AmarMinia7ਪਹਿਲਾਂ ਆਪਣੇ ਟੱਬਰ ਬਾਰੇ ਸੋਚ ਲਵੀਂ, ਤੇਰੇ ਜੁਆਕ ਕਿੱਥੇ ਪੜ੍ਹਦੇ ਆ ਤੇ ...
(19 ਜਨਵਰੀ 2020)

 

ਮੈਂ ਸ਼ਕਲ-ਸੂਰਤ ਤੋਂ ਆਕੜ ਕੰਨਾਂ ’ਤੇ ਖੜੂਸ ਲੱਗਦਾ ਹਾਂਬਨਾਉਟੀ ਮੁਸਕਰਾਹਟ ਮੇਰੇ ਚਿਹਰੇ ਤੋਂ ਦੂਰ ਹੀ ਰਹਿੰਦੀ ਹੈ ਪਰ ਉੱਚੀ ਉੱਚੀ ਠਹਾਕੇ ਲਾ ਕੇ ਹੱਸਣ ਦੀ ਬਿਮਾਰੀ ਪਾਗਲਪਨ ਦੀ ਹੱਦ ਤੱਕ ਹੈਕਈ ਵਾਰ ਸਾਡੇ ਨਵੇਂ ਗਾਹਕ ਵੀ ਮਾਈਂਡ ਕਰ ਜਾਂਦੇ ਹਨਕਈ ਤਾਂ ਬਿਨਾਂ ਝਿਜਕ ਕਹਿ ਵੀ ਦਿੰਦੇ ਹਨ, “ਮਿਸਟਰ ਸਿੰਘ ਡੌਂਟ ਬੀ ਅਗਰੈੱਸਿਵ, ਸਰਵਿਸ ਵਿੱਦ ਸਮਾਇਲ।” ਪਰ ਮੇਰੇ ਨੇੜਲੇ ਜਾਣਕਾਰ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੈਂ ਖੁਸ਼ਕ ਤਬੀਅਤ ਨਹੀਂ, ਸਗੋਂ ਮਖੌਲੀਆ ਸੁਭਾਅ ਦਾ ਹਾਂਹੁਣ ਤਾਂ ਮੇਰੇ ਬੇਟਿਆਂ ਦੇ ਦੋਸਤ, ਜਿਨ੍ਹਾਂ ਵਿੱਚ ਗੋਰੇ ਅਤੇ ਪੰਜਾਬੀ ਰਲੇ ਮਿਲੇ ਕੁੜੀਆਂ ਮੁੰਡੇ ਹਨ, ਮੇਰੀਆਂ ਯੱਭਲੀਆਂ ਸੁਣ ਕੇ ਖੁਸ਼ ਹੁੰਦੇ ਹਨਘਰ ਜਾਂ ਕਿਸੇ ਪਾਰਟੀ ਬਗੈਰਾ ਉੱਤੇ ਮਿਲ ਪੈਣ ਤਾਂ ਉਹ ਮੇਰੇ ਨਾਲ ਟੇਬਲ ਸਾਂਝਾ ਕਰਨਾ ਪਸੰਦ ਕਰਦੇ ਹਨਜਿੱਥੇ ਗੱਲਾਂਬਾਤਾਂ, ਗੀਤ ਅਤੇ ਚੁਟਕਲਿਆਂ ਦੇ ਮਿਲਗੋਭੇ ਵਿੱਚ ਉੱਚੀ ਉੱਚੀ ਹਾਸਿਆਂ ਦੀ ਬਰਸਾਤ ਹੁੰਦੀ ਹੈਇਹ ਗੱਲ ਵੱਖਰੀ ਹੈ ਕਿ ਮੇਰੀ ਮਝੈਲਣ ਘਰਵਾਲੀ ਕੋਲੋਂ ਲੰਘਦੀ ਟੱਪਦੀ, ਬੁੜਬੁੜ ਕਰਦੀ ਜ਼ਰੂਰ ਸੁਣ ਪੈਂਦੀ ਹੈ, “ਮੇਰੇ ਕੋਲ ਬੈਠਾ ਹੋਵੇ, ਮਾਸਾ ਨੀ ਕੂੰਦਾ. ਹੁਣ ਵੇਖੋ ਕਿਵੇਂ ਮਡੀਹਰ ਵਿੱਚ ਬੈਠਾ ਹਿੜ ਹਿੜ ਕਰਨ ਡਿਹਾ ਐਕੋਈ ਹਯਾ ਹੈ ਚੌਰੇ ਨੂੰ?”

