SukhwantSDhiman7ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਤਾਂ ਡਰ ਕੇ ਮੈਦਾਨ ਛੱਡ ਕੇ ਘਰ ...
(2 ਮਈ 2021)

 

ਮੈਂ ਗੁਰੂ ਨਾਨਕ ਦੇਵ ਇੰਜਨੀਅਰਇੰਗ ਕਾਲਜ ਲੁਧਿਆਣਾ ਤੋਂ ਇਲੈਕਟ੍ਰੀਕਲ ਦੀ ਡਿਗਰੀ ਪਾਸ ਕੀਤੀ ਹੀ ਸੀ ਕਿ ਬਿਜਲੀ ਬੋਰਡ ਵਿੱਚ ਮੈਂਨੂੰ ਜੂਨੀਅਰ ਇੰਜਨੀਅਰ ਦੀ ਸਰਕਾਰੀ ਪੱਕੀ ਨੌਕਰੀ ਮਿਲ ਗਈ। ਮੈਂ ਰੱਬ ਦਾ ਲੱਖ ਲੱਖ ਸ਼ੁਕਰਾਨਾ ਕੀਤਾ ਕਿਉਂਕਿ ਮੈਂਨੂੰ ਇੱਕ ਦਿਨ ਵੀ ਵਿਹਲੇ ਨਹੀਂ ਰਹਿਣਾ ਪਿਆ। ਪਹਿਲੇ ਦਿਨ ਡਿਊਟੀ ’ਤੇ ਜਾਣ ਤੋਂ ਪਹਿਲਾਂ ਮੈਂ ਆਪਣੇ ਮਾਤਾ-ਪਿਤਾ ਤੋਂ ਅਸ਼ੀਰਵਾਦ ਲਿਆ ਤਾਂ ਮੇਰੀ ਮਾਤਾ ਜੀ ਨੇ ਸਿੱਧ ਸੁਭਾਅ ਕਿਹਾ, “ਸੁਖਵੰਤ ਪੁੱਤ, ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰਨੀ ਹੈ। ਜੇਕਰ ਕਿਸੇ ਤੋਂ ਰਿਸ਼ਵਤ ਲਈ ਤਾਂ ਮੈਂ ਸਮਝਾਂਗੀ ਕਿ ਤੂੰ ਮੇਰਾ ਦੁੱਧ ਨਹੀਂ, ਲਹੂ ਪੀਤਾ ਹੈ।” ਮਾਤਾ ਦੀ ਗੱਲ ਪੱਲੇ ਬੰਨ੍ਹ ਕੇ ਮੈਂ ਆਪਣੀ ਡਿਊਟੀ ਸ਼ੁਰੂ ਕਰ ਦਿੱਤੀ।

ਪੰਦਰਾਂ ਕੁ ਦਿਨ ਕੰਮ ਸਿੱਖਦੇ ਸਿਖਾਉਂਦੇ ਲੰਘ ਗਏ। ਉਸ ਵੇਲੇ ਮੇਰੀ ਉਮਰ ਸਾਢੇ ਕੁ 22 ਸਾਲ ਦੀ ਸੀ। ਮੈਂ ਕਾਲਜ ਦੇ ਕਲਾਸ ਰੂਮ ਵਿੱਚੋਂ ਨਿੱਕਲ ਕੇ ਸਿੱਧਾ ਇੱਕ ਪਬਲਿਕ ਅਦਾਰੇ ਵਿੱਚ ਆ ਗਿਆ ਸੀ। ਮੈਂ ਜ਼ਿੰਦਗੀ ਵਿੱਚ ਕਦੀ ਬਿਜਲੀ ਬੋਰਡ ਦਫਤਰ ਨਹੀਂ ਗਿਆ ਸੀ। ਮੈਂਨੂੰ ਸਰਕਾਰੀ ਕੰਮ ਕਰਨ ਅਤੇ ਕਰਵਾਉਣ ਦਾ ਕੋਈ ਵੀ ਤਜਰਬਾ ਨਹੀਂ ਸੀ। ਮੈਂ ਸਰਕਾਰੀ ਨੌਕਰੀ ਨੂੰ ਬੜੀ ਸੌਖੀ ਸਮਝਦਾ ਸੀ। ਪਰ ਇੱਥੇ ਆ ਕੇ ਦੇਖਿਆ ਕਿ ਅਸਲ ਕਹਾਣੀ ਕੁਝ ਹੋਰ ਹੀ ਹੈ। ਮੈਂਨੂੰ ਸਿਸਟਮ ਦੀ ਕੋਈ ਸਮਝ ਨਹੀਂ ਸੀ। ਸਿੱਧ ਸੁਭਾਅ ਜਿਵੇਂ ਵੀ ਕਿਸੇ ਦਾ ਕੰਮ ਕਰਨਾ ਹੁੰਦਾ ਸੀ ਤਾਂ ਝੱਟ ਕਰ ਦਿੰਦਾ ਸੀ। ਕਿਸੇ ਦਾ ਕੰਮ ਲਟਕਾਉਣਾ ਨਾ ਉਦੋਂ ਆਉਂਦਾ ਸੀ ਅਤੇ ਨਾ ਹੀ ਹੁਣ ਤਕ ਸਿੱਖਿਆ ਹਾਂ।

