“ਸੁਹਣੇ ਰੰਗਾਂ ਨਾਲ ਭਰੀ ਇਸ ਜ਼ਿੰਦਗੀ ਰੂਪੀ ਫੁਲਕਾਰੀ ਨੂੰ ਸਾਂਭਣ ਦਾ ਢੰਗ ਹਰ ਪਰਿਵਾਰ ਨੂੰ ...”
(23 ਫਰਵਰੀ 2026)
ਅਸੀਂ ਕੁੜੀ ਵਾਲੇ ਪਾਸਿਓਂ ਗੁਰਦੁਆਰਾ ਸਾਹਿਬ ਅਨੰਦ ਕਾਰਜ ਕਰਵਾਉਣ ਵੇਲੇ ਆਪਣੀ ਸ਼ਮੂਲੀਅਤ ਲਈ ਪਹੁੰਚੇ ਹੋਏ ਸੀ। ਦੂਜੇ ਪਾਸਿਉਂ ਮੁੰਡੇ ਵਾਲੇ ਵੀ ਆਪਣੇ ਰਿਸ਼ਤੇਦਾਰਾਂ ਨਾਲ ਪਹੁੰਚੇ ਹੋਏ ਸਨ। ਕੁੜੀ ਲਾਲ ਸੂਹਾ ਸੂਟ ਪਾਈ ਆਪਣੇ ਸਾਰੇ ਰਿਸ਼ਤੇਦਾਰਾਂ ਦੇ ਵਿਚਕਾਰ ਤੁਰੀ ਜਾ ਰਹੀ ਸੀ। ਸਾਹਮਣੇ ਮੁੰਡੇ ਵਾਲਿਆਂ ਨੂੰ ਦੇਖ ਕੇ ਅਸੀਂ ਰੁਕ ਗਏ। ਉਹਨਾਂ ਵਿੱਚੋਂ ਇੱਕ ਬੀਬੀ ਆਈ ਜਿਸਦੇ ਹੱਥ ਵਿੱਚ ਸੂਹੀ ਫੁਲਕਾਰੀ ਸੀ। ਉਹਨਾਂ ਫੁਲਕਾਰੀ ਕੁੜੀ ਦੇ ਮੋਢਿਆਂ ਉੱਤੇ ਪਾਈ ਅਤੇ ਆਪਣੇ ਵਾਲੇ ਪਾਸੇ ਲੈ ਗਏ।
“ਦੇਖ ਲਓ ਇੱਕ ਫੁਲਕਾਰੀ ਦੇ ਕੇ ਅਗਲੇ ਮਿੰਟ ਵਿੱਚ ਲੈ ਗਏ।” ਮੇਰੇ ਮੂੰਹੋਂ ਨਿਕਲਿਆ। ਕੋਲ ਖਲੋਤੀ ਨਵੀਂ ਨਵੇਲੀ ਵਹੁਟੀ ਦੇ ਮੂੰਹ ਵੱਲ ਤੱਕਿਆ। ਉਸਦੇ ਅੰਦਰ ਪਤਾ ਨਹੀਂ ਕੀ ਕੁਝ ਚੱਲ ਰਿਹਾ ਸੀ। ਉਸਦੀਆਂ ਅੱਖਾਂ ਭਰੀਆਂ ਹੋਈਆਂ ਸਨ। ਮੈਂ ਉਸਦੇ ਮਨ ਦੀ ਅਵਸਥਾ ਦਾ ਅੰਦਾਜ਼ਾ ਲਾਉਂਦਿਆਂ ਕਿਹਾ, “ਤੈਨੂੰ ਵੀ ਅਸੀਂ ਇੱਦਾਂ ਹੀ ਲੈ ਆਏ ਸੀ। ਇਹੀ ਰੀਤ ਐ।” ਮੈਂ ਚੁੱਪ ਕਰ ਗਈ। ਨਾਲ ਖੜ੍ਹੀ ਨਵੀਂ ਨਵੇਲੀ ਅੱਖਾਂ ਨੀਵੀਂਆਂ ਕਰੀ ਖੜ੍ਹੀ ਸੀ। ਸ਼ਾਇਦ ਅੱਖਾਂ ਵਿਚਲਾ ਪਾਣੀ ਲੁਕੋਣ ਦੀ ਕੋਸ਼ਿਸ਼ ਵਿੱਚ ਸੀ। ਇਸ ਕੋਸ਼ਿਸ਼ ਵਿੱਚ ਉਸਦੇ ਬੁੱਲ੍ਹ ਕੰਬ ਰਹੇ ਸਨ। ਕਿੰਨਾ ਔਖਾ ਹੈ ਇਹ ਸਭ ਆਪਣੇ ਅੰਦਰ ਰੋਕੀ ਰੱਖਣਾ। ਇਸ ਸਮੇਂ ਮਾਂ ਦੀ ਬੁੱਕਲ ਦੀ ਬਹੁਤ ਲੋੜ ਹੁੰਦੀ ਹੈ। ਜਿੱਥੇ ਧੀ ਆਪਣੇ ਅੰਦਰ ਦਾ ਵਹਿਣ ਵਹਾ ਸਕਦੀ ਹੈ। ਮੇਰਾ ਦਿਲ ਕੀਤਾ ਉਸ ਨੂੰ ਘੁੱਟ ਕੇ ਗਲਵੱਕੜੀ ਪਾਵਾਂ। ਪਰ ਇਸ ਤਰ੍ਹਾਂ ਕਰਨ ਨਾਲ ਉਸਦੇ ਅੰਦਰ ਡੱਕਿਆ ਵਹਿਣ ਬਾਹਰ ਆ ਸਕਦਾ ਸੀ। ਸ਼ਾਇਦ ਅੰਦਰਲਾ ਉਦਰੇਵਾਂ ਨਹੀਂ ਸੀ ਦਿਸਣਾ, ਉਸਦੇ ਰੋਣ ਪਿੱਛੇ ਕਈ ਸਵਾਲ ਉਪਜ ਪੈਣੇ ਸਨ। ਕਈ ਸਿਆਣੀਆਂ ਬੀਬੀਆਂ ਉਸ ਨੂੰ ਸ਼ਗਨਾਂ ਮੌਕੇ ਰੋਣ ਤੋਂ ਵਰਜਦੀਆਂ।
“ਕਿਉਂ ਸੁੱਖੀ ਸਾਂਦੀਂ ਸ਼ਗਨਾਂ ਦੇ ਮੌਕੇ ਰੋਨੀ ਏਂ?” ਵਿਚਾਰੀ ਕਿਸ ਕਿਸ ਨੂੰ ਸਫ਼ਾਈ ਦਿੰਦੀ ਕਿ ਉਸ ਨੂੰ ਆਪਣੇ ਮਾਪੇ ਭੈਣ ਭਰਾ ਯਾਦ ਆ ਰਹੇ ਸਨ। ਇਹ ਸਿਰਫ ਮੇਰੀ ਸੋਚ ਸੀ। ਹੋ ਸਕਦਾ ਇਹੋ ਜਿਹਾ ਕੁਝ ਨਾ ਵੀ ਹੁੰਦਾ। ਮੈਥੋਂ ਮੁੜ ਕੇ ਉਸਦੇ ਮੂੰਹ ਵੱਲ ਨਾ ਦੇਖਿਆ ਗਿਆ। ਨਵਾਂ ਨਵਾਂ ਵਿਆਹ ਹੋਇਆ ਸੀ। ਉਸਦੇ ਪਤੀ ਦੀ ਨਿਗਾਹ ਵੀ ਉਸ ਵੱਲ ਹੀ ਸੀ। ਉਹ ਉਸਦੀ ਹਾਲਤ ਨੂੰ ਭਾਂਪਦਿਆਂ ਉਸਦਾ ਹੱਥ ਫੜ ਕੇ ਗੁਰੂ ਘਰ ਦੇ ਪਿਛਲੇ ਪਾਸੇ ਲੈ ਗਿਆ। ਮੈਨੂੰ ਚੰਗਾ ਲੱਗਿਆ। ਹਰ ਮੁੰਡੇ ਨੂੰ ਮੌਕੇ ਦੀ ਨਜ਼ਾਕਤ ਦੇਖਦਿਆਂ ਇਸ ਤਰ੍ਹਾਂ ਆਪਣੇ ਜੀਵਨ ਸਾਥੀ ਦਾ ਖਿਆਲ ਰੱਖਣਾ ਚਾਹੀਦਾ ਹੈ। ਮੈਂ ਸੋਚ ਰਹੀ ਸੀ ਕਿ ਮੈਨੂੰ ਕੁਝ ਨਹੀਂ ਸੀ ਕਹਿਣਾ ਚਾਹੀਦਾ। ਕਾਹਨੂੰ ਜਵਾਕੜੀ ਦਾ ਮਨ ਔਖਾ ਕਰ ਦਿੱਤਾ। ਬਾਅਦ ਵਿੱਚ ਪਤਾ ਲੱਗਿਆ ਕਿ ਉਸਦਾ ਮਨ ਕਿਸੇ ਹੋਰ ਗੱਲੋਂ ਭਰਿਆ ਹੋਇਆ ਸੀ। ਸ਼ਾਇਦ ਕਿਸੇ ਨੇ ਉਸਦੇ ਆਤਮ-ਸਨਮਾਨ ਨੂੰ ਸੱਟ ਮਾਰੀ ਸੀ। ਨਵੀਂ ਨਵੀਂ ਸੀ, ਸਹਿ ਨੀ ਹੋਇਆ।
ਮੇਰੀ ਸੋਚ ਦੌੜਨ ਲੱਗੀ। ਆਮ ਕਰ ਕੇ ਧੀਆਂ ਇਸੇ ਤਰ੍ਹਾਂ ਹੀ ਸਭ ਸਹਿਣ ਕਰਨਾ ਸਿੱਖ ਜਾਂਦੀਆਂ ਹਨ। ਆਪਣੇ ਮਾਪੇ, ਭੈਣ ਭਰਾਵਾਂ ਨੂੰ ਛੱਡ ਆਉਂਦੀਆਂ ਅਤੇ ਦੂਜਿਆਂ ਦੇ ਘਰਾਂ ਦੀ ਸ਼ੋਭਾ ਵਧਾਉਂਦੀਆਂ ਹਨ। ਭਾਵੇਂ ਹੁਣ ਜ਼ਮਾਨਾ ਬਹੁਤ ਬਦਲ ਗਿਆ ਪਰ ਫਿਰ ਵੀ ਬਚਪਨ ਵਿੱਚ ਪੜ੍ਹੇ ਬੀਬੀ ਰਜਨੀ ਦੇ ਕਿੱਸੇ ਵਿੱਚੋਂ ਇੱਕ ਸਤਰ ਦਿਮਾਗ਼ ਵਿੱਚ ਘੁੰਮਣ ਲੱਗੀ... ਧੀਆਂ, ਗਊਆਂ, ਕਾਮਿਆਂ ਦਾ ਕੋਈ ਜ਼ੋਰ ਨਾ... ਇਹ ਸਤਰਾਂ ਕਿਸੇ ਨਾ ਕਿਸੇ ’ਤੇ ਤਾਂ ਜ਼ਰੂਰ ਢੁਕਦੀਆਂ ਹੋਣਗੀਆਂ। ਵਿਆਹ ਤੋਂ ਬਾਅਦ ਕੁੜੀਆਂ ਨੂੰ ਨਵੀਂ ਥਾਂ, ਨਵਾਂ ਘਰ, ਨਵੇਂ ਰਿਸ਼ਤੇ-ਨਾਤੇ, ਨਵੇਂ ਪਰਿਵਾਰ ਨਾਲ ਰਚਣ-ਮਿਚਣ ਨੂੰ ਸਮਾਂ ਲਗਦਾ ਹੈ। ਜੇ ਨਵਾਂ ਪਰਿਵਾਰ ਸੁਚੱਜੇ ਤਰੀਕੇ ਨਾਲ ਉਸ ਨਾਲ ਤਾਲਮੇਲ ਬਿਠਾ ਲਵੇ ਅਤੇ ਕੁੜੀ ਵੀ ਆਪਣੇ ਨਵੇਂ ਪਰਿਵਾਰ ਨੂੰ ਸਮਝਣ ਦੀ ਕੋਸ਼ਿਸ਼ ਕਰੇ ਤਾਂ ਕਈ ਜ਼ਿੰਦਗੀਆਂ ਸੁਖਾਲੀਆਂ ਰਹਿੰਦੀਆਂ ਹਨ।