ਬੱਚਿਆਂ ਦੇ ਸਵਾਲਾਂ ਵਿੱਚ ਮੇਰੇ ਜਵਾਨੀ ਵੇਲੇ ਦੀਆਂ ਰੰਗੀਨ ਗੱਲਾਂ ਜਾਨਣ ਦੀ ਲਾਲਸਾ ਹੁੰਦੀ ਹੈਉਹਨਾਂ ਨੂੰ ਲੱਗਦਾ ਹੈ ਕਿ ਜਦ ਮੈਂ ਉਹਨਾਂ ਦੀ ਉਮਰ ਦਾ ਭਰ ਜਵਾਨੀ ਵਿੱਚ ਹੋਵਾਂਗਾ ਤਾਂ ਬੜੀਆਂ ਸ਼ਰਾਰਤਾਂ ਕੀਤੀਆਂ ਹੋਣਗੀਆਂਪਰ ਮੇਰਾ ਇੱਕੋ ਹੀ ਜਵਾਬ ਹੁੰਦਾ ਹੈ ਕਿ ਕੀ ਦੱਸੀਏ, ਸਾਡੇ ’ਤੇ ਜਵਾਨੀ ਅਤੇ ਪੰਜਾਬ ਵਿੱਚ ਅੱਤਵਾਦ, ਅੱਗੜ ਪਿੱਛੜ ਹੀ ਆਏਸਾਰਾ ਪੰਜਾਬ ਸਰਕਾਰੀ ਅਤੇ ਧਾਰਮਿਕ ਦਹਿਸ਼ਤ ਦੇ ਛਾਏ ਹੇਠ ਜੀਅ ਰਿਹਾ ਸੀਸਾਡੇ ਵਰਗਿਆਂ ਦੀ ਟੌਹਰ ਸ਼ੁਕੀਨੀ ਤਾਂ ਇੱਕ ਡਰ ਹੇਠ ਹੀ ਦੱਬ ਗਈਜੇ ਦਾੜ੍ਹੀ ਕੇਸ ਰੱਖਦੇ ਸੀ ਤਾਂ ਪੁਲਸ ਘੇਰਦੀ ਸੀ ਤੇ ਜੇ ਕੱਟਦੇ ਸੀ ਤਾਂ ਏ ਕੇ ਸੰਤਾਲੀ ਮੂੰਹ ਵਿੱਚ ਤੁੰਨੀ ਜਾਂਦੀ ਸੀਘਰੋਂ ਕੰਮ ਧੰਦੇ ਬਾਹਰ ਗਿਆ ਬੰਦਾ ਜੇ ਦਿਨ ਢਲਣ ਤੋਂ ਪਹਿਲਾਂ ਘਰ ਨਹੀਂ ਸੀ ਮੁੜਦਾ ਤਾਂ ਸਾਰੇ ਟੱਬਰ ਦੇ ਸਾਹ ਸੂਤੇ ਜਾਂਦੇ, ਖੌਰੇ ਕੀ ਭਾਣਾ ਵਰਤ ਗਿਆ ਹੋਵੇਸਾਡੇ ਨੇੜੇ ਪਿੰਡ ਡੱਲੇ ਅਤੇ ਦੇਹੜਕਿਆਂ ਦੇ ਸੰਨ੍ਹ ਵਿੱਚ ਡਰੇਨ ਦੇ ਪੁਲ ਨੂੰ ਦਿਨ ਦਿਹਾੜੇ ਬੰਬ ਨਾਲ ਉਡਾ ਦਿੱਤਾ ਗਿਆ ਸੀ ਤੇ ਉੱਪਰੋਂ ਲੰਘ ਰਹੀ ਸੀ ਆਰ ਪੀ ਦੀ ਗੱਡੀ ਵਿੱਚ ਸਵਾਰ ਪੰਜ ਛੇ ਸਿਪਾਹੀ ਮਾਰੇ ਤੇ ਬਾਕੀ ਜ਼ਖਮੀ ਹੋ ਗਏ ਦਨਪੁਲਸ ਨੇ ਇਲਾਕੇ ਦੇ ਮੁੰਡਿਆਂ ਦੀ ਫੜੋ ਫੜਾਈ ਸ਼ੁਰੂ ਕਰ ਦਿੱਤੀ ਮੈਂਨੂੰ ਵੀ ਮਾਣੂੰਕੇ ਪਿੰਡ ਵਿੱਚ ਬੱਸ ਅੱਡੇ ਤੋਂ ਪੁਲਸ ਨੇ ਚਾਰ ਪੰਜ ਥੱਪੜ ਮਾਰ ਕੇ ਜਿਪਸੀ ਵਿੱਚ ਸਿੱਟ ਲਿਆਮੇਰੀ ਚੰਗੀ ਕਿਸਮਤ ਨੂੰ ਮੇਰੀ ਭੂਆ ਦੇ ਮੁੰਡੇ ਦਾ ਪੱਗਵੱਟ ਭਰਾ ਨਿਰਮਲ ਸਿੰਘ ਬੱਸ ਅੱਡੇ ’ਤੇ ਖੜ੍ਹਾ ਸੀਮੈਂ ਉਸ ਨੂੰ ਆਵਾਜ਼ ਮਾਰਨ ਵਿੱਚ ਕਾਮਯਾਬ ਹੋ ਗਿਆਜੇ ਫਰਿਸ਼ਤਿਆਂ ਦੀ ਦੁਨੀਆਂ ਕੋਈ ਹੈ ਤਾਂ ਮੇਰੇ ਲਈ ਉਹ ਫਰਿਸ਼ਤਾ ਬਣ ਕੇ ਆਇਆ ਉਹ ਫੌਜ ਵਿੱਚ ਅਫਸਰ ਸੀਉਸਨੇ ਆਪਣੀ ਜ਼ਿੰਮੇਵਾਰੀ ਤੇ ਮੈਂਨੂੰ ਛੁਡਾ ਲਿਆਨਹੀਂ ਤਾਂ ਹੋ ਸਕਦਾ ਸੀ, ਦੂਜੇ ਦਿਨ ਅਖਬਾਰਾਂ ਦੀਆਂ ਸੁਰਖੀਆਂ ਵਿੱਚ ਸਾਡਾ ਵੀ ਪੁਲਸ ਮੁਕਾਬਲਾ ਬਣ ਜਾਂਦਾ ਤੇ ਅਖਬਾਰ ਦੀ ਸੁਰਖੀ ਹੁੰਦੀ, “ਖੂੰਖਾਰ ਅੱਤਵਾਦੀ ਪੁਲਸ ਮੁਕਾਬਲੇ ਵਿੱਚ ਹਲਾਕ।”