ਮੇਰੀ ਨਵੀਂ ਨੌਕਰੀ ਇਸੇ ਤਰ੍ਹਾਂ ਚੱਲ ਰਹੀ ਸੀ ਕਿ ਮੈਂਨੂੰ ਕੁਝ ਔਕੜਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਕੰਮ ਕਰਦੇ ਹੋਏ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਜਿਵੇਂ ਮੈਂ ਕਿਸੇ ਸਿਸਟਮ ਵਿੱਚ ਅੜਿੱਕਾ ਬਣ ਗਿਆ ਹੋਵਾਂ। ਇੰਨਾ ਜ਼ਿਆਦਾ ਰਾਜਸੀ ਅਤੇ ਉੱਚ ਅਧਿਕਾਰੀਆਂ ਦੇ ਦਬਾਅ ਕਾਰਨ ਮੈਂ ਬਹੁਤ ਪ੍ਰੇਸ਼ਾਨ ਰਹਿਣ ਲੱਗ ਪਿਆ। ਅਫਸਰ ਮੈਂਨੂੰ ਰਾਜਸੀ ਲੋਕਾਂ ਮੁਹਰੇ ਝੁਕਣ ਲਈ ਮਜਬੂਰ ਕਰਦੇ, ਪਰ ਮੈਂ ਅੜਿਆ ਰਹਿੰਦਾ। ਗਲਤ ਕੰਮ ਜਮਾਂ ਵੀ ਬਰਦਾਸ਼ਤ ਨਾ ਕਰਦਾ। ਇੱਥੇ ਸਕੂਲੀ-ਕਾਲਜੀ ਵਿੱਦਿਆ ਅਤੇ ਮਾਤਾ ਪਿਤਾ ਨੇ ਜੋ ਸਿਖਾਇਆ ਸੀ, ਸਭ ਉਸ ਤੋਂ ਉਲਟ ਵਾਪਰ ਰਿਹਾ ਸੀ। ਕਈ ਵਾਰ ਮੈਂ ਬਿਲਕੁਲ ਇਕੱਲਾ ਰਹਿ ਜਾਂਦਾਮੇਰੀ ਉਮਰ ਦਾ ਕੋਈ ਵੀ ਮੁਲਾਜ਼ਮ ਦਫਤਰ ਵਿੱਚ ਨਹੀਂ ਸੀ। ਮੈਂਨੂੰ ਰਿਸ਼ਵਤ ਲੈਣ, ਦੇਣ ਲਈ ਕਈ ਵਾਰੀ ਬਹੁਤ ਮਜਬੂਰ ਕੀਤਾ ਜਾਂਦਾ ਪਰ ਮੈਂ ਆਪਣੀ ਜ਼ਿੱਦ ਤੇ ਅੜਿਆ ਰਹਿੰਦਾ ਕਿ ਜੋ ਮਰਜ਼ੀ ਹੋ ਜਾਵੇ, ਰਿਸ਼ਵਤ ਨਹੀਂ ਲੈਣੀ।

