“ਚਲ ਛੱਡ... ਹੁਣ ਐਂ ਦੱਸ ਬਈ... ਸੰਤ ਕਰ ਕੀ ਰਹੇ ਨੇ ਥੋਡੇ ਘਰੇ?” ਬਚਨੋ ਨੇ ਪੁੱਛਿਆ...
(4 ਫਰਵਰੀ 2026)
“ਭਜਨੋ! ਕੁੜੇ ਭਜਨੋ! ਆਜਾ... ਆਪਾਂ ਵੀ ਜਾ ਆਈਏ।” ਬਚਨੋ ਨੇ ਗਲੀ ਵਿੱਚੋਂ ਹੀ ਆਵਾਜ਼ ਮਾਰੀ। ਬਚਨੋ ਦੀ ਆਵਾਜ਼ ਸੁਣਦਿਆਂ ਭਜਨੋ ਹਥਲਾ ਕੰਮ ਛੇਤੀ ਨਾਲ ਸਮੇਟਦਿਆਂ ਬੂਹੇ ਅੱਗੇ ਆ ਗਈ।
“ਐਨੇ ਟੀਟ ਦੁਪਹਿਰੇ ਵਿੱਚ ਕਿੱਥੇ ਜਾਣਾ ਐਂ ਕੁੜੇ?” ਭਜਨੋ ਨੇ ਪੁੱਛਿਆ।
“ਆਪਣੇ ਬਾਹਰਲੇ ਡੇਰੇ ’ਤੇ ਇੱਕ ਤਪੱਸਵੀ ਆਇਆ ਹੋਇਆ ਐ। ਕਹਿੰਦੇ ਨੇ... ਬਹੁਤ ਪਹੁੰਚਿਆ ਹੋਇਆ ਐ। ਐਨੀ ਗਰਮੀ ਵਿੱਚ ਚਾਰੇ-ਪਾਸੇ ਧੂਣੀਆਂ ਲਾ ਕੇ ਵਿਚਾਲੇ ਬੈਠਾ ਐ।” ਬਚਨੋ ਨੇ ਚੁੰਨੀ ਦੇ ਲੜ ਨਾਲ ਬੰਨ੍ਹੇ ਰੁਪਈਏ ਠੀਕ ਕਰਦਿਆਂ ਕਿਹਾ। ਭਜਨ ਕੌਰ ਆਪਣੀ ਹਥੇਲੀ ਤੋਂ ਦੂਜੇ ਹੱਥ ਦੇ ਨਹੁੰਆਂ ਨਾਲ ਆਟਾ ਖੁਰਚਦਿਆਂ ਕੁਝ ਸੋਚ ਰਹੀ ਸੀ। ਬਚਨੋ ਨੇ ਫਿਰ ਕਿਹਾ, “ਕੰਮ ਤਾਂ ਭੈਣੇ ਸਾਰੀ ਉਮਰ ਨੀ ਮੁੱਕਣੇ... ਪਤਾ ਨਹੀਂ ਕਿਹੜੇ ਵੇਲੇ ਦੀ ਸੇਵਾ ਨਾਲ ਬੰਦਾ ਤਰ ਜਾਂਦਾ ਐ।”
“ਬਚਨੋ, ਮੈਨੂੰ ਇੱਕ ਗੱਲ ਦੀ ਸਮਝ ਨੀ ਆਉਂਦੀ।” ਭਜਨੋ ਬੋਲੀ।
“ਕਿਹੜੀ ਗੱਲ ਦੀ?”
“ਆਪਾਂ ਤਰ ਕੇ ਜਾਣਾ ਕਿੱਥੇ ਐ? ਆਪਾਂ ਤਾਂ ਘਰੋਂ ਖੇਤ, ਖੇਤੋਂ ਘਰੇ ਜਾਂ ਕਿਤੇ ਖੁਸ਼ੀ ਗਮੀ ਵਿੱਚ ਕਿਸੇ ਰਿਸ਼ਤੇਦਾਰੀ ’ਚ। ਨਾਲੇ ਜੇ ਸਾਰੀ ਦੁਨੀਆਂ ਤਰਨ ਲੱਗ ਪਈ... ਆਹ ਤਰਨ ਵਾਲਿਆਂ ਦੀਆਂ ਰੋਟੀਆਂ ਕੌਣ ਪਕਾਊ?”