ਉਹ ਦਿਨ ਹੀ ਅਜਿਹੇ ਸਨ, ਧਾਰਮਿਕ ਅਤੇ ਸਰਕਾਰੀ ਦਹਿਸ਼ਤ ਹੇਠ ਆਮ ਲੋਕ ਸਾਹ ਲੈ ਰਹੇ ਸਨਰਾਤ ਨੂੰ ਹਥਿਆਰਾਂ ਦੀ ਨੋਕ ’ਤੇ ਮੁੰਡੇ ਲੋਕਾਂ ਦੇ ਘਰਾਂ ਵਿੱਚ ਜਾ ਵੜਦੇ, ਰੋਟੀ ਖਾਂਦੇ ਤੇ ਸੌਂ ਕੇ ਸਵੇਰੇ ਤੁਰ ਜਾਂਦੇਦੂਜੇ ਦਿਨ ਜੇ ਬਚ ਗਏ ਤਾਂ ਰੱਬ ਦਾ ਸ਼ੁਕਰ ਜੇ ਥਾਣੇ ਸੂਹ ਪਹੁੰਚ ਜਾਂਦੀ ਤਾਂ ਸਾਰਾ ਟੱਬਰ ਅੰਦਰਉੱਥੇ ਜੋ ਉਹਨਾਂ ਨਾਲ ਬੀਤਦੀ ਕਹਿਣ ਤੋਂ ਪਰੇ ਹੈਰੋਜ਼ਾਨਾ ਅਖਬਾਰ ਕਤਲਾਂ ਦੀਆਂ ਵਾਰਦਾਤਾਂ ਨਾਲ ਭਰੇ ਹੁੰਦੇ ਤੇ ਉਨ੍ਹਾਂ ਉੱਤੇ ਪੂਰਾ ਦਿਨ ਚਰਚਾ ਹੁੰਦੀ ਰਹਿੰਦੀ

