“ਤਿਆਰੀਆਂ ਕਰੀ ਜਾਂਦੇ ਸੀ ਪਰ ਬੁਝੇ ਮਨਾਂ ਨਾਲ। ਕਾਰਡ ਵੀ ਛਪਵਾ ਲਏ ਪਰ ਵੰਡਣ ਨੂੰ ...”
(16 ਜੂਨ 2026)
“ਰਹਿ ਜੋ ਬਾਈ... ਅੱਜ ਤਾਂ।” ਮੈਂ ਆਪਣੇ ਮਾਮੇ ਦੇ ਪੁੱਤ ਨੂੰ ਕਿਹਾ।
“ਹਾਂ ਭੈਣੇ, ਇੱਕ ਸ਼ਰਤ ’ਤੇ ਰਹਿ ਸਕਦੇ ਆਂ। ਤੁਸੀਂ ਤੇ ਭਾਅ ਜੀ ਉੱਥੇ ਜਾ ਕੇ ਵਿਆਹ ਦੇ ਕੰਮ ਕਰਵਾਓ।” ਬਾਈ ਬੋਲਿਆ।
“ਵਿਆਹ ਕਦੋਂ ਐ?” ਮੈਂ ਪੁੱਛਿਆ। ਵਿਆਹ ਦਾ ਕਾਰਡ ਅਤੇ ਡੱਬਾ ਅਜੇ ਮੈਂ ਖੋਲ੍ਹਿਆ ਨਹੀਂ ਸੀ।
“ਅੱਜ ਅਖੰਡ ਪਾਠ ਪ੍ਰਕਾਸ਼ ਕਰਾ ਕੇ ਆਏ ਆਂ, ਪਰਸੋਂ ਨੂੰ ਭੋਗ ਤੇ ਅਗਲੇ ਦਿਨ ਬਰਾਤ ਜਾਣੀ ਐ। ਬਰਾਤ ਦੇ ਤਾਂ ਥੋੜ੍ਹੇ ਬੰਦੇ ਹੀ ਜਾਣੇ ਨੇ। ਸ਼ਾਮ ਨੂੰ ਪਾਰਟੀ ਰੱਖੀ ਐ।”
ਇੱਕ ਵਾਰ ਤਾਂ ਅੰਦਰੋਂ ਦਿਮਾਗ ਬੋਲਿਆ, ‘ਆਖ ਦੇ, ਤੁਸੀਂ ਬਾਈ ਜਮਾਂ ਈ ਮੌਕੇ ’ਤੇ ਆਏ ਓ... ਇਹਨੂੰ ਤਾਂ ਕੰਡਿਆਂ ਉੱਤੋਂ ਦੀ ਘੜੀਸਣਾ ਆਖਦੇ ਹੁੰਦੇ ਨੇ।’ ਫਿਰ ਦਿਲ ਨੇ ਸੋਚਿਆ, ਮਸਾਂ ਤਾਂ ਭਰਾ ਆਇਆ ਹੈ। ਇਸ ਤਰ੍ਹਾਂ ਕਹਿਣਾ ਠੀਕ ਨਹੀਂ ਹੋਵੇਗਾ। ਵਿਆਹ ਨੂੰ 20 ਵਰ੍ਹੇ ਹੋ ਗਏ। ਸ਼ਾਇਦ ਦੂਜੀ ਕੁ ਵਾਰੀ ਆਇਆ ਹੋਵੇਗਾ। ਮਿਲੇ ਨੂੰ ਵੀ ਕਈ ਸਾਲ ਹੋ ਗਏ। ਜਦੋਂ ਮਾਂ ਮੁੱਕੀ ਸੀ, ਉਦੋਂ ਵੀ ਨਹੀਂ ਸੀ ਆਇਆ ... ਕਹਿੰਦੇ ਛੁੱਟੀ ਨਹੀਂ ਸੀ ਮਿਲੀ। ਬਾਈ ਬਹੁਤੀ ਦੇਰ ਨਹੀਂ ਰੁਕਿਆ। ਕੋਈ ਬਹੁਤੀ ਗੱਲਬਾਤ ਵੀ ਨਹੀਂ ਹੋਈ। ਰਸਮੀ ਜਿਹੀ ਸੁੱਖ-ਸਾਂਦ ਪੁੱਛੀ-ਦੱਸੀ ਅਤੇ ਆਪਣੇ ਕਾਰਡ ਦੇ ਕੇ ਚਲਿਆ ਗਿਆ। ਮੈਂ ਸੋਚ ਲੱਗ ਗਈ... ਵਿਆਹ ਕਿਵੇਂ ਜਾਵਾਂਗੇ? ਲੌਕਡਾਊਨ ਤਾਂ ਭਾਵੇਂ ਖੁੱਲ੍ਹ ਗਿਆ ਸੀ, ਡਾਕਟਰ ਅਜੇ ਵੀ ਪਰਹੇਜ਼ ਵਰਤਣ ਲਈ ਆਖ ਰਹੇ ਸਨ। ਫਿਰ ਕਿਸਾਨਾਂ ਦੇ ਸੰਘਰਸ਼ਮਈ ਧਰਨਿਆਂ ਵੱਲ ਧਿਆਨ ਗਿਆ। ਮਨ ਵਿੱਚੋਂ ਡਰ ਉੱਤਰ ਗਿਆ।
