SukhdevSMann7ਬਾਰ ਬੰਦ ਕਰੀ ਲੋਕ ਸੁੱਤੇ ਪਏ ਸੀ ਇੱਕੋ ਬੀਹੀ ਵਿੱਚ ਚੌਂਧੀ ਵਾਲਿਆਂ ਵਾਂਗ ਘੁੰਮਦਿਆਂ ਮੇਰਾ ...
(13 ਜੂਨ 2021)

 

ਸਤਾਰਾਂ ਸਾਲ ਦੀ ਉਮਰ ਸੀ ਜਦੋਂ ਬਾਪੂ ਮੈਂਨੂੰ ਮਾਨਸਾ ਤੋਂ ਪਰੇ ਵਸੇ ਪਿੰਡ ਵੱਡੇ ਭੰਮੇ ਵਿਆਹੁਣ ਲਈ ਸਿਹਰੇ ਬੰਨ੍ਹਵਾ ਲੈ ਤੁਰਿਆ ਉੱਪਰੋਥਲੀ ਜੰਮੀਆਂ ਪੰਜ ਕੁੜੀਆਂ ਮਗਰੋਂ ਬੜੀ ਸਿੱਕ ਨਾਲ ਬਾਪੂ ਨੂੰ ਨਰ ਉਲਾਦ ਪ੍ਰਾਪਤ ਹੋਈ ਸੀਬਾਪੂ ਜਦੋਂ ਖੇਤ ਜਾਂਦਾ ਤਾਂ ਕਿਸੇ ਉਜਾੜਾ ਕਰਨ ਵਾਲੀ ਚੀਜ਼ ਨੂੰ ਦੇਖ ਉੱਚੀ ਲਲਕਾਰਾ ਮਾਰਦਾਬਾਪੂ ਦੀ ਇਹ ਇੱਛਾ ਹੁੰਦੀ ਕਿ ਮੈਂ ਵੀ ਉੱਚੀ ਲਲਕਾਰਾ ਮਾਰਾਂ ਤਾਂ ਕਿ ਖੇਤ ਨੂੰ ਇਹ ਪਤਾ ਲੱਗ ਜਾਵੇ, ਘਰ ਦਾ ਅਗਲਾ ਵਾਰਿਸ ਪਰ੍ਹ ਤੋਲਣ ਲੱਗਾ ਹੈਬਾਪੂ ਕਹਿੰਦਾ, “ਏਡਾ ਲਲਕਾਰਾ ਮਾਰਿਆ ਕਰ, ... ਆਹ ਧਰਤੀ ਕੰਬਣ ਲੱਗ ਪਵੇਸਭ ਦੁਨੀਆਂ ਸ਼ਕਤੀ ਤੋਂ ਡਰਦੀ ਆ।” ਪਰ ਮੈਂ ਜਿਹੜੇ ਕਾਮਰੇਡਾਂ ਦੇ ਪ੍ਰਭਾਵ ਹੇਠ ਦਿਨੋ ਦਿਨ ਆਈ ਜਾਂਦਾ ਸੀ, ਉਨ੍ਹਾਂ ਦਾ ਮੰਨਣਾ ਸੀ, ਜ਼ਮੀਨ ਸਾਂਝੀ ਹੋ ਜਾਣੀ ਆਇਹਦੇ ’ਤੇ ਕਾਅਦਾ ਹੰਮਾ ਕਾਹਦਾ!

ਬਾਪੂ ਕਹਿਣ ਨੂੰ ਤਾਂ ਲਲਕਾਰੇ ਵਾਲੀ ਗੱਲ ਕਹਿ ਜਾਂਦਾ, ਪਰ ਅੰਦਰੋਂ ਉਹ ਬਿਲਕੁਲ ਥੋਥਾ ਹੋਇਆ ਪਿਆ ਸੀਏਨੀਆਂ ਕੁੜੀਆਂ ਦੇ ਵਰ ਬੰਨ੍ਹਆਂ ਦੀ ਤਲਾਸ਼ ਵਿੱਚ ਉਲਝਿਆ ਬਾਪੂ ਕਬੀਲਦਾਰੀ ਦੀ ਬੇੜ ਦਾ ਹੰਭਾਇਆ ਅਫ਼ੀਮ ਦੀ ਲਤ ਲਾ ਬੈਠਾਅਫ਼ੀਮ ਬਾਪੂ ਦੇ ਹੱਡਾਂ ਵਿੱਚ ਰੌਂ ਗਈਕਈ ਵਾਰ ਬੇਬੇ ਕਹਿੰਦੀ, “ਅਮਲੀ ਦਿਨੇ ਅਫ਼ੀਮ ਖਾਂਦੇ ਆ, ਆਹ ਤੇਰਾ ਬਾਪੂ ਕਈ ਵਾਰੀ ਫ਼ਿਕਰ ਵਿੱਚ ਡੁੱਬਾ ਰਾਤ ਨੂੰ ਵੀ ਗੋਲਾ ਅੰਦਰ ਸੁੱਟ ਲੈਂਦਾ।”

