AmarMinia7ਮੁਨਸ਼ੀ ਮੇਰੇ ਮੂੰਹ ਵੱਲ ਵੇਖ ਕੇ ਕਹਿਣ ਲੱਗਾ, “ਮੇਰੀ ਗੱਲ ਮੰਨ, ਦੋ ਚਾਰ ਜਮਾਤਾਂ ਹੋਰ ਪੜ੍ਹ ਕੇ ਕੋਈ ...
(7 ਮਈ 2022)
ਮਹਿਮਾਨ: 118.


ਮੋਗੇ ਦੇ ਨੇੜੇ ਇੱਕ ਪਿੰਡ ਵਿੱਚ ਖਾਸ ਦੋਸਤ ਦੇ ਘਰ ਮੇਰਾ ਅਕਸਰ ਹੀ ਆਉਣ ਜਾਣ ਬਣਿਆ ਰਹਿੰਦਾ ਸੀ
ਉਸ ਘਰ ਦੇ ਬਿਲਕੁਲ ਸਾਹਮਣੇ ਘਰ ਵਿੱਚ ਪ੍ਰੀਤਮ ਸਿੰਘ ਉਰਫ ਪ੍ਰੀਤੂ ਆਪਣੀਆਂ ਤਿੰਨ ਬੇਟੀਆਂ ਤੇ ਇੱਕ ਬੇਟੇ ਨਾਲ ਰਹਿੰਦਾ ਸੀਪੱਕੀਆਂ ਇੱਟਾਂ ਦੇ ਟੀਪ ਕੀਤੇ ਹੋਏ ਦੋ ਕਮਰੇ ਤੇ ਪਸ਼ੂਆਂ ਲਈ ਕੱਚੀਆਂ ਇੱਟਾਂ ਦਾ ਵੱਡਾ ਬਰਾਂਡਾਪੰਜਾਹ ਦੇ ਨੇੜੇ ਤੇੜੇ ਢੁੱਕਿਆ ਪ੍ਰੀਤੂ ਆਪਣੀ ਉਮਰ ਤੋਂ ਦਸ ਸਾਲ ਵੱਡਾ ਲੱਗਦਾ ਸੀਮੈਂ ਕਦੇ ਵੀ ਉਸ ਨੂੰ ਚੱਜ ਦੇ ਕੱਪੜਿਆਂ ਵਿੱਚ ਨਹੀਂ ਵੇਖਿਆ, ਹਮੇਸ਼ਾ ਲਿੱਬੜਿਆ ਤਿੱਬੜਿਆ, ਘਸੇ ਪੁਰਾਣੇ ਕੱਪੜੇ, ਠਿੱਬੀ ਜੁੱਤੀ ਜਾਂ ਕੈਂਚੀ ਚੱਪਲ, ਅਣਵਾਹੀ ਕਾਲੀ ਚਿੱਟੀ ਦਾੜ੍ਹੀ ਤੇ ਸਿਰ ’ਤੇ ਡੱਬੀਆਂ ਵਾਲਾ ਮੈਲਾ ਪਰਨਾ ਲਗਭਗ ਅਜਿਹੀ ਸਥਿਤੀ ਹੀ ਉਸਦੇ ਬਾਕੀ ਪਰਿਵਾਰਕ ਮੈਂਬਰਾਂ ਦੀ ਸੀਪ੍ਰੀਤੂ ਨੂੰ ਮੈਂ ਇੱਕ ਦੋ ਵਾਰ ਸਾਸਰੀਕਾਲ ਬੁਲਾਈ ਪਰ ਉਸਨੇ ਕੋਈ ਜਵਾਬ ਨਹੀਂ ਦਿੱਤਾਇਹ ਗੱਲ 89/90 ਦੀ ਹੈ। ਉਸ ਵੇਲੇ ਤਕ ਪੰਜਾਬ ਦੇ ਹਰੇਕ ਪਿੰਡ ਵਿੱਚ ਟਰੈਕਟਰ ਆ ਚੁੱਕੇ ਸਨ। ਬਲਦਾਂ ਦਾ ਹਲ਼ ਪੰਜਾਲੀਆਂ ਤੋਂ ਖਹਿੜਾ ਛੁੱਟ ਗਿਆ ਸੀਗੱਡਿਆਂ ਦੀ ਥਾਂ ’ਤੇ ਟਰਾਲੀਆਂ ਜਾਂ ਛੋਟੀਆਂ ਰੇਹੜੀਆਂ ਨੂੰ ਅਮਰੀਕਣ ਵੱਛੇ ਖਿੱਚ ਰਹੇ ਸਨਪ੍ਰੀਤੂ ਵਿੱਚ ਮੇਰੀ ਦਿਲਚਸਪੀ ਇਸ ਕਰਕੇ ਬਣੀ ਕਿ ਉਹ ਅਜੇ ਵੀ ਬਲਦਾਂ ਨਾਲ ਖੇਤੀ ਕਰ ਰਿਹਾ ਸੀ