ਭਰਾ ਦੇ ਆਉਣ ਨਾਲ ਹੀ ਨਾਨਕੇ ਪਿੰਡ ਮਾਰੇ ਗੇੜੇ ਯਾਦ ਆਉਣ ਲੱਗੇ। ਉਦੋਂ ਹਰ ਕੁੜੀ ਨੂੰ ਕਢਾਈ, ਸਿਲਾਈ, ਪੱਖੀਆਂ, ਮੰਜੇ ਬੁਣਨੇ, ਦਰੀਆਂ ਬੁਣਨੀਆਂ ਆਦਿ ਸਾਰੇ ਕੰਮ ਅੱਠਵੀਂ ਜਾਂ ਦਸਵੀਂ ਦੀ ਪ੍ਰੀਖਿਆ ਤੋਂ ਬਾਅਦ ਹੀ ਸਿਖਾਏ ਜਾਂਦੇ ਸਨ। ਦਸਵੀਂ ਦੇ ਪੇਪਰਾਂ ਤੋਂ ਬਾਅਦ ਮਾਂ ਮੈਨੂੰ ਮਹੀਨੇ ਕੁ ਲਈ ਨਾਨਕੇ ਛੱਡ ਆਈ। ਉੱਥੇ ਸਿਲਾਈ ਸੈਂਟਰ ਖੁੱਲ੍ਹਿਆ ਹੋਇਆ ਸੀ। ਉਦੋਂ ਨਾਨਾ ਜੀ ਵੀ ਹੁੰਦੇ ਸਨ। ਮਾਮੇ ਦੇ ਸਾਰੇ ਜਵਾਕ ਮੇਰੇ ਤੋਂ ਛੋਟੇ ਸਨ, ਇੱਕ ਦੀਪ ਵੀਰੇ ਨੂੰ ਛੱਡ ਕੇ। ਮਾਮੀ ਦੀਆਂ ਪਕਾਈਆਂ ਰੋਟੀਆਂ ਵਿੱਚੋਂ ਬੜੀ ਪਿਆਰੀ ਮਹਿਕ ਆਉਂਦੀ ਸੀ। ਅੰਬ ਦਾ ਅਚਾਰ ਅਤੇ ਪਰੌਂਠੇ ਯਾਦ ਕਰਕੇ ਹੁਣ ਵੀ ਮੂੰਹ ਵਿੱਚ ਪਾਣੀ ਆ ਜਾਂਦਾ ਹੈ। ਰਾਤ ਨੂੰ ਵੀ ਨਾਨਕਿਆਂ ਦੀ ਯਾਦ ਹੀ ਆ ਰਹੀ ਸੀ। ਨੀਂਦ ਤਾਂ ਜਿਵੇਂ ਕਿਧਰੇ ਉਡ ਗਈ। ਕਰਮਾਂ ਵਾਲੀਆਂ ਹੁੰਦੀਆਂ ਨੇ ਉਹ ਕੁੜੀਆਂ ਜਿਹੜੀਆਂ ਵਿਆਹ ਤੋਂ ਬਾਅਦ ਵੀ ਨਾਨਕਿਆਂ ਦੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ ਜਾਂ ਆਖ ਲਵੋ ਉਹਨਾਂ ਨੂੰ ਆਪਣੇ ਰਿਸ਼ਤੇਦਾਰਾਂ ਨਾਲ ਵਰਤਣ ਦੀ ਖੁੱਲ੍ਹ ਹੁੰਦੀ ਹੈ। ਇਹ ਸਾਰੇ ਰਿਸ਼ਤੇ ਸਮੇਂ ਦੀ ਧੂੜ ਨਾਲ ਪਤਾ ਨਹੀਂ ਕਿੱਥੇ ਛੁਪ ਗਏ ਸਨ, ਕਦੇ ਯਾਦ ਹੀ ਨਹੀਂ ਸਨ ਆਏ। ਪਰ ਅੱਜ ਲੱਗਿਆ ਫਿਰ ਨਾਨਕੇ ਜਾਣ ਨੂੰ ਜੀਅ ਪਿਆ ਕਰਦਾ। ਅਵਤਾਰ ਵੀਰੇ ਨੇ ਅਚੇਤ ਅਵਸਥਾ ਵਿੱਚ ਪਈਆਂ ਯਾਦਾਂ ਨੂੰ ਖੁੰਬਾਂ ਵਾਂਗ ਉਗਾ ਦਿੱਤਾ।
ਮੈਨੂੰ ਯਾਦ ਆਇਆ, ਨਾਨਾ ਜੀ ਘਰ ਬਹੁਤ ਘੱਟ ਆਉਂਦੇ ਸਨ। ਪਿੰਡ ਦੇ ਨਾਲ ਹੀ ਉਹਨਾਂ ਦੀ ਜ਼ਮੀਨ ਸੀ ਅਤੇ ਉੱਥੇ ਬਾਗ ਸੀ। ਉਸ ਬਾਗ ਨੂੰ ਸਾਰੇ ਬਾੜੀ ਹੀ ਆਖਦੇ ਸਨ। ਉਹ ਉੱਥੇ ਹੀ ਰਹਿੰਦੇ ਸਨ। ਨਾਨਾ ਜੀ ਸਵੇਰੇ ਅੰਮ੍ਰਿਤ ਵੇਲੇ ਬੜੀ ਉੱਚੀ-ਉੱਚੀ ਪਾਠ ਕਰਦੇ ‘ਜਪੁਜੀ ਸਾਹਿਬ’, ‘ਆਨੰਦ ਸਾਹਿਬ’, ‘ਆਸਾ ਦੀ ਵਾਰ’, ‘ਸੁਖਮਨੀ ਸਾਹਿਬ’, ਰਹਿਰਾਸ ਸਾਹਿਬ, ਕੀਰਤਨ ਸੋਹਿਲਾ ਆਦਿ ਬਾਣੀਆਂ ਉਹਨਾਂ ਨੂੰ ਮੂੰਹ ਜ਼ੁਬਾਨੀ ਯਾਦ ਸਨ। ਅੱਧਾ ਪਿੰਡ ਨਾਨੇ ਦੀ ਅਵਾਜ਼ ਸੁਣ ਕੇ ਉੱਠਦਾ। ਉਹਨਾਂ ਦਾ ਚਿਹਰਾ ਗੁਲਾਬੀ ਭਾਹ ਮਾਰਦਾ ਹੁੰਦਾ ਸੀ। ਪਿੰਡ ਦੇ ਲੋਕ ਉਹਨਾਂ ਨੂੰ ਭਗਤ ਆਖਦੇ ਹੁੰਦੇ। ਨਾਨਾ ਜੀ ਮਾਮੇ ਤੋਂ ਦੁਖੀ ਸਨ। ਮਾਮਾ ਸ਼ਰਾਬ ਪੀਂਦਾ ਸੀ ਤੇ ਕਰਜ਼ਾ ਵੀ ਚੜ੍ਹਾ ਰੱਖਿਆ ਸੀ। ਮਾਮੇ ਨੂੰ ਕੋਈ ਡੇਰੇ ਲੈ ਗਿਆ। ਉੱਥੇ ਨਾਮ ਦਾਨ ਲੈ ਲਿਆ। ਕੁਝ ਸਮੇਂ ਲਈ ਦਾਰੂ ਛੱਡ ਦਿੱਤੀ। ਮਾਮਾ ਸਵੇਰੇ ਉੱਠ ਕੇ ਮੂੰਹ ਸਿਰ ਲਪੇਟ ਕੇ ਭਜਨ ਕਰਦਾ। ਨਾਮ ਦਾਨ ਦੇਣ ਵਾਲੇ ਬਾਬੇ ਦੀ ਫੋਟੋ ਘਰੇ ਟੰਗ ਲਈ। ਨਾਨਾ ਜੀ ਉਸ ਬਾਬੇ ਵੱਲ ਦੇਖ ਕੇ ਕਈ ਵਾਰ ਆਖਦੇ, “ਓ ਬਾਬਾ! ਤੂੰ ਹੀ ਸਮਝਾ ਇਹਨੂੰ... ਕਿਵੇਂ ਘਰ ਉਜਾੜਨ ’ਤੇ ਲੱਗਿਆ ਐ।”
ਮਾਮਾ ਫਿਰ ਸ਼ਰਾਬ ਪੀਣ ਲੱਗ ਪੈਂਦਾ। ਨਾਨਾ ਜੀ ਦੀ ਮੌਤ ਤੋਂ ਬਾਅਦ ਨਾਨਾ ਜੀ ਦੀ ਪੰਜ ਗ੍ਰੰਥੀ ਅਤੇ ਸਾਰੇ ਗੁਟਕਾ ਸਾਹਿਬ ਮਾਮੀ ਨੇ ਸੁੱਚੇ ਕੱਪੜਿਆਂ ਵਿੱਚ ਲਪੇਟ ਕੇ ਪੇਟੀ ਵਿੱਚ ਰੱਖ ਦਿੱਤੇ। ਨਾਨੇ ਤੋਂ ਬਾਅਦ ਮਾਮੇ ਨੂੰ ਖੁੱਲ੍ਹ ਮਿਲ ਗਈ। ਮਾਮੇ ਦਾ ਮੁੰਡਾ ਫੌਜ ਵਿੱਚ ਭਰਤੀ ਹੋ ਗਿਆ। ਬਹੁਤ ਸਾਲਾਂ ਬਾਅਦ ਉਸਦੇ ਘਰਵਾਲੀ ਨੇ ਬੜੇ ਅਦਬ ਨਾਲ ਨਾਨੇ ਦੇ ਗੁਟਕਾ ਸਾਹਿਬ ਅਤੇ ਪੰਜ ਗ੍ਰੰਥੀ ’ਤੇ ਪਾਠ ਕਰਨਾ ਸ਼ੁਰੂ ਕਰ ਦਿੱਤਾ। ਮਾਂ ਆਖਦੀ ਹੁੰਦੀ ਸੀ ਕਿ ਫੌਜੀ ਵੀਰੇ ਦੇ ਪਰਿਵਾਰ ਨੇ ਨਾਨੇ ਦੀ ਆਤਮਾ ਠਾਰੀ ਐ ਇਸ ਲਈ ਇਹ ਪਰਿਵਾਰ ਚੜ੍ਹਦੀ ਕਲਾ ਵਿੱਚ ਹੈ।
ਇੱਕ ਦਿਨ ਮਾਮੀ ਕੰਧ ਨਾਲ ਢੋਅ ਲਾਈ ਭੁੰਜੇ ਹੀ ਬੈਠੀ ਰੋ ਰਹੀ ਸੀ। ਘਰੇ ਦੋ ਤਿੰਨ ਸਿਆਣੇ ਮੋਹਤਬਰ ਬੰਦੇ ਆਏ। ਮਾਮੇ ਨੇ ਲਾਲ ਰੰਗ ਦੇ ਕੱਪੜੇ ਦੀ ਪਟੋਕਲੀ ਉਹਨਾਂ ਦੇ ਸਾਹਮਣੇ ਲਿਆ ਕੇ ਰੱਖ ਦਿੱਤੀ। ਜਦੋਂ ਉਹ ਖੋਲ੍ਹੀ, ਉਸ ਵਿੱਚ ਮਾਮੀ ਦੀਆਂ ਟੂੰਮਾਂ ਸਨ। ਮੈਨੂੰ ਤਾਂ ਸੱਗੀ ਫੁੱਲ ਹੀ ਦਿਸੇ। ਮਾਮੀ ਨੇ ਉਹਨਾਂ ਵਿੱਚੋਂ ਸ਼ਾਇਦ ਸੱਗੀ ਫੁੱਲ ਰੱਖਣ ਦੀ ਥੋੜ੍ਹੀ ਕੁ ਜ਼ਿਦ ਕੀਤੀ ਸੀ।
“ਇਹ ਕਿਹੜਾ ਸਹੁਰੀਏ ਹੁਣ ਲਾਉਣੇ ਨੇ। ਇਨ੍ਹਾਂ ਦਾ ਰਿਵਾਜ਼ ਤਾਂ ਗਿਆ ਹੁਣ।” ਗੁਆਂਢੀ ਨਾਨੇ ਨੇ ਆਖਿਆ ਸੀ।
“ਜਵਾਕਾਂ ਦੇ ਵਿਆਹਾਂ ਨੂੰ ਕੰਮ ਆ ਜਾਣਗੇ।” ਮਾਮੀ ਨੇ ਮੱਧਮ ਜਿਹੀ ਅਵਾਜ਼ ਵਿੱਚ ਆਖਿਆ।
“ਲੈ ਜਵਾਕਾਂ ਦੇ ਵਿਆਹਾਂ ਨੂੰ ਹੋਰ ਨੀ ਜੁੜਨਗੇ। ਭੋਰਾ ਭੋਰਾ ਨਿਆਣੇ ਨੇ ਅਜੇ। ਨਾਲੇ ਇਨ੍ਹਾਂ ਨੂੰ ਤਾਂ ਪਿਆਂ ਨੂੰ ਈ ਰਾਲ ਖਾ ਜੂ। ਅੱਧ ਵੀ ਨੀ ਪੱਲੇ ਪੈਣਾ।” ਗੁਆਂਢੀ ਨਾਨਾ ਫਿਰ ਬੋਲਿਆ। ਮੈਨੂੰ ਨਹੀਂ ਸੀ ਪਤਾ ਕਿ ਰਾਲ ਕੀ ਹੁੰਦੀ ਹੈ।
ਮਾਮੀ ਬੇਵਸੀ ਵਾਲੀ ਚੁੱਪ ਵੱਟ ਕੇ ਝਲਾਨੀ ਵੱਲ ਚਲੀ ਗਈ। ਕਪਾਹ ਦੀਆਂ ਛਟੀਆਂ ਵਿਚਕਾਰੋਂ ਤੋੜ ਕੇ ਚੁੱਲ੍ਹੇ ਵਿੱਚ ਤੁੰਨ ਦਿੱਤੀਆਂ। ਧੂੰਆਂਧਾਰ ਹੋ ਗਿਆ। ਅੱਖਾਂ ਧੂੰਏਂ ਨਾਲ ਭਰ ਗਈਆਂ। ਪਰਲ-ਪਰਲ ਪਾਣੀ ਵਹਿਣ ਲੱਗਾ। ਮੈਂ ਕਾਗਜ਼ ਲਿਆ ਕੇ ਮਾਮੀ ਨੂੰ ਫੜਾਇਆ। ਕਾਗਜ਼ ਰੱਖਦਿਆਂ ਅੱਗ ਲਟ-ਲਟ ਬਲ ਪਈ।
