਡਰਨ ਸਿੱਖੀ ਦਾ ਨਿਰਮਾਣ ਗੁਰਬਾਣੀ ਦੇ ਬੁਨਿਆਦੀ ਅਸੂਲਾਂ ਤੋਂ ਉਲਟ ਇੱਕ ਰਾਜਨੀਤਕ ਫਿਰਕੇ ਦੇ ਤੌਰ ’ਤੇ ਹੋਇਆ ਹੈ। ਸਾਡੀ ਹਰ ਮਰਿਯਾਦਾ ਦਾ ਅਧਾਰ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਪ੍ਰਚੱਲਤ ਮਰਿਯਾਦਾਵਾਂ ਦਾ ਖੰਡਨ ਕਰਕੇ ਉਨ੍ਹਾਂ ਦੀ ਨਕਲ ’ਤੇ ਨਵੇਂ ਨਾਵਾਂ ਹੇਠ ਬਣਾਈਆਂ ਮਰਿਯਾਦਾਵਾਂ ਹਨ, ਜੋ ਆਪਣੇ ਆਪ ਵਿੱਚ ਗੁਰਬਾਣੀ ਤੋਂ ਉਲਟ ਹਨ। ਇਸ ਤੋਂ ਵੀ ਅਗਲੀ ਗੱਲ ਇਹ ਹੈ ਕਿ ਬੇਸ਼ਕ ਅੱਜ ਅਸੀਂ ਸਰੀਰਕ ਤੌਰ ’ਤੇ 21ਵੀਂ ਸਦੀ ਵਿੱਚ ਵਿਚਰ ਰਹੇ ਹਾਂ, ਪਰ ਮਾਨਸਿਕ ਤੌਰ ’ਤੇ 17ਵੀਂ-18ਵੀਂ ਸਦੀ ਦੇ ਕਬੀਲਾ ਅਤੇ ਜਗੀਰੂ ਕਲਚਰ ਵਿੱਚ ਜੀਅ ਰਹੇ ਹਾਂ। ਅਸੀਂ ਮਾਡਰਨ ਵਰਲਡ ਦੀ ਲੋਕਤੰਤਰੀ ਅਤੇ ਸੈਕੂਲਰ ਸੋਚ ਨੂੰ ਅਪਣਾ ਨਹੀਂ ਸਕੇ?
ਅਜਿਹੀਆਂ ਦੁਬਿਧਾਵਾਂ ਕਾਰਨ ਸਾਨੂੰ ਨਿੱਤ ਨਵੀਆਂ ਸਮੱਸਿਆਵਾਂ ਘੇਰੀ ਰੱਖਦੀਆਂ ਹਨ। ਅਸੀਂ ਆਪੇ ਮਸਲੇ ਸਹੇੜ ਕੇ ਦੂਜਿਆਂ ਉੱਤੇ ਵਿਤਕਰਿਆਂ ਦੇ ਇਲਜ਼ਾਮ ਲਗਾ ਕੇ ਖੁਸ਼ ਹੁੰਦੇ ਹਾਂ। ਸਾਡੇ ਕੋਲ਼ ਭਵਿੱਖ ਦਾ ਕੋਈ ਵਿਜਨ ਜਾਂ ਪਲੈਨ ਨਹੀਂ ਹੈ, ਐਵੇਂ ਧੂੜ ਵਿੱਚ … ਭਜਾਈ ਫਿਰਦੇ ਹਾਂ।
*****
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
(3991)
(ਸਰੋਕਾਰ ਨਾਲ ਸੰਪਰਕ ਲਈ: (This email address is being protected from spambots. You need JavaScript enabled to view it.)











































































