ਮੈਂ ਬਾਪੂ ਦੀਆਂ ਵੀ ਗੱਲਾਂ ਸੁਣ ਲੈਂਦਾ, ਬੇਬੇ ਦੀਆਂ ਵੀ, ਪਰ ਮੇਰਾ ਇੱਕ ਵੱਖਰਾ ਸੰਸਾਰ ਸੀਟੁੱਟਵੀਂ ਜਿਹੀ ਪੜ੍ਹਾਈ ਕਾਰਨ ਪੜ੍ਹਿਆ ਲਿਖਿਆ ਸੰਸਾਰ ਮੈਂਨੂੰ ਬੜਾ ਚੰਗਾ ਲੱਗਦਾਜਦੋਂ ਮੈਂ ਕਿਸੇ ਬੰਦੇ ਨੂੰ ਸਟੇਜ ’ਤੇ ਬੋਲਦਾ ਸੁਣਦਾ ਤਾਂ ਜੀਅ ਕਰਦਾ, ਮੇਰਾ ਵੀ ਝਾਕਾ ਖੁੱਲ੍ਹ ਜਾਵੇ, ਮੈਂ ਵੀ ਇਹੋ ਜਿਹੀਆਂ ਟਿੱਪਣੀਆਂ ਕਰਾਂਲੋਕ ਇੱਦਾਂ ਹੀ ਤਾੜੀਆਂ ਮਾਰਨਇਸ ਕਾਰਨ ਘਰਦਿਆਂ ਦੀ ਨਜ਼ਰ ਵਿੱਚ ਮੈਂ ਸ਼ੱਕੀ ਜਿਹਾ ਜਵਾਕ ਬਣ ਗਿਆਕਾਮਰੇਡਾਂ ਦੀ ਇੱਕ ਟੋਲੀ ਨਾਲ ਮੈਂ ਦਿੱਲੀ ਵੱਲ ਫ਼ਰਾਰ ਹੋ ਗਿਆ ਸੀ, ਤਿੰਨ ਦਿਨ ’ਤੇ ਤਿੰਨ ਰਾਤਾਂ ਟੱਬਰ ਮੇਰੇ ਫ਼ਿਕਰ ਵਿੱਚ ਤੜਪਦਾ ਰਿਹਾ, ਪਰ ਮੈਂ ਹੈਦਰਗੁੱਡਾ ਤਕ ਘੁੰਮ ਕੇ ਤਰ੍ਹਾਂ ਤਰ੍ਹਾਂ ਦੇ ਵਿਚਾਰਾਂ ਵਾਲੇ ਕਾਮਰੇਡਾਂ ਦੀਆਂ ਗੱਲਾਂ ਸੁਣ ਫੁਲਿਆ ਨਹੀਂ ਸੀ ਸਮਾ ਰਿਹਾਕਾਰਲ ਮਾਰਕਸ ਦੀ ਕਿਤਾਬ ‘ਲੂਈ ਬੋਨਾਪਾਰਟ ਦਾ ਅਠਾਰਵਾਂ ਬਾਰੂਮੇਰ੍ਹ’ ਮੇਰੇ ਉਂਗਲਾਂ ’ਤੇ ਰਟੀ ਹੋਈ ਸੀਮੌਕਾ ਮਿਲਦੇ ਹੀ ਬਠਿੰਡਾ ਦੇ ਸ਼ਹੀਦ ਭਗਤ ਸਿੰਘ ਨਗਰ ਵਿੱਚ ਖੁੱਲ੍ਹੀ ਕਾਮਰੇਡਾਂ ਦੀ ਦੁਕਾਨ ’ਤੇ ਦੌੜਿਆ ਜਾਂਦਾ ‘ਡਾਨ ਵਹਿੰਦਾ ਰਿਹਾ’ ਦੀਆਂ ਸਾਰੀਆਂ ਸੈਂਚੀਆਂ ਜਦੋਂ ਮੈਂਨੂੰ ਕੌਡੀਆਂ ਦੇ ਭਾਅ ਮਿਲ ਗਈਆਂ ਤਾਂ ਮੈਂ ਪੜ੍ਹਨ ਵਿੱਚ ਏਨਾ ਗਵਾਚ ਗਿਆ ਕਿ ਘਰ ਵਿੱਚ ਖੁੱਲ੍ਹ ਰਹੇ ਮੋਘਰੇ ਵੀ ਮੈਂਨੂੰ ਦਿਸਣੋਂ ਹਟ ਗਏ

ਮੇਰੇ ਸਿਹਰਿਆਂ ਦੇ ਮਗਰ ਜੰਞ ਵੀ ਗਈਜੰਞ ਨਾਲੋਂ ਵੀ ਦੋ ਰੱਤੀਆਂ ਉੱਪਰ ਦੀ ਸਾਡੇ ਪਿੰਡ ਦਾ ਨੱਥੂ ਸਪੀਕਰ ਵਾਲਾ ਸੀਉਸਦੇ ਤਵੇ ਸੁਣਨ ਲਈ ਪਿੰਡ ਕੰਧਾਂ ਨਾਲ ਲੱਗ ਕੇ ਬਹਿ ਗਿਆਤਵਿਆਂ ਦਾ ਮੁੱਲ ਪਾਉਂਦੇ ਕਿਸੇ ਬੰਦੇ ਨੇ ਜੰਞ ਨੂੰ ਘਰ ਦੀ ਸ਼ਰਾਬ ਵੀ ਜ਼ਿਆਦਾ ਤਿੱਖੀ ਲਿਆ ਦਿੱਤੀਜੰਞ ਦਾ ਬੁਰਾ ਹਾਲ ਦੇਖ ਬਾਪੂ ਪ੍ਰੇਸ਼ਾਨ ਹੋ ਗਿਆ ਉੱਧਰ ਸੂਰਜ ਥੱਲੇ ਨੂੰ ਬੈਠਣ ਲੱਗਾ, ਇੱਧਰ ਬਾਪੂ ਦਾ ਦਿਲ ਬੈਠਣ ਲੱਗ ਪਿਆਬਾਪੂ ਨੇ ਕਿਸੇ ਦੀ ਨਾ ਸੁਣੀਮੇਰੀ ਬਾਂਹ ਫੜੀ, ਧੀ ਵਾਲਿਆਂ ਦੇ ਬਾਰ ਅੱਗੇ ਪੁੱਜ ਗਿਆਬਾਪੂ ਦੀ ਮਨੋਦਿਸ਼ਾ ਨੂੰ ਧੀ ਵਾਲੇ ਵੀ ਭਾਂਪ ਗਏਡੋਲੀ ਵਾਲਾ ਅਮਲ ਉਨ੍ਹਾਂ ਮਿੰਟਾਂ ਵਿੱਚ ਪੂਰਾ ਕਰ ਦਿੱਤਾ

ਸਹੁਰੀਂ ਆਵਾ ਜਾਵੀ ਲਈ ਦੋ ਵਾਰ ਮੇਰੇ ਨਾਲ ਵਿਚੋਲਾ ਗਿਆਉਹ ਪਿੰਡ ਬਾਰੇ, ਸਹੁਰਿਆਂ ਦੇ ਘਰ ਬਾਰੇ ਸਿਆਣੀਆਂ ਜਿਹੀਆਂ ਗੱਲਾਂ ਮੈਂਨੂੰ ਦੱਸਦਾ ਜਾਂਦਾਮੈਂ ਹਾਂ ਹੂੰ ਤਾਂ ਕਰਦਾ ਜਾਂਦਾ, ਉਂਜ ਮੈਂ ਉੱਥੇ ਹਾਜ਼ਰ ਹੋਣ ਦੀ ਥਾਂ ਲੂਈ ਬੋਨਾਪਾਰਟ ਵਿੱਚ ਗੁੰਮਿਆ ਹੁੰਦਾ