“ਆਹ ਧੂੰਆਂ ਤਾਂ ਮੈਨੂੰ ਅੰਨ੍ਹੀ ਕਰਕੇ ਛੱਡੂ।” ਮਾਮੀ ਨੇ ਅੱਖਾਂ ਪੂੰਝਦਿਆਂ ਆਖਿਆ ਸੀ। ਬਹੁਤ ਸਾਰੀਆਂ ਗੱਲਾਂ ਜੋ ਉਦੋਂ ਨਹੀਂ ਸੀ ਸਮਝ ਆਈਆਂ, ਅੱਜ ਸੋਚ ਕੇ ਉਸ ਨੂੰ ਬੜੀ ਤਕਲੀਫ ਹੋ ਰਹੀ ਸੀ। ਮਾਮੀ ਦੀਆਂ ਟੂੰਮਾਂ ਤੋਂ ਸ਼ੁਰੂ ਹੋਇਆ ਕਰਜ਼ਾ ਉਤਾਰਨ ਦਾ ਕੰਮ ਹੌਲੀ ਹੌਲੀ ਜ਼ਮੀਨ ਭੋਰਨ ਲੱਗਿਆ ਅਤੇ ਨਾਨੇ ਤੋਂ ਬਾਅਦ ਨਾਨੇ ਦੀ ਬਾੜੀ ਵੀ ਇਸਦੀ ਭੇਟਾ ਚੜ੍ਹ ਗਈ ਅਤੇ ਹੋਰ ਬਹੁਤ ਕੁਝ ਕਰਜ਼ੇ ਦੀ ਭੇਟ ਚੜ੍ਹ ਗਿਆ। ਕਈ ਵਾਰ ਮਾਂ ਗੱਲਾਂ ਕਰਦੀ ਹੁੰਦੀ ਸੀ, ਮਾਮੇ ਤੁਹਾਡੇ ਨੇ ਆਪ ਘੱਟ ਖਾਧਾ ਲੋਕਾਂ ਨੂੰ ਵੱਧ ਖਵਾਇਆ। ਸਾਧਾਂ ਦੇ ਡੇਰਿਆਂ ’ਤੇ ਜਾ ਕੇ ਕਿੰਨੇ ਕਿੰਨੇ ਦਿਨ ਰਹਿੰਦਾ। ਪਤਾ ਨਹੀਂ ਕਿੰਨਾ ਕੁਝ ਸਾਧਾਂ ਨੂੰ ਖਵਾ ਦਿੱਤਾ। ਨਾਨਾ ਬਥੇਰਾ ਕਲਪਦਾ, ਗੁਰਬਾਣੀ ਦਾ ਪਾਠ ਕਰ ਲਿਆ ਕਰ। ਨਹੀਂ ਸੁਣੀ। ਕਈ ਵਾਰੀ ਸੋਚਦੇ ਤਾਂ ਮਾਂ ਦੀ ਗੱਲ ਸੱਚੀ ਵੀ ਸੀ। ਐਨਾ ਕਿੰਨਾ ਕੁ ਖਾ ਸਕਦਾ ਇਕੱਲਾ ਬੰਦਾ। ਕੁਝ ਕਰਜ਼ਾ ਦੇਣ ਵਾਲਿਆਂ ਨੇ ਵੀ ਮਾਰਿਆ।
ਸਾਰਾ ਕੁਝ ਕਿਸੇ ਫਿਲਮ ਦੀ ਰੀਲ ਵਾਂਗ ਅੱਖਾਂ ਅੱਗੇ ਆ ਰਿਹਾ ਸੀ। ਮਨ ਦੀ ਚਲੋ-ਚੱਲ ਨੇ ਇਨ੍ਹਾਂ ਯਾਦਾਂ ਉੱਤੇ ਪਈ ਬਹੁਤ ਸਾਰੀ ਧੂੜ ਨੂੰ ਸਾਫ ਕਰ ਦਿੱਤਾ। ਇੱਕ ਵਾਰ ਮਾਮੇ ਦੇ ਸ਼ਰੀਕੇ ਵਿੱਚੋਂ ਲਗਦੇ ਭਰਾ ਤੋਂ ਸੌ ਰੁਪਏ ਉਧਾਰ ਲਏ ਤਾਂ ਉਸਦੇ ਉਸਨੇ ਪਚੰਨਵੇਂ ਦਿੱਤੇ। ਕਹਿੰਦਾ, “ਪੰਜ ਰੁਪਏ ਮੈਂ ਪਹਿਲਾਂ ਹੀ ਬਿਆਜ ਦੇ ਕੱਟ ਲਏ।” ਸਾਰੇ ਟੱਬਰ ਨੂੰ ਇਹ ਗੱਲ ਬੁਰੀ ਲੱਗੀ ਸੀ। ਕਹਿੰਦੇ, ਮਾਮਾ ਇਸੇ ਤਰ੍ਹਾਂ ਬਰਬਾਦ ਹੋਇਆ ਸੀ।