ਬਚਨੋ ਦਾ ਮਨ ਸੰਤਾਂ ਦੇ ਚਰਨਾਂ ਨਾਲ ਹੀ ਜੁੜਿਆ ਰਹਿਣਾ ਚਾਹੁੰਦਾ ਸੀ। ਭਜਨੋ ਦੀ ਗੱਲ ਵੱਲ ਉਸਨੇ ਧਿਆਨ ਨਾ ਦਿੱਤਾ। ਉਹਨੇ ਫਿਰ ਕਿਹਾ,
“ਦੇਖ ਲੈ, ਐਨੀ ਗਰਮੀ ਵਿੱਚ ਆਲੇ ਦਾਲੇ ਧੂਣੀਆਂ ਲਾ ਕੇ ਬੈਠਣਾ ਕੋਈ ਮਾੜੀ ਮੋਟੀ ਗੱਲ ਨੀ... ਪੂਰਾ ਪਹੁੰਚਿਆ ਹੋਇਆ ਸੰਤ ਹੋਊ... ਅਹੇ ਜਿਹੇ ਸੰਤਾਂ ਦੇ ਦਰਸ਼ਨ ਕਰਮਾਂ ਨਾਲ ਈ ਨਸੀਬ ਹੁੰਦੇ ਨੇ... ਮੈਂ ਤਾਂ ਕਹਿਨੀ ਆਂ... ਛੱਡ ਘਰ ਦੇ ਫਿਕਰਾਂ ਨੂੰ... ਥੋੜ੍ਹਾ ਅੱਗਾ ਵੀ ਸੁਆਰ ਲਈਏ।”
“ਬੱਸ ਆਪਾਂ ਦੋਏ ਜਣੀਆਂ ਜਾਵਾਂਗੀਆਂ?” ਭਜਨੋ ਨੇ ਪੁੱਛਿਆ।
“ਨਾ ਨਾ ’ਗਾਹਾਂ ਤੋਂ ਹੋਰ ਰਲ ਜਾਣਗੀਆਂ ਆਪਣੇ ਨਾਲ... ਬਹੂ ਤੋਂ ਫੂਨ ਕਰਵਾ ’ਤਾ ਸੀ। ਮਸਾਂ ਕਰਿਆ ਬੁੜਬੁੜ ਕਰਦੀ ਨੇ ...।”
ਬਚਨੋ ਦੀ ਗੱਲ ਪੂਰੀ ਹੋਣ ਤੋਂ ਪਹਿਲਾਂ ਈ ਭਜਨੋ ਬੋਲੀ, “ਚਲ ਕੋਈ ਨਾ...।” ਕੁਝ ਸੋਚਦਿਆਂ ਫਿਰ ਪੁੱਛਿਆ, “ਸੱਚ... ਕਣਕ ਵੱਢ ਲੀ ਤੁਸੀਂ?”
“ਅੱਜ ਵੱਢ ਰਹੇ ਨੇ... ਤਾਂ ਹੀ ਤਾਂ ਉਹਨੇ ਮੂੰਹ ਸੁਜਾ ਰੱਖਿਆ ਬਈ ’ਕੱਲੀ ਨੂੰ ਕੰਮ ਕਰਨਾ ਪਊ... ਲੈ ਆਪਾਂ ਸਾਰੀ ਉਮਰ ਕੰਮ ਕਰਨ ਦਾ ਠੇਕਾ ਲਿਆ ਹੋਇਆ ਐ?”
ਭਜਨੋ ਨੇ ਬਚਨੋ ਦੇ ਕੋਲ ਨੂੰ ਹੋ ਕੇ ਕਿਹਾ, “ਚੁੱਪ ਕਰ... ਹੌਲੀ ਬੋਲ... ਤਪੱਸਵੀ ਤਾਂ ਸਾਡੇ ਘਰੇ ਐ ... ਅਸੀਂ ਲੈ ਆਏ ਸੀ।”
ਬਚਨੋ ਦੇ ਚਿਹਰੇ ਦਾ ਰੰਗ ਬਦਲ ਗਿਆ।
“ਪਹਿਲਾਂ ਨੀ ਦੱਸ ਸਕਦੀ ਸੀ?” ਬਚਨੋ ਨੇ ਥੋੜ੍ਹਾ ਗੁੱਸੇ ਹੁੰਦਿਆਂ ਕਿਹਾ। ਕੁਝ ਸੋਚਦਿਆਂ ਫਿਰ ਬੋਲੀ, “ਆਹੋ, ਤੇਰੇ ਘਰੇ ਤਾਂ ਜ਼ਰੂਰ ਆਊ ਵੱਡੀ ਧਰਮਣ ਦੇ, ਘਰੋਂ ਤਾਂ ਤੂੰ ਨਿਕਲਦੀ ਨੀ। ਨਾ ਕਿਤੇ ਸੇਵਾ ਕਰਨ ਜਾਵੇਂ, ਨਾ ਮੱਥਾ ਟੇਕਣ...।”