ਮੇਰੇ ਦੋਸਤ ਦੇ ਚਾਚੇ ਨੇ ਮੈਨੂੰ ਦੱਸਿਆ ਕਿ ਚਾਰ ਭਰਾਵਾਂ ਦੀ ਵੰਡ ਵਿੱਚ ਢਾਈ ਕਿੱਲੇ ਪ੍ਰੀਤੂ ਨੂੰ ਆਏ ਸਨ। ਇੱਕ ਕਿੱਲਾ ਕਰਜ਼ਿਆਂ ਵਿੱਚ ਕੁਰਕ ਹੋ ਗਿਆ ਤੇ ਡੇਢ ਕਿੱਲਾ ਇਸਦੇ ਕੋਲ ਬਚਿਆ ਹੈਛੋਟਾ ਭਰਾ ਫੌਜੀ ਆ, ਉਸਦੀ ਢਾਈ ਕਿੱਲੇ ਠੇਕੇ ’ਤੇ ਲੈ ਕੇ ਚਾਰ ਕਿੱਲਿਆਂ ਨਾਲ ਘਰ ਦੀ ਵੱਡੀ ਕਬੀਲਦਾਰੀ ਨੂੰ ਧੱਕਾ ਲਾਈ ਜਾਂਦਾਪ੍ਰੀਤੂ ਬਾਹਰ ਲੋਕਾਂ ਨਾਲ ਬਹੁਤ ਘੱਟ ਗੱਲਬਾਤ ਕਰਦਾ ਸੀ ਤੇ ਘਰ ਅੰਦਰ ਪ੍ਰਵਾਰ ਨਾਲ ਲੜਦਾ ਝਗੜਦਾ ਜਾਂ ਪਸ਼ੂਆਂ ਨੂੰ ਉੱਚੀ ਉੱਚੀ ਗਾਲ੍ਹਾਂ ਕੱਢਦਾ ਆਮ ਸੁਣ ਜਾਂਦਾਉਸਦੀ ਅਵਾਜ਼ ਪਤਲੀ ਤੀਂਵੀਆ ਵਰਗੀ ਸੀਸ਼ਾਇਦ ਇਹੀ ਕਾਰਨ ਸੀ ਕਿ ਉਹ ਬਾਹਰ ਲੋਕਾਂ ਵਿੱਚ ਘੁਲਦਾ ਮਿਲਦਾ ਬਹੁਤ ਘੱਟ ਸੀਪਿੱਠ ਪਿੱਛੇ ਕੁਝ ਕੁ ਲੋਕ ਉਸ ਨੂੰ ਪ੍ਰੀਤੂ ਜਨਾਨਾ ਵੀ ਕਹਿੰਦੇ ਸਨਵੈਸੇ ਪਿੰਡ ਵਿੱਚ ਜਾਂ ਸ਼ਰੀਕੇ ਭਾਈਚਾਰੇ ਵਿੱਚ ਉਸਦਾ ਕੋਈ ਵੈਰ ਵਿਰੋਧ ਨਹੀਂ ਸੀ

ਅਚਾਨਕ ਹੀ ਪ੍ਰੀਤੂ ਦੇ ਘਰ ਸਵਰਾਜ ਟਰੈਕਟਰ ਕੁਝ ਕੁ ਜ਼ਰੂਰੀ ਸੰਦਾਂ ਸਮੇਤ ਆ ਗਿਆ। ਕੋਈ ਅਣਜਾਣ ਵਿਅਕਤੀ ਪੰਜ ਸੱਤ ਦਿਨ ਡਰੈਵਰੀ ਸਿਖਾਉਂਦਾ ਰਿਹਾਮੈਂ ਵੇਖਿਆ ਤਾਂ ਪ੍ਰੀਤੂ ਹੌਲੀ-ਹੌਲੀ ਟਰੈਕਟਰ ਚਲਾ ਰਿਹਾ ਸੀਮਹੀਨਾ ਖੰਡ ਲੋਕ ਕੰਨਸੋਆਂ ਲੈਂਦੇ ਰਹੇ ਕਿ ਟਰੈਕਟਰ ਕਿਵੇਂ ਜਾਂ ਕਿੱਥੋਂ ਲਿਆਇਆ ਹੋਵੇਗਾ? ਜਿੰਨੇ ਮੂੰਹ, ਓਨੀਆਂ ਗੱਲਾਂ। ਕੋਈ ਕਹੇ ਕਰਜ਼ਾ ਲਿਆ, ਕੋਈ ਕਹੇ ਪੈਲੀ ਗਹਿਣੇ ਰੱਖੀ ਆਜ਼ਿਆਦਾ ਚਰਚਾ ਸੀ ਕਿ ਕਿਸੇ ਦੂਰ ਦੇ ਰਿਸ਼ਤੇਦਾਰ ਨੇ ਗਰੀਬ ਦੀ ਮਦਦ ਕੀਤੀ ਆਹੌਲੀ-ਹੌਲੀ ਗੱਲ ਠੰਢੀ ਪੈ ਗਈਮੈਂ ਵੀ ਪੰਜਾਬ ਪੁਲਿਸ ਵਿੱਚ ਦਾਖਲਾ ਲੈ ਲਿਆ

ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣ ਗਈਮੁੱਖ ਮੰਤਰੀ ਬੇਅੰਤ ਸਿੰਘ ਨੇ ਅੱਤਵਾਦ ਖਤਮ ਕਰਨ ਲਈ ਕੇ ਪੀ ਐੱਸ ਗਿੱਲ ਦੀਆਂ ਲਗਾਮਾਂ ਖੋਲ੍ਹ ਦਿੱਤੀਆਂਹਰ ਰੋਜ਼ ਜਾਇਜ਼ ਨਜਾਇਜ਼ ਪੁਲਿਸ ਮੁਕਾਬਲੇ ਹੋ ਰਹੇ ਸਨਮੇਰੀ ਡਿਊਟੀ ਥਾਣਾ ਸਦਰ ਵਿੱਚ ਸੀਪੁਲਿਸ ਵੱਲੋਂ ਅੱਤਵਾਦੀਆਂ ਜਾਂ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਮਦਦ ਕਰਨ ਵਾਲਿਆਂ ਨੂੰ ਫੜ ਕੇ ਤਫਤੀਸ਼ ਕੀਤੀ ਜਾਂਦੀਥੱਪੜ, ਡਾਂਗ, ਪਟੇ ਤੋਂ ਲੈ ਕੇ ਘੋਟਣਾ ਲਾਇਆ ਜਾਂਦਾ। ਚੱਡੇ ਪਾੜੇ ਜਾਂਦੇ, ਬਰਫ਼ ਦੀ ਸਿੱਲ ’ਤੇ ਲਿਟਾਇਆ ਜਾਂਦਾ। ਬਿਜਲੀ ਦਾ ਕਰੰਟ ਵੀ ਲੱਗਦਾਹਵਾਲਾਤੀਆਂ ਦੇ ਛੋਟੇ ਕਮਰਿਆਂ ਦੇ ਨਾਲ ਵਾਲੇ ਵੱਡੇ ਕਮਰੇ ਵਿੱਚ ਇੰਨਟੈਰੋਗੇਸ਼ਨ ਹੁੰਦੀ, ਜਿੱਥੋਂ ਅਕਸਰ ਹੀ ਲੋਕਾਂ ਦੀਆਂ ਚੀਕਾਂ ਸੁਣਾਈ ਦਿੰਦੀਆਂ ਰਹਿੰਦੀਆਂ

