HarcharanSParhar7ਇੱਥੇ ਵੱਖ-ਵੱਖ ਕਿਤਾਬਾਂ ਵਿਚਲੇ ਉੱਪਰਲੇ ਸਾਰੇ ਬਿਰਤਾਂਤ ਤੇ ਤੱਥ ਪਾਠਕਾਂ ਦੀ ਕਚਹਿਰੀ ਵਿੱਚ ...
(21 ਜਨਵਰੀ 2022)

 

“ਜਿਸ ਦਿਨ 9 ਸਤੰਬਰ, 1981 ਨੂੰ ਲਾਲਾ ਜਗਤ ਨਰਾਇਣ ਦਾ ਕਤਲ ਹੋਇਆ, ਭਿੰਡਰਾਂਵਾਲ਼ਾ ਚੰਦੋ ਕਲਾਂ (ਹਰਿਆਣਾ) ਵਿੱਚ ਸਿੱਖੀ ਪ੍ਰਚਾਰ ਦੇ ਦੌਰੇ ’ਤੇ ਸੀਕਤਲ ਤੋਂ ਚਾਰ ਦਿਨ ਬਾਅਦ ਸੰਤ ਦੀ ਗ੍ਰਿਫਤਾਰੀ ਦੇ ਆਰਡਰ ਹੋ ਚੁੱਕੇ ਸਨਉਸ ਵਕਤ ਉਨ੍ਹਾਂ ਨਾਲ ਉਹ ਦੋ ਵਿਅਕਤੀ ਵੀ ਹਾਜ਼ਰ ਸਨ, ਜਿਨ੍ਹਾਂ ਦੇ ਨਾਮ ਲਾਲੇ ਦੇ ਕਤਲ ਕੇਸ ਦੀ ਐੱਫ਼ ਆਈ. ਆਰ. ਵਿੱਚ ਦਰਜ ਸਨਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਹੁਕਮਾਂ ’ਤੇ ਵਧੀਕ ਡੀ. ਐੱਸ. ਮਾਂਗਟ ਆਪਣੀ ਫੋਰਸ ਨਾਲ ਸੰਤ ਨੂੰ ਗ੍ਰਿਫਤਾਰ ਕਰਨ ਲਈ ਹਰਿਆਣੇ ਨੂੰ ਰਵਾਨਾ ਹੋ ਚੁੱਕਾ ਸੀਪਰ ਇਸ ਤੋਂ ਪਹਿਲਾਂ ਹੀ ਭਿੰਡਰਾਂਵਾਲ਼ੇ ਨੂੰ ਉੱਪਰੋਂ ਜਾਣਕਾਰੀ ਮਿਲ਼ ਚੁੱਕੀ ਸੀ ਤੇ ਉਹ ਆਪਣੇ ਕੁਝ ਸਾਥੀਆਂ ਨਾਲ ਮਹਿਤਾ ਚੌਕ ਲਈ ਰਵਾਨਾ ਹੋ ਗਿਆ ਸੀਉਹ ਸਾਰੇ 300 ਕਿਲੋਮੀਟਰ ਦਾ ਸਫਰ ਤੈਅ ਕਰਕੇ 13-14 ਸਤੰਬਰ, 1981 ਦੀ ਰਾਤ ਨੂੰ ਆਪਣੇ ਹੈੱਡ ਕੁਆਟਰ ਪਹੁੰਚ ਚੁੱਕੇ ਸਨਗਿਆਨੀ ਜ਼ੈਲ ਸਿੰਘ ਨੇ ਖੁਦ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੂੰ ਕਹਿ ਦਿੱਤਾ ਸੀ ਕਿ ਸੰਤ ਨੂੰ ਗ੍ਰਿਫਤਾਰ ਨਾ ਕੀਤਾ ਜਾਵੇ ਅਤੇ ਉਹ ਇਸ ਝਮੇਲੇ ਵਿੱਚ ਨਾ ਪਵੇਉਸ ਵਕਤ ਮੈਂਨੂੰ ਡੀ. ਆਈ. ਜੀ., ਬੀ. ਐੱਸ. ਐੱਫ ਦਿਵਾਕਰ ਗੁਪਤਾ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਭਿੰਡਰਾਂਵਾਲ਼ੇ ਨੂੰ ਕਈ ਚੈੱਕ ਪੋਸਟਾਂ ’ਤੇ ਗ੍ਰਿਫਤਾਰ ਕਰਨਾ ਚਾਹਿਆ, ਪਰ ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਉਸ ਨੂੰ ਜਾਣ ਦਿੱਤਾ ਗਿਆਭਿੰਡਰਾਂਵਾਲ਼ਾ ਇੰਨੀ ਕਾਹਲ਼ੀ ਵਿੱਚ ਨਿਕਲਿਆ ਸੀ ਕਿ ਉਹ ਧਾਰਮਿਕ ਪੋਥੀਆਂ ਤੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਵਾਲੀ ਵੈਨ ਉੱਥੇ ਹੀ ਛੱਡ ਆਇਆ ਸੀਜਿਹੜੀਆਂ ਬਾਅਦ ਵਿੱਚ ਹੋਈ ਹਿੰਸਾ ਵਿੱਚ ਸੜ ਗਈਆਂ ਸਨ

(ਜੀ.ਬੀ. ਐੱਸ. ਸਿੱਧੂ ਦੀ ਕਿਤਾਬ ‘ਖਾਲਿਸਤਾਨ ਦੀ ਸਾਜ਼ਿਸ਼’ ਪੰਨਾ 61)ਇਸ ਕਿਤਾਬ ਦੀਆਂ ਉੱਪਰਲੀਆਂ ਕੁਝ ਸਤਰਾਂ ਪੰਜਾਬ ਵਿੱਚ 1978-1995 ਦੌਰਾਨ ਵਾਪਰੇ ਖੂਨੀ ਦੌਰ ਦੀ ਸ਼ੁਰੂਆਤ ਦੀ ਤਸਵੀਰ ਪੇਸ਼ ਕਰਦੀਆਂ ਹਨ ਕਿ ਕਿਵੇਂ ਇੱਕ ਪਾਸੇ ਪੁਲਿਸ ਪ੍ਰਸ਼ਾਸਨ, ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਸੰਤ ਭਿੰਡਰਾਂਵਾਲ਼ਿਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਦੂਜੇ ਪਾਸੇ ਭਾਰਤ ਦਾ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਉਸ ਨੂੰ ਬਚਾਉਣ ਲਈ ਸਾਰੀਆਂ ਹੱਦਾਂ ਪਾਰ ਕਰ ਰਿਹਾ ਸੀਇਹ ਉਸ ਵਰਤਾਰੇ ਦੀ ਸ਼ੁਰੂਆਤ ਸੀ, ਜਿਸਨੇ ਬਾਅਦ ਵਿੱਚ ਵੱਡੇ ਘੱਲੂਘਾਰੇ ਨੂੰ ਜਨਮ ਦੇਣਾ ਸੀ

“ਅਖੀਰ ਲਾਲਾ ਜਗਤ ਨਰਾਇਣ ਦੇ ਕਤਲ ਕੇਸ ਵਿੱਚ ਭਿੰਡਰਾਂਵਾਲ਼ੇ ਨੂੰ ਚੌਕ ਮਹਿਤਾ ਤੋਂ 20 ਸਤੰਬਰ, 1981 ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 15 ਅਕਤੂਬਰ, 1981 ਨੂੰ ਰਿਹਾਅ ਕਰ ਦਿੱਤਾ ਗਿਆਇਹ ਮੰਨਣ ਲਈ ਸਾਰੇ ਮਹੱਤਵਪੂਰਣ ਸਬੂਤ ਮੌਜੂਦ ਹਨ ਕਿ ਉਸਦੀ ਰਿਹਾਈ ਹੋਮ ਮਨਿਸਟਰ ਗਿਆਨੀ ਜ਼ੈਲ ਸਿੰਘ ਦੇ ਸਿੱਧੇ ਹੁਕਮਾਂ ਅਨੁਸਾਰ ਹੋਈ ਸੀਉਸਨੇ ਪਾਰਲੀਮੈਂਟ ਵਿੱਚ ਸੰਤ ਦੇ ਨਿਰਦੋਸ਼ ਹੋਣ ਦੀ ਨਿਸ਼ੰਗ ਹੋ ਕੇ ਜ਼ਾਮਨੀ ਦਿੱਤੀ ਸੀਪੰਜਾਬ ਦੇ ਕੁਝ ਸੀਨੀਅਰ ਕਾਂਗਰਸੀ ਲੀਡਰਾਂ ਨੇ ਬੀ. ਬੀ. ਸੀ. ਦੇ ਪੱਤਰਕਾਰ ਸਤੀਸ਼ ਜੈਕਬ ਨੂੰ ਦੱਸਿਆ ਸੀ ਕਿ ਮੈਡਮ ਗਾਂਧੀ ਦੀ ਵੀ ਇਸ ਵਿੱਚ ਪੂਰੀ ਸਹਿਮਤੀ ਸੀਇਸਦੀ ਤਸਦੀਕ ਬਾਅਦ ਵਿੱਚ ਬੀ. ਬੀ. ਸੀ. ਦੇ ਪੱਤਰਕਾਰ ਮਾਰਕ ਤੁਲੀ ਨਾਲ ਇੰਟਰਵਿਊ ਦੌਰਾਨ ਮਨਜੀਤ ਸਿੰਘ ਜੀਕੇ ਨੇ ਵੀ ਕੀਤੀ ਸੀਉਸਦੇ ਦੱਸਣ ਅਨੁਸਾਰ ਉਸਦੇ ਪਿਤਾ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਨੇ ਇੰਦਰਾ ਗਾਂਧੀ ਨੂੰ ਧਮਕੀ ਦਿੱਤੀ ਸੀ ਕਿ ਜੇ ਸੰਤ ਨੂੰ ਬਿਨਾਂ ਸ਼ਰਤ ਰਿਹਾਅ ਨਾ ਕੀਤਾ ਤਾਂ ਦਿੱਲੀ ਕਮੇਟੀ ਕਾਂਗਰਸ ਦਾ ਸਾਥ ਛੱਡ ਦੇਵੇਗੀਮਾਰਕ ਤੁਲੀ ਦੀ ਕਿਤਾਬ ‘ਅੰਮ੍ਰਿਤਸਰ: ਇੰਦਰਾ ਗਾਂਧੀ ਦੀ ਆਖਰੀ ਲੜਾਈ’ ਦੇ ਪੰਨਾ 65 ਅਨੁਸਾਰ ਇੰਦਰਾ ਗਾਂਧੀ ਦੀ ਇਹ ਇੱਕ ਅਜਿਹੀ ਸਿਆਸੀ ਗਲਤੀ ਸੀ, ਜਿਸ ਵਿੱਚ ਉਸਨੇ ਆਪਣੇ ਸੌੜੇ ਸਿਆਸੀ ਮੁਫਾਦਾਂ ਲਈ ਇਨਸਾਫ ਨੂੰ ਦਰ-ਕਿਨਾਰ ਕਰਕੇ ਇੱਕ ਅਜਿਹਾ ‘ਫਰੈਂਕਿਨਸਟੀਨ’ ਖੜ੍ਹਾ ਕਰ ਲਿਆ ਸੀ, ਜਿਸਨੇ ਕਿ ਬਾਅਦ ਵਿੱਚ ਉਸ ਨੂੰ ਹੀ ਨਿਗਲ਼ ਜਾਣਾ ਸੀ

ਬੀ. ਬੀ. ਸੀ. ਦੇ ਪੱਤਰਕਾਰ ਮਾਰਕ ਤੁਲੀ ਤੇ ਸਤੀਸ਼ ਜੈਕਬ ਆਪਣੀ ਇਸੇ ਕਿਤਾਬ ਦੇ ਪੰਨਾ 63 ’ਤੇ ਲਿਖਦੇ ਹਨ ਕਿ ਭਾਰਤ ਦੇ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਨੇ 14 ਅਕਤੂਬਰ, 1981 ਨੂੰ ਪਾਰਲੀਮੈਂਟ ਵਿੱਚ ਦੱਸਿਆ ਕਿ ਅਜਿਹਾ ਕੋਈ ਸਬੂਤ ਨਹੀਂ ਮਿਲ਼ਿਆ, ਜਿਸ ਤੋਂ ਪਤਾ ਲੱਗੇ ਕਿ ਸੰਤ ਭਿੰਡਰਾਂਵਾਲ਼ਾ, ਲਾਲਾ ਜਗਤ ਨਰਾਇਣ ਦੇ ਕਤਲ ਦੀ ਸਾਜ਼ਿਸ਼ ਵਿੱਚ ਕਿਸੇ ਵੀ ਤਰ੍ਹਾਂ ਸ਼ਾਮਿਲ ਹੈਜਿਸ ਤੋਂ ਬਾਅਦ ਅਗਲੇ ਦਿਨ ਉਸ ਨੂੰ ਬਿਨਾਂ ਸ਼ਰਤ ਰਿਹਾਅ ਕਰ ਦਿੱਤਾ ਗਿਆਇਸੇ ਕਿਤਾਬ ਦੇ ਪੰਨਾ 64-65 ’ਤੇ ਉਹ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਬਾਰੇ ਲਿਖਦੇ ਹਨ: ‘ਉਸ ਵਕਤ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੰਟਰੋਲ ਕਾਂਗਰਸ ਪਾਰਟੀ ਦੇ ਹੱਥ ਵਿੱਚ ਸੀਇਸਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਦੇ ਸ੍ਰੀਮਤੀ ਇੰਦਰਾ ਗਾਂਧੀ ਤੇ ਗ੍ਰਹਿ ਮੰਤਰੀ ਜ਼ੈਲ ਸਿੰਘ ਨਾਲ ਬੜੇ ਨੇੜੇ ਦੇ ਨਿੱਜੀ ਸਬੰਧ ਸਨਜਥੇਦਾਰ ਸੰਤੋਖ ਸਿੰਘ ਭਿੰਡਰਾਂਵਾਲ਼ੇ ਦਾ ਵੀ ਖਾਸ ਆਦਮੀ ਸੀਭਿੰਡਰਾਂਵਾਲ਼ਾ ਅਕਸਰ ਕਹਿੰਦਾ ਸੀ ਕਿ ਸੰਤੋਖ ਸਿੰਘ ਨੇ ਉਦੋਂ ਉਸਦੇ ਵਕੀਲਾਂ ਦੀ ਫੀਸ ਭਰੀ ਸੀ, ਜਦੋਂ ਉਸ ਉੱਤੇ ਨਿਰੰਕਾਰੀ ਮੱਤ ਦੇ ਮੁਖੀ ਗੁਰਬਚਨ ਸਿੰਘ ਦੇ ਕਤਲ ਕੇਸ ਦੀ ਸਾਜ਼ਿਸ਼ ਦਾ ਦੋਸ਼ ਲਗਾਇਆ ਗਿਆ ਸੀ ਅਤੇ ਉਹ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਭਾਈ ਰਣਜੀਤ ਸਿੰਘ ਨੂੰ ਵੀ ਦਿੰਦਾ ਸੀ, ਜਿਸਨੇ ਨਿਰੰਕਾਰੀ ਮੁਖੀ ਨੂੰ ਮਾਰਿਆ ਸੀਸੰਤੋਖ ਸਿੰਘ ਉਦੋਂ ਮਹਿਤੇ ਚੌਕ ਮੌਜੂਦ ਸੀ, ਜਦੋਂ ਸੰਤ ਨੇ ਲਾਲੇ ਦੇ ਕੇਸ ਵਿੱਚ ਗ੍ਰਿਫਤਾਰੀ ਦਿੱਤੀ ਸੀਉੱਥੇ ਉਸਨੇ ਆਪਣੀ ਭੜਕਾਊ ਤਕਰੀਰ ਵਿੱਚ ਕਿਹਾ ਸੀ: ‘ਜੇ ਸਰਕਾਰ ਭਿੰਡਰਾਂਵਾਲ਼ੇ ਨੂੰ ਫੜਦੀ ਹੈ ਤਾਂ ਉਹ ਸਿੱਖਾਂ ਦੇ ਦਿਲ ਨੂੰ ਹੱਥ ਪਾਵੇਗੀਜੇ ਉਸ ’ਤੇ ਝੂਠੇ ਕੇਸ ਪਾਏ ਤਾਂ ਸਿੱਖ ਕੌਮ ਜਵਾਲਾਮੁਖੀ ਵਾਂਗ ਫਟ ਪਵੇਗੀ ਅਤੇ ਪਿਘਲ਼ਿਆ ਲਾਵਾ ਇਸ ਦੇਸ਼ ਨੂੰ ਡੁਬੋਅ ਦੇਵੇਗਾ’ ਸੰਤ ਦੀ ਗ੍ਰਿਫਤਾਰੀ ਤੋਂ ਬਾਅਦ ਅਕਾਲੀਆਂ ਨੇ ਵੀ 16 ਅਕਤੂਬਰ, 1981 ਨੂੰ ਪੰਜਾਬ ਦੀਆਂ ਮੰਗਾਂ ਬਾਰੇ ਇੰਦਰਾ ਸਰਕਾਰ ਨਾਲ ਹੋਣ ਵਾਲੀ ਪਹਿਲੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਇਹ ਮੰਗ ਰੱਖ ਦਿੱਤੀ ਸੀ ਕਿ ਜਦੋਂ ਤਕ ਸੰਤ ਨੂੰ ਬਿਨਾਂ ਸ਼ਰਤ ਰਿਹਾਅ ਨਹੀਂ ਕੀਤਾ ਜਾਂਦਾ, ਕੋਈ ਗੱਲਬਾਤ ਨਹੀਂ ਹੋਵੇਗੀਪੱਤਰਕਾਰ ਜਗਤਾਰ ਸਿੰਘ ਦੀ ਕਿਤਾਬ “Khalistan Struggle - A Non Movement.” ਅਨੁਸਾਰ ਸੰਤਾਂ ਦੀ ਚੜ੍ਹਤ ਦੀ ਸ਼ੁਰੂਆਤ ਤਾਂ ਉਸੇ ਸਮੇਂ ਹੋ ਗਈ ਸੀ, ਜਦੋਂ ਜੇਲ੍ਹ ਤੋਂ ਰਿਹਾਈ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਗੁਰਚਰਨ ਸਿੰਘ ਟੌਹੜਾ ਅਤੇ ਅਕਾਲ ਤਖਤ ਦਾ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਹਜ਼ਾਰਾਂ ਲੋਕਾਂ ਨਾਲ ਜੇਲ੍ਹ ਦੇ ਬਾਹਰ ਸੰਤਾਂ ਦੇ ਸਵਾਗਤ ਲਈ ਖੜ੍ਹੇ ਸਨ ਅਤੇ ਫਿਰ ਸੰਤ ਜੀ ਨੂੰ ਵੱਡੇ ਭਾਰੀ ਜਲੂਸ ਵਿੱਚ ਜਿੱਤ ਦੇ ਨਾਅਰੇ ਲਾਉਂਦੇ ਹੋਏ ਦਰਬਾਰ ਸਾਹਿਬ ਲੈ ਗਏ ਸਨ84 ਦੇ ਦੌਰ ਬਾਰੇ ਵੱਖ-ਵੱਖ ਕਿਤਾਬਾਂ ਵਿੱਚ ਛਪੀ ਜਾਣਕਾਰੀ ਤੋਂ ਕਈ ਸਵਾਲ ਖੜ੍ਹੇ ਹੁੰਦੇ ਹਨਇੱਕ ਪਾਸੇ ਦਿੱਲੀ ਕਮੇਟੀ ਦਾ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਇੰਦਰਾ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਦਾ ਵੀ ਚਹੇਤਾ ਹੈ ਅਤੇ ਦੂਜੇ ਪਾਸੇ ਸੰਤ ਭਿੰਡਰਾਂਵਾਲੇ ਦਾ ਵੀ ਖਾਸਮ-ਖਾਸ ਹੈਇੱਕ ਪਾਸੇ ਪੰਜਾਬ ਦੀ ਦਰਬਾਰਾ ਸਿੰਘ ਸਰਕਾਰ ਸੰਤ ਨੂੰ ਕਤਲ ਕੇਸ ਵਿੱਚ ਗ੍ਰਿਫਤਾਰ ਕਰਦੀ ਹੈ ’ਤੇ ਦੂਜੇ ਪਾਸੇ ਸੈਂਟਰ ਸਰਕਾਰ ਸੰਤ ਨੂੰ ਬੇਗੁਨਾਹ ਕਹਿ ਕੇ ਬਿਨਾਂ ਸ਼ਰਤ ਰਿਹਾਅ ਕਰ ਰਹੀ ਹੈ? ਕੀ ਇਹ ਉਹੋ ਪ੍ਰਪੰਚ ਨਹੀਂ ਸੀ, ਜੋ ਉਸ ਦੌਰ ਲਈ ਪਿੜ ਬੰਨ੍ਹ ਰਿਹਾ ਸੀ, ਜਿਸਨੇ ਬਾਅਦ ਵਿੱਚ ਜੂਨ, 84 ਦੇ ਹਮਲੇ ਅਤੇ ਫਿਰ ਦਸ ਸਾਲ ਦੀ ਕਤਲੋ-ਗਾਰਤ ਦੇ ਰੂਪ ਵਿੱਚ ਪ੍ਰਗਟ ਹੋਣਾ ਸੀ?