ਗੱਲ ਪੂਰੀ ਹੋਣ ਤੋਂ ਪਹਿਲਾਂ ਭਜਨ ਕੌਰ ਫਿਰ ਬੋਲੀ, “ਨਾ ਸੱਚੀ ਕਹਿਨੀ ਆਂ... ਪਿਛਲੇ ਵਿਹੜੇ ਵਿੱਚ ਬੈਠੇ ਨੇ।”
ਬਚਨੋ ਦੇ ਮਨ ਨੂੰ ਬੜਾ ਧੱਕਾ ਜਿਹਾ ਲੱਗਿਆ। ਉਹ ਸੋਚਣ ਲੱਗੀ, ਭਜਨ ਕੌਰ ਨੇ ਸੰਤਾਂ ਨੂੰ ਘਰੇ ਬੁਲਾਇਆ ਤੇ ਕਿਸੇ ਨੂੰ ਦੱਸਿਆ ਵੀ ਨਹੀਂ। ਨਾਲੇ ਇਹਦੇ ਘਰੇ ਕਿਵੇਂ ਆ ਜੂ? ਉਹਨੂੰ ਤਾਂ ਵੱਡੇ ਵੱਡੇ ਅਮੀਰ ਲੋਕ ਵੱਡੀਆਂ ਵੱਡੀਆਂ ਗੱਡੀਆਂ ਵਿੱਚ ਲੈ ਕੇ ਜਾਂਦੇ ਨੇ? ਉਸਦੀ ਸੋਚ ਨੂੰ ਵਿਰਾਮ ਦਿੰਦਿਆਂ ਭਜਨੋ ਉਸਦੀ ਬਾਂਹ ਨੂੰ ਹੱਥ ਪਾਉਣ ਲੱਗਿਆਂ ਫਿਰ ਬੋਲੀ, “ਆ ਦਿਖਾਵਾਂ ..।”
ਬਚਨੋ ਨੂੰ ਹੁਣ ਸੱਚ ਆ ਗਿਆ ਸੀ। ਭਜਨੋ ਦਾ ਹੱਥ ਪਰੇ ਧੱਕਦਿਆਂ ਉਹ ਹਿਰਖ਼ ਨਾਲ ਬੋਲੀ, “ਹਾਏ! ਹਾਏ!! ਕੁੜੇ... ਕਿੱਡਾ ਜਿਗਰਾ ਐ ਤੇਰਾ। ਤੂੰ ਤਾਂ ਕਿਸੇ ਕੋਲ ਭਾਫ ਵੀ ਨੀ ਕੱਢੀ। ਮੇਰੇ ਵਰਗੀ ਤਾਂ ਊਂਈਂ ਸਾਰੇ ਪਿੰਡ ਵਿੱਚ ਰੌਲਾ ਪਾ ਦੇਵੇ।” ਬਚਨੋ ਦੇ ਮਨ ਵਿਚਲਾ ਰੋਸ ਸਾਫ ਝਲਕ ਰਿਹਾ ਸੀ।
“ਹੌਲੀ ਬੋਲ... ਸਮਾਧੀ ਵਿੱਚ ਨੇ ਸੰਤ ਜੀ।” ਭਜਨ ਕੌਰ ਨੇ ਧੀਮੀ ਆਵਾਜ਼ ਵਿੱਚ ਆਖਿਆ।
ਬਚਨੋ ਕੁਝ ਸੋਚਦਿਆਂ ਬੋਲੀ, “ਚਲ ਤੂੰ ਭੈਣੇ ਆਪਣੇ ਘਰੇ ਸੱਦਿਆ, ਕੋਈ ਤਾਂ ਗੱਲ ਹੋਊ। ਮੈਂ ਘਰੇ ਜਾਨੀ ਆਂ ... ਤੁਸੀਂ ਪੁੱਛ ਲੋ ਜੋ ਕੁਛ ਪੁੱਛਣੈ।”