ਮੈਂ ਮਨ ਵਿੱਚ ਧਾਰਿਆ ਹੋਇਆ ਸੀ ਕਿ ਚਾਹੇ ਕਿੰਨੀ ਵੀ ਗਰੀਬੀ ਆ ਜਾਵੇ, ਪਾਟੇ ਕੱਪੜੇ ਪਾਉਣੇ ਮਨਜ਼ੂਰ, ਧਰਤੀ ’ਤੇ ਸੌਣਾ ਮਨਜ਼ੂਰ, ਪਰ ਕਿਸੇ ਦਾ ਹੱਕ ਮਾਰ ਕੇ ਆਪਣਾ ਢਿੱਡ ਨਹੀਂ ਭਰਨਾ। ਖੈਰ, ਸੌਖਾ ਸਮਾਂ ਜ਼ਿਆਦਾ ਨਹੀਂ ਚੱਲਿਆ। ਮੈਂ ਦੁਖੀ ਹੋ ਕੇ ਇੱਕ ਦਿਨ ਘਰ ਆਇਆ ਅਤੇ ਮਾਤਾ ਪਿਤਾ ਨੂੰ ਕਹਿ ਦਿੱਤਾ ਕਿ ਬੱਸ ਬਹੁਤ ਹੋ ਗਿਆ, ਹੁਣ ਨੀਹੀਂਮੇਰੇ ਕੋਲੋਂ ਹੋਰ ਸਰਕਾਰੀ ਨੌਕਰੀ ਹੋਣੀ। ਮੈਂ ਕੁਰੱਪਟ ਸਿਸਟਮ ਤੋਂ ਬਹੁਤ ਦੁਖੀ ਹੋ ਚੁੱਕਾ ਸੀ। ਮੈਂ ਮਨ ਬਣਾ ਲਿਆ ਕਿ ਜਾਂ ਤਾਂ ਦੇਸ਼ ਛੱਡ ਬਾਹਰਲੇ ਮੁਲਕ ਜਾਵਾਂਗਾ ਜਾਂ ਫਿਰ ਅੱਗੇ ਪੜ੍ਹਾਈ ਕਰਾਂਗਾ ਪਰ ਬਿਜਲੀ ਬੋਰਡ ਵਿੱਚ ਹੋਰ ਨੌਕਰੀ ਨਹੀਂ ਕਰਨੀ।

ਅਗਲੇ ਦਿਨ ਮੈਂ ਡਿਊਟੀ ’ਤੇ ਨਾ ਗਿਆ। ਉਸੇ ਦਿਨ ਸ਼ਾਮ ਨੂੰ ਮੈਂ ਅਤੇ ਮੇਰੇ ਪਿਤਾ ਜੀ ਜਦੋਂ ਇਕੱਠੇ ਬੈਠੇ ਰੋਟੀ ਖਾ ਰਹੇ ਸੀ ਤਾਂ ਮੇਰੇ ਪਿਤਾ ਜੀ ਨੇ ਮੈਂਨੂੰ ਕਿਹਾ, “ਸੁਖਵੰਤ, ਤੈਨੂੰ ਯਾਦ ਆ, ਮੈਂ ਤੈਨੂੰ ਛੋਟੇ ਹੁੰਦੇ ਨੂੰ ਸਹਿਬਜਾਦਿਆਂ ਦੀਆਂ ਕਹਾਣੀਆਂ ਸੁਣਾਉਂਦਾ ਹੁੰਦਾ ਸੀ? ਯਾਦ ਆ ਗੁਰੂ ਗੋਬਿੰਦ ਸਿੰਘ ਜੀ ਨੇ ਸਹਿਬਜਾਦਾ ਅਜੀਤ ਸਿੰਘ ਨੂੰ ਚਮਕੌਰ ਦੀ ਗੜੀ ਵਿੱਚੋਂ ਦੁਸ਼ਮਣ ਨਾਲ ਲੜਾਈ ਲਈ ਬਾਹਰ ਭੇਜਣ ਤੋਂ ਪਹਿਲਾਂ ਕਿਹਾ ਸੀ ਕਿ ਮੈਦਾਨ ਛੱਡ ਕੇ ਵਾਪਸ ਨਹੀਂ ਆਉਣਾ, ਚਾਹੇ ਜੋ ਮਰਜ਼ੀ ਹੋ ਜਾਵੇ।”

ਮੇਰਾ ਜਵਾਬ ਉਡੀਕੇ ਬਗੈਰ ਪਿਤਾ ਜੀ ਅਗਾਂਹ ਬੋਲੇ, “ਤੈਨੂੰ ਸ਼ਰਮ ਨਹੀਂ ਆਉਂਦੀ? ਤੂੰ ਤਾਂ ਡਰ ਕੇ ਮੈਦਾਨ ਛੱਡ ਕੇ ਘਰ ਵਾਪਸ ਆ ਗਿਆ ਹੈ। ਉੱਥੇ ਲੜ-ਮਰ, ਚਾਹੇ ਕੁਝ ਵੀ ਕਰ ਪਰ ਡਰ ਕੇ, ਮੈਦਾਨ ਛੱਡ ਕੇ ਕਿਉਂ ਭੱਜ ਆਇਆ ਹੈਂ?”