ਲਾਲਾ ਜਗਤ ਨਰਾਇਣ ਦੇ ਕਤਲ ਤੋਂ ਪਹਿਲਾਂ 24 ਅਪਰੈਲ, 1980 ਨੂੰ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਦੀ ਹੱਤਿਆ ਹੋ ਹੀ ਚੁੱਕੀ ਸੀਉਸ ਵਕਤ ਵੀ ਸੰਤ ਭਿੰਡਰਾਂਵਾਲਿਆਂ ਦਾ ਨਾਮ ਕਤਲ ਦੀ ਸਾਜ਼ਿਸ਼ ਵਿੱਚ ਆਇਆ ਸੀਜਿਸ ਬਾਰੇ ਗੁਰਦੇਵ ਸਿੰਘ ਗਰੇਵਾਲ ਦੀ ਕਿਤਾਬ “Searching Eye: An Insider Looks at Punjab Crisis ਦੇ ਪੰਨਾ 113 ਅਨੁਸਾਰ ਗ੍ਰਹਿ ਮੰਤਰਾਲੇ ਦੀਆਂ ਹਦਾਇਤਾਂ ’ਤੇ ਸੀ ਬੀ ਆਈ ਦੇ ਡਾਇਰੈਕਟਰ ਜੇ. ਐੱਸ. ਬਾਵਾ ਨੇ ਸੰਤ ਭਿੰਡਰਾਂਵਾਲੇ ਤੋਂ ਨਿਰੰਕਾਰੀ ਮੁਖੀ ਕਤਲ ਕੇਸ ਬਾਰੇ ਗੁਰੂ ਰਾਮਦਾਸ ਸਰਾਂ ਵਿੱਚ ਪਹੁੰਚ ਕੇ ਪੁੱਛਗਿੱਛ ਦੀ ਸੰਕੇਤਕ ਕਾਰਵਾਈ ਪਾਈ ਸੀਸੰਤ ਨਿਰੰਕਾਰੀ ਮੁਖੀ ਦੇ ਕਤਲ ਪਿੱਛੋਂ ਇਹਤਿਆਤੀ ਕਦਮ ਵਜੋਂ ਮਹਿਤਾ ਚੌਕ ਤੋਂ ਗੁਰੂ ਰਾਮ ਦਾਸ ਸਰਾਂ ਵਿੱਚ ਪਹੁੰਚ ਚੁੱਕੇ ਸਨਇੱਥੇ ਇਹ ਵੀ ਵਰਨਣਯੋਗ ਹੈ ਕਿ ਨਿਰੰਕਾਰੀ ਮੁਖੀ ਨੂੰ ਕਤਲ ਕਰਨ ਲਈ ਜੋ ਕਾਰਬਾਈਨ ਵਰਤੀ ਗਈ ਸੀ, ਉਹ ਸੰਤ ਦੇ ਵੱਡੇ ਭਰਾ ਜਗੀਰ ਸਿੰਘ ਦੇ ਨਾਮ ’ਤੇ ਰਜਿਸਟਰਡ ਸੀਇਸ ਕਤਲ ਕਾਂਡ ਵਿੱਚ ਨਾਮਜ਼ਦ ਕੀਤੇ ਗਏ 25 ਦੇ ਕਰੀਬ ਵਿਅਕਤੀਆਂ ਵਿੱਚ ਟਕਸਾਲ ਦੇ ਕੁਝ ਸਿੰਘਾਂ ਦੇ ਨਾਮ ਵੀ ਸ਼ਾਮਿਲ ਸਨਇੰਡੀਅਨ ਐਕਪ੍ਰੈੱਸ ਦੇ ਪੱਤਰਕਾਰ ਤੇ ਸੰਤਾਂ ਦੇ ਨਜ਼ਦੀਕੀ ਰਹੇ ਜਗਤਾਰ ਸਿੰਘ ਦੀ ਕਿਤਾਬ ”Khalistan Struggle: A Non Movement ਅਨੁਸਾਰ ਉਸ ਵਕਤ ਜਦੋਂ ਸੰਤ ਭਿੰਡਰਾਂਵਾਲੇ ਦੀ ਗ੍ਰਿਫਤਾਰੀ ਦੀ ਗੱਲ ਚੱਲ ਰਹੀ ਸੀ ਤਾਂ ‘ਦਲ ਖਾਲਸਾ’ ਨੇ ਅਖਬਾਰੀ ਬਿਆਨ ਰਾਹੀਂ ਧਮਕੀ ਦਿੱਤੀ ਸੀ ਕਿ ਜੇ ਸੰਤ ਜੀ ਦਾ ਵਾਲ਼ ਵੀ ਵਿੰਗਾ ਹੋਇਆ ਤਾਂ ਅਸੀਂ ਕਤਲਾਂ ਦੀ ਹਨ੍ਹੇਰੀ ਲਿਆ ਦਿਆਂਗੇਉਸ ਵਕਤ ਵੀ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਪਾਰਲੀਮੈਂਟ ਵਿੱਚ ਬਿਆਨ ਦਿੱਤਾ ਸੀ ਕਿ ਸੰਤ ਭਿੰਡਰਾਂਵਾਲ਼ਿਆਂ ਦਾ ਨਿਰੰਕਾਰੀ ਕਤਲ ਕਾਂਡ ਵਿੱਚ ਕੋਈ ਹੱਥ ਨਹੀਂ

ਪੁਸਤਕ ‘ਖਾਲਿਸਤਾਨ ਦੀ ਸਾਜ਼ਿਸ਼’ ਅਨੁਸਾਰ’ 1977 ਤੋਂ 1984 ਤਕ ਪੰਜਾਬ ਵਿੱਚ ਕਾਂਗਰਸ ਵੱਲੋਂ ਦੋ ਅਪਰੇਸ਼ਨ ਚਲਾਏ ਗਏਪਹਿਲਾ ‘ਭਿੰਡਰਾਂਵਾਲ਼ਾ - ਖਾਲਿਸਤਾਨ’ ਸੀ, ਜੋ 1977 ਤੋਂ 1980 ਤਕ ਸੀਜਿਸ ਨੂੰ ਸੰਜੇ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਲੀਡ ਕਰ ਰਹੇ ਸਨਉਨ੍ਹਾਂ ਦੇ ਨਾਲ ਇੰਦਰਾ ਗਾਂਧੀ ਤੇ ਕਮਲ ਨਾਥ ਸਨਇਸ ਮਿਸ਼ਨ ਦਾ ਮਕਸਦ ਸਿੱਖਾਂ ਵਿੱਚ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਆਪਣੀ ਥਾਂ ਬਣਾਉਣਾ ਸੀਇਸੇ ਮਕਸਦ ਨਾਲ 1979 ਦੀਆਂ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਸੰਤ ਭਿੰਡਰਾਂਵਾਲ਼ੇ, ਦਲ ਖਾਲਸਾ ਤੇ ਜਗਜੀਤ ਸਿੰਘ ਚੌਹਾਨ ਵੱਲੋਂ ਅਕਾਲੀਆਂ ਖਿਲਾਫ ਆਪਣੇ ਬੰਦੇ ਵੀ ਖੜ੍ਹੇ ਕੀਤੇ ਗਏ ਸਨਇਸ ਮਿਸ਼ਨ ਅਨੁਸਾਰ ਸੰਤ ਭਿੰਡਰਾਂਵਾਲ਼ੇ ਨੂੰ ਸਿੱਖਾਂ ਵਿੱਚ ਗਰਮ ਖਿਆਲੀ ਸਿੱਖਾਂ ਦੇ ਉਭਾਰ, ਧਾਰਮਿਕ ਕੱਟੜਵਾਦ ਅਤੇ ਪੰਜਾਬ ਵਿੱਚ ਹਿੰਸਕ ਮਾਹੌਲ ਤਿਆਰ ਕਰਨ ਲਈ ਵਰਤਿਆ ਜਾਣਾ ਸੀ ਤਾਂ ਕਿ ਨਰਮ ਖਿਆਲੀ ਅਕਾਲੀਆਂ ਨੂੰ ਖੂੰਜੇ ਲਾਇਆ ਜਾ ਸਕੇਇੰਦਰਾ ਗਾਂਧੀ ਦੇ ਨਜ਼ਦੀਕੀ ਰਹੇ ਕਾਂਗਰਸੀ ਆਗੂ ਕਮਲ ਨਾਥ ਦੇ ਦੱਸਣ ਮੁਤਾਬਿਕ ਕਾਂਗਰਸ ਵੱਲੋਂ ਇਸ ਮਿਸ਼ਨ ਲਈ ਸੰਤ ਭਿੰਡਰਾਂਵਾਲ਼ੇ ਨੂੰ ਫੰਡਿੰਗ ਵੀ ਕੀਤੀ ਜਾਂਦੀ ਸੀਪਰ ਕਮਲ ਨਾਥ ਨੇ ਮੰਨਿਆ ਕਿ ਉਦੋਂ ਉਨ੍ਹਾਂ ਇਹ ਆਸ ਨਹੀਂ ਕੀਤੀ ਸੀ ਕਿ ਬਾਅਦ ਵਿੱਚ ਭਿੰਡਰਾਂਵਾਲ਼ਾ ਇੰਨਾ ਵੱਡਾ ‘ਅੱਤਵਾਦੀ ਲੀਡਰ’ ਬਣ ਜਾਵੇਗਾਉਸੇ ਸਮੇਂ ਦੌਰਾਨ ਗਿਆਨੀ ਜ਼ੈਲ ਸਿੰਘ ਤੇ ਸੰਜੇ ਗਾਂਧੀ ਨੇ ਦੂਜੇ ਪਾਸੇ ਭਿੰਡਰਾਂਵਾਲ਼ੇ ਤੋਂ ਵੱਖਰਾ ‘ਖਾਲਿਸਤਾਨ’ ਦਾ ਮੁੱਦਾ ਖੜ੍ਹਾ ਕਰਨ ਲਈ ‘ਦਲ ਖਾਲਸਾ’ ਦੀ ਸਥਾਪਨਾ ਵੀ ਕਰਾਈ ਸੀਜਿਸ ਬਾਰੇ ਗਿਆਨੀ ਜ਼ੈਲ ਸਿੰਘ ਨੇ ਹਿੰਦੀ ਦੇ ਹਫਤਾਵਾਰੀ ਮੈਗਜ਼ੀਨ ‘ਦਿਨਮਾਨ’ ਦੇ 30 ਜਨਵਰੀ, 1988 ਦੇ ਅੰਕ ਵਿੱਚ ਦਿੱਤੀ ਇੰਟਰਵਿਊ ‘ਮੇਰੀ ਮਜਬੂਰੀ ਸੀ’ ਵਿੱਚ ਮੰਨਿਆ ਸੀ: ‘ਮੈਂ ‘ਦਲ ਖਾਲਸਾ’ ਨਾਲ ਸੰਪਰਕ ਕਾਇਮ ਕੀਤਾ ਸੀਮੇਰਾ ਨਿਸ਼ਾਨਾ ਸਿੱਖ ਗੁਰਦੁਆਰਾ ਸਿਆਸਤ ਵਿੱਚ ਹਿੱਸਾ ਲੈਣਾ ਸੀਆਖਿਰ ਗੁਰਦੁਆਰਿਆਂ ਦਾ ਅਕਾਲੀਆਂ ਨੇ ਠੇਕਾ ਨਹੀਂ ਲਿਆ ਹੋਇਆਮੈਂਨੂੰ ਅਜਿਹਾ ਕਰਨ ਲਈ ਮੇਰੀ ਆਗੂ ਸ੍ਰੀਮਤੀ ਇੰਦਰਾ ਗਾਂਧੀ ਨੇ ਵੀ ਕਿਹਾ ਸੀਇਹ ਮੇਰੀ ਮਜਬੂਰੀ ਸੀ

ਜੀ. ਬੀ. ਸਿੱਧੂ ਦੀ ਇਸੇ ਪੁਸਤਕ ਅਨੁਸਾਰ ਦੂਸਰਾ ਅਪਰੇਸ਼ਨ ਉਦੋਂ ਉਲੀਕਿਆ ਗਿਆ, ਜਦੋਂ 1980 ਵਿੱਚ ਇੰਦਰਾ ਗਾਂਧੀ ਦੁਬਾਰਾ ਸੱਤਾ ਵਿੱਚ ਆ ਗਈ ਸੀ ਤੇ ਅਕਾਲੀ ਪੰਜਾਬ ਵਿੱਚੋਂ ਹਾਰ ਚੁੱਕੇ ਸਨਇਹ ਦੂਸਰਾ ਮਿਸ਼ਨ ਵੀ ਸੰਜੇ ਗਾਂਧੀ ਤੇ ਗਿਆਨੀ ਜ਼ੈਲ ਸਿੰਘ ਵੱਲੋਂ ਹੀ ਉਲੀਕਿਆ ਗਿਆ ਸੀ, ਪਰ ਸੰਜੇ ਗਾਂਧੀ ਦੀ ਉਸੇ ਸਾਲ 23 ਜੂਨ, 1980 ਨੂੰ ਮੌਤ ਤੋਂ ਬਾਅਦ ਇਸਦੇ ਪਲੇਅਰ ਬਦਲ ਗਏ ਸਨਹੁਣ ਇਸ ਗਰੁੱਪ ਵਿੱਚ ਇੰਦਰਾ ਗਾਂਧੀ, ਗਿਆਨੀ ਜ਼ੈਲ ਸਿੰਘ, ਰਾਜੀਵ ਗਾਂਧੀ, ਮੱਖਣ ਲਾਲ ਫੋਤੇਦਾਰ, ਅਰੁਣ ਨਹਿਰੂ, ਅਰੁਣ ਸਿੰਘ, ਕਮਲ ਨਾਥ ਆਦਿ ਸ਼ਾਮਿਲ ਸਨਇਸ ਮਿਸ਼ਨ ਦਾ ਮਕਸਦ ਸੀ ਕਿ ਜਨਵਰੀ, 1985 ਵਿੱਚ ਹੋਣ ਵਾਲੀਆਂ ਅਗਲੀਆਂ ਚੋਣਾਂ ਵਿੱਚ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿਤਾਉਣਾ ਤਾਂ ਕਿ ਜਨਤਾ ਪਾਰਟੀ ਦਾ ਪੂਰੀ ਤਰ੍ਹਾਂ ਸਫਾਇਆ ਹੋ ਜਾਵੇ ਅਤੇ ਪਹਿਲਾਂ ਵਾਂਗ ਕਾਂਗਰਸ ਹੀ ਇੱਕੋ-ਇੱਕ ਪਾਰਟੀ ਰਹਿ ਜਾਵੇਇਸ ਮਕਸਦ ਲਈ ਭਿੰਡਰਾਂਵਾਲ਼ਾ ਤੇ ਹੋਰ ਗਰਮ ਖਿਆਲੀ ਸਿੱਖ ਧੜਿਆਂ ਰਾਹੀਂ ਕੱਟੜਵਾਦ, ਅੱਤਵਾਦ ਤੇ ਖਾਲਿਸਤਾਨ ਦੀ ਮੰਗ ਨੂੰ ਉਭਾਰ ਕੇ ਹਿੰਦੂਆਂ ਵਿੱਚ ਸਹਿਮ ਦਾ ਮਾਹੌਲ ਪੈਦਾ ਕੀਤਾ ਜਾਣਾ ਸੀ ਤੇ ਫਿਰ 1985 ਦੀਆਂ ਚੋਣਾਂ ਤੋਂ ਪਹਿਲਾਂ ਕੁਝ ਅਜਿਹਾ ਵੱਡਾ ਕੀਤਾ ਜਾਣਾ ਸੀ, ਜਿਸ ਨਾਲ ਇਹ ਸਾਬਿਤ ਕੀਤਾ ਜਾ ਸਕੇ ਕਿ ‘ਇੰਦਰਾ ਗਾਂਧੀ’ ਨੇ ਨਾ ਸਿਰਫ ਹਿੰਦੂਆਂ ਨੂੰ, ਸਗੋਂ ਦੇਸ਼ ਨੂੰ ਟੁੱਟਣ ਤੋਂ ਬਚਾ ਲਿਆ ਹੈ(ਜੀ. ਬੀ. ਐੱਸ. ਸਿੱਧੂ ਦੀ ਕਿਤਾਬ ‘ਖਾਲਿਸਤਾਨ ਦੀ ਸਾਜ਼ਿਸ਼’ ਪੰਨਾ: xxi-xxivਇਸ ਕਿਤਾਬ ਨੂੰ ਪੜ੍ਹਨ ਤੋਂ ਬਾਅਦ ਇਵੇਂ ਲਗਦਾ ਹੈ ਕਿ 1978 ਦੇ ਸਿੱਖ-ਨਿਰੰਕਾਰੀ ਖੂਨੀ ਕਾਂਡ ਤੋਂ ਬਾਅਦ 2 ਦਹਾਕੇ ਚੱਲੇ ਕਾਲੇ ਦੌਰ ਵਿੱਚ ਹਰ ਤਰ੍ਹਾਂ ਦੇ ਸਿੱਖ ਲੀਡਰ ਉਸ ਸ਼ਤਰੰਜ ਦੇ ਮੋਹਰੇ ਸਨ, ਜਿਸ ਨੂੰ ਮਿ. ਸਿੱਧੂ ਅਨੁਸਾਰ ਇੱਕ ਅਕਬਰ ਰੋਡ ਦਿੱਲੀ ਵਿੱਚ ਬੈਠੀ ਜੁੰਡਲੀ ਨੇ ਵਿਛਾਇਆ ਸੀਦੇਸ਼-ਵਿਦੇਸ਼ ਵਿੱਚ ਬੈਠੇ ਕੁਝ ਲੋਕ ਬੀਤੇ ਤੋਂ ਸਬਕ ਸਿੱਖਣ ਦੀ ਥਾਂ ਅਜੇ ਵੀ ਉਹੀ ਕੁਝ ਕਰ ਹਨ, ਕਿਤੇ ਇਹ ਲੋਕ ਕਿਸੇ ਨਵੀਂ ਸਾਜ਼ਿਸ਼ ਦੇ ਮੋਹਰੇ ਤਾਂ ਨਹੀਂ?

ਇਸੇ ਕਿਤਾਬ ਦੇ ਪੰਨਾ 39 ਤੇ ਜੀ. ਬੀ. ਸਿੱਧੂ ‘ਖਾੜਕੂਵਾਦ ਦੇ ਕੋਈ ਚਿੰਨ੍ਹ ਨਹੀਂ ਸਨ’ ਦੇ ਸਿਰਲੇਖ ਹੇਠ ਲਿਖਦੇ ਹਨ ਕਿ ਪਹਿਲੇ ਅਪਰੇਸ਼ਨ ਵਿੱਚ ਕਾਂਗਰਸੀ ਲੀਡਰ, ਭਿੰਡਰਾਂਵਾਲ਼ਾ ਤੇ ਦਲ ਖਾਲਸਾ ਰਾਹੀਂ ਸਿੱਖਾਂ ਵਿੱਚ ਕੋਈ ਖਾਸ ਥਾਂ ਨਾ ਬਣਾ ਸਕੇ ਅਤੇ ਨਾ ਹੀ ਇਹ ਲੋਕ 1980 ਤਕ ਕੋਈ ਖਾੜਕੂਵਾਦ ਸ਼ੁਰੂ ਕਰ ਸਕੇਇਸ ਸਬੰਧੀ ਉਹ ਸਾਬਕਾ ਆਈ. ਏ. ਐੱਸ. ਤੇ ਗ੍ਰਹਿ ਮੰਤਰਾਲੇ ਦੇ ਕੈਬਨਿਟ ਸੈਕਟਰੀ ਬੀ. ਜੀ. ਦੇਸ਼ਮੁੱਖ ਦੀ ਕਿਤਾਬ “From Poona to The Prime Minister Office: A Cabinet Secretory Looks Back ਦਾ ਹਵਾਲਾ ਦੇ ਕੇ ਦੱਸਦੇ ਹਨ ਕਿ ਸ੍ਰੀ ਦੇਸ਼ਮੁੱਖ ਖੁਦ ਦਿੱਲੀ ਤੋਂ ਅੰਮ੍ਰਿਤਸਰ ਗਏ ਅਤੇ ਅਕਾਲੀਆਂ ਅਤੇ ਆਮ ਸਿੱਖਾਂ ਨੂੰ ਮਿਲ਼ੇ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਧਾਰਮਿਕ ਕੱਟੜਵਾਦ, ਖਾਲਿਸਤਾਨ ਜਾਂ ਖਾੜਕੂਵਾਦ ਬਾਰੇ ਸਿੱਖ ਨੌਜਵਾਨਾਂ ਵਿੱਚ ਕੋਈ ਰੁਝਾਨ ਨਹੀਂ ਦਿਸਿਆਸ੍ਰੀ ਦੇਸ਼ਮੁੱਖ ਉਦਾਸੀਨਤਾ ਨਾਲ ਦੱਸਦੇ ਹਨ ਕਿ ਇਹ ਰੁਝਾਨ ਬਹੁਤਾ ਚਿਰ ਨਹੀਂ ਰਿਹਾ ਕਿਉਂਕਿ ਕਾਂਗਰਸ ਦੀ ਲੀਡਰਸ਼ਿੱਪ ਦਾ ਇੱਕ ਵਰਗ ਪੰਜਾਬ ਵਿੱਚ ਇੱਕ ਅਜਿਹਾ ਛੜਯੰਤਰ ਰਚ ਰਿਹਾ ਸੀ, ਜਿਸਨੇ ਆਉਣ ਵਾਲ਼ੇ ਸਾਲਾਂ ਵਿੱਚ ਕਾਂਗਰਸ ਸਮੇਤ ਸਭ ਨੂੰ ਆਪਣੀ ਲਪੇਟ ਵਿੱਚ ਲੈ ਲੈਣਾ ਸੀਭਿੰਡਰਾਂਵਾਲ਼ੇ, ਦਲ ਖਾਲਸਾ ਅਤੇ ਹੋਰ ਗਰਮ ਖਿਆਲੀ ਧੜਿਆਂ ਦਾ ਉਭਾਰ ਉਦੋਂ ਤਕ ਨਹੀਂ ਹੋਇਆ ਸੀ, ਜਦੋਂ ਤਕ ਹਿੰਸਾ ਦੀਆਂ ਦੋ ਵੱਡੀਆਂ ਘਟਨਾਵਾਂ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਅਤੇ ਪੱਤਰਕਾਰ ਲਾਲਾ ਜਗਤ ਨਰਾਇਣ ਦੇ ਕਤਲ ਨਹੀਂ ਹੋਏਇਸ ਤੋਂ ਬਾਅਦ ਹਿੰਸਾ ਦੀਆਂ ਘਟਨਾਵਾਂ ਦਾ ਇੱਕ ਅਜਿਹਾ ਦੌਰ ਸ਼ੁਰੂ ਹੋਇਆ, ਜਿਸਨੇ ਅਗਲੇ 15 ਸਾਲ ਪੰਜਾਬ ਦੇ ਸਭ ਭਾਈਚਾਰਿਆਂ ਨੂੰ ਹਿੰਸਕ ਅਗਨਕੁੰਡ ਵਿੱਚ ਪਾਈ ਰੱਖਿਆ