ਨਵੀਂ ਵਿਆਹੀ ਦੇ ਮੋਢਿਆਂ ’ਤੇ ਦਿੱਤੀ ਫੁਲਕਾਰੀ ਦਾ ਹਰ ਇੱਕ ਰੰਗ ਬੋਲਦਾ ਜਾਪਦਾ ਸੀ, ਜਿਵੇਂ ਨਵੀਂ ਜ਼ਿੰਦਗੀ ਵਿੱਚ ਦਾਖ਼ਲ ਹੋਣ ਸਮੇਂ ਨਵੀਂਆਂ ਜ਼ਿੰਮੇਵਾਰੀਆਂ ਦਾ ਅਹਿਸਾਸ ਕਰਾ ਕੇ ਇਹ ਸਮਝਾ ਰਿਹਾ ਹੋਵੇ... ਇਨ੍ਹਾਂ ਜ਼ਿੰਮੇਵਾਰੀਆਂ ਨੂੰ ਸਹੀ ਤਰੀਕੇ ਨਾਲ ਨਿਭਾਉਣਾ ਹੀ ਜ਼ਿੰਦਗੀ ਨੂੰ ਜਿਊਣ ਜੋਗੀ ਬਣਾਉਂਦਾ ਹੈ... ਦਿਲ ਦਿਮਾਗ਼ ਚਲੋ-ਚਾਲ ਤੁਰਨ ਲੱਗੇ। ਕੀ ਇਹ ਜ਼ਿੰਮੇਵਾਰੀਆਂ ਸਿਰਫ ਕੁੜੀ ਨੇ ਹੀ ਨਿਭਾਉਣੀਆਂ ਹੁੰਦੀਆਂ ਨੇ? ਉਮੀਦ ਤਾਂ ਬਹੁਤੇ ਲੋਕ ਇਹੀ ਕਰਦੇ ਹਨ। ਮੋਢਿਆਂ ’ਤੇ ਦਿੱਤੀ ਫੁਲਕਾਰੀ ਦੇ ਖ਼ੂਬਸੂਰਤ ਰੰਗਾਂ ਦੇ ਪਿੱਛੇ ਐਨੀਆਂ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਸਿਰ ਚੁੱਕੀ ਖੜ੍ਹੀਆਂ ਦਿਸੀਆਂ।
ਕੁਝ ਕੁ ਕੁੜੀਆਂ ਸਾਰੀ ਉਮਰ ਇਨ੍ਹਾਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੀਆਂ ਨਿਭਾਉਂਦੀਆਂ ਕੁੱਬੀਆਂ ਹੋ ਜਾਂਦੀਆਂ ਹਨ, ਫਿਰ ਵੀ ਪਰਿਵਾਰ ਨੂੰ ਖੁਸ਼ ਨਹੀਂ ਕਰ ਸਕਦੀਆਂ। ਕਈ ਆਉਂਦੀਆਂ ਹੀ ਬਗਾਵਤ ’ਤੇ ਉੱਤਰ ਆਉਂਦੀਆਂ ਹਨ। ਆਪਣੀ ਨਿੱਕੀ ਨਿੱਕੀ ਗੱਲ ਮੰਨਵਾਉਣ ’ਤੇ ਹੀ ਘਰ ਵਿੱਚ ਗੁੱਝਾ ਜਿਹਾ ਕਲੇਸ਼ ਪਾਈ ਰੱਖਦੀਆਂ ਹਨ। ਇੱਕ ਲੋਕ ਗੀਤ ਦੀਆਂ ਪੰਕਤੀਆਂ ਹਨ, ਜੋ ਇੱਕ ਅਖਾਣ ਦੀ ਤਰ੍ਹਾਂ ਹੀ ਵਰਤੀਆਂ ਜਾਂਦੀਆਂ ਹਨ... ਲਾਈਲੱਗ ਨਾ ਹੋਵੇ ਘਰ ਵਾਲਾ, ਚੰਦਰਾ ਗੁਆਂਢ ਬੁਰਾ... ਪਰ ਮੈਨੂੰ ਲਗਦਾ ਐ ਕਿ ਕੋਈ ਵੀ ਲਾਈਲੱਗ ਨਹੀਂ ਹੋਣਾ ਚਾਹੀਦਾ, ਨਾ ਘਰ ਵਾਲਾ, ਨਾ ਘਰ ਵਾਲੀ, ਨਾ ਹੀ ਪਰਿਵਾਰ ਦਾ ਕੋਈ ਹੋਰ ਜੀਅ। ਲਾਈਲੱਗ ਲੋਕ ਹੀ ਦੂਜਿਆਂ ਦੀ ਦੇਖਾ-ਦੇਖੀ ਉਹਨਾਂ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਘਰ ਦੇ ਜੀਆਂ ਦੀ ਤੁਲਨਾ ਉਹਨਾਂ ਪਰਿਵਾਰਾਂ ਦੇ ਜੀਆਂ ਨਾਲ ਕਰਦੇ ਰਹਿੰਦੇ ਹਨ, ਜਿਨ੍ਹਾਂ ਨਾਲ ਵਰ੍ਹੇ ਛਿਮਾਹੀ ਗੱਲ ਹੁੰਦੀ ਹੈ। ਆਪਣੇ ਹੀ ਪਰਿਵਾਰ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕਈ ਵਾਰ ਚਾਦਰੋਂ ਬਾਹਰ ਪੈਰ ਵੀ ਪਸਾਰ ਲੈਂਦੇ ਹਨ; ਜਿਸ ਨਾਲ ਉਹ ਆਪ ਤਾਂ ਔਖੇ ਹੁੰਦੇ ਹੀ ਹਨ, ਬਾਕੀ ਪਰਿਵਾਰ ਨੂੰ ਵੀ ਔਖਾ ਕਰਦੇ ਹਨ। ਉਹਨਾਂ ਨੂੰ ਸਿਰਫ ਕਹਿਣਾ ਆਉਂਦਾ ਹੈ, ਸਹਿਣਾ ਨਹੀਂ। ਕਈ ਕੁੜੀਆਂ ਸਿਰਫ ਸਹਿੰਦੀਆਂ ਨੇ, ਕਹਿ ਨਹੀਂ ਸਕਦੀਆਂ। ਕੁਝ ਵੀ ਕਹਿਣ ਤੋਂ ਪਹਿਲਾਂ ਉਹਨਾਂ ਨੂੰ ਆਪਣਾ ਪੇਕਾ ਪਰਿਵਾਰ ਯਾਦ ਆਉਂਦਾ ਹੈ। ਕਿਤੇ ਉਸਦੇ ਬੋਲਾਂ ਕਰਕੇ ਮਾਪਿਆਂ ਅਤੇ ਭਰਾਵਾਂ ਨੂੰ ਕੋਈ ਨਮੋਸ਼ੀ ਨਾ ਸਹਿਣੀ ਪਵੇ। ਕਈਆਂ ਨੂੰ ਸੰਤੁਲਨ ਬਣਾ ਕੇ ਚੱਲਣਾ ਆਉਂਦਾ ਹੁੰਦਾ ਹੈ। ਉਹ ਕਹਿਣਯੋਗ ਗੱਲ ਕਹਿ ਵੀ ਲੈਂਦੀਆਂ ਹਨ ਅਤੇ ਦੂਜੇ ਦੀ ਸਹਿਣਯੋਗ ਗੱਲ ਸਹਿ ਵੀ ਲੈਂਦੀਆਂ ਹਨ।
ਸਮਾਜ ਵਿੱਚ ਆਲੇ-ਦੁਆਲੇ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਵੀ ਦੇਖਣ ਸੁਣਨ ਨੂੰ ਮਿਲਦੀਆਂ ਹਨ ਕਿ ਕਈ ਵਾਰ ਮੁੰਡਾ ਇੱਕ ਪਾਸੇ ਦਾ ਹੋ ਕੇ ਰਹਿ ਜਾਂਦਾ ਹੈ ਜਾਂ ਤਾਂ ਸਿਰਫ ਮਾਂ ਦਾ ਦੁਲਾਰਾ... ਜਾਂ ਫਿਰ ਪਤਨੀ-ਭਗਤ... ਇਹ ਦੋਵੇਂ ਸਥਿਤੀਆਂ ਬੜੀਆਂ ਮਾੜੀਆਂ ਹਨ। ਇੱਕ ਪਾਸਾ ਅਣਗੌਲਿਆ ਹੋ ਜਾਂਦਾ ਹੈ। ਅਣਗੌਲਿਆ ਪਾਸਾ ਹਮੇਸ਼ਾ ਦੱਬੂ ਅਤੇ ਕਮਜ਼ੋਰ ਰਹਿ ਜਾਂਦਾ ਹੈ; ਜਿਸ ਨਾਲ ਰਿਸ਼ਤਿਆਂ ਵਿਚਲਾ ਪਾੜਾ ਵਧ ਜਾਂਦਾ ਹੈ। ਕਈ ਵਾਰ ਆਰਥਿਕ ਤੌਰ ’ਤੇ ਕਮਜ਼ੋਰ ਪਰਿਵਾਰ ਚੰਗੇ ਹੁੰਦਿਆਂ ਵੀ ਆਪਣੇ ਅਮੀਰ ਰਿਸ਼ਤੇਦਾਰਾਂ ਦੇ ਸਾਹਮਣੇ ਚੁੱਪ ਰਹਿੰਦੇ ਹਨ।
ਆਮ ਕਰਕੇ ਕਿਹਾ ਜਾਂਦਾ ਹੈ ਜੇ ਮੁੰਡਾ ਸਿਆਣਾ ਹੋਵੇ ਤਾਂ ਉਹ ਆਪਣੀ ਪਤਨੀ ਦੀ ਇੱਜ਼ਤ ਨੂੰ ਵੀ ਘਟਣ ਨਹੀਂ ਦਿੰਦਾ ਅਤੇ ਆਪਣੇ ਮਾਪਿਆਂ ਅਤੇ ਭੈਣਾਂ ਭਰਾਵਾਂ ਦੀ ਇੱਜ਼ਤ ਵੀ ਘਟਣ ਨਹੀਂ ਦੇਵੇਗਾ। ਕਈ ਵਾਰ ਇਹ ਦੋਵੇਂ ਬੀਬੀਆਂ (ਮਾਂ ਅਤੇ ਪਤਨੀ) ਬੜੀਆਂ ਤੇਜ਼ ਹੁੰਦੀਆਂ ਹਨ। ਇੱਥੇ ਮੁੰਡੇ ਦੀ ਸਿਆਣਪ ਕਿਸੇ ਕੰਮ ਨਹੀਂ ਆ ਸਕਦੀ। ਉਹ ਵਿਚਾਰਾ ਦੋ ਪੁੜਾਂ ਵਿਚਾਲੇ ਪਿਸ ਕੇ ਰਹਿ ਜਾਂਦਾ ਹੈ। ਜੇ ਪਤਨੀ ਦੀ ਹਿਮਾਇਤ ਕਰੇ ਤਾਂ ਮਾਂ ਤੋਂ ਨਹੀਂ ਜਰਿਆ ਜਾਂਦਾ; ਜੇ ਮਾਂ ਦੀ ਹਿਮਾਇਤ ਕਰੇ ਤਾਂ ਪਤਨੀ ਨਹੀਂ ਜਰਦੀ। ਇਹ ਦੋਵੇਂ ਬੀਬੀਆਂ ਮੁੰਡੇ ਦੀਆਂ ਹਿਤੈਸ਼ੀ ਹੁੰਦੀਆਂ ਹਨ ਅਤੇ ਉਸ ਨੂੰ ਵੱਧ ਪਿਆਰ ਕਰਨ ਦਾ ਦਾਅਵਾ ਵੀ ਕਰਦੀਆਂ ਹਨ। ਸਭ ਤੋਂ ਵੱਧ ਦੁਖੀ ਵੀ ਇਨ੍ਹਾਂ ਦੇ ਕਾਰਨਾਮੇ ਹੀ ਕਰਦੇ ਹਨ। ਇਨ੍ਹਾਂ ਦੀ ਧੂਹ-ਘੜੀਸ ਵਾਲਾ ਪਿਆਰ ਉਸ ਨੂੰ ਹਜ਼ਮ ਕਰਨਾ ਔਖਾ ਹੁੰਦਾ ਹੈ। ਕਈ ਵਾਰ ਉਹ ਬਿਨਾਂ ਕੰਮ ਤੋਂ ਹੀ ਕੋਈ ਨਾ ਕੋਈ ਬਹਾਨਾ ਲੱਭ ਕੇ ਘਰੋਂ ਟਾਲਾ ਵੱਟਣ ਦੀ ਕੋਸ਼ਿਸ਼ ਕਰਦਾ ਹੈ। ਪਰ ਇਸ ਤਰ੍ਹਾਂ ਟਾਲਾ ਵੱਟਣ ਨਾਲ ਕਈ ਵਾਰ ਸਮੱਸਿਆਵਾਂ ਵਧ ਜਾਂਦੀਆਂ ਹਨ। ਇਨ੍ਹਾਂ ਨਿੱਕੀਆਂ ਸਮੱਸਿਆਵਾਂ ਨੂੰ ਵੱਡੀਆਂ ਹੋਣ ਤੋਂ ਪਹਿਲਾਂ ਹੀ ਸੁਲਝਾ ਲਿਆ ਜਾਵੇ ਤਾਂ ਚੰਗੀ ਗੱਲ ਹੈ। ਨਹੀਂ ਤਾਂ ਇਹੀ ਵੱਡੀਆਂ ਹੋ ਕੇ ਪਰਿਵਾਰ ਬਿਖ਼ਰਨ ਦਾ ਕਾਰਨ ਬਣਦੀਆਂ ਹਨ।
ਕੁਝ ਕੁ ਦਹਾਕੇ ਪਹਿਲਾਂ ਤਾਂ ਨਵਾਂ ਪਰਿਵਾਰ ਕੁੜੀ ਲਈ ਇੱਕ ਤਲਿਸਮੀ ਥਾਂ ਵਾਂਗ ਹੁੰਦਾ ਸੀ। ਉਸ ਨੂੰ ਹੌਲੀ-ਹੌਲੀ ਕਈ ਵਰ੍ਹੇ ਲੱਗ ਜਾਂਦੇ ਸਨ ਪਰਿਵਾਰ ਦੇ ਜੀਆਂ ਨੂੰ ਸਮਝਣ ਲਈ। ਜਦੋਂ ਨੂੰ ਪਰਿਵਾਰ ਦੇ ਜੀਆਂ ਦੇ ਗੁਣਾਂ-ਔਗੁਣਾਂ ਬਾਰੇ ਪਤਾ ਲਗਦਾ, ਉਦੋਂ ਤਕ ਉਹਨਾਂ ਵਿੱਚ ਰਚ-ਮਿਚ ਜਾਂਦੀ ਸੀ। ਪਰਿਵਾਰ ਦੇ ਕਿਸੇ ਵੀ ਜੀਅ ਤੋਂ ਅਣਜਾਣਪੁਣੇ ਵਿੱਚ ਹੋਈ ਗਲਤੀ ’ਤੇ ਪਰਦਾ ਪਾਉਣਾ ਉਹ ਆਪਣੀ ਜ਼ਿੰਮੇਵਾਰੀ ਸਮਝਣ ਲੱਗ ਪੈਂਦੀ। ਸਹੁਰੇ ਪਰਿਵਾਰ ਦੀ ਇੱਜ਼ਤ ਉਸਦੀ ਆਪਣੀ ਇੱਜ਼ਤ ਹੁੰਦੀ ਸੀ।
ਅਜੋਕੇ ਸਮੇਂ ਵਿੱਚ ਇੱਕ ਘਾਟੇ ਦਾ ਸੌਦਾ ਇਹ ਹੋਣ ਲੱਗ ਪਿਆ ਕਿ ਪਰਿਵਾਰ ਦੇ ਜੀਆਂ ਅਤੇ ਰਿਸ਼ਤੇਦਾਰਾਂ ਦੇ ਗੁਣ-ਔਗੁਣ ਉਸ ਨੂੰ ਪਹਿਲਾਂ ਹੀ ਪਤਾ ਲੱਗ ਚੁੱਕੇ ਹੁੰਦੇ ਹਨ। ਇਸ ਲਈ ਜੀਆਂ ਪ੍ਰਤੀ ਮਨ ਵਿੱਚ ਕੋਈ ਬਹੁਤਾ ਸਤਿਕਾਰ ਨਹੀਂ ਉਮੜਦਾ। ਹਰ ਇਨਸਾਨ ਦੀ ਸੋਚ ਅਤੇ ਸੰਸਕਾਰ ਵੱਖਰੇ ਹੁੰਦੇ ਹਨ। ਇੱਥੇ ਕਈ ਕੁੜੀਆਂ ਆਪਣੀ ਸਮਝਦਾਰੀ ਵਰਤ ਲੈਂਦੀਆਂ ਹਨ। ਉਹ ਸਭ ਨਾਲ ਆਪਣਾ ਵਿਹਾਰ ਸਹੀ ਰੱਖਣ ਦੀ ਕੋਸ਼ਿਸ਼ ਕਰਦੀਆਂ ਹਨ। ਉਹਨਾਂ ਦੀ ਕੋਸ਼ਿਸ਼ ਕਾਮਯਾਬ ਵੀ ਹੋ ਜਾਂਦੀ ਹੈ।