ਪਿਤਾ ਜੀ ਦੇ ਇਹ ਬੋਲ ਸੁਣ ਕੇ ਮੇਰੇ ਰੌਂਗਟੇ ਖੜ੍ਹੇ ਹੋ ਗਏ। ਰੋਟੀ ਦੀ ਬੁਰਕੀ ਮੇਰੇ ਹਲਕ ਵਿੱਚ ਰੁਕ ਗਈ ਸੀ। ਮੈਂ ਪਾਣੀ ਦਾ ਘੁੱਟ ਭਰ ਕੇ ਰੋਟੀ ਗਲੇ ’ਚੋਂ ਹੇਠਾਂ ਕੀਤੀ। ਮੇਰੀ ਸਾਰੀ ਚਿੰਤਾ ਮੁੱਕ ਗਈ। ਇੱਦਾਂ ਲਗਦਾ ਸੀ ਜਿਵੇਂ ਮੇਰੇ ਦਿਮਾਗ ਤੋਂ ਕੋਈ ਵਵਨ ਲਹਿ ਗਿਆ ਹੋਵੇ। ਨਾਲ ਹੀ ਇੱਕ ਹੋਰ ਗੱਲ ਮੇਰੇ ਪਿਤਾ ਜੀ ਨੇ ਕਹਿ ਦਿੱਤੀ, “ਪੁੱਤਰਾ, ਜੇ ਨੌਕਰੀ ਛੱਡਣੀ ਹੀ ਹੈ ਤਾਂ ਦੋ-ਚਾਰ ਬੇਈਮਾਨਾਂ ਦੀ ਨੌਕਰੀ ਛੁਡਾ ਕੇ ਹੀ ਨੌਕਰੀ ਛੱਡ ਕੇ ਘਰ ਆਵੀਂ ਮੈਂ ਸਮਝੂੰਗਾ ਕਿ ਮੇਰਾ ਪੁੱਤ ਕੁਝ ਕਰ ਕੇ ਆਇਆ ਹੈ।”

ਇਸ ਗੱਲ ਨੇ ਮੇਰੀ ਆਤਮਾ ਹੀ ਝੰਜੋੜ ਦਿੱਤੀ। ਮੈਂ ਸਵੇਰ ਹੋਣ ਦੀ ਉਡੀਕ ਕਰਨ ਲੱਗਾ। ਸਾਰੀ ਰਾਤ ਉੱਸਲ-ਵੱਟੇ ਲੈਂਦੇ ਲੰਘ ਗਏ। ਸਵੇਰ ਹੋਈ ਤਾਂ ਤਿਆਰ ਹੋ ਕੇ ਅਤੇ ਗੁਰੂ ਗੋਬਿੰਦ ਸਿੰਘ, ਭਗਤ ਸਿੰਘ ਵਰਗੇ ਯੋਧਿਆ ਨੂੰ ਮਨ ਵਿੱਚ ਧਾਰ ਕੇ ਮੈਂ ਆਪਣੀ ਡਿਊਟੀ ਸ਼ੁਰੂ ਕਰ ਦਿੱਤੀ। ਬੱਸ ਫੇਰ ਕੀ ਆਪਣੇ ਵੱਲੋਂ ਕੰਮ ਪੂਰੀ ਤਨਦੇਹੀ ਅਤੇ ਹਿੰਮਤ, ਇਮਾਨਦਾਰੀ ਨਾਲ ਕਰਨ ਲੱਗਾ। ਵੱਡੇ ਅਫਸਰਾਂ ਨੂੰ ਮੈਂ ਪਿਆਰ ਨਾਲ ਬੇਨਤੀ ਕਰ ਦਿੰਦਾ ਕਿ ਮੈਂਨੂੰ ਰਿਸ਼ਵਤ ਵਾਲੇ ਪਾਸੇ ਨਾ ਤੋਰੋ, ਮੈਂ ਕਿਸੇ ਦੀ ਜੇਬ ਨਹੀਂ ਕੱਟਣੀ। ਪਰ ਸਾਡੇ ਦੇਸ ਦਾ ਸਿਸਟਮ ਨਹੀਂ ਸੁਧਰ ਸਕਦਾ। ਮੇਰੇ ’ਤੇ ਬਹੁਤ ਵਾਰੀ ਦਬਾਅ ਬਣਾਇਆ ਜਾਂਦਾ ਪਰ ਮੈਂ ਵਾਹਿਗੁਰੂ ਦੀ ਕ੍ਰਿਪਾ ਅਤੇ ਮਾਤਾ-ਪਿਤਾ ਦੀਆਂ ਸਿੱਖਿਆਵਾਂ ਕਰਕੇ ਅਡੋਲ ਖੜ੍ਹਾ ਰਹਿੰਦਾ।