ਇੱਕ ਦਿਨ ਸ਼ਾਮ ਦੇ ਚਾਰ ਕੁ ਵੱਜੇ ਹੋਣਗੇ ਕਿ ਤਫਤੀਸ਼ੀ ਕਮਰੇ ਵਿੱਚੋਂ ਚੀਕਾਂ ਆਉਣ ਲੱਗੀਆਂਇਹ ਚੀਕਾਂ ਕਿਸੇ ਜਨਾਨੀ ਦੀਆਂ ਸਨਮੈਂ ਪਹਿਲੀ ਵਾਰ ਕਿਸੇ ਜਨਾਨੀ ਦੀ ਇਹ ਕੁਰਲਾਹਟ ਸੁਣ ਰਿਹਾ ਸੀਮਨ ਵਿੱਚ ਵੇਖਣ ਦੀ ਉਤਸੁਕਤਾ ਜਾਗੀ ਕਿ ਵੇਖੀਏ ਤਾਂ ਸਹੀ ਕਿ ਕੌਣ ਹੋ ਸਕਦੀ ਹੈਕਮਰੇ ਅੰਦਰ ਇੰਨਟੌਰੋਗੇਟ ਕਰਨ ਵਾਲੇ ਤਿੰਨ ਚਾਰ ਮੁਲਾਜ਼ਮਾਂ ਤੇ ਅਫਸਰਾਂ ਤੋਂ ਬਿਨਾਂ ਹੋਰ ਬੰਦੇ ਨੂੰ ਮਨਾਹੀ ਹੁੰਦੀ ਹੈਸਿਰਫ ਤਾਕੀ ਦੇ ਰਾਹੀਂ ਹੀ ਦੂਰੋਂ ਚੁਰਾਵੀਂ ਨਜ਼ਰ ਨਾਲ ਵੇਖਿਆ ਜਾ ਸਕਦਾ ਸੀ। ਉਹ ਵੀ ਤਾਂ, ਜੇ ਤਾਕੀ ਖੁੱਲ੍ਹੀ ਹੋਵੇਮੈਂ ਗਿਆ ਤਾਂ ਤਾਕੀ ਖੁੱਲ੍ਹੀ ਸੀਦੂਰੋਂ ਵੇਖਿਆ ਤਾਂ ਜਨਾਨੀ ਦੀ ਬਜਾਏ ਬੰਦਾ ਨਜ਼ਰ ਆਇਆਮੂਹਰੇ ਕੁਰਸੀ ਉੱਤੇ ਤਿੰਨ ਸਟਾਰ ਵਾਲਾ ਅਫਸਰ ਬੈਠਾ ਪੁੱਛਗਿੱਛ ਕਰ ਰਿਹਾ ਸੀ। ਤਾਕੀ ਵੱਲ ਅਫਸਰ ਦੀ ਪਿੱਠ ਸੀਉਸਦੇ ਤਿੰਨ ਸਟਾਰਾਂ ਨਾਲ ਮੋਢੇ ’ਤੇ ਲੱਗੀ ਕਾਲੇ ਰੰਗ ਦੀ ਡੋਰੀ ਦੱਸ ਰਹੀ ਸੀ ਕਿ ਇਹ ਡੀ ਐੱਸ ਪੀ ਹੈ। ਇੰਸਪੈਕਟਰ ਦੇ ਵੀ ਤਿੰਨ ਸਟਾਰ ਲੱਗਦੇ ਹਨ ਪਰ ਡੋਰੀ ਦਾ ਰੰਗ ਖਾਕੀ ਹੁੰਦਾ ਹੈਮੈਂ ਹੌਲੀ-ਹੌਲੀ ਪੈਰ ਮਲਦਾ ਅੱਗੇ ਲੰਘ ਗਿਆਦੂਜੀ ਵਾਰ ਥੋੜ੍ਹੀ ਨੇੜੇ ਦੀ ਲੰਘਿਆ ਤਾਂ ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈਇਹ ਤਾਂ ਪ੍ਰੀਤੂ ਹੈ। ਉਸਦੀ ਜਨਾਨੀਆਂ ਵਾਲੀ ਅਵਾਜ਼ ਨੇ ਤਾਂ ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਸੀ ਰਹਿਣ ਦਿੱਤੀਮੈਂ ਸਿਰ ਫੜ ਕੇ ਬੈਠ ਗਿਆ। ਸਮਝ ਨਹੀਂ ਸੀ ਆ ਰਿਹਾ ਕਿ ਮੈਂ ਕੀ ਕਰਾਂ? ਬਹੁਤ ਸਾਰੇ ਸਵਾਲ ਦਿਮਾਗ ਵਿੱਚ ਘੁੰਮ ਰਹੇ ਸਨਇਹ ਭਗਤ ਬੰਦਾ ਕਿਉਂ ਤੇ ਕਿਵੇਂ ਇਸ ਚੱਕਰ ਵਿੱਚ ਫਸ ਗਿਆ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਮਾਮਲਾ ਹੈ ਕੀ ਹੈ?