ਬਚਨੋ ਵਾਪਸ ਪਰਤਣ ਹੀ ਲੱਗੀ ਸੀ, ਭਜਨੋ ਨੇ ਉਸ ਨੂੰ ਰੋਕਦਿਆਂ ਆਖਿਆ, “ਨਾ... ਨਾ ਕੁਛ ਨੀ ਪੁੱਛਣਾ ... ਸੋਚਿਆ ਘਰ ਵਿੱਚ ਸੰਤਾਂ ਦੇ ਚਰਨ ਪਵਾ ਲਈਏ। ਚੱਲ ਆਜਾ, ਤੂੰ ਵੀ ਕਰ ਲੈ ਸੇਵਾ। ਪਿਛਲੇ ਵਿਹੜੇ ਵਿੱਚ ਬੈਠੇ ਨੇ।”
ਬਚਨੋ ਉੱਥੇ ਹੀ ਰੁਕ ਗਈ। ਚੁੰਨੀ ਦੀ ਬੁੱਕਲ ਠੀਕ ਕੀਤੀ ਅਤੇ ਲੜ ਨਾਲ ਬੰਨ੍ਹੇ ਪੈਸੇ ਟੋਹ ਕੇ ਵੇਖੇ।”
“ਪੈਸਿਆਂ ਦੀ ਕੀ ਲੋੜ ਐ ਭੈਣੇ... ਸਾਧਾਂ ਸੰਤਾਂ ਨੂੰ ਰੁਪਈਆਂ ਪੈਸਿਆਂ ਨਾਲ ਕੀ ਮਤਲਬ? ... ਇਨ੍ਹਾਂ ਦੀ ਤਾਂ ਆਪਣੇ ਵਰਗਿਆਂ ਨੂੰ ਲੋੜ ਹੁੰਦੀ ਐ।” ਭਜਨੋ ਬੋਲੀ।
“ਐਂ ਕਾਹਤੇ ਕਹਿਨੀ ਐਂ... ਦਾਨ ਪੁੰਨ ਕਰਨ ਨਾਲ ਤਾਂ ਕਿਰਤ ਕਮਾਈ ਸਫਲ ਹੋ ਜਾਂਦੀ ਐ।”
“ਕਿਰਤ ਕਮਾਈ ਸਫਲ ਤਾਂ ਗਰੀਬ-ਗੁਰਬੇ ਦੀ ਮਦਦ ਕਰਨ ਨਾਲ ਹੁੰਦੀ ਐ... ਸਾਧਾਂ ਸੰਤਾਂ ਨੂੰ ਕਾਹਦੀ ਕਮੀ... ਸੇਵਾਦਾਰ ਗੱਡੀਆਂ ਵਿੱਚ ਲੈ ਜਾਂਦੇ ਨੇ, ਗੱਡੀਆਂ ਵਿੱਚ ਈ ਛੱਡ ਜਾਂਦੇ ਨੇ, ਨਾ ਕੋਈ ਕੱਪੜੇ-ਲੀੜੇ ਦਾ ਫਿਕਰ, ਨਾ ਖਾਣ-ਪੀਣ ਦਾ ਫਿਕਰ... ਸਭ ਬਣਿਆ ਬਣਾਇਆ ਹਾਜਰ।”
ਭਜਨੋ ਦੀ ਗੱਲ ਸੁਣ ਕੇ ਬਚਨੋ ਨੇ ਮੱਥੇ ਤਿਊੜੀ ਪਾਈ ਤੇ ਬੋਲੀ, “ਐਂ ਨੀ ਕਿਹਾ ਕਰਦੇ ਸੰਤਾਂ ਨੂੰ।” ਬਚਨੋ ਨੂੰ ਡਰ ਸੀ ਕਿ ਕਿਤੇ ਸੰਤ ਸੁਣ ਨਾ ਲੈਣ।
“ਲੈ ਮੈਂ ਕਿਹੜਾ ਕੋਈ ਝੂਠ ਬੋਲਿਐ... ਇਨ੍ਹਾਂ ਦਾ ਜਾਣਾ-ਆਉਣਾ, ਖਾਣਾ-ਪੀਣਾ, ਪਹਿਨਣਾ-ਸੰਵਰਨਾ... ਸਭ ਭਗਤਾਂ ਦੇ ਖਰਚੇ ’ਤੇ ਈ ਹੁੰਦੈ।” ਭਜਨੋ ਦੀ ਆਵਾਜ਼ ਧੀਮੀ ਸੀ। ਬਚਨੋ ਨੂੰ ਭਜਨੋ ਦੀਆਂ ਗੱਲਾਂ ਚੰਗੀਆਂ ਨਹੀਂ ਸੀ ਲੱਗ ਰਹੀਆਂ। ਉਸਨੇ ਗੱਲ ਦਾ ਰੁਖ਼ ਬਦਲਦਿਆਂ ਪੁੱਛਿਆ, “ਤੂੰ ਸੰਤਾਂ ਨੂੰ ਘਰੇ ਕਿਉਂ ਬੁਲਾਇਆ?”