ਇੱਕ ਦਿਨ ਜਦੋਂ ਪਾਣੀ ਸਿਰ ਤੋਂ ਲੰਘਣ ਲੱਗਾ ਤਾਂ ਮੈਂ ਵੱਡੇ ਅਫਸਰ ਦੇ ਦਫਤਰ ਗਿਆ ਅਤੇ ਅੰਦਰੋਂ ਦਰਵਾਜਾ ਬੰਦ ਕਰਕੇ ਮੈਂ ਉਸ ਅਫਸਰ ਨੂੰ ਕਹਿ ਦਿੱਤਾ, “ਸ੍ਰੀ ਮਾਨ ਜੀ, ਮੈਂ ਅਜੇ ਬਾਈ-ਤੇਈ ਸਾਲਾਂ ਦਾ ਹਾਂ ਅਤੇ ਤੁਸੀਂ ਪਚਵੰਜਾ ਸਾਲ ਤੋਂ ਟੱਪੇ ਪਏ ਹੋ। ਮੈਂਨੂੰ ਤਾਂ ਵੀਹ ਨੌਕਰੀਆਂ ਮਿਲ ਜਾਣਗੀਆਂ ਪਰ ਜੇ ਤੁਹਾਡੀ ਨੌਕਰੀ ਗਈ ਤਾਂ ਤੁਹਾਨੂੰ ਕਿਸੇ ਨੇ ਦਸ ਰੁਪਏ ਦਿਹਾੜੀ ’ਤੇ ਨਹੀਂ ਰੱਖਣਾ। ਮੈਂਨੂੰ ਰਿਸ਼ਵਤ ਲੈਣ ਲਈ ਮਜਬੂਰ ਨਾ ਕਰੋ, ਮੈਂ ਨਾ ਰਿਸ਼ਵਤ ਲੈਣੀ ਹੈ ਤੇ ਨਾ ਦੇਣੀ ਹੈ।” ਇੰਨਾ ਕਹਿ ਕੇ ਮੈਂ ਉਸ ਅਫਸਰ ਦੇ ਦਫਤਰ ਵਿੱਚੋਂ ਬਾਹਰ ਆ ਗਿਆ ਅਤੇ ਬੇਖੌਫ ਆਪਣੀ ਡਿਊਟੀ ਕਰਨ ਲੱਗਾ।