ਮੈਂ ਰਵਿੰਦਰ ਕੁਮਾਰ ਮੁਨਸ਼ੀ ਦੇ ਦਫਤਰ ਗਿਆਮੁਨਸ਼ੀ ਵੈਸੇ ਪੰਡਤ ਸੀ ਪਰ ਪੱਗ ਪਟਿਆਲਾ ਸ਼ਾਹੀ ਬੰਨ੍ਹਣ ਦਾ ਸ਼ੌਕੀਨ ਸੀਉਸ ਨਾਲ ਮੇਰੀ ਚੰਗੀ ਗੱਲਬਾਤ ਸੀ। ਉਹ ਸਾਹਿਤ ਦਾ ਪ੍ਰੇਮੀ ਸੀ। ਕਵਿਤਾ, ਕਹਾਣੀਆਂ ਲਿਖ ਲੈਂਦਾ ਸੀਮੈਂ ਵੀ ਗੀਤਾਂ ਦੀ ਤੁਕਬੰਦੀ ਕਰਕੇ ਮਾੜਾ ਮੋਟਾ ਗਾ ਗੂ ਲੈਂਦਾ ਸੀਸ਼ਾਮ ਦੀਆਂ ਮਹਿਫਲਾਂ ਵਿੱਚ ਅਸੀਂ ਮਨ ਪਰਚਾਵਾ ਕਰ ਲੈਂਦੇ ਸੀਮੈਂ ਪੁਲਿਸ ਮਹਿਕਮੇ ’ਤੇ ਕਈ ਮਜ਼ਾਕੀਆ ਲਹਿਜ਼ੇ ਵਿੱਚ ਗਾਣੇ ਵੀ ਲਿਖੇ ਸਨ ਜਿਸ ਨਾਲ ਵਾਹਵਾ ਹਾਸਾ ਠੱਠਾ ਹੋ ਜਾਂਦਾ ਸੀਮੈਂ ਮੁਨਸ਼ੀ ਨੂੰ ਇੰਨਟੈਰੋਗੇਟ ਹੋ ਰਹੇ ਸ਼ਖਸ ਬਾਰੇ ਪੁੱਛਿਆ ਕਿ ਕਿਸ ਕੇਸ ਵਿੱਚ ਫੜਿਆ ਗਿਆ ਹੈਉਸਨੇ ਦੱਸਿਆ ਕਿ ਲੁਧਿਆਣਾ ਪੁਲਿਸ ਨੇ ਕੁਝ ਬੰਦੇ ਹਥਿਆਰਾਂ ਸਮੇਤ ਕਾਬੂ ਕੀਤੇ ਹਨ, ਜੋ ਬਹੁਤ ਸਾਰੀਆਂ ਡਕੈਤੀਆਂ ਕਤਲਾਂ ਤੇ ਫਿਰੌਤੀਆਂ ਦੇ ਮਾਮਲਿਆਂ ਨਾਲ ਸੰਬੰਧਿਤ ਹਨਜਿੱਥੇ ਜਿੱਥੇ ਵੀ ਉਨ੍ਹਾਂ ਲੁੱਟ ਖੋਹ ਦਾ ਸਮਾਨ ਵੇਚਿਆ ਜਾਂ ਲੁਕੋਇਆ ਹੈ, ਉਹਨਾਂ ਦੀ ਨਿਸ਼ਾਨਦੇਹੀ ’ਤੇ ਪੁਲਿਸ ਬਰਾਮਦ ਕਰ ਰਹੀ ਹੈ

ਮੈਂ ਮੁਨਸ਼ੀ ਨੂੰ ਦੱਸਿਆ ਕਿ ਮੈਂ ਇਸ ਬੰਦੇ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ। ਇਹ ਤਾਂ ਬਹੁਤ ਸ਼ਰੀਫ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਹਮਾਤੜ ਬੰਦਾ ਹੈ ਇਸਦਾ ਲੁੱਟਾਂ ਖੋਹਾਂ ਵਾਲਿਆਂ ਨਾਲ ਕੀ ਸੰਬੰਧ ਹੋ ਸਕਦਾ ਹੈ? ਮੁਨਸ਼ੀ ਕਹਿੰਦਾ, “ਔਹ ਬਾਹਰ ਖੜ੍ਹਾ ਟਰੈਕਟਰ ਵੇਖ, ਇਹ ਇਹਦੇ ਕੋਲੋਂ ਬਰਾਮਦ ਕੀਤਾ ਗਿਆ ਹੈਬਾਕੀ ਇਹਦੇ ਕੋਲ ਹੋਰ ਕੀ ਕੁਝ ਹੈ ਜਾਂ ਕਿਵੇਂ ਦੇ ਇਸਦੇ ਉਹਨਾਂ ਨਾਲ ਸੰਬੰਧ ਰਹੇ ਹਨ, ਉਸ ਦੀ ਤਫਤੀਸ਼ ਹੋ ਰਹੀ ਆ