“ਬੁਲਾਇਆ ਈ ਨੀ... ਅਸੀਂ ਆਪ ਜਾ ਕੇ ਪੂਰੇ ਮਾਣ ਸਤਿਕਾਰ ਨਾਲ ਲੈ ਕੇ ਆਏ ਆਂ।” ਉਹ ਹੌਲੀ ਜਿਹੀ ਬੋਲੀ।
“ਪਰ ਤੇਰੇ ਮਨ ਵਿੱਚ ਤਾਂ ਖੋਟ ਐ।” ਬਚਨੋ ਨੇ ਤਿੱਖੀ ਨਜ਼ਰੇ ਦੇਖਦਿਆਂ ਆਖਿਆ।
“ਲੈ ਖੋਟ ਆਲ਼ੀ ਕੀ ਗੱਲ ਹੋਈ, ਜੋ ਸੱਚ ਐ, ਉਹੀ ਕਿਹਾ। ਸਾਰੇ ਸੰਤ ਚੰਗੇ ਨੀ ਹੁੰਦੇ... ਸਾਰੇ ਮਾੜੇ ਵੀ ਨੀ ਹੁੰਦੇ।” ਭਜਨੋ ਸਹਿਜ ਨਾਲ ਬੋਲੀ।
“ਚਲ ਛੱਡ... ਹੁਣ ਐਂ ਦੱਸ ਬਈ... ਸੰਤ ਕਰ ਕੀ ਰਹੇ ਨੇ ਥੋਡੇ ਘਰੇ?” ਬਚਨੋ ਨੇ ਪੁੱਛਿਆ।
“ਧੂਣੀਆਂ ਤਪਾ ਕੇ ਭਗਤੀ ਕਰ ਰਹੇ ਨੇ। ਕਹਿੰਦੇ... ਐਸ ਤਰ੍ਹਾਂ ਘਰ ਦੇ ਦੁੱਖ ਕੱਟੇ ਜਾਂਦੇ ਨੇ।” ਭਜਨੋ ਨੇ ਦੱਸਿਆ।
ਪਿਛਲੇ ਵਿਹੜੇ ਵਿੱਚੋਂ ਉੱਠਦੇ ਧੂੰਏਂ ਨੇ ਭਜਨੋ ਦੀ ਗੱਲ ਦੀ ਗਵਾਹੀ ਭਰ ਦਿੱਤੀ। ਬਚਨੋ ਦੇ ਅੰਦਰ ਬਹੁਤ ਸਾਰੇ ਸਵਾਲ ਖੜ੍ਹੇ ਸਨ। ਉਸੇ ਹਿਸਾਬ ਨਾਲ ਉਸਦੇ ਚਿਹਰੇ ਦੇ ਹਾਵ ਭਾਵ ਬਦਲ ਰਹੇ ਸਨ। ਭਜਨੋ ਨੇ ਉਸ ਵੱਲ ਦੇਖਦਿਆਂ ਪੁੱਛਿਆ, “ਕੀ ਹੋ ਗਿਆ... ਐਂ ਕਿਉਂ ਦੇਖਦੀ ਐਂ?”
“ਸੰਤ ਤਾਂ ਕਿਸੇ ਦੇ ਘਰੇ ਜਾਣ ਨੂੰ ਮੰਨਦੇ ਨੀ... ਤੁਸੀਂ ਕਿਵੇਂ ਮਨਾ ਲੇ?”
“ਐਨੇ ਸੌਖੇ ਨੀ ਮੰਨੇ... ਇੱਕ ਬੰਦਾ ਭੇਜਿਆ ਸੀ... ਫਿਰ ਉਹਨਾਂ ਸਾਡੇ ਸਾਰੇ ਜੀਆਂ ਬਾਰੇ ਪਤਾ ਕਰਵਾਇਆ... ਬੰਦੇ ਕਹੇ ਜੇ ਨੇ... ਫੇਰ ਕਿਤੇ ਜਾ ਕੇ ਸਾਡੇ ਘਰੇ ਚਰਨ ਪਾਉਣ ਨੂੰ ਹਾਂ ਕੀਤੀ ਭੈਣੇ।” ਭਜਨੋ ਨੇ ਬੜੇ ਮਾਣ ਨਾਲ ਦੱਸਿਆ।
“ਫੇਰ ਤੁਸੀਂ ਲੈ ਕੇ ਕਿਵੇਂ ਆਏ?” ਬਚਨੋ ਸੰਤਾਂ ਨੂੰ ਘਰ ਬੁਲਾਉਣ ਦੀ ਹਰ ਵਿਧੀ ਬਾਰੇ ਜਾਣਨਾ ਚਾਹੁੰਦੀ ਸੀ।
“ਅਸੀਂ ਗਿਆਰਾਂ ਜਣੇ ਜਾ ਕੇ ਲੈ ਆਏ ਸੀ।”
“ਟਰੈਕਟਰ ’ਤੇ ਈ ਲਿਆਏ?” ਬਚਨੋ ਹੈਰਾਨੀ ਨਾਲ ਬੋਲੀ।
“ਨਾ... ਨਾ ਰਿਸ਼ਤੇਦਾਰਾਂ ਦੀਆਂ ਕਾਰਾਂ ਮੰਗਵਾ ਲਈਆਂ ਸੀ।”
“ਦੇਖ ਲੈ ਭਜਨੋ, ਇੱਥੇ ਤੂੰ ਦਰੈਤ ਕਰਗੀ।” ਬਚਨੋ ਨਮੋਸ਼ੀ ਨਾਲ ਬੋਲੀ।
“ਕਾਹਦੀ ਦਰੈਤ?”
