SatnamDhah7ਇਕਬਾਲ ਖਾਨ ਦੇ ਕੀਤੇ ਕੰਮ ਹਮੇਸ਼ਾ ਲਈ ਉਸ ਨੂੰ ਜ਼ਿੰਦਾ ਰੱਖਣਗੇ ...”   IqbalKhan1
(14 ਮਾਰਚ 2024)
ਇਸ ਸਮੇਂ ਪਾਠਕ: 625.

 

IqbalKhan1ਅਰਪਨ ਲਿਖਾਰੀ ਸਭਾ ਦੀ ਮੀਟਿੰਗ 9 ਮਾਰਚ ਨੂੰ ਡਾ. ਜੋਗਾ ਸਿੰਘ ਅਤੇ ਕੇਸਰ ਸਿੰਘ ਨੀਰ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿਚ ਹੋਈ। ਸਟੇਜ ਦੀ ਕਾਰਵਾਈ ਕੇਸਰ ਸਿੰਘ ਨੀਰ ਨੇ ਸੰਭਾਲਦਿਆਂ ਆਏ ਹੋਏ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ ਨੂੰ ਜੀ ਆਇਆ ਆਖਿਆ ਅਤੇ ਨਾਲ ਹੀ ਕੁਝ ਦੁਖਦਾਈ ਖਬਰਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕੈਲਗਰੀ ਦੇ ਨਕਸਲੀ ਲਹਿਰ ਦੇ ਸਿਆਸੀ ਘੁਲਾਟੀਏ ਅਤੇ ਨਾਮਵਰ ਸ਼ਾਇਰ ਇਕਬਾਲ ਖਾਨ, ਅਤੇ ਸੁਰਜੀਤ ਸਿੰਘ ਪੰਨੂ (ਸੀਤਲ), ਪ੍ਰਸਿੱਧ ਉਰਦੂ ਸ਼ਾਇਰ ਮੁਨੱਵਰ ਰਾਣਾ, ਕਹਾਣੀਕਾਰ ਸੁਖਜੀਤ, ਜਗਦੇਵ ਸਿੰਘ ਸਿੱਧੂ ਦੇ ਨੌਜੁਆਨ ਭਤੀਜੇ ਅਤੇ ਮਾ. ਸੁਖਦੇਵ ਸਿੰਘ ਧਾਲ਼ੀਵਾਲ ਦੇ ਸਪੁੱਤਰ ਇਸ ਫਾਨੀ ਦੁਨੀਆਂ ਤੋਂ ਵਿਛੜ ਗਏ ਹਨ। ਸਭਾ ਵੱਲੋਂ ਇਨ੍ਹਾਂ ਸਾਰੀਆਂ ਵਿਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ।

ਉਪਰੰਤ ਕੇਸਰ ਸਿੰਘ ਨੀਰ ਨੇ ਇਕਬਾਲ ਖਾਨ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਉਸ ਦੀ ਸਾਹਿਤਕ ਦੇਣ ਅਤੇ ਕੀਤੇ ਕੰਮਾਂ ਬਾਰੇ ਯਾਦਾਂ ਸਾਂਝੀਆਂ ਕੀਤੀਆਂ। ਇੰਡੀਆ ਤੋਂ ਆਏ ਸ਼ਾਇਰ ਜਸਵਿੰਦਰ ਸਿੰਘ ਰੁਪਾਲ ਨੇ ਆਪਣੀ ਇਕ ਕਵਿਤਾ ‘ਦਿਲ ਵਿਚ ਵਸਦੇ ਸਾਂਝ ਦੇ ਸਾਜ਼ ਨੂੰ ਸਿਜਦਾ ਮੈਂ ਕਰਾਂ’ ਕਵਿਤਾ ਰਾਹੀਂ ਇਕਬਾਲ ਖਾਨ ਨੂੰ ਸ਼ਰਧਾਂਜਲੀ ਦਿੱਤੀ। ਡਾ. ਬਾਠ ਨੇ ‘ਜ਼ਿੰਦਗੀ ਦਾ ਸਫ਼ਰ ਹੈ ਕੈਸਾ, ਸਫ਼ਰ ਕੋਈ ਸਮਝਾ ਨਹੀਂ ਕੋਈ ਜਾਨਾ ਨਹੀਂ’ ਨਾਂ ਦੇ ਗੀਤ ਰਾਹੀਂ ਸ਼ਰਧਾਂ ਦੇ ਫੁੱਲ ਭੇਟ ਕੀਤੇ। ਕਹਾਣੀਕਾਰਾ ਗੁਰਚਰਨ ਕੌਰ ਥਿੰਦ ਨੇ ਇਕਬਾਲ ਖਾਨ ਦੀ ਹੀ ਇਕ ਕਵਿਤਾ ‘ਕਲਮ ਦੀ ਅੱਖ’ ਸੁਣਾ ਕੇ ਸ਼ਰਧਾਂਜਲੀ ਦਿੱਤੀ ਨਾਲ ਹੀ ਵੋਮਿਨ ਡੇ ਦੀ ਗੱਲ ਸਾਂਝੀ ਕਰਦਿਆਂ ਆਖਿਆ ਕਿ ਕੈਨੇਡਾ ਵਰਗੇ ਅਗਾਂਹ-ਵਧੂ ਮੁਲਕ ਵਿਚ ਵੀ ਇਸਤਰੀ ਨੂੰ ਪੁਰਸ਼ ਦੇ ਬਰਾਬਰ ਤਨਖ਼ਾਹ ਨਹੀਂ ਮਿਲਦੀ।