ਮੈਂ ਬਾਹਰ ਨਿਗਾਹ ਮਾਰੀ ਤਾਂ ਚੋਰੀਆਂ ਚਕਾਰੀਆਂ ਵਿੱਚ ਫੜੇ ਤੇ ਹੁਣ ਕਬਾੜ ਬਣ ਚੁੱਕੇ ਮੋਟਰਸਾਈਕਲਾਂ ਸਕੂਟਰਾਂ ਦੇ ਵਿੱਚ ਪ੍ਰੀਤੂ ਵਾਲਾ ਸਵਰਾਜ ਟਰੈਕਟਰ ਵੀ ਖੜ੍ਹਾ ਸੀਮੇਰੀਆਂ ਅੱਖਾਂ ਅੱਗੇ ਪ੍ਰੀਤੂ ਦੀ ਗਰੀਬੀ, ਮੰਦਹਾਲੀ ਤੇ ਅੱਜ ਦੀ ਤਰਸਯੋਗ ਹਾਲਤ ਘੁੰਮਣ ਲੱਗੀਮੈਂ ਭਰੇ ਮਨ ਨਾਲ ਉਸ ਗ਼ਰੀਬ ਬੰਦੇ ਦੀ ਕੋਈ ਮਦਦ ਕਰਨ ਲਈ ਮੁਨਸ਼ੀ ਅੱਗੇ ਹੱਥ ਜੋੜੇਉਹ ਗੰਭੀਰ ਹੁੰਦਾ ਹੋਇਆ ਬੋਲਿਆ, “ਭੋਲ਼ਿਆ ਪੰਛੀਆ ਇਹ ਕੋਈ ਪਿੰਡ ਦੀ ਲੜਾਈ, ਚੋਰੀ, ਡੋਡੇ ਭੁੱਕੀ ਜਾਂ ਦਾਰੂ ਦੀ ਭੱਠੀ ਦਾ ਕੇਸ ਨਹੀਂ ਆ, ਮਾਮਲਾ ਵੱਡਾ ਆਤੇਰੇ ਮੇਰੇ ਵੱਸ ਦੀ ਗੱਲ ਨਹੀਂ ਆਨਾਲੇ ਪੁੱਛਗਿੱਛ ਵਿੱਚ ਇਹ ਕੀ ਦੱਸਦਾ, ਉਸ ਤੋਂ ਪਤਾ ਲੱਗਣਾ ਕਿ ਸੱਚ ਕੀ ਹੈਤੂੰ ਥੋੜ੍ਹਾ ਧੀਰਜ ਰੱਖ, ਪਾਣੀ ਧਾਣੀ ਪੀ ਲੈ

ਦਸ ਕੁ ਮਿੰਟ ਬਾਅਦ ਡਿਪਟੀ ਤੇ ਉਸਦੇ ਗੰਨਮੈਨ ਚਲੇ ਗਏ ਐੱਸ ਐੱਚ ਓ ਨੇ ਮੁਨਸ਼ੀ ਨੂੰ ਕਿਹਾ ਕਿ ਮੁੰਡੇ ਭੇਜ ਕੇ ਉਸ ਦੇ ਰਾਉਂਡ ਲਗਾਓਘੋਟਾ ਜਾਂ ਲੱਤਾਂ ਖਿੱਚਣ ਤੋਂ ਬਾਅਦ ਮੁਲਜ਼ਮ ਨੂੰ ਦਸ ਪੰਦਰਾਂ ਮਿੰਟ ਤੋਰਨਾ ਜ਼ਰੂਰੀ ਹੁੰਦਾ ਹੈ ਤਾਂ ਕਿ ਮਸਲੀਆਂ ਹੋਈਆਂ ਨਾੜਾਂ ਵਿੱਚ ਖੂਨ ਦਾ ਦੌਰਾ ਚੱਲਦਾ ਰਹੇਨਹੀਂ ਤਾਂ ਬੰਦਾ ਅਪਾਹਜ ਹੋਣ ਦਾ ਖਤਰਾ ਬਣ ਸਕਦਾ ਹੈਅਸੀਂ ਦੋ ਸਿਪਾਹੀਆਂ ਨੇ ਨਿਢਾਲ ਪਏ ਪ੍ਰੀਤੂ ਨੂੰ ਉਠਾਇਆ, ਕੱਪੜੇ ਪੁਆਏ ਤੇ ਉਸਦੀਆਂ ਕੱਛਾਂ ਹੇਠ ਮੋਢਿਆਂ ਦਾ ਸਹਾਰਾ ਦੇ ਕੇ ਬਾਹਰ ਲੈ ਆਏਤੁਰਦੇ ਤੁਰਦੇ ਮੈਂ ਉਸ ਨੂੰ ਆਪਣੀ ਪਹਿਚਾਣ ਕਰਵਾਈਉਹ ਤਾਂ ਓਥੇ ਹੀ ਮੇਰੇ ਗਲ਼ ਨੂੰ ਚਿੰਬੜਕੇ ਧਾਹਾਂ ਮਾਰਕੇ ਰੋਣ ਲੱਗ ਪਿਆਮੈਂ ਆਪਣੀ ਨੌਕਰੀ ਦਾ ਵਾਸਤਾ ਦੇ ਕੇ ਚੁੱਪ ਰਹਿਣ ਲਈ ਕਿਹਾ ਤੇ ਰਾਤ ਨੂੰ ਗੱਲ ਕਰਨ ਦਾ ਵਾਅਦਾ ਕੀਤਾ