“ਸਾਡੇ ਘਰੋਂ ਕਿਸੇ ਨੂੰ ਨੀ ਨਾਲ ਲੈ ਕੇ ਗਏ।” ਬਚਨੋ ਨੇ ਉਦਾਸ ਜਿਹਾ ਉਲਾਂਭਾ ਦਿੱਤਾ।
“ਨਾ ਕੁੜੇ, ਐਂ ਨਾ ਆਖ... ਤੇਰੇ ਘਰ ਆਲੇ ਨੂੰ ਲੈਗੇ ਸੀ... ਉਹਨੇ ਦੱਸਿਆ ਨੀ ਘਰੇ?”
“ਨਾ ਭੈਣੇ, ਉਹਨੇ ਤਾਂ ਕੋਈ ਨੀ ਦੱਸਿਆ... ਨਾਲੇ ਅੱਜ ਤਾਂ ਉਹ ਤੜਕੇ ਦਾ ਖੇਤ ਗਿਆ... ਬਾਹਰ ਦੀ ਬਾਹਰ ਭਾਵੇਂ ਵਗ ਗਿਆ ਹੋਵੇ।” ਬਚਨੋ ਥੋੜ੍ਹਾ ਰੁਕ ਕੇ ਫਿਰ ਬੋਲੀ, “ਕੁੜੇ ਮੈਨੂੰ ਦੱਸ ਦਿੰਦੀ... ਰੋਟੀ ਪਾਣੀ ਦਾ ਆਹਰ ਕਰਾ ਦਿੰਦੀ... ਸੰਤਾਂ ਦੇ ਨਾਲ ਹੋਰ ਬੰਦੇ ਵੀ ਹੋਣਗੇ।” ਬਚਨੋ ਨੂੰ ਆਪਣੇ ਹੱਥੋਂ ਖੁੱਸੀ ਸੇਵਾ ਦਾ ਮਲਾਲ ਸੀ।
“ਕੋਈ ਬਹੁਤੀ ਖੇਚਲ ਦਾ ਕੰਮ ਨੀ ਸੀ... ਬੰਦੇ ਮੁੜਗੇ ਸੀ ਛੱਡ ਕੇ... ਸੰਤ ਕਹਿੰਦੇ ਅਸੀਂ ਆਪਣਾ ਭੋਜਨ ਆਪੇ ਤਿਆਰ ਕਰਾਂਗੇ। ਜੇ ਬਹੁਤੀ ਖੇਚਲ ਦਾ ਕੰਮ ਹੁੰਦਾ ਤਾਂ ਸਭ ਤੋਂ ਪਹਿਲਾਂ ਤੈਨੂੰ ਈ ਬੁਲਾਉਂਦੀ।” ਭਜਨੋ ਨੇ ਉਸਦੇ ਮਨ ਦੀ ਹਾਲਤ ਸਮਝਦਿਆਂ ਕਿਹਾ।
“ਚਲ ਭੈਣੇ, ਸੇਵਾ ਵੀ ਕਰਮਾਂ ਆਲਿਆਂ ਦੇ ਹਿੱਸੇ ਆਉਂਦੀ ਐ।” ਬਚਨੋ ਨੇ ਲੰਬਾ ਸਾਹ ਭਰ ਕੇ ਛੱਡਿਆ।
ਬਚਨੋ ਦੀ ਸੋਚ ਦੌੜਨ ਲੱਗੀ... ਇਹ ਮੀਸਣੀ ਜੀ ਹੈ ਤਾਂ ਚਲਾਕ... ਅੰਦਰ ਦਾ ਭੇਤ ਕਿਸੇ ਨੂੰ ਨੀ ਦਿੰਦੀ... ਇੱਕ ਦੋ ਦਿਨ ਵਿੱਚ ਤਾਂ ਸਲਾਹ ਬਣੀ ਨੀ ਹੋਣੀ, ਕੀ ਪਤੈ ਕਿੰਨੇ ਕੁ ਦਿਨਾਂ ਦੇ ਸਲਾਹ ਕਰਦੇ ਰਹੇ ਹੋਣਗੇ। ਉਸ ਨੂੰ ਆਪਣੇ ਪਤੀ ’ਤੇ ਵੀ ਗੁੱਸਾ ਆ ਰਿਹਾ ਸੀ... ਉਹ ਕਿਹੜਾ ਡੁੰਨ੍ਹਬੱਟਾ ਜਾ ਘਰੇ ਕੋਈ ਗੱਲ ਦੱਸਦੈ... ਜੋ ਮਰਜ਼ੀ ਹੋ ਜੇ। ਲੋਕਾਂ ਦੇ ਬੰਦੇ ’ਕੱਲੀ-’ਕੱਲੀ ਗੱਲ ਦੱਸਦੇ ਨੇ ਘਰੇ ਆ ਕੇ। ਇਹਨੇ ਸੰਤਾਂ ਨੂੰ ਬੁਲਾਇਆ ਕਿਉਂ ਐ... ਘਰੇ ਵੀ ਕਦੇ ਕੋਈ ਕਲੇਸ਼ ਨੀ ਸੁਣਿਆ... ਕੰਮਕਾਰ, ਖੇਤੀਬਾੜੀ ਸਭ ਵਧੀਆ ਹੈ। ਨੂੰਹ ਵੀ ਠੀਕ ਐ... ਇਹਨੇ ਵੀ ਕਦੇ ਕੋਈ ਗੱਲ ਨੀ ਦੱਸੀ, ਨਾ ਈ ਕਿਸੇ ਸੀਰੀ ਸਾਂਝੀ ਦੇ ਮੂੰਹੋਂ ਕੋਈ ਗੱਲ ਸੁਣੀ ਐ। ਬਹੁਤ ਸਾਰੇ ਸਵਾਲ ਬਚਨੋ ਦੇ ਅੰਦਰ ਸਿਰ ਚੁੱਕੀ ਖੜ੍ਹੇ ਸਨ।
“ਆ ਜਾ ਭੈਣੇ... ਤੂੰ ਵੀ ਲਾਹਾ ਖੱਟ ਲੈ ਸੇਵਾ ਦਾ।” ਭਜਨੋ ਨੇ ਬਚਨੋ ਦੀ ਬਾਂਹ ਫੜੀ ਅਤੇ ਪਿਛਲੇ ਵਿਹੜੇ ਵੱਲ ਲੈ ਤੁਰੀ। ਉਹਨਾਂ ਦਾ ਵਸੋਂ ਵਾਲਾ ਘਰ ਅੱਗੇ ਸੀ। ਡੰਗਰ-ਪਸ਼ੂ, ਕੱਖ-ਕੰਡਾ, ਗੋਹਾ-ਪਾਥੀਆਂ, ਲੱਕੜ-ਤਿੰਬੜ ਸਭ ਪਿੱਛੇ ਖੁੱਲ੍ਹੇ ਵਿਹੜੇ ਵਿੱਚ ਰੱਖਦੇ ਸਨ। ਜਦੋਂ ਖੇਤ ਵਿੱਚ ਕੰਮ ਦਾ ਜ਼ੋਰ ਹੁੰਦਾ, ਵੱਧ ਜਣਿਆਂ ਦੀ ਰੋਟੀ ਪਕਾਉਣੀ ਹੁੰਦੀ ਤਾਂ ਚੁੱਲ੍ਹਾ ਹੀ ਬਾਲਿਆ ਜਾਂਦਾ ਸੀ। ਵੱਧ ਕੰਮ ਵੇਲੇ ਗੈਸ ਸਿਲੰਡਰ ਛੇਤੀ ਹੀ ਹੱਥ ਖੜ੍ਹੇ ਕਰ ਜਾਂਦਾ ਸੀ। ਪਿੱਛੇ ਇੱਕ ਬੈਠਕ ਨੁਮਾ ਕਮਰਾ ਬਣਾਇਆ ਹੋਇਆ ਸੀ। ਉਸ ਪਾਸੇ ਜਾਣ ਲਈ ਇੱਕ ਪਾਸੇ ਤੋਂ ਰਾਹ ਬਣਿਆ ਹੋਇਆ ਸੀ। ਭਜਨੋ ਬਚਨੋ ਨੂੰ ਪਿਛਲੇ ਪਾਸੇ ਲਿਜਾ ਰਹੀ ਸੀ। ਬਚਨੋ ਵਾਰ-ਵਾਰ ਆਪਣੇ ਸਿਰ ਤੋਂ ਚੁੰਨੀ ਦਾ ਪੱਲਾ ਠੀਕ ਕਰਦੀ ਜਾ ਰਹੀ ਸੀ। ਪਿਛਲੇ ਵਿਹੜੇ ਵਿੱਚ ਪਹੁੰਚਦਿਆਂ ਭਜਨੋ ਬੋਲੀ, “ਅਹੁ ਦੇਖ.. ਮੇਰਾ ਵੱਡਾ ਤਪੱਸਵੀ..।”