ਸੁਰਜੀਤ ਜਲੰਧਰੀ ਆਪਣੀ ਕਿਤਾਬ ‘ਜਨਮ ਤੋਂ ਸ਼ਹਾਦਤ ਤੱਕ: ਭਿੰਡਰਾਂਵਾਲ਼ੇ ਸੰਤ’ ਦੇ ਪੰਨਾ 25 ਤੇ ਲਿਖਦੇ ਹਨ ਕਿ 13 ਅਪਰੈਲ, 1978 ਦੇ ਅੰਮ੍ਰਿਤਸਰ ਵਿੱਚ ਵਾਪਰੇ ਖੂਨੀ ਸਾਕੇ ਤੋਂ ਬਾਅਦ ਦਿੱਲੀ ਵਿੱਚ 14 ਮਈ, 1978 ਨੂੰ ਸਿੱਖਾਂ ਵੱਲੋਂ ਕੱਢੇ ‘ਵਿਸ਼ਾਲ ਸਿੱਖ ਮਾਰਚ’ ਮੌਕੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਸੰਤੋਖ ਸਿੰਘ ਰਾਹੀਂ ਸ੍ਰੀਮਤੀ ਇੰਦਰਾ ਗਾਂਧੀ ਆਪਣੇ ਘਰ ਦੇ ਬਾਹਰ ਸੰਤ ਭਿੰਡਰਾਂਵਾਲ਼ੇ ਅਤੇ ਦਲ ਖਾਲਸਾ ਵਾਲਿਆਂ ਨੂੰ ਮਿਲ਼ੀ ਸੀਇਸ ਸਮੇਂ ਦੌਰਾਨ ਕਾਂਗਰਸ ਦੇ ਸਰਗਰਮ ਵਰਕਰ ਸਿੱਖ-ਨਿਰੰਕਾਰੀ ਮੁਜਾਹਰਿਆਂ ਵਿੱਚ ਮੂਹਰੇ ਹੁੰਦੇ ਸਨਇਸ ਸਬੰਧੀ ਸਤੰਬਰ, 1978 ਨੂੰ ਕਾਨਪੁਰ ਵਿੱਚ ਨਿਰੰਕਾਰੀਆਂ ਖਿਲਾਫ ਮੁਜ਼ਾਹਰੇ ਲਈ ਪ੍ਰਬੰਧ ਕਾਨਪੁਰ ਦੇ ਯੂਥ ਕਾਂਗਰਸ ਪ੍ਰਧਾਨ ਕੰਵਲਜੀਤ ਸਿੰਘ ਗਿੱਲ ਨੇ ਆਪਣੇ ਵਰਕਰਾਂ ਰਾਹੀਂ ਕੀਤਾ ਸੀ, ਜਿੱਥੇ ਹੋਈ ਹਿੰਸਾ ਤੋਂ ਬਾਅਦ ਪੁਲਿਸ ਗੋਲ਼ੀ ਨਾਲ 12 ਸਿੱਖ ਮਾਰੇ ਗਏ ਸਨ ਅਤੇ 80 ਜ਼ਖਮੀ ਹੋਏ ਸਨਉਸ ਤੋਂ ਬਾਅਦ ਦਿੱਲੀ ਵਿੱਚ ਵੀ ਕਾਂਗਰਸੀਆਂ ਦੀ ਮਦਦ ਨਾਲ 5 ਨਵੰਬਰ, 1978 ਨੂੰ ਹੋਏ ਨਿਰੰਕਾਰੀ ਵਿਰੋਧੀ ਮੁਜ਼ਾਹਰੇ ਦੌਰਾਨ ਭੜਕੀ ਹਿੰਸਾ ਵਿੱਚ ਪੁਲਿਸ ਗੋਲ਼ੀ ਨਾਲ 3 ਸਿੱਖ ਮਾਰੇ ਗਏ ਸਨ ਅਤੇ ਦਰਜਨਾਂ ਜ਼ਖਮੀ ਹੋਏ ਸਨਜੀ. ਬੀ. ਸਿੱਧੂ ਅਤੇ ਡਾ. ਸੰਗਤ ਸਿੰਘ (ਕਿਤਾਬ: ‘ਇਤਿਹਾਸ ਵਿੱਚ ਸਿੱਖ’ ਦਾ ਲੇਖਕ) ਦੀਆਂ ਕਿਤਾਬਾਂ ਅਨੁਸਾਰ ਉਸ ਵਕਤ ਇੱਕ ਅਕਬਰ ਰੋਡ ਵਾਲੀ ਜੁੰਡਲੀ ਵੱਲੋਂ ਸਿੱਖ-ਨਿਰੰਕਾਰੀ ਟਕਰਾਅ ਰਾਹੀਂ ਹਿੰਸਾ ਦਾ ਮਾਹੌਲ ਸਿਰਜਿਆ ਜਾ ਰਿਹਾ ਸੀ ਅਤੇ ਸਿੱਖ ਲੀਡਰਸ਼ਿੱਪ ਤੇ ਸਿੱਖ ਨੌਜਵਾਨ ਉਸ ਟਰੈਪ ਵਿੱਚ ਫਸਦੇ ਜਾ ਰਹੇ ਸਨਅਜਿਹੀਆਂ ਘਟਨਾਵਾਂ ਵਾਪਰਨ ਤੋਂ ਬਾਅਦ ਹੀ ਸੰਤ ਭਿੰਡਰਾਂਵਾਲਿਆਂ ਨੇ ਆਪਣੀਆਂ ਤਕਰੀਰਾਂ ਵਿੱਚ ਇਨ੍ਹਾਂ ਘਟਨਾਵਾਂ ਦੇ ਹਵਾਲਿਆਂ ਨਾਲ ਕਹਿਣਾ ਸ਼ੁਰੂ ਕਰਤਾ ਸੀ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ, ਉਨ੍ਹਾਂ ’ਤੇ ਭਾਰਤ ਵਿੱਚ ਜ਼ੁਲਮ ਹੋ ਰਿਹਾ ਹੈ, ਸਿੱਖ ਦੂਜੇ ਦਰਜੇ ਦੇ ਸ਼ਹਿਰੀ ਸਮਝੇ ਜਾਂਦੇ ਹਨ

ਖਾਲਿਸਤਾਨ ਦੀ ਸਾਜ਼ਿਸ਼’ ਦੇ ਚੈਪਟਰ 4, The Rise of Bhindranwale (ਭਿੰਡਰਾਂਵਾਲੇ ਦਾ ਉਭਾਰ) ਦੇ ਪੰਨਿਆਂ 41-61 ’ਤੇ ਬਹੁਤ ਵਿਸਥਾਰ ਨਾਲ ਲਿਖਿਆ ਮਿਲਦਾ ਹੈ ਕਿ ਕਿਵੇਂ ਸੰਤ ਭਿੰਡਰਾਂਵਾਲ਼ਿਆਂ ਨੂੰ ਉਸੇ ਅਕਬਰ ਰੋਡ ਵਾਲੀ ਜੁੰਡਲੀ ਵੱਲੋਂ ਉਭਾਰਿਆ ਗਿਆਚੰਦੋ ਕਲਾਂ (ਹਰਿਆਣਾ), ਦਿੱਲੀ, ਮੁੰਬਈ ਆਦਿ ਥਾਂਵਾਂ ਤੋਂ ਗ੍ਰਹਿ ਮੰਤਰਾਲੇ ਦੇ ਹੁਕਮਾਂ ਅਨੁਸਾਰ ਪੁਲਿਸ ਤੋਂ ਬਚਾ ਕੇ ਪੂਰੀ ਹਿਫਾਜ਼ਤ ਨਾਲ ਕੱਢ ਕੇ ਹੀਰੋ ਬਣਾਇਆ ਗਿਆਇਸਦੇ ਨਾਲ ਹੀ ਦੂਜੇ ਪਾਸੇ ਦਲ ਖਾਲਸਾ ਤੇ ਹੋਰ ਗਰਮ ਖਿਆਲੀ ਧੜਿਆਂ ਰਾਹੀਂ ਹਿੰਸਾ ਨੂੰ ਉਤਸ਼ਾਹਿਤ ਕੀਤਾ ਗਿਆਉਸ ਸਮੇਂ ਦੌਰਾਨ ਹੀ ਅਕਾਲੀਆਂ ਵੱਲੋਂ 1982 ਵਿੱਚ ‘ਧਰਮ ਯੁੱਧ ਮੋਰਚਾ’ ਸ਼ੁਰੂ ਕਰ ਲਿਆ ਗਿਆ, ਜਿਸ ਵਿੱਚ ਇੱਕ ਪਾਸੇ ਅਕਾਲੀਆਂ ਨਾਲ ਗੱਲਬਾਤ ਦਾ ਦੌਰ ਜਾਰੀ ਰੱਖਿਆ ਗਿਆ, ਪਰ ਸਮਝੌਤਾ ਨਹੀਂ ਕੀਤਾ ਗਿਆ ਤਾਂ ਕਿ ਇਸ ਮਸਲੇ ਨੂੰ ਜਨਵਰੀ, 1985 ਦੀਆਂ ਵੋਟਾਂ ਤਕ ਲਮਕਾ ਕੇ ਸੱਤਾ ’ਤੇ ਪੂਰੀ ਤਰ੍ਹਾਂ ਕਬਜ਼ੇ ਦਾ ਆਪਣਾ ਮਿਸ਼ਨ ਪੂਰਾ ਕੀਤਾ ਜਾ ਸਕੇਇਸ ਦੌਰਾਨ ਭਿੰਡਰਾਂਵਾਲ਼ੇ ਦੇ ਹਥਿਆਰਬੰਦ ਖਾੜਕੂਆਂ ਰਾਹੀਂ ਅਕਾਲੀਆਂ ’ਤੇ ‘ਧਰਮ ਯੁੱਧ ਮੋਰਚੇ’ ਦੀਆਂ ਸਾਰੀਆਂ ਮੰਗਾਂ ਮੰਨਵਾਏ ਬਿਨਾਂ ਕੋਈ ਵੀ ਸਮਝੌਤਾ ਨਾ ਕਰਨ ਲਈ ਮੌਤ ਦੀ ਤਲਵਾਰ ਵੀ ਲਟਕਾਈ ਹੋਈ ਸੀਜੀ. ਬੀ. ਸਿੱਧੂ, ਡਾ. ਸੰਗਤ ਸਿੰਘ, ਮਾਰਕ ਤੁਲੀ - ਸਤੀਸ਼ ਜੈਕਬ, ਗੁਰਦੇਵ ਸਿੰਘ ਗਰੇਵਾਲ਼ ਆਦਿ ਲੇਖਕਾਂ ਦੀਆਂ ਕਿਤਾਬਾਂ ਅਨੁਸਾਰ ਇੱਕ ਤੀਜਾ ਫਰੰਟ ਵੀ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਇੰਗਲੈਂਡ, ਕਨੇਡਾ ਤੇ ਅਮਰੀਕਾ ਵਿੱਚ ਵੀ ਖਾਲਿਸਤਾਨ ਦੀਆਂ ਜੜ੍ਹਾਂ ਲਗਾਉਣ ਲਈ ਡਾ. ਜਗਜੀਤ ਸਿੰਘ ਚੌਹਾਨ, ਗੰਗਾ ਸਿੰਘ ਢਿੱਲੋਂ, ਬਲਬੀਰ ਸਿੰਘ ਸੰਧੂ, ਕੁਲਦੀਪ ਸਿੰਘ ਸੋਢੀ, ਜਸਵੰਤ ਸਿੰਘ ਠੇਕੇਦਾਰ ਆਦਿ ਵਰਗੇ ਕਈ ਵਿਅਕਤੀ ਵਿਦੇਸ਼ਾਂ ਵਿੱਚ ‘ਖਾਲਿਸਤਾਨ’ ਦੇ ਮੁੱਦੇ ਨੂੰ ਉਭਾਰਨ ਲਈ ਲਗਾਏ ਗਏਡਾ. ਸੰਗਤ ਸਿੰਘ ਦੀ ਕਿਤਾਬ ‘ਇਤਿਹਾਸ ਵਿੱਚ ਸਿੱਖ’ ਦੇ ਪੰਨਾ 405-406 ਅਨੁਸਾਰ ਖਾਲਿਸਤਾਨੀ ਲੀਡਰ ਜਗਜੀਤ ਸਿੰਘ ਚੌਹਾਨ 1977 ਵਿੱਚ ਵਿਦੇਸ਼ਾਂ ਤੋਂ ਵਾਪਸ ਪੰਜਾਬ ਆ ਗਿਆਕਾਂਗਰਸ ਉਸ ਵਕਤ ਤਖਤੋਂ ਲੱਥ ਚੁੱਕੀ ਸੀਉਸਨੇ ਚੌਹਾਨ ਦੀ ਉਸੇ ਤਰ੍ਹਾਂ ਵਰਤੋਂ ਕਰਨੀ ਸ਼ੁਰੂ ਕੀਤੀ, ਜਿਵੇਂ 1970ਵਿਆਂ ਦੇ ਸ਼ੁਰੂ ਵਿੱਚ ਕੀਤੀ ਸੀਉਸਨੇ ਗਿਆਨੀ ਜ਼ੈਲ ਸਿੰਘ ਨਾਲ ਨੇੜੇ ਦਾ ਸੰਪਰਕ ਬਣਾਇਆ ਹੋਇਆ ਸੀ ਅਤੇ 1980 ਦੀਆਂ ਚੋਣਾਂ ਤੋਂ ਪਹਿਲਾਂ ਉਹ ਕਈ ਵਾਰ ਇੰਦਰਾ ਗਾਂਧੀ ਨੂੰ ਵੀ ਮਿਲਦਾ ਰਿਹਾ1978-79 ਵਿੱਚ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਵੀ ਉਸਨੇ ਕਾਂਗਰਸ ਵੱਲੋਂ ਲਗਾਈ ਡਿਊਟੀ ਨਿਭਾਈਇੰਦਰਾ ਗਾਂਧੀ ਦੇ ਜਨਵਰੀ, 1980 ਵਿੱਚ ਦੁਬਾਰਾ ਸੱਤਾ ਵਿੱਚ ਆਉਣ ਤੋਂ ਬਾਅਦ ਉਹ ਫਿਰ ਉਸ ਨੂੰ ਮਿਲ਼ਿਆ ਅਤੇ 12 ਅਪਰੈਲ, 1980 ਵਿੱਚ ਉਸਨੇ ਆਨੰਦਪੁਰ ਸਾਹਿਬ ਵਿਖੇ ‘ਖਾਲਿਸਤਾਨ ਦੀ ਕੌਮੀ ਕੌਂਸਲ’ ਦਾ ਐਲਾਨ ਵੀ ਕੀਤਾਉਸਨੇ ਆਪਣੇ ਆਪ ਨੂੰ ਕੌਂਸਲ ਦਾ ਪ੍ਰਧਾਨ ਅਤੇ ਬਲਬੀਰ ਸਿੰਘ ਸੰਧੂ ਨੂੰ ਜਨਰਲ ਸਕੱਤਰ ਐਲਾਨਿਆਇਸ ਸਮੇਂ ਤਕ ਉਸ ਨੂੰ ਕਾਂਗਰਸ ਸਰਕਾਰ ਵੱਲੋਂ ਖੁੱਲ੍ਹਾ ਪੈਸਾ ਮਿਲਦਾ ਰਿਹਾਮਈ, 1980 ਵਿੱਚ ਉਹ ਇੰਗਲੈਂਡ ਚਲਾ ਗਿਆ ਅਤੇ ਅਗਲੇ ਮਹੀਨੇ ਖਾਲਿਸਤਾਨ ਦਾ ਐਲਾਨ ਕਰਕੇ ਖਾਲਿਸਤਾਨ ਦੇ ਪਾਸਪੋਰਟ, ਟਿਕਟਾਂ, ਕਰੰਸੀ ਵੀ ਜਾਰੀ ਕੀਤੀ

1979 ਵਿੱਚ ਗੰਗਾ ਸਿੰਘ ਢਿੱਲੋਂ ਭਾਰਤ ਆਇਆ ਤਾਂ ਦਲ ਖਾਲਸਾ ਦੇ ਗਜਿੰਦਰ ਸਿੰਘ ਨੇ ਕਰਨਾਲ ਕੋਲ਼ ਗਿਆਨੀ ਜ਼ੈਲ ਸਿੰਘ ਨਾਲ ਉਸਦੀ ਮੁਲਾਕਾਤ ਦਾ ਪ੍ਰਬੰਧ ਕੀਤਾਫਿਰ 1981 ਵਿੱਚ ਚੀਫ ਖਾਲਸਾ ਦੀਵਾਨ ਵੱਲੋਂ ਚੰਡੀਗੜ੍ਹ ਵਿੱਚ ਗੰਗਾ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ ‘ਸਿੱਖ ਐਜੂਕੇਸ਼ਨਲ ਕਾਨਫਰੰਸ’ ਕਰਾਈ ਗਈ, ਜਿਸ ਵਿੱਚ ਢਿੱਲੋਂ ਨੇ ‘ਸਿੱਖ ਇੱਕ ਵੱਖਰੀ ਕੌਮ’ ਦਾ ਮਤਾ ਪੇਸ਼ ਕੀਤਾ ਤੇ ਬਾਅਦ ਵਿੱਚ ਕਾਨਫਰੰਸ ਵੱਲੋਂ ਸਿੱਖ ਕੌਮ ਨੂੰ ਯੂ ਐੱਨ ਵਿੱਚ ‘ਫਲਸਤੀਨ ਲਿਬਰੇਸ਼ਨ ਆਰਗਨਾਈਜ਼ੇਸ਼ਨ’ ਵਾਂਗ ਮਾਨਤਾ ਦੇਣ ਦਾ ਮਤਾ ਵੀ ਪਾਸ ਕੀਤਾਦਲ ਖਾਲਸਾ ਵੱਲੋਂ ਇਸਦਾ ਜ਼ੋਰ-ਸ਼ੋਰ ਨਾਲ ਸਵਾਗਤ ਕੀਤਾ ਗਿਆਡਾ. ਸੰਗਤ ਸਿੰਘ ਦੀ ਕਿਤਾਬ ਅਨੁਸਾਰ ਉਸ ਵਕਤ ਗਿਆਨੀ ਜ਼ੈਲ ਸਿੰਘ ਖਾਲਿਸਤਾਨੀ ਲਹਿਰ ਰੂਪੀ ‘ਚੱਕਰਵਿਊ’ ਸਿਰਜਣ ਵਿੱਚ ਚੰਗੀ ਤਰ੍ਹਾਂ ਸਫਲ ਹੋ ਰਿਹਾ ਸੀ

ਸਾਲ 1982 ਦੇ ਸ਼ੁਰੂ ਤੋਂ ਹੀ ਪੰਜਾਬ ਦੇ ਹਾਲਾਤ ਤੇਜ਼ੀ ਨਾਲ ਬਦਲਣ ਲੱਗੇ ਸਨ17 ਮਾਰਚ, 1982 ਨੂੰ ਦਲ ਖਾਲਸਾ ਵੱਲੋਂ ਚੰਡੀਗੜ੍ਹ ਵਿੱਚ ਪੂਰੇ ਧੂਮ-ਧੜੱਕੇ ਨਾਲ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਪਹਿਲਾਂ ਦਲ ਖਾਲਸਾ ਦੇ ਪੰਚ ਜਸਵੰਤ ਸਿੰਘ ਠੇਕੇਦਾਰ ਤੇ ਫਿਰ 4 ਅਪਰੈਲ, 1982 ਨੂੰ ਦਲ ਖਾਲਸਾ ਦੇ ਇੱਕ ਹੋਰ ਪੰਚ ਮਨਮੋਹਨ ਸਿੰਘ ਨੇ, ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਕੀਤੀਉਨ੍ਹਾਂ ਧਮਕੀ ਦਿੱਤੀ ਕਿ ਜੇ 13 ਅਪਰੈਲ, 1982 ਤਕ ਸ਼ਹਿਰ ਵਿੱਚੋਂ ਤੰਬਾਕੂ, ਸ਼ਰਾਬ ਤੇ ਮੀਟ ਦੀਆਂ ਦੁਕਾਨਾਂ ਨਾ ਹਟਾਈਆਂ ਗਈਆਂ ਤਾਂ ਸਿੱਧੀ ਕਾਰਵਾਈ ਸ਼ੁਰੂ ਕਰ ਦਿੱਤੀ ਜਾਵੇਗੀਇਸੇ ਸਮੇਨ ਦੌਰਾਨ ਸੰਤਾਂ ਨੇ ਆਪਣੇ ਹਥਿਆਰਬੰਦ ਪੈਰੋਕਾਰਾਂ ਨਾਲ ਦਿੱਲੀ ਦੀ ਯਾਤਰਾ ਕੀਤੀ, ਜੋ ਕਿ ਉਸ ਸਮੇਂ ਵੀ ਚਰਚਾ ਦਾ ਵਿਸ਼ਾ ਸੀ ਤੇ ਹੁਣ ਤਕ ਚਰਚਾ ਦਾ ਵਿਸ਼ਾ ਬਣੀ ਹੋਈ ਹੈ (ਜਿਸ ਬਾਰੇ ਅੱਗੇ ਵਿਸਥਾਰ ਵਿੱਚ ਚਰਚਾ ਕਰਾਂਗੇ)ਇਸ ਸਬੰਧੀ ਗੁਰਦੇਵ ਸਿੰਘ ਗਰੇਵਾਲ ਆਪਣੀ ਕਿਤਾਬ The Searching Eye: An Insider Looks at Punjab Crisis ਦੇ ਪੰਨਾ 183 ਤੇ ਲਿਖਦੇ ਹਨ: ‘1982 ਦੇ ਸ਼ਰੂਆਤੀ ਦਿਨਾਂ ਤੋਂ ਗਰਮ ਖਿਆਲੀ ਸਿੱਖਾਂ ਦੇ ਮਨਸੂਬਿਆਂ ਬਾਰੇ ਸਰਕਾਰ ਤੇ ਸਿਵਿਲ ਪ੍ਰਸ਼ਾਸਨ ਵਿੱਚ ਚਿੰਤਾ ਸ਼ੁਰੂ ਹੋ ਗਈ ਸੀਮੈਂ 8 ਅਪਰੈਲ, 1982 ਨੂੰ ਹੋਮ ਸੈਕਟਰੀ ਬੀ ਕੇ ਚਤੁਰਵੇਦੀ ਨਾਲ ਇਸ ਸਬੰਧੀ ਗੱਲ ਕੀਤੀ, ਉਨ੍ਹਾਂ ਵਿਚਾਰ ਕਰਨ ਲਈ ਗ੍ਰਹਿ ਮੰਤਰਾਲੇ ਦੇ ਦਫਤਰ ਵਿੱਚ ਇੱਕ ਹਾਈ ਲੈਵਲ ਮੀਟਿੰਗ ਬੁਲਾਈਗ੍ਰਹਿ ਮੰਤਰੀ ਜ਼ੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਪੀ ਸੀ ਸੇਠੀ, ਬੀ ਕੇ ਚਤੁਰਵੇਦੀ, ਦਿੱਲੀ ਦਾ ਗਵਰਨਰ, ਦਿੱਲੀ ਦਾ ਪੁਲਿਸ ਕਮਿਸ਼ਨਰ, ਪ੍ਰਧਾਨ ਮੰਤਰੀ ਦਾ ਸੁਰੱਖਿਆ ਸਲਾਹਕਾਰ, ਬੀ ਐੱਸ ਐੱਫ ਤੇ ਸੀ ਆਰ ਪੀ ਐੱਫ ਦੇ ਡੀ ਆਈ ਜੀ ਆਦਿ ਸ਼ਾਮਿਲ ਹੋਏ, ਸਭ ਨੇ ਸੰਤ ਨੂੰ ਉਸਦੇ ਹਥਿਆਰਬੰਦ ਸਾਥੀਆਂ ਸਮੇਤ ਦਿੱਲੀ ਵਿੱਚ ਹੀ ਗ੍ਰਿਫਤਾਰ ਕਰਨ ਦੀ ਵਕਾਲਤ ਕੀਤੀਮੀਟਿੰਗ ਦੇ ਅਖੀਰ ਤੇ ਗਿਆਨੀ ਜ਼ੈਲ ਸਿੰਘ ਨੇ ਆਪਣੇ ਉਰਦੂ ਤੇ ਪੰਜਾਬੀ ਮਿਸ਼ਰਨ ਵਾਲੀ ਭਾਸ਼ਾ ਦੇ ਬੜੇ ਨਾਟਕੀ ਅੰਦਾਜ਼ ਵਿੱਚ ਕਿਹਾ: ‘ਮੈਂ ਤੁਹਾਡੇ ਸਭ ਦੀਆਂ ਦੇਸ਼ ਦੀ ਸੁਰੱਖਿਆ ਤੇ ਪੰਜਾਬ ਵਿੱਚ ਵਧ ਰਹੀ ਹਿੰਸਾ ਪ੍ਰਤੀ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਦਾ ਹਾਂ ਤੇ ਸਾਨੂੰ ਬਦੀ ਦੀ ਜੜ੍ਹ ਨੂੰ ਸ਼ੁਰੂ ਵਿੱਚ ਹੀ ਨੱਪ ਦੇਣਾ ਚਾਹੀਦਾ ਹੈਪਰ ਸੰਤ ਆਪਣੇ ਹਥਿਆਰਬੰਦ ਸਾਥੀਆਂ ਨਾਲ ਬੜੇ ਲੜਾਕੂ ਰੌਂ ਵਿੱਚ ਹੈ, ਉਸ ਨੂੰ ਦੇਸ਼ ਦੀ ਰਾਜਧਾਨੀ ਵਿੱਚ ਸੜਕਾਂ ’ਤੇ ਗ੍ਰਿਫਤਾਰ ਕਰਨ ਨਾਲ ਖੂਨ-ਖਰਾਬਾ ਹੋ ਸਕਦਾ ਹੈ, ਜਿਸਦੇ ਛਿੱਟੇ ਨਾ ਸਿਰਫ ਦਿੱਲੀ ਦੀਆਂ ਗਲ਼ੀਆਂ ਵਿੱਚ ਪੈਣਗੇ, ਸਗੋਂ ਮੈਡਮ ਗਾਂਧੀ ਦੇ ਪਾਕ ਦਾਮਨ ਨੂੰ ਵੀ ਦਾਗਦਾਰ ਕਰਨਗੇਸਾਨੂੰ ਇਸ ਬਾਰੇ ਕੁਝ ਹੋਰ ਸੋਚਣਾ ਚਾਹੀਦਾ ਹੈ। ‘ਪਿਆਰੇ ਮਿੱਤਰੋ’ ਸਾਨੂੰ ਅਜਿਹਾ ਹੋਣ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ’ ਦਿੱਲੀ ਦੇ ਦਫਤਰਾਂ ਵਿੱਚ ਬੈਠੇ ਉਨ੍ਹਾਂ ‘ਬਾਬੂਆਂ’ ਨੂੰ ਕੀ ਪਤਾ ਸੀ ਕਿ ਗਿਆਨੀ ਜੀ, ਆਪ ਦੇ ਸ਼ਰੀਕ ਮੁੱਖ ਮੰਤਰੀ ਦਰਬਾਰਾ ਸਿੰਘ ਨੂੰ ਆਉਣ ਵਾਲ਼ੇ ਦਿਨਾਂ ਵਿੱਚ ਮਘਦੇ ਅੰਗਿਆਰਾਂ ਤੇ ਤੜਪਦਾ ਵੇਖਣ ਲਈ ਆਪਣੀ ‘ਵਿਸਾਤ’ ਵਿਛਾਉਂਦੇ ਆ ਰਹੇ ਸਨ