ਤੀਜੀ ਫੇਰੀ ਵਿਚੋਲਾ ਸਾਨੂੰ ਮਾਨਸਾ ਬੱਸ ਅੱਡੇ ’ਤੇ ਛੱਡ ਆਪਣੇ ਪਿੰਡ ਦੀ ਬੱਸ ਚੜ੍ਹ ਗਿਆਮੌਕਾ ਮਿਲਿਆ ਦੇਖ ਮੈਂ ਕਿਤਾਬਾਂ ਵਾਲੀ ਦੁਕਾਨ ’ਤੇ ਅਕਸਰ ਇਨਕਲਾਬ ਦੀਆਂ ਬਹਿਸਾਂ ਕਰਨ ਵਾਲੇ ਕਾਮਰੇਡਾਂ ਦੀ ਟੋਲੀ ਨਾਲ ਰਲ ਕ੍ਰਾਂਤੀ ਨੂੰ ਧੱਕਾ ਲਾਉਂਦਾ ਸਮੇਂ ਦਾ ਫਿਰ ਖ਼ਿਆਲ ਭੁੱਲ ਗਿਆਸਾਡੀ ਮੌੜ ਮੰਡੀ ਨੂੰ ਆਖਰੀ ਬੱਸ ਤੁਰਨ ਲੱਗੀ ਤਾਂ ਲੜ ਲਾਈ ਨੇ ਪਰੇ ਚਾਹ ਦੇ ਖੋਖੇ ਵਿੱਚ ਮੇਰੀ ਆਮਦ ਬਾਰੇ ਕੰਡਕਟਰ ਨੂੰ ਦੱਸਿਆਉਸ ਬਹਿਸ ਵਿੱਚ ਖੁੱਭੇ ਦਾ ਮੇਰਾ ਮੋਢਾ ਥਾਪੜਿਆ ਤਾਂ ਮੈਂ ਸ਼ਰਮਿੰਦਾ ਜਿਹਾ ਹੋ ਕੇ ਬੱਸ ਵੱਲ ਭੱਜ ਪਿਆ

ਘਰ ਵਿੱਚ ਇਸ ਗੱਲ ਦਾ ਖਿਲਾਰਾ ਨਾ ਪਿਆ, ਇਸ ਕਾਰਨ ਮੈਂ ਹੁਣ ਇਕੱਲਾ ਹੀ ਸਹੁਰੀਂ ਜਾਣ ਦੇ ਦਮਗਜ਼ੇ ਮਾਰਨ ਲੱਗਾਬਾਪੂ ਨੇ ਵਿਸ਼ਵਾਸ ਕਰ ਜਾਣ ਦਿੱਤਾਸਵੇਰ ਦਾ ਸਮਾਂ ਮੈਂ ਮਾਨਸਾ ਦੇ ਰੰਗ ਬਰੰਗੇ ਕਾਮਰੇਡਾਂ ਦੇ ਲੇਖੇ ਲਾ ਦੁਪਹਿਰ ਭੰਮੇ ਜਾ ਉੱਤਰਿਆਲੋਅ ਚੱਲਦੀ ਸੀਜਿਵੇਂ ਅਕਸਰ ਦਿਮਾਗ ਦੁਨਿਆਵੀ ਗੱਲਾਂ ਤੋਂ ਪਾਸਾ ਵੱਟਦਾ ਸੀ, ਇਸ ਵਾਰ ਵੀ ਇਹੀ ਹੋਇਆਮੈਂ ਸਹੁਰਿਆਂ ਦੇ ਘਰ ਵਾਲੀ ਬੀਹੀ ਭੁੱਲ ਗਿਆਬਾਰ ਬੰਦ ਕਰੀ ਲੋਕ ਸੁੱਤੇ ਪਏ ਸੀ ਇੱਕੋ ਬੀਹੀ ਵਿੱਚ ਚੌਂਧੀ ਵਾਲਿਆਂ ਵਾਂਗ ਘੁੰਮਦਿਆਂ ਮੇਰਾ ਮੂੰਹ ਸੁੱਕਣ ਲੱਗਾ ਇੱਕ ਬਜ਼ੁਰਗ ਨੇ ਤਖ਼ਤੇ ਦੀਆਂ ਵਿਰਲਾਂ ਵਿਚਦੀ ਮੇਰੇ ਭੁਲਾਂਦਰੇ ਨੂੰ ਤਾੜ ਲਿਆਬਾਰ ਖੁੱਲ੍ਹਾਉਹ ਕਾਹਲੀ ਨਾਲ ਘਰ ਦੇ ਅੰਦਰ ਗਿਆਮੇਰੇ ਲਈ ਚਿੱਟੀ ਚਾਦਰ ਵਾਲਾ ਬਿਸਤਰਾ ਲੈ ਆਇਆਖਜੂੰਰ ਵਾਲੀ ਪੱਖੀ ਆਈਕੋਰੇ ਘੜੇ ਦੇ ਠੰਢੇ ਪਾਣੀ ਨੇ ਮੇਰੇ ਸੁੱਕ ਰਹੇ ਬੁੱਲ੍ਹਾਂ ਨੂੰ ਤਾਜ਼ਗੀ ਬਖ਼ਸ਼ ਦਿੱਤੀਮੈਂ ਚਿੱਟੀ ਚਾਦਰ ਵਾਲੇ ਵਿਛੇ ਬਿਸਤਰੇ ਤੇ ਪ੍ਰਹੁਣਿਆਂ ਵਾਂਗ ਡਟ ਕੇ ਬੈਠ ਗਿਆਬਾਬੇ ਨੇ ਅਨੰਦ ਕਾਰਜ ਦੀ ਰਸਮ ਵੇਲੇ ਮੈਂਨੂੰ ਦੇਖਿਆ ਜ਼ਰੂਰ ਹੋਵੇਗਾਪੱਖੀ ਝੱਲਦਿਆਂ ਕੱਚੇ ਦੁੱਧ ਦੀ ਗੜਵੀ ਆ ਗਈਬਾਬਾ ਬੋਲਿਆ, “ਸਾਊ, ਮਾਸਟਰਾਂ ਦੇ ਘਰ ਫਿਰ ਚੱਲਾਂਗੇ, ਪਹਿਲਾਂ ਦੁੱਧ ਛਕਸਾਡੇ ਪਿੰਡ ਦਾ ਇਹ ਰਿਵਾਜ ਆਪ੍ਰਾਹੁਣੇ ਨੂੰ ਦੁੱਧ ਜਰੂਰ ਪਿਆਉਣਾ ...।”