ਰਾਤ ਵੇਲੇ ਪ੍ਰੀਤੂ ਨੇ ਸਾਨੂੰ ਉਹੀ ਕੁਝ ਦੱਸਿਆ ਜੋ ਉਸਨੇ ਡਿਪਟੀ ਤੇ ਹੋਰ ਅਫਸਰਾਂ ਨੂੰ ਦੱਸਿਆ ਸੀਮੁਨਸ਼ੀ ਨੇ ਵੀ ਡਿਪਟੀ ਦੇ ਗੰਨਮੈਨਾਂ ਕੋਲੋਂ ਤਸਦੀਕ ਕਰ ਲਈ ਸੀਪ੍ਰੀਤੂ ਦੀ ਘਰਵਾਲੀ ਦੀ ਦੂਰ ਦੀ ਰਿਸ਼ਤੇਦਾਰੀ ਵਿੱਚੋਂ ਮਾਸੀ ਦੇ ਪੁੱਤ ਡੇਢ ਦੋ ਸਾਲ ਪਹਿਲਾਂ ਰਾਤ ਵੇਲੇ ਘਰ ਆਏ ਸਨਸਵੇਰੇ ਜਾਣ ਵੇਲੇ ਘਰ ਦੀ ਹਾਲਤ ਵੇਖ ਕੇ ਕਾਫੀ ਸਾਰੇ ਪੈਸੇ ਭੈਣ ਦੀ ਮੁੱਠੀ ਵਿੱਚ ਦੇ ਗਏ ਤੇ ਪ੍ਰੀਤੂ ਨੂੰ ਕਹਿੰਦੇ, “ਭਾਈਆ, ਤੇਰਾ ਵੀ ਢੱਗਿਆਂ ਤੋਂ ਖਹਿੜਾ ਛੁਡਾਉਣ ਦਾ ਕਰਦੇ ਆਂ ਕੋਈ ਬੰਦੋਬਸਤਨਾਲੇ ਗਊ ਦੇ ਜਾਏ ਵੀ ਵਿਚਾਰੇ ਸੁਖ ਦਾ ਸਾਹ ਲੈ ਲੈਣਗੇ

ਉਸ ਤੋਂ ਥੋੜ੍ਹੇ ਦਿਨਾਂ ਬਾਅਦ ਹੀ ਉਹ ਘਰ ਟਰੈਕਟਰ ਛੱਡ ਗਏਉਸ ਤੋਂ ਬਾਅਦ ਉਹ ਕਦੇ ਘਰੇ ਨਹੀਂ ਆਏ ਪ੍ਰੀਤੂ ਰੋ ਕੁਰਲਾ ਰਿਹਾ ਸੀ। ਇਸ ਮਾਮਲੇ ਵਿੱਚੋਂ ਉਸ ਨੂੰ ਮੁਕਤ ਕਰਨ ਲਈ ਸਾਡੀਆਂ ਮਿੰਨਤਾਂ ਤਰਲੇ ਕਰ ਰਿਹਾ ਸੀ, ਜਿਵੇਂ ਅਸੀਂ ਕੋਈ ਬਹੁਤ ਵੱਡੇ ਬੰਦੇ ਹੋਈਏ