ਸੁਖਵਿੰਦਰ ਸਿੰਘ ਤੂਰ ਨੇ ਇਕਬਾਲ ਖਾਨ ਦੀ ਫਿਰੋਜ਼ਦੀਨ ਸ਼ਰਫ਼ ਨੂੰ ਸੰਬੋਧਿਤ ਕਰਕੇ ਲਿਖੀ ਕਵਿਤਾ ‘ਅਰਥੀ ਮੈਂ ਚੁੱਕੀ ਫਿਰਦਾਂ ਪੰਜਾਬ ਦੀ’ ਸੁਣਾ ਕੇ ਇਕਬਾਲ ਖਾਨ ਨੂੰ ਯਾਦ ਕੀਤਾ। ਲਖਬਿੰਦਰ ਸਿੰਘ ਜੌਹਲ ਨੇ ਕਿਰਤੀ ਨਾਂ ਦੀ ਕਵਿਤਾ ਨਾਲ ਇਕਬਾਲ ਖਾਨ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਕੁਲਦੀਪ ਕੌਰ ਘਟੌੜਾ ਨੇ ਇਸਤਰੀ ਨੂੰ ਮਾਣ ਸਨਮਾਨ ਦੇਣ ਦੀ ਗੱਲ ਕਰਦਿਆਂ ਆਖਿਆ ਕਿ ਸਾਨੂੰ ਆਪਣੇ ਘਰਾਂ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ, ਨਾਲ ਹੀ ਉਨ੍ਹਾਂ ਇਕਬਾਲ ਦੀਆਂ ਯਾਦਾਂ ਸਾਂਝੀਆਂ ਕੀਤੀਆਂ। ਜਸਵਿੰਦਰ ਅਰਪਨ ਨੇ ਬਹੁਤ ਹੀ ਭਾਵੁਕ ਸ਼ਬਦਾਂ ਨਾਲ ਇਕਬਾਲ ਖਾਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਪ੍ਰੋ. ਸੁਖਵਿੰਦਰ ਸਿੰਘ ਥਿੰਦ ਨੇ ਇਸਤਰੀ ਦਿਵਸ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਲੜਕੀਆਂ ਦੀ ਸਿਹਤ ਅਤੇ ਸਿੱਖਿਆ ਵੱਲ ਵੱਧ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ, ਫਿਰ ਹੀ ਬਰਾਬਰੀ ਗੱਲ ਕੀਤੀ ਜਾ ਸਕਦੀ ਹੈ।

ਸਤਨਾਮ ਸਿੰਘ ਢਾਅ ਨੇ ਇਕਬਾਲ ਦੀਆਂ ਯਾਦਾਂ ਸਾਝੀਆਂ ਕਰਦਿਆਂ ਆਖਿਆ ਕਿ ਇਕਬਾਲ ਦੇ ਵਿਛੋੜੇ ਨਾਲ ਪੰਜਾਬੀ ਸਾਹਿਤਕ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਉਨ੍ਹਾਂ ਆਖਿਆ ਕਿ ਭਾਵੇਂ ਇਕਬਾਲ ਖਾਨ ਸਾਡੇ ਵਿਚ ਨਹੀਂ ਰਹੇ ਪਰ ਉਹਨਾਂ ਦੇ ਕੀਤੇ ਕੰਮ ਹਮੇਸ਼ਾ ਯਾਦ ਰਹਿਣਗੇ।