ਮੇਰੀ ਮਾਂ ਦੀ ਚਾਚੇ ਦੀ ਕੁੜੀ ਦਾ ਘਰਵਾਲਾ, ਜਾਣੀਕਿ ਮੇਰਾ ਮਾਸੜ ਇੱਕ ਵਿਆਹ ’ਤੇ ਮਿਲ ਪਿਆਸ਼ਾਮ ਦੇ ਵੇਲੇ ਮੰਜਿਆਂ ’ਤੇ ਬੈਠੇ ਖਾਣ ਪੀਣ ਦੇ ਨਾਲ ਨਾਲ ਪੰਜਾਬ ਦੇ ਹਾਲਾਤ ’ਤੇ ਵੀ ਚਰਚਾ ਹੋ ਰਹੀ ਸੀਮਾਸੜ ਦੋ ਕੁ ਪੈੱਗ ਲਾ ਕੇ ਲੱਗ ਪਿਆ ਰਾਮ ਕਹਾਣੀ ਪਾਉਣ, “ਵੇਖੋ ਬਈ, ਮੈਂ ਤਾਂ ਗੱਲ ਕਰੂੰਗਾ ਖਰੀ ਖਰੀ, ਖਾੜਕੂ ਮੁੰਡੇ ਵੀ ਸਾਡੀ ਕੌਮ ਦੀ ਖਾਤਰ ਹੀ ਸਰਕਾਰ ਨਾਲ ਮੱਥਾ ਲਾਈ ਫਿਰਦੇ ਆਤਲੀ ’ਤੇ ਜਾਨ ਰੱਖਣੀ ਕਿਹੜਾ ਖਾਲਾ ਜੀ ਦਾ ਵਾੜਾ? ਜੇ ਅਸੀਂ ਉਨ੍ਹਾਂ ਬਰੋਬਰ ਲੜ ਨਹੀਂ ਸਕਦੇ, ਘੱਟੋ ਘੱਟ ਉਹਨਾਂ ਦੀ ਮਦਦ ਤਾਂ ਕਰ ਸਕਦੇ ਆਂਮੇਰੇ ਤਾਂ ਚੁਬਾਰੇ ਵਿੱਚ ਦੋ ਮੰਜੇ ਹਰ ਵੇਲੇ ਡੱਠੇ ਹੁੰਦੇ ਆਘਰ ਵਾਲੀ ਨੂੰ ਕਿਹਾ ਹੋਇਆ ਐ ਕਿ ਰਾਤ ਨੂੰ ਦਸ ਬਾਰਾਂ ਰੋਟੀਆਂ ਤੇ ਦਾਲ ਸਬਜੀ ਵੱਧ ਰੱਖ ਲਿਆ ਕਰ, ਕੀ ਪਤਾ ਕਦੋਂ ਸਿੰਘ ਆ ਜਾਣਮੁੰਡੇ ਆਉਂਦੇ ਆ ਤੇ ਰੋਟੀ ਪਾਣੀ ਖਾ ਕੇ ਚੁਬਾਰੇ ਵਿੱਚ ਸੌਂ ਜਾਂਦੇ ਆਸਵੇਰੇ ਪਾਠੀ ਬੋਲਦੇ ਨਾਲ ਚੁਬਾਰਾ ਖਾਲੀਜੇ ਅਸੀਂ ਇੰਨੀ ਵੀ ਸੇਵਾ ਨਹੀਂ ਕਰ ਸਕਦੇ ਤਾਂ ਹਰਦੂ ਲਾਹਨਤ ਆ ਸਾਡੇ ਜੰਮਣ ’ਤੇ।” ਸੁਣ ਕੇ ਕੇਰਾਂ ਤਾਂ ਮੈਨੂੰ ਚਾਅ ਜਿਹਾ ਚੜ੍ਹ ਗਿਆ ਕਿ ਮਾਸੜ ਦੇ ਸਿੰਘਾਂ ਨਾਲ ਯਾਰਾਨੇ ਆਹੁਣ ਸੋਧਾ ਲੁਆਈਏ ਹਠੂਰ ਵਾਲੇ ਠਾਣੇਦਾਰ ਨੂੰ ਜੀਹਨੇ ਮਾਣੂੰਕੇ ਮੇਰੇ ਥੱਪੜ ਮਾਰੇ ਸੀਪਰ ਦੂਜੇ ਪਲ ਦਿਲ ਵਿੱਚ ਧੁੜਕੂ ਜਿਹਾ ਵੀ ਉੱਠਿਆ ਕਿ ਇੰਝ ਸ਼ਰੇਆਮ ਗੱਲ ਕਰਕੇ ਕਿਤੇ ਮਾਸੜ ਮੁਸੀਬਤ ਵਿੱਚ ਨਾ ਫਸ ਜਾਵੇਮੈਂ ਮਾਸੜ ਨੂੰ ਨਸੀਹਤ ਦੇ ਹੀ ਦਿੱਤੀ, “ਮਾਸੜਾ, ਇੱਦਾਂ ਦੀਆਂ ਗੱਲਾਂ ਇਹੋ ਜਿਹੇ ਥਾਂ ’ਤੇ ਕਰਨੀਆਂ ਠੀਕ ਨਹੀਂ, ਸਿਆਣੇ ਕਹਿੰਦੇ ਆ ਕੰਧਾਂ ਦੇ ਵੀ ਕੰਨ ਹੁੰਦੇ ਆ।”