ਦੋਵਾਂ ਪਾਸਿਆਂ ਤੋਂ ਵਰਤੀ ਸਮਝਦਾਰੀ ਜ਼ਿੰਦਗੀ ਦਾ ਸਫਰ ਖੂਬਸੂਰਤ ਬਣਾ ਦਿੰਦੀ ਹੈ। ਮਾਪਿਆਂ ਵੱਲੋਂ ਧੀ ਨੂੰ ਦਿੱਤੇ ਚੰਗੇ ਸੰਸਕਾਰ ਅਤੇ ਮੁੰਡੇ ਦੇ ਪਰਿਵਾਰ ਵੱਲੋਂ ਉਸਦੇ ਗੁਣਾਂ ਦੀ ਕਦਰ ਕਰਨਾ ਹੀ ਘਰ ਵਿੱਚ ਸੁੱਖ ਸ਼ਾਂਤੀ ਭਰੇ ਸੁਖਾਵੇਂ ਮਾਹੌਲ ਦੀ ਸਿਰਜਣਾ ਕਰਦਾ ਹੈ। ਜੇਕਰ ਕਿਧਰੇ ਕੋਈ ਸਮੱਸਿਆ ਆ ਵੀ ਜਾਵੇ ਤਾਂ ਇਸ ਨੂੰ ਰਲਮਿਲ ਕੇ ਸੁਲਝਾ ਲਿਆ ਜਾਂਦਾ ਹੈ। ਇਨ੍ਹਾਂ ਪਰਿਵਾਰਾਂ ਨੂੰ ਹੱਕਾਂ ਅਤੇ ਜ਼ਿੰਮੇਵਾਰੀਆਂ ਦਾ ਸੰਤੁਲਨ ਬਣਾਉਣਾ ਆਉਂਦਾ ਹੁੰਦਾ ਹੈ। ਸੁਹਣੇ ਰੰਗਾਂ ਨਾਲ ਭਰੀ ਇਸ ਜ਼ਿੰਦਗੀ ਰੂਪੀ ਫੁਲਕਾਰੀ ਨੂੰ ਸਾਂਭਣ ਦਾ ਢੰਗ ਹਰ ਪਰਿਵਾਰ ਨੂੰ ਆਉਣਾ ਚਾਹੀਦਾ ਹੈ ਤਾਂ ਕਿ ਖੂਬਸੂਰਤ ਰੰਗਾਂ ਵਾਲੀ ਖੂਬਸੂਰਤ ਫੁਲਕਾਰੀ ਦਾ ਹਰ ਰੰਗ ਆਪਣੀ ਹੋਂਦ ਦਰਸਾ ਕੇ ਘਰਾਂ ਦੇ ਵਿਹੜਿਆਂ ਨੂੰ ਬਰਕਤਾਂ ਅਤੇ ਰੌਣਕਾਂ ਨਾਲ ਭਰਪੂਰ ਕਰ ਸਕੇ।
ਮੋਹ ਦੀਆਂ ਤੰਦਾਂ ਸਾਂਭ ਕੇ ਰੱਖੋ,
ਸਿੱਖੋ ਸਾਂਭਣ-ਢੰਗ ਫੁਲਕਾਰੀ ਦੇ।
ਸਹਿਜ ਮਤੇ ਨਾਲ ਸੁਣ ਕੇ ਦੇਖੋ,
ਬੋਲਣ ਰੰਗ ਫੁਲਕਾਰੀ ਦੇ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