ਦਲ ਖਾਲਸਾ ਵੱਲੋਂ ਆਪਣੀ ਧਮਕੀ ਨੂੰ ਅਮਲੀ ਰੂਪ ਦਿੰਦਿਆਂ 25-26 ਅਪਰੈਲ ਦੀ ਰਾਤ ਨੂੰ ਅੰਮ੍ਰਿਤਸਰ ਵਿੱਚ ਕਾਲ਼ੀ ਮਾਤਾ ਦੇ ਮੰਦਰਾਂ ਵਿੱਚ ਗਾਵਾਂ ਦੇ ਸਿਰ ਵੱਢ ਕੇ ਟੰਗ ਦਿੱਤੇ ਗਏ, ਜਿਸਦੀ ਜ਼ਿੰਮੇਵਾਰੀ ਦਲ ਖਾਲਸਾ ਦੇ ਪੰਚ ਜਸਵੰਤ ਸਿੰਘ ਠੇਕੇਦਾਰ ਨੇ ਲਈ (ਜੋ ਅੱਜਕਲ ਇੰਗਲੈਂਡ ਵਿੱਚ ਰਹਿੰਦਾ ਹੈ ਤੇ ਪਿਛਲੇ ਕੁਝ ਸਾਲਾਂ ਤੋਂ ਮੋਦੀ ਕਿਆਂ ਦੀ ਕਿਰਪਾ ਨਾਲ ਵਤਨ ਯਾਤਰਾ ਵੀ ਆਇਆ ਹੈ)ਅੰਮ੍ਰਿਤਸਰ ਵਿੱਚ ਇੱਕ-ਦਮ ਤਣਾਉ ਵਧ ਗਿਆਇਸ ਘਟਨਾ ਨਾਲ ਹਿੰਦੂ ਭਾਈਚਾਰਾ ਪੂਰੀ ਤਰ੍ਹਾਂ ਭੜਕ ਉੱਠਿਆਫਿਰ ਗਿਆਨੀ ਜ਼ੈਲ ਸਿੰਘ ਸਿੰਘ ਤੁਰੰਤ ਸਥਿਤੀ ਦਾ ਜਾਇਜ਼ਾ ਲੈਣ ਲਈ ਅੰਮ੍ਰਿਤਸਰ ਪਹੁੰਚੇਇਸ ਤੋਂ ਬਾਅਦ ਪੈਦਾ ਹੋਏ ਹਾਲਾਤ ਦੇ ਮੱਦੇ ਨਜ਼ਰ ਦਿੱਲੀ ਪਹੁੰਚ ਕੇ ਅਖੀਰ ਉਸ ਨੂੰ ਨਾ ਚਾਹੁੰਦਿਆਂ ਹੋਇਆਂ ਵੀ ਦਲ ਖਾਲਸਾ ’ਤੇ ਪਾਬੰਦੀ ਲਗਾਉਣੀ ਪਈਪਰ ਤੀਰ ਉਦੋਂ ਤਕ ਭੱਥੇ ਵਿੱਚੋਂ ਨਿਕਲ਼ ਚੁੱਕਾ ਸੀਅਗਲੇ ਦਿਨੀਂ ਵਾਪਰੇ ਪੱਟੀ ਕਾਂਡ ਵਿੱਚ ਕੁਲਵੰਤ ਸਿੰਘ ਨਾਗੋਕੇ, ਸੁਖਦੇਵ ਸਿੰਘ ਬੱਬਰ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਪੱਟੀ (ਅੰਮ੍ਰਿਤਸਰ) ਦੇ ਬਜ਼ਾਰ ਵਿੱਚ ਅੰਨ੍ਹੇਵਾਹ ਗੋਲ਼ੀਆਂ ਚਲਾ ਕੇ ਚਾਰ ਗਰੀਬ ਹਿੰਦੂਆਂ ਦੀ ਹੱਤਿਆ ਕਰ ਦਿੱਤੀ ਗਈਇਹ ਉਹ ਸਮਾਂ ਸੀ, ਜਦੋਂ ਪੁਲਿਸ ਪ੍ਰਸ਼ਾਸਨ, ਪੰਜਾਬ ਸਰਕਾਰ ਤੇ ਆਮ ਲੋਕ ਪੰਜਾਬ ਵਿੱਚ ਵਧ ਰਹੀ ਹਿੰਸਾ ਤੋਂ ਚਿੰਤਤ ਹੋ ਰਹੇ ਸਨਗਰੇਵਾਲ਼ ਅਨੁਸਾਰ ਇਸੇ ਸਮੇਂ ਦੌਰਾਨ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸੈਕਟਰੀ ਤੇਜਿੰਦਰ ਖੰਨਾ ਨੇ ਕਿਹਾ ਕਿ ਸੰਤ ਨੂੰ NSA ਲਗਾ ਕੇ ਅੰਦਰ ਕੀਤਾ ਜਾਵੇ (ਸੰਤ ਆਪਣੇ ਹਥਿਆਰਬੰਦ ਸਾਥੀਆਂ ਨਾਲ ਉਸ ਸਮੇਂ ਅਜੇ ਦਿੱਲੀ ਵਿੱਚ ਹੀ ਸੀ)ਉਹ ਪੰਜਾਬ ਸਰਕਾਰ ਦੀ ਹਦਾਇਤ ’ਤੇ ਇੱਕ ਪ੍ਰਪੋਜ਼ਲ ਬਣਾ ਕੇ 6 ਮਈ, 1982 ਨੂੰ ਲਾਅ ਮੰਤਰਾਲੇ ਕੋਲ਼ ਗਿਆਜੁਆਇੰਟ ਸੈਕਟਰੀ ਪੀ. ਕੇ. ਕਾਰਥਾ ਨੇ ਸਮੇਂ ਦੀ ਨਜ਼ਾਕਤ ਨੂੰ ਦੇਖ ਕੇ ਸੰਤ ਨੂੰ ਗ੍ਰਿਫਤਾਰ ਕਰਨ ਲਈ ਹਾਂ ਕਰ ਦਿੱਤੀਖੰਨੇ ਨੂੰ ਇਸ ਗੱਲ ’ਤੇ ਬੜੀ ਤਸੱਲੀ ਹੋਈ, ਪਰ ਇਹ ਬਹੁਤਾ ਚਿਰ ਰਹਿਣ ਵਾਲੀ ਨਹੀਂ ਸੀਅਚਾਨਕ ਹੀ ਸੰਤ ਭਿੰਡਰਾਂਵਾਲ਼ੇ ਬੰਬਈ ਵਿਖੇ ਸੰਗਤਾਂ ਨੂੰ ਆਪਣੇ ਪ੍ਰਵਚਨ ਸੁਣਾ ਰਹੇ ਸਨਤੇਜਿੰਦਰ ਖੰਨਾ ਤੇ ਉਸਦੇ ਬੌਸ ਦਰਬਾਰਾ ਸਿੰਘ ਨੂੰ ਰਾਹਤ ਪਹੁੰਚਾਣ ਲਈ ਪਹਿਲੀ ਤੇ ਆਖਰੀ ਕੋਸ਼ਿਸ਼ ਵਜੋਂ ਹੋਮ ਸੈਕਟਰੀ ਬੀ ਕੇ ਚਤੁਰਵੇਦੀ ਨੇ ‘ਗਿਆਨੀ ਜੀ ਤੋਂ ਚੋਰੀ-ਚੋਰੀ’ ਮਹਾਰਾਸ਼ਟਰਾ ਦੇ ਚੀਫ ਸੈਕਟਰੀ ਤੇ ਬੰਬਈ ਦੇ ਪੁਲਿਸ ਕਮਿਸ਼ਨਰ ਜੂਲੀਅਟ ਰਿਬੇਰੋ ਨੂੰ ਦਿੱਲੀ ਬੁਲਾ ਲਿਆ ਤਾਂ ਕਿ ਸੰਤ ਨੂੰ ਹੁਣ ਬੰਬਈ ਦੌਰੇ ਦੌਰਾਨ ਗ੍ਰਿਫਤਾਰ ਕੀਤਾ ਜਾ ਸਕੇਉਹ ਸੰਤ ਨੂੰ ਬੰਬਈ ਦੇ ‘ਦਾਦਰ ਗੁਰਦੁਆਰੇ’ ਤੋਂ ਗ੍ਰਿਫਤਾਰ ਕਰਨਾ ਚਾਹੁੰਦੇ ਸਨ, ਪਰ ਗੁਰਦੁਆਰੇ ਵਿੱਚ ਕਿਸੇ ਤਰ੍ਹਾਂ ਖੂਨ-ਖਰਾਬੇ ਦੇ ਡਰੋਂ, ਫਿਰ ਸੰਤ ਨੂੰ ਬੰਬਈ ਤੋਂ ਵਾਪਸੀ ਮੌਕੇ ਨਾਸਿਕ ਦੇ ਰਸਤੇ ਵਿੱਚੋਂ ਗ੍ਰਿਫਤਾਰ ਕਰਨ ਦਾ ਪਲਾਨ ਬਣਿਆ ਕਿਉਂਕਿ ਉਨ੍ਹਾਂ ਕੋਲ਼ ਜਾਣਕਾਰੀ ਸੀ ਕਿ ਸੰਤ 10 ਮਈ ਨੂੰ ਨਾਸਿਕ ਦੇ ਰਸਤੇ ਵਾਪਸ ਜਾ ਰਿਹਾ ਹੈਗਰੇਵਾਲ਼ ਕਹਿੰਦਾ ਕਿ ਮੇਰੇ ਤਾਂ ਦੰਦ ਜੁੜੇ ਰਹਿ ਗਏ, ਮੇਰਾ ਸਾਹ ਰੁਕ ਗਿਆ, ਸਾਡੀ ਸਾਰੀ ਕੀਤੀ ’ਤੇ ਪਾਣੀ ਫਿਰ ਗਿਆ ਸੀ, ਜਦੋਂ ਮੈਂ ਸੁਣਿਆ ਕਿ ਸੰਤ ਤਾਂ 9 ਮਈ ਨੂੰ ਆਪਣੇ ਹੈਡਕੁਆਟਰ ਮਹਿਤੇ ਪਹੁੰਚ ਚੁੱਕਾ ਸੀਬਾਅਦ ਵਿੱਚ ਪਤਾ ਲੱਗਾ ਕਿ ਗ੍ਰਹਿ ਮੰਤਰਾਲ਼ੇ ਦੇ ਕਿਸੇ ਨੇੜਲੇ ਗੁਪਤ ਸੂਤਰ ਨੇ ਉਸ ‘ਗੁਸੈਲ਼ ਫਰਿਸ਼ਤੇ’ ਨੂੰ ਸੰਭਾਵੀ ਗ੍ਰਿਫਤਾਰੀ ਦੀ ਅਗਾਊਂ ਜਾਣਕਾਰੀ ਦੇ ਦਿੱਤੀ ਸੀ ਤਾਂ ਕਿ ਉਹ ਸੁਰੱਖਿਅਤ ਪੰਜਾਬ ਪਹੁੰਚ ਸਕੇਇਸ ਸਬੰਧੀ ਰਿਬੇਰੋ ਦੀ ਕਿਤਾਬ ‘ਬੁਲਿਟ ਫਾਰ ਬੁਲਿਟ’ ਅਨੁਸਾਰ ਇਸ ਤੋਂ ਪਹਿਲਾਂ ਕਿ ਅਸੀਂ ਸੰਤ ਨੂੰ ਗ੍ਰਿਫਤਾਰ ਕਰਦੇ ‘ਉਪਰੋਂ’ ਕਿਸੇ ਨੇ ਪਹਿਲਾਂ ਹੀ ਜਾਣਕਾਰੀ ਸੰਤ ਤਕ ਪਹੁੰਚਾ ਕੇ ਇੱਕ ਵਾਰ ਫਿਰ ਉਸ ਨੂੰ ਸੁਰੱਖਿਅਤ ਪੰਜਾਬ ਤਕ ਪਹੁੰਚਾ ਦਿੱਤਾ ਸੀਖੁਫੀਆ ਏਜੰਸੀ ਆਈ ਬੀ ਦੇ ਜੁਆਇੰਟ ਡਾਇਰੈਕਟਰ ਐੱਮ ਕੇ ਧਰ ਆਪਣੀ ਕਿਤਾਬ ‘ਖੁੱਲ੍ਹੇ ਭੇਦ’ ਵਿੱਚ ਪੰਨਾ 292 ਤੇ ਆਪਣੀ ਦਿੱਲੀ ਵਿੱਚ ਤਾਇਨਾਤੀ ਦੌਰਾਨ ਗਿਆਨੀ ਜ਼ੈਲ ਸਿੰਘ ਦੇ ਸੰਤ ਨਾਲ ਸਹਿਚਾਰ ਦਾ ਜ਼ਿਕਰ ਕਰਦੇ ਹੋਏ, ਸੰਤ ਦੇ ਇਸੇ ਦੌਰੇ ਬਾਰੇ ਲਿਖਦੇ ਹਨ: ਬੇਸ਼ਕ ਮੈਂਨੂੰ ਉਸਦੀ (ਜ਼ੈਲ ਸਿੰਘ) ਪੇਂਡੂ ਸਾਦਗੀ ਨੇ ਮੋਹ ਲਿਆ ਸੀ, ਪਰ ਮੈਂ ਪੂਰੀ ਤਰ੍ਹਾਂ ਸੁਚੇਤ ਸੀ ਕਿ ਉਹਦੀ ਖਲੜੀ ਹੇਠ ਇੱਕ ‘ਸ਼ੈਤਾਨ ਸਿਆਸੀ ਪੈਂਤੜੇਬਾਜ਼’ ਲੁਕਿਆ ਹੋਇਆ ਸੀਉਸਦੇ ਚਰਿੱਤਰ ਦਾ ਹਨ੍ਹੇਰਾ ਪੱਖ ਉਸ ਰਾਤ ਸਾਡੇ ਸੂਤਰਾਂ ਨੇ ਕੈਮਰੇ ਵਿੱਚ ਕੈਦ ਕਰ ਲਿਆ ਸੀ, ਜਦੋਂ ਉਹ ਬੰਗਲਾ ਸਾਹਿਬ ਗੁਰਦੁਆਰੇ ਦੇ ਇੱਕ ਕਮਰੇ ਵਿੱਚ ਚੋਰੀਂ ਸੰਤ ਨਾਲ ਇੱਕ ਘੰਟਾ ਮੀਟਿੰਗ ਕਰਦਾ ਰਿਹਾ ਸੀਦਿੱਲੀ ਵਿੱਚ ਕਿਸੇ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਦੇਸ਼ ਦਾ ਗ੍ਰਹਿ ਮੰਤਰੀ ਕਿਸੇ ਛੋਟੀ ਜਿਹੀ ਧਾਰਮਿਕ ਸੈਮੀਨਾਰੀ ਦੇ ਪ੍ਰਚਾਰਕ ਅੱਗੇ ਮੱਥਾ ਟੇਕ ਕੇ ਮੁਲਕ ਦੀ ਸੁਰੱਖਿਆ ਨਾਲ ਸਮਝੌਤਾ ਕਰੇਗਾ

ਸਿੱਖ ਵਿਦਵਾਨ ਅਜਮੇਰ ਸਿੰਘ ਦੀ ਕਿਤਾਬ ‘ਵੀਹਵੀਂ ਸਦੀ ਦੀ ਸਿੱਖ ਰਾਜਨਤੀ: ਇੱਕ ਗ਼ੁਲਾਮੀ ਤੋਂ ਦੂਜੀ ਗ਼ੁਲਾਮੀ’ ਦੇ ਪੰਨਾ 359 ਅਨੁਸਾਰ: ‘ਸੰਤ ਨੂੰ ਵੇਲੇ ਸਿਰ ਸੂਚਨਾ ਮਿਲ ਜਾਣ ਕਰਕੇ ਪੰਜਾਬ ਸਰਕਾਰ ਦੀ ਉਸ ਨੂੰ ਪੰਜਾਬ ਤੋਂ ਬਾਹਰ ਗ੍ਰਿਫਤਾਰ ਕਰਨ ਦੀ ਯੋਜਨਾ ਸਿਰੇ ਨਾ ਚੜ੍ਹ ਸਕੀਸੰਤ ਜੀ ਗੁਪਤ ਤਰੀਕਿਆਂ ਰਾਹੀਂ ਸੁਰੱਖਿਅਤ ਗੁਰੂ ਨਾਨਕ ਨਿਵਾਸ, ਦਰਬਾਰ ਸਾਹਿਬ (ਚੌਕ ਮਹਿਤਾ ਨਹੀਂ?) ਵਿਖੇ ਪਹੁੰਚ ਚੁੱਕੇ ਸਨ’ ਪੰਜਾਬ ਪਹੁੰਚਣ ਤੋਂ ਬਾਅਦ ਉਸਦੀ ਪੂਰੀ ਚੜ੍ਹਤ ਹੋ ਚੁੱਕੀ ਸੀਜਿਸ ਤੋਂ ਬਾਅਦ ਹਿੰਸਾ ਦੇ ਉਸ ਦੌਰ ਦੀ ਸ਼ੁਰੂਆਤ ਹੋ ਗਈ, ਜਿਸ ਲਈ ਪਿਛਲੇ ਕੁਝ ਸਾਲਾਂ ਤੋਂ ਤਿਆਰੀ ਹੋ ਰਹੀ ਸੀਇੱਥੇ ਗੁਰਦੇਵ ਸਿੰਘ ਗਰੇਵਾਲ਼ ਦੀ ਇਸੇ ਕਿਤਾਬ ਦੇ ਪੰਨਾ 197 ਤੇ ਦਰਜ ਇੱਕ ਕਿੱਸਾ ਸਾਂਝਾ ਕਰਨਾ ਬੜਾ ਦਿਲਚਸਪ ਰਹੇਗਾ, ਜਿਸ ਵਿੱਚ ਉਹ ਦੱਸਦੇ ਹਨ ਕਿ ਜਦੋਂ ਮੈਂ ਪਟਨੇ (ਬਿਹਾਰ) ਵਿੱਚ ਤਾਇਨਾਤ ਸੀ ਤਾਂ 1987 ਵਿੱਚ ਇੱਕ ਦਿਨ ਸਾਬਕਾ ਮੁੱਖ ਮੰਤਰੀ ਦਰਬਾਰਾ ਸਿੰਘ ਦਾ ਸੈਕਟਰੀ ਮਨਮੋਹਨ ਸਿੰਘ (ਜੋ ਕਿ ਮੇਰਾ ਵਿਦਿਆਰਥੀ ਵੀ ਸੀ ਤੇ ਕਿਸੇ ਮੀਟਿੰਗ ਲਈ ਉੱਥੇ ਆਇਆ ਸੀ) ਮਿਲਣ ਘਰ ਆਇਆ ਤਾਂ 84 ਤੋਂ ਪਹਿਲੇ ਦੌਰ ਦੀ ਚੱਲ ਰਹੀ ਗੱਲਬਾਤ ਦੌਰਾਨ ਅਚਾਨਕ ਉਸਨੇ ਦੱਸਿਆ: ‘ਅਪਰੈਲ, 1982 ਵਿੱਚ ਅੰਮ੍ਰਿਤਸਰ ਦੇ ਕਾਲ਼ੀ ਮਾਤਾ ਦੇ ਮੰਦਰਾਂ ਵਿੱਚ ‘ਗਾਵਾਂ ਦੇ ਸਿਰ’ ਵੱਢ ਕੇ ਸੁੱਟਣ ਵਾਲ਼ਾ ‘ਕੌਤਕ’ ਤਾਂ ਅਸੀਂ ਖੁਦ ਕਰਾਇਆ ਸੀਮੈਂ ਉਸਦੀ ਇਹ ਗੱਲ ਸੁਣ ਕੇ ਤ੍ਰਭਕ ਕਿ ਉਸ ਵੱਲ ਦੇਖਣ ਲੱਗਾ ਤੇ ਕਿੰਨਾ ਚਿਰ ਕੁਝ ਬੋਲਿਆ ਨਾ, ਉਸ ਨੂੰ ਮੇਰੇ ਭਾਵਾਂ ਦਾ ਪਤਾ ਲੱਗਾ ਜਾ ਨਾ, ਪਰ ਉਹ ਆਪਣੀ ਘੜੀ ਵੇਖਣ ਲੱਗਾ ਤੇ ਕਹਿਣ ਲੱਗਾ ਕਿ ਮੈਂ ਕਿਤੇ ਜਾਣਾ ਹੈ, ਫਿਰ ਉਸ ਤੋਂ ਬਾਅਦ ਉਹ ਕੁਝ ਸਮਾਂ ਕੁਝ ਨਾ ਬੋਲਿਆ ਤੇ ਇਹ ਕਹਿੰਦਿਆਂ ਤੁਰ ਗਿਆ ਕਿ ਉਸਦੀ ਤਾਂ ਮੀਟਿੰਗ ਦਾ ਸਮਾਂ ਹੋ ਗਿਆ ਹੈ

ਪੰਜਾਬ ਦੀ ਇਸ ਤਰਾਸਦਿਕ ਹੋਣੀ ਦਾ ਅਗਲਾ ਪੜਾਅ ਦਸੰਬਰ, 1982 ਦੀਆਂ ਏਸ਼ੀਆਡ ਖੇਡਾਂ ਮੌਕੇ ਉਸ ਵਕਤ ਆਇਆ, ਜਦੋਂ ਗਿਆਨੀ ਜੀ ਦੇ ‘ਗੁਰਭਾਈ ’ਤੇ ਇਸ ਸਾਰੇ ਕਥਾਨਿਕ ਦੇ ਇੱਕ ਹੋਰ ‘ਮਹਾਂ ਖਲਨਾਇਕ’ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੇ ਦਿੱਲੀ ਜਾ ਰਹੇ ਸਿੱਖਾਂ ਨੂੰ ਖਾਹ-ਮਖਾਹ ਬੇਇੱਜ਼ਤ ਕਰਕੇ ਸੰਤ ਭਿੰਡਰਾਂਵਾਲੇ ਨੂੰ ਨਵੇਂ ਭੜਕਾਊ ਪ੍ਰਵਚਨਾਂ ਲਈ ਮਸਾਲਾ ਦੇ ਦਿੱਤਾਹੁਣ ਜਨਵਰੀ, 83 ਚੜ੍ਹਦਿਆਂ ਹੀ ਅਕਾਲੀ ਦਲ ਨੇ ਪਾਰਲੀਮੈਂਟ ਮੈਂਬਰਾਂ ਨੂੰ ਅਸਤੀਫੇ ਦੇਣ ਦਾ ਸੱਦਾ ਦੇ ਦਿੱਤਾਉਸ ਸਮੇਂ ਦੇ ਹਾਲਾਤ ਦੀ ਪੁਖਤਾ ਗਵਾਹੀ ਸੰਤਾਂ ਦਾ ਨਜ਼ਦੀਕੀ ਰਿਹਾ ਪੱਤਰਕਾਰ ਜਗਤਾਰ ਸਿੰਘ ਆਪਣੀ ਕਿਤਾਬ “Khalistan Struggle: A Non Movement ਦੇ ਪੰਨਾ 109 ਤੇ ਚੈਪਟਰ “Call for Armed Struggle ਵਿੱਚ ਇਵੇਂ ਦੇ ਰਿਹਾ ਹੈ: ‘ਜਿੱਥੇ ਅਕਾਲੀ ਪੰਜਾਬ ਵਿੱਚ ਸ਼ਾਂਤੀ ਬਣਾਈ ਰੱਖਣ ਤੇ ਜਮਹੂਰੀ ਢੰਗ ਨਾਲ ਮੰਗਾਂ ਦੀ ਪ੍ਰਾਪਤੀ ਲਈ ‘ਧਰਮ ਯੁੱਧ ਮੋਰਚਾ’ ਜਾਰੀ ਰੱਖਣ ਲਈ ਦ੍ਰਿੜ੍ਹ ਸਨ, ਉੱਥੇ ਸੰਤ ਨੌਜਵਾਨਾਂ ਨੂੰ ਹਥਿਆਰ ਅਤੇ ਮੋਟਰ ਸਾਈਕਲ ਰੱਖਣ ਦੀ ਕਾਲ ਦੇ ਰਿਹਾ ਸੀ ਕਿ ਹੁਣ ਵੱਡੀ ਲੜਾਈ ਲਈ ਤਿਆਰ ਹੋਣ ਦੀ ਲੋੜ ਹੈਉਸ ਵਕਤ ਪੰਜਾਬ (ਦਰਬਾਰ ਸਾਹਿਬ) ਵਿੱਚ ਧੜਾ-ਧੜ ਹਥਿਆਰ ਆਉਣੇ ਸ਼ੁਰੂ ਹੋ ਗਏ ਸਨ, ਪਰ ਸੈਂਟਰ ਸਰਕਾਰ ਕੋਈ ਐਕਸ਼ਨ ਲੈਣ ਲਈ ਤਿਆਰ ਨਹੀਂ ਸੀ’ ਇੱਥੇ ਸਵਾਲ ਖੜ੍ਹਾ ਹੁੰਦਾ ਹੈ ਕਿ ਸ਼ਾਂਤਮਈ ਚੱਲ ਰਹੇ ਸੰਘਰਸ਼ ਵਿੱਚ ਉਸ ਸਮੇਂ ਅਜਿਹੀ ਕਿਹੜੀ ਵੱਡੀ ਲੋੜ ਬਣ ਗਈ ਸੀ ਕਿ ਹਥਿਆਰਾਂ ਤੋਂ ਬਿਨਾਂ ਸੰਘਰਸ਼ ਲੜਿਆ ਨਹੀਂ ਜਾ ਸਕਦਾ ਸੀ? ਕੀ ਮੋਰਚੇ ਦੇ ਸੰਚਾਲਕਾਂ ਨੇ ਹੱਥ ਖੜ੍ਹੇ ਕਰ ਦਿੱਤੇ ਸਨ ਕਿ ਅਸੀਂ ਸ਼ਾਂਤਮਈ ਸੰਘਰਸ਼ ਜਿੱਤ ਨਹੀਂ ਸਕਦੇ ਤੇ ਅਗਲਾ ਸੰਘਰਸ਼ ਹਥਿਆਰਾਂ ਤੋਂ ਬਿਨਾਂ ਲੜਿਆ ਨਹੀਂ ਜਾਣਾ? ਕੀ ਲੀਡਰਸ਼ਿੱਪ ਨੂੰ ਇਹ ਸੋਚਣਾ ਨਹੀਂ ਬਣਦਾ ਸੀ ਕਿ ਇਹ ਹਥਿਆਰ ਕਿੱਥੋਂ ਆ ਰਹੇ ਹਨ ਤੇ ਦਰਬਾਰ ਸਾਹਿਬ ਅੰਦਰ ਹੀ ਕਿਉਂ ਆ ਰਹੇ ਹਨ? ਕੀ ਇਹ ਸਭ ਸਰਕਾਰ, ਪੁਲਿਸ ਪ੍ਰਸ਼ਾਨ, ਸ਼੍ਰੋਮਣੀ ਕਮੇਟੀ ਤੇ ਅਕਾਲੀ ਲੀਡਰਸ਼ਿੱਪ ਦੀ ਸਹਿਮਤੀ ਤੋਂ ਬਿਨਾਂ ਸੰਭਵ ਹੋ ਸਕਦਾ ਸੀ?

ਇੱਥੇ ਗੁਰਦੇਵ ਸਿੰਘ ਗਰੇਵਾਲ ਦੀ ਕਿਤਾਬ “The Searching Eye: An Inside Looks at Punjab Crisisਦੇ ਚੈਪਟਰ ‘ਖਾਲਿਸਤਾਨ’ ਦੇ ਪੰਨਾ 157-58 ਦਾ ਇੱਕ ਇੰਕਸ਼ਾਫ ਸਾਂਝਾ ਕਰਨਾ ਵੀ ਜ਼ਰੂਰੀ ਹੈ, ਜਿਸ ਅਨੁਸਾਰ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਜਥੇਦਾਰ ਜਗਦੇਵ ਸਿੰਘ ਤਲਵੰਡੀ ਨੇ ਆਪਣੇ ਧੜੇ ਵੱਲੋਂ 13 ਅਪਰੈਲ, 1982 ਨੂੰ ਇੱਕ ਸਿੱਖ ਕਨਵੈਨਸ਼ਨ ਕਰਨ ਦਾ ਐਲਾਨ ਕੀਤਾਉਸਦੇ ਬੁਲਾਰੇ ਰਣਧੀਰ ਸਿੰਘ ਚੀਮਾ ਨੇ 10 ਅਪਰੈਲ ਨੂੰ ਐਲਾਨ ਕੀਤਾ ਕਿ ਇਸ ਕਨਵੈਨਸ਼ਨ ਵਿੱਚ ਜਾਮਾ ਮਸਜਿਦ ਦਾ ਸ਼ਾਹੀ ਇਮਾਮ ਅਤੇ ਅਮਰੀਕਾ ਤੋਂ ਖਾਲਿਸਤਾਨੀ ਲੀਡਰ ਗੰਗਾ ਸਿੰਘ ਢਿੱਲੋਂ ਵਿਸ਼ੇਸ਼ ਮਹਿਮਾਨ ਦੇ ਤੌਰ ’ਤੇ ਪਹੁੰਚ ਰਹੇ ਹਨਇੱਥੇ ਇਹ ਵੀ ਵਰਨਣਯੋਗ ਹੈ ਕਿ ਮਾਰਕ ਤੁਲੀ ਤੇ ਜੀ ਬੀ ਸਿੱਧੂ ਦੀਆਂ ਕਿਤਾਬਾਂ ਮੁਤਾਬਿਕ ਜ਼ੈਲ ਸਿੰਘ, ਜਿੱਥੇ ਇੱਕ ਪਾਸੇ ਭਿੰਡਰਾਂਵਾਲ਼ੇ ਤੇ ਦਲ ਖਾਲਸਾ ਰਾਹੀਂ ਕੱਟੜਵਾਦ ਤੇ ਖਾੜਕੂਵਾਦ ਅਤੇ ਚੌਹਾਨ, ਢਿੱਲੋਂ ਵਰਗਿਆਂ ਰਾਹੀਂ ਖਾਲਿਸਤਾਨ ਨੂੰ ਉਭਾਰ ਰਿਹਾ ਸੀ, ਉੱਥੇ ਦੂਜੇ ਪਾਸੇ ਤਲਵੰਡੀ ਤੇ ਟੌਹੜਾ ਨੂੰ ਵੀ ਬਾਦਲ ਦੀ ਅਕਾਲੀ ਸਰਕਾਰ ਡੇਗਣ ਲਈ ਸ਼ਹਿ ਦੇ ਰਿਹਾ ਸੀਜਥੇਦਾਰ ਤਲਵੰਡੀ ਤੇ ਜਥੇਦਾਰ ਟੌਹੜਾ ਨੇ ਹੀ 1978 ਦੇ ਸਿੱਖ-ਨਿਰੰਕਾਰੀ ਕਤਲ ਕਾਂਡ ਵਿੱਚ ਬਾਦਲ ਸਰਕਾਰ ਦੀ ਕਾਰਗੁਜ਼ਾਰੀ ਨੂੰ ਅਧਾਰ ਬਣਾ ਕੇ ਗਵਰਨਰ ਨੂੰ ਬਾਦਲ ਸਰਕਾਰ ਭੰਗ ਕਰਨ ਦਾ ਮੰਗ ਪੱਤਰ ਦਿੱਤਾ ਸੀਜਿੱਥੇ ਇੱਕ ਪਾਸੇ ਦਰਬਾਰਾ ਸਿੰਘ, ਢਿੱਲੋਂ ਨੂੰ ਰੋਕਣ ਲਈ ਯਤਨ ਕਰ ਰਿਹਾ ਸੀ, ਉੱਥੇ ਦੂਜੇ ਪਾਸੇ ਗਿਆਨੀ ਜ਼ੈਲ ਸਿੰਘ ਸਾਰਾ ਜ਼ੋਰ ਲਗਾ ਰਿਹਾ ਸੀ ਕਿ ਢਿੱਲੋਂ ਕਿਸੇ ਢੰਗ ਨਾਲ ਭਾਰਤ ਦਾਖਿਲ ਹੋ ਜਾਵੇਇਸ ਕਿਤਾਬ ਦੇ ਲੇਖਕ ਗੁਰਦੇਵ ਸਿੰਘ ਗਰੇਵਾਲ਼, (ਜੋ ਉਸ ਵਕਤ ਗ੍ਰਹਿ ਮੰਤਰਾਲੇ ਵਿੱਚ ਜੁਆਇੰਟ ਸੈਕਟਰੀ ਸੀ) ਅਨੁਸਾਰ ਜਦੋਂ ਮੈਂਨੂੰ ਪਤਾ ਲੱਗਾ ਤਾਂ ਮੈਂ ਕੈਬਨਿਟ ਸੈਕਟਰੀ ਬੀ ਕੇ ਚਤੁਰਵੇਦੀ ਨਾਲ ਢਿੱਲੋਂ ਦੇ ਭਾਰਤ ਦਾਖਲੇ ਨੂੰ ਰੋਕਣ ਬਾਰੇ ਗੱਲ ਕੀਤੀ ਤਾਂ ਉਹ ਮੇਰੇ ਨਾਲ ਸਹਿਮਤ ਹੋ ਗਿਆਜਦੋਂ ਢਿੱਲੋਂ ਦਿੱਲੀ ਏਅਰਪੋਰਟ ’ਤੇ ਪਹੁੰਚਿਆ ਤਾਂ ਮੇਰੀਆਂ ਹਦਾਇਤਾਂ ’ਤੇ ਦਿੱਲੀ ਦੇ ਕਮਿਸ਼ਨਰ ਬਜਰੰਗ ਲਾਲ ਨੇ ਆਪਣੀ ਫੋਰਸ ਨਾਲ ਏਅਰ ਪੋਰਟ ਪਹੁੰਚ ਕੇ ਢਿੱਲੋਂ ਨੂੰ ਭਾਰਤ ਵਿੱਚ ਐਂਟਰੀ ਨਾ ਦਿੱਤੀ ਕਿ ਉਸਦਾ ਨਾਮ ਬਲੈਕ ਲਿਸਟ ਵਿੱਚ ਹੈ ਤੇ ਉਹ ਅਮਰੀਕਾ ਵਿੱਚ ਭਾਰਤ ਵਿਰੋਧੀ ਗਤੀ-ਵਿਧੀਆਂ ਕਰ ਰਿਹਾ ਹੈਇਸੇ ਘਟਨਾਕਰਮ ਬਾਰੇ ਉੱਘੇ ਪੱਤਰਕਾਰ ਸਤਿੰਦਰਾ ਸਿੰਘ ਨੇ ਆਪਣੀ ਕਿਤਾਬ Khalistan: An Academic Analysis ਵਿੱਚ ਵੀ ਸੰਕੇਤ ਕੀਤੇ ਹੋਏ ਹਨਗਰੇਵਾਲ਼ ਅੱਗੇ ਲਿਖਦਾ ਹੈ ਕਿ ਜਦੋਂ ਢਿੱਲੋਂ ਨੂੰ ਵਾਪਸ ਭੇਜਿਆ ਜਾਣਾ ਸੀ ਤਾਂ ਸਾਡੇ ਅਧਿਕਾਰੀ ਦੇ ਦੱਸਣ ਅਨੁਸਾਰ ਉਹ ਉਸਦੇ ਮੂੰਹੋਂ ਇਹ ਸੁਣ ਕੇ ਹੈਰਾਨ ਰਹਿ ਗਏ: ‘ਮੈਨੂੰ ਵਾਪਸ ਕਿਉਂ ਭੇਜ ਰਹੇ ਹੋ, ਜੋ ਗੇਮ (ਖਾਲਿਸਤਾਨ) ਤੁਸੀਂ ਖੇਡ ਰਹੇ ਹੋ, ਉਹ ਹੀ ਮੈਂ ਖੇਡ ਰਿਹਾ ਹਾਂ?’ ਗੁਰਦੇਵ ਗਰੇਵਾਲ਼ ਅਨੁਸਾਰ ਬਾਅਦ ਵਿੱਚ ਜਦੋਂ ਮੈਂ ਬਿਹਾਰ ਵਿੱਚ ਤਾਇਨਾਤ ਸੀ ਤਾਂ ਇੱਕ ਦਿਨ ਜੂਨ, 1986 ਵਿੱਚ ਆਈ ਏ ਐੱਸ ਅਧਿਕਾਰੀ ਸਤਿਆ ਨਰਾਇਣ ਰੌਏ ਮੇਰੇ ਕੋਲ਼ ਆਇਆ ਤਾਂ ਬੈਠਿਆਂ 1984 ਬਾਰੇ ਗੱਲਾਂ ਚੱਲ ਪਈਆਂ ਤਾਂ ਕਹਿੰਦਾ ਕਿ 1982 ਵਿੱਚ ਉਹ ਅਮਰੀਕਾ ਵਿੱਚ ਅੰਡਰ ਕਵਰ ਏਜੰਟ ਦੇ ਤੌਰ ’ਤੇ ਕਿਸੇ ਮਿਸ਼ਨ ’ਤੇ ਗਿਆ ਸੀਉੱਥੇ ਆਪਣੇ ਕੰਮ ਲਈ ਇੱਕ ਸੂਤਰ (ਗੰਗਾ ਸਿੰਘ ਢਿੱਲੋਂ) ਵਿਕਸਤ ਕੀਤਾ, ਉਸ ਨੂੰ ਏਜੰਟ ਬਣਾਇਆ, ਉਸ ਨੂੰ ਫੰਡਿੰਗ ਕੀਤੀ, ਉਸਦੀ ਭਾਰਤ ਵਿੱਚ ਸਪੈਸ਼ਲ ਵੀਜ਼ੇ ਤੇ ਵਿਜ਼ਟ ਦਾ ਪ੍ਰਬੰਧ ਕੀਤਾ। ‘ਦਿੱਲੀ ਵਿੱਚ ਬੈਠੇ ਇੱਕ ਬੇਵਕੂਫ ਜੁਆਇੰਟ ਸੈਕਟਰੀ ਨੇ ਮੇਰੇ ਸਾਰੇ ਹਾਰਡ ਵਰਕ ਦਾ ਭੱਠਾ ਬੈਠਾ ਦਿੱਤਾਮੈਂ ਸੁਣ ਕੇ ਕਿਹਾ, ਜਾਣਨਾ ਚਾਹੇਂਗਾ ਕਿ ਉਹ ਬੇਵਕੂਫ ਸੈਕਟਰੀ ਮੈਂ ਹੀ ਸੀ, ਜਿਸਨੇ ਗੰਗਾ ਸਿੰਘ ਢਿੱਲੋਂ ਨੂੰ ਭਾਰਤ ਵਿੱਚ ਐਂਟਰ ਹੋਣ ਤੋਂ ਰੁਕਵਾਇਆ ਸੀਮੇਰੀ ਗੱਲ ਸੁਣ ਕੇ ਉਹ ਭੰਵੱਤਰ ਗਿਆ ਤੇ ਉਸ ਨੂੰ ਅੱਗੋਂ ਕੋਈ ਗੱਲ ਨਾ ਆਉੜੀ …ਫਿਰ ਕੁਝ ਚਿਰ ਲਈ ਸੰਨਾਟਾ ਜਿਹਾ ਛਾਇਆ ਰਿਹਾ ਤੇ ਉਹ ਅੱਗਿਉਂ ਕੱਚਾ ਜਿਹਾ ਹੋ ਕੇ ਬਿਨਾਂ ਕੁਝ ਬੋਲਿਆਂ, ਮੇਰੇ ਕੋਲ਼ੋਂ ਵਿਦਾ ਹੋ ਗਿਆ …