“ਆਹੋ, ਤੇਰੀ ਮਾਂ ਕੰਧਾਂ ਦੇ ਕੰਨਾਂ ਵਿੱਚੋਂ ਮੈਲ ਕੱਢਦੀ ਹੋਣੀ ਆਂਤੂੰ ਵੀ ਆਪਣੇ ਪਿਉ ਵਾਂਗ ਮੋਕਲ ਹੀ ਨਿੱਕਲਿਆਪਰਾਂ ਹੋ ਕੇ ਬੈਠ, ਕਿਤੇ ਮੋਕ ਮਾਰ ਕੇ ਮੰਜਾ ਨਾ ਲਬੇੜ ਦੇਵੀਂਉਏ ਗਿੱਟਲਾ, ਮੈਂ ਡਰਦਾਂ ਕਿਸੇ ਤੋਂ? ਤੇਰੇ ਵਰਗੇ ਕਿਸੇ ਨੇ ਮੂੰਹ ਮਾਰ ’ਤਾ ਸੀ ਪੁਲਿਸ ਕੋਲਮਹਿਣੇ ਵਾਲਾ ਠਾਣੇਦਾਰ ਆ ਗਿਆਮੈਂ ਕਿਹਾ, ਵੇਖ ਲੈ ਜੇ ਲਿਜਾਣਾ ਐਂ ਤਾਂ ... ਪਹਿਲਾਂ ਆਪਣੇ ਟੱਬਰ ਬਾਰੇ ਸੋਚ ਲਵੀਂ, ਤੇਰੇ ਜੁਆਕ ਕਿੱਥੇ ਪੜ੍ਹਦੇ ਆ ਤੇ ਤੇਰੇ ਮਾਂ ਪਿਉ ਕਿੱਥੇ ਰਹਿੰਦੇ ਆ ... ਸਾਡੇ ਕੋਲ ਸਾਰੀ ਜਨਮ ਕੁੰਡਲੀ ਆ ਤੇਰੀਕੰਨ ਜੇ ਵਲੇਟ ਕੇ ਤੁਰ ਗਿਆ ... ਤੂੰ ਆਪਣੀ ਸਿਆਣਪ ਆਪਣੇ ਬੋਝੇ ਵਿੱਚ ਰੱਖ ਸਾਰੇ ਹੱਸਣ ਲੱਗ ਪਏ। ਮਾਸੜ ਹੋਰ ਕੁੱਤੇਖਾਣੀ ਕਰਦਾ, ਮੈਂ ਉੱਥੋਂ ਖਿਸਕਣ ਵਿੱਚ ਹੀ ਮੈਂ ਭਲਾ ਸਮਝਿਆ