ਮੁਨਸ਼ੀ ਮੈਨੂੰ ਕਹਿਣ ਲੱਗਾ, “ਆਪਾਂ ਸਿਰਫ ਇੱਕ ਕੰਮ ਕਰ ਸਕਦੇ ਹਾਂਤੂੰ ਇਸਦੇ ਪਿੰਡ ਇਤਲਾਹ ਕਰ ਕਿ ਇਹ ਸਾਡੇ ਠਾਣੇ ਵਿੱਚ ਆਬੰਦਾ ਬੇਕਸੂਰ ਆਪਿੰਡ ਵਾਲੇ ਐੱਮ ਐੱਲ ਏ ਜਾਂ ਕਿਸੇ ਹੋਰ ਰਸੂਖ ਵਾਲੇ ਬੰਦੇ ਤਕ ਪਹੁੰਚ ਕਰਨਨਹੀਂ ਤਾਂ ਘੱਟੋ-ਘੱਟ ਇਸਦੀ ਗ੍ਰਿਫਤਾਰੀ ਪੁਆ ਦੇਣਜਦ ਐੱਫ ਆਈ ਆਰ ਦਰਜ ਹੋ ਗਈ, ਫੇਰ ਇਸ ਨੂੰ ਕੁਝ ਨਹੀਂ ਹੁੰਦਾਨਹੀਂ ਤਾਂ ਤੈਨੂੰ ਪਤਾ ਹੀ ਆ ਅੱਜ-ਕੱਲ੍ਹ ਦੇ ਹਾਲਾਤ ਦਾ। ਲੱਖਾਂ ਦੇ ਇਨਾਮ ਆ ਮੁੰਡਿਆਂ ਦੇ ਸਿਰਾਂ ਉੱਤੇ, ਇਸ ਗ਼ਰੀਬ ਕੋਲ ਤਾਂ ਕਾਣੀ ਕੌਡੀ ਵੀ ਹੈ ਨਹੀਂ ਜਰਵਾਣਿਆਂ ਦੇ ਮੂੰਹ ਵਿੱਚ ਦੇਣ ਲਈਹੋ ਸਕਦਾ ਕੋਈ ਅਫਸਰ ਕਿਸੇ ਦੇ ਸਿਰ ਦਾ ਇਨਾਮ ਇਹਦੇ ਸਿਰ ਤੋਂ ਚੁੱਕ ਲਵੇਬਹੁਤ ਕੁਝ ਹੋ ਰਿਹਾ ਹੈ ਅੱਜ ਦੇ ਦੌਰ ਵਿੱਚ

ਮੈਂ ਸਵੇਰੇ ਚਾਰ ਵਜੇ ਹੀ ਸਕੂਟਰ ਲੈ ਕੇ ਪ੍ਰੀਤੂ ਦੇ ਪਿੰਡ ਪਹੁੰਚ ਗਿਆਉਹ ਵੀ ਆਪਣੇ ਨੇੜੇ ਤੇੜੇ ਦੇ ਠਾਣਿਆਂ ਚੌਕੀਆਂ ਵਿੱਚ ਭਾਲ ਰਹੇ ਸਨਮੈਂ ਆਪਣੇ ਦੋਸਤ ਨੂੰ ਸਾਰੀ ਗੱਲ ਸਮਝਾ ਦਿੱਤੀ ਤੇ ਵਾਪਸ ਆ ਗਿਆਸ਼ਾਮ ਤਕ ਪਿੰਡ ਦੀ ਪੰਚਾਇਤ ਨੇ ਸਥਾਨਕ ਐੱਮ ਐੱਲ ਏ ਨਾਲ ਮਿਲ ਕੇ ਕੋਈ ਗੰਢ ਤੁੱਪ ਕਰ ਲਈ ਸੀਰਾਤ ਨੂੰ ਜਦੋਂ ਲੰਙ ਮਾਰਦਾ ਪ੍ਰੀਤੂ ਪਿੰਡ ਦੀ ਪੰਚਾਇਤ ਨਾਲ ਠਾਣੇ ਤੋਂ ਬਾਹਰ ਜਾ ਰਿਹਾ ਸੀ ਤਾਂ ਸ਼ੁਕਰਾਨੇ ਵਜੋਂ ਉਸਨੇ ਮੇਰੇ ਅੱਗੇ ਹੱਥ ਜੋੜੇ ਤੇ ਮੈਂ ਕਲਾਵੇ ਵਿੱਚ ਲੈ ਲਿਆਉਹ ਥੋੜ੍ਹਾ ਜਿਹਾ ਡੁਸਕਿਆ ਤੇ ਮੇਰੀਆਂ ਵੀ ਅੱਖਾਂ ਭਰ ਆਈਆਂਮੁਨਸ਼ੀ ਮੇਰੇ ਮੂੰਹ ਵੱਲ ਵੇਖ ਕੇ ਕਹਿਣ ਲੱਗਾ, “ਮੇਰੀ ਗੱਲ ਮੰਨ, ਦੋ ਚਾਰ ਜਮਾਤਾਂ ਹੋਰ ਪੜ੍ਹ ਕੇ ਕੋਈ ਸਿਵਲ ਦੀ ਨੌਕਰੀ ਲੱਭ ਲੈ। ਇਹ ਮਹਿਕਮਾ ਤੇਰੇ ਵੱਸ ਦਾ ਰੋਗ ਨਹੀਂ ਲੱਗਦਾ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।

(3550)

(ਸਰੋਕਾਰ ਨਾਲ ਸੰਪਰਕ ਲਈThis email address is being protected from spambots. You need JavaScript enabled to view it.) 

About the Author

ਅਮਰ ਮੀਨੀਆਂ

ਅਮਰ ਮੀਨੀਆਂ

Glassgow, Scotland, UK.
Phone: (44 - 78683 - 70984)
Email: (amarminia69@gmail.com)