ਗੁਰਦੇਵ ਸਿੰਘ ਗਰੇਵਾਲ਼ ਵਾਂਗ ਗਿਆਨੀ ਜੀ ਦੇ ਸੰਤ ਨਾਲ ‘ਵਿਸ਼ੇਸ਼ ਸਨੇਹ’ ਦੀ ਇੱਕ ਅਹਿਮ ਗਵਾਹੀ, ਸੀਨੀਅਰ ਪੱਤਰਕਾਰ ਮਰਹੂਮ ਦਲਬੀਰ ਸਿੰਘ ਦੀ ਕਿਤਾਬ ‘ਨੇੜਿਓਂ ਡਿੱਠੇ ਸੰਤ ਭਿੰਡਰਾਂਵਾਲ਼ੇ’ ਦੇ ਪੰਨਾ 171 ਤੋਂ ਦਰਜ ਕਰਨੀ ਵੀ ਕੁਥਾਂਹ ਨਹੀਂ ਹੋਵੇਗੀ, ਜਿੱਥੇ ਉਹ ਲਿਖਦੇ ਹਨ: ਸੰਤ ਭਿੰਡਰਾਂਵਾਲ਼ਿਆਂ ਦੀ ਲਾਲਾ ਜਗਤ ਨਰਾਇਣ ਦੇ ਕਤਲ ਕੇਸ ਵਿੱਚ ਗ੍ਰਿਫਤਾਰੀ ਦੌਰਾਨ ਮੈਂ ਉਨ੍ਹਾਂ ਨੂੰ ਫਿਰੋਜ਼ਪੁਰ ਜੇਲ੍ਹ ਵਿੱਚ ਮਿਲਣ ਗਿਆ ਤਾਂ ਸੰਤਾਂ ਨੇ ਅੰਦਰੋਂ ਵੇਖ ਕੇ, ਮੈਂਨੂੰ ਜ਼ੋਰ ਨਾਲ ਆਵਾਜ਼ ਦੇ ਕੇ ਕਿਹਾ ਕਿ ਭੀੜ ਘਟ ਲੈਣ ਦਿਉ, ਮੈਂ ਤੁਹਾਨੂੰ ਆਪ ਅੰਦਰ ਬੁਲਾ ਲੈਂਦਾ ਹਾਂਕੁਝ ਚਿਰ ਬਾਅਦ ਜਦ ਮੈਂ ਇਕੱਲਾ ਅੰਦਰ ਗਿਆ ਤਾਂ ਉਨ੍ਹਾਂ ਨਾਲ ਗੱਲ ਕਰਨ ਸਮੇਂ ਸੀ. ਆਈ. ਡੀ. ਦੇ 6-7 ਬੰਦੇ ਸਾਡੇ ਉੱਪਰ ਨੂੰ ਝੁਕ ਗਏਸੰਤਾਂ ਨਾਲ ਮੇਰੀ ਕੋਈ ਖਾਸ ਗੱਲ ਨਾ ਹੋਈਮੈਂ ਕੋਈ ਜਾਣਕਾਰੀ ਲਏ ਬਿਨਾਂ ਵਾਪਸ ਆ ਗਿਆਦਫਤਰ ਆਉਂਦਿਆਂ ਹੀ ਪਤਾ ਲੱਗਾ ਕਿ ਗ੍ਰਹਿ ਮੰਤਰੀ ਗਿਆਨੀ ਜ਼ੈਲ ਸਿੰਘ ਦਾ ਵਾਰ-ਵਾਰ ਫੋਨ ਆ ਰਿਹਾ ਸੀਉਹ ਕੋਈ ਜ਼ਰੂਰੀ ਗੱਲ ਕਰਨਾ ਚਾਹੁੰਦੇ ਸਨਦਿੱਤੇ ਨੰਬਰ ’ਤੇ ਜਦੋਂ ਮੈਂ ਫੋਨ ਕੀਤਾ ਤਾਂ ਰਸੀਵਰ ਚੁੱਕ ਕੇ ਬੋਲੇ: ‘ਦਲਬੀਰ ਤੂੰ ਅੱਜ ਫਿਰੋਜ਼ਪੁਰ ਗਿਆ ਸੀਜਦੋਂ ਮੈਂ ਹਾਂ ਵਿੱਚ ਉੱਤਰ ਦਿੱਤਾ ਤਾਂ ਕਹਿਣ ਲੱਗੇ, ‘ਕੀ ਗੱਲ ਹੋਈ?’ ਮੇਰੇ ਇਹ ਕਹਿਣ ’ਤੇ ਕਿ ਤੁਹਾਡੇ ਬੰਦਿਆਂ ਨੇ ਮੇਰੀ ਕੋਈ ਗੱਲ ਨਹੀਂ ਹੋਣ ਦਿੱਤੀ ਤਾਂ ਬੋਲੇ: ‘ਉਏ! ਉਹ (ਭਿੰਡਰਾਂਵਾਲ਼ਾ) ਕਿਤੇ ਉਸ ਚਵਲ਼ (ਮੁੱਖ ਮੰਤਰੀ ਦਰਬਾਰਾ ਸਿੰਘ) ਵੱਲ ਤਾਂ ਨਹੀਂ ਝੁਕ ਗਿਆ?” ਇੱਥੇ ਇਸੇ ਕਿਤਾਬ ਦੇ ਪੰਨਾ 165-66 ਤੇ ਭਾਜੀ ਦਲਬੀਰ ਸਿੰਘ ਦੀ ਇੱਕ ਹੋਰ ਟਿੱਪਣੀ ਸ਼ੇਅਰ ਕਰਨੀ ਵੀ ਮੁੱਲਵਾਨ ਹੋਵੇਗੀ, ਜੋ ਉਨ੍ਹਾਂ ਸੱਠਵਿਆਂ ਵਿੱਚ ਸਿੱਖ ਲੀਡਰਸ਼ਿੱਪ ਬਾਰੇ ਕੀਤੀ ਸੀਇਹ ਟਿੱਪਣੀ 1947 ਤੋਂ ਬਾਅਦ, ਪਹਿਲਾਂ ਪੰਜਾਬ ਸੂਬੇ ਲਈ ਅਤੇ ਫਿਰ ਚੰਡੀਗੜ੍ਹ ਲਈ ਲਾਏ ਮੋਰਚਿਆਂ ਤੇ ਮਰਨ ਵਰਤਾਂ ਦੇ ਡਰਾਮਿਆਂ ਵਿੱਚ ਸਿੱਖ ਲੀਡਰਸ਼ਿੱਪ ਵੱਲੋਂ ਨਿਭਾਏ ਰੋਲ ਬਾਰੇ ਸੀਜਿਸ ਵਿੱਚ ਦਿੱਲੀ ਤੋਂ ਸਰਦਾਰ ਹੁਕਮ ਸਿੰਘ ਰਾਹੀਂ ਸੰਤ ਫਤਹਿ ਸਿੰਘ ਦਾ ਮਰਨ ਵਰਤ ਛਡਵਾਏ ਜਾਣ ਦੇ ਨਾਟਕ ’ਤੇ ਅਤਿਅੰਤ ਖਫਾਖੂਨ ਹੁੰਦਿਆਂ ਉਹ ਲਿਖਦੇ ਹਨ, “ਇਨ੍ਹਾਂ ਦਿਨਾਂ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿੱਚ ਵਿਚਰਣ ਨਾਲ ਇੱਕ ਬਹੁਤ ਵੱਡੀ ਸਿੱਖਿਆ, ਜੋ ਮੈਂ ਹਾਸਿਲ ਕੀਤੀ, ਉਹ ਇਹ ਸੀ ਕਿ ਉਸ ਸਮੇਂ ਦੀ ਸਿੱਖ ਲਡਿਰਸ਼ਿੱਪ ਦਾ ਅਸਲੀ ਸਰੂਪ ਕੀ ਹੈ? ਅੱਜ ਵੀ ਮੇਰੇ ਪਾਸ ਉਹ ਡਾਇਰੀ ਮੌਜੂਦ ਹੈ, ਜਿਸ ਵਿੱਚ ਬਹੁਤੀ ਸਿੱਖ ਲੀਡਰਸ਼ਿੱਪ ਸਬੰਧੀ ਮੈਂ ਇਹ ਅੱਖਰ ਅੰਕਿਤ ਕੀਤੇ ਸਨ: ‘ਇਹ ਲੀਡਰਸ਼ਿੱਪ ਗਿਆਨਹੀਣ, ਲਾਲਚੀ, ਹਉਮੈਂ ਮਾਰੀ, ਬੁਜ਼ਦਿਲ, ਮੂੜ੍ਹ ਤੇ ਮੱਕਾਰ ਹੈ’ ਅੱਜ ਤਾਈਂ ਵੀ ਸਿੱਖ ਲੀਡਰਸ਼ਿੱਪ ਸਬੰਧੀ ਇਹ ਟਿੱਪਣੀਆਂ ਵਾਪਸ ਲੈਣ ਜਾਂ ਸੋਧਣ ਦੀ ਮੈਂਨੂੰ ਲੋੜ ਨਹੀਂ ਪਈ’ ਭਾਜੀ ਦਲਬੀਰ ਸਿੰਘ ਨੇ ਅਜਿਹੀ ਫਤਵੇਬਾਜ਼ੀ ਸਾਰੀ ਅਕਾਲੀ ਲੀਡਰਸ਼ਿੱਪ ਬਾਰੇ ਆਪਣੇ ਅੰਤਲੇ ਸਮੇਂ ਤਕ ਜਾਰੀ ਰੱਖੀਅਸਲ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੀ ਕਾਮਯਾਬੀ ਦੇ ਇਤਿਹਾਸ ਤੋਂ ਬਾਅਦ ਪਿਛਲੇ 100 ਸਾਲ ਦਾ ਸਿੱਖ ਇਤਿਹਾਸ ਪੜ੍ਹਦੇ ਹਾਂ ਤਾਂ ਸਿੱਖ ਲੀਡਰਸ਼ਿੱਪ ਬਾਰੇ ਕੀਤੀ ਇਹ ਟਿੱਪਣੀ ਹਰ ਜਗ੍ਹਾ ਸੱਚ ਜਾਪਦੀ ਹੈਮੈਂਨੂੰ ਤਾਂ ਇਵੇਂ ਵੀ ਮਹਿਸੂਸ ਹੁੰਦਾ ਹੈ ਕਿ ‘ਸਿੱਖ ਲੀਡਰਸ਼ਿੱਪ’ ਦੇ ਨਾਲ-ਨਾਲ ਇਸ ਵਿੱਚ ‘ਸਿੱਖ ਵਿਦਵਾਨ’ ਸ਼ਬਦ ਵੀ ਜੋੜ ਦੇਣਾ ਸ਼ਾਇਦ ਗਲਤ ਨਹੀਂ ਹੋਵੇਗਾ? ਸਿੱਖ ਲੀਡਰਸ਼ਿੱਪ ਬਾਰੇ ਇਸੇ ਤਰ੍ਹਾਂ ਦੀ ਨਿਰਾਸ਼ਤਾ ਸਿਰਦਾਰ ਕਪੂਰ ਸਿੰਘ, ਭਗਵਾਨ ਸਿੰਘ ਦਾਨੇਵਾਲੀਆ, ਡਾ. ਸੰਗਤ ਸਿੰਘ, ਹਰਜਿੰਦਰ ਸਿੰਘ ਦਿਲਗੀਰ, ਗੁਰਦਰਸ਼ਨ ਸਿੰਘ ਢਿੱਲੋਂ ਦੀਆਂ ਕਿਤਾਬਾਂ ਵਿੱਚੋਂ ਵੀ ਸਪਸ਼ਟ ਮਿਲਦੀ ਹੈਸਵਾਲ ਸਾਡੇ ਸਭ ਲਈ ਹੈ ਕਿ ਫਿਰ ਇਸਦਾ ਹੱਲ ਕੀ ਹੈ? ਇਸ ਸਾਰੀ ਕਹਾਣੀ ਦਾ ਵਿਅੰਗਆਤਮਕ ਪਹਿਲੂ ਇਹ ਹੈ ਕਿ ਇਹ ਸਾਰੇ ਵਿਦਵਾਨ ਆਪਣੀ ਪੀੜ੍ਹੀ ਥੱਲੇ ਸੋਟਾ ਕਦੇ ਨਹੀਂ ਫੇਰਦੇ ਕਿ ਜੇ ਇਹ ਇੰਨੇ ਹੀ ਸਿਆਣੇ ਸਨ ਤਾਂ ਇਨ੍ਹਾਂ ਨੇ ਉਨ੍ਹਾਂ ਦੀ ਪੁਜ਼ੀਸ਼ਨ ਕਿਉਂ ਨਾ ਲੈ ਲਈ? ਇਹ ਇਸ ਸਾਰੇ ਦੌਰ ਵਿੱਚ ਆਪ ਕੀ ਕਰ ਰਹੇ ਸਨ? ਇਹ ਕਦੇ ਦੇਖਣ ਦਾ ਯਤਨ ਨਹੀਂ ਕਰਦੇ ਕਿ ਸਮੇਂ-ਸਮੇਂ ਸਿੱਖ ਲੀਡਰਸ਼ਿੱਪ ਦੀਆਂ ਕੀ-ਕੀ ਮਜਬੂਰੀਆਂ ਰਹੀਆਂ ਹੋਣਗੀਆਂ?

ਭਾਅ ਜੀ ਦਲਬੀਰ ਸਿੰਘ ਖੁਦ ਕਿੰਨੇ ਕੁ ਦੂਰ-ਅੰਦੇਸ਼ ਸਨ, ਉਨ੍ਹਾਂ ਦੀ ਇਸੇ ਕਿਤਾਬ ਦੇ ਪੰਨਾ 99 ’ਤੇ ਦਰਜ ਟਿੱਪਣੀ ਤੋਂ ਬੜੀ ਚੰਗੀ ਤਰ੍ਹਾਂ ਵੇਖਿਆ ਜਾ ਸਕਦਾ ਹੈ, ਜਦੋਂ ਉਹ ਲਿਖਦੇ ਹਨ: ਇੱਕ ਦਿਨ ਸੰਤ ਕਹਿਣ ਲੱਗੇ ਕਿ ਮੇਰੇ ਪਾਸ ਕੁਝ ਸੱਜਣ ਆਏ ਸਨ ਤੇ ਅਖ਼ਬਾਰ ਕੱਢਣ ਬਾਰੇ ਗੱਲ ਕਰ ਰਹੇ ਸਨ, ਤੂੰ ਦੱਸ ਕੀ ਕਰੀਏ? ਮੈਂ ਸੋਚਣ ਦਾ ਸਮਾਂ ਮੰਗ ਕੇ ਕੁਝ ਦਿਨ ਬਾਅਦ ਜਾ ਕੇ ਦੱਸਿਆ ਕਿ ਇੱਕ ਕਰੋੜ ਨਾਲ ਅਖਬਾਰ ਕੱਢੀ ਜਾ ਸਕਦੀ ਹੈਅਗਲੇ ਹਫਤੇ ਕਹਿੰਦੇ ਕਿ ਅਖ਼ਬਾਰ ਬਾਰੇ ਕੀ ਸੋਚਿਆ, ਤਾਂ ਮੈਂ ਉਲਝਨ ਵਿੱਚ ਕਿਹਾ ਕਿ ਜੇ ਅਖ਼ਬਾਰ ਵਿੱਚ ਸਿਖਰਵਾਂ ਸੱਚ ਨਾ ਲਿਖਿਆ ਤਾਂ ਤੁਸੀਂ ਬੁਰਾ ਮਨਾਉਗੇ ਅਤੇ ਜੇ ਲਿਖਿਆ ਤਾਂ ਸਰਕਾਰ ਅਖ਼ਬਾਰ ਨੂੰ ਤਾਲੇ ਲਗਾ ਦੇਵੇਗੀਸੰਤ ਬੋਲੇ, ‘ਛੱਡ ਖਹਿੜਾ ਅਖ਼ਬਾਰ ਦਾਇੱਕ ਸਟੇਨਗੰਨ 8 ਹਜ਼ਾਰ ਦੀ ਆਉਂਦੀ ਆ ’ਤੇ ਇੱਕ ਕਰੋੜ ਦੀਆਂ ਕਿੰਨੀਆਂ ਆਈਆਂ? ਦਿਹਾੜੀ ਦਾ ਇੱਕ ਮੈਗਜ਼ੀਨ ਖਾਲੀ ਕਰਨ ਤਾਂ ਸਾਰੀ ਦੁਨੀਆਂ ਦੇ ਰੇਡੀਓ, ਅਖ਼ਬਾਰਾਂ ਤੇ ਟੈਲੀਵਿਯਨ ਬੋਲਦੇ ਹਨਇੱਕ ਅਖਬਾਰ ਨਾਲ ਇੰਨਾ ਪ੍ਰਚਾਰ ਨਹੀਂ ਹੋ ਸਕਦਾ, ਜਿੰਨਾ ਗੰਨ ਨਾਲ …ਗੱਲ ਇੱਥੇ ਹੀ ਮੁੱਕ ਗਈ?

ਇਹ ਗੱਲਬਾਤ ਕਿਸੇ ਜੰਗੀ ਕਿਲੇ ਵਿੱਚ ਨਹੀਂ, ਬਲਕਿ ਦਰਬਾਰ ਸਾਹਿਬ ਦੇ ਵਿਹੜੇ ਵਿੱਚ ਹੋ ਰਹੀ ਸੀਭਾਅ ਜੀ ਦਲਬੀਰ ਸਿੰਘ ਸੰਤਾਂ ਦੀ ਅਦੁੱਤੀ ਯੁੱਧ ਕਲਾ ਤੋਂ ਕਿਵੇਂ ਵਾਰੇ-ਵਾਰੇ ਜਾ ਰਹੇ ਸਨ, ਉਨ੍ਹਾਂ ਦੀ ਲਿਖਤ ਦੇ ਅੰਦਾਜ਼ ਤੋਂ ਹੀ ਸਪਸ਼ਟ ਹੋ ਰਿਹਾ ਹੈਅੱਜ-ਕੱਲ੍ਹ ਸੰਤਾਂ ਦੀ ਇਸੇ ਤਰ੍ਹਾਂ ਦੀ ਬਿੰਬ ਉਸਾਰੀ ਦਾ ਬੀੜਾ ਭਾਅ ਜੀ ਤੋਂ ਵੀ ਵੱਧ ਜ਼ੋਰ-ਸ਼ੋਰ ਨਾਲ ਸਿੱਖ ਚਿੰਤਕ ਅਜਮੇਰ ਸਿੰਘ ਨੇ ਚੁੱਕਿਆ ਹੋਇਆ ਹੈਖਾਲਿਸਤਾਨ ਦੀ ਸਾਜ਼ਿਸ਼ ਬਾਰੇ ਜੋ ਖੁਫੀਆ ਜਾਣਕਾਰੀ ਜੀ ਬੀ ਐੱਸ ਸਿੱਧੂ ਦੀ ਕਿਤਾਬ ਵਿੱਚੋਂ ਮਿਲ਼ ਰਹੀ ਹੈ, ਖਾਲਿਸਤਾਨ ਬਾਰੇ ਕੁਝ ਇਸੇ ਤਰ੍ਹਾਂ ਦੇ ਵਿਚਾਰ ਸਿਰਦਾਰ ਕਪੂਰ ਸਿੰਘ ਦੀ ਵਿਚਾਰਧਾਰਾ ਦੇ ਟਕਸਾਲੀ ਵਾਰਿਸ ਸਿੱਖ ਵਿਦਵਾਨ ਤੇ ਸੰਤਾਂ ਦੇ ਪ੍ਰਸ਼ੰਸਕ ਗੁਰਤੇਜ ਸਿੰਘ ਹੋਰਾਂ ਪਿਛਲੇ ਦਿਨੀਂ ਆਪਣੀ ਫੇਸਬੁੱਕ ਪੋਸਟ ਰਾਹੀਂ ਇਸ ਤਰ੍ਹਾਂ ਸਾਂਝੇ ਕੀਤੇ ਹਨ: ‘ਖਾਲਿਸਤਾਨ ਪਹਿਲੇ ਦਿਨ ਤੋਂ ਹੀ ਗ਼ੈਰ-ਸਿੱਖਾਂ ਦੀ ਸਿੱਖਾਂ ਵਿਰੁੱਧ ਵਰਤਣ ਲਈ ਘੜੀ ਗਈ ਘਾੜਤ ਸੀਇਸ ਦੀਆਂ ਜੜ੍ਹਾਂ 1945 ਤਕ ਕਾਂਗਰਸ ਪਾਰਟੀ ਦੇ ਦਸਤਾਵੇਜ਼ਾਂ ਅਤੇ ਮਹਾਸ਼ਾ ਅਖ਼ਬਾਰਾਂ ਦੇ ਨੀਤੀ-ਲੇਖਾਂ ਤਕ ਪਹੁੰਚਦੀਆਂ ਹਨਸਿੱਖਾਂ-ਮੁਸਲਮਾਨਾਂ ਦੇ ਆਪਸੀ ਡੂੰਘੇ ਵੈਰ ਪਵਾ ਕੇ ਪੰਜਾਬ ਦੀ ਵੰਡ ਨੂੰ ਯਕੀਨੀ ਬਣਉਣ ਲਈ, ਇਸ ਨੂੰ 1947 ਤੋਂ ਪਹਿਲਾਂ ਵਰਤਿਆ ਜਾ ਚੁੱਕਾ ਸੀਉਸ ਤੋਂ ਬਾਅਦ ਇਹ ਸਿੱਖਾਂ ਅਤੇ ਪੰਜਾਬ ਨੂੰ ਬਣਦੇ ਹੱਕਾਂ ਤੋਂ ਵਾਂਝੇ ਰੱਖਣ ਲਈ ਉਸੇ ਤਰ੍ਹਾਂ ਵਰਤਿਆ ਗਿਆ ਸੀ, ਜਿਵੇਂ ਪਾਕਿਸਤਾਨ ਦੇ ਸੰਕਲਪ ਨੂੰ ਮੁਸਲਮਾਨਾਂ ਨੂੰ ਹਿੰਦ ਵਿੱਚ ਥਾਂ ਸਿਰ ਰੱਖਣ ਲਈ ਵਰਤਿਆ ਗਿਆ ਸੀ1948 ਤੋਂ ਬਾਅਦ ਸਿੱਖਾਂ ਦੇ ਅਥਾਹ ਰੋਸ ਨੂੰ ਕੁਰਾਹੇ ਪਾਉਣ ਲਈ ਫਿਰ ਇਹੀ ਖਾਲਿਸਤਾਨ ਦਾ ਲਫ਼ਜ਼ ਵਰਤਿਆ ਗਿਆਜੂਨ 84 ਵਿੱਚ ਦੋ ਪੱਤਰਕਾਰ ਪੇਸ਼ ਕੀਤੇ ਗਏ, ਜਿਨ੍ਹਾਂ ਸੰਤ ਭਿੰਡਰਾਂਵਾਲ਼ਿਆਂ ਨੂੰ ਆਖਿਰ ਵਿੱਚ ਮਿਲਣ ਦਾ ਝੂਠਾ ਦਾਅਵਾ ਕੀਤਾ ਅਤੇ ਸੰਤਾਂ ਦੇ ਇਸ ਸਬੰਧੀ ਆਪੇ ਘੜੇ ਬਿਆਨ ਜਾਰੀ ਕੀਤੇਕੁਝ ਸਮੇਂ ਬਾਅਦ ਸੰਤ ਦੀ ਇਸ ਸਬੰਧੀ ਗੁੱਸੇ ਵਿੱਚ ਕੀਤੀ ਇੱਕ ਛੋਟੀ ਜਿਹੀ ਟਿੱਪਣੀ ਲੱਭ ਗਈ ਅਤੇ ਇਸ ਨੂੰ ਕੌਮੀ ਰਾਜਨੀਤੀ ਦੇ ਧੁਰੇ ਦਾ ਦਰਜਾ ਦੇ ਕੇ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਕਿ ਜੇ ਦਰਬਾਰ ਸਾਹਿਬ ’ਤੇ ਫੌਜ ਨੇ ਹਮਲਾ ਕੀਤਾ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀਦਰਬਾਰ ਸਾਹਿਬ ’ਤੇ ਫੌਜੀ ਹਮਲੇ ਦੀ ਝੰਬੀ ਸਿੱਖ ਮਾਨਸਕਿਤਾ ਦੇ ਮੁਢਲੇ ਖਾੜਕੂ ਆਗੂਆਂ ਨੇ ਖਾਲਿਸਤਾਨ ਦੇ ‘ਨਾਹਰੇ’ ਨੂੰ ਸੁਤੇ ਸਿੱਧ, ਸੱਚੇ ਮਨ ਨਾਲ ਗਲਵਕੜੀ ਪਾ ਲਈਉਹ ਗੁਰਸਿੱਖੀ ਦੀ ਰੀਤ ਅਨੁਸਾਰ ਸਿਰ ਤਲੀ ’ਤੇ ਰੱਖ ਕੇ ਜੂਝ ਗਏਇਸ ਰੀਤ ਨੂੰ ਗਾਡੀ ਰਾਹ ਬਣਨ ਤੋਂ ਰੋਕਣ ਦਾ ਇੰਤਜ਼ਾਮ ਪਹਿਲਾਂ ਹੀ ਹੋ ਚੁੱਕਾ ਸੀਸਿੱਖਾਂ ਵਿਰੁੱਧ ਨਫਰਤ ਭਰਿਆ, ਹਿੰਦੂਆਂ ਨੂੰ ਡਰਾਉਣ ਵਾਲ਼ਾ, ਦੁਸ਼-ਪ੍ਰਚਾਰ ਇਸਦਾ ਇੱਕ ਮੁੱਖ ਅੰਗ ਸੀਖਾੜਕੂ ਭੇਸ ਵਿੱਚ ਪੁਲਿਸ ਮੁਖਬਰ, ਜ਼ਮੀਨ-ਦੋਜ਼ ਪੁਲਿਸ ਧਾੜਾਂ ਅਤੇ ਵਿਦੇਸ਼ਾਂ ਵਿੱਚ ਮਰਨ-ਮਾਰਨ ਨੂੰ ਤੂਲ ਦੇਣ ਵਾਲ਼ੇ ਸਰਕਾਰ ਦੇ ਹਾਮੀ ਵੱਡੀ ਗਿਣਤੀ ਵਿੱਚ ਭਰਤੀ ਕੀਤੇ ਗਏ ਸਨਮਣਾਂ-ਮੂੰਹੀਂ ਧਨ ਲੁਟਾਇਆ ਗਿਆਇਸ ਹਰਚੰਦਿਓਰੀ ਦਾ ਆਖਰੀ ਨਿਸ਼ਾਨਾ ਸੀ, ਸਿੱਖ-ਵਿਰੋਧੀ ਅਨਸਰਾਂ ਨੂੰ ਖਾੜਕੂ ਪ੍ਰਚਾਰ ਕੇ, ਗ਼ੈਰ-ਰਸਮੀ ਸਿੱਖ ਸਿਆਸਤ ਉੱਤੇ ਕਾਬਜ਼ ਕਰਵਾ ਕੇ, ਸਰਕਾਰੀ ਮੰਤਵ ਹੱਲ ਕਰਨਾ