ਉਸ ਵੇਲੇ ਸਾਡੇ ਪਿੰਡ ਫਰੀਦਕੋਟ ਜ਼ਿਲੇ ਵਿੱਚ ਆਉਂਦੇ ਸੀ ਇੱਕ ਦਿਨ ਮੈਂ ਫਰੀਦਕੋਟ ਜਾ ਰਿਹਾ ਸੀ, ਚਲਦੀ ਬੱਸ ਵਿੱਚੋਂ ਮੈਂ ਚੌਂਕ ਕੋਲ ਮਾਸੜ ਤੁਰਿਆ ਜਾਂਦਾ ਵੇਖਿਆਦੋਵਾਂ ਕੱਛਾਂ ਵਿੱਚ ਫਹੁੜੀਆਂ ਦਿੱਤੀਆਂ ਹੋਈਆਂ, ਬੜੀ ਮੁਸ਼ਕਿਲ ਨਾਲ ਉਹ ਹੌਲੀ-ਹੌਲੀ ਤੁਰ ਰਿਹਾ ਸੀਮੈਂ ਸੋਚਿਆ ਕਿ ਮਾਸੜ ਨੇ ਆਪਣਾ ਪੁਰਾਣੇ ਜ਼ਮਾਨੇ ਦਾ ਰਾਜਦੂਤ ਮੋਟਰਸਾਈਕਲ ਕਿਤੇ ਨਾ ਕਿਤੇ ਠੋਕ ਦਿੱਤਾ ਹੋਣਾ, ਖਾਧੀ ਪੀਤੀ ਵਿੱਚਸ਼ਾਮ ਨੂੰ ਘਰ ਆ ਕੇ ਮਾਤਾ ਨੂੰ ਦੱਸਿਆਸਵੇਰੇ ਗੁਆਂਢੀਆਂ ਦਾ ਸਕੂਟਰ ਮੰਗ ਕੇ ਮੈਂ ਤੇ ਮਾਤਾ ਜੀ ਮਾਸੀ ਦੇ ਪਿੰਡ ਪਹੁੰਚ ਗਏਮਾਸੜ ਦਾ ਰਾਜਦੂਤ ਸਹੀ ਸਲਾਮਤ, ਮਿੱਟੀ ਘੱਟੇ ਨਾਲ ਲੱਥਪੱਥ ਆਪਣੇ ਸਟੈਂਡ ’ਤੇ ਖੜ੍ਹਾ ਸੀਦੋਵਾਂ ਭੈਣਾਂ ਨੇ ਇੱਕ ਦੂਜੀ ਦੇ ਗਲ ਲੱਗ ਕੇ ਅੱਖਾਂ ਦਾ ਕੌੜਾ ਪਾਣੀ ਬਾਹਰ ਕੱਢਿਆਅੰਦਰ ਮਾਸੜ ਵੀ ਅੱਖਾਂ ਭਰੀ ਬੈਠਾ ਸੀ ਕਹਿੰਦਾ, “ਖਾੜਕੂਆਂ ਨੂੰ ਪਨਾਹ ਦੇਣ ਦੇ ਕੇਸ ਵਿੱਚ ਪੁਲਿਸ ਨੇ ਚੁੱਕ ਲਿਆ ਸੀਪੰਦਰਾਂ ਦਿਨ ਸੀਆਈਏ ਸਟਾਫ ਵਿੱਚ ਰੱਖਿਆ ਐਨਾ ਕੁਟਾਪਾ ਕੀਤਾ ਕਸਾਈਆਂ ਨੇ, ਰਹੇ ਰੱਬ ਦਾ ਨਾਂ ਮੈਂਨੂੰ ਤਾਂ ਅਜੇ ਤੱਕ ਵੀ ਸੁਪਨੇ ਸਟਾਫ ਦੇ ਹੀ ਆਉਂਦੇ ਆਕਦੇ ਘੋਟਾ ਲੱਗ ਰਿਹਾ ਹੁੰਦਾ, ਕਦੇ ਪਟਾ ਫਿਰ ਰਿਹਾ ਹੁੰਦਾ ਤੇ ਕਦੇ ਚੱਡੇ ਪਾੜਨ ਦੇ ਸੁਪਨੇ ਨਿਆਈਂ ਵਾਲਾ ਅੱਧਾ ਕਿੱਲਾ ਵੇਚ ਕੇ ਲੱਖ ਰੁਪਈਆ ਐੱਸ ਐੱਸ ਪੀ ਸਵਰਨ ਘੋਟਣੇ ਨੂੰ ਮੱਥਾ ਟੇਕਿਆ, ਫਿਰ ਕਿਤੇ ਖਹਿੜਾ ਛੁੱਟਿਆ।”

ਮੈਂਨੂੰ ਉਸੇ ਵੇਲੇ ਵਿਆਹ ਵਿੱਚ ਹੋਈ ਬੇਜ਼ਤੀ ਯਾਦ ਆ ਗਈ ਤੇ ਕਹਿਣੋ ਰਹਿ ਹੀ ਨਹੀਂ ਹੋਇਆ, “ਮਾਸੜਾ, ਸਿੰਘ ਥੋਡੇ ਘਰ ਆਉਂਦੇ ਜਾਂਦੇ ਸੀ, ਤੁਸੀਂ ਸੇਵਾ ਪਾਣੀ ਕਰਦੇ ਸੀਕੌਮ ਵਾਸਤੇ ਇੰਨੀ ਕੁ ਤਕਲੀਫ ਤਾਂ ਝੱਲਣੀ ਹੀ ਪੈਣੀ ਸੀ।”

ਮਾਸੜ ਨੇ ਤਾਂ ਸਿਰ ਗੋਡਿਆਂ ਵਿੱਚ ਦੇ ਲਿਆ ਤੇ ਮਾਸੀ ਚੱਲ ਪਈ, “ਸੇਵਾ ਕੀਤੀ ਖੇਹ ਤੇ ਸੁਆਹ, ਇਹਨਾਂ ਦੇ ਤਾਂ ਸਾਰੇ ਖਲਣੇ ਨੂੰ ਫੜ੍ਹਾਂ ਮਾਰਨ ਦੀ ਵਾਦੀ ਆਐਵੇਂ ਮੂਤ ਜਿਹਾ ਪੀ ਕੇ ਭੌਂਕਣ ਲੱਗ ਜਾਂਦਾ ਸੀ ਕਿ ਸਾਡੇ ਘਰੇ ਮੁੰਡੇ ਆਉਂਦੇ ਆਵੇ ਕੀ ਦੱਸਾਂ ਪੁੱਤ, ਪੁਲਿਸ ਤਾਂ ਮੈਂਨੂੰ ਵੀ ਲੈ ਚੱਲੀ ਸੀ, ਇਹ ਤਾਂ ਭਲਾ ਹੋਵੇ ਸਰਪੈਂਚ ਦਾ ਜਿਹੜਾ ਮੌਕੇ ’ਤੇ ਰੱਬ ਬਣ ਕੇ ਬਹੁੜਿਆਉਹਨੇ ਮੇਰੀ ਜ਼ਿਮੇਦਾਰੀ ਓਟ ਲਈਠਾਣੇਦਾਰ ਕਹਿੰਦਾ, ਤੂੰ ਰੋਟੀਆਂ ਲਾਹ ਲਾਹ ਖੁਆਉਨੀ ਏ ਤੇ ਚੁਬਾਰੇ ਵਿੱਚ ਰਾਤ ਕੱਟ ਕੇ ਜਾਂਦੇ ਆਮੈਂ ਕਿਹਾ, ਵੇ ਭਾਈ ਪਹਿਲਾਂ ਚੁਬਾਰਾ ਹੀ ਵੇਖ ਲਵੋ, ਜਿੱਥੇ ਰਾਤ ਰਹਿੰਦੇ ਆਦੋ ਸਿਪਾਹੀ ਉੱਪਰ ਚੁਬਾਰੇ ਚੜ੍ਹ ਗਏ ਤੇ ਦੋਂਹਕੁ ਮਿੰਟਾਂ ਮਗਰੋਂ ਲਾਲ ਪੱਗਾਂ ਤੋਂ ਮੱਕੜੀਆਂ ਦੇ ਜਾਲ਼ੇ ਜਹੇ ਲਾਹੁੰਦੇ ਉੱਤਰ ਆਏਚੁਬਾਰੇ ਵਿੱਚ ਤਾਂ ਮੇਰੀਆਂ ਸੁੱਕੀਆਂ ਪਾਥੀਆਂ ਤੇ ਹੋਰ ਨਿਕਸੁਕ ਦਾ ਢੇਰ ਲੱਗਿਆ ਹੋਇਆ ਸੀ, ਉੱਥੇ ਕਿਹੜਾ ਨਵਾਰੀ ਪਲੰਘ ਡੱਠਾ ਸੀ? ਮੈਂ ਪੁਲਿਸ ਨੂੰ ਆਖਿਆ, “ਵੇ ਭਾਈ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਕਿ ਝੱਗਾ ਚੱਕਿਆਂ ਆਪਣਾ ਹੀ ਢਿੱਡ ਨੰਗਾ ਹੁੰਦਾਸਾਰੇ ਪਿੰਡ ਨੂੰ ਪਤਾ ਸਾਡੇ ਟੱਬਰ ਦੀ ਤਾਂ ‘ਗੱਪੀ’ ਅੱਲ ਪਈ ਹੋਈ ਆਆਹ ਸਾਹਮਣੇ ਬੈਠਾ ਮੇਰਾ ਸਹੁਰਾ, ਸਾਰੇ ਪਿੰਡ ਦੀ ਮਡੀਹਰ ਇਹਨੂੰ ਦਲੀਪ ਗੱਪੀ ਕਹਿ ਕੇ ਛੇੜਦੀ ਰਹਿੰਦੀ ਆ ਤੇ ਇਹ ਧੜੀ ਧੜੀ ਦੀਆਂ ਗਾਲ੍ਹਾਂ ਕੱਢਦਾ ਰਹਿੰਦਾ। ਆਹ ਵੇਖੋ ਮੇਰੇ ਵਿੰਗੇ ਹੱਥ, ਮੈਂ ਤਾਂ ਆਪ ਮੋਗੇ ਵਾਲੇ ਗੁਪਤੇ ਡਾਕਦਾਰ ਤੋਂ ਦੁਆ ਖਾਨੀ ਆ ਗੰਠੀਏ ਦੀਮੈਥੋਂ ਤਾਂ ਨਿਆਣਿਆਂ ਦਾ ਰੋਟੀ ਟੁੱਕ ਮਸਾਂ ਹੁੰਦਾ, ਮੈਂ ਕਿੱਥੋਂ ਲੰਗਰ ਲਾਹ ਦਿੰਦੀ ਲੋਕਾਂ ਦਾ?