ਮੈਂਨੂੰ ਆਪਣੇ ਅਨਜਾਣ ਪੁਣੇ ’ਤੇ ਹਾਸੀ ਆ ਰਹੀ ਸੀ, ਪਰ ਬਾਬੇ ਦੀ ਅਪਣੱਤ ਦੇਖ ਮੈਂ ਹੱਸਿਆ ਨਹੀਂਦੁੱਧ ਮੁੱਕਿਆ ਤਾਂ ਉਹ ਮੈਥੋਂ ਵੀਹ ਕਰਮਾਂ ਮੂਹਰੇ ਤੁਰ ਪਿਆ ਤਾਂ ਜੋ ਕਿਸੇ ਨੂੰ ਇਹ ਅਭਾਸ ਨਾ ਹੋਵੇ ਬਈ ਪ੍ਰਾਹੁਣਾ ਘਰ ਭੁੱਲਿਆ ਫਿਰਦਾ ਹੈਅੱਗੇ ਜਾ ਕੇ ਉਸਨੇ ਇਸ਼ਾਰਾ ਕਰ ਦਿੱਤਾਮੇਰੇ ਘਰ ਸਿਆਣ ਵਿੱਚ ਆ ਗਿਆਉਨ੍ਹੀਂ ਪੈਰੀਂ ਬਾਬਾ ਵਾਪਸ ਪਰਤ ਗਿਆ।

ਅੱਜ ਜਦੋਂ ਸੜਕ ’ਤੇ ਕੋਈ ਜ਼ਖ਼ਮੀ ਪਿਆ ਹੁੰਦਾ ਹੈ, ਕੋਈ ਝਗੜਾ ਹੋ ਰਿਹਾ ਹੁੰਦਾ ਹੈ, ਲੋਕ ਵਿੱਚ ਬਚਾਅ ਕਰਨ ਦੀ ਥਾਂ ਵੀਡੀਓ ਵਾਇਰਲ ਕਰਨ ਲੱਗ ਪੈਂਦੇ ਹਨਅਜਿਹੇ ਵੇਲੇ ਮੇਰੇ ਉਹ ਬਾਬਾ ਜਿਸਨੇ ਪਿੰਡ ਦੇ ਸਾਊ ਦੇ ਸਿੱਧੜਪੁਣੇ ਦੀ ਇੱਕ ਵੀ ਕੰਨੀ ਨੰਗੀ ਨਹੀਂ ਹੋਣ ਦਿੱਤੀ ਸੀ, ਬਹੁਤ ਯਾਦ ਆਉਂਦਾ ਹੈ

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2840)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਖਦੇਵ ਸਿੰਘ ਮਾਨ

ਸੁਖਦੇਵ ਸਿੰਘ ਮਾਨ

Maur Kalan, Bathinda, Punjab, India.
Phone: (91 - 94170 - 59142)
Email: (sukhdevsinghmann@gmail.com)