ਬਚਨੋ ਨੇ ਜੋ ਸੋਚਿਆ ਸੀ, ਉਸਦੀਆਂ ਅੱਖਾਂ ਉਹੀ ਲੱਭ ਰਹੀਆਂ ਸਨ। ਇੱਥੇ ਤਾਂ ਭਜਨ ਕੌਰ ਦੀ ਨੂੰਹ ਪਸੀਨੇ ਨਾਲ ਭਿੱਜੀ ਚੁੱਲ੍ਹੇ ਵਿੱਚ ਅੱਗ ਬਾਲ ਕੇ ਰੋਟੀਆਂ ਪਕਾ ਰਹੀ ਸੀ। ਕੋਲ ਹੀ ਦੂਜੇ ਚੁੱਲ੍ਹੇ ’ਤੇ ਚਾਹ ਦਾ ਪਤੀਲਾ ਰੱਖਿਆ ਹੋਇਆ ਸੀ। ਖੇਤ ਦਸ ਕੁ ਜਣਿਆਂ ਦੀ ਚਾਹ-ਰੋਟੀ ਇਕੱਠੀ ਹੀ ਜਾਣੀ ਸੀ। ਉਹ ਕਦੇ ਪੇੜੇ ਕਰਦੀ... ਕਦੇ ਰੋਟੀ ਵੇਲਦੀ, ਰਾੜ੍ਹਦੀ ਤੇ ਚੋਪੜਦੀ... ਕਦੇ ਦੋਵਾਂ ਚੁੱਲ੍ਹਿਆਂ ਦਾ ਬਾਲਣ ਠੀਕ ਕਰਦੀ। ਬਚਨੋ ਦੇ ਕੁਝ ਕਹਿਣ ਤੋਂ ਪਹਿਲਾਂ ਹੀ ਉਹ ਫਿਰ ਬੋਲੀ, “ਮੈਨੂੰ ਐਂ ਦੱਸ ਬਚਨੋ... ਉਹ ਤਪੱਸਵੀ ਵੀ ਧੂਣੀਆਂ ਤਾਪਣ ਦੇ ਨਾਲ-ਨਾਲ ਐਨੇ ਕੰਮ ਕਰਦੈ, ਜਿੰਨੇ ਕੰਮ ਮੇਰਾ ਇਹ ਤਪੱਸਵੀ ਕਰ ਰਿਹਾ ਐ?”
ਬਚਨੋ ਨੇ ਮੂੰਹ ਜਿਹਾ ਮਰੋੜ ਲਿਆ। ਭਜਨੋ ਨੇ ਫਿਰ ਕਿਹਾ, “ਆਪਣੇ ਤਾਂ ਇਹੀ ਤਪੱਸਵੀ ਨੇ... ਇਨ੍ਹਾਂ ਨਾਲ ਈ ਘਰ ਵਿੱਚ ਬਰਕਤਾਂ ਆਉਂਦੀਆਂ ਨੇ।”
ਬਚਨੋ ਬਿਨਾਂ ਕੁਝ ਬੋਲਿਆਂ ਵਾਪਸ ਮੁੜ ਪਈ। ਹੁਣ ਉਹ ਡੇਰੇ ਵੱਲ ਨਹੀਂ, ਆਪਣੇ ਘਰ ਵੱਲ ਪਰਤ ਰਹੀ ਸੀ।
* * * * *
ਹਰ ਲੇਖਕ ‘ਸਰੋਕਾਰ’ ਨੂੰ ਭੇਜੀ ਗਈ ਰਚਨਾ ਦੀ ਕਾਪੀ ਆਪਣੇ ਕੋਲ ਸੰਭਾਲਕੇ ਰੱਖੇ।
ਪਾਠਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਸਰੋਕਾਰ ਨਾਲ ਸੰਪਰਕ ਕਰੋ: (This email address is being protected from spambots. You need JavaScript enabled to view it.)












































































