ਡਾ. ਜੋਗਾ ਸਿੰਘ ਸਿਹੋਤਾ ਨੇ ਪ੍ਰੋ. ਦਰਸ਼ਨ ਸਿੰਘ ਕੋਮਲ ਦੀ ਲਿਖੀ ਬਹੁਤ ਹੀ ਭਾਵੁਕ ਕਵਿਤਾ ‘ਕਿਉਂ ਜੀ ਕਿਤ ਵੱਲ ਜਾ ਰਹੇ ਹੋ, ਹੋਇਆ ਕੀ ਕਸੂਰ ਸਾਥੋਂ ਕਿਉਂ ਪਲੜਾ ਛਡਾ ਰਹੇ ਹੋ’ ਆਪਣੀ ਸੁਰੀਲੀ ਅਵਾਜ਼ ਵਿਚ ਪੇਸ਼ ਕਰਕੇ ਹਾਜ਼ਰੀਨ ਦੀਆਂ ਅੱਖ਼ਾਂ ਨਮ ਕਰ ਦਿਤੀਆਂ। ਇਨ੍ਹਾਂ ਤੋ ਇਲਾਵਾ ਜਸਵਿੰਦਰ ਸਿੰਘ ਅਰਪਨ, ਪ੍ਰਿਤਪਾਲ ਸਿੰਘ ਮੱਲ੍ਹੀ ਅਤੇ ਸੁਖਦੇਵ ਕੌਰ ਢਾਅ ਨੇ ਵੀ ਸ਼ਰਧਾਂਜਲੀ ਸਮਾਗਮ ਵਿਚ ਭਰਪੂਰ ਯੋਗਦਾਨ ਪਾਇਆ। ਅਖ਼ੀਰ ਤੇ ਡਾ. ਜੋਗਾ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।

ਇਕਬਾਲ ਖਾਨ ਨੂੰ 10 ਮਾਰਚ 2024 ਨੂੰ ਅੰਤਮ ਵਿਦਾਇਗੀ ਦਿੱਤੀ ਗਈ, ਜਿਸ ਉਸ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਸ਼ਾਮਲ ਹੋਏ। ਜਥੇਬੰਦੀਆਂ ਵਿਚ ਅਰਪਨ ਲਿਖਾਰੀ ਸਭਾ ਤੋਂ ਇਲਾਵਾ ਐਡਮਿੰਟਨ ਤੋਂ ਪ੍ਰੋਗਰੈਸਿਵ ਪਿਊਪਲਜ਼ ਫਾਊਂਡੇਸ਼ਨ ਆਫ਼ ਐਡਮਿੰਟਨ ਅਤੇ ਮੈਪਲ ਲੀਫ਼ ਰਾਈਟਜ਼ ਫਾਊਂਡੇਸ਼ਨ ਵੱਲੋਂ, ਪੰਜਾਬੀ ਸਾਹਿਤ ਅਤੇ ਸੱਭਿਅਚਾਰਕ ਸਭਾ ਵਿਨੀਪੈੱਗ, ਈਸਟ ਇੰਡੀਆ ਡਿਫ਼ੈਂਸ ਕਮੇਟੀ ਵੈਨਕੋਵਰ ਅਤੇ ਕੈਲਗਰੀ ਦੀਆਂ ਸਾਰੀਆਂ ਸਾਹਿਤਕ ਅਤੇ ਭਾਈਚਾਰਕ ਜਥੇਬੰਦੀਆਂ ਅਤੇ ਕੈਨੇਡਾ ਦੇ ਵੱਖ ਵੱਖ ਸੂਬਿਆਂ ਅਤੇ ਸ਼ਹਿਰਾਂ ਦੇ ਸਾਹਿਤਕਾਰਾਂ ਵੱਲੋਂ ਸ਼ਰਧਾਂਜਲੀਆਂ ਦਿੱਤੀਆਂ ਗਈਆਂ। ਦੇਸ਼ ਬਿਦੇਸ਼ ਤੋਂ ਇਕਬਾਲ ਖਾਨ ਦੇ ਮਿੱਤਰ ਪਿਆਰਿਆਂ ਦੇ ਸ਼ੋਕ ਸੰਦੇਸ਼ ਪੜ੍ਹੇ ਗਏ ਖ਼ਾਸ ਕਰਕੇ ਉਹਦੇ ਪਿੰਡ ਖਾਨਖ਼ਾਨਾ (ਨੇੜੇ ਬੰਗਾ) ਨਿਵਾਸੀਆਂ ਵੱਲੋਂ ਪਿੰਡ ਦੇ ਵਿੱਦਿਆ ਮੰਦਰ (ਸਕੂਲ) ਲਈ ਕੀਤੀ ਮਦਦ ਦਾ ਖ਼ਾਸ ਜ਼ਿਕਰ ਕਰਦਿਆਂ ਸ਼ੋਕ ਸੰਦੇਸ਼ ਭੇਜਿਆ। ਇਕਬਾਲ ਖਾਨ ਦੇ ਕੀਤੇ ਕੰਮ ਹਮੇਸ਼ਾ ਲਈ ਉਸ ਨੂੰ ਜ਼ਿੰਦਾ ਰੱਖਣਗੇ।

*  *  *

ਇਕਬਾਲ ਖਾਨ ਜੀ ਦੀਆਂ ਰਚਨਾਵਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ: https://sarokar.ca/2015-02-17-03-32-00/7

*  *  *  *  *

About the Author

ਸਤਨਾਮ ਸਿੰਘ ਢਾਅ

ਸਤਨਾਮ ਸਿੰਘ ਢਾਅ

Calgary, Alberta, Canada.
Email: (satnam.dhah@gmail.com)

More articles from this author