“ਮੈਂਨੂੰ ਤਾਂ ਪੁਲਸ ਵਾਲੇ ਛੱਡ ਗਏ ਤੇ ਇਹਨੂੰ ਪਰਸੋਂ ਲੈ ਕੇ ਆਏ ਆਂ ਪੰਡ ਨੋਟਾਂ ਦੀ ਦੇ ਕੇਨਾਲੇ ਤਾਂ ਗੱਪਾਂ ਮਾਰ ਕੇ ਲੱਤਾਂ ਬਾਹਾਂ ਤੁੜਵਾ ਲਈਆਂ ਤੇਰੇ ਮਾਸੜ ਨੇ, ਤੇ ਨਾਲੇ ਅੱਧਾ ਕਿੱਲਾ ਸਿਆੜ ਖੂਹ ਖਾਤੇ ਪਾ ਦਿੱਤੇ।”

*****

(ਨੋਟ: ਲੇਖਕ ਨੇ ਪੰਜਾਬ ਵਿੱਚ ਪੁਲਿਸ ਮਹਿਕਮੇ ਵਿੱਚ ਸਰਵਿਸ ਕੀਤੀ ਹੈ। ਇਸ ਵਿਅੰਗ ਨਾਲ ਭਰਪੂਰ ਲੇਖ ਵਿੱਚ ਪਹਿਲਾ ਅੱਧ ਲੇਖਕ ਦੀ ਆਪਣੀ ਆਪ ਬੀਤੀ ਹੈ ਅਤੇ ਦੂਸਰਾ ਅੱਧ ਸਹਿਕਰਮੀ ਦੀ ਆਪ ਬੀਤੀ --- ਸੰਪਾਦਕ)

**

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(1897)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.om)

About the Author

ਅਮਰ ਮੀਨੀਆਂ

ਅਮਰ ਮੀਨੀਆਂ

Glassgow, Scotland, UK.
Phone: (44 - 78683 - 70984)
Email: (amarminia69@gmail.com)