ਉਸ ਦਿਨ ਤੋਂ ਬਾਅਦ ਰਿਸ਼ਵਤ ਲੈਣ-ਦੇਣ ਲਈ ਮੇਰੇ ’ਤੇ ਕੋਈ ਖਾਸ ਦਬਾਅ ਨਹੀਂ ਪਾਇਆ ਗਿਆ। ਪ੍ਰੰਤੂ ਫੇਰ ਵੀ ਮੈਂਨੂੰ ਕਈ ਵਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਅਤੇ ਹੁਣ ਵੀ ਸਾਹਮਣਾ ਕਰਦਾ ਰਹਿੰਦਾ ਹਾਂ। ਜਿਵੇਂ ਕਹਿੰਦੇ ਹਨ ਕਿ ਕਿਸੇ ਵੀ ਚੀਜ਼ ਦਾ ਖਾਤਮਾ ਨਹੀਂ ਹੁੰਦਾ, ਉਸੇ ਤਰ੍ਹਾਂ ਮੈਂਨੂੰ ਬਿਜਲੀ ਮਹਿਕਮੇ ਵਿੱਚ ਕੰਮ ਕਰਦੇ ਹੋਏ ਕਈ ਬਹੁਤ ਹੀ ਇਮਾਨਦਾਰ ਅਤੇ ਮਿਹਨਤੀ ਅਫਸਰ ਅਤੇ ਮੁਲਾਜ਼ਮ ਮਿਲੇ ਜਿਨ੍ਹਾਂ ਦੇ ਪਿਆਰ ਅਤੇ ਹਿੰਮਤ ਸਦਕਾ ਮੈਂਨੂੰ ਇਸ ਮਹਿਕਮੇ ਵਿੱਚ ਵਧੀਆ ਨੌਕਰੀ ਕਰਨ ਦਾ ਬਲ ਮਿਲਿਆ। ਪਾਵਰ ਕਾਮ ਇੰਨਾ ਵਧੀਆ ਮਹਿਕਮਾ ਹੈ ਕਿ ਇਸ ਵਿੱਚ ਮੈਂ ਆਪਣੀ ਡਿਊਟੀ ਨੂੰ ਸੱਚੀ ਸੇਵਾ ਸਮਝਦੇ ਹੋਏ ਕਰਦਾ ਹੋਇਆ ਬਹੁਤ ਮਾਣ ਮਹਿਸੂਸ ਕਰਦਾ ਹਾਂ। ਇੰਨਾ ਮਾਣ-ਸਨਮਾਨ ਮਿਲਿਆ ਹੈ ਮੈਂਨੂੰ ਇਸ ਮਹਿਕਮੇ ਵਿੱਚ ਕੰਮ ਕਰਦੇ ਹੋਏ ਕਿ ਹੋ ਸਕਦਾ ਮੈਂ ਇਸਦੇ ਲਾਇਕ ਵੀ ਨਾ ਹੋਵਾਂ। ਇਸ ਅਦਾਰੇ ਵਿੱਚ ਡਿਊਟੀ ਕਰਦੇ ਹੋਏ ਬਹੁਤ ਸਨਮਾਨ-ਐਵਾਰਡ ਮਿਲੇ, ਤਰੱਕੀਆਂ ਹੋਈਆਂ ਹਨ।

ਤਕਰੀਬਨ ਉੰਨੀਂ ਸਾਲ ਹੋ ਗਏ ਮੈਂਨੂੰ ਸਿਸਟਮ ਵਿੱਚ ਜੂਝਦੇ ਹੋਏ। ਜਦੋਂ ਵੀ ਕਦੇ ਡਿਊਟੀ ਕਰਦੇ ਹੋਏ ਨਿਰਾਸਤਾ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ ਤਾਂ ਮਾਤਾ ਪਿਤਾ ਦੀਆਂ ਨਸੀਹਤਾਂ ਅਤੇ ਉਹਨਾਂ ਦੁਆਰਾ ਦਿੱਤੀ ਜਾਂਦੀ ਹਿੰਮਤ ਹਰ ਮੁਸ਼ਕਲ ਵਿੱਚੋਂ ਮੈਂਨੂੰ ਬਾਹਰ ਕੱਢ ਦਿੰਦੀ ਹੈ। ਮੈਂ ਹਮੇਸ਼ਾ ਇਹ ਸੋਚਦਾ ਹਾਂ ਕਿ ਅਗਰ ਡਿਊਟੀ ਦੇ ਪਹਿਲੇ ਦਿਨ ਮੇਰੀ ਮਾਂ ਨੇ ਮੈਂਨੂੰ ਚੰਗੀ ਨਸੀਹਤ ਨਾ ਦਿੱਤੀ ਹੁੰਦੀ ਤਾਂ ਹੋ ਸਕਦਾ ਮੈਂ ਅੱਜ ਇਸ ਮੁਕਾਮ ’ਤੇ ਨਾ ਹੁੰਦਾ।

*****

ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।)

(2744)

(ਸਰੋਕਾਰ ਨਾਲ ਸੰਪਰਕ ਲਈ: This email address is being protected from spambots. You need JavaScript enabled to view it.)

About the Author

ਸੁਖਵੰਤ ਸਿੰਘ ਧੀਮਾਨ

ਸੁਖਵੰਤ ਸਿੰਘ ਧੀਮਾਨ

Sukhwant S Dhiman Engineer.
Phone: (91 - 96461 - 18113)

Email: (ersukhwant@gmail.com)

More articles from this author