ਕੁਝ ਇਸੇ ਤਰ੍ਹਾਂ ਦੇ ਵਿਚਾਰ ਸਿਰਦਾਰ ਕਪੂਰ ਸਿੰਘ ਨੇ ਵੀ ਆਪਣੀ ਕਿਤਾਬ ‘ਸਾਚੀ ਸਾਖੀ’ ਵਿੱਚ ਪ੍ਰਗਟ ਕੀਤੇ ਸਨ ਅਤੇ ਭਾਰਤ ਤੋਂ ਵੱਖਰੇ ਦੇਸ਼ ਖਾਲਿਸਤਾਨ ਦੀ ਮੰਗ ਕਰਨ ਵਾਲ਼ੇ ਲੀਡਰਾਂ ਨੂੰ ‘ਗਧੇ’ ਤਕ ਲਿਖਿਆ ਸੀਜੇ ਸਿੱਖ ਕੌਮ ਦੇ ਇਨ੍ਹਾਂ ਸਿਰਮੌਰ ਵਿਦਵਾਨਾਂ ਦੀ ਗੱਲ ਮੰਨੀਏ ਤਾਂ ਜੀ ਬੀ ਐੱਸ ਸਿੱਧੂ ਦੀ ਕਿਤਾਬ ਦਾ ਥੀਸਿਸ ਠੀਕ ਹੀ ਲਗਦਾ ਹੈ ਕਿ ਖਾਲਿਸਤਾਨ ਦੀ ਮੰਗ ਸਿੱਖਾਂ ਖਿਲਾਫ ਘੜੀ ਗਈ ਇੱਕ ਸਾਜ਼ਿਸ਼ ਸੀ

ਜੋ ਟਿੱਪਣੀਆਂ ਦਲਬੀਰ ਸਿੰਘ ਜੀ, ਰਵਾਇਤੀ ਸਿੱਖ ਲੀਡਰਸ਼ਿੱਪ ਬਾਰੇ ਕਰਦੇ ਹਨ, ਅਜਿਹੀਆਂ ਹੀ ਟਿੱਪਣੀਆਂ ਉਹ ਭਾਈ ਮੋਹਕਮ ਸਿੰਘ, ਬਾਬਾ ਜੋਗਿੰਦਰ ਸਿੰਘ, ਸਿਮਰਨਜੀਤ ਮਾਨ, ਜਸਵੀਰ ਸਿੰਘ ਰੋਡੇ, ਬਾਬਾ ਠਾਕੁਰ ਸਿੰਘ, ਡਾ. ਸੋਹਣ ਸਿੰਘ ਆਦਿ ਗਰਮ ਖਿਆਲੀ ਲੀਡਰਾਂ ਬਾਰੇ ਵੀ ਕਰਦੇ ਸਨ, ਪਰ ਨਾਲ ਹੀ ਉਸ ਸਾਰੇ ਦੌਰ ਵਿੱਚ ਉਨ੍ਹਾਂ ਦੇ ਸਲਾਹਕਾਰ ਵੀ ਬਣੇ ਰਹੇਭਾਅ ਜੀ ਦਲਬੀਰ ਸਿੰਘ ਆਪਣੇ ਆਪ ਨੂੰ ਸੰਤ ਦਾ ਸਭ ਤੋਂ ਸੂਝਵਾਨ ਸਲਾਹਕਾਰ ਹੋਣ ਦਾ ਦਾਅਵਾ ਕਰਦੇ ਹਨਜੋ ਤੱਥ ਸਾਹਮਣੇ ਆ ਰਹੇ ਹਨ, ਉਨ੍ਹਾਂ ਅਨੁਸਾਰ ਸੰਤ ਵੀ ਉਨ੍ਹਾਂ ਦੀ ਸਲਾਹ ਮੰਨਦੇ ਸਨਪਰ ਹੈਰਾਨੀ ਹੁੰਦੀ ਹੈ ਕਿ ਢਿੱਲਵਾਂ ਕਾਂਡ (ਜਿਸ ਵਿੱਚ ਖਾੜਕੂਆਂ ਨੇ 6 ਹਿੰਦੂ ਬੱਸ ਵਿੱਚੋਂ ਲਾਹ ਕੇ ਮਾਰ ਦਿੱਤੇ ਸਨ) ਸਮੇਂ ਜਦੋਂ ਉਨ੍ਹਾਂ ਤੋਂ ਸੰਤ ਨੇ ਪੁੱਛਿਆ ਕਿ ਹੁਣ ਕੀ ਪੈਂਤੜਾ ਲਈਏ ਤਾਂ ਉਹ ਆਪਣੀ ਕਿਤਾਬ ਵਿੱਚ ਲਿਖਦੇ ਹਨ: ਅਸੀਂ ਕਦੋਂ ਦੀ ਦਰਬਾਰਾ ਸਿੰਘ ਸਰਕਾਰ ਡੇਗਣਾ ਚਾਹੁੰਦੇ ਸੀਹੁਣ ਹਿੰਦੂਆਂ ਦੇ ਇੱਕ ਚੂੰਢੀ ਵੱਢੀ ਤਾਂ ਸਰਕਾਰ ਮਿੰਟਾਂ ਵਿੱਚ ਭੰਗ ਹੋ ਗਈ, ਸਾਨੂੰ ਕੁਝ ਕਹਿਣ ਦੀ ਕੀ ਲੋੜ ਹੈ? ਭਾਅ ਜੀ ਦਲਬੀਰ ਸਿੰਘ ਵੱਲੋਂ ਉਚੇਚੇ ਤੌਰ ’ਤੇ ਬਠਿੰਡੇ ਤੋਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਪਹੁੰਚ ਕੇ ਸੰਤਾਂ ਨੂੰ ਦਿੱਤੀ ਅਜਿਹੀ ਰਾਏ ਕਿੰਨੀ ਕੁ ਠੀਕ ਸੀ? ਸ਼ਾਂਤਮਈ ਧਰਮ ਯੁੱਧ ਮੋਰਚੇ ਦੇ ਉਸ ਮੋੜ ’ਤੇ ਇੱਕ ਧੁਨੰਤਰ ਵਿਦਵਾਨ ਵੱਲੋਂ ਬੇਗੁਨਾਹ ਹਿੰਦੂਆਂ ਦੇ ਕਤਲਾਂ ’ਤੇ ਅਜਿਹੀ ਤਸੱਲੀ ਪ੍ਰਗਟਾਉਣੀ ਕਿੰਨੀ ਕੁ ਦੂਰਦਰਸ਼ੀ ਸੀ? ਫਿਰ ਇਸੇ ਕਿਤਾਬ ਅਨੁਸਾਰ ਜੂਨ, 84 ਦੇ ਹਮਲੇ ਤੋਂ ਦੋ-ਚਾਰ ਦਿਨ ਪਹਿਲਾਂ ਸੰਤ ਜੀ ਨੇ ਉਨ੍ਹਾਂ ਤੋਂ ਸਲਾਹ ਮੰਗੀ, ਜਿਸ ਵਕਤ ਉਹ ਆਪਣੇ ਜੁਝਾਰੂਆਂ ਨੂੰ ਅਕਾਲ ਤਖਤ ਦੀ ਉੱਪਰਲੀ ਮੰਜ਼ਲ ’ਤੇ ਹਥਿਆਰ ਵੰਡ ਰਹੇ ਸਨ ਤਾਂ ਕੀ ਇਸ ਸੋਝੀਵਾਨ ਵਿਦਵਾਨ ਵੱਲੋਂ ਉਨ੍ਹਾਂ ਨੂੰ ਅਗਾਮੀ ਖੂਨੀ ਸਾਕੇ ਨੂੰ ਸੱਦਾ ਦੇਣ ਤੋਂ ਬਚਾਇਆ ਨਹੀਂ ਜਾ ਸਕਦਾ ਸੀ? ਉਦੋਂ ਉਨ੍ਹਾਂ ਦੀ ਮੂਕ ਸਹਿਮਤੀ ਕਿੰਨੀ ਕੁ ਜਾਇਜ਼ ਸੀ? ਜੇ ਸੰਤ ਤੇ ਉਸਦੇ ਸਾਥੀਆਂ ਨੇ ਫੌਜ ਅੱਗੇ ਸਮਰਪਣ ਨਾ ਕਰਕੇ, ਸਿਰਫ ‘ਸ਼ਹੀਦੀ’ ਹੀ ਪਾਉਣੀ ਸੀ ਤਾਂ ਕੀ ਸਾਡੇ ਇਨ੍ਹਾਂ ਸਤਿਕਾਰਯੋਗ ਵਿਦਵਾਨਾਂ ਵੱਲੋਂ ਉਨ੍ਹਾਂ ਨੂੰ ਦਰਬਾਰ ਸਾਹਿਬ ਤੋਂ ਬਾਹਰ ਨਿਕਲ਼ ਕੇ ਅਜਿਹਾ ‘ਕੌਤਕ’ ਕਰਨ ਦੀ ਸਲਾਹ ਨਹੀਂ ਦਿੱਤੀ ਜਾ ਸਕਦੀ ਸੀ? ਸ਼ਾਇਦ ਨਹੀਂ ਕਿਉਂਕਿ ਸਿੱਖ ਚਿੰਤਕ ਅਜਮੇਰ ਸਿੰਘ ਤਾਂ ਆਪਣੇ ਪ੍ਰਵਚਨਾਂ ਵਿੱਚ ਮੂੰਹੋਂ ਮੂੰਹ ਕਹੀ ਜਾਂਦਾ ਹੈ ਕਿ ਮਹਿਤੇ ਜਾਂ ਬਾਹਰ ਹੋਰ ਕਿਸੇ ਜਗ੍ਹਾ ਸੰਤ ਤੇ ਸਾਥੀਆਂ ਦੀ ਸ਼ਹੀਦੀ ਹੁੰਦੀ ਤਾਂ ਉਹ ਮੁੱਲ ਨਹੀਂ ਪੈਣਾ ਸੀ, ਜੋ ਦਰਬਾਰ ਸਾਹਿਬ ਦੀ ਰਾਖੀ ਲਈ ਪਾਈਆਂ ਸ਼ਹੀਦੀਆਂ ਦੇ ਨਾਮ ’ਤੇ ਪੈ ਰਿਹਾ ਹੈ?

ਸਿਰਫ ਜੀ. ਬੀ. ਐੱਸ ਸਿੱਧੂ, ਡਾ. ਸੰਗਤ ਸਿੰਘ, ਗੁਰਦੇਵ ਸਿੰਘ ਗਰੇਵਾਲ਼, ਭਗਵਾਨ ਸਿੰਘ ਦਾਨੇਵਾਲ਼ੀਆ, ਐੱਮ. ਕੇ. ਧਰ ਅਤੇ ਹੋਰ ਅਨੇਕਾਂ ਲੇਖਕਾਂ ਦੀਆਂ ਕਿਤਾਬਾਂ ਹੀ ਇਹ ਨਹੀਂ ਕਹਿ ਰਹੀਆਂ ਕਿ ਇੰਦਰਾ ਗਾਂਧੀ, ਗਿਆਨੀ ਜ਼ੈਲ ਸਿੰਘ, ਸੰਜੇ ਗਾਂਧੀ ਆਦਿ ਨੇ ਕਿਵੇਂ ਆਪਣੇ ਸੌੜੇ ਸਿਆਸੀ ਤੇ ਫਿਰਕੂ ਹਿਤਾਂ ਲਈ ਸਿੱਧੇ-ਅਸਿੱਧੇ ਢੰਗਾਂ ਨਾਲ ਸਿੱਖਾਂ ਵਿਚਲੇ ਗਰਮਖਿਆਲੀ ਖਾੜਕੂ ਧੜਿਆਂ ਨੂੰ ਉਭਾਰਿਆ ਗਿਆ ਤੇ ਹਾਲਾਤ ਜੂਨ 84 ਤਕ ਪਹੁੰਚਣ ਦਿੱਤੇ ਗਏ, ਸਗੋਂ ਖਾਲਿਸਤਾਨੀ ਧਿਰਾਂ ਦੇ ਵਾਹਿਦ ਸਿਧਾਂਤਕਾਰ ਭਾਈ ਅਜਮੇਰ ਸਿੰਘ ਜੀ ਵੀ ਆਪਣੀ ਕਿਤਾਬ ‘ਵੀਹਵੀਂ ਸਦੀ ਦੀ ਸਿੱਖ ਰਾਜਨੀਤੀ: ਇੱਕ ਗ਼ੁਲਾਮੀ ਤੋਂ ਦੂਜੀ ਗ਼ੁਲਾਮੀ ਤੱਕ’ ਦੇ ਪੰਨਾ 385 ’ਤੇ ਇਹ ਲਿਖਦਿਆਂ ਉੱਪਰਲੇ ਵਿਦਵਾਨਾਂ ਦੇ ਦਾਅਵਿਆਂ ਦੀ ਤਾਈਦ ਹੀ ਕਰ ਰਹੇ ਹਨ: ‘ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਸਿੱਖ ਸੰਘਰਸ਼ ਅੰਦਰਲੀ ਗਰਮ-ਖਿਆਲੀ ਧਾਰਾ ਨੂੰ ਇੱਕ ਖਾਸ ਹੱਦ ਤਕ ਤਕੜਾਈ ਹਾਸਿਲ ਕਰ ਲੈਣ ਦੀ ਸੰਕੋਚਵੀਂ ਛੋਟ ਦੇਈ ਰੱਖਣੀ ਇੰਦਰਾ ਗਾਂਧੀ ਦੇ ਫ਼ਿਰਕੂ ਮਨੋਰਥਾਂ ਦੇ ਪੂਰੀ ਤਰ੍ਹਾਂ ਸੂਤ ਬਹਿੰਦੀ ਸੀਖਾੜਕੂ ਹਥਿਆਰਬੰਦ ਕਾਰਵਾਈਆਂ ਨਾਲੋਂ ਵੀ ਵਧ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ੇ ਦੇ ਗਰਮਾਇਸ਼ ਉਪਜਾਉਂਦੇ ਬਿਆਨ ਅਤੇ ਭਾਸ਼ਣ ਹਿੰਦੂ ਜਨਤਾ ਦੇ ਮਨਾਂ ਉੱਤੇ ਠੀਕ ਉਹੋ ਜਿਹਾ ਹੀ ਅਸਰ ਛੱਡ ਰਹੇ ਸਨ, ਜਿਸਦੀ ਇੰਦਰਾ ਗਾਂਧੀ ਨੂੰ ਲੋੜ ਸੀ