ਦਸਵੀਂ ਦੇ ਪੇਪਰ ਦੇ ਕੇ ਜਦੋਂ ਮੈਂ ਨਾਨਕੇ ਗਈ ਸੀ ਤਾਂ ਸਿਲਾਈ, ਕਢਾਈ, ਪੱਖੀਆਂ ਬੁਣਨੀਆਂ, ਕਰੋਸ਼ੀਏ ਨਾਲ ਫੁੱਲ ਬਣਾਉਣੇ, ਸਿੱਪੀਆਂ ਸਿਤਾਰੇ ਲਾਉਣੇ ਕਿੰਨਾ ਕੁਝ ਸਿੱਖ ਕੇ ਆਈ ਸੀ। ਮਾਂ ਆਖਦੀ ਹੁੰਦੀ ਸੀ ਪੜ੍ਹਾਈ ਦੇ ਨਾਲ ਨਾਲ ਕੁੜੀਆਂ ਨੂੰ ਸਾਰੇ ਕੰਮ ਆਉਣੇ ਚਾਹੀਦੇ ਹਨ। ਉਸ ਵੇਲੇ ਮਾਵਾਂ ਨੂੰ ਇਹ ਹੁੰਦਾ ਸੀ ਕਿ ਉਹਨਾਂ ਦੀਆਂ ਧੀਆਂ ਸਹੁਰੇ ਘਰ ਜਾ ਕੇ ਸਹੁਨਰੀਆਂ ਅਖਵਾਉਣ। ਮਾਮੀ ਨੇ ਉਦੋਂ ਬਹੁਤ ਸੋਹਣੇ ਰੰਗ ਅਤੇ ਡਿਜ਼ਾਇਨ ਦਾ ਸੂਟ ਲੈ ਕੇ ਦਿੱਤਾ। ਬਹੁਤ ਰੀਝਾਂ ਨਾਲ ਹੰਢਾਇਆ। ਹੁਣ ਵੀ ਜਦੋਂ ਉਹਦੇ ਨਾਲ ਮਿਲਦਾ-ਜੁਲਦਾ ਰੰਗ ਡਿਜ਼ਾਇਨ ਕਿਸੇ ਪਾਇਆ ਹੁੰਦਾ ਹੈ ਤਾਂ ਦਿਲ ਨੂੰ ਖਿੱਚ ਜਿਹੀ ਪੈਂਦੀ ਹੈ।
ਅੱਜ ਭਰਾ ਦੇ ਆਉਣ ਨਾਲ ਸਾਰਾ ਕੁਝ ਯਾਦ ਆਉਣ ਲੱਗਾ। ਇਹ ਵੀ ਖਿਆਲ ਆਇਆ ਕਿ ਕਿੰਨੇ ਵਰ੍ਹੇ ਹੋ ਗਏ ਕਦੇ ਨਾਨਕੇ ਗੇੜਾ ਹੀ ਨਹੀਂ ਮਾਰਿਆ। ਨਾਨਕੇ ਜਾਣ ਦਾ ਚਾਅ ਤਾਂ ਸੀ ਪਰ ਇਹ ਵੀ ਗੱਲ ਰੜਕ ਰਹੀ ਸੀ ਕਿ ਪਹਿਲਾਂ ਕਿਉਂ ਨੀ ਦੱਸਿਆ ਭਾਵੇਂ ਫ਼ੋਨ ਹੀ ਕਰ ਦਿੰਦੇ। ਭਰਾ ਆਪ ਆਇਆ ਐ ਕਾਰਡ ਦੇਣ, ਜਾਣਾ ਤਾਂ ਬਣਦਾ ਐ। ਕਦੇ ਮਨ ਆਖਦਾ... ਛੱਡ ਪਰੇ, ਮਾਮਾ ਮਾਮੀ ਤਾਂ ਬਜ਼ੁਰਗ ਹੋ ਗਏ। ਅਗਲੀ ਪੀੜ੍ਹੀ ਦਾ ਰਾਜ ਹੋਵੇਗਾ।
ਵੱਡੀ ਭੈਣ ਦਾ ਫ਼ੋਨ ਆਇਆ, ““ਆਪਾਂ ਚੱਲਾਂਗੇ ਵਿਆਹ ’ਤੇ ਕੱਪੜੇ ਕੁੱਪੜੇ ਪ੍ਰੈੱਸ ਕਰ ਲੈ।”
“ਠੀਕ ਲੱਗੂ? ਜਮਾਂ ਟਾਈਮ ’ਤੇ ਯਾਦ ਆਏ ਆਂ ਆਪਾਂ ਉਹਨਾਂ ਦੇ।” ਮੈਂ ਦੁਚਿੱਤੀ ਵਿੱਚ ਕਿਹਾ।
“ਯਾਦ ਤਾਂ ਆਗੇ ਨਾ, ਅੱਜ ਦੇ ਜ਼ਮਾਨੇ ਵਿੱਚ ਇਹੀ ਬਹੁਤ ਐ... ਮਿਲ ਲਵਾਂਗੇ ਸਾਰਿਆਂ ਨੂੰ।” ਭੈਣ ਨੇ ਆਖਿਆ।
“ਮੈਨੂੰ ਲਗਦਾ ਇਨ੍ਹਾਂ ਤੋਂ ਨੀ ਜਾਇਆ ਜਾਣਾ।” ਮੈਂ ਆਪਣੇ ਘਰ ਦਾ ਮਾਹੌਲ ਭਾਂਪਦਿਆਂ ਕਿਹਾ। ਇਨ੍ਹਾਂ ਮੈਨੂੰ ਜਾਣ ਤੋਂ ਮਨ੍ਹਾ ਤਾਂ ਨਹੀਂ ਸੀ ਕਰਨਾ ਪਰ ਆਪ ਨਾਲ ਜਾਣ ਇਸ ਗੱਲ ਦੀ ਕੋਈ ਗਰੰਟੀ ਨਹੀਂ ਸੀ।
“ਤੈਨੂੰ ਅਸੀਂ ਲੈ ਜਾਂਅਗੇ ...।” ਭੈਣ ਨੇ ਇੱਕ ਦੋ ਗੱਲਾਂ ਹੋਰ ਕਰਕੇ ਫ਼ੋਨ ਕੱਟ ਦਿੱਤਾ।
ਵਿਆਹ ਵਾਲੇ ਦਿਨ ਸ਼ਾਮ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਲਈ ਚਲੇ ਗਏ। ਉੱਥੇ ਰਿਸ਼ਤੇਦਾਰ, ਭੈਣ ਭਰਾ ਮਿਲੇ। ਬਹੁਤ ਚੰਗਾ ਲੱਗਿਆ। ਮੁੰਡੇ ਦੀ ਮਾਂ ਦੀ ਅੱਡੀ ਨਹੀਂ ਸੀ ਲੱਗ ਰਹੀ। ਨੂੰਹ ਘਰ ਆ ਚੁੱਕੀ ਸੀ। ਘਰ ਵਿੱਚ ਇੱਕ ਪਾਸੇ ਡੀ ਜੇ ਵੱਜ ਰਿਹਾ ਸੀ। ਗੀਤ ਵੀ ਗਾਏ ਜਾ ਰਹੇ ਸਨ, ਜੋ ਡੀ ਜੇ ਦੀ ਅਵਾਜ਼ ਵਿੱਚ ਦਬ ਕੇ ਰਹਿ ਗਏ। ਆਪਣੇ ਅੰਦਰਲੀ ਗੱਲ ਨੂੰ ਟਿਕਾਉਣ ਲਈ ਮਾਸੀ ਨੂੰ ਪੁੱਛਿਆ, “ਮਾਸੀ ਕਿੰਨੇ ਕੁ ਦਿਨ ਹੋ ਗਏ ਤੈਨੂੰ ਆਈ ਨੂੰ?”
“ਕਈ ਦਿਨ ਹੋ ਗਏ ਮੁੰਡਾ ਛੱਡ ਗਿਆ ਸੀ।”
ਦਿਮਾਗ ਵਿਚਲਾ ਸਵਾਲ ਜਵਾਬ ਦੀ ਭਾਲ ਵਿੱਚ ਸੀ।
“ਮਾਸੀ! ਇਨ੍ਹਾਂ ਨੇ ਜਮਾਂ ਟੈਮ ’ਤੇ ਦੱਸਿਆ ਵਿਆਹ ਬਾਰੇ।”
ਮਾਸੀ ਮੇਰੀ ਬਾਂਹ ਫੜ ਕੇ ਮੈਨੂੰ ਪਾਸੇ ਲੈ ਗਈ।
“ਕੀ ਦੱਸਾਂ ਬਾਈ... ਪਰਸੋਂ ਤਕ ਸਭ ਦਾ ਕਾਲਜਾ ਫੜਿਆ ਪਿਆ ਸੀ, ਪਤਾ ਨਹੀਂ ਵਿਆਹ ਹੋਊਗਾ ਵੀ ਕਿ ਨਹੀਂ। ਤਿਆਰੀਆਂ ਕਰੀ ਜਾਂਦੇ ਸੀ ਪਰ ਬੁਝੇ ਮਨਾਂ ਨਾਲ। ਕਾਰਡ ਵੀ ਛਪਵਾ ਲਏ ਪਰ ਵੰਡਣ ਨੂੰ ਜੀਅ ਨਾ ਕਰੇ... । ਵੰਡਣ ਤਾਂ ਤਾਂ ਜੇ ਵਿਆਹ ਹੋਣ ਦਾ ਪੱਕਾ ਪਤਾ ਹੋਵੇ।”
ਮਾਸੀ ਦੀ ਗੱਲ ਵਿੱਚੋਂ ਹੀ ਟੋਕਦਿਆਂ ਮੈਂ ਪੁੱਛਿਆ, “ਕਿਉਂ? ਇਹਾ ਜਾ ਕੀ ਹੋ ਗਿਆ ਸੀ?”
“ਮੁੰਡੇ ਦੀ ਡਿਊਟੀ ਤਾਂ ਜੰਮੂ ਕਸ਼ਮੀਰ ਵਿੱਚ ਐ। ਉੱਥੇ ਤਾਂ ਹਰ ਵੇਲੇ ਖਤਰਾ ਰਹਿੰਦੈ... ਮਸਾਂ ਛੁੱਟੀ ਮਿਲੀ ਥੋੜ੍ਹੇ ਜੇ ਦਿਨਾਂ ਦੀ।”
ਮੇਰੇ ਦਿਮਾਗ ਵਿੱਚੋਂ ਧੁੰਦ ਛਟ ਗਈ। ਵਿਆਹ ਵਾਲਾ ਮੁੰਡਾ ਵੀ ਥੋੜ੍ਹੇ ਕੁ ਸਾਲ ਪਹਿਲਾਂ ਫੌਜ ਵਿੱਚ ਭਰਤੀ ਹੋ ਗਿਆ ਸੀ। ... ਇਹ ਪਰਿਵਾਰ ਕਿੰਨੀ ਟੈਂਸ਼ਨ ਵਿੱਚ ਹੋਊ, ਅਸੀਂ ਘਰੇ ਬੈਠੇ ਹੀ ਬਿਨਾਂ ਕਾਰਨ ਗਲਤਫਹਿਮੀਆਂ ਪਾਲ ਲਈਆਂ। ਆਪਣੀ ਸੋਚ ’ਤੇ ਸ਼ਰਮ ਮਹਿਸੂਸ ਹੋਣ ਲੱਗੀ। ਨਾਨਕਿਆਂ ਦਾ ਸਾਰਾ ਪਿੰਡ ਮਾਮੇ ਨਾਨਿਆਂ ਦਾ ਹੁੰਦਾ ਹੈ। ਮਾਮੀਆਂ ਮਾਮੇ ਉਹਨਾਂ ਦੇ ਬੱਚੇ ਸਭ ਮਿਲੇ। ਜਿਨ੍ਹਾਂ ਨੂੰ ਨਹੀਂ ਸੀ ਜਾਣਦੇ, ਉਹਨਾਂ ਨੂੰ ਸਾਡੀ ਕੋਈ ਨਾ ਕੋਈ ਭੁੱਲੀ ਵਿਸਰੀ ਗੱਲ ਦੱਸ ਕੇ ਪਛਾਣ ਕਰਵਾਈ। ਇਹ ਉਹੀ ਭੈਣਾਂ ਨੇ, ਭੂਆ ਦੀਆਂ ਕੁੜੀਆਂ। ਗੱਲਾਂ ਤੋਂ ਲਗਦਾ ਸੀ ਕਿ ਉਹ ਸਾਡੀਆਂ ਗੱਲਾਂ ਘਰ ਵਿੱਚ ਕਰਦੇ ਹੋਣਗੇ। ਜੇ ਵਿਆਹ ਨਾ ਆਉਂਦੇ ਬੜਾ ਕੁਝ ਚੰਗਾ ਛੁੱਟ ਜਾਣਾ ਸੀ। ਮਨ ਦਾ ਪਰਿੰਦਾ ਖੁਸ਼ੀ ਵਿੱਚ ਉਡਾਰੀਆਂ ਮਾਰ ਰਿਹਾ ਸੀ। ਦਾਦੀ ਕਿਸੇ ਬਾਤ (ਲੋਕ-ਕਹਾਣੀ) ਵਿੱਚ ਸੁੱਕ ਲੱਕੜੇ ਦੇ ’ਤੇ ਖਿੜੇ ਫੁੱਲ ਦੀ ਗੱਲ ਸੁਣਾਉਂਦੀ ਹੁੰਦੀ ਸੀ। ਬਾਤ ਤਾਂ ਪੂਰੀ ਯਾਦ ਨਹੀਂ ਪਰ ਇਹੀ ਲਗਦਾ ਸੀ ਸੁੱਕ ਲੱਕੜੇ ਦੇ ਫੁੱਲ ਵੀ ਇੱਦਾਂ ਹੀ ਖਿੜਦੇ ਹੋਣਗੇ ਜਿਵੇਂ ਨਾਨਕੇ ਜਾ ਕੇ ਮਹਿਸੂਸ ਹੋ ਰਿਹਾ ਸੀ।
* * * * *
ਨੋਟ: ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (sarokar2015@gmail.com)


















































































