ਇੱਥੇ ਵੱਖ-ਵੱਖ ਕਿਤਾਬਾਂ ਵਿਚਲੇ ਉੱਪਰਲੇ ਸਾਰੇ ਬਿਰਤਾਂਤ ਤੇ ਤੱਥ ਪਾਠਕਾਂ ਦੀ ਕਚਹਿਰੀ ਵਿੱਚ ਰੱਖਣ ਦਾ ਸਾਡਾ ਮਕਸਦ ਨਾ ਤੇ ਸੰਤ ਭਿੰਡਰਾਂਵਾਲ਼ੇ ਤੇ ਉਸਦੇ ਖਾੜਕੂ ਸਾਥੀਆਂ ਨੂੰ ਕਾਂਗਰਸ ਦੇ ਏਜੰਟ ਸਾਬਿਤ ਕਰਨਾ ਹੈ ਅਤੇ ਨਾ ਹੀ ਸਾਡਾ ਉਨ੍ਹਾਂ ਧਿਰਾਂ ਨਾਲ ਇਹ ਇਤਰਾਜ਼ ਹੈ ਕਿ ਉਹ ਸੰਤ ਨੂੰ ਵੀਹਵੀਂ ਸਦੀ ਦਾ ਮਹਾਨ ਸਿੱਖ ਕਿਉਂ ਮੰਨਦੇ ਹਨ? ਇਹ ਸਵਾਲ ਤਾਂ ਅਸੀਂ ਪਾਠਕਾਂ ’ਤੇ ਹੀ ਛੱਡਦੇ ਹਾਂ ਕਿ ਉਹ ਆਪਣੀ ਸਮਝ ਅਨੁਸਾਰ ਫੈਸਲਾ ਕਰਨਪਰ ਸਾਡਾ ਸਵਾਲ ਇਹ ਹੈ ਕਿ ਜਦੋਂ ਮੌਕੇ ਦੀਆਂ ਹਕੂਮਤਾਂ ਆਪਣੇ ਸੌੜੇ ਸਿਆਸੀ ਮੁਫਾਦਾਂ ਲਈ ਨਾ ਸਿਰਫ ਸਾਡੇ ਲੀਡਰਾਂ ਨੂੰ ਵਰਤ ਰਹੀਆਂ ਸਨ, ਸਗੋਂ ਪੰਜਾਬ ਨੂੰ ਇੱਕ ਭਿਆਨਕ ਸੰਕਟ ਵੱਲ ਧਕੇਲ ਰਹੀਆਂ ਸਨ ਤਾਂ ਗਿਆਨੀ ਜ਼ੈਲ ਸਿੰਘ, ਡਾ. ਜਗਜੀਤ ਸਿੰਘ ਚੌਹਾਨ, ਗੰਗਾ ਸਿੰਘ ਢਿੱਲੋਂ, ਜਗਦੇਵ ਸਿੰਘ ਤਲਵੰਡੀ, ਗੁਰਚਰਨ ਸਿੰਘ ਟੌਹੜਾ, ਸੁਖਜਿੰਦਰ ਸਿੰਘ ਤੇ ਉਨ੍ਹਾਂ ਤੋਂ ਬਾਅਦ ਡਾ. ਸੋਹਣ ਸਿੰਘ (ਪੰਥਕ ਕਮੇਟੀ) ਤੇ ਹੋਰ ਖਾੜਕੂ ਲੀਡਰ ਤੇ ਵਿਦਵਾਨ ਕਰ ਕੀ ਰਹੇ ਸਨ? ਕੀ ਇਹ ਸਭ ਇੰਨੇ ਨਾਦਾਨ ਸਨ ਕਿ ਇਨ੍ਹਾਂ ਨੂੰ ਕੁਝ ਦਿਸ ਨਹੀਂ ਰਿਹਾ ਸੀ? ਇਸ ਲੇਖ ਵਿੱਚ ਵੱਖ-ਵੱਖ ਕਿਤਾਬਾਂ ਦੇ ਹਵਾਲੇ ਸਾਡੇ ਸੋਚਣ ਲਈ ਅਨੇਕਾਂ ਸਵਾਲ ਖੜ੍ਹੇ ਕਰ ਰਹੇ ਹਨਸਾਡੇ ਵਿਦਵਾਨ ਇਹ ਰਾਗ ਤਾਂ ਵਾਰ-ਵਾਰ ਅਲਾਪ ਰਹੇ ਹਨ ਕਿ ‘ਸ਼ੇਰਾਂ ਦੀ ਕੌਮ ਨੂੰ ਹਮੇਸ਼ਾ ਗਧੇ ਲੀਡਰਾਂ ਨੇ ਮਰਵਾਇਆ ਹੈ’, ਪਰ ਅਜਿਹੇ ਇਲਜ਼ਾਮਾਂ ਨਾਲ ਅਸੀਂ ਕਦੋਂ ਤਕ ਆਪਣੇ ਆਪ ਨੂੰ ਧਰਵਾਸ ਦਿੰਦੇ ਰਹਾਂਗੇ ਜਾਂ ਆਉਣ ਵਾਲ਼ੀਆਂ ਸਿੱਖ ਨਸਲਾਂ ਨੂੰ ਗੁਮਰਾਹ ਕਰਦੇ ਰਹਾਂਗੇ? ਸਾਡੀ ਕੌਮ ਦੇ ਵਾਰਿਸ ਕਦੋਂ ਸਪਸ਼ਟ ਫੈਸਲਾ ਕਰਨਗੇ ਕਿ ਉਨ੍ਹਾਂ ਨੇ ਭਾਰਤ ਵਿੱਚ ‘ਵੱਖਰਾ ਸਿੱਖ ਖਿੱਤਾ ਲੈਣਾ ਹੈ’, ‘ਖੁਦਮੁਖਤਿਆਰ ਸਿੱਖ ਸਟੇਟ ਲੈਣੀ ਹੈ’, ‘ਵੱਖਰਾ ਸਿੱਖ ਦੇਸ਼ ਲੈਣਾ ਹੈ’ ‘ਰਾਜਾਂ ਲਈ ਵੱਧ ਅਧਿਕਾਰਾਂ ਵਾਲ਼ਾ ਸੂਬਾ ਲੇਣਾ ਹੈ’, ‘ਪੰਜਾਬੀ ਬੋਲੀ ਅਧਾਰਿਤ ਵੱਖਰਾ ਸੂਬਾ ਲੈਣਾ ਹੈ’ ਜਾਂ ਮੌਜੂਦਾ ਭਾਰਤ ਵਿੱਚ ਬਾਕੀ ਲੋਕਾਂ ਵਾਂਗ ਭਾਰਤੀ ਸ਼ਹਿਰੀ ਬਣ ਕੇ ਰਹਿਣਾ ਹੈ? ਸਿੱਖ ਲੀਡਰਸ਼ਿੱਪ ਦੀ ਇਹੀ ਦੁਬਿਧਾ 47 ਤੋਂ ਪਹਿਲਾਂ ਸੀ, ਇਹੀ ਦੁਬਿਧਾ 47 ਤੋਂ ਬਾਅਦ ਪੰਜਾਬੀ ਸੂਬਾ ਮੋਰਚੇ ਦੌਰਾਨ ਸੀ ਤੇ ਇਹੀ ਦੁਬਿਧਾ ‘ਧਰਮ ਯੁੱਧ ਮੋਰਚੇ’ ਮੌਕੇ ਸੀ ਤੇ ਇਹੀ ਹੁਣ ਹੈਸੰਤ ਭਿੰਡਰਾਂਵਾਲ਼ਾ ਵੀ ਇਸੇ ਦੁਬਿਧਾ ਦਾ ਸ਼ਿਕਾਰ ਸੀ, ਇਸੇ ਕਰਕੇ ਉਸਨੇ ਆਪਣੇ ਜੀਵਨ ਵਿੱਚ ਕਦੇ ਵੀ ਸਪਸ਼ਟ ਰੂਪ ਵਿੱਚ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸਿਰਫ ਇਹੀ ਕਿਹਾ ਕਿ ਸਾਡਾ ਨਿਸ਼ਾਨਾ ਅਨੰਦਪੁਰ ਦਾ ਮਤਾ ਹੈ, ਪਰ ਜੇ ਸਰਕਾਰ ਖਾਲਿਸਤਾਨ ਦੇਵੇਗੀ ਤਾਂ ਨਾਂਹ ਨਹੀਂ ਕਰਾਂਗੇਸਿਰਦਾਰ ਕਪੂਰ ਸਿੰਘ, ਹਰਿੰਦਰ ਸਿੰਘ ਮਹਿਬੂਬ, ਡਾ. ਗੁਰਭਗਤ ਸਿੰਘ, ਜਸਵੰਤ ਸਿੰਘ ਕੰਵਲ ਤੋਂ ਲੈ ਕੇ ਸਿੱਖ ਵਿਦਵਾਨਾਂ ਦੀ ਲੰਬੀ ਲਿਸਟ ਹੈ, ਜੋ ਅਜਿਹੀ ਦੁਬਿਧਾ ਦਾ ਸ਼ਿਕਾਰ ਸਨ ਤੇ ਹਨ? ਅਜਮੇਰ ਸਿੰਘ ਵਰਗੇ ਵਿਦਵਾਨ ਯਹੂਦੀਆਂ ਵਾਂਗ ਇਜ਼ਰਾਈਲ ਦੀ ਤਰਜ਼ ’ਤੇ ਵੱਖਰੇ ਦੇਸ਼ ਦੀ ਵਕਾਲਤ ਤਾਂ ਕਰਦੇ ਹਨ ਪਰ ਕਦੇ ਇਹ ਨਹੀਂ ਦੱਸਦੇ ਕਿ ਯਹੂਦੀਆਂ ਤੇ ਸਿੱਖਾਂ ਦੇ ਹਾਲਾਤ ਵਿੱਚ ਜ਼ਮੀਨ-ਅਸਮਾਨ ਦਾ ਫਰਕ ਹੈ ਅਤੇ ਇਜ਼ਰਾਈਲ ਕਿਨ੍ਹਾਂ ਹਾਲਾਤ ਵਿੱਚ ਬਣਿਆ ਸੀ? ਨਾ ਹੀ ਕਦੇ ਇਹ ਦੱਸਦੇ ਹਨ ਕਿ ਇਜ਼ਰਾਈਲ ਬਣਨ ਨਾਲ ਮਿਡਲ ਈਸਟ ਵਿੱਚ ਪਿਛਲੇ 70 ਸਾਲ ਤੋਂ ਹੋ ਰਹੀ ਕਤਲੋ-ਗਾਰਤ ਲਈ ਕੌਣ ਜ਼ਿੰਮੇਵਾਰ ਹੈ? ਨਾ ਹੀ ਇਹ ਲੋਕ ਕਦੇ ਸਪਸ਼ਟ ਕਰ ਸਕੇ ਹਨ ਕਿ ਪੰਜਾਬ ਵਿੱਚ ਸਿੱਖਾਂ ਤੋਂ ਇਲਾਵਾ ਹਿੰਦੂਆਂ, ਦਲਿਤਾਂ, ਰਾਮਗੜ੍ਹੀਆਂ, ਅਰੋੜੇ/ਖੱਤਰੀ ਸਿੱਖਾਂ, ਨਾਮਧਾਰੀਆਂ, ਰਾਧਾ ਸਵਾਮੀਆਂ ਆਦਿ ਨੂੰ ਨਾਲ ਕਿਵੇਂ ਲਿਆ ਜਾਵੇ, ਉਨ੍ਹਾਂ ਦੇ ਤੁਹਾਡੇ ਵੱਲੋਂ ਪ੍ਰਸਤਾਵਿਤ ਵੱਖਰੇ ਦੇਸ਼ ਬਾਰੇ ਖਦਸ਼ੇ ਕਿਵੇਂ ਦੂਰ ਹੋਣ ਤੇ ਉਨ੍ਹਾਂ ਦਾ ਉਸ ‘ਕਲਪਿਤ’ ਦੇਸ਼ ਵਿੱਚ ਸਟੈਟਸ ਕੀ ਹੋਵੇਗਾ? ਕੀ ਕਿਤੇ ਉਨ੍ਹਾਂ ਨਾਲ ਉਹੀ ਤਾਂ ਨਹੀਂ ਹੋਵੇਗੀ, ਜੋ ਪਾਕਿਸਤਾਨ ਵਿੱਚ ਅਹਿਮਦੀਆਂ, ਬਲੋਚੀਆਂ, ਸੂਫੀਆਂ, ਸ਼ੀਆ ਮੁਸਲਮਾਨਾਂ ਨਾਲ ਹੋ ਰਹੀ ਹੈ? ਜਾਂ ਬੋਧੀ ਦੇਸ਼ ਮੀਆਂਮਾਰ (ਬਰਮਾ) ਵਿੱਚ ਰੋਹੰਗੀਆ ਮੁਸਲਮਾਨਾਂ ਨਾਲ ਹੋ ਰਹੀ ਹੈ? ਨਾ ਹੀ ਇਹ ਲੋਕ ਕਦੇ ਸਪਸ਼ਟ ਕਰ ਸਕੇ ਹਨ ਕਿ ਪੰਜਾਬ ਤੋਂ ਬਾਹਰ ਤਰਾਈ (ਯੂਪੀ), ਦਿੱਲੀ, ਗੰਗਾਨਗਰ, ਕਲਕੱਤਾ, ਬੰਬਈ ਆਦਿ ਵਿੱਚ ਬਾਦਸ਼ਾਹ ਬਣੇ ਬੈਠੇ ਸਿੱਖਾਂ ਦਾ ਕੀ ਹੋਵੇਗਾ? ਕੀ ਪੰਜਾਬ ਦੇ ਲੋਕ ਅੱਜ ਵੀ ਅਨੇਕਾਂ ਘਾਟਾਂ ਦੇ ਬਾਵਜੂਦ ਬਾਕੀ ਸੂਬਿਆਂ ਦੇ ਲੋਕਾਂ ਨਾਲੋਂ ਕਿਤੇ ਵੱਧ ਬਿਹਤਰ ਸਥਿਤੀ ਵਿੱਚ ਨਹੀਂ ਹਨਜੇ ਸਿੱਖ ਸਚੁਮੱਚ ਹੀ ਭਾਰਤ ਵਿੱਚ ਗੁਲਾਮ ਹਨ ਤਾਂ ਭਾਰਤ ਦੇ ਸਭ ਤੋਂ ਸਿਰਮੌਰ ਸੂਬਿਆਂ ਯੂਪੀ ਤੇ ਬਿਹਾਰ ਦੇ ਗਰੀਬ ਕਿਸਾਨ-ਮਜ਼ਦੂਰ ਕਈ ਦਹਾਕਿਆਂ ਤੋਂ ਪੰਜਾਬੀਆਂ ਦੀ ਗੁਲਾਮੀ ਕਰਨ ਕਿਉਂ ਆ ਰਹੇ ਹਨ? ਅਜਿਹੇ ਵਿੱਚ ਸਿੱਖਾਂ ਨਾਲ ਵਿਤਕਰੇ ਦਾ ਪ੍ਰਵਚਨ ਕਿੰਨਾ ਕੁ ਜਾਇਜ਼ ਹੈ? ਜੇ ਸਿੱਖਾਂ ਨਾਲ ਇੰਨਾ ਹੀ ਵਿਤਕਰਾ ਹੋ ਰਿਹਾ ਹੈ ਤਾਂ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਵੱਡੇ ਕੇਂਦਰੀ ਮੰਤਰੀਆਂ, ਸੂਬਿਆਂ ਦੇ ਗਵਰਨਰਾਂ, ਮੁੱਖ ਮੰਤਰੀਆਂ, ਪ੍ਰਸ਼ਾਨਿਕ ਅਧਿਕਾਰੀਆਂ, ਫੌਜਾਂ ਦੇ ਮੁੱਖੀਆਂ ਤੋਂ ਇਲਾਵਾ ਹਰ ਖੇਤਰ ਵਿੱਚ ਸਿੱਖ ਬਾਕੀ ਭਾਈਚਾਰਿਆਂ ਦੇ ਮੁਕਾਬਲੇ ਘੱਟ-ਗਿਣਤੀ ਵਿੱਚ ਹੋਣ ਦੇ ਬਾਵਜੂਦ ਮੋਹਰੀ ਕਿਵੇਂ ਹਨ? ਕੀ ਯਹੂਦੀਆਂ ਦੀ ਯੂਰਪ ਵਿੱਚ ਕਦੇ ਅਜਿਹੀ ਸਥਿਤੀ ਸੀ? ਕੀ ਪਾਕਿਸਤਾਨ ਵਿੱਚ ਕਾਦੀਅਨ, ਬਲੋਚ ਜਾਂ ਅਫਗਾਨਿਸਤਾਨ ਵਿੱਚ ਸਿੱਖ ਤੇ ਮੀਆਂਮਾਰ ਵਿੱਚ ਰੋਹੰਗੀ ਇੰਨੀ ਠਾਠ ਨਾਲ ਰਹਿਣ ਬਾਰੇ ਕਦੇ ਸੋਚ ਸਕਦੇ ਹਨ?

ਇਹ ਠੀਕ ਹੈ ਕਿ ਸਿੱਖਾਂ ਤੇ ਪੰਜਾਬ ਦਾ ਭਲਾ ਤਾਂ ਇਸੇ ਗੱਲ ਵਿੱਚ ਸੀ ਕਿ ਪੰਡਤ ਨਹਿਰੂ ਤੇ ਕਾਂਗਰਸ ਦੀ ਲੀਡਰਸ਼ਿੱਪ ਖੁੱਲ੍ਹੇ ਦਿਲ ਨਾਲ ਸਿੱਖਾਂ ਦੀਆਂ ਭਾਵਨਾਵਾਂ ਅਨੁਸਾਰ ‘ਪੰਜਾਬੀ ਸੂਬੇ’ ਦੀ ਮੰਗ ਨੂੰ ਬਿਨਾਂ ਕਿਸੇ ਦੇਰੀ ਦੇ ਸ਼ੁਰੂ ਵਿੱਚ ਹੀ ਮੰਨ ਲੈਂਦੀ, ਪੰਜਾਬ ਦੇ ਹਿੰਦੂ ਵੀ ਪੰਜਾਬੀ ਸੂਬੇ ਦੇ ਹੱਕ ਵਿੱਚ ਖੜ੍ਹਦੇ ਤਾਂ ਪੰਜਾਬ ਵਿੱਚ ਉਹ ਤਰਾਸਦੀਆਂ ਨਾ ਵਾਪਰਦੀਆਂ, ਜੋਧਰਮ ਯੁੱਧ ਮੋਰਚੇ’ ਦੌਰਾਨ ਤੇ ਜੂਨ 84 ਤੋਂ ਬਾਅਦ ਵਾਪਰੀਆਂਇਸ ਸਭ ਦੇ ਬਾਵਜੂਦ ਵੀ ਸਿੱਖ ਲੀਡਰਸ਼ਿੱਪ, ਜੋ ਸਿੱਖਾਂ ਨੂੰ ਬਿਨਾਂ ਕਿਸੇ ਲੰਬੀ ਸੋਚ-ਵਿਚਾਰ ਦੇ ਆਪਣੇ ਸੌੜੇ ਰਾਜਸੀ ਹਿਤਾਂ ਲਈ ਵਾਰ-ਵਾਰ ਮੋਰਚਿਆਂ-ਸੰਘਰਸ਼ਾਂ ਵਿੱਚ ਧੱਕਦੀ ਰਹੀ ਹੈ, ਕੀ ਉਸਦੀ ਵੀ ਕੋਈ ਜ਼ਿੰਮੇਵਾਰੀ ਟਿੱਕੀ ਜਾ ਸਕਦੀ ਹੈ? ਤ੍ਰਾਸਦੀ ਇਹ ਹੈ ਕਿ ਇੰਨਾ ਨੁਕਸਾਨ ਕਰਵਾਉਣ ਤੋਂ ਬਾਅਦ ਵੀ ਨਵੀਂ ਰਵਾਇਤੀ ਤੇ ਪੰਥਕ ਲੀਡਰਸ਼ਿੱਪ ਕੋਈ ਸਬਕ ਸਿੱਖਣ ਲਈ ਤਿਆਰ ਨਹੀਂਕੀ ਸਿੱਖ ਲੀਡਰਸ਼ਿੱਪ ਕਦੇ ਵਿਚਾਰ ਕਰੇਗੀ ਕਿ ਪੰਜਾਬ ਦਾ ਹਿੰਦੂ ਪੰਜਾਬੀ ਸੂਬੇ ਦਾ ਨਾਮ ਸੁਣਦਿਆਂ ਹੀ, ਉਵੇਂ ਕਿਉਂ ਤ੍ਰਭਕਦਾ ਸੀ, ਜਿਵੇਂ ਕੋਈ ਫਨੀਅਰ ਨਾਗ ਡੰਗ ਮਾਰਨ ਲੱਗਾ ਹੋਵੇ? ਕੀ ’84 ਦੇ ਦੌਰ ਵਿੱਚ ਵੀ ਪੰਜਾਬ ਦੇ ਹਿੰਦੂਆਂ ਨੂੰ ਕੁਝ ਅਜਿਹਾ ਹੀ ਡਰ ਸੀ, ਜਿਸ ਨੂੰ ਸਿੱਖ ਲੀਡਰਸ਼ਿੱਪ ਤੇ ਵਿਦਵਾਨਾਂ ਨੇ ਕਦੇ ਗੰਭੀਰਤਾ ਨਾਲ ਨਹੀਂ ਵਿਚਾਰਿਆ? ਕੀ ਇਸਦੇ ਪਿੱਛੇ ਪੰਜਾਬ ਦੀ ਨਹਿਸ਼ ਵੰਡ ਦਾ ਪਿੜ੍ ਬੰਨ੍ਹਣ ਵਾਲ਼ੇ ਮੁਹੰਮਦ ਅਲੀ ਜਿਨਾਹ ਦਾ ਭੂਤ ਤਾਂ ਨਹੀਂ ਨਜ਼ਰ ਆ ਰਿਹਾ ਸੀ, ਜਿਸਦੇ ‘ਦੋ ਕੌਮੀ’ ਪ੍ਰਵਚਨ ਸਦਕਾ ਲੱਖਾਂ ਪੰਜਾਬੀ ਮਰੇ ਤੇ ਕਰੋੜਾਂ ਨੂੰ ਬੇਘਰ ਹੋਣਾ ਪੈ ਗਿਆ ਸੀਜਿਨਾਹ ਦਾ ਪਾਕਿਸਤਾਨ ਦਾ ਸੁਪਨਾ ਪੂਰਾ ਹੋਣ ਤੋਂ ਬਾਅਦ ਪੰਜਾਬ ਵਿੱਚ ਜੋ ਕਤਲੇਆਮ ਹੋਇਆ ਸੀ, ਕੀ ਉਹ ਤਾਂ ਇਸ ਡਰ ਦਾ ਜ਼ਿੰਮੇਵਾਰ ਨਹੀਂ ਸੀ? ਕੀ ਪੰਜਾਬ ਦਾ ਹਿੰਦੂ ਉਸ ਕਿਸਮ ਦੇ ਕਿਸੇ ਹੋਰ ਨਵੇਂ ਬਟਵਾਰੇ ਦੇ ਸਿੱਟਿਆਂ ਤੋਂ ਹੀ ਤੇ ਨਹੀਂ ਡਰੀ ਜਾ ਰਿਹਾ ਸੀ? ਸਾਂਵਲ ਧਾਮੀ ਤੇ ਨਾਸਰ ਢਿੱਲੋਂ ਦੇ ਯੂ ਟਿਊਬ ਚੈਨਲਾਂ ਤੇ ਬਟਵਾਰੇ ਦੌਰਾਨ ਇੱਧਰੋਂ-ਉੱਧਰ ਜਾਂ ਉੱਧਰੋਂ-ਇੱਧਰ ਆਏ ਲੋਕਾਂ ਦੀਆਂ ਦਾਸਤਾਨਾਂ ਸੁਣੋ ਕਿ ਉਹ ਲੋਕ ਬਟਵਾਰੇ ਬਾਰੇ ਕੀ ਕਹਿ ਰਹੇ ਹਨ? ਸੱਚੀ ਗੱਲ ਤਾਂ ਇਹ ਹੈ ਕਿ ਕੀ ਸਿੱਖੀ ਦੀ ਆਤਮਾ ‘ਸਭੇ ਸਾਂਝੀਵਾਲ ਸਦਾਇਨਿ ...’ ਦੇ ਬੋਲਾਂ ਵਿੱਚ ਦਰਜ ਨਹੀਂ ਹੈ? ਸਿੱਖਾਂ ਦੀਆਂ ਆਉਣ ਵਾਲ਼ੀਆਂ ਪੀੜ੍ਹੀਆਂ ਨੂੰ ਗੁਰੂ ਸਾਹਿਬਾਨ ਵੱਲੋਂ ਦਰਸਾਏ ਗਏ, ਇਸੇ ਮਾਰਗ ਅਨੁਸਾਰ ਹੀ ਆਪਣੀਆਂ ਅਗਲੀਆਂ ਮੰਜ਼ਿਲਾਂ ਵਿਉਂਤਣੀਆਂ ਪੈਣਗੀਆਂਕੀ ਪਿਛਲੇ ਸਮੇਂ ਵਿੱਚ ਲੜੇ ਗਏ ਸਰਬ ਸਾਂਝੇ ਮਹਾਨ ਕਿਸਾਨ ਅੰਦੋਲਨ ਨੂੰ ਮੂਹਰੇ ਰੱਖ ਕੇ ਭਵਿੱਖੀ ਯੋਜਨਾਵਾਂ ਨਹੀਂ ਬਣਾਈਆਂ ਜਾ ਸਕਦੀਆਂ?

ਅਮਰਜੀਤ ਸਿੰਘ ਗਰੇਵਾਲ਼ ਦੇ ਇੱਕ ਲੇਖ “ਪੰਜਾਬ ਜਿਊਂਦਾ ਗੁਰਾਂ ਦੇ ਨਾਮ ’ਤੇ” ਵਿੱਚੋਂ ਕੁਝ ਲਾਈਨਾਂ ਨਾਲ ਸਮਾਪਤ ਕਰਨਾ ਚਾਹਾਂਗਾ, ਜਿੱਥੇ ਉਹ ਪ੍ਰੋ. ਪੂਰਨ ਸਿੰਘ ਦੇ ਸੁਪਨਿਆਂ ਵਾਲ਼ੇ ਪੰਜਾਬ ਦੀ ਗੱਲ ਕਰਦੇ ਹੋਏ ਲਿਖਦੇ ਹਨ, “ਪ੍ਰੋ. ਪੂਰਨ ਸਿੰਘ ਜਾਣਦੇ ਸਨ ਕਿ ਪੰਜਾਬ ਦੇ ਨਿਰਮਿਤ ਹੋ ਰਹੇ ਅਧੁਨਿਕਵਾਦੀ ਸਮਾਜ ਵਿੱਚ ਘੱਟ ਗਿਣਤੀ ਸਿੱਖ ਭਾਈਚਾਰੇ ਦੀਚੌਧਰ’ ਉੰਨੀ ਦੇਰ ਸਥਾਪਿਤ ਨਹੀਂ ਹੋ ਸਕਦੀ, ਜਿੰਨੀ ਦੇਰ ਤਕ ਉਹ ਬਹੁ-ਧਰਮੀ, ਬਹੁ-ਭਾਸ਼ਾਈ, ਬਹੁ-ਜਾਤੀ, ਬਹੁ-ਸਭਿਆਚਾਰੀ ਪੰਜਾਬੀ ਭਾਈਚਾਰੇ ਦੇ ਮਨਾਂ ਨੂੰ ‘ਸਿੱਖ ਸਿਧਾਂਤਾਂ ਤੇ ਸਪਿਰਿਟ’ ਨਾਲ ਜਿੱਤ ਨਹੀਂ ਲੈਂਦੇ? ਪ੍ਰੋ. ਸਾਹਿਬ ਜਾਣਦੇ ਸਨ ਕਿ ਪੰਜਾਬੀ ਸਮਾਜ ਦੇ ਵੱਖਰੇਵਿਆਂ ਨੂੰ ਤਾਂ ਦੂਰ ਨਹੀਂ ਕਰ ਸਕਦੇ, ਕਰਨੇ ਵੀ ਨਹੀਂ ਚਾਹੀਦੇਇਸ ਲਈ ਪ੍ਰੋ. ਸਾਹਿਬ ਪੰਜਾਬ ਅੰਦਰ ਹਰਮਨ ਪਿਆਰੇ ਕਿਰਦਾਰ ਵਾਲੀ ਇੱਕ ਸਰਬ ਸਾਂਝੀ ‘ਸਮੂਹਿਕ ਇੱਛਾ’ ਦਾ ਨਿਰਮਾਣ ਕਰਨ ਲਈ, ਸਰਬ ਸਾਂਝੇ ਸਿੱਖ ਸਿਧਾਂਤਾਂ ਦੇ ਅਧਾਰ ’ਤੇ ਸਿੱਖ ਕੌਣ ਹੈ, ਦੀ ਪ੍ਰੀਭਾਸ਼ਾ ਨੂੰ ਵਿਸਤਾਰ ਦਿੰਦੇ ਸਨ।”

ਅੰਤਿਕਾ: ਪਾਠਕ! ਲੇਖ ਵਿਚਲੀਆਂ ਗੱਲਾਂ ਨਾਲ ਸਹਿਮਤੀ ਹੋਣ ਜਾਂ ਨਾ ਹੋਣ, ਪਰ ਮੇਰੀ ਬੇਨਤੀ ਹੈ ਕਿ ਪ੍ਰਸਿੱਧ ਵਿਦਵਾਨ, ਫਿਲਾਸਫਰ ਤੇ ਲੇਖਕ ਪ੍ਰੋ. ਜੁਵਾਲ ਹਰਾਰੀ ਦੀ ਨਵੀਂ ਕਿਤਾਬ, 21 Lessons for the 21st Century (21ਵੀਂ ਸਦੀ ਲਈ 21 ਪਾਠ) ਜ਼ਰੂਰ ਪੜ੍ਹਨ ਤਾਂ ਕਿ ਪਤਾ ਲੱਗ ਸਕੇ ਕਿ ਸਾਰੀ ਮਨੁੱਖਤਾ ਨੂੰ ਆਉਣ ਵਾਲ਼ੇ ਸਮੇਂ ਵਿੱਚ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ?

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3296)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.)

About the Author

ਹਰਚਰਨ ਸਿੰਘ ਪਰਹਾਰ

ਹਰਚਰਨ ਸਿੰਘ ਪਰਹਾਰ

Editor: Sikh Virsa.
Calgary, Alberta, Canada.
Tel: (403 - 681 - 8689)
Email: (hparharwriter@gmail.com)

 

More articles from this author